ਰੌਸ਼ਨ ਕਲਾ ਕੇਂਦਰ, ਗੱਜਰ
ਰੌਸ਼ਨ ਕਲਾ ਕੇਂਦਰ, ਗੱਜਰ ਪੰਜਾਬੀ ਕਵੀ ਗੁਰਦਿਆਲ ਰੌਸ਼ਨ ਦੇ ਨਾਮ ਉੱਪਰ ਉਹਨਾਂ ਦੇ ਸ਼ਾਗਿਰਦਾਂ ਵੱਲੋਂ ਸਥਾਪਿਤ ਕੀਤੀ ਗਈ ਸਾਹਿਤਕ ਸੰਸਥਾ ਹੈ। ਇਹ ਕੇਂਦਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਜੇਜੋਂ ਤੋਂ ਅੱਗੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸੇ ਪਿੰਡ ਗੱਜਰ ਦੇ ਬਾਹਰਵਾਰ ਇੱਕ ਛੋਟੀ ਜਿਹੀ ਪਹਾੜੀ ਉੱਪਰ ਸਥਿਤ ਹੈ। ਪਹਾੜੀਆਂ ਵਿਚ ਘਿਰਿਆ ਇਹ ਸਥਾਨ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਏਥੇ ਸਾਰਾ ਸਾਲ ਸਾਹਿਤਕ ਮੇਲੇ ਲਗਦੇ ਰਹਿੰਦੇ ਹਨ। ਅਦੀਬਾਂ ਦੇ ਰਹਿਣ ਲਈ ਏਥੇ ਚਾਰ ਸਹੂਲਤਾਂ ਪੇਸ਼ ਕਰਦੀਆਂ ਹੱਟਾਂ ਉਸਾਰੀਆਂ ਗਈਆਂ ਹਨ। ਅਗਾਊਂ ਸੂਚਨਾ ਦੇਣ 'ਤੇ ਮੁਫ਼ਤ ਭੋਜਨ ਦੀ ਵੀ ਵਿਵਸਥਾ ਹੈ। ਇਸ ਦਾ ਨਿਰਮਾਣ ਗੁਰਦਿਆਲ ਰੌਸ਼ਨ ਦੇ ਸ਼ਾਗਿਰਦ ਕਮਲਜੀਤ ਕੰਵਰ ਨੇ ਕੀਤਾ ਹੈ ਤੇ ਕੈਨੇਡਾ ਦੀ ਵਸਨੀਕ ਪੁਸ਼ਪਿੰਦਰ ਜੋਸਨ ਦਾ ਯੋਗਦਾਨ ਵੀ ਤਾਰੀਫ਼ ਦੇ ਕਾਬਲ ਹੈ। ਇਹ ਆਪਣੀ ਭਾਂਤ ਦਾ ਪਹਿਲਾ ਸਥਾਨ ਹੈ ਜੋ ਕਿਸੇ ਅਦੀਬ ਦੇ ਨਾ 'ਤੇ ਜਿਊਂਦੇ ਜੀਅ ਬਣਾਇਆ ਗਿਆ ਹੈ। ਕੇਂਦਰ 'ਤੇ ਗੜ੍ਹਸ਼ੰਕਰ ਤੇ ਜੇਜੋਂ ਨੂੰ ਜੋੜਨ ਵਾਲੀ ਸੜਕ 'ਤੋਂ ਦੀ ਪਹੁੰਚਿਆ ਜਾ ਸਕਦਾ ਹੈ। ਇਹ ਪਿੰਡ ਗੱਜਰ ਦੇ ਚੜ੍ਹਦੇ ਵੱਲ ਹੈ।