ਲਾਵਾਂ ਲੈਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਆਹ ਸਮੇਂ ਲਾੜਾ ਲਾੜੀ ਜੋ ਚਾਰ ਫੇਰੇ ਗੁਰੂ ਗ੍ਰੰਥ ਸਾਹਿਬ ਦੁਆਲੇ ਲੈਂਦੇ ਹਨ, ਉਨ੍ਹਾਂ ਨੂੰ ਲਾਵਾਂ ਕਹਿੰਦੇ ਹਨ। ਲਾਵਾਂ ਲੈਣਾ ਕਹਿੰਦੇ ਹਨ। ਲਾਵਾਂ ਲੈਣ ਸਮੇਂ ਲਾੜੇ ਦੇ ਪੱਲੂ ਨੂੰ ਲਾੜੀ ਨੇ ਫੜਿਆ ਹੁੰਦਾ ਹੈ। ਪਹਿਲਾਂ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਸੀ। ਘੁੰਡ ਕੱਢਣ ਦਾ ਰਿਵਾਜ ਸੀ। ਲਾਵਾਂ ਲੈਣ ਸਮੇਂ ਵੀ ਲੜਕੀ (ਲਾੜੀ) ਨੇ ਘੁੰਡ ਕੱਢਿਆ ਹੁੰਦਾ ਸੀ। ਲੜਕੀ (ਲਾੜੀ) ਦੇ ਨਾਲ ਹੀ ਲੜਕੀ ਦੀ ਸੰਭਾਲ ਲਈ ਉਸ ਦੀ ਕੋਈ ਬੜੀ ਭੈਣ ਜਾਂ ਭਰਜਾਈ ਬੈਠੀ ਹੁੰਦੀ ਸੀ। ਲੜਕੀ ਨੂੰ ਘੁੰਡ ਵਿਚੋਂ ਦੀ ਬਹੁਤਾ ਵਿਖਾਈ ਨਹੀਂ ਦਿੰਦਾ ਹੁੰਦਾ ਸੀ। ਏਸੇ ਕਰਕੇ ਉਨ੍ਹਾਂ ਸਮਿਆਂ ਵਿਚ ਲੜਕੀ ਦੇ ਚਾਰ ਭਾਈ (ਚਾਹੇ ਉਹ ਸਕੇ ਹੁੰਦੇ ਸਨ ਜਾਂ ਰਿਸ਼ਤੇ ਵਿਚੋਂ ਹੁੰਦੇ ਸਨ) ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਚਾਰ ਕੋਨਿਆਂ ਤੇ ਖੜ੍ਹ ਜਾਂਦੇ ਸਨ। ਜਦ ਪਹਿਲੀ ਲਾਵ ਪੜ੍ਹੀ ਜਾਂਦੀ ਸੀ ਤਾਂ ਲੜਕੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਪਹਿਲਾ ਫੇਰਾ ਲਾੜੇ ਦੇ ਮਗਰ ਸ਼ੁਰੂ ਕਰਦੀ ਸੀ। ਪਹਿਲਾਂ ਭਾਈ ਜੋ ਲੜਕੀ ਦੇ ਕੋਲ ਖੜ੍ਹਾ ਹੁੰਦਾ ਸੀ, ਉਸ ਨੂੰ ਸਹਾਰਾ ਦੇ ਕੇ ਦੂਜੇ ਕੋਨੇ ਤੇ ਖੜ੍ਹੇ ਭਾਈ ਤੱਕ ਲੈ ਕੇ ਜਾਂਦਾ ਸੀ। ਦੂਜਾ ਭਾਈ ਫੇਰ ਸਹਾਰਾ ਦੇ ਕੇ ਲੜਕੀ ਨੂੰ ਤੀਜੇ ਕੋਨੇ ਤੇ ਖੜੇ ਭਾਈ ਤੱਕ ਲੈ ਕੇ ਜਾਂਦਾ ਸੀ। ਤੀਜਾ ਭਾਈ ਫੇਰ ਲੜਕੀ ਨੂੰ ਚੌਥੇ ਕੋਨੇ ਤੇ ਖੜ੍ਹੇ ਭਾਈ ਤੱਕ ਲੈ ਕੇ ਜਾਂਦਾ ਸੀ। ਚੌਥਾ ਭਾਈ ਲੜਕੀ ਨੂੰ ਫੇਰ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬੈਠਣ ਵਾਲੀ ਥਾਂ ਤੱਕ ਲੈ ਕੇ ਜਾਂਦਾ ਸੀ। ਏਸੇ ਤਰ੍ਹਾਂ ਚਾਰੇ ਫੇਰੇ ਲਏ ਜਾਂਦੇ ਸਨ। ਇਸ ਤਰ੍ਹਾਂ ਪਹਿਲੇ ਸਮਿਆਂ ਦੇ ਵਿਆਹਾਂ ਵਿਚ ਲੜਕੀ ਦੇ ਭਾਈ ਲਾਵਾਂ ਸਮੇਂ ਆਪਣੀ ਭੈਣ ਨੂੰ ਸਹਾਰਾ ਦਿੰਦੇ ਸਨ।ਹੁਣ ਜੁਆਨ ਲੜਕੀਆਂ ਦਾ ਵਿਆਹ ਕੀਤਾ ਜਾਂਦਾ ਹੈ। ਘੁੰਡ ਕੱਢਣ ਦਾ ਰਿਵਾਜ ਹੀ ਹੱਟ ਗਿਆ ਹੈ। ਇਸ ਲਈ ਵਿਆਹੁਲੀ ਲੜਕੀ ਹੁਣ ਆਪ ਹੀ ਭਰਾਵਾਂ ਦੇ ਸਹਾਰੇ ਤੋਂ ਬਿਨਾਂ ਲਾੜੇ ਦੇ ਨਾਲ ਚਾਰੇ ਫੇਰੇ ਲੈਂਦੀ ਹੈ। ਹੁਣ ਲਾਵਾਂ ਸਮੇਂ ਭਰਾਵਾਂ ਦੇ ਸਹਾਰਾ ਲੈਣ ਦੀ ਰਸਮ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.