ਲੋਕ ਪਰੰਪਰਾ ਅਤੇ ਸਾਹਿਤ
ਲੇਖਕ | ਸੰ:ਵਣਜਾਰਾ ਬੇਦੀ ਅਤੇ ਜਤਿੰਦਰ ਬੇਦੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਲੋਕ ਧਾਰਾ ਅਤੇ ਸਾਹਿਤ |
ਪ੍ਰਕਾਸ਼ਕ | ਪਰੰਪਰਾ ਪ੍ਰਕਾਸ਼ਨ,ਦਿੱਲੀ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 205 |
ਲੋਕ ਪਰੰਪਰਾ ਅਤੇ ਸਾਹਿਤ,ਵਣਜਾਰਾ ਬੇਦੀ ਅਤੇ ਜਤਿੰਦਰ ਬੇਦੀ ਦੁਆਰਾ ਸੰਪਾਦਕ ਕਿਤਾਬ ਹੈ।ਵਣਜਾਰਾ ਬੇਦੀ ਪੰਜਾਬੀ ਲੋਕ ਧਾਰਾ ਵਿੱਚ ਇੱਕ ਵੱਡੀ ਸ਼ਖਸ਼ੀਅਤ ਹੈ।ਇਸ ਲਈ ਇਹ ਕਿਤਾਬ ਪੰਜਾਬੀ ਸਭਿਆਚਾਰ ਤੇ ਲੋਕ-ਧਾਰਾ ਦੇ ਖੇਤਰ ਵਿੱਚ ਮਹੱਤਵਪੂਰਨ ਕਿਤਾਬ ਹੈ।
ਕਿਤਾਬ ਬਾਰੇ
[ਸੋਧੋ]ਇਸ ਕਿਤਾਬ ਵਿੱਚ ਵੱਖ-ਵੱਖ ਵਿਦਵਾਨਾਂ ਦੇ ਲੇਖ ਦਿੱਤੇ ਗਏ ਹਨ ਜੋ ਲੋਕ-ਧਾਰਾ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਤੇ ਚਾਨਣਾ ਪਾਉਂਦੇ ਹਨ।ਇਹਨਾਂ ਲੇਖਾਂ ਦੀ ਗਿਣਤੀ 35 ਹੈ,ਜੋ ਹੇਠ ਲਿਖੇ ਅਨੁਸਾਰ ਹੈ :
- ਲੋਕ-ਧਾਰਾ ਅਤੇ ਸਾਹਿਤ- ਵਣਜਾਰਾ ਬੇਦੀ
- ਪੰਜਾਬ ਦੇ ਪਖੀਵਾਸੀ ਕਬੀਲੇ :ਵਿਆਹ ਸੰਸਕਾਰ- ਡਾ.ਕਰਨੈਲ ਸਿੰਘ ਥਿੰਦ
- ਊਧੋ ਕਾਹਨ ਦੀ ਗੱਲ ਸੁਣਾ ਕੋਈ- ਡਾ.ਹਰਭਜਨ ਸਿੰਘ
- ਰਵਾਇਤਾਂ :ਕੰਧ ਦੀ ਸਵਾਰੀ- (ਲੋਕਧਾਰਾ ਵਿਸ਼ਵ ਕੋਸ਼)
- ਤਿਲੰਗਿਆਂ ਦੇ ਗੀਤ- ਸ਼ਹਰਯਾਰ
- ਮੱਧਕਾਲੀ ਕਥਾ ਦੇ ਦੋ ਰੂਪ:ਮੁਢੀ ਤੇ ਅਸਲਾ- ਵਣਜਾਰਾ ਬੇਦੀ
- ਲੋਕ ਕਹਾਣੀਆਂ ਦੀ ਖਾਨਾ ਬਦੋਸ਼ੀ- ਜੋਗਿੰਦਰ ਕੈਰੋਂ
- ਸੱਜੇ-ਖੱਬੇ ਦਾ ਸੰਕਲਪ- ਲ.ਵ.ਕ
- ਲੋਕ-ਕਾਵਿ ਰੂਪ ਪੱਤਲ- ਨਰਵਿੰਦਰ ਸਿੰਘ
- ਲੋਕ-ਗੀਤ :ਨਿਮਨ ਗੀਤ- ਇਕਬਾਲ ਸਿੰਘ
- ਲੋਕ ਵਿਰਸਾ- ਡਾ.ਰੋਸ਼ਨ ਲਾਲ ਆਹੂਜਾ
- ਪੰਜਾਬੀ ਲੋਕ-ਅਵਦਾਨ ਅਤੇ ਇਸਤਰੀ- ਰਾਇ ਜਸਬੀਰ
- ਕਾਵਿ ਤੇ ਲੋਕ-ਕਾਵਿ- ਵਣਜਾਰਾ ਬੇਦੀ
- ਲੋਕਯਾਨ ਅਧਿਐਨ:ਨਵ ਪਰਿਪੇਖ- ਡਾ.ਤਰਲੋਕ ਸਿੰਘ ਕੰਵਰ
- ਭਾਈ ਗੁਰਦਾਸ ਦੀ ਪਹਿਲੀ ਵਾਰ :ਲੋਕਯਾਨਕ ਅਧਿਐਨ- ਡਾ.ਜਗਬੀਰ ਸਿੰਘ
- ਇਕੌਤਰ ਸੌ ਦਾ ਸੰਕਲਪ- ਲ.ਵ.ਕ
- ਵਿੱਚ-ਵਿੱਚ ਰਖ ਦੇ ਮੋਰੀਆਂ- ਸ਼ਹਰਯਾਰ
- ਮਾਈ ਸਾਂਝੀ- ਲ.ਵ.ਕ
- ਕਥਾ –ਵਾਚਕ ਸ਼ੈਲੀਆਂ(ਲੋਕ ਸੰਚਾਰ ਜੁਗਤਾਂ ਦੇ ਰੂਪ ਵਿੱਚ)- ਡਾ.ਆਤਮਜੀਤ ਸਿੰਘ
- ਲੋਕ-ਸਾਹਿਤ :ਪੁਨਰ ਮੁਲੰਕਣ- ਸ਼ਿਆਮ ਪਰਮਾਰ
- ਪੰਜਾਬੀ ਲੋਕਯਾਨ ਵਿੱਚ ਮਹਾਰਾਜਾ ਰਣਜੀਤ ਸਿੰਘ- ਡਾ.ਧਰਮ ਸਿੰਘ
- ਸਾਡਾ ਲੋਕ ਵਿਰਸਾ (ਮਰਾਸੀਆਂ ਦੀਆਂ ਟਿਚਕਰਾਂ)- ਗੁਰਮੀਤ ਕੌਰ ਬਾਹਨ
- ਕਾਵਿ ਸੰਸਕਾਰ ਤੇ ਲੋਕ ਮਨ- ਵਣਜਾਰਾ ਬੇਦੀ
- ਮਿੱਥ ਦਾ ਅਧਿਐਨ- ਡਾ.ਸਤਿੰਦਰ ਸਿੰਘ ਨੂਰ
- ਲੋਕ ਵਿਰਸੇ ਦੀ ਸੰਭਾਲ- ਡਾ.ਕਰਨੈਲ ਸਿੰਘ ਥਿੰਦ
- ਪੁਰਾਣ ਕਥਾ ,ਧਰਮ ਤੇ ਅਨੁਸ਼ਠਾਨ- ਜੋਗਿੰਦਰ ਕੈਰੋਂ
- ਲੋਕਯਾਨ,ਬਾਣੀ,ਸਾਖੀਆਂ ਤੇ ਚਿੰਨ੍ਹ- ਡਾ.ਤਾਰਨ ਸਿੰਘ
- ਗੁਰੂ ਨਾਨਕ ਬਾਣੀ ਦਾ ਲੋਕ-ਤਾਤਵਿਕ ਅਧਿਐਨ- ਜਗਜੀਤ ਸਿੰਘ
- ਲੋਕਯਾਨ ਤੇ ਲੋਕਯਾਨ-ਸ਼ਾਸ਼ਤਰ- ਡਾ.ਜਗਬੀਰ ਸਿੰਘ
- ਗਲੀ-ਗਲੀ ਵਣਜਾਰਾ ਫਿਰਦਾ- ਅਫ਼ਜਲ ਪਰਵੇਜ਼
- ਪ੍ਰਮਾਣਿਕ ਲੋਕ ਗੀਤ-ਇੱਕ ਪਛਾਣ- ਨਾਹਰ ਸਿੰਘ
- ਕਿ ਰਾਜਾ ਰਸਾਲੂ ਤੇ ਪੂਰਨ ਸਮਕਾਲੀ ਸਨ- ਲ.ਵ.ਕ
- ਲੋਕ ਅਤੇ ਲੋਕ-ਸੰਸਕ੍ਰਿਤੀ- ਵਣਜਾਰਾ ਬੇਦੀ
- ਛੰਤ ਕਾਵਿ ਰੂੜੀ- ਡਾ. ਮਹਿੰਦਰ ਕੌਰ ਗਿੱਲ
- ਲੋਕਯਾਨ ਤੇ ਮਨੋਵਿਗਿਆਨ- ਡਾ.ਰੋਸ਼ਨ ਲਾਲ ਆਹੂਜਾ
- ਵਣਜਾਰਾ ਬੇਦੀ ਆਪਣੇ ਪਹਿਲੇ ਲੇਖ ਲੋਕਧਾਰਾ ਅਤੇ ਸਾਹਿਤ ਬਾਰੇ ਲਿਖਦੇ ਹਨ ਕਿ ਲੋਕਧਾਰਾ,ਲੋਕ-ਸੰਸਕ੍ਰਿਤੀ ਵਿੱਚੋਂ ਹੀ ਉਪਜਦੀ ਹੈ।ਲੋਕਧਾਰਾ,ਲੋਕ-ਸੰਸਕ੍ਰਿਤੀ ਦਾ ਹੀ ਭਾਵੁਕ ਤੇ ਬੌਧਿਕ ਪਰਪੰਚ ਹੈ।ਪਰੰਪਰਾ ਮੁੱਖ ਚੀ ਜਾਂ ਹੀ ਲੋਕ-ਸੰਸਕ੍ਰਿਤੀ ਦੀ ਯਾਤਰਾ ਕਰਦੀਆਂ ਹਨ ਅਤੇ ਇਸ ਯਾਤਰਾ ਦਾ ਆਡੰਬਰ ਹੀ ਲੋਕਧਾਰਾ ਦਾ ਪਾਸਾਰ ਹੈ।ਲੋਕ-ਸੰਸਕ੍ਰਿਤੀ ਦੀ ਮਾਨਸਿਕ ਤੇ ਭੌਤਿਕ ਪ੍ਰੀਕਿਰਿਆ ਪਿੱਛੇ ਸਮੂਹਕ ਚਿਤ ਕੰਮ ਕਰਦਾ।
ਲੇਖਕ ਕਹਿੰਦਾ ਹੈ ਕਿ ਸਾਡੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਪਿੱਛੇ ਕੋਈ ਲੋਕਧਾਰਾਈ ਰੂੜੀ ਹੀ ਕੰਮ ਕਰ ਰਹੀ ਸੀ।ਲੇਖਕ ਕਹਿੰਦਾ ਹੈ ਕਿ ਲੇਕਧਾਰਾ ਦੀਆਂ ਰੂੜੀਆਂ ਇਤਨੀਆਂ ਸਾਰਥਕ ਹਨ ਕਿ ਇਹਨਾਂ ਤੋਂ ਬਿਨਾਂ ਕੋਈ ਮਹਾਨ ਸਾਹਿਤਕ ਸਿਰਜਨਾ ਅਸੰਭਵ ਜਾਪਦੀ ਹੈ।ਇਸ ਤੇ ਲੇਖਕ ਮੱਧਕਾਲੀ ਸਾਹਿਤ ਦੀ ਉਦਾਹਰਨ ਦੇ ਕੇ ਦੱਸਦੇ ਹਨ ਕਿ ਮੱਧਕਾਲ ਵਿੱਚ ਰਚੇ ਜਾਣ ਵਾਲੇ ਸਾਹਿਤ ਵਿੱਚ ਕਿਸੇ ਦਾ ਵਸਤੂ ਲੋਕਧਾਰਾਈ ਹੈ ਅਤੇ ਕਿਸੇ ਦਾ ਰੂਪ ਅਤੇ ਸਾਹਿਤ ਦਾ ਵਸਤੂ ਅਤੇ ਰੂਪ ਦੋਵੇਂ ਹੀ ਲੋਕਧਾਰਾਈ ਹਨ।ਇਸ ਤਰਾਂ ਉਹ ਕਹਿੰਦੇ ਹਨ ਕਿ ਆਧੁਨਿਕ ਸਾਹਿਤ ਵਿੱਚ ਜੋ ਕੁਝ ਵੀ ਰਚਿਆ ਜਾ ਰਿਹਾ ਹੈ ਇਹ ਲੋਕ-ਮਨ ਤੋਂ ਬਾਹਰ ਹੋ ਕੇ ਨਿੱਜ-ਮਨ ਦੁਆਰਾ ਰਚਿਆ ਜਾ ਰਿਹਾ ਹੈ ।
- ਇਸ ਤੋਂ ਬਾਅਦ ਇਸ ਕਿਤਾਬ ਵਿੱਚ ਕਰਨੈਲ ਸਿੰਘ ਥਿੰਦ,ਨਰਵਿੰਦਰ ਸਿੰਘ, ਇਕਬਾਲ ਦੀਪ,ਡਾ. ਜਗਬੀਰ ਸਿੰਘ,ਜੋਗਿੰਦਰ ਕੈਰੋਂ,ਡਾ.ਰੋਸ਼ਨ ਲਾਲ ਅਹੂਜਾ,ਨਾਹਰ ਸਿੰਘ,ਜਗਜੀਤ ਸਿੰਘ ਆਦਿ ਲੇਖਕਾਂ ਨੇ ਲੋਕ- ਧਾਰਾ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਉੱਤੇ ਗੱਲ ਕੀਤੀ ਹੈ।
- ਇਸ ਕਿਤਾਬ ਵਿੱਚ ਪੰਜਾਬ ਦੇ ਪਖੀਵਾਸ ਕਬੀਲਿਆ ਦੀ ਗੱਲ ਕੀਤੀ ਗਈ ਹੈ ਜੋ ਇੱਕ ਤੋਂ ਦੂਜੀ ਥਾਂ ਘੁਮਦੇ ਰਹੀੰਦੇ ਹਨ।ਜਿੰਨਾਂ ਦਾ ਕੋਈ ਇੱਕ ਪੱਕਾ ਟਿਕਾਣਾ ਨਹੀਂ।ਪਖੀਵਾਸ ਕਬੀਲਿਆਂ ਵਿੱਚ ਵਿਆਹ ਨਾਲ ਸੰਬੰਧਿਤ ਰਸਮਾਂ ਦੀ ਗੱਲ ਕੀਤੀ ਗਈ ਹੈ।
- ਇਸ ਪੁਸਤਕ ਵਿੱਚ ਲੋਕ ਰਵਾਇਤਾਂ ਬਾਰੇ ਗੱਲ ਕਰਦਿਆਂ ਲੇਖਕ ਕਹਿੰਦਾ ਹੈ ਕਿ ਰਵਾਇਤਾਂ ਸਾਡਾ ਕੀਮਤੀ ਵਿਰਸਾ ਹਨ।ਇਹਨਾਂ ਵਿੱਚ ਵੀ ਲੋਕਧਾਰਾ ਦੀਆਂ ਰੂੜੀਆਂ ਦਾ ਜਲੋ ਦਿਖਾਈ ਦਿੰਦਾ ਹੈ।ਤਿਲੰਗੀਆਂ ਦੇ ਗੀਤਾਂ ਦਾ ਵੇਰਵਾ ਮਿਲਦਾ ਹੈ।ਲੇਖਕ ਅਨੁਸਾਰ ਲੋਕ-ਗੀਤਕਾਰ ਜਿਸ ਬਾਰੇ ਗੀਤ ਕਹਿੰਦਾ ਹੈ ਉਹ ਅਚੇਤ ਤੌਰ ਤੇ ਹੀ ਲੋਕ-ਮਨ ਦਾ ਹਿੱਸਾ ਬਣ ਜਾਂਦੀ ਹੈ।ਜਿਵੇਂ :
"ਅੱਧੀਂ ਰਾਤੀਂ ਉਠਿਆ ਤਲੰਗਾ ਨਾਮ ਹਰੀ ਦਾ ਜਪਦਾ,
ਡੱਕੇ ਡੋਲੇ ਕੱਠੇ ਕਰਕੇ ਚਾਹ ਦਾ ਪਤੀਲਾ ਰੱਖਦਾ,
ਤੱਤੀ-ਤੱਤੀ ਤਾਂ ਚਾਹ ਪੀ ਲੈਂਦਾ ਜਾਂਦਾ ਕਾਲਜਾ ਬਲਦਾ, ਨਾਂ ਪਰਮੇਛਰ ਦਾ ਲੈਕੇ ਗਿੱਧੇ ਵਿੱਚ ਵੜਦਾ ,ਨਾ ਪਰਮੇਛਰ ਦਾ..." ਇਸ ਤਰਾਂ ਲੇਖਕ ਦੱਸਦਾ ਹੈ ਕਿ ਇਹ ਗੀਤ ਤਲੰਗੇ ਦਾ ਨਹੀਂ ਤਲੰਗੇ ਬਾਰੇ ਹੈ ਜੋ ਕਿ ਲੋਕ-ਮਨ ਦੁਆਰਾ ਸਵਿਕਾਰਿਆ ਗਿਆ ਹੈ।
- ਵਣਜਾਰਾ ਬੇਦੀ ਮੱਧਕਾਲੀ ਪੰਜਾਬੀ ਕਥਾ ਰੂਪ ਤੇ ਪਰੰਪਰਾ ਬਾਰੇ ਦੱਸਦੇ ਹੋਏ ਕਹਿੰਦੇ ਹਨ ਕਿ ਮੱਧਕਾਲੀ ਕਰਾ ਦੇ ਦੋ ਰੋਚਕ ਰੂਪ ਹਨ 'ਮੁਢੀ ਤੇ ਅਸਲੇ'।ਉਹ ਦੱਸਦੇ ਹਨ ਕਿ ਇਹਨਾਂ ਕਥਾਵਾਂ ਦੀ ਸਿਰਜਨਾ ਕਲਪਨਾ ਦੇ ਸੰਜੋਗ ਨਾਲ ਅਨੋਖਾ ਰੂਪ ਧਾਰਨ ਕਰ ਲੈਂਦੀ ਹੈ।ਮੁੱਢੀ ਅਤੇ ਮਿਊੱਥ ਦਾ ਮੂਲ ਅੰਤਰ ਦੱਸਿਆ ਗਿਆ ਹੈ।ਲੇਖਕ ਕਹਿੰਦੇ ਹਨ ਕਿ ਮੁਢੀ ਜਦੋਂ ਕਿਸੇ ਸਥਾਨ ਨਾਲ ਸੰਬੰਧਿਤ ਹੋਵੇ ਤਾਂ ਉਹ ਸਥਾਨਕ ਦੰਦ-ਕਥਾ ਦਾ ਰੂਪ ਧਾਰ ਲੈਂਦੀ ਹੈ।ਇਸ ਤਰਾਂ ਓਹਨਾਂ ਨੇ ਇਸ ਕਿਤਾਬ ਦੇ ਇੱਕ ਲੇਖ ਵਿੱਚ 'ਮੁਢੀ ਅਤੇ ਅਸਲੇ' ਦੋ ਮੱਧਕਾਲੀ ਕਥਾਂ ਰੂਪਾਂ ਤੋਂ ਜਾਣੂ ਕਰਾਇਆ ਹੈ।
- ਜੋਗਿੰਦਰ ਕੈਰੋਂ ਦੇ ਲੇਖ ਵਿੱਚ ਲੋਕ-ਕਹਾਣੀਆਂ ਨਾਲ ਸੰਬੰਧਿਤ ਗੱਲ ਕੀਤੀ ਗਈ ਹੈ।ਉਹ ਕਹਾਣੀ ਨੂੰ ਲੋਕਯਾਨ ਵਿੱਚ ਮਹੱਤਵਪੂਰਨ ਸਥਾਨ ਦਿੰਦੇ ਹਨ ਕਿ ਮਿੱਥ ਅਤੇ ਰਵਾਇਤ ਨੂੰ ਆਮ ਤੌਰ ਤੇ ਲੋਕ-ਕਹਾਣੀ ਦੇ ਅਰਥਾਂ ਵਿੱਚ ਹੀ ਲਿਆ ਜਾਦਾਂ ਹੈ।ਇਸ ਤਰਾਂ ਇਸ ਕਿਤਾਬ ਵਿੱਚੋਂ ਲੋਕਾਂ ਦੀ ਸਾਧਾਰਨ ਕਲਪਨਾ ਉੱਤੇ ਉਸਾਰੀ ਗਈ ਲੋਕ ਕਹਾਣੀ ਦੀ ਯਾਤਰਾ ਤੋਂ ਲੋਕ-ਕਲਪਨਾ ਵੱਲ ਜਾਰੀ ਰਹਿੰਦੀ ਹੈ ਉੱਥੇ ਇੱਕ ਬਿੰਦੂ ਤੋਂ ਸਫ਼ਰ ਕਰਦੀ ਹੋਈ ਹੋਰਨਾਂ ਸਭਿਆਚਾਰਾਂ ਵੱਲ ਵੀ ਜਾਰੀ ਰਹਿੰਦੀ ਹੈ।
- ਡਾ.ਨਰਵਿੰਦਰ ਸਿੰਘ ਦੇ ਲੇਖ ਲੋਕ-ਕਾਵਿ ਰੂਪ 'ਪੱਤਲ'ਬਾਰੇ ਜਾਣਕਾਰੀ ਮਿਲਦੀ ਹੈ।ਜਿਸ ਵਿੱਚ ਲੇਖਕ ਦੁਆਰਾ ਦੱਸਿਆ ਗਿਆ ਹੈ ਕਿ ਇਸ ਕਾਵਿ ਰੂਪ ਦਾ ਸੰਬੰਧ ਵਿਆਹ ਦੇ ਖੁਸ਼ੀਆਂ ਭਰੇ ਦਿਹਾੜੇ ਨਾਲ ਹੈ।ਇਸ ਦੀ ਪਰਿਭਾਸ਼ਾ ਦੱਸ ਕੇ ਇਸਦੀ ਮਹੱਤਤਾ ਦੱਸੀ ਗਈ ਹੈ।ਇਸ ਕਾਵਿ-ਰੂਪ ਦਾ ਜਨਮ ਸਾਡੇ ਸੰਸਕਾਰਾਂ ਨਾਲ ਸੰਬੰਧਿਤ ਹੋਣ ਕਰਕੇ ਇਸ ਨੂੰ ਇੱਕ ਲੋਕ-ਕਾਵਿ ਰੂਪ ਦਾ ਨਾਂ ਦਿੱਤਾ ਗਿਆ ਹੈ।ਇਸ ਲੇਖ ਵਿੱਚ ਇਸ ਕਾਵਿ-ਰੂਪ ਦਾ ਇਤਿਹਾਸ ਅਤੇ ਸ਼ੈਲੀ ਦੱਸ ਕੇ ਇਸ ਤੋਂ ਪਾਠਕਾਂ ਨੂੰ ਜਾਣੂ ਕਰਾਇਆ ਗਿਆ ਹੈ।
- ਇਕਬਾਲ ਦੀਪ ਲੋਕ ਗੀਤਾਂ ਬਾਰੇ ਗੱਲ ਕਰਦਿਆਂ ਹੋਇਆਂ ਦੱਸਿਆ ਹੈ ਕਿ ਜਦੋਂ ਤੋਂ ਮਨੁੱਖੀ ਬੋਲੀ ਦਾ ਜਨਮ ਹੋਇਆ ਹੈ ਉਦੋਂ ਤੋਂ ਹੀ ਲੋਕ-ਗੀਤਾਂ ਦਾ ਜਨਮ ਹੋਇਆ ਹੈ।ਮਨੁੱਖ ਨੇ ਆਪਣੀ ਬੋਲੀ ਦਾ ਇਜ਼ਹਾਰ ਲੋਕ-ਗੀਤਾਂ ਰਾਹੀਂ ਹੀ ਕੀਤਾ ਹੋਵੇਗਾ।ਉਹਨਾਂ ਨੇ ਲੋਕ-ਗੀਤਾਂ ਦੀ ਵਡਿਆਈ ਕਰਦੇ ਹੋਏ ਕਿਹਾ ਹੈ ਕਿ ਲੋਕ ਗੀਤ ਛੋਟੇ ਆਕਾਰ ਤੇ ਕਲਪਨਾ ਨਾਲ ਲਈ ਫਿਰਦੇ ਹਨ।
- ਡਾ.ਰੋਸ਼ਨ ਲਾਲ ਆਹੂਜਾ ਲੋਕ ਵਿਰਸੇ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਇਸ ਲੋਕ-ਵਿਰਸੇ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਇਸ ਲੋਕ-ਵਿਰਸੇ ਕਰਕੇ ਹੀ ਲੋਕ-ਸਾਹਿਤ ਜਿਊਂਦਾ ਰਿਹਾ ਹੈ।ਜਿਸ ਕਰਕੇ ਮੌਖਿਕ ਸਾਹਿਤ ਸਾਡੀ ਪੂੰਜੀ ਬਣ ਗਿਆ।ਅਸੀਂ ਆਪਣੇ ਆਪ ਨੂੰ ਬੜੇ ਗੋਰਵ ਨਾਲ ਪੰਜਾਬੀ ਆਖਣ ਤੇ ਅਖਵਾਉਣ ਲੱਗੇ।
- ਰਾਏ ਜਸਬੀਰ ਨੇ ਆਪਣੇ ਲੇਖ 'ਪੰਜਾਬੀ ਲੋਕ-ਅਵਦਾਨ ਅਤੇ ਇਸਤਰੀ' ਵਿੱਚ ਮੁਢਲੀ ਸਾਮਾਜਿਕ ਬਣਤਰ ਬਾਰੇ ਦੱਸਦਿਆਂ ਹੋਇਆਂ ਇਸਤਰੀ ਦੀ ਦਸ਼ਾ ਨੂੰ ਪੇਸ਼ ਕੀਤਾ ਹੈ ਅਤੇ ਉਸ ਸਮੇਂ ਦੇ ਰਜਵਾੜਾਸ਼ਾਹੀ ਅਤੇ ਜਗੀਰਦਾਰ ਸਮਾਜ ਦੁਆਰਾ ਇਸਤਰੀਆਂ ਦੇ ਸ਼ੋਸ਼ਨ ਸੰਬੰਧੀ ਅਤੇ ਗੁਲਾਮੀ ਸੰਬੰਧੀ ਬਾਤ ਪਾਈ ਹੈ।
- ਡਾ.ਜਸਬੀਰ ਸਿੰਘ ਨੇ ਆਪਣੇ ਲੇਖ ਵਿੱਚ ਭਾਈ ਗੁਰਦਾਸ ਦੀ ਪਹਿਲੀ ਵਾਰ:ਦਾ ਲੋਕਯਾਨਿਕ ਅਧਿਐਨ ਕੀਤਾ ਹੈ।ਉਹ ਦੱਸਦੇ ਹਨ ਕਿ ਭਾਈ ਗੁਰਦਾਸ ਦੇ ਕਾਵਿ-ਸਿਰਜਨ ਦੀ ਏਨੀ ਮਹੱਤਤਾ ਦਾ ਕਾਰਨ ਇਸਦਾ ਲੋਕਯਾਨ ਨਾਲ ਡੂੰਘਾ ਸੰਬੰਧ ਹੈ।
- ਡਾ.ਕਰਨੈਲ ਸਿੰਘ ਥਿੰਦ ਆਪਣੇ ਲੇਖ ਵਿੱਚ ਲੋਕ-ਵਿਰਸੇ ਦੀ ਸੰਭਾਲ ਸੰਬੰਧੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਇਸਦੀ ਸੰਭਾਲ ਲਈ ਫ਼ੌਰੀ ਲੋੜ ਇਹ ਹੈ ਕਿ ਲੋਕ-ਵਿਰਸੇ ਦੇ ਸਾਰੇ ਭੰਡਾਰ ਨੂੰ ਨਿਯਮ-ਬੱਧ ਯੋਜਨਾ ਅਧੀਨ ਇਕੱਠਾ ਕੀਤਾ ਜਾਏ।ਇਸਦੀ ਸੰਭਾਲ ਲਈ ਵਿਸ਼ੇਸ਼ ਅਜਾਇਬ ਘਰ ਬਣਾਏ ਜਾਣ।ਜਿਸਦੀ ਸਹਾਇਤਾ ਨਾਲ ਆਪਣੇ ਕਲਚਰ ਦੀ ਪੁਨਰ ਉਸਾਰੀ ਕੀਤੀ ਜਾ ਸਕੇ ਜਿਸ ਰਾਹੀਂ ਲੋਕਾਂ ਵਿੱਚ ਸਭਿਆਚਾਰਕ ਜਾਗਰਤੀ ਆ ਸਕੇ।ਲੇਖਕ ਕਹਿੰਦਾ ਹੈ ਕਿ ਲੋਕ-ਵਿਰਸੇ ਦੀ ਸੰਭਾਲ ਕਰਨ ਨਾਲ ਹੀ ਸਾਡੀ ਸੰਸਕ੍ਰਿਤੀ ਦਾ ਪ੍ਰਸਾਰ ਅਤੇ ਪ੍ਰਚਾਰ ਹੋ ਸਕੇਗਾ।ਇਸ ਤਰਾਂ ਕਰਨੈਲ ਸਿੰਘ ਥਿੰਦ ਆਪਣੇ ਲੇਖ ਵਿੱਚ ਲੋਕ-ਵਿਰਸੇ ਦੀ ਸੰਭਾਲ ਲਈ ਚਿੰਤਾਜਨਕ ਹਨ।
- ਜਗਜੀਤ ਸਿੰਘ ਗੁਰੂ ਨਾਨਕ ਬਾਣੀ ਦਾ ਲੋਕਤਾਤਵਿਕ ਅਧਿਐਨ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਨਾਨਕ ਦੀ ਬਾਣੀ ਲੋਕ-ਜੀਵਨ ਦਾ ਜਰੂਰੀ ਤੱਤ ਇਸ ਲਈ ਬਣੀ ਕਿਉਂਕਿ ਇਸ ਕਾਵਿ ਵਿੱਚ ਲੋਕ-ਤੱਤ ਭਰਪੂਰ ਮਾਤਰਾ ਵਿੱਚ ਪਾਏ ਗਏ ਹਨ।ਲੋਕ-ਜੀਵਨ ਦਾ ਕੋਈ ਵੀ ਵੇਰਵਾ ਗੁਰੂ ਕਵੀ ਤੋਂ ਬਚ ਨਹੀਂ ਸਕਿਆ।
- ਇਸ ਤੋਂ ਇਲਾਵਾ ਇਸ ਕਿਤਾਬ ਵਿੱਚ ਹੋਰ ਵੀ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਲੇਖ ਮਿਲਦੇ ਹਨ।ਜਿਵੇਂ:ਪਰਮਾਣਿਕ ਲੋਕ-ਗੀਤ,ਲੋਕ-ਸੱਚ,ਰਵਾਇਤਾਂ,ਰਸਮਾਂ,ਵਹਿਮ-ਭਰਮ,ਮਨੌਤਾਂ,ਲੋਕ ਅਤੇ ਲੋਕ-ਸੰਸਕ੍ਰਿਤੀ,ਛੰਤ-ਕਾਵਿ,ਲੋਕਯਾਨ ਅਤੇ ਮਨੋਵਿਗਿਆਨ, ਲੋਕ-ਧਰਮ ਆਦਿ।
- ਇਸ ਤਰਾਂ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਣਜਾਰਾ ਬੇਦੀ ਅਤੇ ਜਤਿੰਦਰ ਬੇਦੀ ਨੇ ਇਸ ਪੁਸਤਕ ਨੂੰ ਸਾਡੇ ਸਭਿਆਚਾਰ ਅਤੇ ਲੋਕ-ਧਾਰਾ ਦੇ ਵੱਖ-ਵੱਖ ਪੱਖਾਂ ਨੂੰ ਖੰਗਾਲਦੇ ਹੋਏ ਲੋਕ-ਪਰੰਪਰਾ ਅਤੇ ਸਾਹਿਤ ਦੇ ਅਦਿੱਖ ਦਿਸਹੱਦਿਆਂ ਤੋਂ ਜਾਣੂ ਕਰਵਾਉਂਦੇ ਹਨ।