ਮੰਗਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੜਕੀ ਵਾਲਿਆਂ ਦੇ ਪਰਿਵਾਰ ਨੂੰ ਜਦ ਆਪਣੀ ਲੜਕੀ ਲਈ ਕੋਈ ਲੜਕਾ ਪਸੰਦ ਆ ਜਾਂਦਾ ਸੀ ਤਾਂ ਕੋਈ ਦਿਨ ਮਿਥ ਕੇ ਲੜਕੀ ਦਾ ਬਾਪ ਤੇ ਨਾਲ ਲੜਕੀ ਦਾ ਤਾਇਆ/ਚਾਚਾ ਤੇ ਨਾਨਾ/ਮਾਮਾ ਪਸੰਦ ਕੀਤੇ ਲੜਕੇ ਦੇ ਪਿੰਡ ਜਾ ਕੇ ਆਪਣੀ ਲੜਕੀ ਦੀ ਕੁੜਮਾਈ/ਸਗਾਈ ਕਰ ਆਉਂਦੇ ਸਨ/ਹਨ। ਇਸ ਰਸਮ ਨੂੰ ਮੰਗਣੀ ਕਹਿੰਦੇ ਹਨ। ਮੰਗਣੀ ਕਰਨ ਸਮੇਂ ਮੁੰਡੇ ਦੇ ਪਰਿਵਾਰ ਦੇ ਮੈਂਬਰ, ਕੁਝ ਨਜ਼ਦੀਕੀ ਰਿਸ਼ਤੇਦਾਰ, ਸ਼ਰੀਕੇ ਵਾਲੇ ਤੇ ਮੁੰਡੇ ਦਾ ਨਾਨਾ/ਮਾਮਾ ਦੇ ਪਰਿਵਾਰ ਹੀ ਹਾਜਰ ਹੁੰਦੇ ਸਨ। ਸਾਰਿਆਂ ਦੇ ਬੈਠਣ ਲਈ ਪੱਟੀ ਵਿਛਾਈ ਜਾਂਦੀ ਸੀ। ਮੰਗਣੇ ਵਾਲੇ ਮੁੰਡੇ ਲਈ ਗਦੈਲਾ ਵਿਛਾਇਆ ਜਾਂਦਾ ਸੀ। ਮੁੰਡੇ ਨੂੰ ਚੜ੍ਹਦੇ ਪਾਸੇ ਵੱਲ ਮੂੰਹ ਕਰਕੇ ਗਦੈਲੇ ਉੱਪਰ ਬਿਠਾਉਂਦੇ ਸਨ। ਲੜਕੀ ਦਾ ਬਾਪ ਮੁੰਡੇ ਦੇ ਮੂੰਹ ਵਿਚ ਗੁੜ ਦੀ ਰੋਟੀ ਪਾ ਕੇ ਮੂੰਹ ਮਿੱਠਾ ਕਰਵਾਉਂਦਾ ਸੀ। ਨਾਲ ਚਾਂਦੀ ਦਾ ਇਕ ਰੁਪਇਆ ਮੁੰਡੇ ਦੀ ਝੋਲੀ ਵਿਚ ਪਾ ਦਿੰਦਾ ਸੀ। ਬਸ ਐਨੀ ਕੁ ਮੰਗਣੇ ਦੀ ਰਸਮ ਹੁੰਦੀ ਸੀ। ਮੁੰਡੇ ਦੇ ਪਰਿਵਾਰ ਵਾਲਿਆਂ ਦਾ ਕੋਈ ਲਾਗੀ ਹਾਜਰ ਆਏ ਬੰਦਿਆਂ ਨੂੰ ਗੁੜ ਵੰਡ ਦਿੰਦਾ ਸੀ।

ਸਮੇਂ ਦੇ ਗੁਜਰਨ ਨਾਲ ਫੇਰ ਗੁੜ ਦੀ ਥਾਂ ਪਤਾਸਿਆਂ ਨਾਲ ਮੂੰਹ ਮਿੱਠਾ ਕਰਵਾ ਕੇ ਮੰਗਣੇ ਕੀਤੇ ਜਾਣ ਲੱਗੇ। ਇਕ ਰੁਪੈ ਦੀ ਥਾਂ 5/11 ਰੂਪੈ ਦਿੱਤੇ ਜਾਣ ਲੱਗੇ। ਫੇਰ ਲੱਡੂਆਂ ਨਾਲ ਮੰਗਣੇ ਹੋਣ ਲੱਗੇ। ਮੁੰਡੇ ਦੇ ਮੱਥੇ ਉੱਪਰ ਕੇਸਰ ਤੇ ਚੌਲਾਂ ਦਾ ਟਿੱਕਾ ਲਾਇਆ ਜਾਣ ਲੱਗਿਆ। ਲੜਕੀ ਨੂੰ ਵੀ ਮੁੰਡੇ ਵਾਲਿਆਂ ਵੱਲੋਂ ਇਕ ਸੂਟ, ਕੱਚ ਦੀਆਂ ਲਾਲ ਚੂੜੀਆਂ, ਪਰਾਂਦੀ, ਮਹਿੰਦੀ ਆਦਿ ਭੇਜੀ ਜਾਣ ਲੱਗੀ। ਫੇਰ ਪੈ ਵਾਲੇ ਸੋਨੇ ਦੀਆਂ ਮੋਹਰਾਂ ਨਾਲ ਮੰਗਣੇ ਕਰਨ ਲੱਗੇ।

ਹੁਣ ਤਾਂ ਪਹਿਲਾਂ ਮੁੰਡਾ/ਕੁੜੀ ਇਕ ਦੂਜੇ ਨੂੰ ਪਸੰਦ ਕਰਦੇ ਹਨ। ਫੇਰ ਦਾਜ ਦੇਣ/ਲੈਣ ਦਾ ਫੈਸਲਾ ਹੁੰਦਾ ਹੈ। ਉਸ ਤੋਂ ਬਾਅਦ ਮੁੰਡੇ ਵਾਲੇ 15/20 ਬੰਦੇ ਸਮੇਤ ਮੁੰਡਾ (ਹੋਣ ਵਾਲਾ ਜੁਆਈ) ਤੇ 10/15 ਇਸਤਰੀਆਂ ਕੱਠੀਆਂ ਹੋ ਕੇ ਕੁੜੀ ਦੀ ਮੰਗਣੀ ਕਰਨ ਜਾਂਦੀਆਂ ਹਨ ਜਿਸ ਨੂੰ ਅੱਜ ਦੀ ਪੀੜ੍ਹੀ ਚੁੰਨੀ ਚੜਾਉਣ ਦੀ ਰਸਮ ਕਹਿੰਦੀ ਹੈ। ਮੁੰਡੇ ਤੇ ਕੁੜੀ ਨੂੰ ਸੋਫੇ ਤੇ ਜਾਂ ਕੁਰਸੀਆਂ ਤੇ ਕੱਠਿਆਂ ਬਿਠਾ ਕੇ ਇਕ ਦੂਜੇ ਦੇ ਛਾਪ ਪਾਈ ਜਾਂਦੀ ਹੈ। ਕੁੜੀ ਨੂੰ ਸੋਨੇ ਦਾ ਸੈਟ, ਹੋਰ ਗਹਿਣੇ, ਸੂਟ ਆਦਿ ਦਿੱਤੇ ਜਾਂਦੇ ਹਨ।(ਵਿੱਤ ਅਨੁਸਾਰ) ਹਾਜਰ ਆਏ ਮੁੰਡੇ ਅਤੇ ਕੁੜੀ ਵਾਲੇ ਮੁੰਡੇ ਅਤੇ ਕੁੜੀ ਨੂੰ ਰੁਪਇਆਂ ਦੇ ਸ਼ਗਨ ਦਿੰਦੇ ਹਨ। ਇਸ ਨੂੰ ਰਿੰਗ ਸੈਰੇਮਨੀ ਵੀ ਕਹਿੰਦੇ ਹਨ। ਫੇਰ ਵਿਆਹ ਤੋਂ ਇਕ ਦਿਨ ਪਹਿਲਾਂ ਕੁੜੀ ਵਾਲੇ 15/20 ਬੰਦੇ ਜਾ ਕੇ ਮੁੰਡੇ ਦੀ ਮੰਗਣੀ ਕਰਦੇ ਹਨ। ਮੁੰਡੇ ਨੂੰ ਛਾਪ, ਕੜਾ, ਗਲ ਨੂੰ ਗਾਨੀ, ਮੁੰਡੇ ਦੀ ਮਾਂ, ਬਾਪ, ਭੈਣਾਂ, ਭਣੋਈਆਂ ਨੂੰ ਸੋਨੇ ਦੇ ਗਹਿਣੇ, ਸੂਟ, ਮਠਿਆਈ ਦੇ ਡੱਬੇ ਆਦਿ ਦਿੰਦੇ ਹਨ।(ਵਿੱਤ ਅਨੁਸਾਰ) ਹੁਣ ਤਾਂ ਕੁੜੀ/ਮੁੰਡੇ ਦੀ ਮੰਗਣੀ ਤੇ ਗਰੀਬ ਪਰਿਵਾਰ ਦੇ ਵਿਆਹ ਜਿਨ੍ਹਾਂ ਕੱਠ ਹੋ ਜਾਂਦਾ ਹੈ ਤੇ ਵਿਆਹ ਜਿੰਨਾ ਖ਼ਰਚ ਹੋ ਜਾਂਦਾ ਹੈ। ਹੁਣ ਮੰਗਣੀ ਇਕ ਸਾਦਾ ਤੇ ਪਰਿਵਾਰਕ ਰਸਮ ਨਾ ਰਹਿ ਕੇ ਲੋਕ ਵਿਖਾਵੇ ਤੇ ਪੈਸੇ ਦੇ ਵਿਖਾਵੇ ਦੀ ਰਸਮ ਬਣ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.