ਲੋਕ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੂਮਿਕਾ[ਸੋਧੋ]

ਧਰਮ ਇੱਕ ਅਜਿਹੀ ਸੰਸਥਾ ਹੈ ਜਿਸਦੀ ਹੋਂਦ ਮਨੁੱਖ ਦੇ ਜੀਵਨ ਵਿੱਚ ਬਹੁਤ ਮਹਤੱਵਪੂਰਣ ਭੂਮਿਕਾ ਅਦਾ ਕਰਦੀ ਹੈ। ਧਰਮ ਅੰਗਰੇਜ਼ੀ ਸ਼ਬਦ 'Religion ਦਾ ਸਮਾਨਅਰਥੀ ਹੈ। ਰੀਲੀਜ਼ਨ ਰੋਮਨ ਸ਼ਬਦ religio ਤੋਂ ਨਿਕਲਿਆ ਹੈ।
ਸਿਸਰੋ ਇਸ ਦਾ ਮੂਲ re-legere ਮੰਨਦਾ ਹੈ, ਜਿਸਦੇ ਅਰਥ ਮੁੜ ਇਕੱਤਰ ਕਰਨਾ, ਚੁੱਕਣਾ, ਵਿਚਾਰਨਾ, ਸੋਚਣਾ ਹਨ। ਇਹ ਅਰਥ'nec-ligere' ਦੇ ਵਿਰੋਧੀ ਹਨ ਜਿਸਦਾ ਭਾਵ ‘ਧਿਆਨ ਨਾ ਦੇਣਾ’ ਹੈ।
ਕੁਝ ਹੋਰ ਵਿਦਵਾਨਾਂ ਨੇ ਇਸ ਸ਼ਬਦ ਦਾ ਮੂਲ're-legre', , ਭਾਵ ਬੰਨ੍ਹਣਾ, ਰੋਕਣਾ ਮੰਨਿਆ ਹੈ। ਇਸਦਾ ਸਮਭਾਵੀ ਸੰਸਕ੍ਰਿਤ ਸ਼ਬਦ ਧਰਮ ‘ਧ੍ਰੀ’ ਅਤੇ ‘ਮਨ’ ਦੇ ਜੋੜ ਤੋਂ ਬਣਦਾ ਹੈ। ਜਿਸਦੇ ਅਰਥ ਹਨ, ਕਰਤੱਵ, ਕਿਸੇ ਜਾਤੀ, ਸੰਪਰਦਾਇ ਆਦਿ ਦੇ ਪ੍ਰਚਲਿਤ ਵਿਹਾਰ ਦਾ ਪਾਲਣ, ਕਾਨੂੰਨ ਜਾਂ ਪ੍ਰਥਾ ਜਾਂ ਭਲਾਈ ਦੇ ਕੰਮ, ਨੇਕ ਕੰਮ ਆਦਿ।[1] ਇਸ ਤਰ੍ਹਾਂ ਧਰਮ ਮਨੁੱਖ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਨ ਵਾਲੀ ਸ਼ਕਤੀਸ਼ਾਲੀ ਸੰਸਥਾਂ ਵਜੋਂ ਸਹਾਈ ਹੁੰਦਾ ਹੈ।

ਲੋਕ-ਧਰਮ[ਸੋਧੋ]

ਲੋਕ ਧਰਮ ਇੱਕ ਅਜਿਹਾ ਸੰਕਲਪ ਹੈ, ਜਿਸ ਵਿੱਚ ਲੋਕ-ਜੀਵਨ ਦੀਆਂ ਅਨੇਕਾਂ ਆਪ ਮੁਹਾਰੀਆਂ ਲਹਿਰਾਂ ਦੀ ਝਲਕ ਹੁੰਦੀ ਹੈ। ਕਿਸੇ ਅਣਡਿੱਠੀ, ਵਜੂਦ ਰਹਿਤ ਚੀਜ਼ ਦੀ ਹੋਂਦ ਨੂੰ ਚਿਤਵ ਲੈਣਾ ਅਤੇ ਉਸਨੂੰ ਵਾਸਤਵਿਕ ਰੂਪ ਵਿੱਚ ਪ੍ਰਵਾਨ ਕਰ ਲੈਣਾ, ਲੋਕ-ਮਾਨਸ ਦੀ ਸੁਭਾਵਿਕ ਪ੍ਰਵਿਰਤੀ ਹੈ। ਇਸੇ ਸੁਭਾਵਿਕ ਪ੍ਰਵਿਰਤੀ ਵਿਚੋਂ ਹੀ ਲੋਕ-ਧਰਮ ਦਾ ਜਨਮ ਹੋਇਆ ਹੈ।[2] ਲੋਕ-ਧਰਮ ਦੀ ਇਤਿਹਾਸਕ ਪਿਠਭੂਮੀ ਨੂੰ ਸਮਝਣ ਲਈ ਮੂਲ ਧਰਮ ਅਤੇ ਆਦਿ-ਕਾਲੀਨ ਧਰਮ ਦੀਆਂ ਰੂੜ੍ਹੀਆਂ ਨੂੰ ਸਮਝਣ ਦੀ ਲੋੜ ਹੈ। ਪੁਰਾਤਤਵ ਵਿਗਿਆਨੀ ਅਤੇ ਮਾਨਵ ਵਿਗਿਆਨੀ ਆਪਣੀ ਖੋਜ ਦੇ ਅਧਾਰ ਤੇ ਇਸ ਸਿੱਟੇ ਤੇ ਪਹੁੰਚੇ ਹਨ ਕਿ ਅੱਜ ਦੇ ਤਕਰੀਬਨ 150,000 ਸਾਲ ਪਹਿਲਾਂ ਵੱਸਣ ਵਾਲੇ ਸਾਡੇ ਪੂਰਵਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਰਾਭੌਤਿਕ ਸ਼ਕਤੀਆਂ ਦੀ ਪੂਜਾ ਕਰਦੇ ਹਨ। ਪਰ ਸਾਡਾ ਲਿਖਤੀ ਇਤਿਹਾਸ ਤਾਂ ਅੱਜ ਤੋਂ 5000 ਸਾਲ ਪਿੱਛੇ ਤੱਕ ਦਾ ਹੈ। ਜੇਕਰ ਇਹ ਮੰਨ ਲਿਆ ਜਾਵੇ ਕਿ ਅੱਜ ਤੋਂ 150,000 ਸਾਲ ਪਹਿਲਾਂ ਪਿੱਤਰ ਪੂਜਾ ਪ੍ਰਚਲਿਤ ਸੀ ਅਤੇ ਮੌਤ ਤੋਂ ਪਿਛੋਂ ਉਹ ਆਤਮਾ ਦੀ ਹੋਂਦ ਨੂੰ ਮੰਨਦੇ ਸਨ ਤਾਂ ਇਹ ਗੱਲ ਜ਼ਰੂਰੀ ਹੈ ਕਿ ਇਨ੍ਹਾਂ ਵਿਸ਼ਵਾਸਾਂ ਵਿੱਚ ਲਿਖਤੀ ਇਤਿਹਾਸ ਤੱਕ ਜ਼ਰੂਰ ਪਰਿਵਰਤਨ ਆਇਆ ਹੋਵੇਗਾ। ਆਰੰਭਿਕ ਧਰਮ ਦੇ ਸਰੂਪ ਅਤੇ ਉਸ ਵਿੱਚ ਹੋਈਆਂ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਵਾਲਾ ਕੋਈ ਪ੍ਰਮਾਣਿਕ ਸਰੋਤ ਸਾਡੇ ਪਾਸ ਨਹੀਂ ਹੈ। ਪਰ ਇੱਕ ਗੱਲ ਨਿਸ਼ਚੇ ਨਾਲ ਕਹੀ ਜਾ ਸਕਦੀ ਹੈ ਕਿ ਧਰਮ ਦਾ ਜੋ ਸਰੂਪ ਪਹਿਲੇ ਸੀ ਉਹ ਲਿਖਤੀ ਇਤਿਹਾਸ ਤੱਕ ਪਹੁੰਚਦੇ ਜ਼ਰੂਰ ਕਾਫੀ ਤਬਦੀਲ ਹੋ ਚੁੱਕਾ ਹੋਵੇਗਾ।[3] ਧਰਮ ਸਭਿਆਚਾਰ ਵਾਂਗ ਕਈ ਪੜਾਵਾਂ ਵਿਚੋਂ ਲੰਘਿਆ। ਪਹਿਲੇ ਪੜਾਵਾਂ ਵਿੱਚ ਆਤਮਸ਼ੀਲ ਚਿੰਤਨ ਇਸਦਾ ਇੱਕ ਅਹਿਮ ਪੜਾਅ ਸੀ। ਜਦੋਂ ਇਹ ਧਾਰਨਾ ਬਣੀ ਕਿ ਹਰ ਵਸਤੂ ਭਾਵੇਂ ਉਹ ਜੜ੍ਹ ਹੋਵੇ ਤੇ ਭਾਵੇਂ ਚੇਤਨ, ਉਸ ਵਿੱਚ ਆਤਮਾ ਤੱਤ ਹੈ ਤੇ ਇਹੋ ਧਾਰਨਾ ਫੈਲਦੀ ਹੋਈ ਸਰਗੁਣ ਸਰੂਪ ਦਾ ਰੂਪ ਧਾਰਨ ਕਰ ਗਈ। ਇਸੇ ਤਰ੍ਹਾਂ ਮੋਏ ਪ੍ਰਾਣੀਆਂ ਦੀ ਪਿਤਰ ਪੂਜਾ ਤੋਂ ਇਹ ਚਿੰਤਨ ਟੋਟਮ ਵਿੱਚ ਕਿਸੇ ਬਲਵਾਨ ਰਹੱਸਮਈ ਸ਼ਕਤੀ ਨੂੰ ਪਛਾਣਦਾ ਹੋਇਆ ਦੇਵੀ-ਦੇਵਤਿਆਂ ਦੀ ਪੂਜਾ ਤੱਕ ਯਾਤਰਾ ਕਰਦਾ ਇੱਕ ਰੱਬ ਦੀ ਹੋਂਦ ਵਿੱਚ ਆਸਥਾ ਰੱਖਣ ਲੱਗਾ।[4]

ਲੋਕ ਧਰਮ ਦਾ ਸਰੂਪ[ਸੋਧੋ]

ਲੋਕ-ਧਰਮ ਕੇਵਲ ਵਹਿਮਾਂ-ਭਰਮਾਂ ਜਾਂ ਵਿਸ਼ਵਾਸ਼ਾਂ ਦੀ ਵਲਗਣ ਵਿੱਚ ਲੋਕਾਂ ਨੂੰ ਬੰਦੀਵਾਨ ਬਣਾ ਕੇ ਨਹੀਂ ਰੱਖਦਾ, ਸਗੋਂ ਉਨ੍ਹਾਂ ਦੀਆਂ ਸੁਤੰਤਰ ਪ੍ਰਵਿਰਤੀਆਂ ਨੂੰ ਉਤੇਜਿਤ ਵੀ ਕਰਦਾ ਹੈ। ਲੋਕਧਰਮ ਮੁੱਢ ਕਦੀਮ ਤੋਂ ਊਚ-ਨੀਚ ਅਤੇ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਰਿਹਾ ਹੈ। ਨਿਯਮਾਂ ਦਾ ਬੰਧਨ ਵਿਸ਼ਿਸ਼ਟ ਧਰਮ ਵਿੱਚ ਰਿਹਾ ਹੈ, ਲੋਕ ਧਰਮ ਵਿੱਚ ਨਹੀਂ। ਉਂਜ ਕਿਸੇ ਵੀ ਵਿਸ਼ਿਸਟ ਧਰਮ ਨੂੰ ਖਾਲਸ ਸਰੂਪ ਵਾਲਾ ਨਹੀਂ ਮੰਨਿਆ ਜਾ ਸਕਦਾ। ਵਿਸ਼ਿਸਟ ਧਰਮ ਲੋਕ ਧਰਮ ਨੂੰ ਅਤੇ ਲੋਕ ਧਰਮ ਵਿਸ਼ਿਸਟ ਧਰਮ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਲੋਕ-ਧਰਮ ਅਸਲ ਵਿੱਚ ਮਾਨਵ ਧਰਮ ਦਾ ਹੀ ਵਿਸਤ੍ਰਿਤ ਰੂਪ ਹੈ। [5] “ਲੋਕ ਧਰਮ ਇੱਕ ਅਜਿਹਾ ਸੰਕਲਪ ਹੈ, ਜਿਸ ਦੀ ਆਧਾਰਸ਼ਿਲਾ ਲੋਕ ਵਿਸ਼ਵਾਸ ਹਨ ਅਤੇ ਲੋਕ ਵਿਸ਼ਵਾਸ ਦਾ ਇੱਕ ਮਹੱਤਵਪੂਰਨ ਅੰਗ ਹਨ। ਆਦਿ ਮਨੁੱਖ ਜਦੋਂ ਜੰਗਲਾਂ ਵਿੱਚ ਰਹਿੰਦਾ ਸੀ ਉਦੋਂ ਉਸ ਦੀ ਬੁੱਧੀ ਬਹੁਤ ਬਿਬੇਕ ਨਹੀਂ ਸੀ, ਉਹ ਕੁਦਰਤੀ ਸ਼ਕਤੀਆਂ ਸੂਰਜ, ਅੱਗ, ਚੰਦ, ਤਾਰੇ ਅਤੇ ਹੋਰ ਗ੍ਰਹਿਆਂ ਤੋਂ ਬੜਾ ਭੈ-ਭੀਤ ਰਹਿੰਦਾ ਸੀ, ਉਸਨੂੰ ਹਮੇਸ਼ਾ ਇਸ ਗੱਲ ਦਾ ਤੋਖਲਾ ਰਹਿੰਦਾ ਸੀ ਕਿ ਕੁਦਰਤੀ ਸ਼ਕਤੀਆਂ ਉਸ ਨੂੰ ਕਿਧਰੇ ਨੁਕਸਾਨ ਨਾ ਪਹੁੰਚਾ ਦੇਣ। ਇਸ ਲਈ ਕਿਸੇ ਅਣਡਿੱਠੀ, ਵਜੂਦ ਰਹਿਤ ਚੀਜ਼ ਦੀ ਹੋਂਦ ਨੂੰ ਚਿੱਤਵ ਲੈਣਾ ਅਤੇ ਉਸ ਨੂੰ ਵਾਸਤਵਿਕ ਰੂਪ ਵਿੱਚ ਪ੍ਰਵਾਨ ਕਰ ਲੈਣਾ ਲੋਕ-ਮਾਨਸ ਦੀ ਸੁਭਾਵਿਕ ਪ੍ਰਵਿਰਤੀ ਬਣ ਗਈ। ਇਸ ਡਰ, ਭੈਅ, ਤੋਖਲੇ ਨੇ ਧਰਮ ਦੀ ਸਥਾਪਨਾ ਵਿੱਚ ਵੱਡਾ ਯੋਗਦਾਨ ਪਾਇਆ। ਫਿਰ ਉਸ ਨੇ ਇਸ ਕਰੋਪੀ ਤੋਂ ਡਰਦੇ ਉਨ੍ਹਾਂ ਸ਼ਕਤੀਆਂ ਦੀ ਪੂਜਾ ਆਰੰਭ ਕਰ ਦਿੱਤੀ ਉਸ ਦਾ ਇਹ ਪੱਕਾ ਨਿਸ਼ਚਾ ਬਣ ਗਿਆ ਕਿ ਜੋ ਕੋਈ ਕੰਮ ਨਹੀਂ ਹੋ ਸਕਦਾ, ਉਹ ਪੂਜਾ, ਅਰਦਾਸ ਅਤੇ ਸੁੱਖਣਾ ਸੁੱਖਣ ਨਾਲ ਹੋ ਸਕਦਾ ਹੈ। ਇਸ ਪ੍ਰਕਾਰ ਇਨ੍ਹਾਂ ਪਰਾਸਰੀਰਕ ਸ਼ਕਤੀਆਂ ਨੂੰ ਵੱਖ-ਵੱਖ ਢੰਗਾਂ ਨਾਲ ਮਨਾਉਣ, ਖੁਸ਼ ਕਰਨ ਜਾਂ ਕਾਬੂ ਕਰਨ ਦੇ ਵੱਖ-ਵੱਖ ਪੱਖਾਂ ਨੇ ਲੋਕ ਧਰਮ ਨੂੰ ਜਨਮ ਦਿੱਤਾ।"[6] “ਲੋਕ ਧਰਮ ਮਾਨਵਵਾਦੀ ਹੈ। ਇਸਦਾ ਮਨੋਰਥ ਲੌਕਿਕ ਯੁੱਗ ਵਿੱਚ ਵਿਅਕਤੀ ਨੂੰ ਦੁੱਖਾਂ, ਕਸ਼ਟਾਂ, ਮੁਸੀਬਤਾਂ ਤੋਂ ਬਚਾਉਣਾ ਹੈ। ਕੁਦਰਤੀ ਸ਼ਕਤੀਆਂ ਦੇ ਚੰਗੇ ‘ਪ੍ਰਭਾਵ ਨੂੰ ਗ੍ਰਹਿਣ ਕਰਣਾ` ਅਤੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਵੱਖੋ-ਵੱਖਰੇ ਉਪਾਅ ਜਾਂ ਪੂਜਾ-ਵਿਧੀਆਂ ਨੂੰ ਅਪਣਾਉਣਾ ਹੈ, ਜਦੋਂ ਕਿ ਵਿਸ਼ਿਸ਼ਟ ਧਰਮ ਵਿੱਚ ਪਰਾਲੌਕਿ ਜਗਤ ਵਿੱਚ ਖੁਸ਼ਹਾਲੀ ਅਤੇ ਜਨਮ ਮਰਨ ਤੋਂ ਮੁਕਤੀ ਦਿਵਾਉਣਾ।"[7] “ਪਰਿਭਾਸ਼ਾ : ਕਰਨੈਲ ਸਿੰਘ ਥਿੰਦ ਦੇ ਵਿਚਾਰ ਅਨੁਸਾਰ, “ਇਸ ਵਿੱਚ ਨਰਕ ਸਵਰਗ ਅਤੇ ਚੋਰਾਸੀ ਲੱਖ ਜੂਨਾਂ ਵਿੱਚ ਵਿਸ਼ਵਾਸ, ਦੇਵੀ ਦੇਵਤਿਆਂ ਦੀ ਪੂਜਾ, ਸੁੱਖਣਾ, ਮੰਨਤ, ਚੜਾਵਾ, ਵਰਤ, ਤੀਰਥ ਯਾਤਰਾ, ਤੀਰਥ ਇਸ਼ਨਾਨ, ਸੂਰਜ ਅਤੇ ਚੰਦ ਗ੍ਰਹਿਣ ਬਾਰੇ ਵਿਸ਼ਵਾਸ ਪੂਜਾ ਪਾਠ, ਜੰਤਰ ਮੰਤਰ, ਸ਼ਰਾਪ, ਸ਼ਗਨ ਅਪਸ਼ਗਨ ਆਦਿ ਵਿਸ਼ੇ ਆਉਂਦੇ ਹਨ। ਅਸਲ ਵਿੱਚ ਲੋਕਧਾਰਾ ਇੱਕ ਅਜਿਹਾ ਸੰਕਲਪ ਹੈ ਜਿਸ ਵਿੱਚ ਜਨ-ਜੀਵਨ ਦੀਆ ਅਨੇਕਾਂ ਆਪ-ਮੁਹਾਰੀਆਂ ਲਹਿਰਾਂ ਦੀ ਝਲਕ ਹੁੰਦੀ ਹੈ। ਡਰ, ਤੋਖਲੇ, ਸ਼ੰਕੇ ਅਤੇ ਭੈਅ ਲੋਕ ਧਰਮ ਦੀ ਹੋਂਦ ਨੂੰ ਨਿਰਧਾਰਿਤ ਕਰਨ ਵਿੱਚ ਸਹਾਈ ਹੁੰਦੇ ਹਨ।"[8] ਸਰੂਪ : “ਲੋਕ ਧਰਮ, ਸਰਬ-ਸਾਂਝਾ ਧਰਮ ਹੈ। ਸਾਰੇ ਫਿ਼ਰਕਿਆਂ ਅਤੇ ਵੱਖ-ਵੱਖ ਵਿਸ਼ਿਸ਼ਟ ਧਰਮ ਦੇ ਧਾਰਨੀ ਵੀ ਇਸ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਪੂਜਾ ਵਿਧੀਆਂ ਨੂੰ ਅਪਣਾਉਂਦੇ ਹਨ। ਇਸ ਪ੍ਰਕਾਰ ਲੋਕ ਧਰਮ ਦਾ ਵਿਸ਼ਾਲ ਵਿਸ਼ਾ ਖੇਤਰ ਹੈ। ਲੋਕ ਧਰਮ ਮਾਨਵਤਾ ਦਾ ਹਾਣੀ ਹੈ। ਕੋਈ ਵੀ ਸਮਾਜ ਭਾਵ ਉਹ ਵਿਕਾਸ ਦੇ ਕਿਸੇ ਵੀ ਪੜਾਅ ਵਿਚੋਂ ਲੰਘ ਰਿਹਾ ਹੋਵੇ, ਲੋਕ ਧਰਮ ਦੀ ਭਾਵਨਾ ਤੋਂ ਪੂਰੀ ਤਰ੍ਹਾਂ ਮੁਕਤ ਕਰਾਰ ਨਹੀਂ ਦਿੱਤਾ ਜਾ ਸਕਦਾ, ਲੋਕ ਧਰਮ ਦੀ ਕੋਈ ਨਾ ਕੋਈ ਝਲਕ ਹਰ ਵਿਅਕਤੀ ਅਤੇ ਉਸ ਨਾਲ ਸੰਬੰਧਤ ਸਮਾਜ ਅੰਦਰ ਤੱਕੀ ਜਾ ਸਕਦੀ ਹੈ।"[9] “ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਪੁਰਾਤਨ ਸਮੇਂ ਵਿੱਚ ਪੂਰੀ ਤਰ੍ਹਾਂ ਪ੍ਰਕਿਰਤੀ ਦੇ ਰਹਿਮੋ ਕਰਮ ਉੱਪਰ ਨਿਰਭਰ ਕਰਦੀ ਸੀ। ਭੂਗੋਲਿਕ ਹੱਦਾਂ ਵੀ ਇਸ ਨੂੰ ਲੋਕਧਾਰਾਈ ਰੰਗਤ ਦੇਣ ਵਿੱਚ ਸਹਾਈ ਹੋਈਆਂ ਹਨ। ਪਹਾੜੀਆਂ ਨਾਲ ਟਕਰਾ ਕੇ ਜਦੋਂ ਸਮੁੰਦਰੀ ਪੌਣਾਂ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਬਾਰਿਸ਼ ਕਰਦੀਆਂ ਹਨ ਤਾਂ ਮਾਨਵ ਨੂੰ ਜੀਵਨ ਦੇਣ ਵਾਲਾ ਅੰਨ ਪੈਦਾ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਜੇ ਮਾਨਵ ਇਹ ਮੰਨ ਲਵੇ ਕਿ ਮਨੁੱਖ ਨੂੰ ਜੀਵਨ ਦਾਨ ਦੇਣ ਵਾਲਾ ਸ਼ਿਵ ਭੋਲੇਨਾਥ ਪਹਾੜੀ ਦੀ ਚੋਟੀ ਉਤੇ ਨਿਵਾਸ ਕਰਦਾ ਹੈ ਤਾਂ ਇਸ ਵਿੱਚ ਲੋਕ ਮਾਨਸ ਦਾ ਕੀ ਦੋਸ਼ ? ਉਸ ਨੂੰ ਤਾਂ ਜੀਵਨ ਦਾਨ ਸਚਮੁੱਚ ਮਿਲ ਰਿਹਾ ਹੈ। ਇਹ ਸਾਰਾ ਕੁੱਝ ਕੌਣ ਕਰਦਾ ਹੈ ? ਤੇ ਕਿਵੇਂ ਹੋ ਰਿਹਾ ਹੈ ? ਇਸ ਬਾਰੇ ਸੋਚਣ ਦੀ ਉਸ ਨੂੰ ਲੋੜ ਹੀ ਨਹੀਂ ਜਾਪਦੀ। ਉਸ ਨੂੰ ਫ਼ਲ ਖਾਣ ਤੱਕ ਮਤਲਬ ਹੈ ਪੇੜ ਗਿਣਨਾ ਉਸ ਦੀ ਫਿਤਰਤ ਨਹੀਂ ਹੈ।"[10]

ਲੋਕ ਧਰਮ ਦਾ ਅਰਥ ਖੇਤਰ[ਸੋਧੋ]

ਖੇਤਰ“ਲੋਕ ਧਰਮ ਦਾ ਅਰਥ ਖੇਤਰ ਅਤਿਅੰਤ ਵਿਸ਼ਾਲ ਹੈ। ਲੋਕ ਧਰਮ ਨੂੰ ਸੰਸਥਾਈ ਧਰਮ ਨਾਲੋਂ ਨਿਖੇੜਿਆ ਤਾਂ ਜਾ ਸਕਦਾ ਹੈ ਪਰ ਲੋਕ ਧਰਮ ਨੂੰ ਪਰਿਭਾਸ਼ਿਤ ਕਰਨ ਦਾ ਕਾਰਜ ਕਠਿਨ ਹੈ। ਕਿਉਂਕ ਲੋਕ ਧਰਮ ਦਾ ਸਬੰਧ ਹਮੇਸ਼ਾ ਲੋਕ ਮਾਨਸ ਨਾਲ ਰਿਹਾ ਹੈ, ਜਿਸ ਦੀ ਜੋਤ ਹਰ ਇੱਕ ਵਿਅਕਤੀ ਦੇ ਅੰਦਰ ਜਗਦੀ ਰਹਿੰਦੀ ਹੈ। ਉਸ ਮੱਧਮ ਜਾਂ ਪੂਰੀ ਤਰ੍ਰਾਂ ਪ੍ਰਜੁਲਿਤ ਤਾਂ ਹੋ ਸਕਦੀ ਹੈ ਪਰ ਅਲੋਪ ਉੱਕਾ ਨਹੀਂ ਹੁੰਦੀ। ਇਸ ਪ੍ਰਕਾਰ ਲੋਕ ਧਰਮ ਦੀਆਂ ਜੜ੍ਹਾਂ ਮਾਨਵ ਦੇ ਅਚੇਤ ਮਨ ਵਿੱਚ ਹੁੰਦੀਆਂ ਹਨ। ਇਸਦਾ ਦਾਇਰਾ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਮੁਕਤ ਹੁੰਦਾ ਹੈ। ਧਰਮ ਭਾਵੇਂ ਉਹ ਲੋਕ ਧਰਮ ਹੋਵੇ ਜਾਂ ਵਿਸ਼ਿਸ਼ਟ ਧਰਮ, ਉਹ ਕਿਸੇ ਜਾਤੀ ਜਾਂ ਸਮਾਜ ਦੀ ਸਭਿਆਚਾਰਕ ਪਹੁੰਚ ਦਾ ਹੀ ਫ਼ਲ ਹੁੰਦਾ ਹੈ।"[11] “ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਲੋਕ ਧਰਮ ਪਰਿਵਰਤਨਸ਼ੀਲ ਨਹੀਂ ਹੈ। ਸਮਾਜਿਕ ਆਰਥਿਕ ਹਾਲਾਤਾਂ ਵਿੱਚ ਆਈ ਤਬਦੀਲੀ ਸਮਾਜ ਦੇ ਸਭਿਆਚਾਰਕ ਢਾਂਚੇ ਨੂੰ ਵੀ ਪ੍ਰਭਾਵਿਤ ਕਰਦੀ ਹੈ। ਲੋਕ ਧਰਮ ਵੀ ਸਮਾਜ ਦਾ ਇੱਕ ਸਭਿਆਚਾਰਕ ਵਰਤਰਾ ਹੈ। ਇਸ ਵਿੱਚ ਪਰਿਵਰਤਨ ਹੋਣਾ ਵੀ ਅਨਿਵਾਰੀ ਹੈ ਪਰ ਲੋਕਧਾਰਾਈ ਵਰਤਾਰਿਆਂ ਵਿੱਚ ਤਬਦੀਲੀ ਅਤਿਅੰਤ ਧੀਮੀ ਗਤੀ ਨਾਲ ਹੁੰਦੀ ਹੈ। ਲੋਕ ਧਰਮ ਪ੍ਰਤੀ ਜੋ ਰੁਖ਼ ਮੱਧਕਾਲੀ ਮਾਨਵ ਰੱਖਦਾ ਸੀ, ਵਰਤਮਾਨ ਸਮੇਂ ਵਿਚਲੇ ਮਾਨਵ ਅੰਦਰ ਉਸ ਦੀ ਉਹ ਆਸਥਾ ਨਹੀਂ ਹੈ। ਪਰ ਇਹ ਭਾਵਨਾ ਉੱਕਾ ਖਤਮ ਨਹੀਂ ਹੋਈ, ਕਿਸੇ ਨਾ ਕਿਸੇ ਰੂਪ ਵਿੱਚ ਹਾਲੇ ਤੱਕ ਜਿਉਂਦੀ ਹੈ। ਹੈਦਰ ਸ਼ੇਖ ਦੀ ਚੌਂਕੀ ਭਰਨਾ, ਛਪਾਰ ਦੀ ਗੁੱਗਾ ਮਾੜੀ, ਜਰਗ ਵਿਖੇ ਸ਼ੀਤਲਾ ਮਾਤਾ ਦੇ ਸਥਾਨ ਦੀ ਪੂਜਾ ਲਈ, ਮਾਈਸਰਖਾਨੇ ਦੇਵੀ ਦੇ ਮੇਲੇ ਲਈ ਬੱਸਾਂ ਗੱਡੀਆਂ ਦੀ ਭੀੜ ਹਾਲੇ ਘਟੀ ਨਹੀਂ ਹੈ, ਸ਼ਰਧਾਲੂਆਂ ਵਿੱਚ ਭਾਵੇਂ ਸ਼ਰਧਾ ਦਾ ਸਰੂਪ ਬਦਲ ਗਿਆ ਹੋਵੇ ਪਰ ਲੋਕ ਧਰਮ ਦੀ ਹੋਂਦ ਹਾਲੇ ਅਸਵੀਕਾਰ ਨਹੀਂ ਹੋ ਸਕੀ।"[12] “ਲੋਕ ਧਰਮ ਦੇ ਅਰਥ ਖੇਤਰ ਵਿੱਚ ਮਾਨਵ ਜੀਵਨ ਦੇ ਅਨੇਕ ਪੱਖ ਸਮਾਏ ਹੋਏ ਹਨ, ਜਿਵੇਂ ਨਰਕ ਸਵਰਗ ਦੀ ਹੋਂਦ, ਚੌਰਾਸੀ ਲੱਖ ਜੂਨਾਂ ਵਿੱਚ ਵਿਸ਼ਵਾਸ, ਦੇਵੀ ਦੇਵਤਿਆਂ ਦੀ ਹੋਂਦ ਵਿੱਚ ਵਿਸ਼ਵਾਸ, ਉਨ੍ਹਾਂ ਦੀ ਪੂਜਾ ਨਾਲ ਫਲ ਦੀ ਪ੍ਰਾਪਤੀ, ਸੁੱਖਣਾ, ਮੰਨਤ ਮਨਾਉਂਤਾ, ਭੇਟਾਂ ਚੜਾਵੇ, ਵਰਤ, ਤੀਰਥ ਯਾਤਰ, ਜੰਤਰ, ਮੰਤਰ ਜਾਪ, ਧਾਗੇ, ਤਵੀਤ ਆਦਿ ਅਨੇਕਾਂ ਰੂਪਾਂ ਵਿੱਚ ਲੋਕ ਧਰਮ ਲੋਕ ਮਨ ਵਿੱਚ ਵੱਸਿਆ ਹੋਇਆ ਹੈ।"[13] ਇਸ ਪ੍ਰਕਾਰ ਅਸੀਂ ਲੋਕ ਧਰਮ ਦੇ ਹੱਥਲੇ ਵਿਸ਼ੇ ਦੇ ਪੱਖਾਂ ਦੀ ਵਿਸਥਾਰ ਨਾਲ ਵਿਆਖਿਆ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਲੋਕ ਧਰਮ ਅਸਲ ਵਿੱਚ ਮਾਨਵ ਧਰਮ ਦਾ ਹੀ ਵਿਸਤ੍ਰਿਤ ਰੂਪ ਹੈ। ਲੋਕ ਧਰਮ ਕੇਵਲ ਵਹਿਮਾਂ ਭਰਮਾਂ ਜਾਂ ਵਿਸ਼ਵਾਸਾਂ ਦੀ ਵਲਗਣ ਵਿੱਚ ਲੋਕਾਂ ਨੂੰ ਬੰਦੀਵਾਨ ਬਣਾ ਕੇ ਨਹੀਂ ਰੱਖਦਾ, ਸਗੋਂ ਉਨ੍ਹਾਂ ਦੀਆਂ ਸੁਤੰਤਰ ਪ੍ਰਵਿਰਤੀਆਂ ਨੂੰ ਉਤੇਜਿਤ ਵੀ ਕਰਦਾ ਹੈ। ਲੋਕ ਮਨ ਦੀ ਇਹ ਖੂਬੀ ਹੈ ਕਿ ਉਹ ਵਿਸ਼ਿਸ਼ਟ ਧਰਮ ਦੇ ਅਸੂਲਾਂ ਦੀ ਪਾਲਣਾ ਵੀ ਕਰਦਾ ਰਹਿੰਦਾ ਹੈ ਅਤੇ ਨਾਲ-ਨਾਲ ਲੋਕ ਧਰਮ ਦੇ ਕਰਮ ਕਾਂਡ ਵੀ ਨਿਭਾਉਂਦਾ ਰਹਿੰਦਾ ਹੈ।

ਹਵਾਲੇ[ਸੋਧੋ]

 1. ਡਾ. ਦਰਿਆ, ਪੰਜਾਬ ਲੋਕ-ਧਰਮ: ਇੱਕ ਅਧਿਐਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ 2004, ਪੰਨਾ-9
 2. ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ: ਮੁੱਢਲੀ ਜਾਣ-ਪਛਾਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ 2010, ਪੰਨਾ-76
 3. ਬਲਬੀਰ ਸਿੰਘ ਪੂਨੀ, ਲੋਕਧਾਰਾ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ 1993, ਪੰਨਾ-119.
 4. ਵਣਜਾਰਾ ਬੇਦੀ, ਲੋਕ-ਧਰਮ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 2007, ਪੰਨਾ-10-11.
 5. ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ: ਮੁੱਢਲੀ ਜਾਣ-ਪਛਾਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ 2010, ਪੰਨਾ-78-79
 6. ਬਲਬੀਰ ਸਿੰਘ, ਪੂਨੀ, ਲੋਕਧਾਰਾ ਅਧਿਐਨ, ਰੂਹੀ ਪ੍ਰਕਾਸ਼ਨ ਅੰਮ੍ਰਿਤਸਰ, ਪੰਨਾ 104
 7. ਉਹੀ, ਪੰਨਾ 104.
 8. ਉਹੀ, ਪੰਨਾ 104
 9. ਜੀਤ ਸਿੰਘ ਜੋਸ਼ੀ, ਲੋਕ ਧਰਮ, ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਪੰਨਾ 290.
 10. ਉਹੀ ਰਚਨਾ, ਪੰਨਾ 291.
 11. ਉਹੀ ਰਚਨਾ, ਪੰਨਾ 292.
 12. ਉਹੀ ਰਚਨਾ, ਪੰਨਾ 293.
 13. ਉਹੀ ਰਚਨਾ, ਪੰਨਾ 294.