ਮੂੜ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੂਹੜਾ ਤੋਂ ਰੀਡਿਰੈਕਟ)

ਮੂੜ੍ਹਾ ਮ੍ਰਿਦੰਗ ਦੀ ਸ਼ਕਲ ਦਾ ਮੜ੍ਹਿਆ ਹੋਇਆ ਆਸਨ ਹੁੰਦਾ ਹੈ[1] ਜੋ ਮੁੰਜ, ਕਣਕ ਦੇ ਨਾੜ ਤੇ ਸਰਕੜੇ ਦੇ ਕਾਨਿਆਂ ਨਾਲ ਬਣਾਈ ਜਾਂਦੀ ਹੈ। ਮੂੜ੍ਹੇ ਕਈ ਤਰਾਂ ਦੇ ਹੁੰਦੇ ਹਨ ਜਿਵੇਂ ਧਰਤੀ ਉੱਪਰ ਵਿਛਾ ਕੇ ਬੈਠਣ ਵਾਲੇ ਅਤੇ ਡੇਢ ਦੋ ਫੁੱਟ ਉੱਚੇ ਮੂੜ੍ਹੇ। ਧਰਤੀ ਤੇ ਵਿਛਾਉਣ ਵਾਲਾ ਮੂੜ੍ਹਾ ਮੁੰਜ ਜਾਂ ਨਾੜ ਦਾ ਬਣਾਇਆ ਜਾਂਦਾ ਹੈ ਜਦੋਂ ਕਿ ਖੜ੍ਹਾ ਮੂੜ੍ਹਾ ਸਰਕੜੇ ਦਾ ਬਣਾਇਆ ਜਾਂਦਾ ਹੈ।

ਸਲਵਾੜ ਦੇ ਕਾਨਿਆਂ ਦਾ ਮੂਹੜਾ ਬਣਾਉਣ ਲਈ 12 ਕੁ ਫੁੱਟ ਲੰਮੇ ਕਾਨੇ ਲਾਏ ਜਾਂਦੇ ਸਨ। ਇਨ੍ਹਾਂ ਕਾਨਿਆਂ ਦੀ ਪਹਿਲਾਂ ਮੂਹੜਾ ਬਣਾਉਣ ਜੋਗੀ ਸਿਰਕੀ ਬਣਾਈ ਜਾਂਦੀ ਸੀ। ਇਸ ਸਿਰਕੀ ਨੂੰ ਫਿਰ ਗੁਲਾਈਦਾਰ ਕਰਕੇ ਜੋੜਿਆ ਜਾਂਦਾ ਸੀ। ਇਹ ਗੁਲਾਈ ਡੇਢ ਕੁ ਫੁੱਟ ਵਿਆਸ ਦੀ ਬਣ ਜਾਂਦੀ ਸੀ। ਇਸ ਸਿਰਕੀ ਦਾ ਜਿਹੜਾ ਹਿੱਸਾ ਧਰਤੀ ਉਪਰ ਰੱਖਣਾ ਹੁੰਦਾ ਸੀ, ਉਸ ਹਿੱਸੇ ਵਿਚ ਬਗੜ ਨਾਲ। ਮੁੰਜ ਨਾਲ 7/8 ਕੁ ਇੰਚ ਗੁਲਾਈਦਾਰ ਬੰਨ੍ਹ ਬਣਾਈ ਜਾਂਦੀ ਸੀ। ਇਸ ਬੰਨ੍ਹ ਨੂੰ ਪੂਰੀ ਤਰ੍ਹਾਂ ਮੁੰਜ ਦੀ ਰੱਸੀ ਨਾਲ ਵਲ੍ਹੇਟਿਆ/ਲਪੇਟਿਆ ਜਾਂਦਾ ਸੀ। ਸਿਰਕੀ ਦੇ ਉਪਰਲੇ ਹਿੱਸੇ ਵਿਚ ਵੀ ਇਸੇ ਤਰ੍ਹਾਂ ਬੰਨ੍ਹ ਬਣਾਈ ਜਾਂਦੀ ਸੀ। ਬੰਨ੍ਹ ਦੇ ਅੰਦਰਲੇ ਹਿੱਸੇ ਨੂੰ ਮੰਜੀ ਦੀ ਬੁਣਤੀ ਦੀ ਤਰ੍ਹਾਂ ਮੁੰਜ ਨਾਲ ਪੂਰਾ ਬੁਣਿਆ ਜਾਂਦਾ ਸੀ। ਇਸ ਬੁਣੀ ਹੋਈ ਥਾਂ ’ਤੇ ਹੀ ਬੈਠਿਆ ਜਾਂਦਾ ਹੈ। ਇਸ ਤਰ੍ਹਾਂ ਸਲਵਾੜ ਦੇ ਕਾਨਿਆਂ ਦਾ ਮੂਹੜਾ ਬਣਦਾ ਸੀ। ਪਰ ਇਹ ਮੂਹੜੇ ਆਮ ਪਰਿਵਾਰ ਨਹੀਂ ਬਣਾਉਂਦੇ ਸਨ। ਸਰਮਾਏਦਾਰ ਪਰਿਵਾਰ ਹੀ ਬਣਾਉਂਦੇ ਸਨ। ਪਹਿਲੀ ਕਿਸਮ ਦੇ ਮੂਹੜੇ ਹਰ ਪਰਿਵਾਰ ਬਣਾਉਂਦਾ ਸੀ।

ਹੁਣ ਕੋਈ ਵੀ ਮੁੰਜ/ਕਣਕ ਦੇ ਨਾੜ ਦੇ ਮੂਹੜੇ ਨਹੀਂ ਬਣਾਉਂਦਾ। ਹਾਂ, ਸਲਵਾੜ ਦੇ ਕਾਨਿਆਂ ਦੇ ਬਣੇ ਮੂਹੜੇ ਜ਼ਰੂਰ ਬਾਜ਼ਾਰੋਂ ਮਿਲਦੇ ਹਨ। ਮੂਹੜਿਆਂ ਦੀ ਥਾਂ ਹੁਣ ਪੀੜ੍ਹੀਆਂ ਤੇ ਪਲਾਸਟਿਕ ਦੀਆਂ ਬਣੀਆਂ ਪਟੜੀਆਂ ਲੋਕ ਵਰਤਦੇ ਹਨ।

ਬਣਤਰ[ਸੋਧੋ]

ਮੁੰਜ ਦਾ ਮੂੜ੍ਹਾ ਬਣਾਉਣ ਲਈ ਅੱਧਾ ਕੁ ਇੰਚ ਮੋਟੀ ਮੁੰਜ ਲੈ ਕੇ ਉਸ ਉੱਪਰ ਮੁੰਜ ਦੀ ਬਰੀਕ ਰੱਸੀ ਨਾਲ ਵਲੇਟੇ ਮਾਰ ਕੇ ਗੋਲੀਈਦਾਰ ਮੋੜਿਆ ਜਾਂਦਾ ਹੈ ਤੇ ਅੰਦਰੋਂ ਬਾਹਰ ਨੂੰ ਗੋਲਾਈਦਾਰ ਬੁਣਤੀ ਕਰਕੇ ਇੱਕ ਡੇਢ ਫੁੱਟ ਵਿਆਸ ਵਾਲਾ ਮੂੜ੍ਹਾ ਬਣਾ ਲਿਆ ਜਾਂਦਾ ਹੈ।

ਹਵਾਲੇ[ਸੋਧੋ]

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 236-237