ਮੇਲਾ ਬਾਬਾ ਧਿਆਨ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੇਲਾ ਬਾਬਾ ਧਿਆਨ ਦਾਸ ਮਾਨਸਾ ਜ਼ਿਲੇ ਦੇ ਪਿੰਡ (ਕਸਬੇ) ਝੁਨੀਰ ਵਿਖੇ ਬਾਬਾ ਧਿਆਨ ਦਾਸ ਤੇ ਬਾਬਾ ਕਾਲੂ ਦਾਸ ਦੀ ਯਾਦ ਵਿੱਚ ਹਰ ਸਾਲ ਚੇਤ ਵਦੀ ਚੌਦਸ ਨੂੰ ਭਰਦਾ ਹੈ। ਪਿੰਡ ਝੁਨੀਰ ਮਾਨਸਾ ਸਰਸਾ ਰੋਡ ਤੇ ਮਾਨਸਾ ਤੋਂ ਕਰੀਬ 23 ਕਿਲੋਮੀਟਰ ਦੂਰ ਸਥਿੱਤ ਹੈ। ਇੱਥੇ ਲੱਗਣ ਵਾਲਾ ਮੇਲਾ ਪਿੰਡ ਦੇ ਉੱਤਰ ਵਿੱਚ ਮੌਜੂਦ ਜੰਡ ਕਰੀਰ ਦੀਆਂ ਝਿੜੀਆਂ ਵਿੱਚ ਬਾਬਾ ਧਿਆਨ ਦਾਸ ਦੀ ਸਮਾਧ ਤੇ ਹਰ ਸਾਲ ਲਗਾਤਾਰ ਤਿੰਨ ਦਿਨ ਲਗਦਾ ਹੈ।

ਪਿਛੋਕੜ[ਸੋਧੋ]

  • ਇਸ ਮੇਲੇ ਦੇ ਪਿਛੋਕੜ ਬਾਰੇ ਕਈ ਕਥਾਵਾਂ ਪ੍ਰਚੱਲਿਤ ਹਨ। ਪਹਿਲੀ ਕਥਾ ਅਨੁਸਾਰ ਬਾਬਾ ਧਿਆਨ ਦਾਸ ਨੇ ਇਸ ਸਥਾਨ ਤੇ ਇਕੱਲਿਆਂ ਨੇ ਹੀ ਖੂਹ ਪੁੱਟ ਲਿਆ ਸੀ। ਚੇਤ ਮਹੀਨੇ ਦੀ ਚੌਦਸ ਵਾਲੇ ਦਿਨ ਬਾਬੇ ਨੇ ਧਰਤੀ ਤੇ ਲੇਟ ਕੇ ਇੱਕ ਪਾਲੀ ਤੋਂ ਆਪਣੇ ਸਰੀਰ ਉੱਪਰ ਮਿੱਟੀ ਦੇ ਡਲੇ ਚਿਣਵਾ ਲਏ ਪਰ ਜਦੋਂ ਉਸ ਬੰਦੇ ਨੇ ਡਲੇ ਚੁੱਕੇ ਤਾਂ ਬਾਬਾ ਅਲੋਪ ਹੋ ਗਿਆ । ਮੰਨਿਆ ਜਾਂਦਾ ਹੈ ਕਿ ਉਸ ਦਿਨ ਤੋਂ ਹੀ ਇੱਥੇ ਭਾਰੀ ਮੇਲਾ ਲਗਦਾ ਹੈ।
  • ਦੂਜੀ ਕਥਾ ਅਨੁਸਾਰ ਇੱਕ ਦਿਨ ਬਾਬਾ ਜੀ ਝੁਨੀਰ ਵਿੱਚ ਦੀ ਲੰਘ ਰਹੇ ਸੀ ਕਿ ਖੂਹ ਪੁੱਟ ਰਹੇ ਲੋਕਾਂ ਨੂੰ ਵੇਖ ਕੇ ਉਹਨਾਂ ਕੋਲ ਬੈਠ ਗਏ। ਖੂਹ ਪੁੱਟਣ ਵਾਲੇ ਲੋਕਾਂ ‘ਚੋਂ ਧਾਲੀਵਾਲ ਗੋਤ ਦੇ ਬੰਦੇ ਨੇ ਕਿਹਾ ਕੇ ਇਸ ਬੂਬਨੇ ਨੂੰ ਲਗਾਓ ਖੂਹ ਪੁੱਟਣ । ਇਹ ਸੁਣ ਕੇ ਬਾਬਾ ਖੂਹ ਪੁੱਟਣ ਲੱਗ ਪਿਆ ਤੇ ਇੱਕਲੇ ਨੇ ਹੀ ਖੂਹ ਪੁੱਟ ਦਿੱਤਾ। ਜਦੋਂ ਪਿੰਡ ਦੇ ਸਿਆਣੇ ਬੰਦਿਆਂ ਨੇ ਕਿਹਾ ਕੇ ਬਾਬਾ ਜੀ ਤੁਸੀਂ ਬਾਹਰ ਆ ਜੋ ਤਾਂ ਬਾਬੇ ਨੇ ਕਿਹਾ ਕਿ ਧਾਲੀਵਾਲਾਂ ਦੀ ਇੱਕੋ ਜੜ੍ਹ ਰਹਿ ਗਈ ਉਹ ਵੀ ਪੱਟ ਦੇਵਾਂ । ਬਾਬੇ ਦੇ ਇਸ ਕੌਤਕ ਨੂੰ ਵੇਖ ਕੇ ਸਾਰੇ ਬੰਦੇ ਸ਼ਰਮਿੰਦਾ ਹੋ ਕੇ ਬਾਬੇ ਦੇ ਚਰਨੀਂ ਡਿੱਗ ਪਏ। ਪਿੰਡ ਦੇ ਲੋਕਾਂ ਨੇ ਉਸ ਥਾਂ ਤੇ ਡੇਰਾ ਬਣਾ ਕੇ ਬਾਬਾ ਜੀ ਨੂੰ ਬਿਠਾ ਦਿੱਤਾ । ਬਾਬੇ ਦੁਆਰਾ ਧਾਲੀਵਾਲ ਗੋਤ ਦੇ ਲੋਕਾਂ ਦੀ ਜੜ੍ਹ ਪੁੱਟਣ ਨਾਲ ਸੰਬੰਧਿਤ ਇਹ ਕਥਾ ਪ੍ਰਚੱਲਿਤ ਹੈ ਕਿ ਇਸ ਪਿੰਡ ਵਿੱਚ ਧਾਲੀਵਾਲਾਂ ਦੇ ਸਿਰਫ ਇੱਕ ਹੀ ਮੁੰਡਾ ਹੁੰਦਾ ਹੈ। ਜੇਕਰ ਉਹ ਕਿਸੇ ਕਾਰਨ ਮਰ ਜਾਵੇ ਤਾਂ ਦੁਬਾਰਾ ਪੁੱਤ ਜਨਮ ਨਹੀਂ ਲੈਂਦਾ।

ਸੁੱਖਾਂ/ਮੰਨਤਾਂ[ਸੋਧੋ]

ਇਸ ਮੇਲੇ ‘ਚ ਪੰਜਾਬ ਤੋਂ ਇਲਾਵਾ ਹਰਿਆਣਾ,ਰਾਜਸਥਾਨ ਦੇ ਸੈਂਕੜੇ ਪਿੰਡਾਂ ਦੇ ਲੋਕ ਆਪਣੀਆਂ ਪੂਰੀਆਂ ਹੋਈਆਂ ਸੁੱਖਾਂ ਦੇਣ ਲਈ ਆਉਂਦੇ ਹਨ। ਇਹ ਮਨੌਤ ਹੈ ਕਿ ਹਰ ਸੁੱਖ ਜਲਦੀ ਪੂਰੀ ਹੋ ਜਾਂਦੀ ਹੈ। ਸੁੱਖ ਪੂਰੀ ਹੋਣ ਤੇ ਇੱਕ ਲਾਲ ਕੱਪੜਾ, ਅਨਾਜ ਤੇ ਮਠਿਆਈ ਭੇਂਟ ਕੀਤੀ ਜਾਂਦੀ ਹੈ।