ਸਮੱਗਰੀ 'ਤੇ ਜਾਓ

ਮੂੰਹ ਵਿਖਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਵੀਂ ਵਿਆਹੀ ਆਈ ਵਹੁਟੀ ਦੀ ਮੂੰਹ ਵੇਖਣ ਦੀ ਰਸਮ ਨੂੰ ਮੂੰਹ ਵਿਖਾਈ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਘੁੰਡ ਕੱਢਣ ਦਾ ਰਿਵਾਜ ਸੀ। ਜਦ ਮੁੰਡਾ ਡੋਲੀ ਲੈ ਕੇ ਪਿੰਡ ਪਹੁੰਚਦਾ ਸੀ ਤਾਂ ਸਭ ਤੋਂ ਪਹਿਲਾਂ ਮੁੰਡੇ ਦੀ ਮਾਂ ਮੁੰਡੇ ਤੇ ਵਹੁਟੀ ਨੂੰ ਰਥ ਵਿਚ ਬੈਠਿਆਂ ਨੂੰ ਹੀ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੀ ਸੀ ਤੇ ਸ਼ਗਨ ਵੀ ਦਿੰਦੀ ਸੀ। ਫੇਰ ਵਹੁਟੀ ਨੂੰ ਰਥ ਵਿਚੋਂ ਉਤਾਰ ਕੇ ਘਰ ਅੰਦਰ ਲਿਜਾ ਕੇ ਪਾਣੀ ਵਾਰਨ ਦੀ ਰਸਮ ਕੀਤੀ ਜਾਂਦੀ ਸੀ। ਪਾਣੀ ਵਾਰਨ ਪਿੱਛੋਂ ਨਵੀਂ ਵਹੁਟੀ ਨੂੰ ਰੰਗਲੀ ਪੀੜ੍ਹੀ ਤੇ ਬਿਠਾਇਆ ਜਾਂਦਾ ਸੀ। ਸਭ ਤੋਂ ਪਹਿਲਾਂ ਫੇਰ ਮੁੰਡੇ ਦੀ ਮਾਂ ਆਪਣੀ ਨੂੰਹ ਦਾ ਘੁੰਡ ਚੁੱਕ ਕੇ ਦੁਬਾਰਾ ਮੂੰਹ ਵੇਖਦੀ ਸੀ। ਵਹੁਟੀ ਦਾ ਦੁਬਾਰਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਉਂਦੀ ਸੀ। ਦੁੱਧ ਪਿਆਉਂਦੀ ਸੀ। ਮੂੰਹ ਵਿਖਾਈ ਦੇ ਪੈਸੇ ਦਿੰਦੀ ਸੀ। ਲੱਡੂਆਂ ਦਾ ਜੋੜਾ ਨੂੰਹ ਦੀ ਝੋਲੀ ਵਿਚ ਪਾਉਂਦੀ ਸੀ। ਫੇਰ ਪਰਿਵਾਰ ਦੀਆਂ ਦੂਸਰੀਆਂ ਜਨਾਨੀਆਂ, ਮੇਲਣਾਂ, ਰਿਸ਼ਤੇਦਾਰਨਾਂ, ਸ਼ਰੀਕੇਵਾਲੀਆਂ ਤੇ ਭਾਈਚਾਰੇ ਵਾਲੀਆਂ ਜਨਾਨੀਆਂ ਵਾਰੀ-ਵਾਰੀ ਵਹੁਟੀ ਦਾ ਮੂੰਹ ਵੇਖਦੀਆਂ ਸਨ। ਨਾਲੇ ਮੂੰਹ ਵਿਖਾਈ ਦਾ ਸ਼ਗਨ ਦਿੰਦੀਆਂ ਸਨ।

ਅੱਜ ਤਾਂ ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਆਪਣੀ ਹੋਣ ਵਾਲੀ ਨੂੰਹ ਨੂੰ ਕਈ ਵੇਰ ਵੇਖਿਆ ਹੁੰਦਾ ਹੈ। ਘੁੰਡ ਕੱਢਣ ਦਾ ਤਾਂ ਰਿਵਾਜ ਹੀ ਤਕਰੀਬਨ ਖ਼ਤਮ ਹੋ ਗਿਆ ਹੈ। ਘੁੰਡ ਦੇ ਨਾਲ ਹੀ ਸਾਡੀ ਇਹ ਮੂੰਹ ਵਿਖਾਈ ਦੀ ਰਸਮ ਵੀ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.