ਵਰਤੋਂਕਾਰ:ਗੁਰਚਰਨ ਨੂਰਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਰਤ ਸੱਭਿਆਚਾਰ ਰੋਕ ਸਕਦੈ ਸਮਾਜਿਕ ਨਿਘਾਰ Posted On May - 2 - 2014

ਗੁਰਚਰਨ ਸਿੰਘ ਨੂਰਪੁਰ

ਸੰਪਰਕ: 98550-51099 ਅੱਜਕੱਲ੍ਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਧਾਰਮਿਕ ਪੱਖੋਂ ਮਨੁੱਖ ਨੂੰ ਸਿੱਖਿਅਤ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ ਜੋ ਆਪਣੀਆਂ ਤਕਰੀਰਾਂ ਅਤੇ ਪ੍ਰਵਚਨਾਂ ਰਾਹੀਂ ਲੋਕਾਈ ਨੂੰ ਚੰਗੇ ਪਾਸੇ ਲਾਉਣ ਤੇ ਮਨੁੱਖੀ ਜੀਵਨ ਨੂੰ ਸਫ਼ਲ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ। ਮਨੁੱਖ ਦੇ ਗਿਆਨ ਦਾ ਘੇਰਾ ਵਿਸ਼ਾਲ ਹੋਇਆ ਹੈ ਪਰ ਇਸ ਦੇ ਬਾਵਜੂਦ ਸਾਡਾ ਸਮਾਜ ਲਗਾਤਾਰ ਰਸਾਤਲ ਵੱਲ ਜਾ ਰਿਹਾ ਹੈ। ਜਦੋਂ ਅਸੀਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਕ ਸਵਾਲ ਹੋਰ ਖੜ੍ਹਾ ਹੁੰਦਾ ਹੈ ਕਿ ਉਹ ਕਿਹੜੀ ਤਰਜੀਹ ਹੈ ਜੋ ਮਨੁੱਖ ਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਤੇ ਸਾਡੇ ਅੰਦਰ ਇਨਸਾਨੀਅਤ ਦੇ ਪੱਧਰ ਨੂੰ ਉੱਚਾ ਚੁੱਕਦੀ ਹੈ? ਤਕਰੀਬਨ 2500 ਸਾਲ ਪਹਿਲਾਂ ਚੀਨੀ ਦਾਰਸ਼ਨਿਕ ਕਨਫਿਊਸ਼ੀਅਸ ਨੇ ਕਿਹਾ ਸੀ ਕਿ‘ਸਿਰਫ਼ ਧਰਮ ਅਤੇ ਸਿੱਖਿਆ ਗ੍ਰਹਿਣ ਕਰ ਕੇ ਹੀ ਇਨਸਾਨ ਪੂਰਨ ਮਨੁੱਖ ਨਹੀਂ ਬਣ ਜਾਂਦਾ।’ਉਸ ਦੇ ਇਸ ਕਥਨ ਦਾ ਭਾਵ ਸ਼ਾਇਦ ਇਹ ਸੀ ਕਿ ਹੋਰ ਵੀ ਕਈ ਅਜਿਹੀਆਂ ਤਰਜੀਹਾਂ ਹਨ ਜੋ ਮਨੁੱਖ ਨੂੰ ਚੰਗਾ ਇਨਸਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਜੇ ਧਰਮ ਦੀ ਸਿੱਖਿਆ ਨਾਲ ਹੀ ਮਨੁੱਖ ਪੂਰਨ ਇਨਸਾਨ ਬਣ ਜਾਂਦਾ ਤਾਂ ਧਾਰਮਿਕ ਗਤੀਵਿਧੀਆਂ ਨਾਲ ਜੁੜੇ ਸਾਰੇ ਲੋਕਾਂ ’ਚੋਂ ਬੁਰਾਈਆਂ ਖ਼ਤਮ ਹੋ ਜਾਂਦੀਆਂ। ਜੇ ਪੜ੍ਹ-ਲਿਖ ਕੇ ਹੀ ਸਾਰੇ ਲੋਕ ਸਿਆਣੇ ਬਣ ਜਾਂਦੇ ਤਾਂ ਇਹ ਸਮਾਜ ਚੰਗਾ ਹੋਣਾ ਸੀ। ਉੱਚ ਪੜ੍ਹਾਈ ਕਰਨ ਵਾਲੇ ਨੌਜਵਾਨ ਵੀ ਕਈ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਬਣ ਰਹੇ ਹਨ। ਪੜ੍ਹੇ-ਲਿਖੇ ਬਹੁਤ ਸਾਰੇ ਲੋਕ, ਜਿਨ੍ਹਾਂ ਵਿੱਚ ਨੌਜਵਾਨ ਅਤੇ ਅਧਖੜ੍ਹ ਉਮਰ ਦੇ ਲੋਕ ਵੀ ਸ਼ਾਮਲ ਹਨ, ਵੱਡੀ ਗਿਣਤੀ ਵਿੱਚ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਸਾਡੇ ਸਮਾਜ ਵਿੱਚ ਮਾਰ-ਧਾੜ ਅਤੇ ਲੁੱਟਮਾਰ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜੇਲ੍ਹਾਂ ਵਿੱਚ ਬੈਠੇ ਕੁਝ ਮੁਜਰਮ ਨਸ਼ੇ ਦੇ ਵੱਡੇ ਕਾਰੋਬਾਰੀ ਬਣੇ ਹੋਏ ਹਨ। ਅਜਿਹੇ ਮੁੱਦੇ ਗੰਭੀਰ ਚਿੰਤਨ ਅਤੇ ਵੱਡੇ ਪ੍ਰਸ਼ਾਸਨਿਕ ਸੁਧਾਰਾਂ ਦੀ ਮੰਗ ਕਰਦੇ ਹਨ ਜੋ ਅਜੇ ਸਾਡੀ ਸੋਚ ਦਾ ਹਿੱਸਾ ਨਹੀਂ ਬਣ ਸਕੇ। ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਜਿਸ ਜੇਲ੍ਹ ਨੂੰ ਹੁਣ ਤਕ ਅਸੀਂ ਕੈਦ ਸਮਝਦੇ ਆਏ ਹਾਂ, ਕੀ ਉਹ ਸਾਰੇ ਲੋਕਾਂ ਲਈ ਵਾਕਈ ਸਜ਼ਾ ਹੈ? ਪਿਛਲੇ ਦਿਨੀਂ ਫ਼ਰੀਦਕੋਟ ਜੇਲ੍ਹ ਚਰਚਾ ਵਿੱਚ ਰਹੀ ਸੀ ਜਿਸ ਵਿੱਚ ਕੁਝ ਕੈਦੀ ਆਪਣੇ-ਆਪ ਨੂੰ ਸਮੈਕ ਦੇ ਘੋਲ ਦਾ ਟੀਕਾ ਲਾਉਂਦੇ ਸਨ। ਗੁਰੂਆਂ ਅਤੇ ਪੀਰਾਂ ਦੀ ਧਰਤੀ ਦੇ ਵਾਰਸ ਕਹਾਉਣ ਵਾਲੇ ਪੰਜਾਬ ਦੇ ਲੋਕ ਕਿਉਂ ਇੰਨੀਆਂ ਮਾੜੀਆਂ ਅਤੇ ਗੰਭੀਰ ਅਲਾਮਤਾਂ ਦਾ ਸ਼ਿਕਾਰ ਹੋ ਰਹੇ ਹਨ?

ਦਰਅਸਲ ਕੁਝ ਅਜਿਹੀਆਂ ਤਰਜੀਹਾਂ ਹਨ ਜੋ ਮਨੁੱਖ ਨੂੰ ਚੰਗਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ’ਚੋਂ ਇੱਕ ਇਹ ਹੈ ਕਿ ਸਮਾਜ ਲਈ ਚੰਗੇ ਆਦਰਸ਼ ਹੋਣੇ ਚਾਹੀਦੇ ਹਨ। ਦੂਜੀ ਤਰਜੀਹ ਹੈ- ਕਿਰਤ। ਜਿੱਥੇ ਅੱਜ ਸਾਡੇ ਸਮਾਜ ਵਿੱਚ ਚੰਗੇ ਆਦਰਸ਼ਾਂ ਦਾ ਸੰਕਟ ਹੈ, ਉੱਥੇ ਕਿਰਤ ਕਰਨ ਨੂੰ ਅਸੀਂ ਆਪਣਾ ਅਪਮਾਨ ਸਮਝਣ ਲੱਗ ਪਏ ਹਾਂ। ਸੱਭਿਆਚਾਰਕ ਪੱਖੋਂ ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਕੁਝ ਗਾਇਕ ਲਗਾਤਾਰ ਬੁਰਛਾਗਰਦੀ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਲੱਗੇ ਹੋਏ ਹਨ। ਦੇਸ਼ ਦੀ ਜਵਾਨੀ ਨੇ ਆਪਣਾ ਭਵਿੱਖ ਰੋਸ਼ਨ ਕਰਨ ਦੇ ਨਾਲ-ਨਾਲ ਸਮਾਜ ਦੀ ਉਸਾਰੀ ਵਿੱਚ ਵੀ ਮਹੱਤਵਪੂਰਨ ਰੋਲ ਅਦਾ ਕਰਨਾ ਹੁੰਦਾ ਹੈ ਪਰ ਉਹ ਅੱਜ ਦਿਸ਼ਾਹੀਣ ਹੋ ਗਈ ਹੈ। ਧਾਰਮਿਕ ਪੱਖੋਂ ਅਗਵਾਈ ਕਰਨ ਵਾਲੇ ਪ੍ਰਚਾਰਕਾਂ ਦਾ ਸਾਰਾ ਜ਼ੋਰ ਮਨੁੱਖ ਦੀ ਸ਼ਖ਼ਸੀਅਤ ਦੇ ਵਿਕਾਸ ਦੀ ਬਜਾਏ ਬਾਹਰੀ ਵੇਸ ’ਤੇ ਲੱਗਿਆ ਹੋਇਆ ਹੈ। ਜਿੱਥੇ ਕਹਿਣੀ ਅਤੇ ਕਰਨੀ ਦਾ ਫ਼ਰਕ ਹੋਵੇ, ਉੱਥੇ ਵੱਡੇ ਤੋਂ ਵੱਡੇ ਮਹਾਤਮਾਵਾਂ ਦੀਆਂ ਗੱਲਾਂ ਬੇਅਰਥ ਹੋ ਜਾਂਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਆਪ ਵੀ ਕਰਤਾਰਪੁਰ ਸਾਹਿਬ ਵਿਖੇ 17-18 ਵਰ੍ਹੇ ਖੇਤੀ ਕੀਤੀ ਸੀ। ਇਸੇ ਤਰ੍ਹਾਂ ਭਗਤ ਰਵਿਦਾਸ ਅਤੇ ਭਗਤ ਕਬੀਰ ਵੀ ਸਾਰੀ ਉਮਰ ਕਿਰਤ ਨਾਲ ਜੁੜੇ ਰਹੇ ਸਨ। ਕੋਈ ਵਿਅਕਤੀ ਭਾਵੇਂ ਕਿੰਨਾ ਵੀ ਮਹੱਤਵਪੂਰਨ ਕਿਉਂ ਨਾ ਹੋਵੇ, ਜੇ ਆਪ ਉਹ ਸ਼ਾਹੀ ਠਾਠ-ਬਾਠ ਵਿੱਚ ਹੈ ਪਰ ਦੂਜਿਆਂ ਨੂੰ ਕੰਮ ਕਰਨ ਦਾ ਉਪਦੇਸ਼ ਦਿੰਦਾ ਹੈ ਤਾਂ ਸੁਣਨ ਵਾਲਿਆਂ ’ਤੇ ਉਸ ਦੀ ਗੱਲ ਦਾ ਅਸਰ ਨਹੀਂ ਹੋ ਸਕਦਾ ਹੈ। ਉਸ ਨੂੰ ਵੇਖਣ ਵਾਲਿਆਂ ਉੱਤੇ ਉਸ ਦੇ ਰਹਿਣ-ਸਹਿਣ ਦਾ ਅਸਰ ਜ਼ਰੂਰ ਹੋਵੇਗਾ। ਇਹੀ ਕਾਰਨ ਹੈ ਕਿ ਅੱਜ ਸਮਾਜ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ।

ਕਿਰਤ ਨਾਲ ਜੁੜੇ ਰਹਿਣ ਨਾਲ ਮਨੁੱਖ ਅੰਦਰਲੀਆਂ ਕਲਾਤਮਕ ਰੁਚੀਆਂ ਦਾ ਵਿਕਾਸ ਹੁੰਦਾ ਹੈ। ਕੁੱਪ ਬੰਨ੍ਹਣ, ਰੱਸੇ ਵੱਟਣ, ਸ਼ੌਕ ਨਾਲ ਮੱਝਾਂ, ਗਾਵਾਂ ਅਤੇ ਬਲਦ ਪਾਲਣ, ਫ਼ਸਲ ਦੀ ਗੁਡਾਈ ਕਰਨ ਤੇ ਇਸ ਨੂੰ ਕਾਵਾਂ-ਤੋਤਿਆਂ ਤੋਂ ਬਚਾਉਣ ਲਈ ਮਨ੍ਹੇ ਬਣਾ ਕੇ ਰਾਖੀ ਕਰਨ ਜਿਹੇ ਕੰਮ ਸਾਡੇ ਵੱਡੇ-ਵਡੇਰੇ ਸਦੀਆਂ ਤੋਂ ਕਰਦੇ ਆ ਰਹੇ ਸਨ ਪਰ ਅੱਜ ਇਹ ਲਗਪਗ ਲੋਪ ਹੋ ਚੁੱਕੇ ਹਨ। ਸਾਡੀਆਂ ਧੀਆਂ-ਭੈਣਾਂ ਵੱਲੋਂ ਕੰਧਾਂ ’ਤੇ ਵੇਲ-ਬੂਟੇ ਪਾਉਣੇ, ਕੰਧੋਲੀਆਂ ਲਿੱਪਣੀਆਂ-ਪੋਚਣੀਆਂ, ਦਰੀਆਂ, ਫੁਲਕਾਰੀਆਂ ਤੇ ਪੱਖੀਆਂ ਬਣਾਉਣ ਜਿਹੇ ਬਹੁਤ ਸਾਰੇ ਕੰਮ ਉਨ੍ਹਾਂ ਨੂੰ ਕਿਰਤ ਦੇ ਨਾਲ-ਨਾਲ ਕਲਾ ਨਾਲ ਵੀ ਜੋੜੀ ਰੱਖਦੇ ਸਨ। ਕਲਾਤਮਕ ਰੁਚੀਆਂ ਦਾ ਵਿਕਾਸ ਵਿਅਕਤੀ ਨੂੰ ਸਹੀ ਅਰਥਾਂ ਵਿੱਚ ਮਨੁੱਖ ਬਣਾਉਣ ਵਿੱਚ ਵੱਡਾ ਰੋਲ ਅਦਾ ਕਰਦਾ ਹੈ ਪਰ ਇਸ ਨੂੰ ਬਜ਼ਾਰ ਅਤੇ ਮੰਡੀ ਦੇ ਕਰੂਰ ਵਰਤਾਰੇ ਨੇ ਬਿਲਕੁਲ ਖ਼ਤਮ ਕਰ ਦਿੱਤਾ ਹੈ। ਅਸੀਂ ਕਿਰਤ ਅਤੇ ਕਲਾ ਨਾਲੋਂ ਟੱੁਟ ਗਏ ਹਾਂ। ਆਪਣੇ-ਆਪ ਨੂੰ ਭਰਮਾਉਣ ਲਈ ਵਿਖਾਵੇਬਾਜ਼ੀ ਅਤੇ ਕਈ ਤਰ੍ਹਾਂ ਦੇ ਆਡੰਬਰ ਰਚਣ ਲੱਗ ਪਏ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਅੱਜ ਵੀ ਕਿਰਤ ਨਾਲ ਜੁੜੇ ਸਾਰੇ ਲੋਕ ਸਮਾਜਿਕ ਬੁਰਾਈਆਂ ਤੋਂ ਬਚੇ ਹੋਏ ਹਨ? ਇਸ ਦਾ ਜਵਾਬ ਹੈ-‘ਨਹੀਂ। ਇਸ ਦਾ ਕਾਰਨ ਇਹ ਹੈ ਕਿ ਸਮਾਜ ਵਿੱਚ ਬਹੁਗਿਣਤੀ ਕਈ ਤਰ੍ਹਾਂ ਦੀਆਂ ਬੁਰਾਈਆਂ ਦਾ ਸ਼ਿਕਾਰ ਹੁੰਦੀ ਹੈ ਤਾਂ ਦੂਜੇ ਲੋਕਾਂ ’ਤੇ ਵੀ ਇਸ ਦਾ ਪ੍ਰਭਾਵ ਪੈਣਾ ਸੁਭਾਵਿਕ ਹੈ। ਭਾਰਤ ਵਿੱਚ ਬਹੁਤ ਸਾਰੇ ਸੂਬੇ ਅਜਿਹੇ ਹਨ ਜਿੱਥੇ ਜੁਰਮ ਅਤੇ ਨਸ਼ਿਆਂ ਦਾ ਪ੍ਰਚਲਨ ਘੱਟ ਹੈ। ਮਿਸਾਲ ਵਜੋਂ ਅਫ਼ੀਮ ਦੀ ਪੈਦਾਵਾਰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹੁੰਦੀ ਹੈ ਪਰ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਪੰਜਾਬ ਵਿੱਚ ਜ਼ਿਆਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਔਲਾਦ ਨਸ਼ਿਆਂ ਤੋਂ ਦੂਰ ਰਹੇ ਪਰ ਅਸੀਂ ਖ਼ੁਦ ਹੀ ਵਿਆਹਾਂ‘ਮੌਕੇ ਉਨ੍ਹਾਂ ਸਾਹਮਣੇ ਸ਼ਰਾਬ ਪੀਂਦੇ ਹਾਂ। ਹੁਣ ਤਾਂ ਸਰਕਾਰਾਂ ਨੇ ਵੀ ਸ਼ਰਾਬ ਨੂੰ ਕਮਾਈ ਵੱਡਾ ਸਾਧਨ ਮੰਨ ਲਿਆ ਹੈ। ਸ਼ਰਾਬ ਫੈਕਟਰੀਆਂ ਅਤੇ ਠੇਕਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਨਸ਼ਿਆਂ ਦਾ ਪ੍ਰਚਲਨ ਹੀ ਸਮਾਜ ਵਿੱਚ ਹੋਰ ਕਈ ਅਲਾਮਤਾਂ ਪੈਦਾ ਕਰਨ ਦਾ ਜ਼ਰੀਆ ਬਣਦਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਤੇਜ਼ੀ ਨਾਲ ਹੋਏ ਮਸ਼ੀਨੀਕਰਨ ਨੇ ਜਿੱਥੇ ਵਿਹਲ ਨੂੰ ਜਨਮ ਦਿੱਤਾ ਹੈ, ਉੱਥੇ ਪਿਛਲੇ ਪੰਦਰਾਂ- ਵੀਹ ਸਾਲਾਂ ਤੋਂ ਪੰਜਾਬ ਦੇ ਨੌਜਵਾਨਾਂ ਲਈ ਸਰਕਾਰਾਂ ਵੱਲੋਂ ਬਦਲਵੇਂ ਰੁਜ਼ਗਾਰ ਦੇ ਪ੍ਰਬੰਧ ਨਹੀਂ ਕੀਤੇ ਗਏ ਹਨ। ਸਰਕਾਰੀ ਅਤੇ ਗ਼ੈਰ-ਸਰਕਾਰੀ ਰੁਜ਼ਗਾਰ ਪੈਦਾ ਕਰਨ ਲਈ ਵੱਡੇ ਪ੍ਰੋਗਰਾਮ ਬਣਾਉਣ ਦੀ ਲੋੜ ਸੀ ਜੋ ਨਹੀਂ ਬਣਾਏ ਜਾ ਸਕੇ ਹਨ। ਦੇਸ਼ ਦੀ ਜਵਾਨੀ ਸੜਕਾਂ ’ਤੇ ਰੁਲ ਰਹੀ ਹੈ। ਉਹ ਬਾਹਰਲੇ ਮੁਲਕਾਂ ਵਿੱਚ ਜਾਣ ਲਈ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਰਹੀ ਹੈ। ਇਸ ਧਰਤੀ‘’ਤੇ ਉਨ੍ਹਾਂ ਨੂੰ ਆਪਣੇ ਚੰਗੇ ਭਵਿੱਖ ਦੀ ਆਸ ਨਹੀਂ ਦਿਖਾਈ ਦੇ ਰਹੀ। ਜੇ ਅੱਜ ਸਾਡਾ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚ ਹੈ ਤਾਂ ਸਾਨੂੰ ਇਸ ਲਈ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਵਰਤਮਾਨ ਸਮੇਂ ਦੇਸ਼ ਦੀ ਜਵਾਨੀ ਨੂੰ ਵੱਧ ਤੋਂ ਵੱਧ ਕਿਰਤ ਅਤੇ ਕਲਾ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸਰਕਾਰ ਨੌਕਰੀਆਂ ਦੇ ਨਾਲ-ਨਾਲ ਘਰੇਲੂ ਅਤੇ ਛੋਟੀਆਂ ਸਨਅਤਾਂ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰੇ। ਰੁਜ਼ਗਾਰ ਸਬੰਧੀ ਇੱਕ ਲਹਿਰ ਚਲਾਈ ਜਾਵੇ। ਦੇਸ਼ ਦੇ ਪੜ੍ਹੇ-ਲਿਖੇ ਨੌਜਵਾਨਾਂ ਲਈ ਉਨ੍ਹਾਂ ਦੀ ਯੋਗਤਾ ਮੁਤਾਬਕ ਕੰਮ ਦੇ ਵਸੀਲੇ ਪੈਦਾ ਕੀਤੇ ਜਾਣ। ਸਕੂਲਾਂ-ਕਾਲਜਾਂ ਵਿੱਚ ਵੀ ਬੱਚਿਆਂ ਨੂੰ ਪੜ੍ਹਨ ਦੇ ਨਾਲ-ਨਾਲ ਕੁਝ ਸਮਾਂ ਵੱਖ-ਵੱਖ ਕੰਮਾਂ ਦੀ ਸਿਖਲਾਈ ਦਿੱਤੀ ਜਾਵੇ। ਇਸ ਨਾਲ ਨੌਜਵਾਨਾਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਪਵੇਗੀ ਅਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਮਿਲੇਗੀ। ਕੈਨੇਡਾ ਵਰਗੇ ਮੁਲਕਾਂ ਵਿੱਚ ਦਸਵੀਂ ਦਾ ਸਰਟੀਫਿਕੇਟ ਹਾਸਲ ਕਰਨ ਲਈ ਪਹਿਲਾਂ ਕਿਸੇ ਕੰਪਨੀ ਤੋਂ ਕੁਝ ਘੰਟੇ ਰੋਜ਼ਾਨਾ ਕੰਮ ਕਰਨ ਦਾ ਸਰਟੀਫਿਕੇਟ ਵਿਖਾਉਣਾ ਪੈਂਦਾ ਹੈ। ਕਿਰਤ ਅਤੇ ਕੰਮ ਨਾਲ ਜੁੜ ਕੇ ਜਿੱਥੇ ਅਸੀਂ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਸਫ਼ਲ ਹੋ ਸਕਦੇ ਹਾਂ, ਉੱਥੇ ਦੇਸ਼ ਵਿੱਚੋਂ ਕਈ ਤਰ੍ਹਾਂ ਦੇ ਵਿਗਾੜਾਂ ਨੂੰ ਵੀ ਖ਼ਤਮ ਕਰ ਸਕਦੇ ਹਾਂ। ਜੇ ਅੱਜ ਪੰਜਾਬ ਦੀ ਧਰਤੀ ਦਵਾਈਆਂ, ਹਸਪਤਾਲਾਂ ਅਤੇ ਟੈਸਟਾਂ ਦੀ ਵੱਡੀ ਮੰਡੀ ਬਣ ਗਈ ਹੈ ਤਾਂ ਇਸ ਦਾ ਕਾਰਨ ਸਾਡਾ ਕਿਰਤ ਤੋਂ ਦੂਰ ਜਾਣਾ ਹੈ। ਸਾਨੂੰ ਸਮਾਜ ਵਿੱਚ ਵੱਡੇ ਬਦਲਾਅ ਲਿਆ ਕੇ ਸਮੇਂ ਦਾ ਹਾਣੀ ਬਣਨ ਦੀ ਲੋੜ ਹੈ।