ਮੱਧ-ਕਾਲੀਨ ਪੰਜਾਬੀ ਵਾਰਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਣ ਪਛਾਣ[ਸੋਧੋ]

“ਵਾਰਤਕ ਸਾਹਿਤ ਦਾ ਅਜਿਹਾ ਰੂਪ ਹੈ ਜਿਸ ਵਿੱਚ ਸਾਹਿੱਤਕਾਰ ਬੌਧਿਕ ਪੱਧਰ ਤੇ ਪਾਠਕ ਨੂੰ ਸੁਹਜ-ਸੁਵਾਦ ਦੇਣ ਦਾ ਯਤਨ ਕਰਦਾ ਹੈ। ਪ੍ਰਗਟਾਅ ਦੇ ਇਸ ਵਸੀਲੇ ਰਾਹੀਂ ਵਾਰਤਕ ਲਿਖਾਰੀ ਆਪਣੀ ਵਿਚਾਰ-ਅਭਿਵਿਅਕਤੀ ਦੀ ਛਾਪ ਪਾਠਕਾਂ ਤੇ ਪਾਉਂਦਾ ਹੈ। ਜਦੋਂ ਕੋਈ ਵਿਚਾਰ ਜਾ ਕਿਸੇ ਸਥਿੱਤੀ ਦਾ ਬਿਆਨ ਬੌਧਿਕ ਪਕਿਆਈ ਨਾਲ ਕਿਸੇ ਸਿਲਸਲੇ ਅਧੀਨ ਪ੍ਰਗਟਾਇਆ ਜਾਏ ਤਾਂ ਅਜਿਹੀ ਵਿਧੀ ਨੂੰ ਵਾਰਤਕ ਆਖਦੇ ਹਨ।”[1] “ਵਾਰਤਕ ਸਾਹਿਤ ਦਾ ਉਹ ਰੂਪ ਹੈ ਜੋ ਕਵਿਤਾ ਤੋ ਬਹੁਤ ਚਿਰ ਪਿੱਛੋ ਸਾਹਿਤ ਦੇ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ। ਜਦੋਂ ਸਾਹਿਤਕਾਰ ਆਪਣੇ ਵਿਚਾਰ ਭਰੇ ਅਨੁਭਵ ਨੂੰ ਕਲਾਤਮਕ ਰੂਪ ਦੇ ਕੇ ਇੱਕ ਐਸੀ ਸ਼ਾਬਦਿਕ ਰਚਨਾ ਸਿਰਜਦਾ ਹੈ ਜੋ ਵਾਕ ਬਣਤਰ ਵਿੱਚ ਨਿਤਾਪ੍ਰਤੀ ਦੀ ਬੋਲਚਾਲ ਵਰਗੀ ਪਰੰਤੂ ਭਾਸ਼ਾ ਦੇ ਪੱਖੋਂ ਵਧੇਰੇ ਨਿੱਖਰੀ, ਸੰਵਰੀ ਹੋਈ ਅਤੇ ਵਿਆਕਰਨ ਦੇ ਨਿਘਮਾਂ ਅਨੁਕੂਲ ਹੁੰਦੀ ਹੈ ਤਾਂ ਉਹ ਵਾਰਤਕ ਦਾ ਰੂਪ ਧਾਰ ਲੈਂਦੀ ਹੈ। ਉਸ ਦਾ ਮੁੱਖ ਪ੍ਰਯੋਜਨ ਵਿਚਾਰ-ਸਾਮਗ੍ਰੀ ਨੂੰ ਤਰਕ ਅਤੇ ਨਿਆਏਸ਼ੀਲ ਢੰਗ ਨਾਲ ਪਾਠਕ ਉੱਤੇ ਇਸ ਪ੍ਰਕਾਰ ਖੋਲ੍ਹਣਾ ਜਾ ਪ੍ਰਗਟ ਕਰਨਾ ਹੁੰਦਾ ਹੈ ਕਿ ਪਾਠਕ ਪੜ੍ਹਦਿਆਂ ਹੋਇਆਂ ਬੁੱਧੀ ਦੀ ਸਹਾਇਤਾ ਨਾਲ ਵਾਰਤਕ ਵਿਚਲੇ ਵਿਚਾਰਾਂ ਨੂੰ ਆਪਣੀ ਸੋਚ ਅਨੁਸਾਰ ਸਮਝਦਾ ਜਾਂਦਾ ਹੈ। ਇਸ ਤਰ੍ਹਾਂ ਵਾਰਤਕ ਵਿਚਲੀ ਵਿਚਾਰ ਲੜੀ ਪਾਠਕ ਦੇ ਦਿਮਾਗ ਨੂੰ ਟੁੰਬਦੀ ਤੁਰੀ ਜਾਂਦੀ ਹੈ।”[2] ਸੰਤ ਸਿੰਘ ਸੇਖੋਂ ਦਾ ਕਥਨ ਹੈ,“ਵਿਗਿਆਨ ਵਾਂਗ ਗੱਦ ਦਾ ਸੰਬੰਧ ਵੀ ਸਮਾਜ ਵਿੱਚ ਮਧ-ਸੇ੍ਰਣੀ ਦੇ ਵਿਕਾਸ ਨਾਲ ਹੈ। ਗੱਦ ਦਾ ਸੰਬੰਧ ਆਧੁਨਿਕ ਵਿਗਿਆਨ ਦੀ ਉਤਪੱਤੀ ਤੇ ਵਿਕਾਸ ਨਾਲ ਹੈ, ਤੇ ਆਧੁਨਿਕ ਮੱਧ-ਸੇ੍ਰਣੀ ਦੇ ਵਿਕਾਸ ਦਾ ਇੱਕ ਫਲ ਹੈ।”[3]

ਵਾਰਤਕ ਸ਼ਬਦ ਦਾ ਅਰਥ[ਸੋਧੋ]

ਵਾਰਤਕ ਸ਼ਬਦਾ ਦਾ ਨਿਕਾਸ ਸੰਸਕ੍ਰਿਤ ਦੇ ‘ਵ੍ਰਿਤਿ` ਧਾਤੂ ਤੋ ਹੌਇਆ ਹੈ। ਇਸ ਦਾ ਅਰਥ ਟੀਕਾ ਹੈ ਭਾਵ ਉਹ ਗ੍ਰੰਥ ਜਿਸ ਦੁਆਰਾ ਸੂਤਰਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਵਾਰਤਕ ਦਾ ਸੰਬੰਧ ਵਾਰਤਾ ਨਾਲ ਵੀ ਹੈ ਜਿਸ ਦਾ ਭਾਵ ਗੱਲਬਾਤ ਜਾਂ ਪ੍ਰਸੰਗ ਹੈ। ਅਰਬੀ, ਫਾਰਸੀ ਅਤੇ ਉਰਦੂ ਵਿੱਚ ਵਾਰਤਕ ਲਈ ‘ਨਸਰ` ਸ਼ਬਦ ਦੀ ਵਰਤੋਂ ਹੁੰਦੀ ਹੈ ਜਿਸ ਦਾ ਅਰਥ ਹੈ ਖਿਲੇਰਨਾ ਜਾਂ ਬਿਖੇਰਨਾ ਜਿਸ ਤੋਂ ਸਪੱਸ਼ਟ ਭਾਵ ਵਿਆਖਿਆਂ ਦਾ ਨਿਕਲਦਾ ਹੈ। ਜਿਸ ਲਈ ਵਾਰਤਕ ਜਾਂ ਨਸਰ ਵਿਚਾਰਾਂ ਦਾ ਖਿਲੇਰਾ ਜਾ ਵਿਆਖਿਆ ਹੈ।

ਪਰਿਭਾਸ਼ਾ[ਸੋਧੋ]

1) ਵੇਟਲੀ ਅਨੁਸਾਰ, “ਵਾਰਤਕ ਅਤੇ ਕਵਿਤਾ ਵਿੱਚ ਫ਼ਰਕ ਧੁਨੀ ਦੀ ਬਣਤਰ ਦਾ ਹੈ। ਇਹ ਵਿਚਾਰ ਕਵਿਤਾ ਅਤੇ ਸੰਗੀਤ ਦੇ ਸਬੰਧ ਕਰ ਕੇ ਬਣਿਆ ਹੈ ਕਿਉਂਕਿ ਸਧਾਰਨ ਬੋਲਾਂ ਅਤੇ ਗੀਤ ਵਿੱਚ ਫ਼ਰਕ ਸਪਸ਼ੱਟ ਹੈ।” 2) ਡਰਾਇਡ ਦੇ ਕਾਥਨ ਅਨੁਸਾਰ, “ਵਾਰਤਕ ਵਿੱਚ ਆਪਣਾ ਹੀ ਵਿਸ਼ੇਸ਼ ਸਮਤਾਲ ਹੁੰਦਾ ਹੈ। ਆਪਣੀ ਪੁਸਤਕ Fables ਦੀ ਪ੍ਰਸਤਾਵਨਾ ਵਿੱਚ ਉਹ ਲਿਖਦਾ ਹੈ: ਵਿਚਾਰ ਇੰਨੀ ਤੇਜ਼ੀ ਨਾਲ ਮੇਰੇ ਅੰਦਰ ਇੱਕਠੇ ਹੁੰਦੇ ਹਨ ਤਾਂ ਮੇਰੀ ਵੱਡੀ ਮੁਸ਼ਕਿਲ ਉਨ੍ਹਾਂ ਵਿਚੋ ਚੁਣਨ ਦੀ ਜਾਂ ਰਦ ਕਰਨ ਦੀ ਹੁੰਦੀ ਹੈ- ਕੀ ਉਨ੍ਹਾਂ ਨੂੰ ਕਵਿਤਾ ਵਿੱਚ ਪਰੋਇਆ ਜਾਏ ਤਾਂ ਉਨ੍ਹਾਂ ਨੂੰ ਵਾਰਤਕ ਦੇ ਵਖਰੇ ਤਾਲ ਵਿੱਚ ਸ਼ਸ਼ੋਭਤ ਕੀਤਾ ਜਾਏ।” 3) ਜੋਨੇਥਨ ਸਵਿਫ਼ਟ ਅਨੁਸਾਰ, “ਵਾਰਤਕ ਵਿੱਚ ਸਰਲਤਾ, ਸਪਸ਼ਟਤਾ ਦੇ ਗੁਣ ਹੋਣੇ ਜ਼ਰੂਰੀ ਹਨ, ਅਤੇ ਸੰਖੇਪਤਾ ਦੇ ਗੁਣ ਹੋਏ ਜ਼ਰੂਰੀ ਹਨ। ਇਹਦੇ ਤਰਕ, ਦਲੀਲ ਅਤੇ ਸੋਚ-ਉਡਾਰੀ ਦੇ ਵੀ ਹੋਰ ਉਪਯੋਗੀ ਗੁਣ ਹੁੰਦੇ ਹਨ। ਦਿਲ ਦੀ ਗਲ ਕਰਨ ਵਾਲੇ ਸ਼ਬਦ ਕਵਿਤਾ ਦਾ ਜਾਮਾ ਪਹਿਰਦੇ ਹਨ ਅਤੇ ਦਿਮਾਗ ਦੀ ਭਾਸ਼ਾ ਵਾਰਤਕ ਰਾਹੀਂ ਪ੍ਰਗਟ ਹੁੰਦੀ ਹੈ।”[4] ਸੋ ਵਾਰਤਕ ਵਿੱਚ ਲੇਖਕ ਕਿਸੇ ਛੰਦ ਦੀ ਵਰਤੋਂ ਨਹੀਂ ਕਰਦਾ, ਨਾ ਹੀ ਇਸ ਨੂੰ ਅਲੰਕਾਰਾਂ ਦੇ ਗਹਿਣਿਆ ਨਾਲ ਸਿੰਗਾਰਦਾ ਹੈ, ਇਸ ਵਿੱਚ ਸਾਹਿੱਤਕਾਰ ਆਪਣੇ ਵਿਚਾਰਾਂ ਨੂੰ ਇਸ ਪ੍ਰਕਾਰ ਲਿਪੀ ਬੱਧ ਕਰਦਾ ਹੈ ਕਿ ਉਹ ਵਿਆਕਰਨ ਦੇ ਨਿਯਮਾਂ ਅਨੁਕੂਲ ਹੁੰਦੀ ਹੈ ਅਤੇ ਉਸ ਵਿੱਚ ਬੁੱਧੀ-ਤੱਤ ਦੀ ਪ੍ਰਧਾਰਨਾ ਹੁੰਦੀ ਹੈ।[5]

ਵਿਸ਼ੇਸ਼ਤਾਵਾਂ[ਸੋਧੋ]

 1. ਜਿਸ ਵਾਰਤਕ ਬਾਰੇ ਅਸੀ ਗਲ ਕਰ ਰਹੇ ਹਾਂ, ਉਹ ਸਾਧਾਰਣ ਵਾਰਤਕ ਨਹੀ। ਉਹ ਸਾਹਿਤਕ ਵਾਰਤਕ ਜਾਂ ਕਲਾਤਮਕ ਵਾਰਤਕ ਹੈ। ਅਜਿਹੀ ਵਾਰਤਕ ਦੀ ਪ੍ਰਸੰਸਾ ਲਈ ਇਸ ਦੇ ਲੱਛਣਾ ਨੂੰ ਜਾਣਨਾ ਜਰੂਰੀ ਹੈ। ਡਾ. ਮੋਹਨ ਸਿੰਘ ਦਾ ਵਿਚਾਰ ਹੈ: ਵਾਰਤਕ ਦੇ ਸ਼ਬਦਾਂ ਵਿੱਚ ਇੰਨੀ ਲੈਅ, ਸੁਰਤਾਲ ਹੋਣੀ ਚਾਹੀਦੀ ਹੈ ਕਿ ਉਹ ਗਾਉਂਦੀ ਜਾਪੇ ਤੇ ਸਰੋਤਾ ਉਹਨੂੰ ਕੰਨਾਂ ਨਾਲ ਵੇਖਦਾ ਜਾਪੋ। ਉਹ ਸੰਗੀਤਮਈ ਹੋਵੇ। ਇਸੇ ਲਈ ਉੰਤਮ ਗੱਦ ਵਿੱਚ ਉੱਤਮ ਕਾਵਿ ਰਚਨਾ ਨਾਲੋਂ ਵੱਧ ਮਿਹਨਤ ਤੇ ਸੋਚ ਲਗਦੀ ਹੈ।[6]
 2. ਵਾਰਤਕ ਦੀ ਰੂਪ ਬੌਧਿਕ ਬਿਆਨਕਾਰੀ ਹੈ ਅਰਥਾਤ ਵਾਰਤਕ ਵਿਚੋਂ ਜੇ ਬੌਧਿਕ ਅੰਸ਼ ਕੱਢ ਲਵੋ ਤਾਂ ਬਾਕੀ ਜਿੰਦਹੀਨ ਸਰੀਰ ਹੀ ਰਹਿ ਜਾਂਦਾ ਹੈ। ਬੁੱਧੀ ਦਾ ਤੀਖਣ ਅਹਿਸਸ ਹੀ ਵਾਰਤਕ ਨੂੰ ਸਾਹਿਤ ਦੇ ਹੇਰਨਾ ਰੂਪਾ ਨਾਲੋਂ ਨਿਖੇਖੜਾ ਹੈ। ਇਸ ਤੋਂ ਇਹ ਨਹੀਂ ਸਮਝ ਲੈਣੇ ਚਾਹੀਦਾ ਹੈ ਕਿ ਵਾਰਤਕ ਵਿੱਚ ਕੇਵਲ ਖ਼ਸ਼ਕ ਤੇ ਉਕਾਊ ਵਿਸ਼ਿਆ ਦਾ ਹੀ ਬਿਆਨ ਹੁੰਦਾ ਹੈ। ਆਪਣੇ ਆਪ ਵਿੱਚ ਕੌਈ ਵਿਸ਼ੇ ਖ਼ਸ਼ਕ ਜਾ ਭਾਵਕ ਨਹੀਂ ਹੁੰਦਾ। ਇਹ ਤਾਂ ਪੇਸ਼ਕਾਰੀ ਦਾ ਢੰਗ ਹੁੰਦਾ ਹੈ ਜਾਂ ਸਾਹਿਤਕਾਰ ਦੀ ਦ੍ਰਿਸ਼ਟੀ ਜਾਂ ਉਸ ਦਾ ਦ੍ਰਿਸ਼ਟੀਕੋਣ ਹੁੰਦਾ ਹੈ ਜਿਹੜਾ ਕਿਸੇ ਵਿਸ਼ੇ ਨੂੰ ਬੌਧਿਕ ਜਾ ਭਾਵੂਕ ਬਣਾਉਂਦਾ ਹੈ।
 3. ਸਾਹਿੱਤ ਦਾ ਪ੍ਰਮੁੱਖ ਪ੍ਰਯੋਜਨ ਪਾਠਕ ਨੂੰ ਪ੍ਰੇਰਨਾ ਦੇਣਾ ਹੁੰਦਾ ਹੈ ਤੇ ਪ੍ਰਰੇਨਾ ਦਾ ਮੂਲ ਆਧਾਰ ਭਾਵ ਹੁੰਦੇ ਹਨ। ਇਹ ਠੀਕ ਹੈ ਕਿ ਕਈ ਵਾਰ ਭਾਵ ਇਸ ਤਰ੍ਹਾਂ ਮਾਜੇ ਤੇ ਲਿਸ਼ਕਾਰੇ ਜਾਂਦੇ ਹਨ ਕਿ ਉਹ ਮਾਨਵ ਚੇਤਨਤਾ ਦਾ ਅੰਗ ਬਣ ਜਾਂਦੇ ਹਨ। ਪਰ ਬੁੱਧੀ ਪ੍ਰਧਾਨ ਸੰਕਲਪ ਤੇ ਸਾਹਿਤ, ਭਾਵੁਕਤਾ ਦੀ ਮੰਜ਼ਲ ਲੰਘ ਕੇ ਆਉਂਦੀ ਹੈ। ਇਨਸਾਨੀ ਬੁਨਿਆਦੀ ਤੌਰ ਤੇ ਭਾਵੁਕ ਹੈ। ਬਾਹਰਲਾ ਅਧਿਐਨ ਹੀ ਉਸ ਨੂੰ ਬੌਧਿਕ ਵਾਯੂਮੰਡਲ ਪ੍ਰਦਾਨ ਕਰਦਾ ਹੈ। ਅੰਦਰਲਾ ਗਿਆਨ ਤਾਂ ਦੁਨਿਆਵੀ ਜੀਵਾਂ ਦੇ ਹਿੱਸੇ ਘਟ ਹੀ ਆਉਂਦਾ ਹੈ। ਇਸ ਲਈ ਪਾਠਕ ਨੂੰ ਪ੍ਰੇਰਿਤ ਕਰਨ ਲਈ ਭਾਵੂਕਤਾ ਵਾਰਤਕ ਦਾ ਇੱਕ ਲੱਛਣ ਕਰ ਕੇ ਜਾਣਿਆ ਜਾਦਾ ਹੈ।[7]
 4. ਕੋਈ ਨਾ ਕੋਈ ਨਵਾਂ, ਡੂੰਘਾ ਅਤੇ ਸਮਾਜ ਦੇ ਲਾਭ ਦਾ ਵਿਚਾਰ ਵਾਰਤਕ ਦਾ ਵਿਸ਼ੇ ਹੋਣਾ ਚਾਹੀਦਾ ਹੈ। ਧਰਮ, ਰਾਜਨੀਤੀ, ਅਰਥ, ਸਭਿਅਤਾ ਦਰਸ਼ਨ, ਵਿਗਿਆਨ ਆਦਿ ਸਭ ਸਮਾਜ ਦੇ ਹੀ ਅੰਗ ਹਨ, ਸੋ ਵਾਰਤਕ ਦਾ ਵਸਤੂ ਭਾਵੇਂ ਸਮਾਜ ਦੇ ਕਿਸੇ ਅੰਗ ਨਾਲ ਸੰਬੰਧਿਤ ਹੋਵੇ ਪਰੰਤੂ ਇਸ ਵਿੱਚ ਪ੍ਰਗਟਾਏ ਵਿਚਾਰ ਐਸੇ ਹੋਣੇ ਚਾਹੀਦੇ ਹਨ ਜੋ ਸਮਾਜ ਦਾ ਕਲਿਆਣ ਕਰਨ, ਮਹੱਤਵਪੂਰਨ ਹੋਣ ਅਤੇ ਸਮਾਜ ਨੂੰ ਉੱਨਤ ਕਰਨ ਵਿੱਚ ਸਹਾਈ ਹੋਣਾ। ਇਸ ਮੰਤਵ ਵਿੱਚ ਸਫਲਤਾ ਤਾਂ ਹੀ ਸੰਭਵ ਹੈ ਜੇਕਰ ਲੇਖਕ ਇੱਕ ਸੁਲਝਿਆ ਹੋਇਆ ਬੁੱਧੀਮਾਨ ਅਤੇ ਉੱਤਮ ਵਿਚਾਰਾ ਵਾਲਾ ਹੋਵੇ ਅਤੇ ਉਸ ਦੇ ਗਿਆਨ ਦਾ ਘੇਰਾ ਬੜਾ ਵਿਸ਼ਾਲ ਹੋਵੇ।
 5. ਵਾਰਤਕ ਰਚਦਿਆ ਲੇਖਕ ਕਿਤੇ ਕਹਾਣੀ ਵਰਣਨ ਕਰੇ, ਕਿਤੇ ਨਾਟਕੀ ਵਾਰਤਾਲਾਪ ਦੀ ਵਰਤੋਂ ਕਰੇ, ਕਿਤੇ ਵਿਆਖਿਆ ਕਰੇ, ਆਪਣੇ ਮੱਤ ਨੂੰ ਸਹੀ ਸਾਬਤ ਕਰਨ ਲਈ ਕਵੀਆਂ ਤੇ ਵਿਦਵਾਨਾਂ ਦੇ ਕਥਨ ਉਦਾਹਰਨ ਵਜੋਂ ਦੇਵੇ ਅਤੇ ਕਿਤੇ ਦਲੀਲ ਜਾਂ ਜੁਗਤਿ ਦੀ ਵਰਤੋਂ ਕਰੇ ਜਾਂ ਹਵਾਲੇ ਦੇਵੇ। ਵਾਰਤਕ ਵਿੱਚ ਇਨ੍ਹਾਂ ਸਾਰਿਆਂ ਢੰਗਾ ਦਾ ਥੋੜਾ ਬਹੁਤ ਰੰਗ ਮਿਲਿਆ ਹੋਣਾ ਚਾਹੀਦਾ ਹੈ।
 6. ਇੱਕਸਾਰ ਤੇ ਚੁਕਵੇਂ ਸ਼ਬਦਾਂ ਦੇ ਮੇਲ ਨਾਲ ਵਾਕ ਬਣਦੇ ਹਨ। ਇਨ੍ਹਾਂ ਵਾਕਾਂ ਦਾ ਮੁੱਢਲਾ ਕੰਮ ਵਿਸ਼ੇ ਦਾ ਸਹੀ ਪ੍ਰਗਟਾਉ ਹੈ। ਇਨ੍ਹਾਂ ਦੀ ਸੁੰਦਰ ਤਰਤੀਬ ਜਿਵੇਂ ਕਿਧਰੇ ਵਾਕ ਦਾ ਲੰਮਾ ਹੋਣਾ ਕਿਧਰੇ ਛੋਟਾ, ਸਿੱਧਾ-ਟੇਡਾ, ਲਹਾ-ਚੜ੍ਹਾਂ ਵਾਲਾ ਵਾਕ ਹੋਣਾ, ਕਿਧਰੇ ਧਾਰਣ ਵਾਕ ਹੋਣਾ ਆਦਿ ਢੰਗ, ਵਾਰਤਕ ਨੂੰ ਉੱਤਮ ਬਣਾਉਂਦੇ ਹਨ। ਵਾਰ ਸੰਭਾਲਣ ਯੋਗ ਹੋਣੇ ਚਾਹੀਦੇ ਹਨ। ਹਰ ਵਾਰ ਕਿਸੇ ਬਿਆਨ, ਨਿਆਏ-ਗੋਂਦ, ਕਿਸੇ ਵਲਵਲੇ ਦੀ ਬਣਤਰ ਦਾ ਅੰਗ ਹੋਣਾ ਚਾਹੀਦਾ ਹੈ ਜੋ ਸਮੂਹ ਭਾਵ-ਰੂਪੀ ਸੰਗਲੀ ਦੀ ਇੱਕ ਕੜੀ ਵਾਂਗ ਹੋਵੇ। ਇੱਕ ਭਾਵ ਨੂੰ ਪ੍ਰਗਟਾਉਣ ਵਾਲੇ ਵਾਕ ਇੱਕ ਪੈਰੇ ਵਿੱਚ ਹੋਣ ਅਤੇ ਅਗੋਂ ਪੈਰਿਆਂ ਦੀ ਤਰਤੀਬ ਵਿਸ਼ੇ ਦੀ ਚਾਲ ਨਾਲ ਢੁਕਵੀ ਹੋਵੇ।[8]
 7. ਕਿਸੇ ਲੇਖ ਵਿੱਚ ਗੁੰਦਵਾਂ ਜਾ ਬਝਵਾਂ ਰਸ ਨਹੀਂ, ਤਾ ਉਹਦੇ ਵਿੱਚ ਵਿਚਾਰਾਂ ਦੀ ਇਕਾਈ ਦੀ ਘਾਟ ਹੈ। ਲਿਖਤ ਦੇ ਆਦਿ ਤੋ ਲੈ ਕੇ ਅੰਤ ਤਕ ਜਿਹੜਾ ਵੱਡਾ ਪ੍ਰਭਾਵ ਕੰਮ ਕਰਦਾ ਹੈ ਉਸਨੂੰ ਇਕਾਈ ਕਹਿੰਦੇ ਹਨ। ਜਿਥੇ ਲੇਖਕ ਇਕਾਈ ਨਿਬਾਹੁਣ ਵਿੱਚ ਰਸ ਲੈਂਦਾ ਹੈ, ਉਥੇ ਪਾਠਕ ਉਸ ਇਕਾਗੀ ਨੂੰ ਮਾਣਨ ਵਿੱਚ ਬਝਵੀਂ ਇਕਾਈ ਕਈ ਵਾਰੀ ਪਾਠਕ ਨੂੰ ਅਜਿਹੀ ਖਿੱਚ ਪਾਉਂਦੀ ਹੈ ਕਿ ਉਹ ਲਿਖਤ ਨੂੰ ਖ਼ਤਮ ਕੀਤੇ ਬਗੈਰ ਉਠ ਨਹੀਂ ਸਕਦਾ, ਮਾਨੋ ਰਚਨਾ ਦੀ ਇਕਾਈ ਉਸਨੂੰ ਕੈਦ ਕਰ ਲੈਂਦੀ ਹੈ।
 8. ਪੁਸਤਕ ਨੂੰ ਹੱਥੋ ਛੱਡਣ ਤੇ ਉਹਦਾ ਜੀਅ ਨਹੀਂ ਕਰਦਾ, ਲਿਖਾਰੀ ਨੂੰ ਚਾਹੀਦਾ ਹੈ ਕਿ ਆਪਣੇ ਸਮੇ ਦੇ ਪਾਠਕ ਦੀ ਦਸ਼ਾਂ ਅਨੁਸਾਰ ਆਪਣੀ ਰਚਨਾ ਦੀ ਇਕਾਈ ਨੂੰ ਢਾਲੇ। ਕੋਈ ਗਏ ਕਾਇਮ ਕਰਨ ਤੋ ਪਹਿਲਾ ਪਾਠਕ ਨੂੰ ਚਾਹੀਦਾ ਹੈ ਕਿ ਉਹ ਲਿਖਤ ਦੀ ਆਤਮਾ ਦੇ ਅੰਦਰ ਜਾ ਕੇ ਉਹਦੇ ਨਾਲ ਇੱਕ ਕਿਮ ਹੋ ਜਾਏ ਅਤੇ ਜੁੱਸੇ ਨੂੰ ਚੰਗੀ ਤਰ੍ਹਾਂ ਜਾਂਚੇ ਤੇ ਸਮਝੇ।
 9. ਭਾਵ ਅਤੇ ਵਿਚਾਰ ਨੂੰ ਸੁਹਜ ਦੇਣ ਲਈ ਅਲੰਕਾਰਾ ਦੀ ਵਰਤੋਂ ਕੀਤੀ ਜਾਂਦੀ ਹੈ। ਸਾਬਦਿਕ ਸ਼ਹਜ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਲੰਕਾਰ ਹਨ ਅਤੇ ਅਰਥ ਪੇਦ ਨੂੰ ਉਘਾੜਨ ਵਾਲੇ ਅਰਥਾਲੰਕਾਰ। ਅਲੰਕਾਰ ਸੁਹਜ ਸੁੰਦਰਤਾ ਲਈ ਇੱਕ ਭਾਰ ਜਿਹਾ ਹੋ ਜਾਂਦਾ ਹੈ। ਗਿਹਣੇ ਚੰਗੇ ਹੁੰਦੇ ਹਨ, ਪਰ ਕਿਸੇ ਸਜਣੀ ਨੂੰ ਗਹਿਣਿਆਂ ਨਾਲ ਲਦ ਦੇਣਾ ਵੀ ਸੁੰਦਰਤਾ ਲਈ ਹਾਨੀਕਾਰਕ ਹੁੰਦਾ ਹੈ। ਚੰਗੀ ਵਾਰਤਕ ਵਾਧੂ ਅਲੰਕਾਰ ਤੋਂ ਸੰਕੋਚ ਕਰਦੀ ਹੈ।[9]
 10. ਉਹ ਵਾਰਤਕ ਅਸਤਾਮਈ ਬ੍ਰਿਤੀ ਨਾਲ ਪੂਰਨ ਨਿਸ਼ਟਾ ਅਧੀਨ ਰਚੀ ਗਈ ਵਾਰਤਕ ਹੈ। ਲੇਖਕ ਦੀ ਰਚਨਾ ਨਾਲ ਅਥਵਾ ਉਸ ਵਿੱਚ ਪ੍ਰਗਟਾਏ ਗਏ ਵਸਤੂ ਨਾਲ ਇੱਕ ਭਾਵਕ ਸਾਂਝ ਹੈ। ਇੱਕ ਦ੍ਰਿਸ਼ਟੀ ਤੇ ਵੇਖਿਆ ਇਹ ਰਚਨਾਵਾਂ ਲੇਖਕਾ ਦੇ ਆਪਣੇ ਜੀਵਨ ਦਾ ਹੀ ਪ੍ਰਗਟਾ ਬਣਦੀਆਂ ਹਨ। ਉਹ ਇਹ ਰਚਨਾ ਕਰ ਕੇ ਇੱਕ ਧਾਰਮਿਕ ਤ੍ਰਿਪਤੀ ਪ੍ਰਾਪਤ ਕਰਦੇ ਹਨ। ਤੇ ਰਚਨਾ-ਕਿਰਿਆ ਸਮੇਂ ਇੱਕ ਉਦਾਤ ਮਾਨਸਿਕ ਅਵਸਥਾ ਦੇ ਧਾਰਨੀ ਬਣ ਜਾਂਦੇ ਹਨ। ਇਸ ਲਈ ਇਸ ਵਾਰਤਕ ਵਿੱਚ ਸਮੁੱਚੇ ਤੌਰ ਤੇ ਤਰਕ ਨਾਲੋਂ ਭਾਵਾਂ ਦਾ ਉਲੇਖ ਵਧੇਰੇ ਮਹੱਤਵ ਗ੍ਰਹਿਣ ਕਰ ਜਾਂਦਾ ਹੈ। ਵਿਚਾਰ ਦੀ ਉਸਾਰੀ ਦੀ ਥਾਂ ਵਿਚਾਰ ਦੇ ਪ੍ਰਗਟਾ ਵੱਲ ਰੁਚੀ ਵਧੇਰੀ ਹੈ। ਸਮਝਣ ਦੀ ਥਾਂ ਸੁਣਾਨ ਦਾ ਉਦੇਸ਼ ਪ੍ਰਮੁੱਖ ਹੈ। ਸ਼ਰਧਾਮਈ ਰੂਪ ਵਿੱਚ ਆਤਮ-ਧਰਕ ਬਿਰਤੀ ਨਾਲ ਲਿਖੀ ਹੋਈ ਹੋਣ ਕਰ ਕੇ ਹੀ ਹੈ ਕਿ ਅੱਜ ਇਸ ਵਿਚਲੀ ਅਧੀਨ ਪਾਠਕਾਂ ਦੇ ਕੇਵਲ ਇੱਕ ਵਰਗ ਨੂੰ ਹੀ ਹੈ।
 11. ਭਾਵਨਾਵਾਂ ਨੂੰ ਭਾਵਨਾਵਾਂ ਦੀ ਪੱਧਰ ਤੇ ਬਿਆਨ ਕਰਨ ਦੀ ਰੁਚੀ ਅਥਵਾ ਇਸ ਦੇ ਪੂਰਵ-ਰਚਿਤ ਕਾਵਿ ਉੱਤੇ ਆਸ਼ਰਿਤ ਹੋਣ ਕਰ ਕੇ ਇਸ ਵਿੱਚ ਕਾਵਿਕ ਅੰਸ਼ ਵਧੇਰੇ ਹਨ। ਲੇਖਕਾਂ ਦਾ ਉਦੇਸ਼ ਵਿਚਾਰਾਂ ਦਾ ਭਾਵਕ ਪੱਧਰ ਉੱਤੇ ਸੰਚਾਰ ਕਰਨ ਦਾ ਹੀ ਹੈ। ਬੋਧਿਕ ਪੱਧਰ ਉੱਤੇ ਸੰਚਾਰ ਕਰਨ ਦਾ ਨਹੀਂ। ਅਸਲ ਵਿੱਚ ਇਸ ਵਾਰਤਕ ਦੀ ਵਸਤੂ ਹੀ ਬੋਧਿਕ ਨਾਲੋਂ ਭਾਵਕ ਪੱਧਰ ਦਾ ਵਧੇਰੇ ਹੈ। ਇਸ ਲਈ ਕਾਵਿ-ਤਤ ਇਸ ਵਿੱਚ ਸਹਿਜ ਰੂਪ ਵਿੱਚ ਹੀ ਵਿਦਮਾਨ ਹੋ ਜਾਂਦੇ ਹਨ ਵਿਚਾਰ-ਉਸਰੀ ਦੀ ਥਾਂ ਵਿਚਾਰ ਦੇ ਚਿੱਤਰਾਤਮਕ ਪ੍ਰਗਟਾ ਉੱਤੇ ਵਧੇਰੇ ਬਲ ਹੈ।[10]
 12. ਵਾਰਤਕ ਜਿਵੇਂ ਕਿ ਸਾਨੂੰ ਸ਼ੈਲੀਕਾਰ ਦੀ ਰਚਨਾ ਵਿੱਚ ਮਿਲਦੀ ਹੈ, ਆਮ ਬੋਲ ਚਾਲ ਨਾਲੋਂ ਬਹੁਤ ਭਿੰਨ ਹੁੰਦੀ ਹੈ। ਉਹਦੇ ਵਿਚੋਂ ਵਰਤੇ ਸ਼ਬਦਾ ਦਾ ਮਹੱਤਵ ਸਪੱਸ਼ਟ ਤੌਰ ਤੇ ਪ੍ਰਗਟ ਹੁੰਦਾ ਹੈ। ਉਹਦੇ ਵਿਚਲਾ ਸ਼ਬਦਾ ਦਾ ਢਾਂਚਾ ਵਾਰਤਾਕਾਰ ਦੀ ਕਲਾਤਮਕ ਜੁਗਤ ਨੂੰ ਦਰਸਾਉਂਦਾ ਹੈ। ਉਹਦੇ ਵਿੱਚ ਆਪਣਾ ਇੱਕ ਨਿਵੇਕਲਾ ਤਾਲ ਹੁੰਦਾ ਹੈ। ਜੋ ਪਾਠਕ ਨੂੰ ਗਿਆਨ ਦੇ ਨਾਲ-ਨਾਲ ਇੱਕ ਅਕਹਿ ਖੁਸ਼ੀ ਦਿੰਦਾ ਹੈ। ਉਹਦੇ ਵਿੱਚ ਵਾਕਾਂ ਨੂੰ ਇੱਕ ਸੁਚੱਜੇ ਢੰਗ ਨਾਲ ਤਰਤੀਬ ਦਿੱਤੀ ਹੁੰਦੀ ਹੈ ਅਤੇ ਵਿਆਕਰਨਿਕ ਸ਼ੁੱਧਤਾ ਦਾ ਪੂਰਾ ਖਿਆਲ ਹੁੰਦਾ ਸੀ।[11]

ਹਵਾਲੇ[ਸੋਧੋ]

 1. ਪ੍ਰੋ. ਮਨਮੋਹਨ ਕੇਸਰ, ਵਾਰਤਕ ਤੇ ਵਾਰਤਕਕਾਰ, ਪ੍ਰਕਾਸ਼ਿਤ ਪੈਪਸੂ ਬੁਕ ਡਿਪੂ, ਪਟਿਆਲਾ, ਪੰਨਾ 9
 2. ਉਜਾਗਰ ਸਿੰਘ, ਪੰਜਾਬੀ ਵਾਰਤਕ ਵੰਨਗੀਆਂ, ਪ੍ਰਕਾਸ਼ਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 1
 3. ਕਰਨਜੀਤ ਸਿੰਘ, ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ, ਪ੍ਰਕਾਸ਼ਿਤ ਪੰਜਾਬੀ ਅਕਾਦਮੀ ਦਿੱਲੀ, ਪੰਨਾ 11
 4. ਡਾ. ਸੁਰਿੰਦਰ ਸਿੰਘ ਕੋਹਲੀ, ਪੁਰਾਤਨ ਪੰਜਾਬੀ ਵਾਰਤਕ ਸਰੂਪ ਸਿਧਾਂਤ ਤੇ ਵਿਕਾਸ, ਪ੍ਰਕਾਸ਼ਿਤ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 2
 5. ਸੰਪਾਦਕ ਉਜਾਗਰ ਸਿੰਘ, ਪੰਜਾਬੀ ਵਾਰਤਕ ਵੰਨਗੀਆਂ, ਪ੍ਰਕਾਸ਼ਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 2
 6. ਡਾ. ਸੁਰਿੰਦਰ ਸਿੰਘ ਕੋਹਲੀ, ਪੁਰਾਤਨ ਪੰਜਾਬੀ ਵਾਰਤਕ ਸਰੂਪ ਸਿਧਾਂਤ ਤੇ ਵਿਕਾਸ, ਪ੍ਰਕਾਸ਼ਿਤ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 16
 7. ਪ੍ਰੋ. ਮਨਮੋਹਨ ਕੇਸਰ, ਵਾਰਤਕ ਤੇ ਵਾਰਤਕਕਾਰ, ਪ੍ਰਕਾਸ਼ਿਤ ਪੈਪਸੂ ਬੁਕ ਡਿਪੂ, ਪਟਿਆਲਾ, ਪੰਨਾ 14
 8. ਉਜਾਗਰ ਸਿੰਘ, ਪੰਜਾਬੀ ਵਾਰਤਕ ਵੰਨਗੀਆਂ, ਪ੍ਰਕਾਸ਼ਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 6
 9. ਡਾ. ਸੁਰਿੰਦਰ ਸਿੰਘ ਕੋਹਲੀ, ਪੁਰਾਤਨ ਪੰਜਾਬੀ ਵਾਰਤਕ ਸਰੂਪ ਸਿਧਾਂਤ ਤੇ ਵਿਕਾਸ, ਪ੍ਰਕਾਸ਼ਿਤ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 19
 10. ਡਾ. ਗੁਰਚਰਨ ਸਿੰਘ, ਮੱਧ-ਕਾਲੀਨ ਪੰਜਾਬੀ ਵਾਰਤਕ, ਪ੍ਰਕਾਸ਼ਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਬਲੀਕੇਸ਼ਨ ਬਿਊਰੋ, ਪੰਨਾ XXV
 11. ਡਾ. ਸੁਰਿੰਦਰ ਸਿੰਘ ਕੋਹਲੀ, ਪੁਰਾਤਨ ਪੰਜਾਬੀ ਵਾਰਤਕ ਸਰੂਪ ਸਿਧਾਂਤ ਤੇ ਵਿਕਾਸ, ਪ੍ਰਕਾਸ਼ਿਤ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 4