ਮੱਟ
ਘੜੇ ਦੇ ਮੂੰਹ ਨਾਲੋਂ ਵੱਡੇ ਮੂੰਹ ਵਾਲਾ, ਘੜੇ ਵਿਚ ਪੈਂਦੇ ਪਾਣੀ ਨਾਲੋਂ ਕਈ ਗੁਣਾ ਜ਼ਿਆਦਾ ਪੈਂਦੇ ਪਾਣੀ ਵਾਲਾ, ਘੜੇ ਦੀ ਬਣਤਰ ਨਾਲੋਂ ਜ਼ਿਆਦਾ ਲੰਬੂਤਰੀ ਬਣਤਰ ਵਾਲਾ, ਮਿੱਟੀ ਦੀ ਮੋਟੀ ਤਹਿ ਵਾਲੇ ਬਣੇ ਮਿੱਟੀ ਦੇ ਭਾਂਡੇ ਨੂੰ ਮੱਟ ਕਹਿੰਦੇ ਹਨ। ਮੱਟ ਵਿਚ ਪਾਣੀ ਦੀ ਥਾਂ ਹੋਰ ਤਰਲ ਪਦਾਰਥ ਵੀ ਪਾਏ ਜਾਂਦੇ ਹਨ। ਮੱਟ ਦੀ ਜ਼ਿਆਦਾ ਵਰਤੋਂ ਦੁਕਾਨਾਂ, ਧਰਮ ਸਥਾਨਾਂ ਅਤੇ ਬੜੇ ਇਕੱਠਾਂ ਵਿਚ ਕੀਤੀ ਜਾਂਦੀ ਹੈ। ਜਿਥੇ ਘੜੇ ਨੂੰ ਧਰਤੀ 'ਤੇ ਰੱਖਣ ਲਈ ਆਮ ਤੌਰ 'ਤੇ ਘੜੇ ਦੇ ਹੇਠਾਂ ਕੁਝ ਨਹੀਂ ਰੱਖਿਆ ਜਾਂਦਾ, ਉਥੇ ਮੱਟ ਨੂੰ ਬਗੈਰ ਲੱਤਾਂ ਵਾਲੀ ਘੜਵੰਜੀ/ਚੌਖਟੇ ਤੋਂ ਬਿਨਾਂ ਨਹੀਂ ਰੱਖਿਆ ਜਾ ਸਕਦਾ।ਜਿਥੇ ਘੜੇ ਨੂੰ ਨੂੰ ਟੇਢੇ ਲੋਟ ਕਰ ਕੇ ਪਾਣੀ ਅਤੇ ਹੋਰ ਪਦਾਰਥ ਵੀ ਕੱਢਿਆ ਜਾ ਸਕਦਾ ਹੈ, ਉਥੇ ਮੱਟ ਵਿਚੋਂ ਗੜਵੀ ਜਾਂ ਡੱਬੇ ਨਾਲ ਹੀ ਪਾਣੀ ਅਤੇ ਹੋਰ ਪਦਾਰਥ ਕੱਢੇ ਜਾ ਸਕਦੇ ਹਨ।
ਮੱਟ ਨੂੰ ਘੁਮਿਆਰ ਚੱਕ ਉਪਰ ਬਣਾਉਂਦਾ ਹੈ। ਕਾਲੀ ਚਿਉਕਣੀ ਮਿੱਟੀ ਨਾਲ ਬਣਾਇਆ ਜਾਂਦਾ ਹੈ। ਕਿਉਂ ਜੋ ਮੱਟ ਬਹੁਤ ਬੜਾ ਹੁੰਦਾ ਹੈ, ਇਸ ਲਈ ਮੱਟ ਨੂੰ ਮਜ਼ਬੂਤੀ ਦੇਣ ਲਈ ਘੁਮਿਆਰ ਇਕ ਹੱਥ ਵਿੱਚ ਮਿੱਟੀ ਦੀ ਬਣੀ ਦਰਨੀ ਨੂੰ ਫੜ ਕੇ ਮੱਟ ਦੇ ਅੰਦਰਲੇ ਪਾਸੇ ਲਾਉਂਦਾ ਹੈ ਤੇ ਦੂਜੇ ਹੱਥ ਨਾਲ ਮਿੱਟੀ ਦੀ ਹੀ ਬਣੀ ਛੋਟੀ ਜਿਹੀ ਥਾਪੀ ਨਾਲ ਹੌਲੀ ਹੌਲੀ ਕੁੱਟਦਾ ਹੈ। ਫੇਰ ਮੱਟ ਨੂੰ ਸੁਕਾ ਕੇ ਆਵੀ ਵਿਚ ਪਾ ਕੇ ਪਕਾਆਿ ਜਾਂਦਾ ਹੈ। (ਹੋਰ ਵਿਸਥਾਰ ਲਈ ਚਾਟੀ ਵੇਖੋ)।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.