ਲੋਕ-ਨਾਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੈੱਲਜ਼ ਗਿਰਜਾ, ਇੰਗਲੈਂਡ ਦੇ ਮੈਦਾਨਾਂ ਉੱਤੇ ਮੌਰਿਸ ਨਾਚ
ਮਲੈਂਬੋ, ਅਰਜਨਟੀਨਾ ਦਾ ਲੋਕ ਨਾਚ

ਲੋਕ-ਨਾਚ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਲੋਕ ਜੀਵਨ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੀ ਹੈ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਵਿਚਾਰਾਂ,ਵਿਸ਼ਵਾਸਾ, ਮਿੱਥਾਂ, ਰਹੁ-ਰੀਤਾਂ ਸਰੀਰਕ ਬਣਤਰ ਅਤੇ ਕਾਰਜ ਸਮਰੱਥਾਂ ਦੀ ਕੁਸ਼ਲਤਾ ਨਾਲ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਲੋਕ-ਨਾਚ ਸਧਾਰਨ ਲੋਕ-ਸਾਜ਼, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਵਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ-ਗੀਤਾਂ ਰਾਹੀਂ , ਬਿਨਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਣਾਇਆ, ਕਿਸੇ ਸਰਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਲੋਕ ਨਾਚ ਦੀ ਪ੍ਰੰਪਰਾ ਪ੍ਰਾਚੀਨ ਹੈ। ਲੋਕ ਨਾਚ ਸਭਿਆਚਾਰ ਦੇ ਜੀਵਨ ਦਾ ਮਹੱਤਵਪੂਨ ਅੰਗ ਬਣ ਚੁੱਕੇ ਹਨ। ਲੋਕ ਨਾਚ ਵਿੱਚ ਸਹਿਜ ਭਾਵ ਨਾਲ ਸੰਬੋਧਨ ਵੀ ਕੀਤਾ ਜਾਂਦਾ ਹੈ। ਲੋਕ-ਨਾਚ ਨੂੰ ਗੀਤਾ ਰਹੀ ਗਤੀ ਪ੍ਰਧਾਨ ਕੀਤੀ ਜਾਂਦੀ ਹੈ। ਕੁਝ ਲੋਕ ਨਾਚ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰ ਹੁੰਦੇ ਹਨ ਅਤੇ ਕਿਸੇ ਸਾਜ਼ ਦੇ ਮੁਥਾਜ਼ ਵੀ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਪ੍ਰਗਟਾ ਕਰਨ ਲਈ ਹੱਥਾਂ ਦੀਆਂ ਤਾੜੀਆਂ ਦਾ ਸਹਾਰਾ ਵੀ ਲਿਆ ਜਾਂਦਾ ਹੈ।

ਲੋਕ ਨਾਚ ਮਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਸਮਾਜਿਕ ਪਰਤਾਂ ਦਾ ਸਰੀਰਕ ਮੁੰਦਰਾਵਾਂ ਦੇ ਮਾਧਿਅਮ ਰਾਂਹੀ ਅੰਦਰੂਨੀ ਭਾਵਨਾਂਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਇਹ ਪੁਸ਼ਤ-ਦਰ-ਪੁਸ਼ਤ ਹੋਰ ਲੋਕ-ਕਲਾਵਾਂ ਵਾਂਗ ਪ੍ਰਵਾਹਮਾਨ ਹੁੰਦਾ ਰਹਿੰਦਾ ਹੈ। ਸਮੇਂ ਸਥਾਨ ਅਤੇ ਨਚਾਰਾਂ ਦੀ ਗਿਣਤੀ ਸੰਬੰਧੀ ਇਸ ਵਿੱਚ ਕੋਈ ਪਾਬੰਧੀ ਨਹੀਂ ਹੁੰਦੀ। ਲੋਕ-ਨਾਚ ਨਾਲ ਸੰਬੰਧਿਤ ਸਾਜ਼-ਸੰਗੀਤ ਤੇ ਵੇਸ਼-ਭੂਸ਼ਾ ਜਨ-ਸਧਾਰਨ ਦੀ ਪਹੁੰਚ ਅਤੇ ਪੱਧਰ ਅਨੁਸਾਰ ਹੁੰਦੀ ਹੈ।

ਲੋਕ ਨਾਚ ਦੀ ਉਮਰ ਪੰਜ ਹਜਾਰ ਪੂਰਵ ਈਸਵੀ ਹੋਣ ਦੇ ਪ੍ਰਮਾਣ ਮਿਲਦੇ ਹਨ। ਲੋਕ-ਨਾਚਾਂ ਨੇ ਇਥੋਂ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਨ ਕਾਇਮ ਰੱਖੀ ਹੈ। ਪੰਜਾਬ ਦੇ ਸਮੁੱਚੇ ਲੋਕ-ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। ਖੁਸ਼ੀ ਦੇ ਹੁਲਾਰੇ ਵਿੱਚ ਮਸਤ ਹੋਏ ਗੱਭਰੂਆਂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕ-ਗੀਤ ਰੂਪਾਂ ਦੀ ਸੁਰ-ਤਾਲ ਵਿੱਚ ਢੋਲ ਜਾਂ ਹੋਰ ਲੋਕ-ਪ੍ਰਿਯ ਲੋਕ-ਸਾਜ ਦੀ ਤਾਲ ਤੇ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ।

ਪੰਜਾਬੀ ਲੋਕ ਨਾਚ[ਸੋਧੋ]

ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ। ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਵਿੱਚ ਪੰਜਾਬੀਆਂ ਦੀ ਸਰੀਰਕ ਸੁਡੋਲਤਾ, ਜ਼ਿੰਦਾ-ਦਿਲੀ, ਸਾਹਸ ਅਤੇ ਸਹਿਣਸ਼ੀਲਤਾ ਦੇ ਗੁਣਾਂ ਹੁੰਦੇ ਹਨ। ਪੰਜਾਬ ਵਿੱਚ ਕਰੜੀ ਸਰੀਰਕ ਵਰਜ਼ਿਸ, ਮਸਤ-ਮਾਨਸਿਕਤਾ ਅਤੇ ਧਰਮ-ਨਿਰਪੇਖ ਪ੍ਰਵਿਰਤੀ ਦੇ ਲੋਕ-ਨਾਚ ਪ੍ਰਚਲਿਤ ਹਨ। ਇਹਨਾਂ ਵਿੱਚੋਂ ਸਮੁੱਚੇ ਪੰਜਾਬੀ ਦੀ ਜੀਵਨ-ਝਲਕ ਦੇ ਅਨੇਕਾਂ ਪਹਿਲੂ ਪ੍ਰਗਟ ਹੁੰਦੇ ਹਨ।

ਇਸਤਰੀਆਂ ਦੇ ਲੋਕ-ਨਾਚ[ਸੋਧੋ]

ਇਸਤਰੀਆਂ ਦੇ ਲੋਕ-ਨਾਚ ਵਿੱਚ ਕੋਮਲਤਾ, ਸਹੁਜ, ਸਾਦਗੀ, ਰਵਾਨਗੀ ਅਤੇ ਲਚਕਤਾ ਭਰਭੂਰ ਹਨ। ਗਹਿਣਿਆਂ ਅਤੇ ਚੰਗੀ ਫੱਬਤ ਵਾਲੇ ਪਹਿਰਾਵੇ ਪਹਿਣੇ ਜਾਂਦੇ ਹਨ ਮਾਂਗਲਿਕ ਕਾਰਜ ਇਸਤਰੀਆਂ ਵਿੱਚ ਦੇ ਲੋਕ-ਨਾਂਚਾਂ ਦੀ ਪੇਸ਼ਕਾਰੀ ਹੁੰਦੀ ਰਹਿੰਦੀ ਹੈ। ਬੋਲ ਦੇ ਉਚਾਰ ਅਤੇ ਸਰੀਰਕ ਅੰਗਾਂ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ ਮੁਦਰਾਂਵਾ ਸਹਿਜ਼-ਭਾਵ ਸੱਭਿਆਚਾਕ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਮੂਲ ਰੂਪ ਵਿੱਚ ਇਸਤਰੀ ਲੋਕ-ਨਾਚਾਂ ਦਾ ਸੰਬੰਧ ਉਪਜਾਇਕਤਾ ਨਾਲ ਜਾ ਜੁੜਦਾ ਹੈ।

ਮਰਦਾਵੇਂ ਲੋਕ-ਨਾਚ[ਸੋਧੋ]

ਮਰਦਾਵੇਂ ਲੋਕ-ਨਾਚ ਵਿੱਚ ਸਰੀਰਕ ਸੁਡੋਲਤਾ, ਜ਼ਿੰਦਾ-ਦਿਲੀ, ਸਾਹਸ ਅਤੇ ਸਹਿਣਸ਼ੀਲਤਾ ਦੇ ਗੁਣਾਂ ਹੁੰਦੇ ਹਨ।

ਲੋਕ ਨਾਚ ਦੇ ਲੱਛਣ[ਸੋਧੋ]

ਲੋਕ-ਨਾਚ ਸਹਿਜ-ਸੁਭਾ ਹੁੰਦਾ ਹੈ:[ਸੋਧੋ]

ਲੋਕ-ਨਾਚ ਨੂੰ ਨੱਚਣ ਲਈ ਕਿਸੇ ਵਿਸ਼ੇਸ਼ ਕਿਸਮ ਦੇ ਸਨਾਤਨੀ ਨਿਯਮਾਂ ਦੀ ਟਰੇਨਿੰਗ ਨਹੀਂ ਲੈਂਣੀ ਪੈਂਦੀ। ਇਸ ਵਿਚ ਹਰ ਅਦਾ ਅਤੇ ਐਕਸ਼ਨ ਸਵੀਕਾਰ ਕੀਤਾ ਜਾ ਸਕਦਾ ਹੈ, ਪਰ ਇਸ ਵਿਚ ਕੁਦਰਤੀ ਤਾਲ ਦਾ ਹੋਣਾ ਜ਼ਰੂਰੀ ਹੈ। ਲੋਕ-ਨਾਚ ਆਪ ਮੁਹਾਰੇ ਫੁੱਟਿਆ ਖੁਸ਼ੀ ਦਾ ਚਸ਼ਮਾ ਹੈ। ਇਹ ਖੁਸ਼ੀ ਨਾਲ ਭਰੇ ਮਨੁੱਖ ਦਾ ਬੇਰੋਕ ਪ੍ਰਗਟਾ ਹੈ:

“ਬੋਲ ਅਗੰਮੀ ਨਿਕਲਣ ਅੰਦਰੋਂ, ਕੁਝ ਵੀ ਵਸ ਨਹੀਂ ਮੇਰੇ।

ਨੱਚ ਲੈ ਸ਼ਾਮ ਕੁਰੇ, ਦੇ ਕੇ ਸ਼ੌਂਕ ਦੇ ਗੇੜੇ...........”[1]

         ਨਾਚ ਦੇ ਬੋਲ ਸਹਿਜ ਸੁਭਾ ਅਤੇ ਅਗੰਮੀ ਹੁੰਦੇ ਹਨ ਅਤੇ ਗੇੜੇ ਸੌਂਕ ਦੇ ਹੁੰਦੇ ਹਨ। ਇਹ ਕਿਸੇ ਬੰਧਨ ਦਾ ਪਾਲਨ ਨਹੀਂ ਹੁੰਦਾ, ਸਗੋਂ ਸ਼ੌਂਕ ਦਾ ਪ੍ਰਦਰਸ਼ਨ ਹੁੰਦਾ ਹੈ। ਲੋਕ-ਨਾਚ ਖੁਸ਼ੀ ਦਾ ਅਭਿਵਿਅਕਤ ਰੂਪ ਹੈ। ਜੋ ਖੁਸ਼ੀ ਮਨੁੱਖ ਦੇ ਅੰਦਰ ਹੈ ਉਸਦਾ ਸਰੀਰਕ ਪ੍ਰਦਰਸ਼ਨ ਹੀ ਲੋਕ-ਨਾਚ ਹੈ।

ਲੋਕ-ਨਾਚ ਵਿਚ ਸੁਮਾਪਤਾ ਹੁੰਦੀ ਹੈ:[ਸੋਧੋ]

ਲੋਕ-ਨਾਚ ਸਹਿਜ ਸੁਭਾ ਹੁੰਦਾ ਹੋਇਆ ਵੀ ਬੇਤਰਤੀਬਾ ਨਹੀਂ ਹੁੰਦਾ। ਨੱਚਣ ਵਾਲਿਆਂ ਦੀ ਚਾਲ ਅਤੇ ਹਰਕਤਾਂ ਮਾਪੀਆਂ ਤੋਲੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿਚ ਇਕਸਾਰਤਾ ਹੁੰਦੀ ਹੈ। ਇਥੋਂ ਤੱਕ ਹੀ ਨਹੀਂ ਇਹ ਸੁਮਾਪਤਾ ਪੈਰਾਂ ਅਤੇ ਹੱਥਾਂ ਦੀਆਂ ਹਰਕਤਾਂ ਵਿਚ ਵੀ ਪਾਈ ਜਾਂਦੀ ਹੈ। ਜਿਸ ਤਰ੍ਹਾਂ ਗਿੱਧੇ ਵਿਚ ਤਾਲੀ ਸਾਰੇ ਸਮਾਨ ਰੂਪ ਵਿਚ ਮਾਰਦੇ ਹਨ। ਇਕੋ ਸਮੇਂ, ਇਹ ਤਾਲੀ ਮਾਰਨ ਦੀ ਹਰਕਤ ਜਿਥੇ ਸਹਿਜ ਸੁਭਾ ਹੁੰਦੀ ਹੈ, ਉਥੇ ਐਕਸ਼ਨ ਵਿਚ ਸੁਮਾਪਤਾ ਆ ਜਾਂਦੀ ਹੈ। ਸੁਮਾਪਤਾ ਲੋਕ-ਨਾਚ ਦਾ ਵਿਸ਼ੇਸ਼ ਲੱਛਣ ਹੈ। ਇਸ ਤੋਂ ਬਿਨ੍ਹਾਂ ਕੋਈ ਵੀ ਲੋਕ ਨਾਚ ਆਪਣੀ ਪਰਿਭਾਸ਼ਾ ਗ੍ਰਹਿਣ ਨਹੀਂ ਕਰ ਸਕਦਾ।

ਲੋਕ-ਨਾਚ ਦੀਆਂ ਅਦਾਵਾਂ ਸਾਧਾਰਨ ਜ਼ਿੰਦਗੀ ਵਿਚੋਂ ਹੁੰਦੀਆਂ ਹਨ:[ਸੋਧੋ]

ਇਕ ਸ਼ਿਕਾਰੀ, ਸ਼ਿਕਾਰ ਮਾਰਨ ਦੀ ਵਿਧੀ ਨੂੰ ਸੁਮਾਪ ਵਿਚ ਢਾਲਕੇ ਨਾਚ ਵਿਚ ਪੇਸ਼ ਕਰ ਸਕਦਾ ਹੈ। ਇਸੇ ਤਰ੍ਹਾਂ ਹੋਰ ਕਿੱਤਿਆਂ ਨਾਲ ਸਬੰਧਿਤ ਅਦਾਵਾਂ ਲੋਕ-ਨਾਚ  ਵਿਚ ਆਮ ਪ੍ਰਚਲਿਤ ਕੀਤੀਆਂ ਜਾਂਦੀਆਂ ਹਨ।

ਲੋਕ-ਨਾਚ ਨੂੰ ਕਿਸੇ ਵਿਸ਼ੇਸ਼ ਸਟੇਜ ਜਾਂ ਸਜਾਵਟ ਦੀ ਲੋੜ ਨਹੀਂ ਹੁੰਦੀ ਹੈ:[ਸੋਧੋ]

ਇਹ ਜੀਵਨ ਦੀ ਖੁਸ਼ੀ ਵਿਚੋਂ ਫੁੱਟਦਾ ਹੈ, ਇਸ ਲਈ ਹਰ ਪਹਿਰਾਵਾ, ਹਰ ਸਟੇਜ, ਹਰ ਅਦਾ ਢੁੱਕਵੀਂ ਹੈ। ਪਰ ਉਹ ਪ੍ਰਸੰਗ ਨਹੀਂ ਟੁੱਟਣਾ ਚਾਹੀਦਾ ਜਿਸ ਵਿਚੋਂ ਇਹ ਪੈਦਾ ਹੁੰਦਾ ਹੈ। “ਲੋਕ-ਨਾਚ ਨੱਚਣ ਲਈ ਹੁੰਦਾ ਹੈ ਦਿਖਾਉਣ ਲਈ ਨਹੀਂ। ਇਸ ਲਈ ਜਿਹੜੇ ਅੱਜ-ਕੱਲ੍ਹ ਅਸੀਂ ਗਿੱਧੇ-ਭੰਗੜੇ ਸਟੇਜਾਂ ’ਤੇ ਦੇਖਦੇ ਹਾਂ ਇਹ ਲੋਕ ਨਾਚ ਦੀ ਪਰਿਭਾਸ਼ਾ ਦੇ ਅੰਤਰਗਤ ਨਹੀਂ ਆ ਸਕਦੇ। ਬੇਸ਼ਕ ਇਨ੍ਹਾਂ ਵਿਚ ਲੋਕ-ਨਾਚ ਦੀਆਂ ਅਦਾਵਾਂ ਨਕਲ ਕਰਕੇ ਪ੍ਰਦਰਸ਼ਤ ਕੀਤੀਆਂ ਗਈਆਂ ਹੁੰਦੀਆਂ ਹਨ।”[2] ਪਰ ਪ੍ਰਸੰਗ ਤੇ ਸੰਦਰਭ ਲੋਕ-ਨਾਚ ਲਈ ਜ਼ਰੂਰੀ ਹੈ, ਇਹ ਪ੍ਰਸੰਗ ਅਤੇ ਸੰਦਰਭ ਸਟੇਜੀ ਨਾਚਾਂ ਵਿਚ ਨਹੀਂ ਹੁੰਦਾ।

ਲੋਕ-ਨਾਚ ਸੁਰ ਤਾਲ ਵਿਚ ਪੂਰਾ ਹੁੰਦਾ ਹੈ:[ਸੋਧੋ]

ਬੇਸ਼ਕ ਲੋਕ-ਨਾਚ ਵਿਚ ਅਦਾਵਾਂ ਦੀ ਪ੍ਰਦਰਸ਼ਨੀ ਲਈ ਖੁੱਲ੍ਹ ਹੈ, ਸਟੇਜ ਅਤੇ ਪੁਸ਼ਾਕ ਦੀ ਵੀ ਖੁੱਲ੍ਹ ਹੈ ਪਰ ਇਸ ਦੇ ਬਾਵਜੂਦ ਵੀ ਲੋਕ-ਨਾਚ ਸੁਰ ਅਤੇ ਤਾਲ ਵਿਚ ਪੂਰਾ ਹੁੰਦਾ ਹੈ। ਇਹ ਸੁਰ ਤਾਲ ਸਾਜ਼ਾਂ ਦੀ ਮਦਦ ਨਾਲ ਮੁਹੱਈਆ ਕੀਤੀ ਗਈ ਹੋਵੇ ਤਾਂ ਬਹੁਤ ਚੰਗਾ ਹੈ ਨਹੀਂ ਤਾਂ ਇਹ ਸੁਰ ਤਾਲ ਲੋਕ ਆਪਣੇ ਹੱਥਾਂ ਅਤੇ ਪੈਰਾਂ ਦੀਆਂ ਹਰਕਤਾਂ ਵਿਚੋਂ ਹੀ ਪੈਦਾ ਕਰ ਲੈਂਦੇ ਹਨ। ਜਿਸ ਤਰ੍ਹਾਂ ਪੈਰਾਂ ਨੂੰ ਘੁੰਗਰੂ ਬੰਨ ਲੈਣਾ, ਹੱਥਾਂ ਨਾਲ ਤਾੜੀ ਮਾਰਨੀ, ਮੂੰਹ ਦੁਆਰਾ ਸੀਟੀ ਮਾਰਨੀ ਆਦਿ। ਪੰਜਾਬੀ ਗਿੱਧੇ ਨੂੰ ਕਿਸੇ ਸਾਜ਼ ਦੀ ਜ਼ਰੂਰਤ ਨਹੀਂ ਸਿਰਫ ਹੱਥਾਂ ਦੀਆਂ ਤਾੜੀਆਂ ਮਾਰਕੇ ਹੀ ਤਾਲ ਪੈਦਾ ਕਰ ਲਿਆ ਜਾਂਦਾ ਹੈ।

ਲੋਕ-ਨਾਚ ਦੀਆਂ ਮੁਦਰਾਵਾਂ(ਇਸ਼ਾਰੇ) ਸਿੱਧੇ ਸੰਕੇਤ ਹੁੰਦੇ ਹਨ:[ਸੋਧੋ]

ਇਸ ਤੋਂ ਸਪੱਸ਼ਟ ਹੈ ਕਿ ਭਾਵ ਸਿੱਧੇ ਤੇ ਨਿਸੰਗ ਰੂਪ ਵਿਚ ਪ੍ਰਗਟਾਏ ਜਾਂਦੇ ਹਨ। ਜੇਕਰ ਕੋਈ ਮੁਦਰਾ ਕਾਮ ਪ੍ਰਵਿਰਤੀ ਨਾਲ ਸਬੰਧਿਤ ਹੈ, ਤਾਂ ਭਾਰਤ ਨਾਟਿਅਮ ਜਾਂ ਕਥਾਕਲੀ ਵਾਂਗ ਇਹ ਜਟਿਲ ਅਤੇ ਗੁੰਝਲਦਾਰ ਰੂਪ ਵਿਚ ਨਹੀਂ ਪ੍ਰਗਟਾਈ ਜਾਂਦੀ ਸਗੋਂ ਸਿੱਧਾ ਇਸ਼ਾਰਾ ਕੀਤਾ ਜਾਂਦਾ ਹੈ। ਕਲਾਸੀਕਲ ਨਾਚਾਂ ਦੀਆਂ ਮੁਦਰਾਵਾਂ ਨੂੰ ਤਾਂ ਕਈ ਵਾਰ ਵੱਡਾ ਵਿਦਵਾਨ ਵੀ ਨਹੀਂ ਸਮਝ ਸਕਦਾ। ਲੋਕ-ਨਾਚ ਦੀਆਂ ਮੁਦਰਾਵਾਂ ਜਨ ਸਾਧਾਰਨ ਦੇ ਸਮਝ ਆ ਸਕਣ ਵਾਲੀਆਂ ਹੁੰਦੀਆਂ ਹਨ। ਇਸਦੇ ਬਾਵਜੂਦ ਵੀ ਇਹ ਅਦਾਵਾਂ ਅਸ਼ਲੀਲ ਨਹੀਂ ਹੁੰਦੀਆਂ, ਇਨ੍ਹਾਂ ਵਿਚ ਬਾਕਾਇਦਾ ਇਕ ਸੰਜਮ ਜਿਹਾ ਹੁੰਦਾ ਹੈ। ਇਨ੍ਹਾਂ ਲੱਛਣਾ ’ਤੇ ਆਧਾਰਤ ਲੋਕ-ਨਾਚਾਂ ਨੂੰ ਪਰਿਭਾਸ਼ਤ ਕਰ ਸਕਣਾ ਸੰਭਵ ਹੈ।

         ਲੋਕ-ਨਾਚ, ਲੋਕਾਂ ਦੀ ਖੁਸ਼ੀ ਦਾ ਸਹਿਜ-ਸੁਭਾ ਸੁਮਾਪਮਈ ਤੇ ਸੁਰ-ਤਾਲ ਭਰਪੂਰ ਪ੍ਰਦਰਸ਼ਤ ਪ੍ਰਗਟਾ ਹੈ।

ਹਵਾਲੇ:[ਸੋਧੋ]

  1. ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ, ਭਾਸ਼ਾ ਅਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ. p. 102.
  2. ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ, ਭਾਸ਼ਾ ਅਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ. p. 102.