ਸਮੱਗਰੀ 'ਤੇ ਜਾਓ

ਰੈਫਰਡ ਜਰਨਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੈਫਰਡ ਜਰਨਲ ਅਤੇ ਪੀਅਰ ਰਿਵਿਊ ਜਰਨਲ ਨੇੜੇ-ਨੇੜੇ ਦੇ ਸ਼ਬਦ ਹਨ। ਆਮ ਮੈਗਜ਼ੀਨਾਂ ਅਤੇ ਜਰਨਲਾਂ ਵਿਚ ਛਪਣ ਵਾਲੇ ਨਿਬੰਧਾਂ ਨੂੰ ਛਾਪਣ ਦਾ ਫੈਸਲਾ ਸੰਪਾਦਕ ਕਰਦਾ ਹੈ। ਆਮ ਸੂਚਨਾ, ਮਨੋਰੰਜਨ ਵਾਲੇ ਜਰਨਲਾਂ ਜਾਂ ਮੈਗਜੀਨਾਂ ਲਈ ਇਹ ਵਿਧੀ ਠੀਕ ਹੈ। ਉਥੇ ਪਾਠਕ ਦੀ ਪਸੰਦ ਦਾ ਧਿਆਨ ਰੱਖਿਆ ਜਾਂਦਾ ਹੈ ਪ੍ਰੰਤੂ ਗਿਆਨ ਦੀ ਵਿਸ਼ੇਸ਼ਗਤਾ ਦੇ ਖੇਤਰ ਵਿਚ ਪਾਠਕ ਦੀ ਰੁਚੀ ਦੀ ਥਾਂਵੇ ਗਿਆਨ ਵਿਚ ਮੌਲਿਕ ਵਾਧਾ ਪ੍ਰਮੁੱਖ ਗੱਲ ਹੁੰਦੀ ਹੈ। ਇਸ ਸੰਬੰਧੀ ਪਾਠਕ ਤਾਂ ਅਣਜਾਣ ਹੁੰਦਾ ਹੀ ਹੈ, ਕਈ ਵਾਰ ਸੰਪਾਦਕ ਵੀ ਅਣਜਾਣ ਹੀ ਹੁੰਦਾ ਹੈ। ਵਿਸ਼ੇਸ਼ਗਤਾ ਵਾਲੇ ਗਿਆਨ ਭਰਪੂਰ ਖੋਜ ਨਿਬੰਧਾਂ ਜਾਂ ਲੇਖਾਂ ਦੇ ਛਪਣਯੋਗ ਹੋਣ ਜਾਂ ਨਾ ਛਪਣਯੋਗ ਹੋਣ ਬਾਰੇ ਨਿਰਨਾ ਵੀ ਕੋਈ ਸੰਬੰਧਿਤ ਖੇਤਰ ਦਾ ਮਾਹਿਰ ਵਿਸ਼ੇਸ਼ਗ ਹੀ ਕਰ ਸਕਦਾ ਹੈ। ਇਸ ਲਈ ਪਹਿਲਾ-ਪਹਿਲ ਮੈਗਜੀਨਾਂ ਜਰਨਲਾਂ ਜਾਂ ਵੱਡੇ ਪ੍ਰਕਾਸ਼ਕ ਘਰਾਂ ਨੇ ਆਪਣੇ ਵਿਸ਼ੇ-ਵਾਰ ਵਿਸ਼ੇਸ਼ਗ ਸੰਪਾਦਕ ਨਿਯੁਕਤ ਕੀਤੇ ਸਨ। ਹਰ ਵਿਸ਼ੇ ਦੇ ਵਿਸ਼ੇਸ਼ਗ ਦਾ ਸੰਪਾਦਕ ਨਿਯੁਕਤ ਕਰਨਾ ਸੰਭਵ ਨਹੀਂ ਸੀ। ਇਸ ਲਈ ਸੰਪਾਦਕੀ ਬੋਰਡ ਜਾਂ ਸਲਾਹਕਾਰਾਂ ਦੀ ਥਾਂਵੇ ਸੰਬੰਧਿਤ ਵਿਸ਼ੇ ਦੇ ਸਰਬ ਪ੍ਰਵਾਨਤ ਵਿਸ਼ੇਸ਼ਗਾਂ ਤੋਂ ਰਾਇ ਲੈਣ ਦੀ ਪ੍ਰਥਾ ਸ਼ੁਰੂ ਹੋਈ।