ਵਰਤੋਂਕਾਰ:ਜਸਬੀਰ ਕੌਰ/sandbox

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੋਲਾਂ ਬਾਰਥ

  ਰੋਲਾਂ ਬਾਰਥ ਫਰਾਂਸ ਦੇ ਸਰੰਚਨਾਵਾਦੀ ਚਿਤਕਾਂ ਅਤੇ ਸਾਹਿਤਕ ਆਲੋਚਕਾਂ ਵਿੱਚ ਸਭ ਤੋਂ ਵੱਧ ਰੋਚਕ ਸੂਝਵਾਨ ਅਤੇ ਨਿਡਰ ਸਿਧਾਂਤਕਾਰ ਸੀ। ਉਹ ਵੀਹਵੀਂ ਸਦੀ ਦਾ ਵਿਸ਼ਵ ਪ੍ਰਸਿੱਧ ਆਲੋਚਕ ਤੇ ਚਿੰਤਕ ਹੈ ਜਿਸਦਾ ਖੇਤਰ ਸਾਹਿਤ ਆਲੋਚਨਾ ਅਤੇ ਚਿਹਨ-ਵਿਗਿਆਨ ਹੈ। ਰੋਲਾਂ ਬਾਰਥ ਨੇ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਸਰੰਚਨਾਵਾਦ  ਤੇ ਚਿਹਨ-ਵਿਗਿਆਨ ਦੀਆਂ ਅਧਿਐਨ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਵਿਚ ਬੁਨਿਆਦੀ ਕਿਸਮ ਦਾ ਯੋਗਦਾਨ ਦਿੱਤਾ ਹੈ। ਉਸਦਾ ਚਿੰਤਨ ਕਿਸੇ ਇਕ ਨੁਕਤੇ ਤੇ ਖੜ੍ਹੋਤਾ  ਹੋਇਆ ਨਹੀਂ ਸਗੋਂ ਉਹ ਪਲ ਪਲ ਰੰਗ ਵਟਾਉਣ ਵਾਲਾ ਚਿੰਤਕ ਹੈ। ਉਸਦਾ ਸਮੁੱਚਾ ਚਿੰਤਨ ਚਿਹਨ-ਵਿਗਿਆਨ ਤੋਂ ਸਰੰਚਨਾਵਾਦ ਅਤੇ ਸਰੰਚਨਾਵਾਦ ਤੋਂ ਉੱਤਰ-ਸਰੰਚਨਾਵਾਦ ਤਕ ਦੀ ਯਾਤਰਾ ਕਰਦਾ ਪ੍ਰਤੀਤ ਹੁੰਦਾ ਹੈ। ਰੋਲਾਂ ਬਾਰਥ ਨੇ ਆਪਣੇ ਲੇਖਣ ਦੇ ਮੁਢਲੇ ਦੌਰ ਵਿੱਚ ਚਿਹਨ-ਵਿਗਿਆਨ ਉਤੇ ਦਿੱਤਾ ਅਤੇ ਦੂਸਰੇ ਦੌਰ ਵਿੱਚ ਉਹਨੇ  ਹੌਲੀ-ਹੌਲੀ ਚਿਹਨ-ਵਿਗਿਆਨ ਤੋਂ ਸਾਹਿਤ ਵੱਲ ਨੂੰ ਆਇਆ।

ਜੀਵਨ ਅਤੇ ਰਚਨਾਵਾਂ

   ਰੋਲਾਂ ਬਾਰਥ ਦਾ ਸ਼ੁਮਾਰ ਪ੍ਰਸਿੱਧ ਸੰਰਚਨਾਵਾਦੀ ਤੇ ਉਤਰ-ਸੰਰਚਨਾਵਾਦੀ ਚਿੰਤਕਾਂ ਜਿਵੇਂ- ਕਲੋਦ, ਲੈਵੀ-ਸਤ੍ਰਾਸ, ਮਿਸ਼ਲ, ਫ਼ੂਕੋ,ਜਾੱਕ ਲਾਕਾਂ, ਜਾੱਕ ਦੈਰਿਦਾ ਅਤੇ ਲੂਈ ਅਲਤਿਊਸਰ  ਵਿੱਚ ਕੀਤਾ ਜਾਂਦਾ ਹੈ। ਬਾਰਥ ਦਾ ਜਨਮ ਫਰਾਂਸ ਵਿੱਚ 1915 ਵਿੱਚ ਹੋਇਆ। ਉਹ ਲੰਮਾ ਸਮਾਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਅਧਿਆਪਨ ਕਰਨ ਮਗਰੋਂ 1976 ਵਿਚ ਫਰਾਂਸ ਦੀ ਪ੍ਰਸਿੱਧ ਅਕਾਦਮਿਕ ਸੰਸਥਾ college de France ਵਿੱਚ ਸਾਹਿਤਿਕ ਚਿਹਨ-ਵਿਗਿਆਨ ਦਾ ਪ੍ਰੋਫੈਸਰ ਨਿਯੁਕਤ ਹੋਏ। ਇਥੇ ਹੀ ਕਾਰਜ ਕਰਦਿਆਂ ਉਹਨਾਂ ਦਾ 1980 ਵਿੱਚ ਹੋਏ ਇਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਬਾਰਥ ਨੂੰ ਚਿਹਨਾਂ ਦੇ ਜਗਤ ਦਾ ਸ਼ਾਹ ਸਵਾਰ ਖਿਆਲ ਕੀਤਾ ਜਾਂਦਾ ਹੈ। ਉਹ ਸਾਹਿਤ ਅਤੇ ਸੱਭਿਆਚਾਰ ਦੀ ਹਰੇਕ ਪ੍ਰਣਾਲੀ ਨੂੰ ਇਕ ਨਿਵੇਕਲੀ ਚਿਹਨ ਪ੍ਰਣਾਲੀ ਵਜੋਂ ਪਹਿਚਾਣਦਾ ਹੈ।ਉਸਦਾ ਸੰਰਚਨਾਵਾਦ ਦੇ ਸੰਦਰਭ ਵਿੱਚ ਨਵੇਂ ਨਵੇਂ ਨੁਕਤੇ ਪੈਦਾ ਕਰਨ ਵਿੱਚ ਲਾਜਵਾਬ ਸਥਾਨ ਹੈ। ਰੋਲਾਂ ਬਾਰਥ ਆਪਣੇ ਮੁਢਲੇ ਵਰ੍ਹਿਆਂ ਵਿੱਚ ਯਾਂ ਪਾਲ ਸਾਰਤ੍ਰ ਤੋਂ ਬਹੁਤ ਪ੍ਰਭਾਵਿਤ ਸੀ।ਰਚਨਾਵਾਂ

1. Writing Degree Zero

2. Elements of Semiology

3. Image- Music- Text

4. The Pleasure of the Text

5. Critical Essays

6. The Semiotic Challenge

7. The Fashion System

8. The Rustle of Language

9. S/z

10. Rowland Barthes by Rowland Barthes

11. Mythologies

ਪ੍ਰਸਿੱਧ ਰਚਨਾਵਾਂ ਬਾਰੇ

1. ਰਾੲੀਟਿੰਗ ਡਿਗਰੀ ਜ਼ਿਰੋ(writing Degree Zero) :-' ਰਾਇਟਿੰਗ ਡਿਗਰੀ ਜ਼ੀਰੋ ' ਰੋਲਾਂ ਬਾਰਥ ਦੀ ਪਹਿਲੀ ਪੁਸਤਕ ਹੈ ਜੋ 1953 ਵਿੱਚ ਪ੍ਰਕਾਸ਼ਿਤ ਹੋਈ। ਆਪਣੀ ਇਸ ਪੁਸਤਕ ਵਿੱਚ ਉਸਨੇ ਸਮਕਾਲੀ ਫਰਾਂਸੀਸੀ ਸਾਹਿਤ ਬਾਰੇ ਆਪਣੇ ਆਲੋਚਨਾਤਮਕ ਵਿਚਾਰ ਪੇਸ਼ ਕੀਤੇ ਹਨ ਜਿਸ ਵਿੱਚ ਉਸਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਮਾਰਕਸਵਾਦੀ ਦ੍ਰਿਸ਼ਟੀਕੋਣ ਨਾਲ ਫਰਾਂਸੀਸੀ ਸਾਹਿਤ ਦਾ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਹੈ। ਰਾਈਟਿੰਗ ਤੋਂ ਬਾਰਥ ਦਾ ਭਾਵ 'ਸਾਹਿਤ' ਤੋਂ ਹੀ ਹੈ ਪਰ ਉਹ ਇਸਦੀ ਥਾਂ ਤੇ 'ਰਾਈਟਿੰਗ' ਸ਼ਬਦ ਵਰਤਦਾ ਹੈ। ਇਸ ਪੁਸਤਕ ਲਿਖਣ ਵੇਲੇ ਤੱਕ ਉਹ ਨਾ ਤਾਂ ਸੋਸਿਊਰ ਦੇ ਸੰਰਚਨਾਤਮਕ ਭਾਸ਼ਾ ਵਿਗਿਆਨ ਤੋਂ ਪ੍ਰਭਾਵਿਤ ਸੀ ਅਤੇ ਨਾ ਹੀ ਉਸ ਵਿੱਚ ਚਿਹਨ-ਵਿਗਿਆਨ ਵਾਲੀ ਚੇਤਨਾ ਦਾ ਵਿਕਾਸ ਹੋਇਆ ਸੀ।

( 2  ) ਕਿਰਤ ਤੋਂ ਪਾਠ ਤਕ (From Work to Text) :- ਇਸ ਨਿਬੰਧ ਵਿੱਚ, ਬਾਰਥ ਪਰੰਪਰਾਗਤ ਆਲੋਚਨਾ ਦੀ ਇਸ ਧਾਰਨਾ ਨੂੰ ਰੱਦ ਕਰਦਾ ਹੈ ਕਿ ਸਾਹਿਤ ਕਿਰਤ ਵਿੱਚ ਲੇਖਕ ਕੋਈ ਖਾਸ ਨਿਸ਼ਚਿਤ ਅਰਥ ਭਰਦਾ ਹੈ। ਉਸ ਅਨੁਸਾਰ ਪਾਠ ਕੋਈ ਅਜਿਹੀ ਹੋਂਦ ਨਹੀਂ ਜਿਸਨੂੰ ਲੇਖਕ ਵੱਲੋਂ ਖਾਸ ਅਰਥ ਭਰ ਕੇ, ਬੰਦ ਕਰ ਦਿੱਤਾ ਜਾਵੇ। ਜਦੋਂ ਬਾਰਥ ਸਾਹਿਤ-ਕਿਰਤ ਨੂੰ ਰਚਨਾ ਪਾਠ ਆਖਦਾ ਹੈ ਤਾਂ ਉਸਦਾ ਅਰਥ ਇਹ ਹੈ ਕਿ ਸਾਹਿਤ ਨੂੰ ਉਸਦੇ ਲੇਖਕ ਤੋਂ ਵੱਖਰਾ ਕਰਕੇ ਪੜਿਆ ਜਾਣਾ ਚਾਹੀਦਾ ਹੈ। ਬਾਰਥ ਦੀ ਸਥਾਪਨਾ ਹੈ ਕਿ ਪਾਠ ਆਪਣੇ ਪਿਤਾ ਦੇ ਹਸਤਾਖਰਾਂ ਤੋਂ ਬਿਨਾਂ ਪੜਿਆ ਜਾਂਦਾ ਹੈ-

          The Text is read without the father's signature.

ਸਾਹਿਤ ਰਚਨਾ ਦਾ ਕੋਈ ਇੱਕ ਨਿਸ਼ਚਿਤ ਅਰਥ ਨਹੀਂ ਹੋ ਸਕਦਾ ਅਤੇ ਨਾ ਹੀ ਇਸਦਾ ਨਿਸ਼ਚਿਤ ਦਰਵਾਜ਼ਾ ਹੁੰਦਾ ਹੈ। ਇਸਦੇ ਉਲਟ ਸਾਹਿਤ ਸਾਹਿਤ ਰਚਨਾਵਾਂ ਦੀ ਹੋਂਦ ਬਹੁਵਚਨੀ ਹੁੰਦੀ ਹੈ ਜਿਸਦੇ ਬਹੁਤ ਸਾਰੇ ਦਰਵਾਜ਼ੇ ਹੁੰਦੇ ਹਨ। ਪਾਠਕ ਕਿਸੇ ਵੀ ਦਰਵਾਜ਼ੇ ਰਾਹੀਂ ਰਚਨਾ ਪਾਠ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਕਿਸੇ ਵੀ ਸਾਹਿਤ -ਰਚਨਾ ਵਿੱਚ ਅਰਥ ਦੀਆਂ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਹਨ।

3. ਪਾਠ ਦਾ ਮਹਾਂ-ਆਨੰਦ (The Pleasure of the Text) :- ਇਸ ਪੁਸਤਕ ਵਿੱਚ ਉਸਨੇ 'ਪਲੱਈਅਰ ਸਿਧਾਂਤ' ਦੀ ਜੁਗਤ ਨਾਲ ਸਾਹਿਤਕ ਪਾਠ ਦੀ ਹੋਂਦ-ਵਿਧੀ ਅਤੇ ਸੰਚਾਰ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬਾਰਥ ਨੇ ਸਾਹਿਤ-ਪਾਠ ਦੀ ਪੜਤ ਤੋਂ ਪ੍ਰਾਪਤ ਹੋਣ ਵਾਲੇ ਆਨੰਦ ਨੂੰ ਮਹਾਂ-ਆਨੰਦ ਆਖ ਕੇ ਇਸਨੂੰ ਇੱਕ ਸਿਧਾਂਤ ਵਜੋਂ ਪੇਸ਼ ਕੀਤਾ ਹੈ। ਉਚ ਪੱਧਰ ਦੀਆਂ ਰਚਨਾਵਾਂ ਨੂੰ ਪੜਕੇ ਉਹ ਆਨੰਦ ਅਤੇ ਮਹਾਂ-ਆਨੰਦ ਨੂੰ ਮਹਿਸੂਸ ਕਰਦਾ ਹੈ।

4.  ਲੇਖਕ ਦੀ ਮੌਤ (Death of the author) :- ਲੇਖਕ ਦੀ ਮੌਤ ਰਚਨਾ ਵਿੱਚ ਰੋਲਾਂ ਬਾਰਥ ਨੇ ਸੰਰਚਨਾਵਾਦੀ ਚਿੰਤਨ ਦੀ ਸਭ ਤੋਂ ਚੰਗੇਰੀ ਪੇਸ਼ਕਾਰੀ ਕੀਤੀ ਹੈ। ਲੇਖਕ ਦੀ ਮੌਤ ਦਾ ਸਧਾਰਨ ਅਰਥ ਸਾਹਿਤ ਰਚਨਾ ਵਿੱਚੋਂ ਲੇਖਕ ਦੇ ਦਖਲ ਨੂੰ ਪਾਸੇ ਕਰਨਾ ਹੈ ਜਿਸਨੂੰ ਬਾਰਥ ਲੇਖਕ ਦੀ ਮੌਤ ਆਖਦਾ ਹੈ। ਪੂਰਵਲਾ ਚਿੰਤਨ ਇਹ ਮੰਨਦਾ ਹੈ ਕਿ ਸਾਹਿਤ ਪਾਠ ਵਿੱਚ ਅਰਥਾਂ ਦਾ ਉਤਪਾਦਨ ਕੇਵਲ ਲੇਖਕ ਕਰਦਾ ਹੈ। ਲੇਖਕ ਜੋ ਲਿਖ ਦਿੰਦਾ ਹੈ ਸਾਹਿਤ-ਰਚਨਾ ਦੇ ਉਹੀ 'ਨਿਸ਼ਚਿਤ ਅਰਥ' ਨਿਕਲਦੇ ਹਨ । ਪਰ ਰੋਲਾਂ ਬਾਰਥ ਇਹ ਗੱਲ ਜ਼ੋਰ ਦੇ ਕੇ ਆਖਦਾ ਹੈ ਕਿ ਪਾਠ ਦੀ ਅਰਥ-ਉਤਪੱਤੀ ਦੀ ਪ੍ਰਕਿਰਿਆ ਵਿੱਚ ਪਾਠਕ ਵੀ ਬਰਾਬਰ ਦਾ ਹਿੱਸੇਦਾਰ ਹੈ। ਇਸ ਧਾਰਨਾ ਦੇ ਰਾਹੀਂ ਉਹ ਲੇਖਕ ਨੂੰ ਪਰ੍ਹਾਂ ਕਰਕੇ, ਪਾਠਕ/ਆਲੋਚਕ ਨੂੰ ਸ਼ਕਤੀਸ਼ਾਲੀ ਮਹੱਤਵ ਪ੍ਰਦਾਨ ਕਰਦਾ ਹੈ।

5.  ਪੜਨਯੋਗ ਪਾਠ ਅਤੇ ਲਿਖਣਯੋਗ ਪਾਠ:- ਰੋਲਾਂ ਬਾਰਥ ਨੇ ਆਪਣੇ ਵਿਲੱਖਣ ਸਾਹਿਤ- ਚਿੰਤਨ ਨਾਲ ਸਾਹਿਤ-ਚਿੰਤਨ ਨੂੰ ਲੇਖਕ ਨਾਲੋਂ ਤੋੜ ਕੇ ਪਾਠਕ ਨਾਲ ਜੋੜ ਦਿੱਤਾ ਹੈ। ਪਾਠਕ ਦੇ ਆਧਾਰ ਤੇ ਹੀ ਉਹ ਸਾਹਿਤ ਰਚਨਾਵਾਂ ਦੀਆਂ ਦੋ ਵੰਨਗੀਆਂ ਨਿਰਧਾਰਿਤ ਕਰਦਾ ਹੈ। ਪਹਿਲੀ ਕਿਸਮ ਦੇ ਸਾਹਿਤ-ਪਾਠਾਂ ਨੂੰ ਉਹ ਪੜ੍ਹਨਯੋਗ ਪਾਠ ਅਤੇ ਦੂਜੀ ਕਿਸਮ ਦੀਆ ਪਾਠਾਂ ਨੂੰ ਲਿਖਣਯੋਗ ਪਾਠ ਆਖਦਾ ਹੈ।

      ਪੜ੍ਹਨਯੋਗ ਪਾਠ ਤੋਂ ਰੋਲਾਂ ਬਾਰਥ ਦਾ ਭਾਵ ਭੋਗਣਯੋਗ ਪਾਠ ਤੋਂ ਹੈ। ਇਸ ਕਿਸਮ ਦੇ ਪਾਠ ਰਵਾਇਤੀ ਹੁੰਦੇ ਹਨ। ਉਹ ਕਿਸੇ ਪਾਠਕ ਦੀ ਚੇਤਨਾ ਨੂੰ ਕੋਈ ਹੁਲਾਰਾ ਨਹੀਂ  ਦਿੰਦੇ। ਅਜਿਹੇ ਪਾਠ ਲੇਖਕ ਦੇ ਉਦੇਸ਼ ਦੇ ਅਧੀਨ ਵਿਚਰਦੇ ਰਹਿੰਦੇ ਹਨ। ਲਿਖਣਯੋਗ ਪਾਠ ਤੋਂ ਉਸਦਾ ਭਾਵ ਸਿਰਜਣਾਯੋੋਗ ਪਾਠ ਤੋਂ ਹੈ। ਇਸ ਕਿਸਮ ਦੇ ਪਾਠ, ਪੜ੍ਹਨਯੋਗ ਪਾਠਾਂ ਤੋਂ ਬਿਲਕੁਲ ਵੱਖਰੇ ਹੁੰਦੇ ਹਨ। ਇਹ ਪਾਠਕ ਦੀ ਚੇਤਨਾ ਨੂੰ ਹਲੂਣਦੇ  ਹਨ।

6. ਪੰਜ ਕੋਡਾਂ ਦੀ ਧਾਰਨਾ :- S/Z ਉਤਰ-ਸੰਰਚਨਾਵਾਦੀ ਦੌਰ ਦੇ ਬਾਰਤ ਦੀ ਸਭ ਤੋਂ ਵੱਧ ਪ੍ਰਤੀਨਿਧ ਅਤੇ ਪ੍ਰਭਾਵਸ਼ਾਲੀ ਪੁਸਤਕ ਹੈ। ਇਸ ਪੁਸਤਕ ਨਾਲ ਬਾਰਥ ਦੀ ਮਸ਼ਹੂਰੀ ਫਰਾਂਸ ਤੋਂ ਬਾਹਰ ਦੂਜੇ ਦੇਸਾਂ ਦੇ ਸਾਹਿਤਕ ਹਲਕਿਆਂ ਵਿੱਚ ਫੈਲ ਗਈ ਅਤੇ ਉਸ ਨੂੰ ਵਿਚਾਰ-ਉਤੇਜਕ ਸਾਹਿਤਕ ਆਲੋਚਕ ਦੇ ਤੌਰ ਤੇ ਜਾਣਿਆ ਜਾਣ ਲੱਗਾ। ਇਸ ਪੁਸਤਕ ਵਿੱਚ ਉਸਨੇ ਫਰਾਂਸੀਸੀ ਨਾਵਲਕਾਰ ਬਾਲਜ਼ਾਕ ਦੇ ਘੱਟ ਜਾਣੇ-ਪਛਾਣੇ ਨਾਵਲੈੱਟ "ਸਾਰਾਸੀਨ" ਨੂੰ ਅਧਾਰ ਬਣਾ ਕੇ ਪੜ੍ਹਤ ਦੇ ਅਨੁਭਵ, ਪਾਠਾਂ ਦੇ ਅੰਦਰਵਾਰ ਉਤਰਨ ਲਈ ਉਸਨੇ ਜਿਸ ਸਿਧਾਂਤਕ-ਪ੍ਰਬੰਧ ਦੀ ਕਲਪਨਾ ਕੀਤੀ ਉਸ ਨੂੰ ਕੋਡਾਂ ਦਾ ਨਾਂ ਦਿੱਤਾ। ਬਾਰਥ ਬਾਲਜ਼ਾਕ ਦੇ  "ਸਾਰਾਜ਼ੀਨ" ਨੂੰ 561 ਪੜ੍ਹਨ -ਅੰਗਾਂ lexias ਵਿੱਚ ਵੰਡਦਾ ਹੈ, ਉਨ੍ਹਾਂ ਵਿੱਚੋਂ ਕਈ ਅੰਗ ਇਕ ਵਾਕ ਤੋਂ ਜਿਆਦਾ ਨਹੀਂ ਹਨ। ਇਸ ਤੋਂ ਉਪਰੰਤ ਉਹ ਉਨ੍ਹਾਂ ਨੂੰ ਕ੍ਰਮਵਾਰ ਪੰਜ  "ਕੋਡਾਂ" ਦੀ ਛਾਨਣੀ grid ਰਾਹੀਂ ਪ੍ਰਵੇਸ਼ ਕਰਾਉਂਦਾ ਹੈ। ਇਹ ਪੰਜ ਕੋਡ ਹਨ:

1.ਵਿਆਖਿਆਤਮਕ

2.ਅਰਥਗਤ

3.ਪ੍ਰਤੀਕਾਤਮਕ

4.ਕਿਰਿਆਤਮਕ

5.ਸਭਿਆਚਾਰਕ

ਸਾਹਿਤ ਦੇ ਖੇਤਰ ਵਿੱਚ ਯੋਗਦਾਨ:-  ਰੋਲਾਂ ਬਾਰਥ ਨੇ ਅਨੇਕਾਂ ਵਿਸ਼ਿਆਂ ਉਤੇ ਲਿਖਿਆ ਅਤੇ ਜਿਨ੍ਹਾਂ ਵਿਸ਼ਿਆਂ ਉਤੇ ਕਲਮ ਚੁਕੀ ਉਸਦੇ ਰਾਹੀਂ ਆਪਣੀ ਵਿਲੱਖਣ ਪ੍ਰਤਿਭਾ ਅਤੇ ਚਿੰਤਨਸ਼ੀਲ ਬਿਰਤੀ ਨਾਲ ਨਵੇਂ ਨਵੇਂ ਆਯਾਮ ਰੌਸ਼ਨ ਕੀਤੇ। ਉਸਨੇ ਆਪਣੀ ਇਕ ਰੌਚਕ ਆਤਮਕਥਾ ਵੀ ਲਿਖੀ ਹੈ :ਰੋਲਾਂ ਬਾਰਥ ਬਾਈ ਰੋਲਾਂ ਬਾਰਥ (1975). ਰੋਲਾਂ ਬਾਰਥ ਸੰਰਚਨਾਵਾਦ ਦੇ ਸੰਦਰਭ ਵਿੱਚ ਨਵੇਂ ਨਵੇਂ ਨੁਕਤੇ ਪੈਦਾ ਕਰਨ ਵਿੱਚ ਲਾਜਵਾਬ ਹੈ। ਉਹ ਖੁਦ ਵੀ ਸੋਚਦਾ ਹੈ ਤੇ ਸੋਚਣ ਲਈ ਮਜਬੂਰ ਵੀ ਕਰਦਾ ਹੈ, ਉਹ ਹੈਰਾਨ ਵੀ ਕਰਦਾ ਹੈ ਅਤੇ ਸੱਟ ਵੀ ਮਾਰਦਾ ਹੈ, ਪਰ ਉਸਦੀ ਗੱਲ ਦਿਲਚਸਪੀ, ਸਚਾਈ ਅਤੇ ਅੰਤਰ-ਦ੍ਰਿਸ਼ਟੀ ਤੋਂ ਖਾਲੀ ਹੁੰਦੀ ਹੈ। ਬਾਰਥ ਨੂੰ ਪੜਨ ਦਾ ਅਰਥ ਹੈ, ਸਾਹਿਤ ਬਾਰੇ ਵਧੇਰੇ ਬੁਧੀਮਤਾ ਨਾਲ ਸੋਚਣਾ ਅਤੇ ਸਾਹਿਤ ਤੋਂ ਆਨੰਦ ਲੈਣ ਲਈ ਪਹਿਲਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੋਣਾ। ਬਾਰਥ ਨੇ ਆਲੋਚਨਾ ਨੂੰ ਰੌਚਕ ਵੀ ਬਣਾਇਆ ਹੈ ਅਤੇ ਪਹਿਲਾਂ ਨਾਲੋਂ ਵਧੇਰੇ ਦਾਰਸ਼ਨਿਕਤਾ ਮੂਲਕ ਵੀ। ਉਹ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਡੂੰਘੀ ਅੰਤਰ ਦ੍ਰਿਸ਼ਟੀ ਰਖਦਾ ਹੈ।

ਹਵਾਲਾ ਪੁਸਤਕਾਂ:-

1. ਆਲੋਚਨਾ ਅਤੇ ਪੰਜਾਬੀ ਆਲੋਚਨਾ ਰਚਿਤ ਰਾਜਿੰਦਰ ਸਿੰਘ ਸੇਖੋਂ, ਪਬਲੀਕੇਸ਼ਨ-ਲਾਹੌਰ ਬੁੱਕਸ, ਲੁਧਿਆਣਾ

2. ਸੰਰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ , ਲੇਖਕ - ਗੋਪੀ ਚੰਦ ਨਾਰੰਗ, ਪਬਲਿਸ਼ਰਜ਼ -ਸਾਹਿਤ ਅਕਾਦਮੀ ,ਦਿੱਲੀ । ਅਨੁਵਾਦਕ- ਜਗਬੀਰ ਸਿੰਘ।

3. ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ, ਲੇਖਕ- ਡਾ. ਧਰਮ ਚੰਦ ਵਾਤਿਸ਼, ਪਬਲਿਸ਼ਰਜ਼- ਅਜ਼ੀਜ਼ ਬੁੱਕ ਹਾਊਸ।