ਸਮੱਗਰੀ 'ਤੇ ਜਾਓ

ਮੈਂ ਅਯਨਘੋਸ਼ ਨਹੀਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੈਂ ਅਯਨਘੋਸ਼ ਨਹੀਂ ਪੰਜਾਬੀ ਕਹਾਣੀਕਾਰ ਸੁਖਜੀਤ ਦੁਆਰਾ ਲਿਖਿਆ ਇੱਕ ਕਹਾਣੀ ਸੰਗ੍ਰਹਿ ਹੈ ਜੋ 2019 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਸ ਵਿੱਚ 6 ਕਹਾਣੀਆਂ ਸ਼ਾਮਲ ਹਨ। 2022 ਵਿੱਚ ਇਸ ਕਹਾਣੀ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਹੈ।[1] 2019 ਤੋਂ 2022 ਤੱਕ ਲਗਾਤਾਰ 4 ਸਾਲ ਪੰਜਾਬੀ ਕਹਾਣੀ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ।

ਸ਼ਾਮਲ ਕਹਾਣੀਆਂ

[ਸੋਧੋ]
  1. ਸਿੰਗਲ ਮਾਲਟ ਸੁਰਖ਼ ਨਹੀਂ ਹੁੰਦੀ
  2. ਖਜੂਰਾਂ
  3. ਮੈਂ ਅਯਨਘੋਸ਼ ਨਹੀਂ
  4. ਆਟੋ ਨੰਬਰ 420
  5. ਮੋਨ ਦੀ ਬਾਬਾ ਦਾਰਾ
  6. ਮੱਥੇ ਦੇ ਵਲ਼

ਮੈਂ ਅਯਨਘੋਸ਼ ਨਹੀਂ (ਕਹਾਣੀ)

[ਸੋਧੋ]

ਇਹ ਕਹਾਣੀ ਪਿੰਡ ਅਤੇ ਸ਼ਹਿਰੀ ਜੀਵਨ ਜਾਚ ਦੇ ਆਪਸੀ ਟਕਰਾਅ ਦੇ ਪ੍ਰਸੰਗ ਵਿਚ ਔਰਤ-ਮਰਦ ਸੰਬੰਧਾਂ ਦੇ ਤਕਰਾਰ ਨੂੰ ਬਿਆਨ ਕਰਦੀ ਹੈ। ਕਹਾਣੀ ਵਿੱਚ ਮੁੱਖ ਪਾਤਰ ਹਰਿੰਦਰ ਸਿੰਘ ਰਾਏ ਹੈ, ਜੋ ਹੈਡਮਾਸਟਰ ਦਾ ਪੁੱਤਰ ਹੈ। ਦੂਜੇ ਪਾਸੇ ਇੱਕ ਸੀਰਤ ਗਰੇਵਾਲ ਨਾਂ ਦੀ ਪਾਤਰ ਹੈ ਜੋ ਡਾਕਟਰ ਗਰੇਵਾਲ ਦੀ ਪੁੱਤਰੀ ਹੈ। ਡਾਕਟਰ ਗਰੇਵਾਲ ਅਤੇ ਹੈਡਮਾਸਟਰ ਆਪਸ ਵਿੱਚ ਦੋਸਤ ਹਨ। ਹੈਡਮਾਸਟਰ ਪਿੰਡ ਵਿਚ ਰਹਿੰਦੇ ਹਨ ਅਤੇ ਡਾਕਟਰ ਗਰੇਵਾਲ ਸ਼ਹਿਰ ਵਿੱਚ ਜੋ 'ਸੀਰਤ ਗਰੇਵਾਲ' ਨਾਮ ਦਾ ਇੱਕ ਹਸਤਪਤਾਲ ਚਲਾਉਂਦੇ ਹਨ। ਹਰਿੰਦਰ ਸਿੰਘ ਰਾਏ ਪਿੰਡ ਦਾ ਜੰਮਪਲ ਹੈ ਅਤੇ ਕੁਦਰਤ ਪ੍ਰੇਮੀ ਹੈ। ਉਸਦਾ ਪਿਤਾ ਹੈਡਮਾਸਟਰ ਪੁੱਤਰ ਦੀ ਇੱਛਾ ਤੋਂ ਉਲਟ ਉਸਨੂੰ ਡਾਕਟਰ ਬਣਾਉਣਾ ਚਾਹੁੰਦਾ ਹੈ ਤੇ ਅਖ਼ੀਰ ਹਰਿੰਦਰ ਆਪਣੇ ਪਿਤਾ ਅਤੇ ਡਾਕਟਰ ਗਰੇਵਾਲ ਦੇ ਦਬਾਅ ਹੇਠ ਐਮ. ਡੀ ਕਰਕੇ ਡਾਕਟਰ ਬਣ ਜਾਂਦਾ ਹੈ। ਉਧਰ ਡਾਕਟਰ ਗਰੇਵਾਲ ਦੀ ਬੇਟੀ ਸੀਰਤ ਗਰੇਵਾਲ ਡਾਕਟਰ ਬਣਨ ਤੋਂ ਇਨਕਾਰੀ ਹੋ ਕੇ ਪੀਐਚ. ਡੀ ਕਰਨ ਲਗਦੀ ਹੈ। ਹੈਡਮਾਸਟਰ ਹਸਪਤਾਲ ਅਤੇ ਪ੍ਰਾਪਰਟੀ ਦੇ ਲਾਲਚ ਕਾਰਨ ਆਪਣੇ ਡਾਕਟਰ ਪੁੱਤਰ ਦਾ ਵਿਆਹ ਸੀਰਤ ਨਾਲ ਕਰਨਾ ਚਾਹੁੰਦਾ ਹੈ। ਡਾਕਟਰ ਗਰੇਵਾਲ ਅਤੇ ਹੈਡਮਾਸਟਰ ਦੀ ਸਹਿਮਤੀ ਨਾਲ ਦੋਵਾਂ ਦਾ ਵਿਆਹ ਹੋ ਜਾਂਦਾ ਹੈ। ਹਰਿੰਦਰ ਨੂੰ ਵੀ ਸੀਰਤ ਪਸੰਦ ਹੁੰਦੀ ਹੈ। ਹਰਿੰਦਰ ਸ਼ਹਿਰ ਆ ਕੇ ਸੀਰਤ ਹਸਪਤਾਲ ਵਿੱਚ ਡਾਕਟਰੀ ਕਰਨ ਲੱਗ ਜਾਂਦਾ ਹੈ। ਉਹ ਸੀਰਤ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਪਰ ਸੀਰਤ ਦਾ ਝੁਕਾਅ ਯੂਨੀਵਰਸਿਟੀ ਦੇ ਆਪਣੇ ਇੱਕ ਅਧਿਆਪਕ ਵੱਲ ਜ਼ਿਆਦਾ ਹੁੰਦਾ ਹੈ। ਦੋ ਸਾਲ ਲੰਘ ਜਾਂਦੇ ਹਨ, ਹਰਿੰਦਰ ਉਸਦਾ ਹਰ ਗੱਲੋਂ ਖ਼ਿਆਲ ਰੱਖਦਾ ਹੈ ਪਰ ਅਜੇ ਤੱਕ ਸੀਰਤ ਬੱਚਾ ਪੈਦਾ ਕਰਨ ਲਈ ਰਾਜ਼ੀ ਨਹੀਂ ਹੋਈ ਹੁੰਦੀ। ਸੀਰਤ ਦਾ ਜ਼ਿਆਦਾ ਧਿਆਨ ਆਪਣੇ ਸਰ ਵੱਲ ਰਹਿੰਦਾ ਹੈ। ਹਰਿੰਦਰ ਖ਼ੁਦ ਸੀਰਤ ਦੇ ਕੰਮ ਲਈ ਉਸਨੂੰ ਯੂਨੀਵਰਸਿਟੀ ਲੈ ਕੇ ਜਾਂਦਾ ਹੈ। ਹੌਲ਼ੀ ਹੌਲ਼ੀ ਉਸਨੂੰ ਸੀਰਤ ਅਤੇ ਅਧਿਆਪਕ ਦੇ ਆਪਸੀ ਸੰਬੰਧਾਂ 'ਤੇ ਸ਼ੱਕ ਹੋਣ ਲਗਦਾ ਹੈ। ਮਨੋਵਿਗਿਆਨ ਦਾ ਡਾਕਟਰ ਹੋਣ ਕਰਕੇ ਉਹ ਕੁਝ ਸਮੇਂ ਬਾਅਦ ਆਪਣੇ ਸ਼ੱਕ ਨੂੰ ਯਕੀਨ ਵਿੱਚ ਬਦਲ ਲੈਂਦਾ ਹੈ, ਜਿਸ ਨਾਲ ਉਸਦਾ ਮਨ ਉਚਾਟ ਹੋ ਜਾਂਦਾ ਹੈ। ਇੱਕ ਦਿਨ ਜਦ ਉਹ ਸੀਰਤ ਨਾਲ ਬੱਚੇ ਬਾਰੇ ਗੱਲ ਕਰਦਾ ਹੈ ਤਾਂ ਸੀਰਤ ਆਖਦੀ ਹੈ ਕਿ ਬੱਚਾ 'ਸਰ ਵਰਗਾ ਹੋਣਾ ਚਾਹੀਦਾ ਹੈ'। ਇਸ ਗੱਲ ਤੋਂ ਉਹ ਕਾਫ਼ੀ ਗੁੱਸੇ ਵਿੱਚ ਆ ਜਾਂਦਾ ਹੈ. ਗੁੱਸੇ ਵਿਚ ਆ ਕੇ ਸ਼ਰਾਬ ਪੀਂਦਾ ਹੈ। ਸੀਰਤ ਨੂੰ ਕੁਰਸੀ ਨਾਲ ਬੰਨ ਕੇ ਉਹ ਸਾਰੀਆਂ ਘਟਨਾਵਾਂ ਸੁਣਾਉਂਦਾ ਹੈ ਜਿੰਨਾ ਵਿੱਚ ਸੀਰਤ ਹਰਿੰਦਰ ਨੂੰ ਪੇਂਡੂ, ਝੁੱਡੂ, ਨੀਵਾਂ ਅਤੇ ਨੌਕਰ ਸਮਝਦੀ ਹੈ। ਉਹ ਚਾਕੂ ਨਾਲ ਆਪਣੀ ਛਾਤੀ, ਬਾਹਾਂ, ਹੱਥਾਂ 'ਤੇ ਕਟ ਲਗਾਉਂਦਾ ਹੈ। ਖੂਨ ਸੀਰਤ ਦੇ ਮੂੰਹ ਨੂੰ ਲਗਾਉਂਦਾ ਹੋਇਆ ਕਹਿੰਦਾ ਹੈ ਕਿ ਉਹ ਡਾਇਣ ਹੈ, ਜਿਸਨੇ ਉਸਦੇ ਪਿਆਰ ਦੀ ਕਦਰ ਨਹੀਂ ਕੀਤੀ ਸਗੋਂ ਉਸਦਾ ਖੂਨ ਸਾੜਿਆ ਅਤੇ ਪੀਤਾ ਹੈ। ਸੀਰਤ ਡਰ ਜਾਂਦੀ ਹੈ ਅਤੇ ਉਸਨੂੰ ਅਜਿਹਾ ਕਰਨ ਤੋਂ ਰੋਕਦੀ ਹੈ। ਅਖ਼ੀਰ ਹਰਿੰਦਰ ਕਮਰੇ ਚੋਂ ਨਿਕਲ ਕੇ ਲਾਅਨ ਵਿੱਚ ਜਾ ਕੇ ਆਪਣੇ ਹੱਥੀਂ ਲਾਇਆ ਦੇਵਦਾਰ ਦਾ ਬੂਟਾ ਪੁੱਟਦਾ ਹੈ ਅਤੇ ਉਸਨੂੰ ਬੋਰੀ ਵਿੱਚ ਪਾ ਕੇ ਉਸ ਘਰ ਨੂੰ ਅਲਵਿਦਾ ਕਹਿੰਦਾ ਹੋਇਆ ਪਿੰਡ ਨੂੰ ਤੁਰ ਪੈਂਦਾ ਹੈ।

ਪ੍ਰਕਾਸ਼ਕ

[ਸੋਧੋ]
  • ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ

ਹਵਾਲੇ

[ਸੋਧੋ]
  1. "ਮਾਛੀਵਾੜਾ ਦੇ ਕਹਾਣੀਕਾਰ ਸੁਖਜੀਤ ਨੂੰ ਭਾਰਤ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਆ ਜਾਵੇਗਾ". jagbani. 2022-12-23. Retrieved 2022-12-25.