ਵਰਤੋਂਕਾਰ:ਨਿਰਮਲ ਸਿੰਘ ਧੌਂਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

(ਨਿਰਮਲ ਧੌਂਸੀ)

ਮੇਰਾ ਪਿੰਡ ਜੰਡਿਆਲਾ (ਮੰਜਕੀ) ਜੰਡਿਆਲਾ, ਆਲਾਜੰਡਿ, ਡਿਆਜੰਲਾ, ਜੰਆਡਿਲਾ, ਲਾਡਿਜੰਆ,ਡਿਜੰਲਾਆ, ਲਾਆਡਿਜੰ, ਡਿਜੰਆਲਾ ਅਤੇ ਪਤਾ ਨਹੀਂ ਇਸ ਦੁਆਬੇ ਦੇ ਕਸਬੇ ਜੰਡਿਆਲਾ (ਮੰਜਕੀ) ਦੇ ਕਿੰਨੇ ਕੁ ਨਾਂ ਢਾਏ ਬਣਾਏ ਜਾਣ ਹੁਣ।ਇਹ ਤਾਂ ਕਲਪਨਾ ਤੇ ਨਿਰਭਰ ਕਰਦਾ ਹੈ ਅਤੇ ਕਲਪਨਾ ਹੀ ਰੁਕਾਵਟ ਬਣ ਸਕਦੀ ਹੈ ਨਵੇਂ ਨਾਂ ਘੜਨ ਬਨਾਉਣ ਚ ।ਜੰਡਿਆਲਾ ਵਾਸੀ ਇਸਨੂੰ ਦੁਆਬੇ ਦੀ ਰਾਜਧਾਨੀ ਕਹਿ ਕੇ ਖੁਸ਼ੀ ਮਹਿਸੂਸ ਕਰਦੇ ਹਨ ਸ਼ਾਇਦ ਇਹ ਕੋਈ ਨਵੀਂ ਰਵਾਇਤ ਨਹੀਂ,ਹਰ ਇੱਕ ਇਨਸਾਨ ਦੁਨੀਆਂ ਦਾ ਆਰੰਭ ਆਪਣੇ ਤੋਂ ਹੀ ਸ਼ੁਰੂ ਕਰਨਾ ਪਸੰਦ ਕਰਦਾ ਹੈ ।ਸੋ ਇਸ ਪ੍ਰਸੰਗ ਚ ਜੇਕਰ ਜੰਡਿਆਲੇ ਦੇ ਵਸਨੀਕ ਆਪਣਾ ਇਹ ਹੱਕ ਜ਼ਾਇਜ਼ ਸਮਝਣ, ਤਾਂ ਗੁਨਾਹ ਵੀ ਕੀ। ਮੇਰਾ ਬਚਪਨ ਜੰਡਿਆਲਾ ਮੰਜਕੀ ਦੀਆਂ ਗਲ੍ਹੀਆਂ ਵਿੱਚ ਅਤੇ ਇਹਦੇ ਕਾਹਨੂੰਆਣੇ ਦੀ ਚੀਕਣੀਂ ਮਿੱਟੀ ਨਾਲ ਖੇਡਦੇ ਬੀਤਿਆ।ਇਹ ਤਾਂ ਕੋਈ ਪੱਕਾ ਯਾਦ ਨਹੀਂ ਕਿ ਚਿੱਤਰਕਾਰੀ ਦਾ ਪਾਹ ਮੈਂਨੂੰ ਕਦੋਂ ਲੱਗਾ ਪਰ ਮੈਂ ਮੂਰਤਾਂ ਆਪਣੀ ਸੁਰਤ ਸੰਭਲਣ ਤੋਂ ਕਿਤੇ ਪਹਿਲਾਂ ਬਨਾਉਂਦਾ/ਉਲੀਕਦਾ ਰਿਹਾ ਹਾਂ।ਹੋਰਨਾਂ ਪਿੰਡਾਂ ਵਾਂਗ ਜੰਡਿਆਲੇ ਵਿੱਚ ਵੀ ਕੰਧ-ਚਿੱਤਰ ਹਨ।ਇਸ ਤਰ੍ਹਾਂ ਦੀ ਚਿੱਤਰਕਲਾ ਨੂੰ ਮੈਂ ਪੰਜਾਬ-ਚਿੱਤਰਕਲਾ ਦੀ ਮੁੱਖ ਨਬਜ਼ ਸਮਝਦਾ ਹਾਂ ਕਿਉਂਕਿ ਇਹ ਕਲਾ ਸ਼ੈਲੀ ਲਘੂ-ਚਿੱਤਰਕਲਾ, ਇਸਲਾਮੀ ਅਤੇ ਹਿੰਦੂ ਰਵਾਇਤ ਦਾ ਇੱਕ ਸੁਮੇਲ ਹੈ ਬਾਦ ਚ ਇਹਦੇ ਚ ਹੀ ਉਤਪਨ ਹੁੰਦੀ ਹੈ ਸਿੱਖ-ਕਲਾ।ਪਿੰਡ ਜੰਡਿਆਲਾ ਦੇ ਕੰਧ-ਚਿੱਤਰ ਵਧੀਆ ਮਾਰਕੇ ਦੇ ਹਨ/ਸਨ ਜਿਹਦੇ ਵਿੱਚ ਠਾਠਾਂ ਮਾਰਦੇ ਪੰਜਾਬੀ ਜੀਵਨ ਨੂੰ ਇੰਨ-ਬਿੰਨ ਚਿੱਤਰਿਆ ਗਿਆ ਹੈ।ਇਨਾਂ ਚਿੱਤਰਾਂ ਚ ਜਗ੍ਹਾ ਹਿੰਦੂ-ਸਿੱਖ ਇਤਿਹਾਸ ਮਿਥਿਹਾਸ ਨੂੰ ਵੀ ਖੁੱਲ ਕੇ ਦਿੱਤੀ ਗਈ ਹੈ।ਮੁਢਲੇ ਚਿੱਤਰਕਾਰੀ ਦੇ ਗੁਣ ਮੈਂ ਇਨਾਂ ਕੰਧ-ਚਿੱਤਰਾਂ ਬਦੌਲਤ ਹੀ ਸਿੱਖ ਪਾਏ।ਉਦੋਂ ਸੱਚਮੁੱਚ ਮੇਰੇ ਲਈ ਇਹ ਅਜਾਇਬ-ਘਰ ਅਤੇ ਆਰਟ ਗੈਲਰੀਆਂ ਹੋ ਨਿੱਬੜੇ ਸਨ।ਭਾਂਵੇ ਮੈਂ ਨਾਰਵੇ ਆ ਕੇ ਚਿੱਤਰਕਲਾ ਦੀ ਉਚੇਰੀ ਵਿੱੱਦਿਆ ਹਾਸਲ ਕੀਤੀ ਫੇਰ ਵੀ ਮੇਰੇ ਚਿੱਤਰਕਾਰ ਬਣਨ ਦੀ ਉਸਾਰੀ ਦੀਆਂ ਨੀਹਾਂ ਚ ਇੱਟ ਜੰਡਿਆਲੇ ਦੀ ਹੀ ਲੱਗੀ ਹੋਈ ਹੈ। ਕੇ ਮੈਂ ਆਪਣੇ ਬੱਚਪਨ ਵਿੱਚ ਕਿੰਨਾਂ ਸਮਾਂ ਇਹਨਾਂ ਚਿੱਤਰਾਂ ਸੰਗ ਗੁਜਾਰਿਆ? ਬੱਚਪਨ ਦੇ ਸਮੇਂ ਨੂੰ ਮਿਣਿਆ ਤੋਲਿਆ ਨਹੀਂ ਜਾ ਸਕਦਾ।ਇਹ ਸਮਾਂ ਕੁੱਝ ਕੁ ਸਾਲਾਂ ਦਾ ਹੁੰਦਾ ਹੋਇਆ ਵੀ ਬੜਾ ਲੰਬਾ ਲੱਗਦਾ ਹੈ। ਮਹਿਸੂਸ ਇੰਜ ਕਰਦਾ ਹਾਂ ਕਿ ਹਮੇਸ਼ਾਂ ਰਿਹਾ ਹੀ ਇਨਾਂ ਨਾਲ ਹਾਂ ਅਤੇ ਮੈਂ ਦੂਜੀ ਦੁਨੀਆਂ ਵਿੱਚ ਗੁਆਚਣਾ ਸ਼ੁਰੂ ਵੀ ਕੀਤਾ ਇੰਨਾਂ ਤੋਂ ਹੀ ਸੀ।ਇਨਾਂ ਸਦਕਾ ਹੀ ਮੇਰੇ ਮਨ ਚ ਉਤਸੁਕਤਾ ਪੈਦਾ ਹੋਈ ਸੀ ਲਾਗਲੇ ਪਿੰਡਾਂ ਵਿੱਚ ਵੀ ਅਜਿਹਾ ਲੱਭਣ ਅਤੇ ਦੇਖਣ ਦੀ।ਮੇਰੇ ਹਾਣੀ ਆਪਣੀਆ ਖੇਡਾਂ ਚ ਰੁੱਝੇ ਰਹਿੰਦੇ ਸਨ ਤੇ ਮੈਂ ਇਨਾਂ ਚਿੱਤਰਾਂ ਦੀ ਭਾਲ ਚ ਗੁਆਚਾ ਰਹਿੰਦਾ ਸਾਂ ਕਦੇ ਕਿਤੇ ਤੇ ਕਦੇ ਕਿਤੇ।ਉਸ ਸਮੇਂ ਮੇਰੀ ਉਮਰ ਹੋਏਗੀ ਮਸਾਂ ਗਿਆਰਾਂ ਕੁ ਸਾਲ ਦੀ। ਮੈਂ ਇੱਥੇ ਇੱਕ-ਦੋ ਕੰਧ-ਚਿੱਤਰਾਂ ਦੇ ਨਾਲ ਨਾਲ ਜਿਕਰ ਕਰਾਂਗਾ ਉਸ ਚਿੱਤਰਕਾਰ ਦਾ ਵੀ ਜਿਹਦੇ ਚਿੱਤਰਾਂ ਨੇ ਮੇਰੇ ਬੱਚਪਨ ਦੇ ਸਮੇਂ ਨੂੰ ਪਤਾ ਨਹੀਂ ਕਿੰਨੇ ਕੁ ਰੰਗਾਂ ਵਿੱਚ ਰੰਗਿਆ। ਇਸ ਚਿੱਤਰਕਾਰ ਦੇ ਚਿੱਤਰੇ ਚਿੱਤਰ ਕੁੱਝ ਕੁ ਅਜੇ ਵੀ ਹੈਨ ਜੰਡਿਆਲੇ ਦੀਆਂ ਦੀਵਾਰਾਂ ਦਰਵਾਜ਼ਿਆ ਉੱਤੇ ਪਰ ਬਹੁਤੇ ਤਾਂ ਕਦੋਂ ਦੇ ਸਾਨੂੰ ਅਲਵਿਦਾ ਕਹਿ ਚੁੱਕੇ ਹਨ ਸੰਭਾਲ ਨੂੰ ਵਿਲਕਦੇ ਵਿਲਕਦੇ।ਸ਼ੁਰੂ ਕਰਦਾ ਹਾਂ ਜੰਡਿਆਲੇ ਦੇ ਮੇਨ ਬਜ਼ਾਰ ਤੋਂ।ਪਹਿਲਾਂ ਜੰਡਿਆਲੇ ਦਾ ਮੇਨ ਬਜ਼ਾਰ ਮਸ਼ਹੂਰ ਝੰਡਿਆਂ ਵਾਲੇ ਚੌਂਕ ਤੋਂ ਸ਼ੁਰੂ ਹੁੰਦਾ ਸੀ। ਬਜ਼ਾਰ ਦੀਆਂ ਦੁਕਾਨਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਰ ਇੱਕ ਦਾ ਧਿਆਨ ਇੱਕ ਚਿੱਤਰ ਵੱਲ ਮੱਲੋਮੱਲੀ ਖਿੱੱਚਿਆ ਜਾਂਦਾ ਸੀ।ਇਹ ਚਿੱਤਰ ਪੂਰਨ ਬਜ਼ਾਜ਼ ਦੇ ਮਕਾਨ ਤੇ ਚਿੱਤਰਿਆ ਹੋਇਆ ਸੀ।ਪੂਰਨ ਬਜ਼ਾਜ਼ ਦਾ ਮਕਾਨ ਉੱਪਰ ਤੋਂ ਥੱਲੇ ਤਾਂਈ ਭਰਪੂਰ ਸੀ ਚਿੱਤਰਾਂ ਨਾਲ ਵੀ ਅਤੇ ਚਿੱਤਰਾਂ ਦੇ ਭਿੰਨ-ਭਿੰਨ ਵਿਸ਼ਿਆ ਨਾਲ ਵੀ।ਇਸ ਮਕਾਨ ਦੇ ਸਾਰੇ ਚਿੱਤਰਾਂ ਨੇ ਅੱਖ ਖੋਲੀ ਸੀ ਇਲਾਕੇ ਦੇ ਸਟਾਰ ਚਿੱਤਰਕਾਰ ਹਰੀ ਸਿੰਘ ਬਾਂਸਲ ਦੇ ਬੁਰਸ਼ ਦੀ ਛੋਹ ਨਾਲ।ਸੰਨ ੧੮੯੯ ਚ ਜਨਮੇਂ ਹਰੀ ਸਿੰਘ ਬਾਂਸਲ ਨੂੰ ਇਸ ਦੁਨੀਆਂ ਤੋਂ ਗਿਆਂ ਬੇਸ਼ੱਕ ਤਿੰਨ ਦਹਾਕੇ ਹੋਣ ਵਾਲੇ ਹਨ ਉਹ ਅਜੇ ਤਾਂਈ ਮੇਰਾ ਮਨਭਾਉਂਦਾ ਚਿੱਤਰਕਾਰ ਹੈ ਜਿਹੜੀ ਜਗ੍ਹਾ ਇਸ ਚਿੱਤਰਕਾਰ ਨੇ ਮੇਰੇ ਮਨ ਵਿੱਚ ਬਨਾਈ ਉਹ ਕਿਸੇ ਹੋਰ ਪੰਜਾਬੀ ਚਿੱਤਰਕਾਰ ਦੇ ਹਿੱਸੇ ਨਹੀਂ ਆਈ।ਇੱਥੇ ਮੈਂ ਇਹ ਕਹੇ ਤੋਂ ਬਿਨਾਂ ਅੱਗੇ ਵੀ ਨਹੀਂ ਜਾ ਸਕਦਾ ਕਿ ਹਰੀ ਸਿੰਘ ਬਾਂਸਲ ਇੱਕ ਰਵਾਇਤੀ ਚਿੱਤਰਕਾਰ ਸੀ।ਬਾਂਸਲ ਹੁਰਾਂ ਦੇ ਸਧਾਰਨ ਬਾਣੇ ਵਿੱਚ ਇੱਕ ਅਮੀਰ ਸਖਸ਼ੀਅਤ ਦਾ ਵਾਸਾ ਸੀ।ਉਹਨਾਂ ਵਿੱਚ ਇੱਕ ਇਮਾਰਤ ਉੱਸਰਈਏ ਤੋਂ ਲੈਕੇ ਸ਼ਿਲਪਕਾਰੀ ਅਤੇ ਚਿੱਤਰਕਾਰੀ ਦੇ ਸੱਭੇ ਗੁਣ ਸਮੋਏ ਹੋਏ ਸਨ।ਜਦ ਹਰੀ ਸਿੰਘ ਬਾਂਸਲ ਹੁਰਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਉਦੋ ਸੋਲਵੇਂ ਸਾਲ ਚ ਪੈਰ ਹਾਂਲੀ ਧਰਿਆ ਹੀ ਸੀ।ਹੁਣ ਜਦ ਮੈਂ ਆਪ ਸੰਤਾਲੀਵੇ ਸਾਲ ਵਿੱਚ ਪਹੁੰਚ ਕੇ ਹਰੀ ਸਿੰਘ ਬਾਂਸਲ ਵਾਰੇ ਸੋਚਦਾ ਹਾਂ ਤਾਂ ਮੈਂ ਇਸ ਸੋਚ ਤੋਂ ਮੁਕਤ ਨਹੀਂ ਹੋ ਸਕਦਾ ਜਿੰਨਾਂ ਚਿਰ ਇਹ ਨਾ ਕਹਿ ਲਵਾਂ ਕਿ ਬਾਂਸਲ ਹੁਰੀ ਉਨਾਂ ਲੋਕਾਂ ਵਿੱਚੋ ਸਨ ਜਿੰਨਾਂ ਭਾਰਤੀ ਸੱੱਭਿਅਤਾ ਨੂੰ ਥੰਮੀਆਂ ਦੇ ਦੇ ਕੇ ਜੁੱੱਗ੍ਹਾਂ ਮੁੱੱਦਤਾਂ ਤੋਂ ਢਹਿਣੋ ਬਚਾਈ ਰੱੱਖਿਆ।ਹੁਣ ਅਜਿਹੇ ਇਨਸਾਨ ਸਾਨੂੰ ਦੀਵਾ ਲੈਕੇ ਵੀ ਲੱੱਭਿਆ ਨਹੀਂ ਲੱਭਦੇ ।ਪੰਜਾਬੀਅਤ ਜਾਂ ਭਾਰਤੀਪੁਣੇ ਦੀ ਭਾਲ ਵਿੱਚ ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਬਸ ਇਹੋ ਜਿਹੇ ਇਨਸਾਨਾਂ ਦੇ ਕੀਤੇ ਕਰਮ ਨੂੰ ਇੱਕ ਵਾਰ ਤੱਕ ਲੈਣਾ ਚਾਹੀਦਾ ਹੈ। ਫੇਰ ਜਦ ਅਸੀਂ ਚਿੱਤਰਕਾਰ ਨੂੰ ਕਲਾਕਾਰ ਕਹਿੰਦੇ ਹਾਂ ਤਾਂ ਉਸ ਭਾਵਨਾ ਪਿੱਛੇ ਕੁੱਛ ਹੋਰ ਖਲੋਤਾ ਹੁੰਦਾ ਹੈ।ਇਸਦਾ ਖੁਲਾਸਾ ਕਰਨ ਲਈ ਲੰਬੇ ਵਿਸਥਾਰ ਦੀ ਲੋੜ ਹੈ ਉਹ ਕਦੇ ਫੇਰ ਸਹੀ।ਪਰ ਫਿਰ ਵੀ ਇੱਕ ਚਿੱਤਰਕਾਰ ਰਵਾਇਤੀ ਹੁੰਦਿਆ ਹੋਇਆ ਵੀ ਬਹੁਤ ਕੁੱਝ ਕਰ ਸਕਦਾ ਹੈ ਜੇਕਰ ਉਸਨੂੰ ਭੰਨ ਤੋੜ ਕਰਨ ਦੀ ਆਦਤ ਪੈਅ ਜਾਏ। ਹਾਂ ! ਉਹ ਚਿੱਤਰ ਜਿਹਦੇ ਵੱਲ ਧਿਆਨ ਮੱਲੋਮੱਲੀ ਖਿੱੱਚਿਆ ਜਾਂਦਾ ਸੀ ਵਿੱਚ ਇੱਕ ਸ਼ਰਾਬੀ ਨੂੰ ਬਹੁਤ ਹੀ ਵਧੀਆ ਅਤੇ ਰੌਚਕ ਢੰਗ ਨਾਲ ਚਿੱਤਰਿਆ ਸੀ ਹਰੀ ਸਿੰਘ ਨੇ।ਇਸ ਚਿੱਤਰ ਦੀ ਚਿੱੱਤਰ-ਸ਼ੈਲੀ ਭਾਂਵੇ ਲਘੂ-ਚਿੱਤਰਾਂ ਵਾਲੀ ਸੀ ਪਰ ਚਿੱਤਰ ਦਾ ਅਕਾਰ ਆਦਮ ਕੱਦ ਦਾ ਹੋਣ ਕਰਕੇ ਕੁੱਝ ਨਵਾਂ ਲੈ ਕੇ ਪੇਸ਼ ਹੋਇਆ ਸੀ।ਚਿੱੱਤਰੇ ਸ਼ਰਾਬੀ ਦੀ ਪੱਗ ਉਧੜੀ ਹੋਈ ਦੇਖਦੇ ਇਉਂ ਜਾਪਦਾ ਸੀ ਕਿ ਇਹ ਸ਼ਰਾਬੀ ਕਦੀ ਵੀ ਮੂਧੇ-ਮੂੰਹ ਡਿੱਗ ਸਕਦਾ ਹੈ।ਆਪਣੇ ਆਪ ਦੀ ਉਸਨੂੰ ਕੋਈ ਹੋਸ਼ ਨਹੀਂ ਪਰ ਅਣਜਾਣਿਆ ਨੂੰ ਬਜ਼ਾਰ ਦਾ ਰਾਹ ਦਰਸਾਅ ਰਿਹਾ ਹੈ।ਕੇਹਾ ਮਜ਼ਾਹੀਆ ਅਤੇ ਮਨ ਨੂੰ ਮੂਲੋਂ ਝੰਜੋੜਨ ਵਾਲਾ ਇਹ ਪੰਜਾਬੀ ਪੇਂਡੂ ਚਿੱਤਰ।ਇਹੋ ਜਿਹਾ ਚਿੱਤਰ ਮੈਂ ਕਦੀ ਕਿਸੇ ਹੋਰ ਜਗ੍ਹਾ ਨਹੀਂ ਦੇਖਿਆ ਭਾਂਵੇ ਗਾਅ ਮਾਰਿਆ ਸਾਰਾ ਹਿੰਦੋਸਤਾਨ।ਜੇਕਰ ਕਰ ਮੈਂਨੂੰ ਕੁੱਝ ਇਹੋ ਜਿਹਾ ਇਸ ਚਿੱਤਰ ਨਾਲ ਮੇਲਣ ਨੂੰ ਭਾਰਤ ਵਿੱਚੋਂ ਲੱੱਭਿਆ ਤਾਂ ਹਿਜ਼ੜਿਆ ਦਾ ਕਰਮ ਜਿਨਾਂ ਦੇ ਆਪਦੇ ਤਾਂ ਔਲਾਦ ਨਹੀਂ ਹੁੰਦੀ ਪਰ ਦੂਸਰਿਆ ਦੀ ਔਲਾਦ ਨੂੰ ਵਧਣ ਫੁੱਲਣ ਦੀ ਬਖਸ਼ ਬਖਸ਼ਦੇ ਹਨ। ਹਿਜੜਿਆਂ ਦਾ ਇਹ ਕਰਮ ਇੱਕ ਭਰਮ ਹੈ ਪਰ ਸ਼ਰਾਬੀ ਦੇ ਕਿਰਦਾਰ ਵਾਲਾ ਚਿੱਤਰ ਹਕੀਕਤ ਨਾਲ ਘਸੇੜ ਹੀ ਨਹੀਂ ਸਗੋਂ ਚਿੱਤਰਕਾਰ ਦੀ ਇੱਕ ਨਵੀਂ ਸੋਚ ਦਾ ਕਲਾਤਮਿਕ ਪ੍ਰਗਟਾਅ ਵੀ। ਵੈਸੇ ਇਹੋ ਜਿਹੇ ਚਿੱਤਰ ਸਾਨੂੰ ਪੰਜਾਬੀਆਂ ਨੂੰ ਘੱਟ ਹੀ ਪੋਂਹਦੇ ਹਨ।ਪਤਾ ਨਹੀਂ ਇਹੋ ਜਿਹੀ ਸੋਚਣੀ ਸਾਡੇ ਅੰਦਰ ਕਿਵੇਂ ਘਰ ਕਰ ਗਈ ਹੈ ਕਿ ਚਿੱਤਰ ਵਿੱਚ ਬਹੁਤਾ ਤਾਂ ਕੀ ਦਾੜੀ ਦਾ ਖਿੱਲਰਿਆ ਹੋਇਆ ਇੱਕ ਵਾਲ ਵੀ ਦੇਖਣਾ ਨਹੀ ਚਾਹੁੰਦੇ।ਅੱਥਰੂ ਆਪ ਮੁਹਾਰੇ ਵਹਿ ਤੁਰੇ ਜਦ ਮੈਂ ਦੇਖਿਆ ਇੱਕਲਾ ਇਹੀ ਚਿੱਤਰ ਨਹੀਂ ਸਗੋਂ ਇਸੇ ਹੀ ਮਕਾਨ ਦੇ ਹੋਰ ਚਿੱਤਰ ਵੀ ਮਲੀਆ-ਮੇਟ ਹੋਏ ਦੇਖੇ।ਹੁਣ ਨਵੇਂ ਸਮੇਂ ਨੇ ਥਾਂ ਮੱਲ ਲਈ ਹੈ, ਇਨਾਂ ਚਿੱਤਰਾਂ ਉਪਰ ਕੂਚੀ ਫੇਰ ਕੇ।ਦੂਸਰੇ ਪਾਸੇ ਆਹ ਅਸੀਂ ਬਨਾਉਟੀ ਜਿਹੇ ਚਰਖੇ ਕੱਤਦੀਆਂ, ਪੀਘਾਂ ਝੂਟਦੀਆਂ ਜਾਂ ਭੰਗੜਾ ਪਾਉਂਦੇ ਗੱਭਰੂਆਂ ਦੇ ਤਸਵੀਰਾਂ ਵਾਲੇ ਕਲੰਡਰਾਂ ਨਾਲ ਘਰ ਭਰ ਰੱਖੇ ਹਨ ਇਹ ਧਾਰ/ਸਮਝ ਕੇ ਕਿ ਅਸੀਂ ਵਿਰਸੇ ਨੂੰ ਸੰਭਾਲ਼ ਰਹੇ ਹਾਂ।ਹੁਣ ਜਦ ਵਿਰਸੇ ਦੀ ਗੱਲ ਕਰ ਹੀ ਲਈ ਹੈ ਇੰਨਾਂ ਕਲੰਡਰਾਂ ਨੂੰ ਨਕਾਰਾ ਕਰਕੇ ਤਾਂ ਪੀਘ ਝੂਟਦੀ ਤ੍ਰੀਮਤ ਦੇ ਇੱਕ ਚਿੱਤਰ ਵੱਲ ਧਿਆਨ ਦੁਆਣਾ ਚਾਹੁੰਦਾ ਹਾਂ।ਇਹ ਪੀਂਘ ਝੂਟਦੀ ਔਰਤ ਦਾ ਚਿੱਤਰ ਦੂਸਰਾ ਚਿੱਤਰ ਹੈ ਜਿਹਦੇ ਵਿਚਲੀ ਸੱਮਗਰੀ ਦੀ ਮੈਂ ਬਾਤ ਇੱਥੇ ਪਾਉਣੀ ਚਾਹੁੰਦਾ ਹਾਂ।ਇਹ ਵੀ ਜੰਡਿਆਲੇ ਦੀ ਕੰਧ ਤੇ ਵਾਹਿਆ ਮਿਲ ਜਾਏਗਾ,ਦੇਖਣ ਲਈ ਫੇਰ ਸਾਨੂੰ ਧਰਨਾ ਪਏਗਾ ਇੱਕ ਪੈਰ ਪੱਤੀ ਬੜੀ ਦੀ ਹੱਦ ਚ ਅਤੇ ਦੂਸਰਾ ਪੱਤੀ ਸਾਹਨਕੀ ਅਤੇ ਪਿੱਠ ਹੋਏਗੀ ਨਕੋਦਰ ਨੂੰ ਜਾਂਦੀ ਸੜਕ ਵੱਲੀਂ।ਫੇਰ ਅਸੀਂ ਖੜੇ ਹੋਵਾਂਗੇ ਉਸ ਸ਼ਾਨਦਾਰ ਮਕਾਨ ਦੇ ਦਰਵਾਜੇ ਮੋਹਰੇ ਜਿੱਥੇ ਇਹ ਚਿੱਤਰ ਵਾਹਿਆ ਹੋਇਆ ਹੈ।ਇਸ ਮਕਾਨ ਦਾ ਮੱਥਾ ਜੰਡਿਆਲੇ ਦੀ ਕੰਧ ਚਿੱਤਰਕਾਰੀ ਅਤੇ ਇਮਾਰਤ-ਕਲਾ ਦਾ ਇੱਕ ਉਹ ਉੱਤਮ ਨਮੁੰਨਾ ਰਿਹਾ ਹੈ ਜਿਸ ਨੂੰ ਆਪਣੇ ਜਮਾਨੇ ਦੇ ਕਿਸੇ ਵੀ ਹੋਰ ਉੱਤਮ ਨਮੂੰਨੇ ਨਾਲ ਮੇਲ ਸਕਦੇ ਹਾਂ।ਹੁਣ ਇਸ ਮਕਾਨ ਦੇ ਹਾਲਾਤ ਮੌਸਮੀ ਵਾਤਾਵਰਣ ਕਾਰਣ ਕਾਫੀ ਖਸਤਾ ਹੋ ਚੁੱਕੇ ਹਨ।ਪਰ ਪੀਂਘ ਝੂਟਦੀ ਔਰਤ ਦੇ ਚਿੱਤਰ ਦੀ ਦਿੱਖ ਅਜੇ ਠੀਕ ਹੈ।ਬਾਕੀ ਚਿੱਤਰਾਂ ਦੇ ਰੰਗ ਤਾਂ ਤਕਰੀਬਨ ਉੱੱਡ ਹੀ ਚੁੱਕੇ ਹਨ ਅਤੇ ਨੰਗੀ ਅੱਖ ਨਾਲ ਦੂਰੋਂ ਤੱਕ ਸਕਣਾ ਅਸਾਨ ਨਹੀਂ।ਪਰ ਮੈਂ ਇਨਾਂ ਨੂੰ ਉਸ ਸਮੇਂ ਤੋਂ ਦੇਖਦਾ ਆ ਰਿਹਾ ਹਾਂ ਜਦ ਸੱਭ ਚਿੱਤਰ ਸਪੱਸ਼ਟ ਦਿਖਾਈ ਦਿੰਦੇ ਸਨ।ਇਸ ਮਕਾਨ ਦੇ ਮੱਥਾ ਤੇ ਇੱਕ ਆਹਲਾ ਦਰਜੇ ਦੀ ਕਲਾ ਹੀ ਨਹੀਂ ਉਕਰੀ ਹੋਈ ਸਗੋਂ ਸਾਂਝੇ ਸਮਾਜ ਵਿੱਚਲੀ ਸਹਿਨਸ਼ੀਲਤਾ ਦਾ ਪ੍ਰਗਟਾਅ ਵੀ ਸਾਫ ਦਿਖਾਈ ਦੇਂਦਾ ਹੈ। ਭਿੰਨ-ਭਿੰਨ ਵਿਸ਼ਿਆ ਵਾਲੇ ਚਿੱਤਰਾਂ ਨਾਲ ਭਰਿਆ ਇਸ ਇਮਾਰਤ ਦਾ ਮੱਥਾ ਪੰਜਾਬੀ/ਭਾਰਤੀ ਸਭਿਆਚਾਰ ਅਤੇ ਇਤਿਹਾਸ ਦਾ ਇੱਕ ਖੁਬਸੂਰਤ ਗੁਲਦਸਤਾ ਸੀ ਅਤੇ ਉਹ ਪੀਘਂ ਝੂਟਦੀ ਤ੍ਰੀਮਤ ਉਸ ਗੁਲਦਸਤੇ ਦਾ ਇੱਕ ਖੁਬਸੂਰਤ ਫੁੱਲ।ਜੇਕਰ ਇਸ ਤਸਵੀਰ ਨੂੰ ਜ਼ਰਾ ਗੁਹ ਨਾਲ ਨੇੜੇ ਹੋ ਕੇ ਦੇਖਦਾ ਹਾਂ ਤਾਂ ਨਿਗਾਹ ਤ੍ਰੀਮਤ ਦੇ ਪਹਿਰਾਵੇ ਤੇ ਜਾ ਟਿਕਦੀ ਹੈ ਤਾਂ ਹੈਰਾਨ ਹੋ ਜਾਂਦਾ ਹਾਂ ਕਿ ਚਿੱਤਰਕਾਰ ਕਿਸ ਤਰ੍ਹਾਂ ਪਹਿਰਾਵੇ ਰਾਹੀ ਇਸ ਦ੍ਰਿਸ਼ ਨੂੰ ਸਭਨਾ ਦਾ ਕਰਨਾ ਲੋੜਦਾ ਹੈ। ਪਰ ਹੁਣ ਬੀਤੇ ਦੀ ਤਰੋੜ ਮਰੋੜ ਹੋ ਰਹੀ ਹੈ ਤੇ ਕੁੱਝ ਕੁ ਪਹਿਲੂਆ ਨੂੰ ਕਲਚਰਲ ਦੇ ਨਾਂ ਥੱਲੇ ਪੇਸ਼ ਕਰਕੇ ਫੁੱੱਲਾਂ ਨੂੰ ਗੁਲਦਸਤੇ ਚ ਵਖੇਰਿਆ ਜਾ ਰਿਹਾ ਹੈ।ਅਖੰਡਤਾ ਦੇ ਸੰਕਲਪ ਜਾਂ ਵੱਖਰੋ ਵੱਖਰੇ ਮੋਤੀਆਂ ਨੂੰ ਇੱਕ ਲੜੀ ਵਿੱਚ ਪਰੋਣ ਦੇ ਮਤਲੱਬ ਨੂੰ ਭੁੱਲ ਗਏ ਜਾਪਦੇ ਹਾਂ।ਇਹ ਜੋ ਹੋ ਰਿਹਾ ਹੈ ਮੈਂ ਸਮਝਣੋ ਬਿੱਲਕੁਲ ਅਸਮਰਥ ਹਾਂ।ਸਮਝਣੋ ਅਸਮਰਥ ਤਾਂ ਇਸ ਤੱਥੋਂ ਵੀ ਹਾਂ ਕਿ ਕਿਉਂ ਭੁੱਲਦੇ ਜਾ ਰਜੇ ਹਾਂ ਇਸ ਅਮੀਰ ਵਿਰਸੇ ਨੂੰ।ਇਸ ਵਿਰਸੇ ਦਾ ਮੌਸਮੀਂ ਮਾਂਰਾ ਕਾਰਣ ਅਲੋਪ ਹੋਣਾ ਕੁਦਰਤੀ ਹੈ ਪਰ ਜਿੰਨਾਂ ਚਿਰ ਇਸ ਦੀ ਸੰਭਾਲ ਅਸੀਂ ਕਰ ਸਕਦੇ ਹਾਂ ਕਿਉਂ ਨਹੀਂ ਕਰਦੇ ? ਇਹ ਕੰਮ ਇਕੱਲੇ ਦੁਕੱਲੇ ਦਾ ਨਹੀਂ ਤੇ ਨਾ ਹੀ ਇਸ ਕੰਮ ਨੂੰ ਖੇਤਰੀ ਲੋਕਾਂ ਤੇ ਛੱੱਡਿਆ ਜਾ ਸਕਦਾ ਹੈ।ਜੇਕਰ ਇਸ ਨੂੰ ਸਾਂਭਣਾ ਚਾਹੁੰਦੇ ਹਾਂ ਤਾਂ ਇਹ ਪ੍ਰਾਂਤ ਦੇ ਸੰਚਾਲਕਾਂ ਦੀ ਚੇਤਨਾ, ਮਿਹਰਬਾਨੀ ਅਤੇ ਪ੍ਰੋਫੈਸ਼ਨਲ ਮੱਦਦ ਤੋਂ ਬਿਨਾਂ ਨਹੀਂ ਸਾਂਭਿਆ ਜਾ ਸਕਦਾ।ਇਸ ਵਿਰਸੇ ਨੂੰ ਨਾ ਸਾਂਭਣ ਅਤੇ ਨਾਸਮਝੀ ਦੇ ਸਿੱਟੇ ਸਾਡੇ ਸਾਹਮਣੇ ਆ ਹੀ ਗਏ ਹਨ।ਨਵੀਆਂ ਇਮਾਰਤਾਂ ਜੰਡਿਆਲੇ ਵਿੱਚ ਹੀ ਨਹੀਂ ਸਗੋਂ ਹੋਰਾਂ ਪਿੰਡਾਂ ਵਿੱਚ ਵੀ ਧੜਾ-ਧੜ ਉਸਰ ਰਹੀਆਂ ਹਨ।ਇਹ ਇਮਾਰਤਾਂ ਫੰਕਸ਼ਨਲ ਤਾ ਹਨ ਪਰ ਹੈ ਆਪਣੇ ਵਿਰਸੇ ਤੋਂ ਕੋਹਾਂ ਦੂਰ।ਇੱਥੇ ਸਾਡੇ ਕੋਲ ਸੁਨਿਹਰੀ ਮੌਕਾ ਸੀ ਇਸ ਵਿਰਸੇ ਨੂੰ ਨਵੇਂ ਵਿੱਚ ਢਾਲ ਕੇ ਸੰਭਾਲਣ ਦਾ।ਇਹ ਕਰਨੋਂ ਅਸੀਂ ਅਸਮਰਥ ਰਹੇ ਹਾਂ।ਇਹ ਵਿਰਸੇ ਨਾਲ ਵੱਡਾ ਧੱਕਾ ਤਾਂ ਹੈ ਹੀ ਪਰ ਜੋ ਨਵਾਂ ਦੇਖ ਰਹੇ ਹਾਂ ਉਸ ਨੂੰ ਯੂਰਪ ਦੀ ਉਸ ਲਹਿਰ ਨਾਲ ਮੇਲਿਆ ਜਾ ਸਕਦਾ ਹੈ ਜੋ (ਬੈਡ ਟੇਸਟ) ਦੇ ਨਾਂ ਨਾਲ ਸਾਡੇ ਸਾਹਮਣੇ ਆਈ ਸੀ ਪਰ ਉਸਦੇ ਪਿੱਛੇ ਧਾਰਨਾ ਕੁੱਝ ਹੋਰ ਸੀ।ਅਸੀਂ ਪੱਛਮ ਨੂੰ ਅਕਸਰ ਭੰਡਦੇ ਹਾਂ ਪਰ ਇਸ ਸੰਦਰਭ ਵਿੱਚ ਸਾਨੂੰ ਪੱਛਮ ਤੋਂ ਸਿਖਿਆ ਜਰੂਰ ਲੈਣੀ ਚਾਹੀਦੀ ਹੈ।ਹੈਰਾਨ ਹੋ ਜਾਂਦਾ ਹਾਂ ਜਦ ਦੇਖਦਾ ਹਾਂ ਇੱਥੇ (ਨਾਰਵੇ) ਪੁਰਾਣੇ ਅਤੇ ਨਵੇਂ ਦੇ ਮਿਲਾਪ ਤੋਂ ਉਤਪਨ ਹੋਇਆ। ਮੈਂ ਜਦ ਵੀ ਭਾਰਤ/ਪੰਜਾਬ ਆਉਂਦਾ ਹਾਂ ਬਹੁਤਾ ਸਮਾਂ ਆਪਣੇ ਪਿੰਡ ਜੰਡਿਆਲੇ ਹੀ ਬਤੀਤ ਕਰਦਾ ਹਾਂ। ਸਵੇਰੇ ਸਵੇਰੇ ਚਾਹ ਪੀਣ ਤੋਂ ਪਹਿਲਾਂ ਹੀ ਮੈਂ ਤੇ ਮੇਰੀ ਪਤਨੀ ਨਿੱਕਲ ਜਾਂਦੇ ਹਾਂ ਪਿੰਡ ਦੀਆਂ ਗਲ੍ਹੀਆਂ ਵੱਲ,ਪਤਨੀ ਨੂੰ ਕੁੱਝ ਨਵਾਂ ਦਿਖਾਣ ਲਈ ਅਤੇ ਮੈਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਨਵੀਆਂ ਕਰਨ।ਮੇਰੀ ਪਤਨੀ (ਨਾਰਵੀਯਨ ਹੈ ) ਭਾਰਤੀ ਕਲਾ, ਦਸਤਕਾਰੀ ਅਤੇ ਪੁਰਾਣੀ ਪੰਜਾਬੀ ਇਮਾਰਤ ਕਲਾ ਚ ਬਹੁਤ ਰੁਚੀ ਰੱਖਦੀ ਹੈ। ਮੇਰੇ ਕੋਲੋ ਐਵੇਂ ਹੀਂ ਪੁੱੱਛਿਆ ਜਾਂਦਾ ਹੈ ਕੇ ਕਿਸ ਤਰਾਂ ਲੱਗੀਆਂ ਤੈਂਨੂੰ ਇਹ ਨਵੀਂਆਂ ਇਮਾਰਤਾਂ ? ਮੈਨੂੰ ਸੱਖਣਾ ਹੀ ਰੱਖਦੀ ਹੈ ਆਪਣੇ ਜਵਾਬ ਤੋਂ ਪਰ ਮੈਨੂੰ ਪਤਾ ਹੈ ਕੇ ਉਹ ਕੀ ਸੋਚਦੀ ਹੈ ਆਪਣੇ ਅੰਦਰੋ ਅੰਦਰ।ਜ਼ਹਾਜਾਂ, ਕੋਕਾ-ਕੋਲਾ,ਕਿਸ਼ਤੀਆਂ,ਸੁਪਰਮੈਨ,ਬਾਂਜ਼ਾਂ ਪਤਾ ਨਹੀਂ ਕੀ ਕੀ ਵਾਲੀਆਂ ਮਕਾਨਾਂ/ਕੋਠੀਆਂ ਵੱਲ ਤੱਕਦੇ ਹੋਏ ਲੰਘ ਜਾਂਦੇ ਹਾਂ ਅਸੀਂ ਪਿੰਡ ਦੀਆਂ ਗਲ੍ਹੀਆਂ ਵਿੱਚੀਂ।ਮਕਾਨ ਦਾ ਮੱਥਾ ਸਾਡਾ ਸਮਾਜੀ ਚੇਹਰਾ ਹੈ ਅਤੇ ਮਕਾਨ ਦੇ ਅੰਦਰ ਝਾਤੀ ਮਾਰਿਆ ਮਾਲਕ ਮਕਾਨ ਦਾ ਚੇਹਰਾ ਹੀ ਨਹੀਂ ਸਗੋਂ ਸੱਭ ਕੁੱਝ ਦਿਸ ਜਾਂਦਾ ਹੈਂ। ਬੱਚਪਨ ਨਾਲ ਜੁੜੀਆਂ ਜੰਡਿਆਲੇ ਦੀਆਂ ਥਾਂਵਾ ਨੂੰ ਜਦ ਮੈਂ ਹੁਣ ਦੇਖਦਾ ਹਾਂ ਤਾਂ ਇਨਾਂ ਵਿੱਚ ਦੀ ਮੇਰਾ ਆਪਣਾ ਮੂੰਹ ਹੀ ਨਹੀਂ ਮੈਂਨੂੰ ਮੇਰਾ ਵਜ਼ੂਦ ਦਿਸਦਾ ਹੈ। ਜੰਡਿਆਲਾ ਵੀ ਬਦਲ ਗਿਆ ਹੈ ਅਤੇ ਮੈਂ ਵੀ।ਬਦਲੇ ਜੰਡਿਆਲੇ ਨੇ ਜੋ ਪ੍ਰਭਾਵ ਮੇਰੇ ਤੇ ਛੱਡੇ ਹਨ ਨੂੰ ਇਸੇ ਲਿਖੇ ਜਾ ਰਹੇ ਦੇ ਸ਼ੁਰੂ ਵਿੱਚ ਹੀ ਮੈਂ ਸ਼ਬਦਾਂ ਦੀ ਖੇਡ ਖੇਲ ਕੇ ਕੁੱਝ ਨਵਾਂ ਘੜਨਾ ਚਾਹਿਆ ਹੈ ਤਾਂ ਜੋ ਪਏ ਪ੍ਰਭਾਵਾਂ ਨੂੰ ਪਕੜ ਸਕਾ। (2006)