ਲਾਸ
ਖੂਹ ਵਿਚੋਂ ਫਸਲ ਦੀ ਸਿੰਜਾਈ ਲਈ ਪਾਣੀ ਕੱਢਣ ਲਈ ਕੋਹ/ਚਰਸ ਨਾਲ ਬੰਨ੍ਹੇ ਮੋਟੇ ਲੰਮੇ ਰੱਸੇ ਨੂੰ ਲਾਸ ਕਹਿੰਦੇ ਸਨ/ਹਨ। ਲਾਸ ਸਣ/ਸੁਣਕੱਕੜੇ ਦੀ ਬਣਾਈ ਜਾਂਦੀ ਸੀ। ਲਾਸ ਨੂੰ ਕਈ ਇਲਾਕਿਆਂ ਵਿਚ ਲੱਜ ਤੇ ਕਈਆਂ ਵਿਚ ਲਾ ਕਹਿੰਦੇ ਸਨ/ਹਨ। ਖੂਹ ਦੇ ਮਹਿਲ ਨੂੰ ਹੇਠਾਂ ਲਾਹੁਣ ਸਮੇਂ ਮਹਿਲ ਦੇ ਹੇਠੋਂ ਜਿਸ ਕਹੇ ਨਾਲ ਮਿੱਟੀ ਕੱਢੀ ਜਾਂਦੀ ਸੀ, ਉਸ ਕਹੇ ਨੂੰ ਵੀ ਲਾਸ ਬੰਨ੍ਹੀ ਜਾਂਦੀ ਸੀ। ਸਾਰੀਆਂ ਫਸਲਾਂ ਦਾ ਲਾਂਗਾ ਜਦ ਗੱਡਿਆਂ ਨਾਲ ਪਿੜਾਂ ਵਿਚ ਢੋਇਆ ਜਾਂਦਾ ਸੀ, ਉਸ ਲਾਂਗੇ ਉਪਰ ਵੀ ਲਾਂਗੇ ਨੂੰ ਰਸਤੇ ਵਿਚ ਡਿੱਗਣ ਤੋਂ ਬਚਾਉਣ ਲਈ ਲਾਸ ਬੰਨ੍ਹੀ ਜਾਂਦੀ ਸੀ। ਤੂੜੀ ਦੀਆਂ ਪੰਡਾਂ ਨੂੰ ਜਦ ਗੱਡੇ ਉਪਰ ਲੱਦ ਕੇ ਘਰ ਢੋਇਆ ਜਾਂਦਾ ਸੀ, ਉਨ੍ਹਾਂ ਪੰਡਾਂ ਨੂੰ ਵੀ ਡਿੱਗਣ ਤੋਂ ਬਚਾਉਣ ਲਈ ਪੰਡਾਂ ਉਪਰ ਦੀ ਲਾਸ ਬੰਨੀ ਜਾਂਦੀ ਸੀ। ਬੰਨਿਆਂ, ਜੰਗਲਾਂ, ਨਹਿਰਾਂ ਦੀਆਂ ਪਟੜੀਆਂ ਦੁਆਲਿਓਂ ਤੇ ਸੜਕਾਂ ਦੁਆਲਿਓ ਸਰਕੜਾ/ਸਲਵਾੜ ਵੱਢਕੇ ਜਦ ਘਰੀਂ ਢੋਇਆ ਜਾਂਦਾ ਸੀ,ਉਸ ਪਰ ਵੀ ਲਾਸ ਬੰਨ੍ਹੀ ਜਾਂਦੀ ਸੀ। ਮੁਟਿਆਰਾਂ ਤੀਆਂ ਸਮੇਂ ਪਿੱਪਲ, ਬਰੋਟੇ ਅਤੇ ਨਿੰਮਾਂ ਦੇ ਰੁੱਖਾਂ ਉਪਰ ਪੀਂਘ ਵੀ ਲਾਸ ਨਾਲ ਪਾਉਂਦੀਆਂ ਸਨ। ਰੱਸਾ-ਕਸ਼ੀ ਦੀ ਖੇਡ ਵੀ ਲਾਸ ਨਾ ਖੇਡੀ ਜਾਂਦਾ ਹੈ।
ਹੁਣ ਨਾ ਕੋਹ/ਚਰਸ ਰਹੇ ਹਨ। ਨਾ ਖੂਹ ਲਾਏ ਜਾਂਦੇ ਹਨ। ਨਾ ਲਾਂਗਾ ਢੋਇਆ ਜਾਂਦਾ ਹੈ। ਨਾ ਹੀ ਹੁਣ ਪੀਘਾਂ ਪਾਈਆਂ ਜਾਂਦੀਆਂ ਹਨ। ਹੁਣ ਲਾਸ ਦੀ ਵਰਤੋਂ ਸਿਰਫ ਟਰੈਕਟਰ ਟਰਾਲੀ ਨਾਲ ਤੂੜੀ ਦੀਆਂ ਪੰਡਾਂ ਢੋਣ ਸਮੇਂ ਕੀਤੀ ਜਾਂਦੀ ਹੈ। ਜਾਂ ਗੰਨੇ ਦੀ ਟਰਾਲੀ ਨੂੰ ਮਿੱਲਾਂ ਵਿਚ ਸਿੱਟਣ ਸਮੇਂ ਲਾਸ ਦੀ ਵਰਤੋਂ ਹੁੰਦੀ ਹੈ। ਜਾਂ ਲਾਸ ਰੱਸਾ-ਕਸੀ ਦੀ ਖੇਡ ਲਈ ਵਰਤੀ ਜਾਂਦੀ ਹੈ।
ਲਾਸ ਸੁਣਕੁੱਕੜੇ ਸਣ ਦੀ ਬਣਾਈ ਜਾਂਦੀ ਸੀ। ਲਾਸ ਉਸ ਵਿਧੀ ਅਨੁਸਾਰ ਹੀ ਬਣਦੀ ਸੀ ਜਿਸ ਵਿਧੀ ਨਾਲ ਰੱਸਾ ਬਣਦਾ ਸੀ। ਇਸ ਲਈ ਲਾਸ ਦੀ ਬਣਤਰ ਸਬੰਧੀ ਰੱਸਾ ਵੇਖ। ਕੋਈ ਵੀ ਜਿਮੀਂਦਾਰ ਹੁਣ ਲਾਸ ਘਰ ਨਹੀਂ ਬਣਾਉਂਦਾ। ਲਾਸ ਹੁਣ ਬਜ਼ਾਰ ਵਿਚੋਂ ਹੀ ਖਰੀਦੀ ਜਾਂਦੀ ਹੈ।[1]
ਹਵਾਲਾ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigdh: Unistar books pvt. Ltd. p. 65. ISBN 978-93-82246-99-2.