ਸਮੱਗਰੀ 'ਤੇ ਜਾਓ

ਮੌਲਾ ਬਖ਼ਸ਼ ਕੁਸ਼ਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੌਲਾ ਬਖਸ਼ ਕੁਸ਼ਤਾ ਤੋਂ ਮੋੜਿਆ ਗਿਆ)
ਮੌਲਾ ਬਖ਼ਸ਼ ਕੁਸ਼ਤਾ
ਜਨਮਜੁਲਾਈ 1876
ਅੰਮ੍ਰਿਤਸਰ (ਬਰਤਾਨਵੀ ਪੰਜਾਬ)
ਮੌਤ19 ਜੂਨ 1955 (79 ਸਾਲ)
ਲਾਹੌਰ, ਪਾਕਿਸਤਾਨੀ (ਪੰਜਾਬ, ਪਾਕਿਸਤਾਨ
ਕਿੱਤਾਲੇਖਕ
ਭਾਸ਼ਾਪੰਜਾਬੀ
ਪ੍ਰਮੁੱਖ ਕੰਮਪੰਜਾਬ ਦੇ ਹੀਰੇ  • ਦੀਵਾਨ-ਕੁਸ਼ਤਾ
ਰਿਸ਼ਤੇਦਾਰਸੁਲਤਾਨ ਬਖ਼ਸ਼ ਭੱਟੀ (ਪਿਤਾ)

ਮੌਲਾ ਬਖ਼ਸ਼ ਕੁਸ਼ਤਾ (ਜੁਲਾਈ 1876 - 19 ਜੂਨ 1955) ਸਟੇਜੀ ਸ਼ਾਇਰ, ਗ਼ਜ਼ਲਕਾਰ, ਖੋਜ ਸਾਹਿਤਕਾਰ ਅਤੇ ਸੰਪਾਦਕ ਸੀ। ਸਮਾਜਕ ਸ਼ਖ਼ਸੀਅਤ ਵਜੋਂ ਉਹ ਭਾਈਚਾਰਕ ਸਾਂਝ ਲਈ ਸਰਗਰਮੀ ਨਾਲ ਕੰਮ ਕਰਨ ਵਾਲੇ ਸੱਜਣ ਸਨ।[1]

ਜੀਵਨ ਵੇਰਵੇ

[ਸੋਧੋ]

ਮੌਲਾ ਬਖ਼ਸ਼ ਦਾ ਜਨਮ ਅੰਮ੍ਰਿਤਸਰ (ਬਰਤਾਨਵੀ ਪੰਜਾਬ) ਦੇ ਇੱਕ ਭੱਟੀ ਰਾਜਪੂਤ ਪਰਵਾਰ[2] ਵਿੱਚ ਹੋਇਆ ਸੀ। ਦੇ ਪਿਤਾ ਦਾ ਨਾਮ ਸੁਲਤਾਨ ਬਖ਼ਸ਼ ਭੱਟੀ ਸੀ।

ਰਚਨਾਵਾਂ

[ਸੋਧੋ]

ਪੰਜਾਬ ਦੇ ਹੀਰੇ(1932)

[ਸੋਧੋ]

ਇਹ ਪੁਸਤਕ ਪਹਿਲੀ ਵਾਰ ਫ਼ਾਰਸੀ ਅੱਖਰਾਂ ਵਿੱਚ ਛਪੀ ਤੇ ਲਾਲਾ ਧਨੀ ਰਾਮ ਚਾਤ੍ਰਿਕ ਨੇ ਇਸ ਦਾ ਲਿਪੀਆਂਤਰਨ ਕੀਤਾ।ਇਸ ਵਿੱਚ 1800ਈ: ਤੱਕ ਦੇ 56 ਕਵੀਆਂ ਦੇ ਵੇਰਵੇ ਦਰਜ ਹਨ ਇਨ੍ਹਾਂ ਵਿੱਚੋਂ ਵਧੇਰੇ ਗਿਣਤੀ (40) ਮੁਸਲਮਾਨ ਕਵੀਆਂ ਦੀ ਹੈ।

ਮੌਲਾ ਬਖ਼ਸ਼ ਕੁਸ਼ਤਾ (1876 ਤੋਂ 1955) ਦਾ ਜ਼ਿਕਰ ਪੰਜਾਬੀ ਸਾਹਿਤ ਚਿੰਤਨ ਨਾਲ ਸੰਬੰਧਿਤ ਮੁੱਢਲੇ ਅਤੇ ਮੋਢੀ ਚਿੰਤਕਾਂ ਵਿਚ ਆਉਂਦਾ ਹੈ। ਉਹ ਸ਼ਾਇਰ ਵੀ ਸੀ। ਉਸ ਨੇ ਪਹਿਲੇ ਗ਼ਜ਼ਲ ਸੰਗ੍ਰਹਿ ਦੀਵਾਨ ਦੀਵਾਨ ਕੁਸ਼ਤਾ ਦੀ 1903 ਈ. ਵਿਚ ਰਚਨਾ ਕੀਤੀ। 1913 ਈ. ਵਿਚ ਉਸ ਹੀਰ ਰਾਂਝਾ ਦਾ ਕਿੱਸਾ ਲਿਖਿਆ। ਉਹ ਸਾਹਿਤਕ ਚਿੰਤਕ ਵੀ ਸਨ। ਉਸ ਨੇ ਤਿੰਨ ਪੁਸਤਕਾਂ ਲਿਖੀਆਂ ਚਸ਼ਮਾ-ਏ-ਹਯਾਤ (1913 ਈ.), ਪੰਜਾਬ ਦੇ ਹੀਰੇ (1932 ਈ.), ਪੰਜਾਬੀ ਸ਼ਾਇਰਾਂ ਦਾ ਤਜ਼ਕਰਾ (1960 ਈ.) ਦੀ ਰਚਨਾ ਕੀਤੀ।

ਮੌਲਾ ਬਖ਼ਸ਼ ਕੁਸ਼ਤਾ ਨੇ ਮੀਰ ਕਿਰਾਮਤੁੱਲਾ ਤੋਂ ਉਤਸ਼ਾਹ ਅਤੇ ਪ੍ਰੇਰਨਾ ਲੈ ਕੇ ਪੰਜਾਬ ਦੇ ਹੀਰੇ ਦੀ ਰਚਨਾ ਕੀਤੀ। ਮੌਲਾ ਬਖ਼ਸ਼ ਕੁਸ਼ਤਾ ਨੇ ਪੰਜਾਬ ਦੇ ਹੀਰੇ ਪੁਸਤਕ ਦਾ ਉਪ-ਸਿਰਲੇਖ ‘ਪੰਜਾਬੀ ਸ਼ਾਇਰਾਂ ਤੇ ਕਵੀਆਂ ਦਾ ਇਤਿਹਾਸ’ ਲਿਖਿਆ। ਕੁਸ਼ਤਾ ਨੇ ਕਵੀਆਂ ਦੇ ਜੀਵਨ ਤੇ ਰਚਨਾ ਨੂੰ ਲੱਭ ਕੇ ਕਾਲ ਦੀ ਲੜੀ ਵਿਚ ਪਰੋ ਕੇ ਪੇਸ਼ ਕੀਤਾ ਸੀ। ਪੰਜਾਬ ਦੇ ਹੀਰੇ ਪੁਸਤਕ ਵਿਚ ਕੁੱਲ 55 ਕਵੀਆਂ ਵਿਚੋਂ 40 ਮੁਸਲਮਾਨ ਅਤੇ 15 ਹਿੰਦੂ ਅਤੇ ਸਿੱਖ ਕਵੀ ਹਨ।

ਪੰਜਾਬ ਦੇ ਹੀਰੇ ਪੁਸਤਕ ਦੇ ਦੋ ਹਿੱਸੇ ਹਨ। ਪਹਿਲਾ ਮੁੱਖ ਬੰਦ ਜੋ ਚੁਰੰਜਾ ਪੰਨਿਆਂ ਉੱਪਰ ਫੈਲਿਆ ਹੋਇਆ ਹੈ ਅਤੇ ਦੂਸਰੇ ਵਿਚ ਉਸ ਸ਼ਾਇਰ ਅਤੇ ਰਚਨਾ ਸੰਬੰਧੀ ਚਰਚਾ ਕੀਤੀ ਹੈ। ਪਹਿਲੇ ਭਾਗ ਵਿਚ ਪੰਜਾਬੀ ਜ਼ੁਬਾਨ, ਹਿੰਦੀ ਪੰਜਾਬੀ ਭਾਸ਼ਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਗੁਰਮੁਖੀ ਦੇ ਆਰੰਭ, ਪੰਜਾਬੀ ਅਤੇ ਹਿੰਦੂ, ਪੰਜਾਬੀ ਅਤੇ ਈਸਾਈ, ਪੰਜਾਬੀ ਵਿਦਯਾ ਦਾ ਵਸੀਲਾ, ਲਿਖਣ ਢੰਗ ਦਾ ਪਹਿਲਾ ਝਗੜਾ, ਬੋਲੀ ਵਿਚ ਵਖੇਵੇਂ, ਪੰਜਾਬੀ ਸਰਪ੍ਰਸਤੀ, ਪੰਜਾਬੀ ਦੇ ਜੀਵਨ ਕਾਲ, ਮੁਸ਼ਾਇਰੇ, ਪੰਜਾਬੀ ਅਰੂਜ਼ (ਪਿੰਗਲ), ਪੰਜਾਬੀ ਸ਼ਾਇਰੀ ਅਤੇ ਪੰਜਾਬੀ ਕਵਿਤਾ ਦੇ ਦੋਸ਼, ਪੰਜਾਬੀ ਸ਼ਾਇਰੀ ਆਦਿ ਉਸ ਜ਼ਮਾਨੇ ਦੇ ਭਖਵੇਂ ਮਸਲਿਆਂ ਸੰਬੰਧੀ ਚਰਚਾ ਕੀਤੀ ਹੈ।

ਗੀਤ, ਕਹਾਣੀਆਂ ਅਤੇ ਬੁਝਾਰਤਾਂ, ਅਖਾਣ, ਅਖ਼ਬਾਰਾਂ ਅਤੇ ਰਸਾਲੇ, ਪੰਜਾਬੀ ਵਿਚ ਨਵੇਂ ਸ਼ਬਦਾਂ ਦਾ ਵਾਧਾ, ਪੰਜਾਬੀ ਬੋਲੀ ਦੀ ਤਾਰੀਖ਼, ਮਰਕਜ਼ (ਕੇਂਦਰ), ਅੱਖਰਾਂ ਦਾ ਝਗੜਾ, ਡੋਹੇ, ਕਾਮਨ, ਝੋਕ, ਕਾਫ਼ੀਆਂ, ਸਲੋਕ, ਕਬਿੱਤ, ਅਖਾਣ, ਦੋ ਅਰਥੇ ਸਵਾਲ, ਜ਼ਨਾਨੇ ਗਾਉਣ, ਆਮ ਗੀਤ, ਮਜ਼੍ਹਬੀ ਗੀਤ, ਬੁਝਾਰਤਾਂ, ਅਲੰਕਾਰ ਤੇ ਚਮਤਕਾਰੀ ਸ਼ਾਇਰੀ, ਅਰਥ ਅਲੰਕਾਰ, ਚੋਟ ਬਾਜ਼ੀ, ਸ਼ਾਇਰਾਂ ਦੀ ਕੁਲਪਤ੍ਰੀ ਆਦਿ ਨੂੰ ਉਸ ਨੇ ਆਪਣੀ ਸਮਰੱਥਾ ਮੂਜਬ ਪਛਾਣ ਕੇ ਆਪਣੀ ਸਿਧਾਂਤ ਚੇਤਨਾ ਦਾ ਪਰਿਚਯ ਦਿੱਤਾ। ‘ਪੰਜਾਬ ਦੇ ਹੀਰੇ’ ਪੁਸਤਕ ਵਿਚ ਕੁੱਲ 55 ਕਵੀਆਂ ਵਿਚੋਂ ਕੁੱਝ ਪ੍ਰਮੁੱਖ ਕਵੀਆਂ ਬਾਰੇ ਚਰਚਾ ਇਸ ਤਰ੍ਹਾਂ ਹੈ:

ਬਾਬਾ ਫ਼ਰੀਦੁੱਦੀਨ ਸ਼ਕਰਗੰਜ

[ਸੋਧੋ]

ਬਾਬਾ ਫ਼ਰੀਦੁੱਦੀਨ ਦਾ ਜਨਮ 580 ਹਿਜਰੀ (ਮੁਤਾਬਿਕ ਸੰਨ 1189 ਈ.) ਵਿਚ ਕਸਬਾ ਖੋਤ ਵਾਲ ਇਲਾਕਾ ਮੁਲਤਾਨ ਵਿਚ ਹੋਇਆ ਸੀ। ਮੁੱਢ ਤੋਂ ਹੀ ਫ਼ਕੀਰਾਨਾ ਜੀਵਨ ਵੱਲ ਮਾਇਲ ਸਨ।

ਸਫ਼ਰ:- ਹਜ਼ਰਤ ਖ਼ਵਾਜਾ ਬਖ਼ਤਿਆਰ ਕਾਕੀ ਦੇ ਹੁਕਮ ਅਨੁਸਾਰ ਆਪ ਉੱਥੇ ਹੀ ਠਹਿਰ ਗਏ ਤੇ ਉੱਥੇ ਹੀ ਵਿੱਦਿਆ ਦਾ ਸਿਲਸਿਲਾ ਜਾਰੀ ਕਰ ਦਿੱਤਾ। ਬਾਬਾ ਫ਼ਰੀਦ ਨੂੰ ਗੰਜ ਸ਼ਕਰ ਦਾ ਖ਼ਿਤਾਬ ਮਿਲਿਆ।

ਸ਼ਾਇਰੀ:-ਬਾਬਾ ਫ਼ਰੀਦ ਵਲੀਆਂ ਦੇ ਸਰਦਾਰ, ਸੂਫ਼ੀ ਅਤੇ ਆਲਮ ਹੋਣ ਤੋਂ ਛੁੱਟ ਪੰਜਾਬੀ ਅਤੇ ਫ਼ਾਰਸੀ ਦੇ ਚੰਗੇ ਕਵੀ ਸਨ। ਬਾਬਾ ਫ਼ਰੀਦ ਦੇ ਸਲੋਕ ਹਰ ਥਾਂ ਉੱਘੇ ਹੋਏ ਹਨ।

ਚਲਾਣਾ:- ਬਾਬਾ ਫ਼ਰੀਦ ਦੇ ਚਲਾਣੇ ਬਾਰੇ ਦੋ ਵੱਖ-ਵੱਖ ਰਾਵਾਂ ਹਨ। ਡਾ. ਮੋਹਨ ਸਿੰਘ ਲਿਖਾਰੀ ਹਿਸਟਰੀ ਆਫ਼ ਪੰਜਾਬੀ ਲਿਟਰੇਚਰ ਨੇ 664 ਹਿਜਰੀ ਦੱਸਿਆ ਹੈ ਅਤੇ ਮੁਹੰਮਦ ਕਾਸਮ ਨੇ 660 ਹਿਜਰੀ ਦੱਸਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ

[ਸੋਧੋ]

ਪਿਤਾ ਦਾ ਨਾਂ ਕਾਲੂ ਚੰਦ ਬੇਦੀ ਖੱਤਰੀ। ਵਸਨੀਕ ਤਲਵੰਡੀ ਸਾਬੋ ਲਾਹੌਰ। ਜਨਮ 1526 ਬਿ. ਮੁਤਾਬਿਕ 1469 ਈ. ਵਿਚ ਹੋਇਆ। ਗੁਰੂ ਨਾਨਕ ਦੇਵ ਜੀ ਦੀਆਂ ਕਰਾਮਾਤਾਂ ਦੇ ਬਹੁਤ ਜ਼ਿਆਦਾ ਵਾਕਿਆਤ ਹਨ। 1539 ਈ. ਵਿਚ ਜੋਤੀ ਜੋਤ ਸਮਾ ਗਏ।

ਸ੍ਰੀ ਗੁਰੂ ਅਰਜਨ ਦੇਵ ਜੀ

[ਸੋਧੋ]

ਪਿਤਾ ਦਾ ਨਾਂ ਗੁਰੂ ਰਾਮਦਾਸ ਸੀ। ਜਨਮ ਗੋਇੰਦਵਾਲ ਵਿਚ 1620 ਬਿ. ਮੁਤਾਬਿਕ 1563 ਈ. ਵਿਚ ਹੋਇਆ। ਸਿਲਸਿਲੇਵਾਰ ਗੁਰੂ ਸਾਹਿਬਾਂ ਦੀ ਬਾਣੀ ਹਰ ਇਕ ਰਾਗ ਅਤੇ ਰਾਗਣੀ ਵਿਚ ਲਿਖੀ। ਇਸ ਤੋਂ ਛੁੱਟ ਕਬੀਰ, ਫ਼ਰੀਦ, ਧੰਨਾ, ਰਵੀਦਾਸ, ਪੀਪਾ, ਸੈਣ, ਸਧਨਾ, ਤ੍ਰਿਲੋਚਨ, ਬੇਣੀ ਆਦਿ ਭਗਤਾਂ ਦੀਆਂ ਬਾਣੀਆਂ ਲਿਖਵਾਈਆਂ। ਸੱਤਾ ਅਤੇ ਬਲਵੰਡ ਦੀਆਂ ਬਾਣੀਆਂ ਜੋ ਰਾਮ ਕਲੀ ਵਿਚ ਉਚਾਰਨ ਹੈ, ਉਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਦਾ ਮਾਨ ਬਖ਼ਸ਼ਿਆ ਹੈ। ਗੁਰੂ ਅਰਜਨ ਦੇਵ ਜੀ 1606 ਈ. ਵਿਚ ਜੋਤੀ ਜੋਤ ਸਮਾ ਗਏ। ਰਾਗ ਵਿੱਦਿਆ ਅਤੇ ਪਿੰਗਲ ਦੇ ਬੜੇ ਮਾਹਿਰ ਅਤੇ ਸਿਆਣੇ ਕਵੀ ਸਨ।

ਸ਼ਾਹ ਹੁਸੈਨ

[ਸੋਧੋ]

ਪਿਤਾ ਦਾ ਨਾਂ ਸ਼ੇਖ਼ ਉਸਮਾਨ ਸਾਕਨ ਲਾਹੌਰ। ਸ਼ਾਹ ਹੁਸੈਨ ਦਾ ਜਨਮ 945 ਹਿਜਰੀ ਮੁਤਾਬਿਕ 1539 ਈ. ਵਿਚ ਹੋਇਆ। ਦਸ ਸਾਲ ਦੀ ਉਮਰ ਵਿਚ ਕੁਰਾਨ ਸ਼ਰੀਫ਼ ਕੰਠ ਕਰ ਲਿਆ। ਪੰਜਾਬੀ ਵਿਚ ਕਾਫ਼ੀਆਂ ਲਿਖਣ ਤੋਂ ਛੁੱਟ ਫ਼ਾਰਸੀ ਵਿਚ ਵੀ ਸ਼ੇਅਰ ਕਹਿੰਦੇ ਰਹੇ ਪਰ ਕਾਫ਼ੀਆਂ ਜ਼ਿਆਦਾ ਉੱਘੀਆਂ ਹਨ। 63 ਸਾਲ ਦੀ ਉਮਰ ਭੋਗ ਕੇ 1008 ਹਿਜਰੀ ਵਿਚ ਕੂਚ ਕਰ ਗਏ।

ਪੀਲੂ

[ਸੋਧੋ]

ਪੀਲੂ ਮੁਸਲਮਾਨ ਜੱਟ ਸਨ ਅਤੇ ਮਾਝੇ ਦੇ ਰਹਿਣ ਵਾਲੇ ਸਨ। ਫ਼ਕੀਰਾਨਾ ਤਬੀਅਤ ਦੇ ਮਾਲਕ ਸਨ। ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕਰਨ ਅਤੇ ਸੂਫ਼ੀਆਨਾ ਕਲਾਮ ਸੁਣਨ ਪਿੱਛੋਂ ਫ਼ਕੀਰਾਨਾ ਭੇਸ ਵਿਚ ਇਲਾਕਾ ਬਾਰਵਲ ਚਲੇ ਗਏ। ਮਿਰਜ਼ਾ ਸਾਹਿਬਾਂ ਬਾਰੇ ਚਰਚਾ ਸੁਣਦਿਆਂ ਕਵਿਤਾ ਵਿਚ ਬਿਆਨ ਕੀਤਾ। ਪੀਲੂ ਦੀ ਬੋਲੀ ਨਿਰੋਲ ਮਾਝੇ ਦੀ ਬੋਲੀ ਹੈ। ਸਾਂਦਲ ਬਾਰ ਵੱਲ ਚਲੇ ਗਏ ਤੇ ਉੱਧਰ ਹੀ ਕਾਲ ਵੱਸ ਹੋ ਗਏ ਸਨ।

ਹਜ਼ਰਤ ਬੁੱਲ੍ਹੇ ਸ਼ਾਹ

[ਸੋਧੋ]

ਪਿਤਾ ਦਾ ਨਾਂ ਸਾਈਂ ਮੁਹੰਮਦ ਦਰਵੇਸ਼, ਜਨਮ ਕਸੂਰ ਦੇ ਨੇੜੇ ਪੰਡੋਰ ਜ਼ਿਲ੍ਹਾ ਲਾਹੌਰ ਵਿਚ 1680 ਈ. ਵਿਚ ਹੋਇਆ। ਹਜ਼ਰਤ ਗ਼ੁਲਾਮ ਮੁਰਤਜ਼ਾ ਸਾਹਿਬ ਕਸੂਰੀ ਅਤੇ ਮੌਲਾਨਾ ਗ਼ੁਲਾਮ ਮੁਹੀਉੱਦੀਨ ਸਾਹਿਬ ਕਸੂਰੀ ਦੇ ਕੋਲ ਵਿੱਦਿਆ ਪ੍ਰਾਪਤੀ ਲਈ ਕਸੂਰ ਗਏ। ਬੁੱਲ੍ਹੇ ਸ਼ਾਹ 1771 ਈ. ਵਿਚ ਚਲਾਣਾ ਕਰ ਗਏ।

ਕਾਦਰਯਾਰ

[ਸੋਧੋ]

ਕੌਮ ਸੰਧੂ ਜੱਟ। ਜਨਮ ਪਿੰਡ ਮਾਛੀ ਕੇ ਜ਼ਿਲ੍ਹਾ ਗੁਜਰਾਂਵਾਲੇ (ਹਾਲ ਵਿਚ ਸ਼ੇਖਪੂਰਾ) ਵਿਚ ਹੋਇਆ। ਖੇਤੀਬਾੜੀ ਕਰਦੇ ਸਨ। ਕਾਦਰਯਾਰ ਨੇ ਹਰੀ ਸਿੰਘ ਨਲੂਆ ਵਾਰ ਅਤੇ ਕਿੱਸਾ ਪੂਰਨ ਭਗਤ ਲਿਖਿਆ ਸੀ।

ਸੱਯਦ ਵਾਰਿਸ ਸ਼ਾਹ

[ਸੋਧੋ]

ਸੱਯਦ ਵਾਰਿਸ ਸ਼ਾਹ ਦੇ ਪਿਤਾ ਦਾ ਨਾਮ ਸੱਯਦ ਕੁਤਬ ਸ਼ਾਹ ਸੀ ਤੇ ਪਿੰਡ ਜੰਡਿਆਲਾ ਸ਼ੇਰ ਖ਼ਾਂ ਜ਼ਿਲ੍ਹਾ ਗੁਜਰਾਂਵਾਲਾ ਦੇ ਰਹਿਂ ਵਾਲੇ ਸਨ। ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਮੌਲਵੀ ਸਾਹਿਬ ਤੋਂ ਹੀ ਪ੍ਰਾਪਤ ਕੀਤੇ ਅਤੇ ਉੱਚ ਵਿੱਦਿਆ ਦੀ ਪ੍ਰਾਪਤੀ ਵਾਸਤੇ ਕਸੂਰ ਗਏ। ਸੂਫ਼ੀ, ਸੱਯਦ ਅਤੇ ਆਪਣੇ ਮੱਤ ਦੇ ਗਿਆਤਾ ਸਨ। ਵਾਰਿਸ ਸ਼ਾਹ ਨੇ ਕਿੱਸਾ ਹੀਰ ਲਿਖਿਆ। ਵਾਰਿਸ ਦੀ ਖ਼ਿਆਲ ਸ਼ਕਤੀ, ਵਾਕਫ਼ੀਅਤ, ਕਾਦਰ-ਉਲ-ਕਲਾਮੀ, ਠੇਠ ਬੋਲੀ ਦਾ ਜਾਣਨਾ, ਲਿਖਣਾ, ਕਥਨ ਦੀ ਪਕਿਆਈ, ਮੁਹਾਵਰੇ ਵਰਤਣ ਦੀ ਜਾਚ, ਤਮਸੀਲੀ ਰੰਗਤ ਆਦਿ ਖ਼ੂਬੀਆਂ ਮੌਜੂਦ ਹਨ।

ਨਜ਼ਾਬਤ ਕਵੀ

[ਸੋਧੋ]

ਹਰਲਾ ਮਟੀਲਾ ਜ਼ਿਲ੍ਹਾ ਸ਼ਾਹ ਪੁਰ ਦੇ ਰਹਿਣ ਵਾਲੇ ਸਨ। ਹਰਲ ਰਾਜਪੂਤ ਸਨ। ਨਜ਼ਾਬਤ ਨੇ ਇਹ ਵਾਰ ਨਾਦਰ ਸ਼ਾਹ ਦੇ ਹੱਲੇ ਦੇ ਕੁੱਝ ਚਿਰ ਪਿੱਛੋਂ ਲਿਖੀ। ਨਜ਼ਾਬਤ ਅਠਾਰ੍ਹਵੀਂ ਸਦੀ ਦੇ ਅੰਤ ਵਿਚ ਹੋਇਆ ਹੈ।

ਹਾਸ਼ਮ ਸ਼ਾਹ

[ਸੋਧੋ]

ਜਨਮ 1166 ਹਿਜਰੀ ਵਿਚ ਜਗਦੇਉ ਕਲਾਂ, ਮੁਤਸਿਲ ਰਾਜਸਾਂਸੀ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਬੰਦੀ ਖਾਨੇ ਦੇ ਇਸ ਸਮੇਂ ਵਿਚ ਆਪ ਨੇ ਆਪਣੇ ਪੀਰ ਦੇ ਪੀਰ ਦੀ ਯਾਦ ਵਿਚ ਸਤ ਸਿਫ਼ਤਾਂ ਹਿੰਦੀ ਤੇ ਪੰਜਾਬੀ ਵਿਚ ਲਿਖੀਆਂ। ਹਾਸ਼ਮ ਸ਼ਾਹ ਨੇ ਸੱਸੀ ਪੁੰਨੂੰ ਦਾ ਕਿੱਸਾ ਲਿਖਿਆ। ਸੋਹਣੀ ਮਹੀਂਵਾਲ, ਸੱਸੀ ਪੁੰਨੂੰ, ਹੀਰ ਰਾਂਝਾ, ਲੈਲਾ ਮਜਨੂੰ, ਸ਼ੀਰੀਂ ਫ਼ਰਹਾਦ, ਦੀਵਾਨ ਹਾਸ਼ਮ, ਕਾਫ਼ੀਆਂ ਹਾਸ਼ਮ, ਟੀਕਾ ਗਿਆਨ ਮਾਲਾ, ਰਾਜਨੀਤੀ ਆਦਿ।

ਮੌਲਵੀ ਅਹਿਮਦ ਯਾਰ

[ਸੋਧੋ]

ਜਨਮ 1768 ਈ. ਵਿਚ ਮੁਰਾਲਾ ਜ਼ਿਲ੍ਹਾ ਗੁਜਰਾਤ ਵਿਚ ਹੋਇਆ। ਹੀਰ ਰਾਂਝਾ, ਸੱਸੀ ਪੁੰਨੂੰ, ਕਾਮ ਰੂਪ, ਯੂਸਫ਼ ਜ਼ੁਲੈਖਾਂ, ਚੰਦਰ ਬਦਨ, ਸੈਫ਼ਲ ਮਲੂਕ ਆਦਿ ਕਿੱਸੇ ਕਵਿਤਾ ਵਿਚ ਲਿਖੇ। ਇਨ੍ਹਾਂ ਤੋਂ ਛੁੱਟ ਕਿੱਸਾ ਤਿਤਰ, ਵਫ਼ਾਤ ਨਾਮਾ, ਜੰਗ ਅਹਿਮਦ, ਜੰਗ ਬਦਰ ਆਦਿ ਆਪ ਦੀ ਲਿਖਤ ਪੁਸਤਕਾਂ ਹਨ। ਅਹਿਮਦ ਯਾਰ ਪੰਜਾਬੀ ਕਵਿਤਾ ਦੇ ਮੈਦਾਨ ਦਾ ਬੜਾ ਸ਼ਾਹ ਸਵਾਰ ਹੈ।

ਬਿਹਬਲ

[ਸੋਧੋ]

ਲਾਹੌਰ ਦੇ ਇਲਾਕੇ ਰਹਿਣ ਵਾਲੇ ਸਨ। ਪੀਰ ਫ਼ਤਿਹ ਅੱਲ੍ਹਾ ਚਿਸ਼ਤੀ ਦੇ ਮੁਰੀਦ ਸਨ, ਜਿਹੜੇ ਬਾਬਾ ਫ਼ਰੀਦ ਗੰਜ ਸ਼ਕਰ ਦੇ ਸਿਲਸਿਲੇ ਵਿਚੋਂ ਸਨ। ਕਿੱਸਾ ਹੀਰ ਰਾਂਝਾ ਤੇ ਸੱਸੀ ਪੁੰਨੂੰ ਲਿਖਿਆ। ਮੌਲਾ ਬਖ਼ਸ਼ ਕੁਸ਼ਤਾ ਨੇ ਆਪਣਾ ਧਿਆਨ ਪੰਜਾਬੀ ਭਾਸ਼ਾ ਅਤੇ ਸ਼ਾਇਰੀ ਦੇ ਵੱਖ ਵੱਖ ਰੰਗਾਂ ਅਤੇ ਰੂਪਾਂ ਉੱਪਰ ਟਿਕਾਇਆ ਅਤੇ ਇੰਝ ਉਸ ਪੰਜਾਬੀ ਸਾਹਿਤ ਦੀ ਮੌਲਿਕ ਤੇ ਅਤੇ ਮਹੱਤਵ ਨੂੰ ਪਛਾਣਨ ਦਾ ਮੁੱਢਲਾ ਯਤਨ ਕੀਤਾ।

ਪੰਜਾਬੀ ਸ਼ਾਇਰਾਂ ਦਾ ਤਜਕਰਾ

[ਸੋਧੋ]

ਇਹ ਪੁਸਤਕ ‘ਪੰਜਾਬ ਦੇ ਹੀਰੇ’ ਪੁਸਤਕ ਦਾ ਹੀ ਵਿਸਤ੍ਰਿਤ ਰੂਪ ਹੈ।ਇਹ ਰਚਨਾ ਸਵਾ ਪੰਜ ਸੋ ਸਫਿਆਂ ਵਿੱਚ ਫੈਲੀ ਹੋਈ ਹੈ।ਇਹ ਪਹਿਲੀ ਵਾਰ ਪਾਕਿਸਤਾਨ ਵਿੱਚ ਛਪੀ।[5]

ਉਸ ਨੇ ਸਮੇਂ ਦੀਆਂ ਲੋੜਾਂ ਮੁਤਾਬਿਕ ਪੰਜਾਬੀਆਂ ਨੂੰ ਪੰਜਾਬੀਅਤ ਦੀ ਏਕਤਾ, ਸੈਕੁਰਲ ਦ੍ਰਿਸ਼ਟੀ ਦਾ ਮਾਡਲ ਮੁਹੱਈਆਂ ਕੀਤਾ।

ਮਰਹੂਮ ਮੀਆਂ ਮੌਲਾ ਬਖ਼ਸ਼ ਕੁਸ਼ਤਾ ਅੰਮ੍ਰਿਤਸਰੀ (1876-1955) ਪੰਜਾਬੀ ਦੇ ਮੁੱਢਲੇ ਖੋਜੀਆਂ, ਇਤਿਹਾਸਕਾਰਾਂ ਅਤੇ ਤਜ਼ਕਰਾ ਨਿਗਾਰਾਂ ਵਿਚੋਂ ਹਨ। ਕੁਸ਼ਤਾ ਦੀ ਅਸਲੀ ਦੇਣ ਪੰਜਾਬੀ ਸ਼ਾਇਰੀ, ਸਾਹਿਤਕ ਖੋਜ, ਇਤਿਹਾਸਕਾਰੀ, ਤਜ਼ਕਰਾ ਨਿਗਾਰੀ ਅਤੇ ਪੱਤਰਕਾਰੀ ਵਿਚ ਹੈ। ਉਸ ਨੂੰ ਉਰਦੂ ਫ਼ਾਰਸੀ ਅਤੇ ਪੰਜਾਬੀ ਭਾਸ਼ਾ ਉੱਪਰ ਇਕੋ ਜਿੰਨੀ ਪਕੜ ਸੀ। ਉਹ ਅੰਮ੍ਰਿਤਸਰ ਵਿਚ 1926 ਈ. ਵਿਚ ਬਣੀ ‘ਪੰਜਾਬੀ ਸਭਾ ਪੰਜਾਬ’ ਦੇ ਸੰਸਥਾਪਕਾਂ ਵਿਚੋਂ ਸੀ। ਕੁਸ਼ਤੀ ਨੇ ਪੰਜਾਬੀ ਵਿਚ ਸੀਹਰਫ਼ੀ, ਗ਼ਜ਼ਲ, ਚੌਬਰਗੇ, ਨਜ਼ਮ ਅਤੇ ਕਿੱਸਾ ਹੀਰ ਰਾਂਝਾ ਦੀ ਰਚਨਾ ਕੀਤੀ। ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਅਤੇ ਆਲੋਚਨਾ ਨਾਲ ਸੰਬੰਧਿਤ ਉਸ ਦੀਆਂ ਦੋ ਪੁਸਤਕਾਂ ਮਿਲਦੀਆਂ ਹਨ- ‘ਪੰਜਾਬ ਦੇ ਹੀਰੇ’ (1932 ਈ.) ਅਤੇ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ (1960 ਈ.) ਕੁੱਝ ਪੰਜਾਬੀ ਆਲੋਚਕਾਂ ਨੇ ‘ਚਸ਼ਮਾ-ਏ-ਹਯਾਤ’ (1913 ਈ.) ਨੂੰ ਕੁਸ਼ਤਾ ਦੀ ਰਚਨਾ ਮੰਨਿਆ ਹੈ। ਦਰਅਸਲ ਇਹ ਰਚਨਾ ਮੀਰ ਕਿਰਾਮਤੁੱਲਾ ਦੀ ਹੈ, ਜੋ ਕੁਸ਼ਤਾ ਦੇ ਕਿੱਸਾ ‘ਹੀਰ ਰਾਂਝਾ’ (1913 ਈ.) ਵਿਚ ਅੰਤਿਕਾ ਵਜੋਂ ਛਪੀ ਸੀ।

‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਪੁਸਤਕ ਮਰਹੂਮ ਮੀਆਂ ਮੌਲਾ ਬਖ਼ਸ਼ ਕੁਸ਼ਤਾ ਤੇ ਉਨ੍ਹਾਂ ਦੇ ਸਪੁੱਤਰ ਸਵਰਗੀ ਚੌਧਰੀ ਮੁਹੰਮਦ ਅਫ਼ਜ਼ਲ ਖ਼ਾਂ ਦੀ ਸੁਕਿਰਤ ਹੈ। ਸ਼ਾਹਮੁਖੀ ਲਿਪੀ ਵਿਚ ਲਿਖੀ ਹੋਈ ਇਹ ਵੱਡ ਆਕਾਰੀ ਹਵਾਲਾ ਪੁਸਤਕ ਮਿਆਰੀ ਖੋਜ-ਪ੍ਰਬੰਧ ਹੈ, ਜਿਸ ਵਿਚੋਂ 242 ਪੁਰਾਤਨ ਕਵੀਆਂ ਅਤੇ ਆਧੁਨਿਕ ਕਵੀਆਂ ਦੇ ਜੀਵਨ ਵੇਰਵੇ ਤੇ ਉਨ੍ਹਾਂ ਦੇ ਕਲਾਮ ਦੇ ਨਮੂਨੇ ਪ੍ਰਮਾਣਿਕ ਰੂਪ ਵਿਚ ਦਿੱਤੇ ਗਏ ਹਨ। ਇਹ ਤਜ਼ਕਰਾ ਪਹਿਲੀ ਵਾਰ 1960 ਈ. ਵਿਚ ਲਾਹੌਰ ਤੋਂ ਪ੍ਰਕਾਸ਼ਿਤ ਹੋਇਆ ਸੀ। ਇਸ ਦੇ ਕੁੱਝ 20 ਪੰਨੇ ਹਨ। ਇਸ ਤਜ਼ਕਰੇ ਦਾ ਮਹੱਤਵ ਤੱਥਾਂ ਦੀ ਭਰਪੂਰਤਾ ਅਤੇ ਕੁਸ਼ਤਾ ਦੀ ਪੰਜਾਬੀਅਤ ਦੀ ਭਾਵਨਾ ਨਾਲ ਓਤ-ਪੋਤ ਦ੍ਰਿਸ਼ਟੀ ਵਿਚ ਨਿਹਿਤ ਹੈ ਅਤੇ ਸੀਮਾ ਇਹ ਹੈ ਕਿ ਇਸ ਵਿਚ ਲੇਖਕ ਦੇ 19 ਜੂਨ 1955 ਈ. ਵਿਚ ਮੌਤ ਹੋਣ ਮਗਰੋਂ ਦੇ ਵੇਰਵੇ ਵੀ ਦਰਜ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸ. ਰਘਵੀਰ ਸਿੰਘ ਭਰਤ ਨੇ ਇਸ ਸਰੋਤ-ਗ੍ਰੰਥ ਨੂੰ ਗੁਰਮੁਖੀ ਲਿਪੀ ਵਿਚ ਲਿਪੀਅੰਤਰ ਕੀਤਾ ਹੈ। ਕੁਸ਼ਤਾ ਨੇ ਇਸ ਪੁਸਤਕ ਵਿਚ ਪੰਜਾਬੀ ਦੇ ਉਦਭਵ ਤੇ ਵਿਕਾਸ, ਗੁਰਮੁਖੀ ਦੇ ਆਰੰਭ, ਪੰਜਾਬੀ ਤੇ ਮੁਸਲਮਾਨ, ਹਿੰਦੀ, ਪੰਜਾਬੀ, ਪੰਜਾਬੀ ਤੇ ਸਿੱਖ, ਪੰਜਾਬੀ ਤੇ ਈਸਾਈ ਜਾਂ ਅੰਗਰੇਜ਼, ਸਿੱਖਿਆ ਦਾ ਮਾਧਿਅਮ, ਬੋਲੀ ਦੀ ਫ਼ਰਕ, ਪੰਜਾਬੀ ਅਖ਼ਬਾਰਾਂ, ਰਸਾਲੇ, ਕੇਂਦਰੀ ਬੋਲੀ, ਲਿਪੀ ਦਾ ਝਗੜਾ, ਪੰਜਾਬੀ ਸ਼ਾਇਰੀ ਅਤੇ ਪੰਜਾਬੀ ਕਵਿਤਾ ਦੇ ਵੱਖ-ਵੱਖ ਰੰਗ-ਰੂਪ ਆਦਿ ਉਸ ਜ਼ਮਾਨੇ ਦੇ ਭਖਵੇਂ ਮਸਲਿਆਂ ਸੰਬੰਧੀ ਚਰਚਾ ਕੀਤੀ ਹੈ। ਕਬਿੱਤ, ਕੋਰੜਾ, ਦੋਹਰਾ, ਕੁੰਡਲੀਆ, ਸਿਰਖੰਡੀ, ਬੈਂਤ, ਗ਼ਜ਼ਲ, ਵਾਰ, ਸ਼ਲੋਕ, ਚੌਪਈ, ਬਿਸ਼ਨ, ਪਦੇ, ਕਾਫ਼ੀ, ਚੌਬੋਲਾ, ਅਸ਼ਟਪਦੇ, ਪੌੜੀ, ਸਤਵਾਰਾ, ਅਲਾਹੁਣੀਆਂ, ਲੋਕ-ਗੀਤ, ਬਾਤਾਂ ਤੇ ਬੁਝਾਰਤਾਂ, ਅਖਾਣ, ਅਲੰਕਾਰੀ ਤੇ ਪੰਜਾਬੀ ਸਾਹਿਤ ਦਾ ਇਤਿਹਾਸ, ਸੂਫ਼ੀ ਮੱਤ, ਕਿੱਸਾਕਾਰੀ, ਮਜ਼੍ਹਬੀ ਤਬਲੀਗ, ਧਰਮ ਪ੍ਰਚਾਰ, ਹਾਸ ਰਸ, ਵਾਰਤਕ, ਤਾਰੀਖ਼ ਗੋਈ ਆਦਿ ਨੂੰ ਉਸ ਨੇ ਆਪਣੀ ਸਮਰੱਥਾ ਮੂਜਬ ਪਛਾਣ ਕੇ ਆਪਣੀ ਸਿਧਾਂਤ ਚੇਤਨਾ ਦਾ ਪਰਿਚਯ ਦਿੱਤਾ ਹੈ।

ਇਸ ਪੁਸਤਕ ਵਿਚ 242 ਕਵੀਆਂ ਵਿਚੋਂ ਕੁੱਝ ਪ੍ਰਮੁੱਖ ਕਵੀਆਂ ਬਾਰੇ ਚਰਚਾ ਹੇਠ ਲਿਖੇ ਅਨੁਸਾਰ ਹੈ:

ਬਾਬਾ ਫ਼ਰੀਦ ਸ਼ਕਰਗੰਜ

[ਸੋਧੋ]

ਇਨ੍ਹਾਂ ਦਾ ਪੂਰਾ ਨਾਂ ਫ਼ਰੀਦੁੱਦੀਨ ਮਸਊਦ ਸੀ। ਪਿਤਾ ਦਾ ਨਾਂ ਕਾਜ਼ੀ ਜਮਾਲ-ਉਦ-ਦੀਨ। ਇਨ੍ਹਾਂ ਦਾ ਜਨਮ ਪਹਿਲੀ ਰਮਜ਼ਾਨ 529 ਮੁਤਾਬਿਕ 1173 ਈ. ਨੂੰ ਕਸਬਾ ਖੋਤ ਵਾਲ (ਚਾਵਲੀ ਮਸ਼ਾਇਖ਼) ਤਹਿਸੀਲ ਦਗੜੀ ਜ਼ਿਲ੍ਹਾ ਮੁਲਤਾਨ ਵਿਚ ਹੋਇਆ। ਬਾਬਾ ਫ਼ਰੀਦ ਨੇ ਆਪਣੀ ਪੜ੍ਹਾਈ ਕਸਬਾ ਖੋਤ ਵਾਲ ਵਿਚ ਹਾਸਲ ਕੀਤੀ।

  1. ਸ਼ਕਰਗੰਜ ਦਾ ਲਕਬ:- ਉਨ੍ਹਾਂ ਦੇ ਨਾਂ ਨਾਲ ਸ਼ਕਰਗੰਜ ਦਾ ਲਕਬ (ਉਪਨਾਮ) ਹੈ। ਬਾਬਾ ਫ਼ਰੀਦ ਜੀ ਦੇ ਉਪਨਾਮ ਬਾਰੇ ਕਈ ਰਵਾਇਤਾਂ ਹਨ।
  2. ਰਚਨਾਵਾਂ:- ਉਨ੍ਹਾਂ ਦੀਆਂ ਚਾਰ ਕਿਤਾਬਾਂ ਮਿਲਦੀਆਂ ਹਨ। ਤਿੰਨ ਨਸਰ (ਵਾਰਤਕ) ਤੇ ਇਕ ਨਜ਼ਮ ਦੀ (ਸਲੋਕ) ਮਸਰ ਜਾਂ ਵਾਰਤਕ ਦੀਆਂ ਪੁਸਤਕਾਂ ਉਨ੍ਹਾਂ ਨੇ ਬਾਬਾ ਫ਼ਰੀਦ ਸਲੋਕ ਗ੍ਰੰਥ ਵਿਚ ਸ਼ਾਮਲ ਕਰ ਲਏ।
  3. ਸ਼ਾਇਰੀ:- ਇਨ੍ਹਾਂ ਨੇ ਆਪਣੇ ਸੂਫ਼ੀ ਖ਼ਿਆਲਾਂ ਦਾ ਪ੍ਰਗਟਾਵਾ ਆਪਣੇ ਸਲੋਕਾਂ ਵਿਚ ਕੀਤਾ ਹੈ। ਫ਼ਾਰਸੀ ਭਾਸ਼ਾ ਵਿਚ ਸ਼ਾਇਰੀ ਕੀਤੀ। ਸਲੋਕਾਂ ਵਿਚ ਅਰਬੀ ਫ਼ਾਰਸੀ, ਹਿੰਦੀ ਤੇ ਮੁਲਤਾਨੀ ਸ਼ਬਦ ਵਰਤੇ ਗਏ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ

[ਸੋਧੋ]

ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਮੁਤਾਬਿਕ 1526 ਈ. ਬਿਕਰਮੀ ਰਾਏ ਭੋਇੰ ਦੀ ਤਲਵੰਡੀ, ਜ਼ਿਲ੍ਹਾ ਸ਼ੇਖ਼ੂਪੁਰਾ ਵਿਚ, ਪਿਤਾ ਮਹਿਤਾ ਕਾਲੂ, ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਭੁੱਖੇ ਸਾਧੂਆਂ ਨੂੰ ਰੋਟੀ ਖੁਆ ਕੇ ਸੱਚਾ ਸੌਦਾ ਕੀਤਾ।

  1. ਸ਼ਾਇਰੀ ਤੇ ਰਚਨਾਵਾਂ:- ਇਨ੍ਹਾਂ ਦੀ ਬਾਣੀ ਵਿਚ ਅਰਬੀ, ਫ਼ਾਰਸੀ, ਹਿੰਦੀ ਤੇ ਸੰਸਕ੍ਰਿਤ ਦੇ ਸ਼ਬਦ ਮਿਲਦੇ ਹਨ। ਸ਼ਬਦਾਂ ਅਤੇ ਸ਼ਲੋਕਾਂ ਨੂੰ ਛੱਡ ਕੇ ਉਨ੍ਹਾਂ ਦੀ ਪੂਰੀ ਬਾਣੀ ਜਪੁ ਜੀ, ਆਸਾ ਦੀ ਵਾਰ, ਬਾਰਾਂਮਾਹ, ਪੱਟੀ ਤੇ ਸਿੱਧ ਗੋਸ਼ਟਿ ਆਦਿ ਕਵਿਤਾ ਵਿਚ ਹੈ। ਇਹ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਨੇ ਮਨ ਤੇ ਮਨ ਨੂੰ ਜਗਾਉਣ ਤੇ ਨੇਕੀ ਕਰਨ ਦਾ ਸਬਕ ਸਿਖਾਇਆ। ਜਾਤ-ਪਾਤ, ਦਾਜ ਪ੍ਰਥਾ, ਬਾਲ ਵਿਆਹ, ਵਹਿਮ-ਭਰਮ, ਸਤੀ ਪ੍ਰਥਾ ਆਦਿ ਕੁਰੀਤੀਆਂ ਦਾ ਖੰਡਨ ਕੀਤਾ। ਇਨ੍ਹਾਂ ਦੇ ਸ਼ਬਦਾਂ ਵਿਚ ਸ਼ਿੰਗਾਰ ਰਸ, ਸ਼ਾਂਤ ਰਸ, ਅਦਭੁਤ ਰਸ, ਰੌਦਰ ਰਸ ਤੇ ਕਰੁਣਾ ਰਸ ਦੇ ਨਮੂਨੇ ਮਿਲਦੇ ਹਨ। ਗੁਰੂ ਗ੍ਰੰਥ ਵਿਚ ਇਨ੍ਹਾਂ ਦੀ ਬਾਣੀ ਮਹਲਾ ਦੇ ਨਾਂ ਹੇਠ ਦਰਜ ਹਨ। ਗੁਰੂ ਜੀ ਦੀ ਬਾਣੀ ਵਿਚ ਸਾਦਗੀ, ਸਫ਼ਾਈ, ਰਸ ਤੇ ਮੁਹਾਵਰੇ ਬੰਦੀ ਹੈ:-

ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਜਾਂ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀ ਜੋ ਨਾਮੁ ਆਧਾਰ।

  1. ਜੋਤੀ ਜੋਤ:- ਅੰਤ ਉਹ ਲੋਕਾਂ ਵਿਚ ਸੱਚੇ ਅਸੂਲਾਂ ਅਤੇ ਨਾਮ ਦਾ ਪ੍ਰਚਾਰ ਕਰਦੇ ਹੋਏ 1539 ਈ. ਵਿਚ ਅਕਾਲ ਚਲਾਣਾ ਕਰ ਗਏ।

ਗੁਰੂ ਗੋਬਿੰਦ ਸਿੰਘ

[ਸੋਧੋ]

ਗੁਰੂ ਗੋਬਿੰਦ ਸਿੰਘ ਦਾ ਜਨਮ 1666 ਈ. ਵਿਚ ਪਿਤਾ ਗੁਰੂ ਤੇਗ ਬਹਾਦਰ, ਮਾਤਾ ਗੁਜਰੀ ਦੀ ਕੁੱਖੋਂ ਪਟਨਾ (ਬਿਹਾਰ) ਵਿਖੇ ਹੋਇਆ।

  1. ਗੁਰਗੱਦੀ:- 1675 ਈ. ਵਿਚ ਅਨੰਦਪੁਰ ਸਾਹਿਬ ਵਿਖੇ ਉਨ੍ਹਾਂ ਨੂੰ ਗੁਰਗੱਦੀ ਪ੍ਰਾਪਤ ਹੋਈ। ਉਨ੍ਹਾਂ ਨੇ ਸਿੱਖਾਂ ਨੂੰ ਪੰਜ ਕਰਾਰ ਧਾਰਨ ਕਰਨ ਦਾ ਹੁਕਮ ਦਿੱਤਾ।
  2. ਖ਼ਾਲਸਾ ਪੰਥ ਦੀ ਸਿਰਜਣਾ:- 1699 ਈ. ਵਿਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ। ਬੀਬੀਆਂ ਦੇ ਨਾਂ ਕੌਰ ਅਤੇ ਸਿੱਖਾਂ ਦੇ ਨਾਲ ਸਿੰਘ ਲਿਖਣ ਦੀ ਪਰੰਪਰਾ ਸ਼ੁਰੂ ਕੀਤੀ।
  3. ਸ਼ਬਦ:- ਉਨ੍ਹਾਂ ਨੇ ਪੰਜਾਬੀ ਵਿਚ ਕੁੱਝ ਸ਼ਬਦ ਅਤੇ ਚੰਡੀ ਦੀ ਵਾਰ ਲਿਖੀ, ਫ਼ਾਰਸੀ ਵਿਚ ਜ਼ਫ਼ਰਨਾਮਾ ਅਤੇ ਫ਼ਤਿਹਨਾਮਾ ਲਿਖਿਆ। ਬਹੁਤੀ ਰਚਨਾ ਉਨ੍ਹਾਂ ਦੀ ਬ੍ਰਜ ਭਾਸ਼ਾ ਵਿਚ ਮਿਲਦੀ ਹੈ। ‘ਚੰਡੀ ਦੀ ਵਾਰ’ ਵਿਚ ਦੁਰਗਾ ਦੇਵੀ ਤੇ ਦੈਂਤਾਂ ਦੇ ਯੁੱਧ ਦੀ ਕਥਾ ਬਿਆਨ ਕੀਤੀ ਹੈ। ਇਹ ਵਾਰ ਸਿਰਖੰਡੀ ਛੰਦ ਵਿਚ ਹੈ। ਬੀਰ ਰਸ ਦੀ ਸੁੰਦਰ ਵਰਤੋਂ ਹੋਈ ਹੈ:-

ਜੰਗ ਮੁਸਾਫ਼ਾ ਬੱਜਿਆ, ਰਣਿ ਘੁਰੇ ਨਗਾਰੇ ਚਾਵਲੇ, ਝੂਲਨਿ ਨੇਜੇ ਬੈਰਕਾਂ, ਨਿਸ਼ਾਨ ਲਸਣ ਲਸਾਵਲੇ।

  1. ਰਚਨਾਵਾਂ:- ਜਾਪੁ ਸਾਹਿਬ, ਅਕਾਲ ਉਸਤਤਿ, ਗਿਆਨ ਪ੍ਰਬੋਧ, ਸ਼ਾਸਤਰ ਨਾਮਾ ਮਾਲਾ, ਚੌਵੀ ਅਵਤਾਰ, ਬਚਿੱਤਰ ਨਾਟਕ, ਭਗੌਤੀ ਦੀ ਵਾਰ, ਤ੍ਰੀਆ ਚਰਿੱਤਰ, ਤ੍ਰੀਆ ਚਰਿੱਤਰ ਬਾਰੇ ਮੱਤ ਭੇਦ ਹਨ। ਉਨ੍ਹਾਂ ਦੇ ਦਰਬਾਰ ਵਿਚ 52 ਕਵੀ ਸਨ।
  2. ਚਲਾਣਾ:- ਗੁਰੂ ਜੀ 42 ਵਰ੍ਹੇ ਦੀ ਉਮਰ ਭੋਗ ਕੇ 1708 ਈ. ਵਿਚ ਨਾਂਦੇੜ ਵਿਖੇ ਅਕਾਲ ਚਲਾਣਾ ਕਰ ਗਏ। ਇਸ ਤਰ੍ਹਾਂ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਪੁਸਤਕ ਵਿਚ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਆਦਿ ਬਾਰੇ ਲਿਖਿਆ ਗਿਆ ਹੈ।

ਸ਼ਾਹ ਹੁਸੈਨ

[ਸੋਧੋ]

ਸ਼ਾਹ ਹੁਸੈਨ ਦਾ ਜਨਮ 945 ਹਿਜਰੀ ਮੁਤਾਬਿਕ 1539 ਈ. ਵਿਚ ਹੋਇਆ। 1008 ਹਿਜਰੀ ਮੁਤਾਬਿਕ 1599 ਈ. ਇਨ੍ਹਾਂ ਦੀ ਮੌਤ ਹੋ ਗਈ। ਇਹ ਤਰਲਾ ਤਲਵਾਰਬਾਜ਼ੀ ਛੱਡ ਕੇ ਖੱਡੀ ਦੀ ਸ਼ਰਨ ਲਈ ਤੇ ਜੁਲਾਹਿਆਂ ਦੇ ਕੰਮ ਕਰਨ ਲੱਗੇ। ਸ਼ਾਹ ਹੁਸੈਨ ਲਿਖਦੇ ਹਨ:- ਨਾਉਂ ਹੁਸੈਨਾ ਜਾਤ ਜੁਲਾਹਾ ਗਾਲ੍ਹਾਂ ਦਿੰਦੀਆਂ ਤਾਣੀਆਂ ਵਾਲੀਆਂ। ਕੁਰਾਨ ਮਜੀਦ ਉਨ੍ਹਾਂ ਨੂੰ ਜ਼ੁਬਾਨੀ ਯਾਦ ਸੀ। ਉਨ੍ਹਾਂ ਦੇ ਦਾਤਾ ਦੇ ਦਰਬਾਰ ਦੀ ਹਾਜ਼ਰੀ, ਇਬਾਦਤ ਤੇ ਬੰਦਨਾ ਅਤੇ ਅਭਿਆਸ ਨੂੰ ਨਿੱਤਨੇਮ ਬਣਾ ਲਿਆ। ਸ਼ਾਹ ਹੁਸੈਨ ਨੇ ਛੱਤੀ ਸਾਲ ਕਠਿਨ ਭਜਨ ਬੰਦਗੀ ਕੀਤੀ। ਔਰੰਗਜ਼ੇਬ ਆਲਮਗੀਰ ਦੇ ਸੂਫ਼ੀ ਦਾਰਾ ਸ਼ਿਕੋਹ ਨੇ ਆਪਣੀ ਲਿਖਤ, ‘ਸ਼ਤੀਗਤ’ ਵਿਚ ਸ਼ਾਹ ਹੁਸੈਨ ਦੇ ਵਲੀ-ਅੱਲਾਹ ਤੇ ਕਰਾਮਾਤੀ ਹੋਣ ਦਾ ਜ਼ਿਕਰ ਕੀਤਾ। ਸ਼ਾਹ ਹੁਸੈਨ ਦੀਆਂ ਲਿਖੀਆਂ 163 ਕਾਫ਼ੀਆਂ ਮਿਲਦੀਆਂ ਹਨ। ਇਨ੍ਹਾਂ ਵਿਚ ਇਕ ਕਾਫ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖਾਰੀ ਬੀੜ ਵਿਚ ਮਿਲਦੀ ਹੈ। ਇਨ੍ਹਾਂ ਨੇ ਆਪਣੀ ਬੋਲੀ ਵਿਚ ਮੁਲਤਾਨੀ, ਲਾਹੌਰੀ ਤੇ ਪੋਠੋਹਾਰੀ ਦੇ ਸ਼ਬਦ ਵਰਤੇ ਗਏ ਹਨ।

ਹਾਫ਼ਿਜ਼ ਬਰਖ਼ੁਰਦਾਰ

[ਸੋਧੋ]

ਇਨ੍ਹਾਂ ਦਾ ਜਨਮ ਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਦੇ ਨੇੜੇ ਪਿੰਡ ਮੁਸਲਮਾਨੀ ਸਰਗੋਧਾ 1030 ਹਿਜਰੀ ਦੇ ਨੇੜੇ ਮੰਨਿਆ ਜਾਂਦਾ ਹੈ। ਇਸ ਦੀ ਕੌਮ ਜੱਟ ਰਾਂਝਾ ਸੀ। ਇਹ ਲੋਕਾਂ ਨੂੰ ਸਾਰੀ ਉਮਰ ਕੁਰਾਨ ਮਜੀਦ ਪੜ੍ਹਾਉਂਦੇ ਰਹੇ। ਇਹ ਸ਼ਾਇਰ ਵੀ ਸਨ। ਹਾਫ਼ਿਜ਼ ਆਪਣੇ ਫ਼ਰਾਇਜ਼ ਹਿੰਦੀ ਲਿਖਤ 1081 ਵਿਚ ਲਿਖਦੇ ਹਨ, ਹਾਫ਼ਿਜ਼ ਨੇ ਸੱਸੀ ਪੁੰਨੂੰ ਤੇ ਮਿਰਜ਼ਾ ਸਾਹਿਬਾ ਦੇ ਕਿੱਸੇ ਸ਼ਿੰਗਾਰ ਰਸ ਤੇ ਸ਼ਾਂਤ ਰਸ ਵਿਚ ਲਿਖੇ ਹਨ। ਇਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹਨ, ਨਹਰ-ਉਲ-ਮਲੂਮ, ਬਹਿਰ-ਉਲ-ਮਲੂਮ, ਸ਼ਮਸ-ਉਲ-ਅਲੂਮ, ਬਿਆਨ ਸਾਇਆ ਰਸਾਲਾ ਨਿਮਾਜ਼, ਸੀਹਰਫ਼ੀ, ਕਿੱਸਾ ਖੇਤਰੀ ਮੀਜ਼ਾਨ ਸ਼ਰੀਅਤ, ਫ਼ਰਾਇਜ਼ੇ ਹਿੰਦੀ ਤੇ ਕਿੱਸਾ ਯੂਸਫ਼ ਜ਼ੁਲੈਖਾਂ ਆਦਿ। ਯੂਸਫ਼ ਜ਼ੁਲੈਖਾਂ ਦੇ ਕਿੱਸੇ ਤੇ ਚੌਥਾ ਇਨਾਮ ਵੀ ਮਿਲਿਆ।

ਭਾਈ ਗੁਰਦਾਸ

[ਸੋਧੋ]

ਇਨ੍ਹਾਂ ਦਾ ਜਨਮ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਚ 1559 ਈ. ਨੂੰ ਤੇ ਮੌਤ 1637 ਈ. ਮੁਤਾਬਿਕ 17 ਅੱਸੂ 1686 ਈ. ਬਿਕਰਮੀ ਨੂੰ ਹੋਈ। ਇਹ ਸੰਸਕ੍ਰਿਤ, ਹਿੰਦੀ ਅਤੇ ਫ਼ਾਰਸੀ ਦੇ ਵਿਦਵਾਨ ਸਨ। ਇਨ੍ਹਾਂ ਨੇ 39 ਵਾਰਾਂ ਅਤੇ 556 ਕਬਿਤ-ਸਵੱਈਏ ਲਿਖੇ। ਇਨ੍ਹਾਂ ਨੇ ਸਿੱਖੀ ਅਤੇ ਗੁਰਮਤਿ ਦਾ ਪ੍ਰਚਾਰ ਕੀਤਾ।

ਬੁੱਲ੍ਹੇ ਸ਼ਾਹ

[ਸੋਧੋ]

ਬੁੱਲ੍ਹੇ ਸ਼ਾਹ ਦਾ ਜਨਮ 1103 ਹਿਜਰੀ ਮੁਤਾਬਿਕ 1680 ਈ. ਨੂੰ ਪਾਂਡੋਕੇ ਤਹਿਸੀਲ ਕਸੂਰ ਵਿਖੇ ਹੋਇਆ। ਮੌਤ 1173 ਹਿਜਰੀ ਮੁਤਾਬਿਕ 1746 ਈ. ਨੂੰ ਹੋਈ। ਬੁੱਲ੍ਹੇ ਸ਼ਾਹ ਨੇ ਬਹੁਤ ਸਾਰੀਆਂ ਕਾਫ਼ੀਆਂ ਲਿਖੀਆਂ, ਕਾਫ਼ੀਆਂ ਵਿਚ ਇਸ਼ਕ, ਬਿਰਹਾ, ਮਸਤੀ ਤੇ ਰਿੰਦੀ ਸੌਖੀ ਹੀ ਪੇਸ਼ ਨਹੀਂ ਕੀਤੀ ਸਗੋਂ ਦੁਨਿਆਵੀ ਅਸਥਿਰਤਾ ਦੇ ਮਸਲੇ ਵੀ ਪੇਸ਼ ਕੀਤੇ ਹਨ।

ਸੱਯਦ ਵਾਰਿਸ ਸ਼ਾਹ

[ਸੋਧੋ]

ਇਨ੍ਹਾਂ ਦੇ ਜੀਵਨ ਬਾਰੇ ਬਹੁਤ ਸਾਰੇ ਮੱਤ ਭੇਦ ਹਨ। ਇਸ ਦੇ ਬਾਪ ਦਾ ਨਾਂ ਕੁਤਬ ਸ਼ਾਹ ਸੀ। ਹੀਰ ਦੀ ਕਿੱਸਾ 1180 ਹਿਜਰੀ ਵਿਚ ਲਿਖਿਆ। ਇਨ੍ਹਾਂ ਨੇ ਆਪਣੀ ਜਨਮ-ਭੂਮੀ ਜੰਡਿਆਲਾ ਸ਼ੇਰ ਖ਼ਾਂ ਜ਼ਿਲ੍ਹਾ ਸ਼ੇਖ਼ੂਪੁਰਾ ਦੱਸਾ ਹੈ। ਮੀਆਂ ਹਦਾਇਤਉੱਲਾ ਵਾਲੀ ਹੋਈ ਹੀਰ ਵਾਰਿਸ 1888 ਈ. ਦੇ ਅਖੀਰ ਤੇ ਵਾਰਿਸ ਸ਼ਾਹ ਦੀਆਂ ਹੋਰ ਲਿਖਤਾਂ ਮਿਅਰਾਜਨਾਮਾ, ਇਬਰਤਨਾਮਾ, ਚੁਹੜੇਟੀਨਾਮਾ, ਉਸ਼ਤਰਨਾਮਾ ਦਾ ਜ਼ਿਕਰ ਵੀ ਆਉਂਦਾ ਹੈ।

ਹਾਸ਼ਮ ਸ਼ਾਹ

[ਸੋਧੋ]

ਹਾਸ਼ਮ ਸ਼ਾਹ ਦਾ ਜਨਮ 1166 ਹਿਜਰੀ ਮੁਤਾਬਿਕ 1752 ਈ. ਨੂੰ ਜਗਦੇਉ ਕਲਾਂ ਤਹਿਸੀਲ ਅਜਨਾਲਾ ਵਿਖੇ ਹੋਇਆ। ਪਿਤਾ ਦਾ ਨਾਂ ਹਾਜੀ ਮੁਹੰਮਦ ਸ਼ਰੀਫ਼ ਸੀ। ਇਨ੍ਹਾਂ ਦੀ ਮੌਤ 1821 ਈ. ਮੁਤਾਬਿਕ 1237 ਹਿਜਰੀ ਵਿਚ ਹੋਈ। ਇਹ ਤਰਖਾਣਾ ਕੰਮ ਕਰਦੇ ਸਨ ਤੇ ਲੋਕਾਂ ਨੂੰ ਧਾਰਮਿਕ ਅਤੇ ਅਧਿਆਤਮਕ ਸਿੱਖਿਆ ਦਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਕਵੀ ਸਨ, ਹਾਸ਼ਮ ਨੇ ‘ਸੱਸੀ ਪੁੰਨੂੰ’ ਕਿੱਸਾ ਲਿਖਿਆ। ਸੋਹਣੀ ਮਹੀਂਵਾਲ, ਸ਼ੀਰੀਂ ਫ਼ਰਹਾਦ, ਤੇ ਹੀਰ ਰਾਂਝਾ ਆਦਿ ਰਚਨਾਵਾਂ ਵੀ ਮਿਲਦੀਆਂ ਹਨ। ਉਹ ਉਰਦੂ, ਹਿੰਦੀ ਅਤੇ ਫ਼ਾਰਸੀ ਵਿਚ ਸ਼ੇਅਰ ਲਿਖਦੇ ਹਨ।

ਸ਼ਾਹ ਮੁਹੰਮਦ

[ਸੋਧੋ]

ਸ਼ਾਹ ਮੁਹੰਮਦ ਦਾ ਜਨਮ 1789 ਈ. ਨੂੰ ਪਿੰਡ ਬਡਾਲਾ, ਅੰਮ੍ਰਿਤਸਰ ਵਿਚ ਹੋਇਆ। ਮੌਤ 1862 ਈ. ਵਿਚ ਹੋਈ। ਇਹ ਕੁਰੈਸ਼ੀ ਕੌਮ ਦੇ ਸਨ। ਸ਼ਾਹ ਮੁਹੰਮਦ ਦੀ ਰਚਨਾ ਕਿੱਸਾ ਸੱਸੀ ਪੁੰਨੂੰ ਤੇ ਬੈਂਤ ਸ਼ਾਹ ਮੁਹੰਮਦ ਛਪੇ ਮਿਲਦੇ ਹਨ। ਸ਼ਾਹ ਮੁਹੰਮਦ ਪੰਜਾਬ ਦਾ ਪਹਿਲਾ ਕੌਮੀ ਸ਼ਾਇਰ ਸੀ। ਕੁੱਝ ਵਿਦਵਾਨਾਂ ਨੇ ਉਸ ਦੀ ਰਚਨਾ ਨੂੰ ਜੰਗਨਾਮਾ ਵੀ ਆਖਿਆ ਹੈ।

ਕਾਦਰਯਾਰ

[ਸੋਧੋ]

ਕਾਦਰਯਾਰ ਦਾ ਜਨਮ 1217 ਹਿਜਰੀ ਮੁਤਾਬਿਕ 1802 ਈ. ਨੂੰ ਪਿੰਡ ਮਾਛੀ ਕੇ ਵਿਖੇ ਹੋਇਆ। ਉਨ੍ਹਾਂ ਦੀ ਮੌਤ 1309 ਹਿਜਰੀ ਮੁਤਾਬਿਕ 1892 ਈ. ਨੂੰ ਹੋਈ। ਉਨ੍ਹਾਂ ਦੀਆਂ ਵਿਚੋਂ ਰੋਜ਼ ਨਾਮਾ ਤੇ ਮਿਅਰਾਜਨਾਮਾ ਤੋਂ ਬਿਨਾਂ ਕਿੱਸੇ ਪੂਰਨ ਭਗਤ, ਰਾਜਾ ਰਸਾਲੂ, ਸੋਹਣੀ ਮਹੀਂਵਾਲ ਅਤੇ ਹਰੀ ਸਿੰਘ ਨਲੂਆ ਸਿੰਘ ਲਿਖੇ।

ਭਾਈ ਵੀਰ ਸਿੰਘ

[ਸੋਧੋ]

ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ. ਨੂੰ ਡਾ. ਚਰਨ ਸਿੰਘ ਦੇ ਅੰਮ੍ਰਿਤਸਰ ਵਿਚ ਹੋਇਆ। 10 ਜੂਨ 1954 ਈ. ਨੂੰ ਅਕਾਲ ਚਲਾਣਾ ਕਰ ਗਏ। ਉਹ ਕਵਿਤਾਵਾਂ ਲਿਖਦੇ ਸਨ। 1894 ਈ. ਵਿਚ ਖ਼ਾਲਸਾ ਟਰੈਕਟ ਸੋਸਾਇਟੀ ਦੀ ਨੀਂਹ ਰੱਖੀ। 1898 ਈ. ਵਿਚ ਖ਼ਾਲਸਾ ਅਖ਼ਬਾਰ ਜਾਰੀ ਕੀਤਾ। 1949 ਈ. ਵਿਚ ਪੰਜਾਬੀ ਯੂਨੀਵਰਸਿਟੀ ਨੇ ਡੀ.ਓ.ਐਲ ਦੀ ਡਿਗਰੀ ਪ੍ਰਦਾਨ ਕੀਤੀ। ਕਵਿਤਾ ਅਤੇ ਵਾਰਤਕ ਵਿਚ ਮਸ਼ਹੂਰ ਸਨ। ਇਨ੍ਹਾਂ ਨੇ ਨਾਟਕ ਅਤੇ ਗੱਦ ਰਚਨਾਵਾਂ ਵੀ ਕੀਤੀਆਂ। ਕਿਤਾਬਾਂ ਅੰਮ੍ਰਿਤ ਲਾਹੌਰ, ਹੋਲ ਹੁਲਾਸ, ਜੀਵਨੀ ਬਾਬਾ ਅਟੱਲ ਅਤੇ ਭਾਈ ਮਨੀ ਸਿੰਘ।

ਅੰਮ੍ਰਿਤਾ ਪ੍ਰੀਤਮ

[ਸੋਧੋ]

ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਈ. ਨੂੰ ਪਿੰਡ ਗੁਜਰਾਂਵਾਲਾ ਵਿਖੇ ਪਿਤਾ ਕਰਤਾਰ ਸਿੰਘ ਦੇ ਘਰ ਹੋਇਆ। 2005 ਈ. ਵਿਚ ਦਿੱਲੀ ਵਿਖੇ ਇਨ੍ਹਾਂ ਦੀ ਮੌਤ ਹੋ ਗਈ। ਚੌਦਾਂ ਸਾਲ ਦੀ ਉਮਰ ਵਿਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ।

  1. ਕਾਵਿ ਸੰਗ੍ਰਹਿ:- ਅੰਮ੍ਰਿਤ ਲਹਿਰਾਂ, ਤ੍ਰੇਲ ਧੋਤੇ ਫੁੱਲ, ਜਿਉਂਦਾ ਜਵਾਨ, ਓ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ਵਿਚ, ਸੰਝ ਦੀ ਲਾਲੀ, ਲੋਕ ਪੀੜ, ਲੰਮੀਆਂ ਵਾਟਾਂ, ਪੱਥਰ ਗੀਟੇ, ਮੈਂ ਤਵਾਰੀਖ਼ ਹਾਂ ਹਿੰਦ ਦੀ, ਸਰਘੀ ਵੇਲਾ, ਸੁਨੇਹੜੇ, ਅਸ਼ੋਕਾ ਚੇਤੀ, ਕਸਤੂਰੀ, ਨਾਗਮਣੀ, ਛੇ ਰੁੱਤਾਂ ਅਤੇ ਕਾਗ਼ਜ਼ ਤੇ ਕੈਨਵਸ। 1948 ਈ. ਵਿਚ ਆਲ ਇੰਡੀਆ ਰੇਡੀਓ ਦਿੱਲੀ ਵਿਚ ਅਨਾਉਂਸਰ ਲੱਗ ਗਈ।

ਇਸ ਤਰ੍ਹਾਂ ਸਵਰਗੀ ਮੌਲਾ ਬਖ਼ਸ਼ ਕੁਸ਼ਤਾ ਸੱਚਮੁੱਚ ਹੀ ਅਨਮੋਲ ਹੀਰਾ ਅਤੇ ਰਤਨ ਸਨ, ਜਿਨ੍ਹਾਂ ਨੇ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਜਿਹਾ ਮਹਾਨ ਹਵਾਲਾ ਗ੍ਰੰਥ ਲਿਖਾ ਹੈ।

ਹਵਾਲੇ

[ਸੋਧੋ]
  1. ਜਲ੍ਹਿਆਂਵਾਲੇ ਬਾਗ਼ ਬਾਰੇ ਅਦਬੀ ਗੱਲਾਂ
  2. Sikh Religion, Culture and Ethnicity By Arvind-Pal S. Mandair, Christopher Shackle, Gurharpal Singh, pages-104
  3. http://www.bio-bibliography.com/authors/view/16161
  4. ਕੁਸ਼ਤਾ, ਮੌਲਾ ਬਖ਼ਸ਼ (1932). "ਪੰਜਾਬ ਦੇ ਹੀਰੇ" (PDF). https://pa.wikisource.org/. ਲਾਲਾ ਧਨੀ ਰਾਮ ਚਾਤ੍ਰਿਕ. Retrieved 26january 2020. {{cite web}}: Check date values in: |access-date= (help); External link in |website= (help)
  5. ਹਰਿਭਜਨ ਸਿੰਘ ਭਾਟੀਆ,ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ