ਲੋਕ ਸ਼ਿਲਪਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੋਕ ਸ਼ਿਲਪਕਾਰੀ ਪੰਜਾਬੀ ਕੋਸ਼ ਅਨੁਸਾਰ ਸ਼ਿਲਪ ਤੋਂ ਭਾਵ ਦਸਤਕਾਰੀ, ਕਾਰੀਗਰੀ, ਹੁਨਰ ਤੋਂ ਲਿਆ ਜਾਂਦਾ ਹੈ। “ਖੂਬਸੂਰਤੀ, ਅਪਣੱਤ, ਲੋੜ, ਮਿਹਨਤ ਅਤੇ ਕਾਰੀਗਰੀ ਦੀ ਮੁਹਾਰਤ ਇਸ ਦੇ ਪ੍ਰਮੁੱਖ ਤੱਤ ਹਨ।”1 ਲੋਕ ਸ਼ਿਲਪਕਾਰੀ ਦਾ ਘੇਰਾ ਅਤਿ ਵਿਸ਼ਾਲ ਅਤੇ ਇਤਿਹਾਸ ਬਹੁਤ ਪੁਰਾਣਾ ਹੈ। ‘ਸਿੰਧੂ ਘਾਟੀ ਦੀਆਂ ਲੱਭਤਾਂ ਜਿਵੇਂ ਮੋਹਰਾਂ, ਤਾਵੀਜ਼, ਮਿੱਟੀ ਦੀਆਂ ਮੂਰਤਾਂ, ਪੱਥਰ ਦੀਆਂ ਆਕ੍ਰਿ੍ਰਤੀਆਂ ਇਸ ਦਾ ਪ੍ਰਮਾਣ ਦਿੰਦੀਆਂ ਹਨ।’2 “ਸ਼ਿਲਪ ਚੁੱਲੇ ਚੌਂਕੇ ਤੋਂ ਲੈ ਕੇ ਕੁੱਪ ਅਤੇ ਗਹੀਰੇ ਬੰਨ੍ਹਣ ਲਈ ਲੋੜੀਂਦਾ ਹੈ। ਲੱਜ ਵੱਟਣ, ਕੰਧਾਂ ਲਿਪਣ, ਮੰਜੇ ਬੁਣਨ ਤੇ ਡੰਗਰਾਂ ਦੇ ਝੁੱਲ ਬਣਾਉਣ ਲਈ ਵਾਣ, ਸੂਤ, ਮੁੰਜ ਨੂੰ ਵਿਸ਼ੇਸ਼ ਵਿਧੀਆਂ ਨਾਲ ਦਬਾ ਦੇਣ, ਗੰਢਾਂ ਰਾਹੀਂ ਬੁਣਨ ਤੇ ਉਣਨ ਦੀ ਮੁਹਾਰਤ ਚਾਹੀਦੀ ਹੈ।”3 ਸ਼ਿਲਪ ਤੋਂ ਬਿਨਾਂ ਪੇਂਡੂ ਜੀਵਨ ਸੰਭਵ ਨਹੀਂ ਕਿਉਂਕਿ ਇਸ ਦਾ ਮਕਸਦ ਵਸਤੂ ਦੀ ਵਿਕਰੀ ਨਹੀਂ ਹੁੰਦਾ, ਸਗੋਂ ਸਾਡੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਹੈ। “ਇਨ੍ਹਾਂ ਨਾਲ ਪਦਾਰਥਕ ਕਲਾਵਾਂ ਵਾਂਗ ਰੋਜ਼ੀ-ਰੋਟੀ ਦਾ ਮਸਲਾ ਵੀ ਜੁੜਿਆ ਹੋਇਆ ਅਤੇ ਕੋਮਲ ਜਾਂ ਲਲਿਤ ਕਲਾਵਾਂ ਵਾਲੀ ਭਾਵਨਾ ਵੀ ਹੈ।”4 ਇਸ ਕਰ ਕੇ ਸ਼ਿਲਪਕਾਰ ਸਾਡੇ ਜੀਵਨ ਦੇ ਅਟੁੱਟ ਅੰਗ ਹੁੰਦੇ ਹਨ। ਸ਼ਿਲਪੀਆਂ ਦੀਆਂ ਦੋ ਸ਼੍ਰੇਣੀਆਂ ਬਣਾਈਆਂ ਜਾ ਸਕਦੀਆਂ ਹਨ- ਪਹਿਲੀ ਸ਼ੇ੍ਰਣੀ ਵਿੱਚ ਮਰਦਾਂ ਦੁਆਰਾ ਕੀਤੀ ਜਾਂਦੀ ਸ਼ਿਲਪਕਾਰੀ ਜਿਸ ਵਿੱਚ ਟੋਕਰੇ, ਛਿਕੂ, ਛੱਜ, ਮਿੱਟੀ ਦੇ ਭਾਂਡੇ, ਲੱਕੜ ਦੀਆਂ ਵਸਤਾਂ, ਜੁੱਤੀਆਂ, ਗਹਿਣੇ ਆਦਿ ਬਣਾਉਣਾ ਆਉਂਦਾ ਹੈ। ਦੂਜੀ ਸ਼੍ਰੇਣੀ ਵਿੱਚ ਘਰ ਦੀਆਂ ਸੁਆਣੀਆਂ ਦੁਆਰਾ ਕੀਤੀ ਜਾਂਦੀ ਸ਼ਿਲਪਾਕਰੀ ਜਿਵੇਂ- ਮੰਜੇ ਬੁਣਨਾ, ਬੋਹੀਏ, ਇੰਨੂ, ਪੀੜ੍ਹੀਆਂ, ਚਟਾਈਆਂ ਦਰੀਆਂ, ਖੇਸ, ਰੁਮਾਲ, ਦੁਪੱਟੇ, ਸੂਟ, ਫੁਲਕਾਰੀ, ਚਾਦਰ, ਬਾਗ, ਸਰ੍ਹਾਣੇ, ਮੇਜ਼ ਪੋਸ਼, ਪੱਖੀਆਂ, ਤਸਵੀਰਾਂ ਆਦਿ ਆਉਂਦਾ ਹੈ। 1. ਮਰਦਾਂ ਦੀ ਸ਼ਿਲਪਕਾਰੀ ਮਿੱਟੀ ਦੇ ਭਾਂਡੇਂ ਬਣਾਉਣਾ: ਕਿਸੇ ਕਾਰੀਗਰ ਜਾਂ ਦਸਤਕਾਰੀ ਦਾ ਸੰਬੰਧ ਉਸ ਦੀ ਆਪਣੀ ਸ਼ਿਲਪ ਨਾਲ ਹੁੰਦਾ ਹੈ ਅਤੇ ਆਪਣੇ ਹੁਨਰ ਜਾਂ ਸ਼ਿਲਪ ਵਿੱਚ ਨਿਪੁੰਨ ਹੋਣਾ ਹੀ ਉਸ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਮਿੱਟੀ ਦੇ ਭਾਂਡੇ ਬਣਾਉਣਾ ਇੱਕ ਲੋਕ ਸ਼ਿਲਪਕਾਰੀ ਹੈ।ਇਸ ਲੋਕ ਸ਼ਿਲਪਕਾਰੀ ਵਿੱਚ ਘੁਮਿਆਰ ਦਾ ਮਹੱਤਵਪੂਰਨ ਸਥਾਨ ਹੈ। ਘੁਮਿਆਰ ਦਾ ਕੰਮ ਮਿੱਟੀ ਦੇ ਭਾਂਡੇ ਬਣਾਉਣਾ ਹੈ। ਉਸ ਦੁਆਰਾ ਪਹਿਲਾਂ ਮਿੱਟੀ ਨੂੰ ਗੁੰਨਿਆ ਜਾਂਦਾ ਹੈ। “ਗੁੰਨੀ ਹੋਈ ਮਿੱਟੀ ਦੀ ਸੁਥਰੀ ਥੱਪ ਕੇ ਉਸ ਨੂੰ ਹੱਥਾਂ ਨਾਲ ਹੌਲੀ-ਹੌਲੀ ਪਤਲਾ ਕਰ ਕੇ ਇੱਕ ਤਹਿ ਜਿਹੀ ਬਣਾਈ ਜਾਂਦੀ ਹੈ। ਫਿਰ ਲੱਕੜੀ ਦੇ ਟੁਕੜੇ ਨਾਲ ਪੋਲਾ ਪੋਲਾ ਠੋਕ ਇਸ ਨੂੰ ਬੜਾ ਹੀ ਮੁਲਾਇਮ ਕੀਤਾ ਜਾਂਦਾ ਹੈ।”5 ਫਿਰ ‘ਚੱਕ’ ਉੱਤੇ ਸੁਰਾਹੀ, ਘੜਾ, ਲੋਟਾ, ਮੱਟ, ਤੋੜੇ, ਦੀਵੇ ਬਣਾ ਕੇ ਧੁੱਪ ਵਿੱਚ ਸੁਕਾਉਣ ਤੋਂ ਬਾਅਦ ਇਨ੍ਹਾਂ ਭਾਂਡਿਆਂ ਨੂੰ ਅੱਗ ਵਿੱਚ ਪਕਾਇਆ ਜਾਂਦਾ ਹੈ। ਪੱਕੇ ਹੋਏ ਇਨ੍ਹਾਂ ਬਰਤਨਾਂ ਉੱਤੇ ਘੁਮਿਆਰ ਦੁਆਰਾ ਮੀਨਾਕਰੀ ਕੀਤੀ ਜਾਂਦੀ ਹੈ। “ਦੁਨੀਆਂ ਭਰ ਵਿੱਚ ਸਭ ਤੋਂ ਵੱਧ ਕੋਈ ਦਸ ਲੱਖ ਘੁਮਿਆਰ ਭਾਰਤ ਵਿੱਚ ਅੱਜ ਵੀ ਇਸ ਸ਼ਿਲਪ ਨਾਲ ਜੁੜੇ ਹੋਏ ਹਨ”6 ਚਮੜੇ ਦੀਆਂ ਜੁੱਤੀਆਂ ਬਣਾਉਣਾ: ਲੋਕ ਸ਼ਿਲਪਕਾਰੀ ਵਿੱਚ ਮੋਚੀ ਜਾਂ ਚਮਿਆਰ ਦੀ ਸ਼ਿਲਪ ਦਾ ਸੰਬੰਧ ਚਮੜੇ ਨਾਲ ਹੈ। ‘ਮੋਚੀ ਦੁਆਰਾ ਸ਼ੁਰੂ ਵਿੱਚ ਧੋੜ੍ਹੀ ਅਤੇ ਖੱਲ ਧੋਈ ਜਾਂਦੀ ਹੈ। ਮਾਪ (ਮੇਚਾ) ਪਹਿਲਾਂ ਹੀ ਤਿਆਰ ਕੀਤੇ ਜਾਂਦੇ ਹਨ।ਜਿਵੇਂ: ਪੰਦਰਾਂ, ਸੋਲ੍ਹਾ, ਸਤਾਰਾ, ਪੱਕਾ ਪੰਦਰਾਂ ਆਦਿ। ਪੈਰ ਦਾ ਮਾਪ ਲੈਣ ਤੋਂ ਬਾਅਦ ਦੋਵੇਂ ਪੈਰਾਂ ਦੇ ਛੱਤ ਕੱਟੇ ਜਾਂਦੇ ਹਨ। ਫਿਰ ਉਹਨਾਂ ਨੂੰ ਲੇਟੀ ਨਾਲ ਥੱਪ ਲਿਆ ਜਾਂਦਾ ਹੈ। ਫਿਰ ਛੱਤ ਤੇ ਕੋਰ ਲਾਈ ਜਾਂਦੀ ਹੈ ਅਤੇ ਇਸ ਉੱਪਰ ਜਰੀ ਨਾਲ ‘ਕੰਢਾਰੀ’ ਦੁਆਰਾ ਕਢਾਈ ਕੀਤੀ ਜਾਂਦੀ ਹੈ। ਮੋਗਰੇ ਨਾਲ ਲੋੜ ਪੈਣ ਤੇ ਠੁਕਾਈ ਅਤੇ ਹੋਰ ਸੰਦ ਫਲੀ, ਪੱਥਰ, ਡੋਰ, ਕੁੰਡੀ, ਦੀ ਲੋੜ ਪੈਣ ਤੇ ਵਰਤੋਂ ਕੀਤੀ ਜਾਦੀਂ ਹੈ। ਜੁੱਤੀ ਦੇ ਬਣ ਜਾਣ ਤੋਂ ਬਾਦ ਇਸ ਵਿੱਚ ਪੰਜੇ ਵਾਲੇ ਪਾਸੇ ਕਲਬੂਤ, ਵਿਚਕਾਰ ਠਾਕਾ ਅਤੇ ਅਖੀਰ `ਚ ਲੱਕੜ ਦੀ ਅੱਡੀ ਨੂੰ ਪਾ ਕੇ ਘੰਟੇ ਅੱਧੇ ਘੰਟੇ ਲਈ ਰੱਖਿਆ ਜਾਂਦਾ ਹੈ।ਇਸ ਤਰ੍ਹਾਂ ਕਰਨ ਨਾਲ ਜੁੱਤੀ ਪਾਉਣ ਦੇ ਯੋਗ ਬਣ ਜਾਂਦੀ ਹੈ।” ਉੱਪਰੋਕਤ ਜਾਣਕਾਰੀ ਸਰੂਪ ਸਿੰਘ ਪਿੰਡ, ਕਨਵਾਨੂੰ ਜ਼ਿਲ੍ਹਾ ਪਟਿਆਲਾ ਤੋਂ ਪ੍ਰਾਪਤ ਕੀਤੀ ਗਈ ਹੈ: ਸੋਨੇ-ਚਾਂਦੀ ਦੇ ਗਹਿਣੇ ਬਣਾਉਣਾ: ਸੁਨਿਆਰ ਇੱਕ ਅਜਿਹਾ ਸ਼ਿਲਪੀ ਹੈ ਜਿਸ ਦੀ ਸ਼ਿਲਪਕਾਰੀ ਅਤੇ ਉਸ ਦੁਆਰਾ ਸੋਨੇ-ਚਾਂਦੀ ਦੇ ਗਹਿਣਿਆਂ ਤੇ ਕੀਤੀ ਮੀਨਾਕਾਰੀ ਕਲਾ ਭਰਪੂਰ ਹੁੰਦੀ ਹੈ। ਉਸ ਦੁਆਰਾ “ਗਹਿਣਿਆਂ ਲਈ ਵਰਤੀ ਜਾਂਦੀ ਸਮੱਗਰੀ ਵਿਸ਼ੇਸ਼ ਕਰ ਕੇ ਸੋਨਾ ਜਿਵੇਂ ਸ਼ੁੱਧ ਕੀਤਾ ਜਾਂਦਾ ਹੈ, ਢਾਲਿਆ ਅਤੇ ਪਰਖਿਆ ਜਾਂਦਾ ਹੈ। ਇਸ ਤੋਂ ਇਲਾਵਾਂ ਗਹਿਣਿਆਂ ਨੂੰ ਸੋਧਣ, ਸਾਫ਼ ਕਰਨ, ਪਾਲਸ਼ ਕਰਨ ਆਦਿ ਦੀ ਵਿਧੀ ਵੀ ਸਰਲ ਜਾਂ ਸੁਖੈਲ ਨਹੀਂ ਕਿਸੇ ਵਿਸ਼ੇਸ਼ ਗਹਿਣੇ ਨੂੰ ਵਿਸ਼ੇਸ਼ ਜਿਸਮ ਦੇ ਵਿਸ਼ੇਸ਼ ਅੰਗ ਮੁਤਾਬਕ ਵਿਸ਼ੇਸ਼ ਨਮੂਨੇ ਅਨੁਸਾਰ ਘੜਨਾ ਅਤੇ ਇਸ ਉੱਪਰ ਨੱਕਾਸ਼ੀ ਜਾਂ ਮੀਨਾਕਾਰੀ ਆਦਿ ਕਰਨਾ।”7 ਉਸ ਦੀ ਸ਼ਿਲਪਕਾਰੀ ਦੇ ਵਿਸ਼ੇਸ਼ ਗੁਣ ਹਨ। ਕੱਖਾਂ-ਕਾਨਿਆਂ ਦੇ ਛੱਜ ਬਣਾਉਣਾ: ਇਕ ਹੋਰ ਸ਼ਿਲਪ ਛੱਜ ਬਣਾਉਣ ਦੀ ਹੈ। “ਛੱਜ ਵੇਖਣ ਨੂੰ ਇੱਕ ਸਿੱਧਾ ਸਾਧਾ ਕੱਖਾਂ ਤੇ ਤੀਲਾਂ ਨਾਲ ਬਣਿਆ ਨਿਤ ਵਰਤੋਂ ਵਿੱਚ ਆਉਣ ਵਾਲਾ ਨਿਗੂਣੀ ਵਸਤੂ ਮਾਤਰ ਹੈ ਪਰ ਇਸਨੂੰ ਬਣਾਉਣ ਦੀ ਵਿਧੀ ਪੇਚੀਦਾ ਹੈ। ਛੱਜ ਬਣਾਉਣ ਲਈ ਸਭ ਤੋਂ ਪਹਿਲਾਂ ਕਾਨਿਆਂ ਨੂੰ ਛਿੱਲ ਕੇ ਮੋਟੇ ਅਤੇ ਪਤਲੇ ਕਾਨੇ ਅੱਡ ਕਰ ਲਏ ਜਾਂਦੇ ਹਨ। ਫਿਰ ਇਨ੍ਹਾਂ ਕਾਨਿਆਂ ਨੂੰ ਬਰਾਬਰ ਕੱਟ ਲਿਆ ਜਾਂਦਾ ਹੈ। ਬੁਣਾਈ ਲਈ ਮੋਟੇ ਕਾਨੇ ਥੱਲੇ ਵਾਲੇ ਪਾਸੇ ਰਖੇ ਜਾਂਦੇ ਹਨ। ਉਨ੍ਹਾਂ ਦੇ ਉੱਪਰ ਪਤਲੇ ਕਾਨੇ ਚਿਣੇ ਜਾਂਦੇ ਹਨ। ਇਸ ਨੂੰ ‘ਕੱਚੀ ਬੁਣਾਈ’ ਕਿਹਾ ਜਾਂਦਾ ਹੈ। ਕੱਚੀ ਬੁਣਾਈ ਨੂੰ ਅੱਡੇ ਉੱਤੇ ਰਖ ਕੇ ਇੱਕ ਕਾਨੇ ਨਾਲ ਮੇਚ ਕੇ ਸਾਰੇ ਪਤਲੇ ਕਾਨੇ ਇੱਕ ਬਰਾਬਰ ਕੀਤੇ ਜਾਂਦੇ ਹਨ। ਛੱਜ ਦੀ ਮਜ਼ਬੂਤ ਪਿਛਲੀ ਬਾਹੀ ਬਣਾਉਣ ਲਈ ਇੱਕ ਕਾਨਾ ਬੰਨ੍ਹ ਲਿਆ ਜਾਂਦਾ ਹੈ। ਫਿਰ ਮੋਟੇ ਕਾਨਿਆਂ ਦੀ ਮੁੱਠ ਬੱਨ੍ਹੀ ਜਾਂਦੀ ਹੈ ਅਤੇ ਪਾਣੀ ਵਿੱਚ ਭਿਉਂਕੇ ਚੀਰਾ ਦੇ ਕੇ ਮੋੜਾ ਦਿਤਾ ਜਾਂਦਾ ਹੈ। ਚਮੜੇ ਦੀ ਬਾਰੀਕ ਤੰਦੀ ਨਾਲ ਸਾਰੇ ਕਾਨੇ ਪਿਰੋ ਲਏ ਜਾਂਦੇ। ਛੱਜ ਦੇ ਹੇਠਾਂ ਵਲ ਤੂਤ ਦੀਆਂ ਛਿਟੀਆਂ ਮਜ਼ਬੂਤੀ ਲਈ ਜੋੜੀਆਂ ਜਾਂਦੀਆਂ ਹਨ। ਬੁਣਾਈ ਕਈ ਤਰ੍ਹਾਂ ਦੀ ਹੈ। ਪਰ ਜਿਆਦਾ ਪ੍ਰਚਲਿਤ ‘ਇਕ ਹਰਾ-ਕੜਾ’ ਅਤੇ ‘ਦੁਹਰਾ ਕੜਾ’ ਹੈ।”8

ਟੋਕਰੇ ਬਣਾਉਣਾ[ਸੋਧੋ]

ਟੋਕਰੇ ਬਣਾਉਣ ਲਈ ਸਭ ਤੋਂ ਪਹਿਲਾਂ ਤੂਤ ਨੂੰ ਛਾਂਗਿਆ ਜਾਂਦਾ ਹੈ। ਲੰਬੀਆਂ ਅਤੇ ਪਤਲੀਆਂ ਛਿਟੀਆਂ ਨੂੰ ਵਿਚਕਾਰ ਤੋਂ ਫਾੜ ਲਿਆ ਜਾਂਦਾ ਹੈ ਅਤੇ ਵਿਸ਼ੇਸ਼ ਢੰਗ ਨਾਲ ਉਹਨਾਂ ਦੇ ਮੂੰਹ ਤਿੱਖੇ ਕਰ ਕੇ ਉਹਨਾਂ ਨੂੰ ਛਾਂਗ ਲਿਆ ਜਾਂਦਾ ਹੈ। ਟੋਕਰੇ ਦੇ ਸਾਇਜ਼ ਦੇ ਹਿਸਾਬ ਨਾਲ ਛਾਂਗੀਆਂ ਹੋਈਆਂ ਛਿਟੀਆਂ ਇੱਕ ਦੂਸਰੀ ਦੇ ਉੱਤੇ ਉਲਟ ਦਿਸ਼ਾ ਵਲ ਰਖ ਕੇ ਛਿਟੀਆਂ ਨਾਲ ਵਿਸ਼ੇਸ਼ ਢੰਗ ਨਾਲ ਬੁਣਿਆ ਜਾਂਦਾ ਹੈ। ਇਸ ਸ਼ਿਲਪਾਕਰੀ ਵਿੱਚ ਸ਼ਿਲਪੀ ਦੁਆਰਾ ਲੋਹੇ ਦਾ ਤਿੱਖਾ ਦਾਤ ਵਰਤਿਆ ਜਾਂਦਾ ਹੈ। ਔਰਤ ਜਾਂ ਘਰ ਦੀਆਂ ਸੁਆਣੀਆਂ ਦੀ ਸ਼ਿਲਪਕਾਰੀ

ਮੰਜੇ ਬੁਣਨਾ[ਸੋਧੋ]

‘ਸਭ ਤੋਂ ਪਹਿਲਾਂ ਮੰਜੇ ਨੂੰ ਤਰਖਾਣ ਤੋਂ ਤਿਆਰ ਕਰਵਾਇਆ ਜਾਂਦਾ ਹੈ। ਮੰਜੇ ਦੀਆਂ ਛੇ-ਛੇ ਫੁੱਟ ਦੀਆਂ ਦੋ ਬਾਹੀਆਂ, ਤਿੰਨ ਤਿੰਨ ਫੁਟ ਦੇ ਦੋ ਸੇਰਵੇ ਅਤੇ ਦੋ-ਦੋ ਫੁੱਟ ਦੇ ਚਾਰ ਪਾਵੇ ਹੁੰਦੇ ਹਨ। ਮੰਜੇ ਨੂੰ ਕਈ ਤਰ੍ਹਾਂ ਦੀ ਸਮੱਗਰੀ ਦੁਆਰਾ ਬੁਣਿਆ ਜਾਂਦਾ ਹੈ ਜਿਵੇਂ ਸੂਤ, ਵਾਣ, ਨਮਾਰ ਆਦਿ। ਮੰਜੇ ਵਿੱਚ ਸਭ ਤੋਂ ਪਹਿਲਾਂ ਦੌਣ ਪਾਉਣ ਲਈ ਮੱਲ ਪਾਇਆ ਜਾਂਦਾ ਹੈ ਮੱਲ ਵਾਲੇ ਧਾਗਿਆਂ ਦੀ ਗਿਣਤੀ 18 ਜਾਂ 20 ਦੇ ਲਗਭੱਗ ਹੁੰਦੀ, ਇਨ੍ਹਾਂ ਧਾਗਿਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਜਾਂਦਾ ਹੈ ਅਤੇ ਵਿਸ਼ੇਸ਼ ਢੰਗ ਨਾਲ ਵਲ ਪਾ ਕੇ ਬਾਹੀਆਂ ਕੋਲੋਂ ਗੁੱਠ ਲਿਆ ਜਾਂਦਾ ਹੈ। ਮੱਲ ਨੂੰ ਕੱਸ ਕੇ ਰੱਖਣ ਲਈ ਵਟ ਦੇ ਕੇ ਡੰਡਾ ਪਾ ਕੇ ਸੇਰਵੇ ਤੇ ਰਖਸ ਲਿਆ ਜਾਂਦਾ ਹੈ। ਮੰਜੇ ਕਈ ਤਰ੍ਹਾਂ ਨਾਲ ਬੁਣੇ ਜਾਂਦੇ ਹਨ ਸੰਘਿਆਂ ਵਾਲੇ ਮੰਜੇ ਕੁੰਡੀ ਵਾਲੇ ਮੰਜੇ ਕੁੰਡੀ ਵਾਲੇ ਮੰਜਿਆਂ ਵਿੱਚ ਦੋ ਕੁੰਡੀਆਂ ਵਰਤੀਆਂ ਜਾਂਦੀਆਂ ਹਨ। ਸਭ ਤੋਂ ਪਹਿਲਾਂ ਤਾਣਾ ਪਾਇਆ ਜਾਂਦਾ ਹੈ। ਫਿਰ ਕੁੰਡੀ ਦੀ ਸਹਾਇਤਾ ਨਾਲ ਪੇਟਾ ਪਾ ਕੇ ਮੰਜਾ ਬੁਣਿਆ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਨਮੂਨਿਆਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਸੰਘਿਆਂ ਵਾਲੇ ਮੰਜੇ ਵਿੱਚ ਪਹਿਲਾਂ ਚਾਰ ਧਾਗਿਆਂ ਦਾ ਜੀ ਪਾਇਆ ਜਾਂਦਾ ਹੈ। ਇਸ ਤੋਂ ਹੀ ਮੰਜੇ ਦੀ ਬੁਣਾਈ ਸ਼ੁਰੂ ਕੀਤੀ ਜਾਂਦੀ ਹੈ। ਇਸ ਵਿੱਚ ਤਾਣਾ ਤੇ ਪੇਟਾ ਇੱਕਠੇ ਤੌਰ ਤੇ ਪਾਏ ਜਾਂਦੇ ਹਨ। ਹਰੇਕ ਸੰਘਾ ਲਗੱਭਗ 12 ਧਾਗਿਆਂ ਦਾ ਬਣਾ ਲਿਆ ਜਾਂਦਾ ਹੈ। ਸੰਘੇ ਵਾਲੇ ਮੰਜੇ ਵਿੱਚ ਚਾਰ-ਚਾਰ ਧਾਗਿਆਂ ਦੇ ਹਿਸਾਬ ਨਾ ਬੁਣਤੀ ਪਾ ਕੇ ਡਿਜ਼ਾਇਨ ਬਣਾ ਲਏ ਜਾਂਦੇ ਹਨ ਪਰ ਸੰਘਿਆਂ ਵਾਲੇ ਮੰਜੇ ਵਿੱਚ ਦੋਵੇਂ ਸੰਘੇ ਬਣਨ ਦੇ ਨਾਲ-ਨਾਲ ਪਾਈ ਜਾਂਦੀ ਹੈ। ਪੀੜ੍ਹੀਆਂ ਵੀ ਮੰਜਿਆ ਵਾਂਗ ਹੀ ਬੁਣੀਆਂ ਜਾਂਦੀਆਂ ਹਨ। ਉੱਪਰੋਕਤ ਜਾਣਕਾਰੀ ਮਹਿੰਦਰ ਕੌਰ, ਪਿੰਡ ਕਲਵਾਨੂੰ, ਜ਼ਿਲ੍ਹਾ ਪਟਿਆਲਾ ਤੋਂ ਪ੍ਰਾਪਤ ਕੀਤੀ ਗਈ ਹੈ।

ਸਰ੍ਹਾਣੇ ਬਣਾਉਣਾ[ਸੋਧੋ]

ਸਰ੍ਹਾਣਿਆਂ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ: ਜਿਵੇਂ: ਕਰੋਸੀਏ ਨਾਲ, ਆਰਨ ਨਾਲ, ਜਾਲੀ ਵਾਲੀ ਕੇਸਮੈਂਟ ਦੇ ਕੱਪੜੇ ਤੇ ਸੂਈ ਨਾਲ ਪੱਸ਼ਮ ਦੇ ਧਾਗਿਆਂ ਨਾਲ ਵੱਖ-ਵੱਖ ਡਿਜ਼ਾਇਨ ਪਾ ਕੇ ਬਣਾਇਆ ਜਾਂਦਾ ਹੈ। ਸਰ੍ਹਾਣਿਆਂ ਤੇ ਕਢਾਈ ਕਈ ਪ੍ਰਕਾਰ ਅਤੇ ਕਈ ਨਮੂਨਿਆਂ `ਚ ਕੀਤੀ ਜਾਂਦੀ ਹੈ। ਸਰ੍ਹਾਣਿਆਂ ਤੇ ਨਮੂਨੇ ਕੁੜੀਆਂ ਦੀ ਮਾਨਸਿਕ ਵੇਦਨਾ ਨੂੰ ਪ੍ਰਗਟਾਉਂਦੇ ਬੋਲ ਤੇ ਚਿੱਤਰਾਂ ਦੇ ਬਣਾਏ ਜਾਂਦੇ ਹਨ। ਜਿਵੇਂ: ਹਾਏ ਵੇ ਠੂੰਹਾਂ ਲੜ ਗਿਆ, ਕਰੇਲਿਆਂ ਦੀ ਵਾੜ `ਚੋਂ। ਇਸ ਨੂੰ ਸਰ੍ਹਾਣੇ ਉੱਤੇ ਚਿੱਤਰ ਦੁਆਰਾ ਠੂੰਹਾਂ, ਕਰੇਲਿਆਂ ਦੀ ਵਾੜ ਅਤੇ ਔਰਤ ਮਰਦ ਦੇ ਚਿੱਤਰ ਬਣਾ ਕੇ ਪ੍ਰਗਟਾਇਆ ਜਾਂਦਾ ਹੈ।

ਰੁਮਾਲ ਕੱਢਣਾ[ਸੋਧੋ]

ਰੁਮਾਲ ਚਾਰ ਕੋਣਾਂ ਹੁੰਦਾ ਹੈ। ਇਸ ਦੀ ਕਿਨਾਰੀ ਚਾਰਾਂ ਪਾਸਿਆਂ ਤੋਂ ਰੰਗਦਾਰ ਧਾਗੇ ਨਾਲ ਕੱਢੀ ਜਾਂਦੀ ਹੈ ਅਤੇ ਵਿਚਕਾਰ ਫੁੱਲ ਰੁਮਾਲ ਨੂੰ ਸਜਾਉਣ ਲਈ ਕਢਿਆ ਜਾਂਦਾ ਹੈ।

ਦੁਪੱਟਾ ਕੱਢਣਾ[ਸੋਧੋ]

ਦੁਪੱਟੇ ਔਰਤਾਂ ਦੁਆਰਾ ਵਰਤੇ ਜਾਂਦੇ ਹਨ। ਇਸ ਦੀ ਕਿਨਾਰਿਆਂ ਤੋਂ ਕਢਾਈ ਕੀਤੀ ਜਾਂਦੀ ਹੈ ਕਈ ਵਾਰ ਦੁਪੱਟੇ ਦੇ ਚਾਰ ਪਾਸੇ ਪੱਟੀ ਦੇ ਤੌਰ ਤੇ ਵਿਚਕਾਰ ਕੁਝ ਬੂਟੀਆਂ ਪਾ ਕੇ ਕੱਢਿਆ ਜਾਂਦਾ ਹੈ। ਇਸ ਵਿੱਚ ਆਮ ਤੌਰ ਤੇ ਛਿੰਦੀ ਦੀ ਜਾਂ ਕੱਚੀ ਛਿੰਦੀ ਕਢਾਈ ਕੀਤੀ ਜਾਂਦੀ ਹੈ।

ਖੇਸ ਬੁਣਨਾ[ਸੋਧੋ]

‘ਖੇਸ ਘਰ ਵਿੱਚ ਆਮ ਵਰਤੋਂ ਲਹੀ ਅਤੇ ਕੁੜੀ ਨੂੰ ਦਾਜ ਵਿੱਚ ਵੀ ਦਿੱਤੇ ਜਾਂਦੇ ਹਨ। ਖੇਸ ਵੱਖ-ਵੱਖ ਡਿਜ਼ਾਇਨਾਂ ਵਿੱਚ ਬਣਾਏ ਜਾਂਦੇ ਹਨ। ਇਸ ਦੇ ਕੁੱਲ 400 ਧਾਗੇ ਹੁੰਦੇ ਹਨ। ਵੀਹ ਧਾਗਿਆਂ ਦਾ ਇੱਕ ਜੁੱਟ ਬਣਾ ਕੇ ‘ਇਕ ਵੀਹ’ ਬਣਦੀ ਹੈ। ਇਹਨਾਂ ਦੀ ਗਿਣਤੀ-ਮਿਣਤੀ ਲਈ ਵੀਹਾਂ ਦਾ ਹਿਸਾਬ ਰਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਤਾਣਾ ਤਣਿਆ ਜਾਂਦਾ ਹੈ। ਤਾਣੇ ਦੀ ਲੰਬਾਈ ਖੇਸਾਂ ਦੀ ਗਿਣਤੀ ਦੇ ਹਿਸਾਬ ਨਾਲ ਹੁੰਦੀ ਹੈ। ਕਈ ਵਾਰ ਕਈ ਕਹ. ਖੇਸਾਂ ਦਾ ਤਾਣਾ ਇੱਕਠਾ ਹੀ ਤਣ ਲਿਆ ਜਾਂਦਾ ਹੈ। ਤਾਣਾ ਤਣਨ ਵੇਲੇ ਗਜ਼-ਗਜ਼ ਦੇ ਫਰਕ ਨਾਲ ਕਾਨੇ ਗੱਡ ਕੇ ਊਰੇ ਦੇ ਵੱਟੇ ਹੋਏ ਨੜਿਆਂ ਨੂੰ ਦੋ ਡੰਡਿਆਂ ਨਾਲ ਬੰਨ੍ਹ ਕੇ ਕਾਨਿਆਂ ਦੇ ਅੰਦਰ ਬਾਹਰ ਦੇ ਹਿਸਾਬ ਨਾਲ ਤਾਣਾ ਤਣ ਲਿਆ ਜਾਂਦਾ ਹੈ। ਤਣੇ ਹੋਏ ਤਾਣੇ ਦਾ ਰੱਛ ਭਰਿਆ ਜਾਂਦਾ ਹੈ। ਰੱਛ ਵਿੱਚ ਚਾਰ ਸੌ ਸੀਖਾਂ ਵਾਲੀ ਕੰਘੀ ਅਤੇ ਤਾਰਾ ਵਰਤੀਆਂ ਜਾਂਦੀਆਂ ਹਨ। ਧਾਗਿਆਂ ਨੂੰ ਪਹਿਲਾਂ ਤਾਰਾਂ ਫਿਰ ਕੰਘੀ ਵਿੱਚ ਲੰਘਾਇਆ ਜਾਂਦਾ ਹੈ। ਖੇਸ ਦੇ ਡਿਜ਼ਾਇਨ ਅਨੁਸਾਰ ਰੱਛ ਭਰਿਆ ਜਾਂਦਾ ਹੈ। ਇਸ ਵਿੱਚ ਵੱਖ ਵੱਖ ਰੰਗਾਂ ਦੇ ਧਾਗਿਆਂ ਦਾ ਹਿਸਾਬ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਧਰਤੀ ਵਿੱਚ ਪੱਟੇ ਹੋਏ ਆਰਨ ਵਿੱਚ ਪੈੜੇ ਰੱਖ ਕੇ ਖੇਸ ਦੀ ਬੁਣਾਈ ਸ਼ੁਰੂ ਕੀਤੀ ਜਾਂਦੀ ਹੈ।

ਇਸ ਵਿੱਚ ਬੁਣਿਆ ਹੋਇਆ ਕੱਪੜਾ ਤੁਰ ਤੇ ਲਪੇਟਿਆ ਜਾਂਦਾ ਹੈ। ਥੋੜ੍ਹੀ ਦੂਰ ਤਾਣੇ ਨੂੰ ਕੱਸ ਕੇ ਰੱਖਣ ਲਈ ਇੱਕ ਕਿੱਲਾ ਗੱਡਿਆ ਜਾਂਦ ਹੈ। ਰੱਛ ਨੂੰ ਉੱਪਰ ਭੌਣੀਆਂ ਨਾਲ ਬੰਨਿਆ ਜਾਂਦਾ ਹੈ। ਖੇਸਾਂ ਦੇ ਡਿਜਾਇਨਾਂ ਪੈੜਿਆਂ ਦੀ ਗਿਣਤੀ ਵਰਤੋਂ ਦੇ ਹਿਸਾਬ ਨਾਲ ਪੈਂਦੀ ਹੈ। ਖੇਸ ਦੋ ਪੈੜੇ, ਚਾਰ ਪੈੜੇ, ਛੇ ਪੈੜੇ, ਅੱਠ ਪੈੜੇ ਵੱਖ-ਵੱਖ ਡਿਜ਼ਾਇਨਾਂ ਦੇ ਹਿਸਾਬ ਨਾਲ ਬਣਾਏ ਜਾਂਦੇ ਹਨ। ਇਸ ਵਿੱਚ ਪੇਟੇ ਦੇ ਤੌਰ ਤੇ ਘਰ ਦਾ ਕੱਤਿਆ ਹੋਇਆ ਸੂਤ ਵਰਤਿਆ ਜਾਂਦਾ ਹੈ। ਸੂਤ ਨੂੰ ਪਹਿਲਾਂ ਚਰਖੇ ਤੇ ਕੱਤਿਆ ਜਾਂਦਾ ਹੈ। ਫਿਰ ਅਟੇਰਨ ਨਾਲ ਅਟੇਰ ਕੇ ਅੱਟੀਆਂ ਬਣਾਈਆਂ’ ਜਾਂਦੀਆਂ ਹਨ। ਇਨ੍ਹਾਂ ਨੂੰ ਲੋੜ ਅਨੁਸਾਰ ਰੰਗ ਦਿਤਾ ਜਾਂਦਾ ਹੈ। ਦਿੱਤਾ ਹੋਇਆ ਰੰਗ ਛਾਵੇਂ ਸੁਕਾਇਆ ਜਾਂਦਾ ਹੈ। ਅੱਟੀਆਂ ਊਰੀ ਤੇ ਚੜਾ ਕੇ ਚਰਖੇ ਦੀ ਸਹਾਇਤਾ ਨਾਲ ਛੋਟੀਆਂ-ਛੋਟੀਆਂ ਨਲਕੀਆਂ ਵੱਟ ਲਈਆਂ ਜਾਂਦੀਆਂ ਹਨ। ਜਿਸ ਨੂੰ ਲੋਹੇ ਦੀ ਨਾਲ਼ ਵਿੱਚ ਪਾ ਕੇ ਤਾਣੇ ਪੇਟੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਖੇਸ ਦੀ ਬੁਣਾਈ ਕੀਤੀ ਜਾਂਦੀ ਹੈ। ਇਸ ਵਿੱਚ ਹੱਥੇ ਨੂੰ ਵਰਤਿਆ ਜਾਂਦਾ ਹੈ। ਆਮ ਤੌਰ ਤੇ ਆਰਨ ਵਿੱਚ ਖੇਸ ਛੇ ਗਜ ਦਾ ਰਖ ਲਿਆ ਜਾਂਦਾ ਹੈ। ਜਿਸ ਨੂੰ ਬਾਅਦ ਵਿੱਚ ਕੱਟ ਕੇ ਵਿਚਕਾਰ ਸਿਉਣ ਪਾ ਕੇ ਜੋੜ ਕੇ ਖੇਸ ਦੇ ਦੋਵਾਂ ਸਿਰਿਆਂ ਦੇ ਬੰਬਲ ਵੱਟੇ ਜਾਂਦੇ ਹਨ। ਉੱਪਰੋਕਰਤ ਜਾਣਕਾਰੀ ਗੁਰਮੀਤ ਕੌਰ, ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ ਤੋਂ ਪ੍ਰਾਪਤ ਕੀਤੀ ਗਈ ਹੈ।

ਪੱਖੀਆਂ ਬੁਣਨਾ[ਸੋਧੋ]

ਪੱਖੀਆਂ ਪੱਟ ਅਤੇ ਪੱਸ਼ਮ ਦੇ ਧਾਗਿਆਂ ਨਾਲ ਬੁਣੀਆਂ ਜਾਂਦੀਆਂ ਹਨ। ਪਹਿਲਾਂ ਤਾਣਾ ਪਾ ਲਿਆ ਜਾਂਦਾ ਹੈ, ਉਸ ਤੋਂ ਬਾਅਦ ਰੰਗੀਨ ਧਾਗਿਆਂ ਨਾਲ ਵੱਖ-ਵੱਖ ਨਮੂਨਿਆਂ ਦੇ ਹਿਸਾਬ ਨਾਲ ਬੁਣੀ ਜਾਂਦੀ ਹੈ। ਇਸ ਤੋਂ ਬਾਅਦ ਕੱਪੜੇ ਦੀ ਕੋਰ ਲਗਾ ਕੇ ਝਾਲਰ ਲਗਾਈ ਜਾਂਦੀ ਹੈ।

ਪੱਛਮੀ ਸਭਿਆਚਾਰ ਦੇ ਅਧੀਨ ਅਨੇਕਾਂ ਲੋਕ ਆਪਣੀ ਪਰੰਪਰਾ ਨਾਲੋਂ ਟੁੱਟ ਕੇ, ਨਵੀਆਂ ਉਦਯੋਗਿਕ ਵਸਤੂਆਂ ਨੂੰ ਅਪਣਾ ਰਹੇ ਹਨ। ਲੋਕ ਸ਼ਿਲਪੀਆਂ ਦੁਆਰਾ ਬਣਾਈਆ ਜਾਂਦੀਆ ਵਸਤੂਆਂ ਨੇ ਘਰਾਂ ਵਿੱਚ ਪ੍ਰਦਰਸ਼ਨੀਆਂ ਦੀ ਥਾਂ ਲੈ ਲਈ ਹੈ। ਲੋਕ ਸ਼ਿਲਪੀਆਂ ਦੁਆਰਾ ਬਣੀਆਂ ਵਸਤੂਆਂ ਨੂੰ ਘਰਾਂ ਵਿੱਚ ਕੇਵਲ ਸਜ਼ਾ ਕੇ ਰੱਖਣ ਲਗ ਪਏ ਹਨ ਉਹਨਾਂ ਦੀ ਨਿਤ ਦੀ ਵਰਤੋਂ ਬੰਦ ਹੋ ਗਈ। ਆਧੁਨਿਕਤਾ ਨੇ ਸਾਡੇ ਵਿਰਸੇ ਦੀਆਂ ਸ਼ਿਲਪੀ ਵਸਤੂਆਂ ਨੂੰ ਇੱਕ ਤਰ੍ਹਾਂ ਖ਼ਤਮ ਹੀ ਕਰ ਦਿੱਤਾ ਹੈ।

ਹਵਾਲੇ ਅਤੇ ਟਿੱਪਣੀਆਂ[ਸੋਧੋ]

  1. ਡਾ. ਹਰਹਜੀਤ ਸਿੰਘ, ਪੰਜਾਬ ਦੀ ਲੋਕ ਕਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ- 2005, ਪੰਨਾ- 129
  2. ਉਹੀ ਪੰਨਾ - 30
  3. ਉਹੀ ਪੰਨਾ- 161
  4. ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ- II, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ- 2007, ਪੰਨਾ- 2
  5. ਡਾ. ਹਰਜੀਤ ਸਿੰਘ, ਪੰਜਾਬ ਦੀ ਲੋਕ ਕਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ- 2005, ਪੰਨਾ- 89
  6. ਉਹੀ ਪੰਨਾ- 87
  7. ਡਾ. ਤੇਜਿੰਦਰ ਹਰਜੀਤ, ਪੰਜਾਬ ਦੇ ਗਹਿਣੇ, ਸ਼ਿਲਪ ਰੂਪ ਅਤੇ ਸਭਿਆਚਾਰ, ਹਰਤੇਜ ਪ੍ਰਕਾਸ਼ਨ ਜਲੰਧਰ-1998, ਪੰਨਾ-18
  8. ਡਾ. ਹਰਜੀਤ ਸਿੰਘ, ਪੰਜਾਬ ਦੀ ਲੋਕ ਕਲਾ, ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ 2005, ਪੰਨਾ- 161,97