ਲਾਲ ਚਬੂਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਾਲ ਚਬੂਤਰਾ ਜਾਂ ਰੈੱਡ ਟਾਵਰ ਸੰਨ 1863 ਵਿੱਚ ਗਿਰਜਾ-ਘਰ ਦੀ ਦਿੱਖ ਵਾਲੇ ਇਕ ਚਬੂਤਰੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ, ਜੋ ਸੰਨ 1874 ਵਿੱਚ ਮੁਕੰਮਲ ਹੋਇਆ। ਯੂਰਪੀਅਨ ਗੋਥਿਕ ਕਲਾ ਦੇ ਨਮੂਨੇ ਵਾਲਾ ਇਹ ਚਬੂਤਰਾ ਬ੍ਰਿਟਿਸ਼ ਸਰਕਾਰ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਬੇਰੀ ਬਾਬਾ ਬੁੱਢਾ ਸਾਹਿਬ ਦੇ ਬਿਲਕੁਲ ਪਿੱਛੇ ਇਕ ਉਚੇ ਥੜ੍ਹੇ ’ਤੇ ਉਸਾਰਿਆ ਗਿਆ ਸੀ। ਇਸ 145 ਫੁੱਟ ਉੱਚੇ ਟਾਵਰ ’ਤੇ ਲਾਲ ਰੰਗ ਕੀਤਾ ਗਿਆ ਹੋਣ ਕਰਕੇ ਪਹਿਲਾਂ-ਪਹਿਲ ਸਥਾਨਕ ਲੋਕ ਇਸ ਨੂੰ ‘ਲਾਲ ਚਬੂਤਰਾ’ ਜਾਂ ‘ਰੈੱਡ ਟਾਵਰ’ ਕਹਿ ਕੇ ਸੰਬੋਧਿਤ ਕਰਦੇ ਸਨ। ਘੰਟਾ-ਘਰ ਦੇ ਹੇਠਲੇ ਹਾਲ ਕਮਰੇ ਦੀ ਲੰਬਾਈ-ਚੌੜਾਈ 20 ਗੁਣਾਂ 20 ਫੁੱਟ ਸੀ। ਰੈੱਡ ਟਾਵਰ ਦਾ ਨਿਰਮਾਣ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਮੀਨ ਤੋਂ ਕੋਈ 10 ਫੁੱਟ ਉੱਚਾ ਰੱਖ ਕੇ ਕੀਤਾ। ਪਹਿਲਾਂ-ਪਹਿਲ ਟਾਵਰ ਦੀ ਉਚਾਈ ਕੁਝ ਜ਼ਿਆਦਾ ਨਹੀਂ ਸੀ। ਬਾਅਦ ਵਿਚ ਜਦੋਂ ਇਸ ਦੀਆਂ ਮੰਜ਼ਲਾਂ ਵਧਾਈਆਂ ਗਈਆਂ ਤਾਂ ਇਸ ਦੇ ਚਾਰੋ ਪਾਸੇ ਪੱਥਰ ਦੀਆਂ ਘੜੀਆਂ ਲਗਾ ਦਿੱਤੀਆਂ ਗਈਆਂ। ਰਾਤ ਸਮੇਂ ਇਸ ਟਾਵਰ ਦੇ ਅੰਦਰ ਰੌਸ਼ਨੀ ਕਰਨ ਦੇ ਨਾਲ ਦੂਰ-ਦੂਰ ਤੱਕ ਟਾਈਮ ਦਾ ਪਤਾ ਚਲਦਾ ਰਹਿੰਦਾ ਸੀ ਅਤੇ ਹਰ ਘੰਟੇ ਬਾਅਦ ਖੜਕਣ ਵਾਲੇ ਟਲ ਦੀ ਆਵਾਜ਼ ਕਈ ਮੀਲ ਤੱਕ ਸੁਣਾਈ ਦਿੰਦੀ ਸੀ। ਸੰਨ 1923-24 ਵਿਚ ਇਸ ਦੇ ਪਲੇਟਫ਼ਾਰਮ ਅਤੇ ਟਾਂਗਾ ਸਟੈਂਡ ਦਾ ਫ਼ਰਸ਼ ਪੱਕਾ ਕਰਵਾਇਆ ਗਿਆ, ਜੋ ਕਿ ਘੰਟਾ ਘਰ ਦੇ ਪੂਰਬੀ ਦਰਵਾਜ਼ੇ ਦੇ ਅੱਗੇ ਸਥਿਤ ਸੀ। ਬਾਅਦ ਵਿੱਚ ਇਸ ’ਤੇ ਘੜੀ ਲਗਾਏ ਜਾਣ ਕਰਕੇ ਇਸ ਨੂੰ ਘੰਟਾ-ਘਰ ਅਤੇ ਚਬੂਤਰਾ ਘੰਟਾ-ਘਰ ਕਿਹਾ ਜਾਣ ਲੱਗਾ। ਇਸ ਚਬੂਤਰੇ ਦਾ ਡਿਜ਼ਾਈਨ ਅੰਮ੍ਰਿਤਸਰ ਦੀ ਮਿਊਂਸਪਲ ਕਮੇਟੀ ਦੇ ਡੀ.ਪੀ.ਡਬਲਯੂ. ਵਿਭਾਗ ਦੇ ਚੀਫ਼ ਇੰਜੀਨੀਅਰ ਜਾਨ ਗਾਰਡਨ ਨੇ ਕੀਤਾ ਅਤੇ ਇਸ ਦੀ ਘੜਾਈ ਦਾ ਸਾਰਾ ਕੰਮ ਅੰਮ੍ਰਿਤਸਰ ਦੇ ਰਾਜ ਮਿਸਤਰੀ ਸ਼ਰਫ਼ਦੀਨ ਪਾਸੋਂ ਕਰਵਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਰੈੱਡ ਟਾਵਰ ਸਹਿਤ ਬਾਕੀ ਬੁੰਗਿਆਂ ਦੀ ਮੌਜੂਦਗੀ ਦੇ ਕਾਰਨ ਰਸਤਾ ਕਾਫੀ ਤੰਗ ਹੋ ਗਿਆ ਸੀ। ਇਸ ਸਮੱਸਿਆ ਨੂੰ ਵਿਚਾਰਦਿਆਂ ਪਰਿਕਰਮਾ ਚੌੜੀ ਕਰਨ ਹਿਤ 82 ਵਰ੍ਹਿਆਂ ਤਕ ਕਾਇਮ ਰਹੇ ਉਪਰੋਕਤ ਰੈੱਡ ਟਾਵਰ ਬਨਾਮ ਲਾਲ ਚਬੂਤਰਾ ਬਨਾਮ ਘੰਟਾ-ਘਰ ਨੂੰ ਸੰਨ 1945 ਦੇ ਅੰਤ ਵਿਚ ਢਹਿ ਢੇਰੀ ਕਰ ਦਿੱਤਾ ਗਿਆ।

ਹਵਾਲੇ[ਸੋਧੋ]