ਮੌਸਮ ਦੀ ਭਵਿੱਖਬਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੌਸਮ ਦੀ ਭਵਿੱਖਬਾਣੀ

ਮੌਸਮ ਦੀ ਭਵਿੱਖਬਾਣੀ ਸਾਡੇ ਮੌਸਮ ਮਾਹਿਰ ਕਰਦੇ ਹਨ। ਹਵਾ ਦੀ ਗਤੀ ਤੇ ਨਮੀ ਕਿੰਨੀ ਰਹੇਗੀ ਆਦਿ ਗੱਲਾਂ ਦਾ ਅਨੁਮਾਨ ਸਾਡੇ ਮੌਸਮ ਵਿਗਿਆਨੀ ਵੱਖ-ਵੱਖ ਤੱਥਾਂ ਦਾ ਅਧਿਐਨ ਕਰਕੇ ਕਈ ਮਹੀਨੇ ਪਹਿਲਾਂ ਹੀ ਲਗਾ ਲੈਂਦੇ ਹਨ। ਦੇਸ਼ ਦੇ ਵੱਖ-ਵੱਖ ਸਥਾਨਾਂ ਦੀਆਂ ਧਰਾਤਲੀ ਹਾਲਤਾਂ ਸਮੇਤ ਉੱਥੋਂ ਦੇ ਤਾਪਮਾਨ, ਹਵਾ ਦੀ ਦਿਸ਼ਾ, ਹਵਾ ਦੇ ਦਬਾਅ, ਬਰਫ਼ਬਾਰੀ ਆਦਿ ਸਮੇਤ ਕੁੱਲ ਅੱਠ ਤੱਥਾਂ ਦਾ ਸੂਖਮਤਾ ਨਾਲ ਅਧਿਐਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲੇ ਮਾਡਲ ਵਿੱਚ 12 ਜਾਂ ਇਸ ਤੋਂ ਵੱਧ ਤੱਥਾਂ ਦਾ ਅਧਿਐਨ ਕਰਨਾ ਹੁੰਦਾ ਸੀ। ਨਵੇਂ ਮਾਡਲ ਅਨੁਸਾਰ ਹਰ ਮਹੀਨੇ ਵਾਯੂਮੰਡਲ ਵਿੱਚ 6 ਤੋਂ 20 ਕਿਲੋਮੀਟਰ ਦੀ ਉੱਚਾਈ ’ਤੇ ਵਗਣ ਵਾਲੀਆਂ ਪੌਣਾਂ ਦੀ ਦਿਸ਼ਾ ਦਾ ਅਧਿਐਨ ਕੀਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਭਾਰਤੀ ਮੌਸਮ ਵਿਗਿਆਨੀਆਂ ਨੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਇੱਕ ਨਵੇਂ ਮਾਡਲ ਦੀ ਸਥਾਪਨਾ ਕੀਤੀ ਹੈ ਜਿਸ ਰਾਹੀਂ ਆਉਣ ਵਾਲੇ 40 ਦਿਨਾਂ ਦੇ ਮੌਸਮ ਦੀ ਭਵਿੱਖਬਾਣੀ ਲਗਪਗ 95 ਫ਼ੀਸਦੀ ਭਰੋਸੇਯੋਗਤਾ ਨਾਲ ਕੀਤੀ ਜਾ ਸਕਦੀ ਹੈ।[1]


ਉੱਤਰੀ ਭਾਰਤ ਦਾ ਘੱਟੋ-ਘੱਟ ਤਾਪਮਾਨ, ਭਾਰਤ ਦੇ ਪੂਰਬੀ ਸਮੁੰਦਰੀ ਤੱਟ ਦਾ ਘੱਟੋ-ਘੱਟ ਤਾਪਮਾਨ, ਮੱਧ ਭਾਰਤ ਦਾ ਘੱਟੋ-ਘੱਟ ਤਾਪਮਾਨ ਵੀ ਰਿਕਾਰਡ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਖੇਤਰਾਂ ਵਿੱਚ ਵਗਣ ਵਾਲੀ ਹਵਾ ਦੀ ਦਿਸ਼ਾ, ਹਵਾ ਦਾ ਦਬਾਅ ਤੇ ਵਾਯੂਮੰਡਲੀ ਨਮੀ ਵਰਗੇ ਕਾਰਕਾਂ, ਬਸੰਤ ਰੁੱਤ ਦੌਰਾਨ ਦੱਖਣੀ ਭਾਰਤ ਦੀਆਂ ਇਨ੍ਹਾਂ ਸਾਰੀਆਂ ਮੌਸਮੀ ਹਾਲਤਾਂ ਦਾ ਅਧਿਐਨ ਅਤੇ ਜਨਵਰੀ ਤੋਂ ਮਈ ਮਹੀਨੇ ਤਕ ਹਿੰਦ ਮਹਾਂਸਾਗਰ ’ਤੇ ਵਾਯੂਮੰਡਲੀ ਦਬਾਅ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਸਾਰੇ ਦੇਸ਼ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਹਰ ਭਾਗ ਦੀਆਂ ਧਰਾਤਲੀ ਤੇ ਮੌਸਮੀ ਹਾਲਤਾਂ ’ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ ਅਤੇ ਸਮੇਂ-ਸਮੇਂ ’ਤੇ ਹੋਣ ਵਾਲੀਆਂ ਤਬਦੀਲੀਆਂ ਦੇ ਅੰਕੜਿਆਂ ਨੂੰ ਦਰਜ ਕੀਤਾ ਜਾਂਦਾ ਹੈ। ਇਹ ਸਾਰੇ ਅੰਕੜੇ ਉਪਗ੍ਰਹਿਆਂ ਅਤੇ ਹੋਰਨਾਂ ਭੂਗੋਲਿਕ ਉਪਰਕਰਨਾਂ ਦੀ ਸਹਾਇਤਾ ਨਾਲ ਪ੍ਰਾਪਤ ਕੀਤੇ ਜਾਂਦੇ ਹਨ।

ਹਵਾਲੇ[ਸੋਧੋ]

  1. Dirmeyer, Paul A.; Schlosser, C. Adam; Brubaker, Kaye L. (February 1, 2009). "Precipitation, Recycling, and Land Memory: An Integrated Analysis". Journal of Hydrometeorology. 10: 278–288. Bibcode:2009JHyMe..10..278D. doi:10.1175/2008JHM1016.1. Retrieved December 30, 2016.