ਲੋਕ ਮੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਲੋਕ ਮੱਤ ਇੱਕ ਅਜਿਹੇ ਭਾਵ ਦਾ ਨਾਮ ਹੈ, ਜਿਸ ਨੂੰ ਆਧਾਰ ਬਣਾ ਕੇ ਮਨੁੱਖ ਨੇ ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਬੇ-ਮਿਸਾਲ ਤਰੱਕੀ ਕੀਤੀ ਹੈ। ਮਨੁੱਖੀ ਦਾ ਸਾਰਾ ਸਮਾਜਿਕ, ਧਾਰਮਿਕ, ਅਤੇ ਸਾਸਕ੍ਰਿਤਿਕ ਵਿਕਾਸ ਵਿਭਿੰਨ ਕਿਸਮਾਂ ਦੇ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਹੈ। “ਮਨੁੱਖ ਪ੍ਰਕ੍ਰਿਤੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਆਪਣੀ ਪ੍ਰਤੱਖਣ ਸ਼ਕਤੀ ਰਾਹੀਂ ਜੋ ਪ੍ਰਭਾਵ ਗ੍ਰਹਿਣ ਕਰਦਾ ਸੀ ਉਹ ਹੀ ਲੋਕ ਵਿਸ਼ਵਾਸ਼ਾਂ ਦਾ ਆਧਾਰ ਬਣਦੇ ਹਨ। ਪ੍ਰਕ੍ਰਿਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਦਾ ਸੰਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਗਿਆ ਤਾਂ ਮਨੁੱਖ ਸਮਾਨ ਸਥਿਤੀਆਂ ਵਿੱਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਗਿਆ। ਉਸਨੇ ਇੱਕ ਘਟਨਾ ਨੂੰ ਦੂਸਰੀ ਦਾ ਕਾਰਨ ਮੰਨ ਲਿਆ। ਪ੍ਰਕ੍ਰਿਤੀ ਨਾਲ ਅੰਤਰ ਕਿਰਿਆ ਵਿੱਚ ਆਉਣ ਨਾਲ ਉਹ ਵਿਸ਼ਵਾਸ ਬਣਨੇ ਸ਼ੁਰੂ ਹੋਏ ਅਤੇ ਜਿਉ-ਜਿਉ ਮਨੁੱਖੀ ਅਨੁਭਵ ਵਿਸ਼ਾਲ ਹੁੰਦਾ ਗਿਆ ਇੰਨ੍ਹਾਂ ਵਿਸ਼ਵਾਸਾਂ ਦਾ ਦਾਇਰਾ ਵੀ ਫੈਲਦਾ ਗਿਆ।” ਇੱਕ ਵਿਅਕਤੀ ਦੀ ਵਿਸ਼ਵਾਸ ਕਰਨ ਦੀ ਰੁਚੀ ਅਤੇ ਵਿਸ਼ਵਾਸ ਭੰਡਾਰ ਦੂਸਰੇ ਵਿਅਕਤੀ ਤੋਂ ਭਿੰਨ ਹੁੰਦਾ ਹੈ। ਲੋਕ ਵਿਸ਼ਵਾਸ ਸਮੇਂ ਤੇ ਸਥਾਨ ਦੇ ਬਦਲਣ ਨਾਲ ਬਦਲਦੇ ਰਹਿੰਦੇ ਹਨ ਉਦਾਹਰਨ ਵਜੋਂ ਜਿਵੇਂ ਕਿ ਭਾਰਤ ਵਿੱਚ ਸੱਪ ਦੀ ਨਾਗ ਦੇਵਤਾ ਸਮਝ ਕੇ ਪੂਜਾ ਕੀਤੀ ਜਾਂਦੀ ਹੈ ਪਰ ਇਸਾਈ ਧਰਮ ਵਿੱਚ ਇਸਨੂੰ ਸ਼ੈਤਾਨ ਸਮਝਿਆ ਜਾਂਦਾ ਹੈ।

“ਵਿਸ਼ਵਾਸ ਅਨੁਭਵ ਉੱਪਰ ਆਧਾਰਿਤ ਹੁੰਦਾ ਹੈ, ਪਰ ਜਦੋਂ ਇਸ ਅਨੁਭਵ ਪਿੱਛੇ ਕਾਰਜਸ਼ੀਲ ਕਾਰਨ ਕਾਰਜ ਸੰਬੰਧਾਂ ਦਾ ਨਿਰੀਖਣ ਕਰ ਕੇ ਇਸ ਦੇ ਸਥਾਈ ਸੰਬੰਧਾਂ ਦਾ ਨਿਰੀਖਣ ਕਰ ਕੇ ਇਸ ਦੇ ਸਥਾਈ ਸੰਬੰਧਾਂ ਨੂੰ ਜਾਣ ਲਿਆ ਜਾਂਦਾ ਹੈ ਤਾ ਇਹ ਸਾਡੇ ਗਿਆਨ ਦਾ ਅਨੁਭਵ ਬਣ ਜਾਂਦਾ ਹੈ। ਗਿਆਨ ਸਰਬਵਿਆਪੀ ਸਮਾਨ ਅਸਲ ਹੈ ਅਰਥਾਤ ਗਿਆਨ ਵਸਤੁ-ਨਿਸ਼ਠ ਹੁੰਦਾ ਹੈ। ਵਿਸ਼ਵਾਸ ਵਿਅਕਤੀਪਰਕ ਹੁੰਦਾ ਹੈ ਅਤੇ ਇੱਕ ਹੀ ਵਸਤੂ ਜਾਂ ਪ੍ਰਕਿਰਤਿਕ ਵਰਤਾਰੇ ਨਾਲ ਸੰਬੰਧਿਤ ਵਿਸ਼ਵਾਸ ਵੱਖ-ਵੱਖ ਸੱਭਿਆਚਾਰਾਂ ਵਿੱਚ ਵੱਖੋਂ-ਵੱਖਰੇ ਹੋ ਜਾਂਦੇ ਹਨ। ਧਰਤੀ ਤੋਂ ਸੁੱਟੀ ਗਈ ਵਸਤੂ ਫਿਰ ਧਰਤੀ ਉੱਪਰ ਆ ਡਿੱਗਦੀ ਹੈ, ਆਦਿ ਨਿਯਮ ਸਰਬ ਪ੍ਰਣਾਵਿਤ ਅਤੇ ਹਰ ਥਾਂ ਇਕੋਂ ਜਿਹੇ ਅਮਲ ਵਾਲੇ ਹਨ ਦੂਜੇ ਪਾਸੇ ਇਹ ਲੋਕ ਵਿਸ਼ਵਾੋਸ ਹੈ ਕਿ ਧਰਤੀ ਦੀ ਉਤਪਤੀ ਆਦਮ ਤੇ ਹਵਾ ਹੋ ਹੋਈ ਹੈ, ਜਦਕਿ ਦੂਸਰਾ ਲੋਕ ਵਿਸ਼ਵਾਸ ਇਹ ਹੈ ਕਿ ‘ਕੁੰਨ’ ਕਹਿਣ ਤੇ ਇਹ ਸਾਰੀ ਸ਼੍ਰਿਸ਼ਟੀ ਹੋਂਦ ਵਿੱਚ ਆਈ ਹੈ।”

“ਲੋਕ ਜੀਵਨ ਵਿੱਚ ਬਿਮਾਰੀਆਂ ਦੇ ਇਲਾਜ ਲਈ ਪਵਿੱਤਰ ਸਰੋਵਰਾਂ, ਖੂਹਾਂ, ਚਸ਼ਮਿਆਂ ਜਾਂ ਝਰਨਿਆਂ ਦੇ ਪਾਣੀ ਨੂੰ ਵੀ ਗੁਣਕਾਰੀ ਮੰਨਿਆ ਜਾਂਦਾ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਜਿਹੇ ਅਨੇਕਾਂ ਪਵਿੱਤਰ ਸਰੋਵਰ ਜਾਂ ਚਸ਼ਮੇ ਵਿੱਚ ਅਜਿਹੇ ਅਨੇਕਾਂ ਪਵਿੱਤਰ ਸਰੋਵਰ ਜਾਂ ਚਸ਼ਮੇ ਚਿਕਿਤਸਕ ਗੁਣਾਂ ਲਈ ਮਸ਼ਹੂਰ ਰਹੇ ਹਨ। ਲੋਕ ਵਿਸ਼ਵਾਸ ਰਿਹਾ ਹੈ ਕਿ ਇਹਨਾਂ ਵਿੱਚ ਇਸਨਾਨ ਕਰਨ ਨਾਲ ਪਾਣੀ ਨੂੰ ਦਵਾਈ ਦੇ ਰੂ ਵਿੱਚ ਪੀਣ ਨਾਲ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਇਹਨਾਂ ਪਾਣੀਆਂ ਦੇ ਚਿਕਿਤਸਕ ਗੁਣਾਂ ਪਿੱਛੇ ਕੁਝ ਵਿਗਿਆਨਕ ਆਧਾਰ ਵੀ ਵੇਖੇ ਜਾ ਸਕਦੇ ਹਨ। ਜਦੋਂ ਰੋਗੀ ਇਸਨੂੰ ਵਰਤਦਾ ਹੈ ਤਾ ਉਸ ਦਾ ਰੋਗ ਜੇਕਰ ਠੀਕ ਹੋ ਜਾਂਦਾ ਹੈ ਤਾਂ ਉਸ ਦਾ ਇੱਕ ਕਾਰਨ ਇਸ ਪਾਣੀ ਦੀ ਚਿਕਿਤਸਕ ਸ਼ਕਤੀ ਵਿੱਚ ਦਾ ਵਿਸ਼ਵਾਸ ਹੈ ਤੇ ਦੂਸਰਾ ਉਹਨਾਂ ਧਾਤਾਂ ਅਤੇ ਖਣਿਜਾਂ ਦਾ ਪਾਣੀ ਵਿੱਚ ਮੌਜੂਦ ਹੋਣਾ ਹੈ ਜਿਹੜੇ ਰੋਗ ਦੂਰ ਕਰਨ ਦੀ ਸ਼ਕਤੀ ਰੱਖਦੇ ਹਨ।”

ਲੋਕ ਵਿਸ਼ਵਾਸਾਂ ਦਾ ਵਰਗੀਕਰਨ[ਸੋਧੋ]

“ਲੋਕ ਵਿਸ਼ਵਾਸਾ ਨੂੰ ਕਈ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਜਨਮ, ਵਿਆਹ ਅਤੇ ਮੌਤ ਸੰਬੰਧੀ, ਬਾਤਰਾ ਸੰਬੰਧੀ, ਦਿਸ਼ਾ ਅਤੇ ਨਛੱਤਰ ਸੰਬੰਧੀ, ਰੂਹਾਂ, ਬਦਰੂਹਾਂ ਸੰਬੰਧੀ, ਨਜ਼ਰ ਲੱਗਣ ਸੰਬੰਧੀ, ਨਿੱਛ ਸੰਬੰਧੀ।” ਲੋਕ ਵਿਸ਼ਵਾਸ ਭਾਵੇਂ ਕਿ ਸਮੇਂ ਅਤੇ ਸਥਾਨ ਦੇ ਕਾਰਨ ਲਗਾਤਾਰ ਬਦਲ ਰਹੇ ਹਨ। 21ਵੀਂ ਸਦੀ ਜਿਸ ਨੂੰ ਕਿ ਵਿਗਿਆਨਿਕ ਸਦੀ ਦਾ ਨਾਮ ਦਿੱਤਾ ਗਿਆ ਹੈ। ਇਸ ਸਦੀ ਵਿੱਚ ਮਨੁੱਖ ਜਿੱਥੇ ਚੰਦਰਮਾ ਉੱਪਰ ਪਹੁੰਚ ਗਿਆ, ਉੱਥੇ ਲੋਕ ਅੱਜ ਵੀ ਵਹਿਮਾ ਵਿੱਚ ਫਸੇ ਹੋਏ ਹਨ ਇਸ ਦਾ ਪ੍ਰਤੱਖ ਪ੍ਰਮਾਣ ਅੱਜ ਟੀ.ਵੀ. ਚੈਨਲਾਂ ਦੇ ਰਾਹੀਂ ਵੇਖਿਆ ਜਾ ਸਕਦਾ ਹੈ। ਕੋਈ ਵੀ ਅਜਿਹਾ ਟੀ.ਵੀ. ਚੈਨਲ ਨਹੀਂ ਹੋਵੇਗਾ ਜੋ ਹਰ ਰੋਜ਼ ਸਵੇਰੇ ਰਾਸ਼ੀਫਲ ਨਾ ਦੱਸਦਾ ਹੋਵੇ। ਅਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਰਾਸ਼ੀਫਲ ਸੁਣਦੇ ਹਾਂ। ਰਾਸ਼ੀ ਨਾਲ ਸੰਬੰਧਿਤ ਨਗ ਪਾਉਂਦੇ ਹਾਂ। ਨਜ਼ਰ ਤੋਂ ਬਚਣ ਲਈ ਗੁੱਟ ਨਾਲ ਤਵੀਤ ਬੰਨ੍ਹੇ ਜਾਂਦੇ ਹਨ।

ਲੋਕ ਵਿਸ਼ਵਾਸਾਂ ਦੀ ਸਾਰਥਕਤਾ[ਸੋਧੋ]

ਲੋਕ ਵਿਸ਼ਵਾਸ ਪੰਜਾਬੀ ਸਭਿਆਚਾਰ ਵਿੱਚ ਆਪਣੀ ਇੱਕ ਵਿਸ਼ੇਸ਼ ਥਾਂ ਰੱਖਦੇ ਹਨ। ਲੋਕ ਵਿਸ਼ਵਾਸ ਜਿੰਨ੍ਹਾਂ ਦੀ ਉਤਪਤੀ ਡਰ ਵਿੱਚ ਹੁੰਦੀ ਹੈ, ਆਪਣੇ ਡਰ ਉੱਪਰ ਕਾਬੂ ਪਾਉਣ ਲਈ ਮਨੁੱਖ ਅਜਿਹੇ ਵਿਸ਼ਵਾਸਾਂ ਉੱਪਰ ਵਿਸ਼ਵਾਸ ਕਰਨ ਲੱਗਦਾ ਹੈ। ਇਸ ਵਿਸ਼ਵਾਸ ਦੀ ਬਦੌਲਤ ਮਨੁੱਖ ਨੂੰ ਇੱਕ ਤਰ੍ਹਾਂ ਦਾ ਭਾਵਨਾਤਮਿਕ ਉਤਸ਼ਾਹ ਮਿਲਦਾ ਹੈ। ਪੁਰਾਣੇ ਸਮਿਆਂ ਵਿੱਚ ਡੇਰਾਵਾਦ ਜੋ ਇੱਕ ਪੰਜਬੀ ਜੀਵਨ ਵਿੱਚ ਅਹਿਮ ਥਾਂ ਰੱਖਦਾ ਸੀ, ਚੌਕੀਆਂ ਦੀ ਰੀਤ, ਡੇਰੇ ਦੇ ਸੰਤਾਂ ਤੋਂ ਫ਼ਲ ਪਵਾਉਣਾ। ਇਹ ਭਾਵਨਾਤਮਿਕ ਤੌਰ ਤੇ ਟੁੱਟ ਚੁੱਕੇ ਲੋਕਾਂ ਵਿੱਚ ਇੱਕ ਨਵੀਂ ਆਸ ਭਰਦਾ ਸੀ। ਕਈ ਲੋਕ ਵਿਸ਼ਵਾਸ ਮਨੁੱਖ ਦੁਆਰਾ ਵਿਅਕਤੀਗਤ ਤੌਰ ਤੇ ਪਾਲੇ ਜਾਂਦੇ ਹਨ, ਜਿੰਨ੍ਹਾ ਨੂੰ ਊਹ ਦੂਸਰਿਆਂ ਨਾਲ ਸਾਂਝੇ ਕਰਨ ਤੋਂ ਵੀ ਡਰਦਾ ਹੈ, ਕਿਉਂਕਿ ਉਸਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਕਿੱਧਰੇ ਉਸ ਦਾ ਕੰਮ ਬਣਦਾ ਬਣਦਾ ਹੀ ਨਾ ਰਹਿ ਜਾਵੇ। ਲੋਕ ਵਿਸ਼ਵਾਸ ਜਿੱਥੇ ਇੱਕ ਪਾਸੇ ਮਨੁੱਖ ਨੂੰ ਮਨੋਵਿਗਿਆਨਿਕ ਤੌਰ ਤੇ ਠੀਕ ਕਰਦੇ ਹਨ, ਉੱਥੇ ਪਰੇਸ਼ਾਨੀਆਂ ਨੂੰ ਹੱਲ ਕਰਨ ਦੀ ਰਾਹ ਲੱਭਣ ਦੀ ਪ੍ਰੇਰਨਾ ਵੀ ਦਿੰਦੇ ਹਨ, ਜਾਦੂ ਟੂਣਾ, ਜੋਤਿਸ਼, ਤਵੀਤ, ਇਹੋ ਕੰਮ ਕਰਦੇ ਹਨ।

ਲੋਕ ਵਿਸ਼ਵਾਸ ਦੀਆਂ ਮੁੱਖ ਵੰਨਗੀਆਂ[ਸੋਧੋ]

“ਲੋਕ ਵਿਸ਼ਵਾਸ ਲੋਕਧਾਰਾ ਦਾ ਇੱਕ ਮਹੱਤਵਪੂਰਨ ਅੰਗ ਹਨ। ਇਹਨਾਂ ਦੀ ਸਿਰਜਣਾ ਦੇ ਕਈ ਆਧਾਰ ਹੋ ਸਕਦੇ ਹਨ। ਲੋਕਾਂ ਦੇ ਪ੍ਰਕਿਰਤੀ ਬਾਰੇ ਧੁੰਦਲੇ ਅਨੁਭਵ, ਕਿਸੇ ਵਰਤਾਰੇ ਬਾਰੇ ਸਮਝ ਨਾ ਹੋਣਾ ਜਾਂ ਉਸ ਦਾ ਗਲਤ ਅਨੁਭਵ ਹੋਣਾ, ਕਿਸੇ ਵਸਤੂ ਦੇ ਉਪਯੋਗੀ ਹੋਣ ਵਿੱਚ ਵਿਸ਼ਵਾਸ ਹੋਣਾ ਆਦਿ ਵਿਭਿੰਨ ਆਧਾਰ ਹੋ ਸਕਦੇ ਹਨ। ਜਿਵੇਂ ਜਾਦੂ-ਟੂਣਾ, ਸੁਪਨ ਵਿਸ਼ਵਾਸ, ਵਹਿਮ, ਜੋਤਿਸ਼, ਭਰਮ, ਲੋਕ ਧਰਮ ਆਦਿ ਸੰਬੰਧੀ ਵਿਸ਼ਵਾਸ ਹਨ। ਇਨ੍ਹਾਂ ਦਾ ਸਮਾਜਕ, ਸਭਿਆਚਾਰ ਵਿੱਚ ਬਹੁਤ ਮਹੱਤਵ ਹੈ।"[1] ਲੋਕ ਵਿਸ਼ਵਾਸਾਂ ਨੂੰ ਮੰਨਣਾ ਜਾਂ ਨਾ ਮੰਨਣਾ ਵਿਅਕਤੀ `ਤੇ ਨਿਰਭਰ ਕਰਦਾ ਹੈ। ਜਿਆਦਾ ਜਾਂ ਥੋੜੇ ਲੋਕ ਲੋਕ ਵਿਸ਼ਵਾਸ ਕਰਦੇ ਹਨ ਤੇ ਇਹ ਪੀੜ੍ਹੀ ਦਰ ਪੀੜ੍ਹੀ ਸਾਡੇ ਕੋਲ ਆ ਰਹੇ ਹਨ। ‘ਲੋਕ ਮਾਨਸ ਦੀ ਅਭਿਵਿਅਕਤੀ ਨਾਲ ਇਸ ਦਾ ਸਿੱਧਾ ਤੇ ਘਨਿਸ਼ਟ ਸੰਬੰਧ ਹੈ। ਪ੍ਰਾਚੀਨ ਸਭਿਆਚਾਰਾਂ ਦੇ ਅੰਸ਼ ਦੀ ਸਭ ਤੋਂ ਅਧਿਕ ਮਾਤਰਾ ਵਿੱਚ ਆਦਿਮ ਮਾਨਵ ਦੇ ਵਿਸ਼ਵਾਸਾ ਹੀ ਉਪਲਬਧ ਹਨ। ਆਧੁਨਿਕ ਯੁੱਗ ਵਿੱਚ ਵੀ ਇਹ ਵਿਸ਼ਵਾਸ ਪੂਰੀ ਤਰ੍ਹਾਂ ਲੋਕਾਂ ਦੇ ਮਨਾਂ ਅੰਦਰ ਵਿਦਮਾਨ ਹਨ।"[2]

ਵਹਿਮ-ਭਰਮ ਅਤੇ ਲੋਕ-ਵਿਸ਼ਵਾਸ[ਸੋਧੋ]

“ਜਾਦੂ ਟੂਣਾ ਇੱਕ ਕਿਰਿਆ ਹੈ ਜਿਸ ਦੁਆਰਾ ਕੋਈ ਵਸਤੂ ਸਪਰਸ਼ ਦੁਆਰਾ ਜਾਂ ਨਕਲ ਦੁਆਰਾ ਦੂਸਰੀ ਵਸਤੂ ਨੂੰ ਪ੍ਰਭਾਵਿਤ ਕਰਦੀ ਹੈ। ਸਪਰਸ਼ ਦਾ ਮਾਧਿਅਮ ਕੋਈ ਵੀ ਹੋ ਸਕਦਾ ਹੈ: ਪ੍ਰਛਾਵਾ, ਧੋਖਾ, ਨਜਰ, ਉਲਾਘ, ਪਾਣੀ ਤੀਰਥ, ਅਗਨੀ, ਭਿੱਟ ਆਦਿ` ਨਕਲ ਜਾਦੂ ਵਿੱਚ ਪੁਤਲੇ ਸਾੜਨਾ, ਰੀਤਾਂ, ਰਸਮਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਨਹਾਉਣਾ, ਹਥੋਲਾ ਕਰਾਉਣਾ, ਫੋੜੇ ਝਾੜਨਾ, ਮਤਾੜ ਝਾੜਨਾ, ਤਵੀਜ ਅਤੇ ਜੰਤਰ, ਚੌਰਸਤੇ ਵਿੱਚ ਟੂਣਾ ਕਰਨਾ, ਭੂਤ ਪ੍ਰੇਤ ਦਾ ਸਾਇਆ ਦੂਰ ਕਰਨਾ, ਉਤਾਰਾ, ਝਾੜਾ, ਫਾਕਾ ਆਦਿ ਜਾਦੂ ਟੂਣੇ ਨਾਲ ਸੰਬੰਧਿਤ ਲੋਕ ਵਿਸ਼ਵਾਸ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਲੋਕ-ਵਿਸ਼ਵਾਸਾਂ ਦੀ ਇੱਕ ਵੱਡੀ ਵੰਨਗੀ ਇਸ ਭਾਗ ਵਿੱਚ ਆ ਜਾਂਦੀ ਹੈ।"3 ਇਹ ਵਿਸ਼ਵਾਸ ਪ੍ਰਾਚੀਨ ਕਾਲ ਤੋਂ ਲੈ ਕੇ ਵਰਤਮਾਨ ਤਕ ਅਜੇ ਚਲੇ ਆ ਰਹੇ ਹਨ ਇਨ੍ਹਾਂ ਨੂੰ ਮੰਨਣਾ ਜਾਂ ਨਾ ਮੰਨਣਾ ਆਦਮੀ `ਤੇ ਨਿਰਭਰ ਕਰਦਾ ਹੈ।

“ਵਹਿਮ-ਭਰਮ ਅਤੇ ਲੋਕ-ਵਿਸ਼ਵਾਸ ਲੋਕ-ਮਾਨਸ ਦੇ ਪ੍ਰਗਟਾਅ ਦੇ ਦੋ ਮਹੱਤਵਪੂਰਨ ਪਹਿਲੂ ਹਨ। ਦੋਵੇਂ ਨੂੰ ਇਕ-ਦੂਜੇ ਤੋਂ ਨਖੇੜਨਾ ਬਹੁਤ ਮੁਸ਼ਕਿਲ ਜਾਪਦਾ ਹੈ। ਵਹਿਮ-ਭਰਮ ਵਿੱਚ ਅਕਸਰ ਵਿਸ਼ਵਾਸ ਦਾ ਅੰਸ਼ ਸ਼ਾਮਿਲ ਹੁੰਦਾ ਹੈ, ਜਦੋਂ ਕਿ ਲੋਕ-ਵਿਸ਼ਵਾਸ ਕਿਤੇ ਨਾ ਕਿਤੇ ਵਹਿਮ ਭਰਮ `ਤੇ ਟਿਕਿਆ ਹੁੰਦਾ ਹੈ। ਵਹਿਮ ਭਰਮ ਦਾ ਆਧਾਰ ਡਰ, ਤੌਖਲੇ, ਸ਼ੰਕੇ ਅਤੇ ਭੈਅ ਦੀ ਉਹ ਭਾਵਨਾ ਹੁੰਦੀ ਹੈ, ਜਿਸ ਦੇ ਸਾਹਮਣੇ ਮਨੁੱਖ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ ਹੈ। ਗ਼ੈਬੀ ਸ਼ਕਤੀਆਂ ਦਾ ਚਮਤਕਾਰ, ਨਿੱਛ ਮਾਰਨਾ, ਗੋਹੇ ਦਾ ਭਰਿਆ ਟੋਕਰਾ ਜਾਂ ਖਾਲੀ ਘੜਾ ਲੈ ਥੇ, ਬਿਲੀ ਰਾਹ ਕੱਟਣਾ, ਕੁੰਤਾ ਦਾ ਕੰਨ ਮਾਰ ਦੇਣਾ, ਰਾਹ ਵਿੱਚ ਸ਼ੂਦਰ ਮਿਲੇ ਤਾਂ ਚੰਗਾ ਤੇ ਬ੍ਰਹਮਣਾ ਮਾੜਾ, ਆਦਿ ਵਹਿਮ-ਭਰਮ ਦਿਨ-ਦਿਹਾੜਿਆ ਬਾਰੇ ਵਹਿਮ ਵੀ ਜੀਵ-ਜੰਤੂਆਂ ਵਾਂਗ ਅਹਿਮੀਅਤ ਰੱਖਦੇ ਹਨ।"[3]

ਸ਼ਗਨ ਅਪਸ਼ਗਨ[ਸੋਧੋ]

“ਸੁਭ ਅਤੇ ਮੰਦੇ ਕੰਮ ਨੂੰ ਸ਼ਗਨ ਅਪਸ਼ਗਨ ਕਿਹਾ ਜਾਂਦਾ ਹੈ। ਸ਼ਗਨ ‘ਸ਼ਕੁਨ` ਦਾ ਪੰਜਾਬੀ ਰੂਪ ਹੈ। ਜਿਸ ਦੇ ਅਰਥ ਪੰਛੀ ਹਨ। ਕਾਲਾ ਕੁੱਤਾ, ਗ੍ਰਹਿ ਠੀਕ ਹੋਣਾ ਸ਼ਗਨ ਤੇ ਨਾ ਠੀਕ ਹੋਣਾ ਅਪਸ਼ਗਨ, ਦੁੱਧ ਨਾਲ ਭਰਿਆ ਭਾਂਡਾ ਸ਼ੁਭ ਸ਼ਗਨ ਤੇ ਖਾਲੀ ਅਪਸ਼ਗਣ, ਭੰਗਣ ਮਿਲੇ ਤਾ ਸ਼ਗਨ ਤੇ ਬ੍ਰਹਮਣ ਅਪਸ਼ਗਨ, ਬਿੱਲੀ ਦਾ ਰਸਤਾ ਕੱਟਣਾ, ਕੁੰਤੇ ਦੇ ਕੰਨਫੜਕ ਦੇਵਾ, ਕਾਣਾ ਤੇ ਲੂਲਾ ਲੰਗੜਾ ਮਿਲਣਾ, ਤਿੱਤਰ, ਖੋਤਾ, ਸੱਪ, ਰਾਤ ਨੂੰ ਕੁੱਤੇ ਜਾਂ ਬਿੱਲੀ ਦਾ ਰੋਣਾ ਅਪਸ਼ਗਨ, ਕੁੱਕੜ ਦਿਨੇ ਬਾਗ ਦੇਵੇ ਜਾਂ ਉਲੂ ਦਿਨੇ ਦਿਸੇ ਅਪਸ਼ਗਨ ਹੁੰਦਾ ਹੈ।"[4] ਲੋਕ ਵਿਸ਼ਵਾਸਾਂ ਦਾ ਸਾਡੇ ਜੀਵਨ ਵਿੱਚ ਅਟੁੱਟ ਅੰਗ ਬਣੇ ਹੋਵੇ ਹਨ ਇਹ ਸਾਡੇ ਜੀਵਨ ਦੇ ਨਾਲ-ਨਾਲ ਚਲਦੇ ਹਨ ਪਰ ਅੱਜ ਦੇ ਯੁੱਗ ਵਿੱਚ ਪੜ੍ਹੇ-ਲਿਖੇ ਲੋਕ ਘੱਟ ਵਿਸ਼ਵਾਸ ਰੱਖਦੇ ਹਨ।

ਸੁਪਨ ਵਿਸ਼ਵਾਸ[ਸੋਧੋ]

“ਪੰਜਾਬੀ ਮਨ ਕਿਆਸ ਕਰਦਾ ਹੈ ਕਿ ਸੁਫ਼ਨੇ `ਚ ਲੋਹਾ ਦੇਖਣਾ ਮਾੜਾ ਹੁੰਦਾ ਹੈ। ਦੁੱਧ ਦਹੀਂ ਤੋਂ ਬਗੈਰ ਹੋਰ ਕੋਈ ਚਿੱਟੀ ਚੀਜ਼ ਦੇਖਣੀ ਵੀ ਮਾੜੀ ਹੁੰਦੀ ਹੈ। ਕਪਾਹ ਕੱਫਣ ਦੇ ਬਰਾਬਰ, ਸੁਫਨੇ ਵਿੱਚ ਮਰ ਜਾਵੇ ਤਾਂ ਉਸ ਦੀ ਉਮਰ ਵੱਧ ਜਾਂਦੀ ਹੈ। ਰੋਣਾ ਚੰਗਾ ਤੇ ਹੱਸਣਾ ਮਾੜਾ, ਚਿੱਟਾ ਸੱਪ ਲੜਨਾ ਚੰਗਾ ਹੁੰਦਾ ਹੈ, ਰਾਜ ਭਾਗ ਦੇਖਣਾ ਮਾੜਾ ਆਦਿ ਸੁਫਨ ਦੇ ਵਰਗ ਵਿੱਚ ਰੱਖਿਆ ਜਾ ਸਕਦਾ ਹੈ।"

ਪਿੱਤਰ ਪੂਜਾ[ਸੋਧੋ]

ਪਿੱਤਰ ਤੋਂ ਭਾਵ ਸਾਡੇ ਵੱਡੇ-ਵਡੇਰਿਆਂ ਤੋਂ ਹੈ। ਪਿੱਤਰਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀਆਂ ਸਮਾਧਾਂ ਬਣਾਈਆਂ ਜਾਂਦੀਆਂ ਹਨ। ਲੋਕ ਵੱਖ-ਵੱਖ ਸਮਿਆਂ ਤੇ ਇਹਨਾਂ ਸਮਾਧਾਂ ਨੂੰ ਪੂਜਦੇ ਹਨ। ਪਿੱਤਰ ਪੂਜਾ ਸੰਬੰਧੀ ਕਈ ਲੋਕਾਂ ਦਾ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਜੇਕਰ ਉਹ ਆਪਣੇ ਵੱਡੇ-ਵਡੇਰਿਆਂ ਦੀ ਪੂਜਾ ਨਹੀਂ ਕਰਨਗੇ ਤਾਂ ਉਹ ਉਹਨਾਂ ਨੂੰ ਦੁੱਖ ਦੇਣਗੇ। ਇਸ ਲਈ ਉਹ ਆਪਣੇ ਘਰ ਪਰਿਵਾਰ ਅਤੇ ਖੇਤੀਬਾੜੀ ਵਿੱਚ ਸੁੱਖ ਸਾਂਦ ਦੀ ਉਮੀਦ ਨਾਲ ਆਪਣੇ ਪਿੱਤਰਾਂ ਨੂੰ ਪੂਜ ਕੇ ਖੁਸ਼ ਰੱਖਦੇ ਹਨ। ਖਾਸ ਕਰਕੇ ਸ਼ਰਾਧਾਂ ਦੇ ਦਿਨਾਂ ਵਿੱਚ ਪਿੱਤਰਾਂ ਨੂੰ ਪੂਜਿਆ ਜਾਂਦਾ ਹੈ। ਸ਼ਰਾਧ ਨੂੰ ਲੋਕ ਤਿਉਹਾਰ ਦੇ ਤੌਰ ਤੇ ਮਨਾਉਂਦੇ ਹਨ। ਇਨਾਂ ਦਿਨਾਂ ਵਿੱਚ ਕੋਈ ਸ਼ੁਭ ਕੰਮ ਵੀ ਨਹੀਂ ਕੀਤਾ ਜਾਂਦਾ। ਸ਼ਰਾਧ ਦੇ ਦਿਨਾਂ ਵਿੱਚ ਮੋਈਆਂ ਰੂਹਾਂ ਦਾ ਪਹਿਰਾ ਹੁੰਦਾ ਹੈ।

ਵਿਧੀ[ਸੋਧੋ]

ਸ਼ਰਾਧ ਅੱਸੂ ਦੇ ਮਹੀਨੇ ਦੇ ਪਹਿਲੇ ਪੱਖ ਦੇ ਪੰਦਰਾਂ ਦਿਨਾਂ ਵਿੱਚ ਮਨਾਏ ਜਾਂਦੇ ਹਨ। ਲੋਕ ਪਿੱਤਰਾਂ ਦੀ ਸੁੱਖ-ਸ਼ਾਂਤੀ ਲਈ ਬ੍ਰਾਹਮਣ ਨੂੰ ਘਰ ਬੁਲਾ ਕੇ ਭੋਜਨ ਖੁਆਉੱਦੇ ਹਨ। ਇਸ ਤੋਂ ਬਿਨਾਂ ਬ੍ਰਾਹਮਣ ਨੂੰ ਪਹਿਨਣ ਲਈ ਕੱਪੜੇ ਅਤੇ ਜੁੱਤੀ ਦਿੱਤੀ ਜਾਂਦੀ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਬ੍ਰਾਹਮਣ ਨੂੰ ਖੁਆਇਆ ਭੋਜਨ ਅਤੇ ਦਿੱਤੀਆਂ ਵਸਤਾਂ ਉਹਨਾਂ ਦੇ ਵੱਡੇ-ਵਡੇਰਿਆਂ ਤੱਕ ਪਹੁੰਚਦੀਆਂ ਹਨ। ਇਹ ਦਿਨ ਪੰਡਤਾਂ ਦੇ ਮੌਜ ਮੇਲੇ ਦੇ ਦਿਨ ਹੁੰਦੇ ਹਨ। ਪੰਡਤਾਂ ਦੀ ਖੂਬ ਸੇਵਾ ਹੁੰਦੀ ਹੈ। ਇਸ ਤਰਾਂ ਪੂਰੇ ਵਿਧੀ ਵਿਧਾਨ ਅਨੁਸਾਰ ਪਿੱਤਰ ਪੂਜਾ ਮੁਕੰਮਲ ਕੀਤੀ ਜਾਂਦੀ ਹੈ।

ਜੋਤਸ਼[ਸੋਧੋ]

ਪੰਜਾਬ ਦੇ ਬਹੁਤ ਸਾਰੇ ਵਿਸ਼ਵਾਸ ਜੋਤਸ਼ ਵਿਦਿਆ ਨਾਲ ਸੰਬੰਧਤ ਹਨ। ਵਿਚੋਂ ਤਕ ਚੰਗੀਆਂ ਮਾੜੀਆਂ ਪਰਿਸਥਿਤੀਆਂ ਵੀ ਜੋਤਸ਼ ਨਾਲ ਹੀ ਜੋੜੀਆਂ ਜਾਂਦੀਆਂ ਹਨ। ਜਿਵੇਂ ਗ੍ਰਹਿ, ਦਿਨ, ਫਲ, ਸ਼ਭ ਸ਼ਗਨ, ਮੌਕੇ, ਬਰਸਾਤ ਆਦਿ ਪਤਾ ਗ੍ਰਹਿ ਚਾਲ ਨਾਲ ਕੀਤਾ ਜਾਂਦਾ ਹੈ। ਕਲੈਂਡਰ ਤਿਆਰ, ਰਾਸ਼ੀ ਫਲ, ਚੰਨ ਦਾ ਲਗਣਾ, ਸੂਰਜ ਲੱਗਣਾ ਆਦਿ ਜੋ ਗ੍ਰਹਿਆਂ ਦੀ ਸਹੀ ਚਾਲ ਅਤੇ ਵਿਵਹਾਰ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹਨ ਉਹ ਜੋਤਸ਼ ਵਿੱਚ ਵਿਸ਼ਵਾਸ ਨਹੀਂ ਕਰ ਸਕਦੇ।" ਅੰਕਾਂ ਵਿੱਚ ਵਿਸ਼ਵਾਸ “ਅੰਕਾਂ ਵਿੱਚ ਵਿਸ਼ਵਾਸ ਇੱਕ ਵਖਰੇ ਵਰਗ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਇਹਨਾਂ ਵਿੱਚ ਜੰਤਰਾਂ ਅਤੇ ਤਵੀਜ਼ਾਂ ਨੂੰ ਵੀ ਰੱਖਿਆ ਜਾ ਸਕਦਾ ਹੈ।

ਲੋਕ ਧਰਮ[ਸੋਧੋ]

ਲੋਕ ਧਰਮ ਲੋਕ-ਵਿਸ਼ਵਾਸਾ ਦੀ ਇੱਕ ਵਿਸ਼ੇਸ਼ ਅਤੇ ਪਰਪੱਕ ਵੰਨਗੀ ਹੈ। ਕਿਸੇ ਦੈਵੀ ਅਤੇ ਮਹਾਂਸ਼ਕਤੀ ਵਿੱਚ ਵਿਸ਼ਵਾਸ ਰੱਖਣਾ ਹੀ ਲੋਕ ਧਰਮ ਹੈ। ਲੋਕ ਧਰਮ ਦਾ ਕੇਂਦਰ ਬਿੰਦੂ ਭਾਗ ਹੈ। ਭਾਗ ਨੂੰ ਪ੍ਰਾਪਤ ਕਰਨ ਲਈ ਵੱਖਰੇ ਵੱਖਰੇ ਵਿਸ਼ਟ ਅਤੇ ਉਹਨਾ ਦੀਆਂ ਪੂਜਨ ਵਿਧੀਆਂ ਹਨ। ਵਿਸ਼ਟ ਪਸ਼ੂ, ਪੰਛੀ, ਦਰੱਖ਼ਤ, ਨਦੀ, ਖੂਹ, ਤਕੀਏ, ਸੂਰਜ, ਚੰਦਰਮਾ ਆਦਿ ਕੋਈ ਵੀ ਹੋ ਸਕਦੇ ਹਨ। ਇਹਨਾਂ ਇਸ਼ਟਾਂ ਨਾਲ ਜੁੜੇ ਲੋਕ-ਵਿਸ਼ਵਾਸ ਲੋਕ ਧਰਮ ਦੇ ਅੰਤਰਗਤ ਰੱਖੇ ਜਾ ਸਕਦੇ ਹਨ। ਧਰਤੀ ਮਾਤਾ, ਤੁਲਸੀ ਪੂਜਾ, ਪਿੱਪਲ ਦੀ ਪੂਜਾ ਜੰਡ, ਸੂਰਜ, ਚੰਦ ਦੀ ਪੂਜਾ ਅਰਚਨਾ ਨਾਲ ਜੁੜੇ ਵਿਸ਼ਵਾਸ ਲੋਕ ਧਰਮ ਨਾਲ ਸੰਬੰਧਿਤ ਹਨ।"[5][6]

ਅੰਤਿਕਾ[ਸੋਧੋ]

ਸਮਾਜਕ, ਸਭਿਆਚਾਰ ਦੇ ਖੇਤਰ ਵਿੱਚ ਲੋਕ ਵਿਸ਼ਵਾਸਾਂ ਦੇ ਅਹਿਮ ਭੂਮਿਕਾ ਨਿਭਾਉਂਦੀਆਂ ਹੋਇਆ ਲੋਕਾਂ ਦੀ ਜੀਵਨ ਜਾਂਚ ਨੂੰ ਪ੍ਰਭਾਵਤ ਹੀ ਨਹੀਂ ਕੀਤਾ ਸਗੋਂ ਦਿਸ਼ਾ ਨਿਰਦੇਸ਼ ਵੀ ਕੀਤਾ ਹੈ। ਲੋਕ ਵਿਸ਼ਵਾਸ ਅਤੀਤ ਦੀ ਚੀਜ ਨਹੀਂ ਬਲਕਿ ਵਰਤਮਾਨ ਜੀਵਨ ਵਿੱਚ ਜਿਉਂਦੇ ਜਾਗਦੇ ਅਤੇ ਭਵਿੱਖ ਵਿੱਚ ਪ੍ਰਚਲਿਤ ਰਹਿਣ ਵਾਲੀ ਸ਼ਕਤੀ ਵਜੋਂ ਮਨੁੱਖੀ ਜੀਵਨ ਜਾਂਚ ਵਿੱਚ ਸਾਰਥਕ ਰੂਪ ਵਿੱਚ ਵਿਚਰਦੇ ਹਨ। ਜਿਹਨਾਂ ਵਸਤਾਂ, ਘਟਨਾਵਾਂ ਆਦਿ ਨੂੰ ਸਮਝਣ ਦੀ ਸਮਰੱਥਾ ਮਨੁੱਖ ਕੋਲ ਨਹੀਂ ਸੀ ਜਾਂ ਜਿਹਨਾਂ ਨੂੰ ਉਹ ਸਮਝ ਨਹੀਂ ਸਕਿਆਂ ਉਹਨਾਂ ਵਸਤੂਆ ਘਟਨਾਵਾਂ ਦੇ ਪ੍ਰਤੀ ਉਸ ਨੇ ਆਪਣੀ ਸੂਝ ਦੁਆਰਾ ਉਹਨਾਂ ਦੇ ਹੱਕ ਪ੍ਰਤੀ ਵਿਸ਼ਵਾਸ ਘੜੇ ਇਸ ਤਰ੍ਹਾਂ ਲੋਕ ਵਿਸ਼ਵਾਸ ਹੋਂਦ ਵਿੱਚ ਆਵੇ ਜਿਵੇਂ ਕਿਸੇ ਔਰਤ ਨੂੰ ਕਹਿ ਦਿੱਤਾ ਜਾਵੇਂ ਕਿ ਤੂੰ ਰਾਤ ਨੂੰ ਫਲ ਵਾਲੇ ਦਰੱਖ਼ਤ ਹੇਠ ਨਹਾਉਣਾ ਨਾਲ ਤੁਹਾਡੀ ਕੁੱਖ ਹਰੀ ਹੋ ਜਾਵੇਗੀ ਤੇ ਉਹ ਇਸ `ਤੇ ਵਿਸ਼ਵਾਸ ਕਰਦੀ ਹੈ ਪ੍ਰਾਚੀਨ ਕਾਲ ਵਿੱਚ ਲੋਕ ਵਿਸ਼ਵਾਸਾ ਦੀ ਮਹੱਤਤਾ ਬਹੁਤ ਰਹੀ ਹੈ ਪਰ ਆਧੁਨਿਕ ਯੁੱਗ ਵਿੱਚ ਇਨ੍ਹਾਂ ਦੀ ਮਹੱਤਤਾ ਘੱਟ ਗਈ ਹੈ ਕਿਉਂਕਿ ਸਿੱਖਿਆ ਤੇ ਵਿਗਿਆਨ ਦੇ ਪ੍ਰਸਾਰ ਕਾਰਨ ਇਹ ਲੋਕ ਵਿਸ਼ਵਾਸ ਘੱਟ ਗਏ ਹਨ। ਪੜ੍ਹੇ ਲਿਖੇ ਲੋਕ ਘੱਟ ਵਿਸ਼ਵਾਸ ਕਰਦੇ ਹਨ ਜਦਕਿ ਅਨਪੜ੍ਹ ਇਹਨਾਂ ਵਿੱਚ ਅਜੇ ਵੀ ਵਿਸ਼ਵਾਸ ਕਰਦੇ ਹਨ।

ਹਵਾਲੇ[ਸੋਧੋ]

  1. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਅਤੇ ਸਭਿਆਚਾਰ, ਪੇਪਸੂ ਬੁੱਕ ਡਿਪੂ, ਪਟਿਆਲਾ, 1986 ਪੰਨਾ 99
  2. ਕਰਨੈਲ ਸਿੰਘ ਥਿੰਦ, ਲੋਕ ਮੱਧਕਾਲਿਨ ਪੰਜਾਬੀ ਸਾਹਿਤ, ਪੰਨਾ 192-93, ਉਦਰਿਤ ਜੋਗਿੰਦਰ ਸਿੰਘ ਕੈਰੋਂ ਪੰਜਾਬੀ ਸਹਿਤ ਦਾ ਲੋਕਧਾਰਾਈ ਪਿਛੋਕੜ, ਪੰਜਾਬੀ ਅਕਾਦਮੀ, ਦਿੱਲੀ, 2006, 187
  3. ਸੰਤ੍ਰਿਪਤ ਕੋਰ ਲੋਕਧਾਰਾ ਆਧਾਰ ਤੇ ਪਾਸਾਰ, ਮਦਾਨ ਪਬਲੀਕੇਸ਼ਨ, ਪਟਿਆਲਾ, 2008, ਪੰਨਾ 194
  4. ਡਾ. ਜੀਤ ਸਿੰਘ ਜੋਸ਼ੀ ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਲਾਹੋਰ ਬੁੱਕ ਸ਼ਾਪ, ਲੁਧਿਆਣਾ, 2010, ਪੰਨਾ 293-94
  5. ਡਾ.ਗੁਰਮੀਤ ਸਿੰਘ, ਲੋਕਧਾਰਾ ਦੇ ਕੁਝ ਪੱਖ, ਪੰਜਾਬੀ ਰਾਈਟਰਜ਼ ਕੋਆਪਰੇਟਿਵ, ਅੰਮ੍ਰਿਤਸਰ, ਪੰਨਾ 64-65
  6. ਬਲਵੀਰ ਸਿੰਘ ਪੂੰਨੀ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰ, ਵਾਰਿਸ਼ ਸ਼ਾਹ ਫ਼ਾਉਂਡੈਸ਼ਨ, ਅੰਮ੍ਰਿਤਸਰ, ਪੰਨਾ 124-25