ਸਮੱਗਰੀ 'ਤੇ ਜਾਓ

ਵਰਤੋਂਕਾਰ:117.234.37.255/ਕੱਚਾ ਖਾਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰਸਤੂ ਦਾ ਕਾਵਿ ਸ਼ਾਸਤਰ

[ਸੋਧੋ]

ਭੂਮਿਕਾ

[ਸੋਧੋ]

ਅਰਸਤੂ ਇੱਕ ਯੂਨਾਨੀ ਦਾਰਸ਼ਨਿਕ ਅਤੇ ਪੌਲੀਮੈਥ ਸੀ। ਇਹ ਅਫਲਾਤੂਨ ਦਾ ਵਿਦਿਆਰਥੀ ਸੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਇਸ ਦੀਆਂ ਲਿਖਤਾਂ ਕਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਜਿਵੇਂ ਭੌਤਿਕ ਵਿਗਿਆਨ, ਕਾਵਿ, ਥੀਏਟਰ, ਭਾਸ਼ਾ ਵਿਗਿਆਨ, ਰਾਜਨੀਤੀ ਵਿਗਿਆਨ, ਜੀਵ ਵਿਗਿਆਨ ਅਤੇ ਪ੍ਰਾਣੀ ਵਿਗਿਆਨ। ਅਫਲਾਤੂਨ ਅਤੇ ਸੁਕਰਾਤ ਨਾਲ ਮਿਲ ਕੇ, ਅਰਸਤੂ ਪੱਛਮੀ ਦਰਸ਼ਨ ਦੇ ਸਭ ਤੋਂ ਮਹੱਤਵਪੂਰਨ ਸੰਸਥਾਪਕਾਂ ਵਿੱਚੋਂ ਇੱਕ ਹੈ।

ਅਰਸਤੂ ਦਾ ਜਨਮ 384 ਈ ਪੂ ਵਿੱਚ ਯੂਨਾਨ ਵਿੱਚ ਅੱਜਕੱਲ੍ਹ ਦੇ ਥੇਸਾਲੋਨੀਕੀ ਤੋਂ 55 ਕਿਲੋਮੀਟਰ ਪੂਰਬ ਵੱਲ ਸਟੇਗੀਰਾ ਵਿੱਚ ਹੋਇਆ। ਉਸ ਦਾ ਪਿਓ ਨਾਈਕੋਮਾਚਿਸ ਮਕਦੂਨੀਆ ਦੇ ਬਾਦਸ਼ਾਹ ਦਾ ਹਕੀਮ ਸੀ। ਉਹ 18 ਵਰਿਆਂ ਦਾ ਸੀ ਜਦੋਂ ਉਹ ਐਥਨਜ਼ ਅਫ਼ਲਾਤੂਨ ਦੀ ਅਕੈਡਮੀ ਚ ਪੜ੍ਹਨ ਲਈ ਗਿਆ। ਓਥੇ ਉਹ 20 ਵਰ੍ਹੇ (348/47 ਈ ਪੂ) ਤੱਕ ਰਿਹਾ। 343 ਈ ਪੂ ਵਿੱਚ ਮਕਦੂਨੀਆ ਦੇ ਬਾਦਸ਼ਾਹ ਫ਼ਿਲਿਪ ਦੂਜੇ ਨੇ ਉਸਨੂੰ ਆਪਣੇ ਪੁੱਤਰ ਸਿਕੰਦਰ ਦਾ ਗੁਰੂ ਬਣਾ ਦਿੱਤਾ। ਅਰਸਤੂ ਨੂੰ ਮਕਦੂਨੀਆ ਦੀ ਸ਼ਾਹੀ ਅਕੈਡਮੀ ਮੁਖੀ ਨਿਯੁਕਤ ਕਰ ਦਿੱਤਾ ਗਿਆ। ਇੱਥੇ ਸਿਕੰਦਰ ਦੇ ਇਲਾਵਾ ਦੋ ਹੋਰ ਵੀ ਭਵਿੱਖ ਦੇ ਬਾਦਸ਼ਾਹ ਉਹਦੇ ਸ਼ਗਿਰਦ ਸਨ।

ਅਰਸਤੂ ਨੇ ਕਾਵਿ ਸ਼ਾਸਤਰ ਵਿੱਚ ਅਨੁਕਰਨ, ਤ੍ਰਾਸਦੀ, ਵਿਰੇਚਨ,ਮਹਾਂਕਾਵਿ,ਸਾਧਾਰਨੀਕਰਨ ਦੇ ਸਿਧਾਂਤਾਂ ਦੀ ਗੱਲ ਕੀਤੀ।

~ਅਨੁਕਰਨ ਸਿਧਾਂਤ

[ਸੋਧੋ]

ਅਰਸਤੂ ਦੇ ਸਮੁੁੱਚੇ ਗਿਆਨ ਚਿੰਤਨ ਦੀ ਵਿਸ਼ੇਸ਼ਤਾ ਉਸਦਾ ਵਿਸ਼ੇਸ਼ ਪ੍ਰਬੰੰਧ ਹੈ, ਜਿਸ ਦੇ ਅਧੀਨ ਉਹ ਵਿਭਿੰਨ ਅਨੁੁੁਸ਼ਾਸਨਾ ਸੰੰਬੰਧੀ ਆਪਣਾ ਚਿੰਤਨ ਪੇੇੇਸ਼ ਕਰਦਾ ਹੈ। ਅਰਸਤੂ ਦੇ ਇਸ ਵਡੇਰੇ ਗਿਆਨ ਚਿੰਤਨ ਪ੍ਰਬੰਧ ਬਾਰੇ ਨਵ ਅਰਸਤੂਵਾਦੀ ਮੈਕਿਓਨ ਦੇ ਵਿਚਾਰ ਮਹੱਤਵਪੂਰਨ ਹਨ। ਉਸ ਦਾ ਵਿਸ਼ਵਾਸ ਹੈ ਕਿ ਅਰਸਤੂ ਨੇ ਗਿਆਨ ਨਾਲ ਸੰਬੰਧਤ ਸਾਰੀਆਂ ਰਚਨਾਵਾਂ ਨੂੰ ਤਿੰਨ ਮੂੂਲ ਵਿਗਿਆਨਾ ਵਿੱਚ ਵੰਡਿਆ ਹੈ:-

1 ਸਿਧਾਂਤਕ ਵਿਗਿਆਨ ( ਗਣਿਤ ਸ਼ਾਸਤਰ, ਮੈਟਾਫਿਜ਼ਿਕਸ, ਆਸਟ੍ਰਾਨੋਮੀ, ਭੌਤਿਕੀ ਆਦਿ ਨਾਲ ਸੰਬੰਧਤ ਪੁਸਤਕਾਂ)

2 ਵਿਵਹਾਰਿਕ ਵਿਗਿਆਨ ( ਪ੍ਰਮੁੱਖ ਰੂਪ ਵਿੱਚ ਰਾਜਨੀਤੀ ਅਤੇ ਨੈਤਿਕ ਸ਼ਾਸਤਰ ਨਾਲ ਸੰਬੰਧਤ ਪੁਸਤਕਾਂ)

3 ਉਤਪਾਦਕ ਵਿਗਿਆਨ[1]

ਇਸ ਅੰਤਲੇ ਵਿਗਿਆਨ ਨੂੰ ਅਰਸਤੂ ਅੱਗੇ ਦੋ ਹੋਰ ਉਪਭਾਗਾਂ ਵਿੱਚ ਵੰਡਦਾ ਹੈ-

ਉਪਯੋਗੀ ਕਲਾਵਾਂ ਅਤੇ ਲਲਿਤ ਕਲਾਵਾਂ

ਲਲਿਤ ਕਲਾਵਾਂ ਦਾ ਸੰਬੰਧ ਅਨੁਕਰਣ ਨਾਲ ਹੈ।[2]

ਸ਼ਬਦੀ ਅਰਥ
[ਸੋਧੋ]

ਅਰਸਤੂ ਦਾ ‘ਅਨੁਕਰਨ’ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਮਿਮੇਸਿਸ ( mimesis) ਦੇ ਸਮਾਨਾਰਥੀ ਰੂਪ ਵਿੱਚ ਵਰਤਿਆ ਜਾਂਦਾ ਹੈ। ਪੰਜਾਬੀ ਦਾ ‘ਅਨੁਕਰਨ ’ ਸ਼ਬਦ ਅੰਗਰੇਜੀ ਦੇ   immitation ਦਾ ਅਨੁਵਾਦ ਹੈ। ਜਿਸ ਦਾ ਸ਼ਬਦ ਅਰਥ ‘ ਨਕਲ’ ਹੈ।[3] ਅਰਸਤੂ ਨੇ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ। ਦਰਅਸਲ ਪਲੈਟੋ ਨੇ ਕਾਵਿ ਨੂੰ ਇਸ ਸੰਕਲਪੀ ਸ਼ਬਦ ਦੇ ਅਧਾਰ ਤੇ ਰੱਦ ਕਰ ਦਿੱਤਾ ਸੀ।ਉਸ ਦਾ ਤਰਕ ਸੀ ਕਿ ਇੱਕ ਤਾਂ ਭੌਤਿਕ ਜਗਤ ਦੀ ਅਨੁਕ੍ਰਿਤੀ ਹੈ ਫ਼ਿਰ ਕਾਵਿ ਇਹੀ ਭੌਤਿਕ ਜਗਤ ਦੀ ਅਨੁਕ੍ਰਿਤਿ ਹੈ। ਇਸ ਪ੍ਰਕਾਰ ਸਾਹਿਤ ਜਾਂ ਕਾਵਿ ਨਕਲ ਦੀ ਨਕਲ  ਹੈ। ਸੱਚ ਦੇ  ਅਨੁਕਰਨ ਦਾ  ਅਨੁਕਰਨ ਹੋਣ ਕਰਕੇ ਕਾਵਿ ਤਿਆਗਣ ਯੋਗ ਹੈ।ਇਸ ਕਰਕੇ ਕਲਾ ਦਾ ਦਰਜਾ ਨੀਵਾਂ ਹੋ ਜਾਂਦਾ ਹੈ ਅਤੇ ਇਸ ਨਜ਼ਰੀਏ ਤੋਂ ਕਲਾ ਦਾ ਸਰੋਤੇ ਉੱਪਰ ਚੰਗਾ ਪ੍ਰਭਾਵ ਹੋ ਹੀ ਨਹੀਂ ਸਕਦਾ। ਪਲੈਟੋ ਅਨੁਸਾਰ ਸਾਹਿਤ ਸੱਚ ਤੋਂ ਦੁੱਗਣਾ ਦੂਰ ਹੈ( it is twice away from the reality)

ਪਲੈਟੋ ਅਨੁਸਾਰ ਅਨੁਕਰਨ ਦਾ ਅਰਥ

[ਸੋਧੋ]

ਪਲੈਟੋ ਨੇ ਅਨੁਕਰਨ ਨੂੰ ਸੱਚ  ਦੀ ਇੰਨ ਬਿੰਨ ਨਕਲ ਦੇ ਰੂਪ ਵਿੱਚ ਲਿਆ ਹੈ। ਉਸ ਅਨੁਸਾਰ ਵਿਭਿੰਨ ਕਲਾਕਾਰ ਵਿਭਿੰਨ ਵਿਧੀਆਂ ਰਾਹੀਂ ਭੌਤਿਕ ਜਗਤ ਦਾ ਅਨੁਕਰਨ ਹੀ ਕਰਦੇ ਹਨ। ਜਿਵੇਂ ਚਿੱਤਰਕਾਰ ਰੰਗਾਂ ਨਾਲ, ਸੰਗੀਤਕਾਰ ਧੁਨਾਂ ਰਾਹੀਂ, ਅਭਿਨੇਤਾ ਵੇਸ਼– ਭੂਸ਼ਾ, ਅੰਗ ਚੇਸ਼ਟਾ ਆਵਾਜ਼ ( ਸੰਵਾਦ ) ਰਾਹੀਂ ਅਤੇ ਸਾਹਿਤਕਾਰ ਲਿਖਤ ਦੇ ਮਾਧਿਅਮ ਨਾਲ ।

ਅਰਸਤੂ ਅਨੁਸਾਰ ਅਨੁਕਰਨ ਦਾ ਅਰਥ
[ਸੋਧੋ]

ਪਰ ਅਰਸਤੂ  ਨੇ ਇਸ ਸ਼ਬਦ ਅਨੁਕਰਨ  ਨੂੰ ਅਪਣਾ ਕੇ ਇਸ ਵਿੱਚ ਨਵੇਂ ਅਰਥ ਭਰ ਦਿੱਤੇ ਹਨ। ਉਸ ਅਨੁਸਾਰ ਕਲਾਕਾਰ ਕਿਸੇ ਵੀ ਕਲਾਕ੍ਰਿਤੀ ਵਿੱਚ ਭੌਤਿਕ ਜਗਤ ਦਾ ਅਨੁਕਰਨ ਬਿਲਕੁਲ ਉਸ ਤਰ੍ਹਾਂ ਦਾ ਨਹੀਂ ਕਰਦਾ ਜਿਸ ਤਰ੍ਹਾਂ ਦੀ ਉਹ ਵਸਤੂ ਹੁੰਦੀ ਹੈ ਬਲਕਿ ਜਿਸ ਤਰ੍ਹਾਂ ਦਾ ਉਸ ਦੀਆਂ ਇੰਦਰੀਆਂ ਨੂੰ ਪ੍ਰਾਪਤ ਹੁੰਦਾ ਹੈ, ਓਹੋ ਜਿਹਾ ਹੀ ਕਰਦਾ ਹੈਂ ਇਸ ਅਨੁਕਰਨ ਵਿੱਚ ਉਸ ਦੀ ਸਿਰਜਣਾਮਕਤਾ ਸ਼ਾਮਿਲ ਹੁੰਦੀ ਹੈ। ਇਸ ਲਈ ਕਲਾ ਨਕਲ ਨਹੀਂ ਬਲਕਿ ਉਸਦੀ ਪੁਨਰਸਿਰਜਨਾ ਕਰਨਾ ਹੈ ਤੇ ਉਸਨੂੰ ਆਪਣੇ ਅਨੁਸਾਰ ਢਾਲਣਾ ਹੈ।ਇਸੇ ਕਰਕੇ ਹੀ ਸਾਹਿਤਕਾਰ ਦੀ ਕਿਰਤ ਵਸਤੂ –ਸੰਸਾਰ ਵਰਗੀ ਲੱਗਦੀ ਹੋਈ ਵੀ ਉਸ ਦੀ ਨਕਲ ਨਹੀਂ ਹੁੰਦੀ ਕਿਉਂਕਿ ਸਾਹਿਤਕਾਰ ਉਸ ਨੂੰ ਆਪਣੇ ਨਿੱਜ ਦੀ ਛੋਹ ਦੇ ਕੇ ਮੌਲਿਕ ਬਣਾ ਦਿੰਦਾ ਹੈ। ਇੱਕ ਮਿਸਾਲ ਵਜੋਂ:—

   ਅੱਗ ਦਾ ਸਫ਼ਾ ਹੈ, ਉਸ ਉੱਤੇ ਮੈਂ ਫੁੱਲਾਂ ਦੀ ਸਤਰ ਹਾਂ

    ਓਹ ਬਹਿਸ ਕਰ ਰਹੇ ਨੇ, ਗ਼ਲਤ ਹਾਂ ਕੇ ਠੀਕ ਹਾਂ

    ਵਸਤੂ–ਸੰਸਾਰ ਵਿੱਚ ਅਸੀਂ ਅੱਗ, ਸਫ਼ਾ ਅਤੇ ਫੁੱਲ ਦੇਖਦੇ ਹਾਂ ਇਹ ਚਾਰੇ ਵਸਤੂ ਸੰਸਾਰ ਦੀਆਂ ਵਸਤਾਂ ਹਨ। ਪਰ ਕਵੀ  ਨੇ ਇਹਨਾਂ ਵਸਤਾਂ ਦੀ ਆਪਣੀ ਕਵਿਤਾ ਵਿੱਚ ਬਦਲਵੇਂ ਰੂਪ ਵਿੱਚ ਇਸ ਪ੍ਰਕਾਰ ਦੀ ਵਰਤੋਂ ਕੀਤੀ ਹੈ ਕਿ ਇਹ ਭੌਤਿਕ ਜਗਤ ਵਾਂਗ ਪ੍ਰਤੀਤ ਹੁੰਦੇ ਹੋਏ ਵੀ ਉਸ ਤੋਂ ਵੱਖਰੇ ਅਤੇ ਮੌਲਿਕ ਹਨ।

ਇਸੇ ਕਰਕੇ ਹੀ ਅਨੁਕਰਨ ਬਾਰੇ ਕਿਹਾ ਗਿਆ  ਹੈ :—

  Immitation is a process of creative philosophy  ਅਰਥਾਤ ਅਨੁਕਰਨ ਸਿਰਜਣਾਤਮਕ ਦਰਸ਼ਨ ਪ੍ਰਕਿਰਿਆ ਹੈ।[4]

ਇਓਂ ਅਰਸਤੂ ਦੇ ਕਾਵਿ ਸ਼ਾਸਤਰ ਵਿੱਚ ਅਨੁਕਰਨ ਦਾ ਅਰਥ ਹੈ -ਸਾਹਿਤ ਵਿੱਚ ਜੀਵਨ ਦਾ ਵਸਤੂਮੂਲਕ ਅੰਕਨ, ਜਿਸ ਨੂੰ ਅਸੀਂ ਆਪਣੀ ਭਾਸ਼ਾ ਵਿੱਚ ਜੀਵਨ ਦੀ ਕਲਪਨਾਤਮਕ ਮੁੜ ਉਸਾਰੀ ਕਹਿ ਸਕਦੇ ਹਾਂ।

ਅਰਸਤੂ ਅਨੁਸਾਰ ਮਹਾਂ ਕਾਵਿ,ਤ੍ਰਾਸਦੀ, ਕੌਮਦੀ,ਰੌਦਰ ਸ੍ਰੋਤ ਤੇ ਬੰਸੀ ਵੀਣਾ ਤੇ ਸੰਗੀਤ ਦੇ ਬਹੁਤ ਸਾਰੇ ਭੇਦ ਸਭ ਹੀ ਅਨੁਕਰਨ ਦਾ ਨਤੀਜਾ ਹਨ, ਪਰ ਤਿੰਨ ਗੱਲਾਂ ਕਰਕੇ ਇਹ ਇੱਕ ਦੂਜੇ ਤੋਂ ਵੱਖਰੀਆਂ ਹੋ ਜਾਂਦੀਆਂ ਹਨ:

•ਅਨੁਕਰਨ ਦਾ ਮਾਧਿਅਮ

•ਅਨੁਕਰਨ ਦਾ ਵਿਸ਼ਾ

•ਅਨੁਕਰਨ ਦੀ ਵਿਧੀ

ਅਨੁਕਰਨ ਦਾ ਵਿਸ਼ਾ
[ਸੋਧੋ]

ਮਨੁੱਖੀ ਕਾਰਜ ਅਨੁਕਰਨ ਦਾ ਵਿਸ਼ਾ ਹੈ।ਅਰਸਤੂ ਅਨੁਸਾਰ ਮਨੁੱਖ ਦੇ ਕਾਰਜ ਤਿੰਨ ਤਰ੍ਹਾਂ ਦੇ ਹੋ ਸਕਦੇ ਹਨ। ਇੱਕ ਕਾਰਜ ਦੇ ਅਧਾਰ ਤੇ ਮਨੁੱਖ ਹਨ,ਕਾਵਿ ਵਿੱਚ ਉਹਨਾਂ ਨੂੰ ਉਹ ਜਿਹੇ ਹੀ ਦਿਖਾਉਣਾ, ਦੂਜਾ ਮਨੁੱਖ ਜਿਵੇੰ ਹਨ ਉਸ ਤੋਂ ਬਿਹਤਰ ਮਨੁੱਖਾਂ ਦੀ ਸਿਰਜਣਾ, ਤੀਜਾ ਜਿਵੇੰ ਦੇ ਆਮ ਮਨੁੱਖ ਹਨ ਉਹਨਾਂ ਤੋਂ ਘਟੀਆ ਮਨੁੱਖਾਂ ਦੀ ਸਿਰਜਣਾ ਕਰਨੀ । ਕਵਿਤਾ ਬਾਰੇ ਉਹ ਕਹਿੰਦਾ ਹੈ ਕਿ ਕਵਿਵਿਤਾ ਸਿਰਫ਼ ਜ਼ਿੰਦਗੀ ਦੇ ਅਨੁਭਵਾਂ ਤੇ ਘਟਨਾਵਾਂ ਦੀ ਸਿਰਫ਼ ਨਕਲ ਹੀ ਨਹੀਂ ਹੁੰਦੀ। ਅਰਸਤੂ ਕਵਿਤਾ ਨੂੰ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਨਾਲੋਂ ਵੀ ਕਿਤੇ ਵਧੀਆ ਚੀਜ਼‌ ਮੰਨਦਾ ਹੈ। ਕਵੀ ਜਿਸ ਵਸਤ ਜਾਂ ਭਾਵ ਦਾ ਅਨੁਕਰਣ ਕਰਦਾ ਹੈ ਉਹ ਤਿੰਨ ਕਿਸਮ ਦੀਆਂ ਹੋ ਸਕਦੀਆਂ ਹਨ-

1 ਜਿਹੋ ਜਿਹੀਆਂ ਉਹ ਵਸਤਾਂ ਸਨ‌ ਜਾਂ ਹਨ।

2.ਜਿਹੋ ਜਿਹੀਆਂ ਵਸਤਾਂ ਉਹ ਕਹੀਆ ਜਾਂ ਮੰਨੀਆਂ ਜਾਂਦੀਆਂ ਹਨ।

3.ਜਿਹੋ ਜਿਹੀਆਂ ਉਹ ਵਸਤਾਂ ਹੋਣੀਆ ਚਾਹੀਦੀਆਂ ਹਨ।ਭਾਵ ਕਿ ਵਸਤਾਂ ਦਾ ਆਦਰਸ਼ ਰੂਪ।

ਅਨੁਕਰਨ ਦਾ ਮਾਧਿਅਮ
[ਸੋਧੋ]

ਕਵੀ ਜੀਵਨ ਦਾ ਅਨੁਕਰਨ ਭਾਸ਼ਾ, ਲੈਅ,ਇਕਸੁਰਤਾ ਰਾਹੀਂ ਕਰਦਾ ਹੈ।ਇਹ ਸਾਰੇ ਕਾਵਿ ਵਿੱਚ ਅਨੁਕਰਨ ਦੇ ਮਾਧਿਅਮ ਹਨ।

ਅਨੁਕਰਨ ਦੀ ਵਿਧੀ
[ਸੋਧੋ]

ਅਰਸਤੂ ਅਨੁਸਾਰ ਕਵਿਤਾ ਵਿੱਚ ਕਵੀ ਆਪ ਬੋਲ ਸਕਦਾ ਹੈ ਜਾਂ ਕਵੀ ਆਪ ਗ਼ੈਰ ਹਾਜ਼ਰ ਰਹਿ ਕੇ ਬਿਰਤਾਂਤਕਾਰ ਰਾਹੀਂ ਦੂਜੇ ਪੁਰਖ ਵਿੱਚ ਵਸਤਾਂ, ਮਨੁੱਖਾਂ ਦਾ ਅਨੁਕਰਨ ਕਰ ਸਕਦਾ ਹੈ ਜਾਂ ਤੀਜੀ ਵਿਧੀ ਵਿੱਚ ਨਾਂ ਕਵੀ ਬੋਲੇ ਨਾਂ ਬਿਰਤਾਂਤਕਾਰ ਖੁਦ ਪਾਤਰ ਬੋਲਣ।

ਕਾਵਿ ਸੱਚ

[ਸੋਧੋ]

ਅਰਸਤੂ ਨੇ ਕਾਵਿ ਸੱਚ ਦੀ ਗੱਲ ਕੀਤੀ ਹੈ। ਅਰਸਤੂ ਅਨੁਸਾਰ ਕਵੀ ਦਾ ਫ਼ਰਜ਼ ਜੋ ਹੋ ਚੁੱਕਾ ਹੈ ਉਸਦਾ ਵਰਣਨ ਕਰਨਾ ਨਹੀਂ ਸਗੋਂ ਜੋ ਹੋ ਸਕਦਾ ਹੈ ਉਸਦਾ ਵਰਣਨ ਕਰਨਾ ਹੈ। ਅਰਸਤੂ ਨੇ ਸੱਚ ਦੋ‌ ਤਰ੍ਹਾਂ ਦਾ ਦੱਸਿਆ ਹੈ -

1.ਸਰਬਵਿਆਪਕ ਸੱਚ - ਸਰਬਵਿਆਪਕ ਸੱਚ ਦਾ ਸੁਭਾਅ ਕਲਾਸਕੀ ਤੇ ਅਬਦਲ ਹੁੰਦਾ ਹੈ ਅਜਿਹਾ ਸੱਚ ਕਿਸੇ‌ ਵੀ ਦੇਸ਼ ਕਾਲ ਤੋਂ ‌ਮੁਕਤ ਹੁੰਦਾ ਹੈ।

2.ਖਾਸ ਸੱਚ- ਜੋ ਵਾਪਰ ਚੁੱਕਾ ਹੈ ਉਹ ਖਾਸ ਜਾਂ ਸੀਮਿਤ ਸੱਚ ਹੈ। ਇਹ ਸੱਚ ਇੱਕ ਖਾਸ ਦੇਸ਼ ਕਾਲ ਨਾਲ ਬੱਝਿਆ ਹੁੰਦਾ ਹੈ।

~ਤ੍ਰਾਸਦੀ ਦਾ ਸਿਧਾਂਤ

[ਸੋਧੋ]

ਤ੍ਰਾਸਦੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ Tragedy ਦਾ ਸਮਾਨਾਰਥਕ ਪ੍ਰਾਰੂਪ ਹੈ।

■ਪਰਿਭਾਸ਼ਾ-

ਅਰਸਤੂ ਦੇ ਸ਼ਬਦਾਂ ਵਿੱਚ, "ਤ੍ਰਾਸਦੀ ਕਿਸੇ ਗੰਭੀਰ ਮੁਕੰਮਲ ਅਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਜਿਸ ਦਾ ਮਾਧਿਅਮ ਨਾਟਕ ਦੇ ਭਿੰਨ- ਭਿੰਨ ਹਿੱਸਿਆਂ ਵਿੱਚ ਭਿੰਨ ਭਿੰਨ ਰੂਪਾਂ ਨਾਲ ਵਰਤੀ ਗਈ ਸਭ ਪ੍ਰਕਾਰ ਦੇ ਕਲਾਤਮਿਕ ਗਹਿਣਿਆਂ ਨਾਲ ਅਲੰਕ੍ਰਿਤ ਭਾਸ਼ਾ ਹੁੰਦੀ ਹੈ ਅਤੇ ਜਿਸ ਵਿੱਚ ਕਰੁਣਾ ਅਤੇ ਤ੍ਰਾਸ ਰਾਹੀਂ ਇਹਨਾਂ ਮਨੋਵਿਕਾਰਾਂ ਦਾ ਉਚਿਤ ਵਿਵੇਚਨ ਕੀਤਾ ਜਾਂਦਾ ਹੈ।"[5]

ਤ੍ਰਾਸਦੀ ਅਰਸਤੂ ਅਨੁਸਾਰ ਇੱਕ ਅਜਿਹੇ ਕਾਰਜ ਦਾ ਅਨੁਕਰਣ ਹੈ ਜੋ ਕਿ ਗੰਭੀਰ ਤੇ ਪੂਰਨ ਹੁੰਦਾ ਹੈ,ਅਤੇ ਜਿਸਦਾ ਇੱਕ ਨਿਸ਼ਚਿਤ ਵਿਸਥਾਰ ਹੁੰਦਾ ਹੈ। ਇਸ ਅਨੁਕਰਣ ਦੀ ਭਾਸ਼ਾ ਹਰ ਤਰ੍ਹਾਂ ਦੇ ਕਲਾਤਮਿਕ ਅਲੰਕਾਰਾਂ ਨਾਲ ਸਜੀ ਹੁੰਦੀ ਹੈ। ਅਲੰਕਾਰ ਨੇ ਇਹ ਰੂਪ ਨਾਟਕ ਦੇ ਅੱਡੋ- ਅੱਡ ਅੰਕਾਂ ਵਿੱਚ ਮਿਲਦੇ ਹਨ। ਇਹ ਅਨੁਕਰਣ ਬਿਰਤਾਂਤਿਕ ਰੂਪ ਵਿੱਚ ਨਹੀਂ, ਸਗੋਂ ਨਾਟਕੀ ਕਾਰਜ ਰੂਪ ਵਿੱਚ ਕੀਤਾ ਜਾਂਦਾ ਹੈ ਤੇ ਇਹ ਦਇਆ ਤੇ ਭੈ ਨੂੰ ਉਤੇਜਿਤ ਕਰਕੇ ਉਹਨਾਂ ਦਾ ਵਿਰੇਚਨ ਜਾਂ ਸ਼ੁੱਧੀਕਰਣ ਕਰਦਾ ਹੈ।
ਤ੍ਰਾਸਦੀ ਦੀ ਰਚਨਾ ਜੀਵਨ- ਗਤੀ ਦੇ ਅਨੁਸਾਰ ਹੁੰਦੀ ਹੈ।ਜੀਵਨ ਪ੍ਰਵਾਹ ਵੀ ਹੈ ਤੇ ਧਾਰਾ ਵੀ,ਸਮਾਜਿਕ ਅਖੰਡਤਾ ਵੀ ਤੇ ਵਿਅਕਤੀਗਤ ਵਿਕੋਲਿਤਰੀਆ ਇਕਾਈਆਂ ਦਾ ਸੰਗ੍ਰਹਿ ਦਾ ਸੰਗ੍ਰਹਿ ਵੀ।ਆਦਿ ਤੋਂ ਅੰਤ ਤੱਕ ਵਿਅਕਤੀਗਤ ਜੀਵਨ ਮਰਣਮੁਖ ਯਾਤਰਾ ਵਿੱਚ ਰੁੱਝਾ ਰਹਿੰਦਾ ਹੈ।ਏਸ ਯਾਤਰਾ ਨੂੰ ਤਿੰਨ ਨਿਸ਼ਚਿਤ ਖੰਡਾ ਵਿੱਚੋ ਲੰਘਣਾ ਪੈਂਦਾ ਹੈ।ਬੱਚਾ ਹੌਲੀ ਹੌਲੀ ਵਿਕਾਸ ਕਰਕੇ ਪਤਨ ਵੱਲ ਜਾਣਾ ਆਰੰਭ ਕਰਦਾ ਹੈ ਤੇ ਉਹ ਪਤਨ ਖੰਡ ਵਿੱਚ ਹੀ ਵਿਚਰਦਾ ਹੈ।ਜੀਵਨ ਯਾਤਰਾ ਵੀ ਇੱਕੋ ਰੂਪ ਵਿਧੀ ਮਨੁੱਖ ਨੇ ਆਪਣੇ ਸਿਰਜਣਾਤਮਿਕ ਉੱਦਮ ਵਿੱਚ ਅਪਣਾਈ ਹੈ। ਤ੍ਰਾਸਦੀ ਰਚਨਾ ਇਸੇ ਰੂਪ ਵਿਧੀ ਅਨੁਸਾਰ ਹੁੰਦੀ ਰਹੀ ਹੈ।ਇਕ ਤਰ੍ਹਾਂ ਮਨੁੱਖ ਦੀ ਜੀਵਨ ਯਾਤਰਾ ਕਰਦੀ ਹੈ, ਵਿਅਕਤੀ ਵਾਂਗ ਵਿਕਾਸ ਕਰਦੀ,ਪ੍ਰੋੜ੍ਹਤਾ ਤੇ ਪਤਨ ਖੰਡਾ ਵਿੱਚੋ ਲੰਘਦੀ ਹੈ ਅਤੇ ਵਿਸ਼ਾਲ ਜੀਵਨ ਦੇ ਸਰਬਕਾਲੀਨ ਅਰਥ ਨਾਲ ਵਿਰੋਧਭਾਸੀ ਸਬੰਧਾਂ ਵਿੱਚ ਬੱਝੀ ਰਹਿੰਦੀ ਹੈ।ਤ੍ਰਾਸਦੀ ਦੀ ਯਾਤਰਾ ਮਰਣਮੁਖ ਤੇ ਸੁਭਾਅ ਵਿਰੋਧਭਾਸੀ ਹੈ।

■ਅਰਸਤੂ ਅਨੁਸਾਰ: (1)"ਤ੍ਰਾਸਦੀ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ।

(2)ਇਹ ਕਾਰਜ ਗੰਭੀਰ ਤੇ ਮੁਕੰਮਲ ਹੁੰਦਾ ਹੈ।

(3) ਇਹ ਕਾਰਜ ਦਾ ਬਿਰਤਾਂਤਕ ਨਹੀਂ ਹੁੰਦਾ ਸਗੋਂ ਪ੍ਰਦਰਸ਼ਨ ਹੁੰਦਾ ਹੈ।

(4)ਭਾਸ਼ਾ, ਛੰਦ, ਲੈਅ,ਗੀਤ ਆਦਿ ਨਾਲ ਸੱਜੀ ਹੁੰਦੀ ਹੈ।

(5)ਤ੍ਰਾਸ ਅਤੇ ਕਰੁਣਾ ਰਾਹੀਂ ਮਨੋਵਿਕਾਰਾਂ ਦਾ ਵਿਰੇਚਨ ਤ੍ਰਾਸਦੀ ਦਾ ਉਦੇਸ਼ ਹੁੰਦਾ ਹੈ।"[6]

ਤ੍ਰਾਸਦੀ ਦੇ ਅੰਗ

[ਸੋਧੋ]

ਅਰਸਤੂ ਅਨੁਸਾਰ ਹਰ ਇੱਕ ਤ੍ਰਾਸਦੀ ਦੇ ਛੇ ਅੰਗ ਹੁੰਦੇ ਹਨ ਜੋ ਉਸਦੇ ਸੁਹਜ ਦਾ ਨਿਰਣਾ ਕਰਦੇ ਹਨ। ਇਹ ਅੰਗ ਹਨ:

(ੳ)ਕਥਾਨਕ

(ਅ) ਚਰਿੱਤਰ ਚਿੱਤਰਨ

(ੲ) ਪਦ ਰਚਨਾ

(ਸ) ਵਿਚਾਰ ਤੱਤ

(ਹ) ਦ੍ਰਿਸ਼ ਵਿਧਾਨ

(ਕ)ਗੀਤ

ਇਹਨਾਂ ਵਿੱਚੋਂ ਕਥਾਨਕ,ਚਰਿੱਤਰ ਚਿਤਰਨ ਅਤੇ ਵਿਚਾਰ ਤੱਤ ਅਨੁਕਰਣ ਦੇ ਵਿਸ਼ੇ ਹਨ।ਦ੍ਰਿਸ਼ ਵਿਧਾਨ ਮਾਧਿਅਮ ਹੈ।ਪਦ ਰਚਨਾ ਤੇ ਗੀਤ ਅਨੁਕਰਣ ਦੀਆਂ ਵਿਧੀਆਂ ਹਨ।ਅਰਸਤੂ ਦੇ ਸਮੇਂ ਤੱਕ ਇਹਨਾਂ ਵਰਤੋਂ ਹਰ ਇੱਕ ਤ੍ਰਾਸਦੀਕਾਰ ਨੇ ਕੀਤੀ ਸੀ,ਇਸ ਲਈ ਅਰਸਤੂ ਇਹਨਾਂ ਨੂੰ ਤ੍ਰਾਸਦੀ ਦੇ ਛੇ ਜਰੂਰੀ ਅੰਗ ਮੰਨਦਾ ਹੈ।

ਕਥਾਨਕ

[ਸੋਧੋ]

ਅਰਸਤੂ ਕਥਾ ਵਸਤੂ ਨੂੰ ਤ੍ਰਾਸਦੀ ਦਾ ਸਭ ਤੋਂ ਮਹੱਤਵਪੂੂਰਣ ਅੰਗ ਮੰੰਨਦਾ ਹੈ ਤੇ ਉਸ ਅਨੁਸਾਰ ਇਹ ਤ੍ਰਾਸਦੀ ਦੀ ਆਤਮਾ ਹੈ।

ਕਥਾਨਕ ਦੇ ਭੇਦ
[ਸੋਧੋ]

•ਸਰਲ ਕਥਾਨਕ

•ਜਟਿਲ ਕਥਾਨਕ

ਜਟਿਲ ਕਥਾਨਕ ਸ਼੍ਰੇਸ਼ਟ ਕਥਾਨਕ ਹੈ।ਇਸ ਵਿਚ ਸਥਿਤੀਆਂ ਦਾ ਉਲਟ ਫੇਰ ਹੁੰਦਾ ਹੈ।ਅਗਿਆਨ ਤੋਂ ਗਿਆਤ ਵੱਲ ਯਾਤਰਾ ਸਫ਼ਰ ਕਰਦੀ ਹੈ।

ਅਗਿਆਤ ਤੋਂ ਗਿਆਤ ਵਾਲੀ ਸਥਿਤੀ ਛੇ ਤਰੀਕਿਆਂ ਹੋ ਸਕਦੀ ਹੈ:

•ਸਥਿਤੀਆਂ ਦੇ ਉਲਟਾਓ ਰਾਹੀਂ

•ਚਿੰਨ੍ਹਾਂ ਰਾਹੀਂ

•ਆਯੋਜਿਤ ਅਭਿਗਿਆਨ ਰਾਹੀਂ

•ਯਾਦ ਤੋਂ ਪੈਦਾ ਹੋਣ ਵਾਲਾ ਅਭਿਗਿਆਨ ਰਾਹੀਂ

•ਤਰਕ ਵਿਤਰਕ ਦੁਆਰਾ ਅਭਿਗਿਆਨ ਰਾਹੀਂ

•ਸੰਭਾਵਿਕ ਅਭਿਗਿਆਨ

ਚਰਿਤ੍ਰ ਚਿਤਰਣ

[ਸੋਧੋ]

ਕਥਾਨਕ ਤੋਂ ਬਾਅਦ ਦੂਸਰਾ ਸਥਾਨ ਚਰਿੱਤਰ ਚਿੱਤਰਨ ਦਾ ਹੈ।ਅਰਸਤੂ ਅਨੁਸਾਰ,"ਚਰਿੱਤਰ ਉਹ ਹੈ ਜਿਸ ਦੇ ਆਧਾਰ ਤੇ ਅਸੀਂ ਅਭਿਕਰਤਿਆਂ ਵਿੱਚ ਕੁਝ ਗੁਣਾਂ ਦਾ ਨਿਵਾਸ ਮੰਨਦੇ ਹਾਂ।"[7]ਚਰਿੱਤਰ ਉਸ ਨੂੰ ਕਹਿੰਦੇ ਹਨ ਜੋ ਕਿਸੇ ਵਿਅਕਤੀ ਦੇ ਸੁਹਿਰਦ ਤਿਆਗ ਨੂੰ ਦਰਸਾਉਂਦਾ ਹੋਇਆ ਨੈਤਿਕ ਪ੍ਰਯੋਜਨ ਨੂੰ ਉਜਾਗਰ ਕਰੇ। ਅਰਸਤੂ ਅਨੁਸਾਰ ਤ੍ਰਾਸਦੀ ਦਾ ਨਾਇਕ ਅਜਿਹਾ ਹੋਣਾ ਚਾਹੀਦਾ ਹੈ ਜੋ ਨਾ ਤਾਂ ਅਤਿਅੰਤ ਉੱਤਮ ਹੈ ਨਾ ਅਤਿਅੰਤ ਨਿਆਂ ਭਰਿਆ ਪਰ ਫਿਰ ਵੀ ਜੋ ਆਪਣੇ ਦੁਰਗੁਣਾਂ ਜਾਂ ਪਾਪ ਦੇ ਕਾਰਨ ਨਹੀਂ ਬਲਕਿ ਕਿਸੇ ਕਮਜ਼ੋਰੀ ਜਾਂ ਭੁੱਲ ਕਾਰਨ ਬਦਕਿਸਮਤੀ ਦਾ ਸ਼ਿਕਾਰ ਹੋ ਜਾਂਦਾ ਹੈ।ਉਹ ਸਹਿਤ ਮਾਨਵੀ ਭਾਵਨਾਵਾਂ ਨਾਲ ਯੁਕਤ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਦਰਸ਼ਕ ਦੀ ਇਕਮਿਕਤਾ ਹੋ ਸਕੇ।ਉਹ ਅਤਿਅੰਤ ਮਾਲਦਾਰ, ਸ਼ੋਭਾ ਵਾਲਾ ਅਤੇ ਕੁਲੀਨ ਪੁਰਖ ਹੋਣਾ ਚਾਹੀਦਾ ਹੈ।ਇਸਦਾ ਮੂਲ ਆਸ਼ਾ ਇਹੋ ਹੈ ਕਿ ਤ੍ਰਾਸਦੀ ਦਾ ਨਾਇਕ ਪ੍ਰਭਾਵਸ਼ਾਲੀ ਵਿਅਕਤੀ ਹੋਵੇ।ਉਸਦੇ ਚਰਿੱਤਰ ਵਿੱਚ ਸਤਿ ਦੇ ਨਾਲ- ਨਾਲ ਅਸਤਿ ਦੇ ਵੀ ਕੁਝ ਅੰਸ਼ ਹੋਣੇ ਚਾਹੀਦੇ ਹਨ।ਆਪਣੀ ਮੁਸ਼ਕਿਲ ਦੀ ਜਿੰਮੇਵਾਰੀ ਤੋਂ ਉਹ ਬਿਲਕੁਲ ਮੁਕਤ ਨਾ ਹੋ ਸਕਦਾ ਹੋਵੇ।ਉਸਦੀ ਮੁਸ਼ਕਿਲ ਆਪਣੇ ਤੱਕ ਨਾ ਰਹਿ ਕੇ ਸਮਾਜ ਨੂੰ ਪ੍ਰਭਾਵਿਤ ਕਰੇ।


ਪਦ ਰਚਨਾ

[ਸੋਧੋ]

ਤ੍ਰਾਸਦੀ ਦਾ ਅਹਿਮ ਤੱਤ ਪਦ ਰਚਨਾ ਹੈ, ਜਿਸਦਾ ਭਾਵ ਸ਼ਬਦਾਂ ਦੇ ਜ਼ਰੀਏ ਮਨੁੱਖੀ ਭਾਵਾਂ ਨੂੰ ਪ੍ਰਗਟਾਉਣਾ ਹੈ। ਇਥੇ ਅਰਸਤੂ ਦਾ ਮਤਲਬ ਨਾਟਕਾਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਤੋਂ ਹੈ।ਅਰਸਤੂ ਅਨੁਸਾਰ ਤ੍ਰਾਸਦੀ ਦੀ ਭਾਸ਼ਾ ਅਲੰਕ੍ਰਿਤ ਵਰਤੀ ਜਾਣੀ ਚਾਹੀਦੀ ਹੈ। ਅਲੰਕ੍ਰਿਤ ਭਾਸ਼ਾ ਤੋਂ ਭਾਵ ਅਜਿਹੀ ਭਾਸ਼ਾ ਹੈ ਜਿਸ ਵਿੱਚ ਲੈਅ ਇੱਕ ਸੁਰਤਾ ਅਤੇ ਗੀਤ ਦਾ ਸਮਾਵੇਸ਼ ਹੋ ਜਾਂਦਾ ਹੈ।ਪ੍ਰਚੱਲਿਤ ਤੇ ਢੁੱਕਵੇਂ ਸ਼ਬਦ ਹੋਣੇ ਜ਼ਰੂਰੀ ਹਨ ਜਿਸ ਨਾਲ ਸਧਾਰਨ ਮਨੁੱਖ ਵੀ ਸਮਝ ਸਕੇ।ਤ੍ਰਾਸਦੀ ਦੀ ਭਾਸ਼ਾ ਵਿੱਚ ਅਲੰਕ੍ਰਿਤੀ, ਵਡਿਤੱਣ ਤੇ ਉਚਿਤਤਾ ਦਾ ਸਹਿਜ ਸੁਮੇਲ ਹੋਣਾ ਚਾਹੀਦਾ ਹੈ।

ਵਿਚਾਰ ਤੱਤ

[ਸੋਧੋ]

ਅਰਸਤੂ ਦੇ ਸ਼ਬਦਾਂ ਵਿੱਚ ਵਿਚਾਰ ਤੱਤ ਦਾ ਅਰਥ ਹੈ,"ਹਥਲੀ ਸਥਿਤੀ ਵਿੱਚ ਜੋ ਸੰਭਵ ਅਤੇ ਸੰਗਤ ਹੋਵੇ ਉਸਦੀ ਸਥਾਪਨਾ ਕਰਨਾ।"

ਅਰਸਤੂ ਅਨੁਸਾਰ ਵਿਚਾਰ ਤੱਤ ਉਥੇ ਮੌਜੂਦ ਹੁੰਦਾ ਹੈ ਜਿਥੇ ਕਿਸੇ ਵਸਤੂ ਦੀ ਹੋਂਦ ਜਾਂ ਅਣਹੋਂਦ ਸਿੱਧ ਕੀਤੀ ਜਾਂਦੀ ਹੈ ਜਾਂ ਕੋਈ ਸਰਬ ਸਧਾਰਨ ਅਖਾਣ ਸ਼ਕਤੀ ਸਥਾਪਿਤ ਕੀਤੀ ਜਾ ਸਕੇ।ਇਸ ਵਿੱਚ ਬੁੱਧੀ ਤੱਤ ਦੀ ਪ੍ਰਧਾਨਤਾ ਹੁੰਦੀ ਹੈ,ਤੇ ਨਾਲ-ਨਾਲ ਭਾਵ ਤੱਤ ਵੀ ਸ਼ਾਮਿਲ ਹੁੰਦੇ ਹਨ।

ਗੀਤ

[ਸੋਧੋ]

ਇਹ ਤ੍ਰਾਸਦੀ ਦਾ ਜ਼ਰੂਰੀ ਤੱਤ ਹੈ।ਉਸਨੂੰ ਸੁੰਦਰ ਬਣਾਉਣ ਲਈ ਵਰਤਿਆ ਜਾਂਦਾ ਹੈ ਉਸਨੇ ਕੋਰਿਕ ਗੀਤ (ਸਮੂਹਗਾਨ)ਦੀ ਗੱਲ ਕਰਦਾ ਹੈ।ਇਹ ਹਰ ਅੰਕ ਤੋਂ ਬਾਅਦ ਵਰਤਿਆ ਜਾਂਦਾ ਹੈ,ਪਰ ਅੰਤਿਕਾ ਤੋਂ ਬਾਅਦ ਨਹੀਂ ਵਰਤਿਆ ਜਾਂਦਾ ਹੈ।

ਦ੍ਰਿਸ਼ ਵਿਧਾਨ

[ਸੋਧੋ]

ਇਹ ਤ੍ਰਾਸਦੀ ਦਾ ਮਾਧਿਅਮ ਹੈ।ਦ੍ਰਿਸ਼ ਵਿਧਾਨ ਦਾ ਸੰਬੰਧ ਅਜਿਹੇ ਦ੍ਰਿਸ਼ਮਈ ਅਹਿਸਾਸ ਨਾਲ ਹੈ ਜੋ ਤ੍ਰਾਸਦੀ ਨੂੰ ਪੜ੍ਹਦਿਆਂ ਹੋਇਆਂ ਸਾਹਮਣੇ ਵਾਪਰਦਾ ਦੇਖਦੇ ਹਾਂ।

ਤ੍ਰਾਸਦੀ ਕਿਸੇ ਗੰਭੀਰ ਮੁਕੰਮਲ ਅਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ।ਇਹ ਇੱਕ ਉਚੇਰੀ ਕਲਾ ਹੈ ਜੋ ਆਪਣਾ ਲਕਸ਼ ਵਧੇਰੇ ਪੂਰਨਤਾ ਨਾਲ ਸਿੱਧ ਕਰਦੀ ਹੈ।

~ਵਿਰੇਚਨ ਦਾ ਸਿਧਾਂਤ

[ਸੋਧੋ]

ਅਰਸਤੂ ਦੇ ਵਿਰੇਚਨ (catharsis) ਸਿਧਾਂਤ ਦਾ ਜ਼ਿਕਰ ਦੋ ਪੁਸਤਕਾਂ ਵਿੱਚ ਮਿਲਦਾ ਹੈ। ਰਾਜਨੀਤੀ ਤੇ ਕਾਵਿ-ਸ਼ਾਸਤਰ ਵਿੱਚ।ਪਲੈਟੋ ਇਹ ਮੰਨਦਾ ਸੀ ਕਿ ਕਵਿਤਾ ਸਾਡੀਆਂ ਵਾਸਨਾਵਾਂ ਦਾ ਦਮਨ ਕਰਨ ਦੀ ਥਾਂ ਉਨ੍ਹਾਂ ਦਾ ਪਾਲਣ-ਪੋਸਣ ਕਰਦੀ ਅਤੇ ਉਨ੍ਹਾਂ ਨੂੰ ਭੜਕਾਉਂਦੀ ਹੈ।ਅਰਸਤੂ ਨੇ ਆਪਣੇ ਗੁਰੂ ਪਲੈਟੋ ਦੀ ਇਸ ਮਾਨਤਾ ਦਾ ਖੰਡਨ ਕਰਦਿਆਂ ਹੋਇਆਂ ਇਹ ਧਾਰਨਾਂ ਨੂੰ ਪੇਸ਼ ਕੀਤਾ ਹੈ। ਕਿ ਕਾਵਿ ਤਾਂ ਆੰਨਦ-ਪ੍ਰਾਪਤੀ ਦਾ ਸਾਧਨ ਹੁੰਦਾ ਹੈ। ਇਸੇ ਪ੍ਰਸੰਗ ਵਿੱਚ ਹੀ ੳਸ ਨੇ ਵਿਰੇਚਨ ਸ਼ਬਦ ਵਰਤਿਆ ਹੈ।

ਵਿਰੇਚਨ ਦਾ ਅਰਥ
[ਸੋਧੋ]

ਬੁਨਿਆਦੀ ਤੌਰ ਤੇ ਇਹ ਚਿਕਿਤਸਾ-ਸ਼ਾਸਤਰ ਦਾ ਸ਼ਬਦ ਹੈ ਅਤੇ ਅਰਸਤੂ ਨੂੰ ਇਹ ਸ਼ਬਦ ਪਰੰਪਰਾ ਰੂਪ ਵਿੱਚ ਮਿਲਿਆ ਹੈ। ਚਿਕਿਤਸਾ-ਸ਼ਾਸਤਰ ਵਿੱਚ ਵਿਰੇਚਨ ਦਾ ਭਾਵ ਹੈ ਰੇਚਕ ਦਵਾਈ ਨਾਲ ਸਰੀਰਕ ਵਿਕਾਰਾਂ ਆਮ ਤੌਰ ਤੇ ਮਿਹਦੇ ਵਿਕਾਰਾਂ ਦੀ ਸ਼ੁੱਧੀ। ਮਿਹਦੇ ਵਿੱਚ ਬਾਹਰਲੇ ਜਾਂ ਬੇਲੋੜੇ ਪਦਾਰਥਾਂ ਦੇ ਆ ਜਾਣ ਨਾਲ ਜਦੋਂ ਅੰਦਰਲਾ ਪ੍ਰਬੰਧ ਗੜਬੜ ਹੋ ਜਾਂਦਾ ਸੀ ਤਾਂ ਯੂਨਾਨੀ ਚਕਿਤਸਰ ਦਵਾਈ ਦੇ ਕੇ ਉਸ ਬਾਹਰਲੇ ਪਦਾਰਥ ਨੂੰ ਬਾਹਰ ਕੱਢ ਕੇ ਰੋਗੀ ਦਾ ਉਪਚਾਰ ਕਰਦੇ ਸਨ। ਇੱਕ ਵੈਦ ਦਾ ਪੁੱਤਰ ਹੋਣ ਕਰਕੇ ਅਰਸਤੂ ਨੂੰ ਅਜਿਹੇ ਇਲਾਜ ਬਾਰੇ ਪੂਰੀ ਜਾਣਕਾਰੀ ਸੀ। ਅਰਸਤੂ 'ਵਿਰੇਚਣ' ਸ਼ਬਦ ਦਾ ਪ੍ਰਯੋਗ ਕਰਦਾ ਹੋਇਆ ਲਿਖਦਾ ਹੈ, ਤ੍ਰਾਸਦੀ ਕਿਸੇ ਗੰਭੀਰ,ਮੁਕੰਮਲ ਅਤੇ  ਨਿਸਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ। ਜਿਸ ਵਿੱਚ ਕਰੁਣਾ ਅਤੇ ਤ੍ਰਾਸ ਰਾਹੀਂ ਇਨ੍ਹਾਂ ਮਨੋਵਿਕਾਰਾਂ ਦਾ ਉਚਿਤ ਵਿਰੇਚਣ ਕੀਤਾ ਜਾਂਦਾ ਹੈ।[8]

ਇਸੇ ਤਰ੍ਹਾਂ ਸੰਗੀਤ ਦੇ ਅਸਰ ਦਾ ਜ਼ਿਕਰ ਕਰਦਿਆਂ ਹੋਇਆਂ ਅਰਸਤੂ ਕਹਿੰਦਾ ਹੈ ਕਿ ਇਸ ਤੋਂ ਅੱਗੇ ਸਾਡਾ ਇਹ ਮਤ ਸੰਗੀਤ ਦਾ ਅਧਿਐਨ ਕਈ  ਮੰਤਵਾਂ ਦੀ ਸਿੱਧੀ ਲਈ ਕੀਤਾ ਜਾਣਾ ਚਾਹੀਦਾ ਹੈ,ਯਾਨੀ ਕਿ ਸਿੱਖਿਆ ਦੇ ਲਈ, ਵਿਰੇਚਨ ਦੇ ਲਈ ਤੇ ਬੌਧਿਕ ਆਨੰਦ ਲਈ। ਇਉਂ ਵਿਰੇਚਨ ਰਾਗ ਮਨੁੱਖੀ ਸਮਾਜ ਨੂੰ ਸ਼ੁੱਧ ਆਨੰਦ ਦਿੰਦਾ ਹੈ।

ਵਿਰੇਚਨ ਦੀਆਂ  ਮੁੱਖ ਤੌਰ ਤੇ ਤਿੰਨ ਕਿਸਮ ਦੀਆਂ ਵਿਆਖਿਆਵਾਂ ਕੀਤੀਆਂ ਗਈਆਂ ਹਨ ਜੋ ਇਹ ਹਨ-

• ਧਰਮ ਸੰਬੰਧੀ ਅਰਥ

•ਨੀਤੀ ਸੰਬੰਧੀ ਅਰਥ

•ਕਲਾ ਸੰਬੰਧੀ ਅਰਥ

ਧਰਮ ਸੰਬੰਧੀ ਅਰਥ

[ਸੋਧੋ]

ਪ੍ਰੋ਼਼ ਗਿਲਬਰਟ ਮਰੇ ਨੇ ਵਿਰੇਚਨ ਸ਼ਬਦ ਨੂੰ ਯੂਨਾਨ ਦੇ ਧਾਰਮਿਕ ਪਰਿਵੇਸ਼ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਉਸ ਅਨੁਸਾਰ ਯੂਨਾਨ ਵਿੱਚ ਡਾਵਿਨੀਸ਼ਿਅਸ ਨਾਮਕ ਦੇਵਤਾ ਨਾਲ ਸੰਬੰਧਿਤ ਉਤਸਵ ਆਪਣੇ ਆਪ ਵਿੱਚ ਇੱਕ ਪ੍ਰਕਾਰ ਦੀ ਸ਼ੁੱਧੀ ਦਾ ਪ੍ਰਤੀਕ ਸੀ। ਹਾਲ ਦੀ ਸਥਿਤੀ ਤੋਂ ਉਤਪੰਨ ਆਵੇਸ਼ ਨੂੰ ਸ਼ਾਂਤ ਕਰਨ ਲਈ ਯੂਨਾਨ ਵਿੱਚ ਭੜਕੀਲੇ ਸੰਗੀਤ ਦਾ ਉਪਯੋਗ ਹੂੰਦਾ ਸੀ। ਬਾਹਰਲੇ ਵਿਕਾਰਾਂ ਰਾਹੀਂ ਅੰਦਰਲੇ ਵਿਕਾਰਾਂ ਦੀ ਸ਼ਾਂਤੀ ਦਾ ਇਹ ਉਪਾਅ ਅਰਸਤੂ ਦੇ ਵੇਲੇ ਧਾਰਮਿਕ ਸੰਸਥਾਵਾਂ ਵਿੱਚ ਕਾਫੀ ਪ੍ਰਚੱਲਿਤ ਸੀ। ਇਸ ਲਈ ਪ੍ਰੋ.ਗਿਲਬਰਟ ਮਰੇ ਅਨੁਸਾਰ 'ਵਿਰੇਚਣ' ਦਾ ਅਰਥ ਹੋਇਆ, ਬਾਹਰਲੀ ਉਤੇਜਨਾ ਤੇ ਅੰਤ ਵਿੱਚ ਉਸਦੇ ਰਾਹੀਂ ਆਤਮਿਕ ਬੁਧੀ ਅਤੇ ਸ਼ਾਂਤੀ।

ਨੀਤੀ ਸੰਬੰਧੀ ਅਰਥ

[ਸੋਧੋ]

ਬਾਰਨੇਜ਼ ਨਾਮ ਦੇ ਜਰਮਨ ਵਿਦਵਾਨ ਨੇ ਵਿਰੇਚਨ ਦਾ ਨੀਤੀ ਸੰਬੰਧੀ ਅਰਥ ਕਢਿਆ ਹੈ। ਉਸ ਅਨੁਸਾਰ ਮਨੁੱਖੀ ਮਨ ਅਨੇਕ ਮਨੋਵਿਕਾਰਾਂ ਨਾਲ ਘਿਰਿਆ ਹੋਇਆ ਹੈ ਜਿਨ੍ਹਾਂ ਵਿੱਚ ਕਰੁਣਾ ਅਤੇ ਭੈ ਬੁਨਿਆਦੀ ਤੌਰ ਤੇ ਦੁਖਦਾਈ ਹਨ। ਤ੍ਰਾਸਦੀ ਅਤਿਅੰਤ ਰੰਗਮੰਚ ਉਪਰ ਅਵਾਸਤਵਿਕ ਪਰਿਸਥਿਤੀਆਂ ਰਾਹੀਂ, ਦਰਸ਼ਕ ਦੇ ਮਨ ਵਿੱਚ ਵਾਸ਼ਨਾ-ਰੂਪ ਵਿੱਚ ਟਿਕੇ ਇਨ੍ਹਾਂ ਮਨੋਵੇਗਾਂ ਦੇ ਡੰਗ ਨੂੰ ਕੱਢਦੀ ਅਤੇ ਮਾਨਸਿਕ ਸੁਜੋੜ ਸਥਾਪਿਤ ਕਰਦੀ ਹੈ। ਇਸ ਲਈ ਵਿਰੇਚਨ ਦਾ ਅਰਥ ਹੋਇਆ ਵਿਕਾਰਾਂ  ਦੀ ਉਤੇਜਨਾ ਰਾਹੀਂ ਭਰੀਆਂ ਪੂਰੀਆਂ ਅੰਤਰ-ਬਿਰਤੀਆਂ ਦਾ ਸੁਜੋੜ ਅਤੇ ਮਨ ਦੀ ਸ਼ਾਂਤੀ ਤੇ ਸੁਧਾਈ। ਵਰਤਮਾਨ ਮਨੋਵਿਗਿਆਨ ਅਤੇ ਮਨੋਵਿਸ਼ਲੇਸ਼ਣ ਸ਼ਾਸਤਰ ਇਸ ਅਰਥ ਦਾ ਸਮਰਥਨ ਕਰਦੇ ਹਨ।

ਕਲਾ ਸੰਬੰਧੀ ਅਰਥ

[ਸੋਧੋ]

  ਪ੍ਰੋ. ਬੁੱਚਰ ਨੇ ਵਿਰੇਚਨ ਦੇ ਅਜਿਹੇ ਅਰਥ ਦਾ ਸਮਰਥਨ ਅਤੇ ਪ੍ਰੇੜ੍ਹਤਾ ਕੀਤੀ ਹੈ। ਉਸ ਅਨੁਸਾਰ ਇਸ ਸ਼ਬਦ ਦਾ ਜਿਸ ਰੂਪ ਵਿੱਚ ਅਰਸਤੂ ਨੇ ਇਸ ਨੂੰ ਆਪਣੀ ਕਲਾ ਦੀ ਸ਼ਬਦਾਵਲੀ ਵਿੱਚ ਗ੍ਰਹਿਣ ਕੀਤਾ ਹੈ, ਹੋਰ ਵੀ ਵਧੇਰੇ ਅਰਥ ਹੈ। ਇਹ ਕੇਵਲ ਮਨੋਵਿਗਿਆਨ ਜਾਂ ਚਕਿਤਸਾ-ਸ਼ਾਸਤਰ ਦੇ ਇੱਕ ਤੱਥ ਵਿਸ਼ੇਸ਼ ਦਾ ਵਾਚਕ ਨਾ ਹੋ ਕੇ ਇੱਕ ਕਲਾ ਸਿਧਾਂਤ ਦਾ ਲਖਾਇਕ ਹੈ।[9]


ਅਰਸਤੂ ਨੇ  ਵਿਰੇਚਨ ਸਿਧਾਂਤ ਦੀ ਗੱਲ ਵੀ ਪਲੈਟੋ ਦੇ ਇਤਰਾਜ਼ ਦਾ ਜਵਾਬ ਦੇਣ ਲਈ ਹੀ ਕੀਤੀ ਹੈ। ਪਲੈਟੋ ਨੇ ਕਾਵਿ ਉਪਰ ਇਲਜ਼ਾਮ ਲਾਇਆ ਕਿ ਵਾਰਤਾਵਾਂ ਦਬਾਉਣ ਦੀ ਥਾਂ ਉਨ੍ਹਾਂ ਨੂੰ ਪਾਲਦੀ ਅਤੇ ਸਿੰਜਦੀ ਹੈ, ਅਰਸਤੂ ਨੇ ਆਪਣੇ ਸਮੇਂ ਵਿੱਚ ਪ੍ਰਚੱਲਿਤ ਚਕਿਤਸਾ-ਸ਼ਾਸਤਰ ਤੋਂ ਸੰਕੇਤ ਗ੍ਰਾਹਿਣ ਕਰਕੇ, 'ਵਿਰੇਚਨ' ਦੇ ਲਾਕਸ਼ਣਿਕ ਪ੍ਰਯੋਗ ਰਾਹੀਂ ਇਸ ਇਲਜ਼ਾਮ ਦਾ ਜਵਾਬ ਦਿੱਤਾ ਹੈ। ਤ੍ਰਾਸਦੀ ਵਿੱਚ ਕਰੁਣਾ ਅਤੇ ਤ੍ਰਾਸ ਦੇ ਉਦ੍ਰੇਕ ਰਾਹੀਂ ਇਨ੍ਹਾਂ ਮਨੋਵਿਕਾਰਾਂ ਦਾ ਉਚਿਤ ਵਿਰੇਚਨ ਕੀਤਾ ਜਾਂਦਾ ਹੈ।

~ਮਹਾਂਕਾਵਿ ਸੰਬੰਧੀ ਵਿਚਾਰ

[ਸੋਧੋ]

ਪੋਇਟਿਕਸ ਵਿੱਚ ਅਰਸਤੂ ਨੇ ਤ੍ਰਾਸਦੀ ਦੀ ਪਰਿਭਾਸ਼ਾ ਦਿੱਤੀ ਹੈ।ਮਹਾਂਕਾਵਿ ਦੀ ਕੋਈ ਬੱਝਵੀਂ ਪਰਿਭਾਸ਼ਾ ਨਹੀਂ ਮਿਲਦੀ। ਅਰਸਤੂ ਤ੍ਰਾਸਦੀ ਨੂੰ ਮਹਾਂਕਾਵਿ ਨਾਲੋਂ ਬਿਹਤਰ ਸਿੱਧ ਕਰਨ ਵਾਸਤੇ ਮਹਾਂਕਾਵਿ ਬਾਰੇ ਗੱਲ ਕਰਦਾ ਪ੍ਰਤੀਤ ਹੁੰਦਾ ਹੈ।

ਮਹਾਂਕਾਵਿ ਦੇ ਤੱਤ

[ਸੋਧੋ]

•ਕਥਾਨਕ

•ਚਰਿੱਤਰ ਚਿਤਰਣ

•ਵਿਚਾਰ

•ਪਦ ਰਚਨਾ

ਦ੍ਰਿਸ਼ ਵਿਧਾਨ ਤੇ ਗੀਤ ਤ੍ਰਾਸਦੀ ਦੇ ਤੱਤ ਹੁੰਦੇ ਹਨ ਨਾ ਕੇ ਮਹਾਂਕਾਵਿ ਦੇ।

ਅਰਸਤੂ ਕਹਿੰਦਾ ਹੈ ਕਿ ਟਰੈਜਡੀ ਵਿੱਚ ਤਾਂ ਮਹਾਂਕਾਵਿ ਵਾਲੇ ਸਾਰੇ ਤੱਤ ਹੁੰਦੇ ਹਨ ਪਰ ਮਹਾਂਕਾਵਿ ਵਿੱਚ ਤ੍ਰਾਸਦੀ ਵਾਲੇ ਸਾਰੇ ਤੱਤ ਨਹੀਂ ਹੁੰਦੇ ।ਇਸ ਲਈ ਅਰਸਤੂ ਟ੍ਰੈਜਡੀ ਨੂੰ ਉੱਚੇ ਦਰਜੇ ਤੇ ਰੱਖਦਾ ਹੈ ।

ਚਰਿਤ੍ਰ ਚਿਤਰਣ

[ਸੋਧੋ]

ਮਹਾਂਕਾਵਿ ਵਿੱਚ ਨਾਇਕ ਨੈਤਿਕ ਮੁੱਲਾਂ ਦੀ ਅਭਿਵਿਅਕਤੀ ਕਰਦੇ ਹਨ ਚੰਗੇ ਵਿਅਕਤੀ ਹੁੰਦੇ ਹਨ ,ਬਹਾਦਰ ਹੁੰਦੇ ਹਨ ਤੇ ਉਸ ਵਿਚ ਕੋਈ ਤ੍ਰਾਸਦਿਕ ਖਾਮੀ ਹੁੰਦੀ ਹੈ ਜਿਸ ਨੂੰ ਅਸੀਂ ਟਰੈਜਿਕ ਫਲੌ ਕਹਿੰਦੇ ਹਾਂ। ਜਿਸ ਕਾਰਨ ਉਹ ਕਿਸੇ ਗਲਤ ਸਿੱਟੇ ਤੇ ਪੁੱਜਦਾ ਹੈ ਤੇ ਟਰੈਜਡੀ ਵਾਪਰਦੀ ਹੈ ਤੇ ਅਸੀਂ ਕਥਾਰਸਿਸ ਤੱਕ ਪੁੱਜਦੇ ਹਾਂ।

ਵਿਚਾਰ

[ਸੋਧੋ]

ਵਿਚਾਰ ਤੱਤ ਬਾਰੇ ਅਰਸਤੂ ਨੇ ਕੋਈ ਬਹੁਤੀ ਗੱਲ ਨਹੀਂ ਕੀਤੀ।ਸ਼ੈਲੀ ਤੇ ਬੋਲੀ ਬੜੀ ਮਾਰਮਿਕ ਤੇ ਗੌਰਵਪੂਰਨ ਹੁੰਦੀ ਹੈ ।

ਕਥਾਨਕ

[ਸੋਧੋ]

ਮਹਾਂਕਾਵਿ ਦਾ ਪਲਾਟ ਇਕਹਿਰਾ ਨਹੀਂ ਹੁੰਦਾ। ਇਸ ਦਾ ਆਕਾਰ ਬਹੁਤ ਲੰਮਾ ਹੁੰਦਾ ਹੈ ।ਮਹਾਂਕਾਵਿ ਵਿਚ ਕਥਾਵਾਂ ਇੱਕ ਦੂਜੇ ਦੇ ਸਮਾਨਾਂਤਰ ਚੱਲ ਰਹੀਆਂ ਹੁੰਦੀਆਂ ਹਨ ।ਹੋ ਸਕਦਾ ਹੈ ਕਿ ਇਕੋ ਵਾਰੀ ਤੁਹਾਡੀ ਮੈਮਰੀ ਦੀ ਪਕੜ ਵਿੱਚ ਨਾ ਸਕਦੀਆਂ ਹੋਣ।ਅਰਸਤੂ ਇਲੀਅਡ ਦੀ ਉਦਾਹਰਨ ਲੈਂਦਾ ਹੈ ਕਿ ਈਲੀਅਟ ਇੱਕ ਪੁਰਾਣਾ ਮਹਾਂਕਾਵਿ ਹੈ ਇਸ ਵਿੱਚੋਂ ਅੱਠ ਤ੍ਰਾਸਦੀਆਂ ਨੂੰ ਕੱਢ ਸਕਦੇ ਹਾਂ ਇਹ ਰਚਨਾ ਚੌਵੀ ਕਿਤਾਬਾਂ ਵਿਚ ਵੰਡੀ ਹੋਈ ਹੈ ਇਸ ਵਿਚ 15,693 ਸਤਰਾਂ ਹਨ।

ਮਹਾਂਕਾਵਿ ਵਿੱਚ ਕਾਰਜ ਦੀ ਏਕਤਾ ਦਾ ਸਿਧਾਂਤ ਲਾਗੂ ਨਹੀਂ ਹੁੰਦਾ।ਮਹਾਂਕਾਵਿ ਪਾਠਕ ਨੂੰ ਲਗਾਤਾਰ ਨਵੀਆਂ ਘੁੰਡੀਆਂ ਖੋਲਦੇ ਹੋਏ ਲੰਬੇ ਸਮੇਂ ਤੱਕ ਪਾਠਕ ਨੂੰ ਬਿਠਾ ਸਕਦੀ ਹੈਂ।ਮਹਾਂਕਾਵਿ ਵਿੱਚ ਥੋੜ੍ਹੀ ਬਹੁਤੀ ਅਬਸਰਡਿਟੀ ਚੱਲ ਸਕਦੀ ਹੈ।

ਪਦ ਰਚਨਾ

[ਸੋਧੋ]

ਛੇ ਤੁਕੀਆ ਛੰਦ ਮਹਾਂਕਾਵਿ ਲਈ ਉੱਤਮ ਛੰੰਦ ਹੈ।ਇਸ ਛੰਦ ਦੇ ਆਧਾਰ ਤੇ ਕਈ ਮਹਾਂਕਾਵਿ ਲਿਖੇ ਹਨ। Hexameter ਛੰਦ ਨੂੂੰ ਕਈਂ ਥਾਵਾਂ ਤੇ ਹੀਰੋਇਕ ਮੀਟਰ ਵੀ ਲਿਖਿਆ ਮਿਲਦਾ ਹੈ।[10]

ਵਿਰੇਚਨ ਦੇ ਸੰਬੰਧ ਵਿੱਚ ਅਰਸਤੂ ਮਹਾਂਕਾਵਿ ਤੋਂ ਪੈਦਾ ਹੋਣ ਵਾਲੇ ਕਥਾਰਸਿਸ ਨੂੰ ਹੇਠਲੇ ਦਰਜੇ ਦਾ ਮੰਨਦਾ ਹੈ।

ਪੋਇਟਿਕਸ ਦੇ ਆਖਰੀ ਅਧਿਆਇ ਵਿੱਚ ਦੇਖਣ ਤੇ ਪਤਾ ਲਗਦਾ ਹੈ ਕਿ ਉਸ ਸਮੇਂ ਵਿਚ ਮਹਾਂਕਾਵਿ ਨੂੰ ਉੱਚੇ ਦਰਜੇ ਤੇ ਮੰਨਿਆ ਜਾਂਦਾ ਸੀ ਤੇ ਤ੍ਰਾਸਦੀ ਨੂੰ ਹੇਠਲੇ ਪੱਧਰ ਤੇ ਮੰਨਿਆ ਜਾਂਦਾ ਸੀ।ਉਸ ਸਮੇਂ ਇਹ ਵਿਚਾਰ ਪ੍ਰਚਲਿਤ ਸੀ ਕਿ ਜਿਸ ਕਲਾ ਰੂਪ ਦੇ ਪਾਠਕ ਵਧੇਰੇ ਸੱਭਿਅਕ , ਬਿਹਤਰ ਹੋਣਗੇ, ਉਸੇ ਕਲਾ ਰੂਪ ਨੂੰ ਬਿਹਤਰ ਮੰਨਿਆ ਜਾ ਰਿਹਾ ਸੀ।ਮਹਾਂਕਾਵਿ ਕੋਲ ਪਾਠਕ ਹੁੰਦੇ ਹਨ। ਪੜ੍ਹੇ ਲਿਖੇ,ਬੌਧਿਕ ਸਮਰੱਥਾ ਵਾਲੇ ਲੋਕ ਹੁੰਦੇ ਹਨ ਤਾਂ ਉਹ ਪੜ੍ਹ ਕੇ ਆਪਣੀ ਕਿਸਮ ਦਾ ਆਨੰਦ ਪ੍ਰਾਪਤ ਕਰ ਲੈਂਦੇ ਹਨ।ਇਸ ਲਿਹਾਜ਼ ਨਾਲ ਮਹਾਂਕਾਵਿ ਨੂੰ ਉੱਚੇ ਦਰਜੇ ਦੀ ਧਾਰਨੀ ਕਿਹਾ ਜਾ ਰਿਹਾ ਸੀ।

ਅਰਸਤੂ ਉਸ ਸਮੇਂ ਦੇ ਆਲੋਚਕਾਂ ਨਾਲ ਬਹਿਸ ਕਰਦਾ ਹੈ ਤੇ ਤ੍ਰਾਸਦੀ ਨੂੰ ਮਹਾਂਕਾਵਿ ਨਾਲੋਂ ਬਿਹਤਰ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ।ਬਹੁਤ ਸਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਅਰਸਤੂ ਨੇ ਮਹਾਂਕਾਵਿ ਦੇ ਬਿਰਤਾਂਤ ਬਾਰੇ ਜਾਂ ਮਹਾਂਕਾਵਿ ਦੀਆਂ ਹੋਰਨਾਂ ਖੂਬੀਆਂ ਬਾਰੇ ਬਹੁਤੀ ਗੱਲ ਨਹੀਂ ਕੀਤੀ।

ਅਰਸਤੂ ਭਾਵੇਂ ਅੱਜ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਹੈ। ਪਰ ਜੋ ਵਿਸ਼ੇ ਓਹਨੇ ਛੋਹੇ ਓਹ ਅੱਜ ਵੀ ਖਿੱਚ ਦਾ ਖੋਜ ਦਾ ਕੇਂਦਰ ਬਣ ਰਹੇ ਹਨ। ਅਰਸਤੂ ਤੇ ਜਾਂ ਉਸਦੀਆਂ ਲਿਖਤਾਂ ਦੇ ਬਹੁਤ ਖੋਜ ਕਾਰਜ ਹੋਏ ਹਨ ਤੇ ਹੋ ਰਹੇ ਹਨ।

ਹਵਾਲੇ

[ਸੋਧੋ]

 

  1. ਸੈਣੀ, ਜਸਵਿੰਦਰ ਸਿੰਘ. ਪੱਛਮੀ ਕਾਵਿ ਸਿਧਾਂਤ. ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 57. ISBN 978-81-302-0471-0.
  2. ਸੈਣੀ, ਜਸਵਿੰਦਰ ਸਿੰਘ. ਪੱਛਮੀ ਕਾਵਿ ਸਿਧਾਂਤ. ਪਬਲੀਕੇਸ਼ਨ ਬਿਊਰੋ ,ਪੰਜਾਬੀ ਯੂਨੀਵਰਸਿਟੀ ਪਟਿਆਲਾ. p. 57. ISBN 978-81-302-0471-0.
  3. ਸੇਖੋਂ, ਰਾਜਿੰਦਰ ਸਿੰਘ. ਆਲੋਚਨਾ ਤੇ ਪੰਜਾਬੀ ਆਲੋਚਨਾ. ਲਾਹੌਰ ਬੁੱਕ ਲੁਧਿਆਣਾ. p. 82.
  4. ਸੇਖੋਂ, ਰਾਜਿੰਦਰ ਸਿੰਘ. ਆਲੋਚਨਾ ਤੇ ਪੰਜਾਬੀ ਆਲੋਚਨਾ. ਲਾਹੌਰ ਬੁੱਕਸ ਲੁਧਿਆਣਾ. p. 83.
  5. Butcher, Trans S. H (2015). Aristotle 's theory of poetry and fine arts.
  6. ਕੱਕੜ, ਸੰਪਾਦਕ ਅਜੀਤ ਸਿੰਘ. ਪ੍ਰਮੁੱਖ ਪੱਛਮੀ ਸਾਹਿਤ ਚਿੰਤਕ (ਭਾਗ ਪਹਿਲਾ ). ਭਾਸ਼ਾ ਵਿਭਾਗ ਪੰਜਾਬ. p. 193.
  7. ਅਰਸਤੂ. ਕਾਵਿ ਸ਼ਾਸਤਰ.
  8. ਕੱਕੜ, ਅਜੀਤ ਸਿੰਘ. ਪ੍ਰਮੁੱਖ ਪੱਛਮੀ ਸਾਹਿਤ ਚਿੰਤਕ (ਭਾਗ ਪਹਿਲਾ ). ਭਾਸ਼ਾ ਵਿਭਾਗ ਪੰਜਾਬ. p. 194.
  9. ਕੱਕੜ, ਅਜੀਤ ਸਿੰਘ. ਪ੍ਰਮੁੱਖ ਪੱਛਮੀ ਸਾਹਿਤ ਚਿੰਤਕ (ਭਾਗ ਪਹਿਲਾਂ). ਭਾਸ਼ਾ ਵਿਭਾਗ ਪੰਜਾਬ. p. 195.
  10. ਅਰਸਤੂ. ਕਾਵਿ ਸ਼ਾਸਤਰ.