ਵਰਤੋਂਕਾਰ:Gurmill/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੋਢਾਵਾਦ | ਪ੍ਰੌਢਾਵਾਦ[ਸੋਧੋ]

ਪ੍ਰੋਢਾਵਾਦ ਦੋ ਲਫ਼ਜ਼ਾਂ ਦੇ ਸੁਮੇਲ ਨਾਲ ਬਣਿਆ ਹੈ, ਪ੍ਰੌਢ + ਵਾਦ।  ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ “ਪ੍ਰੌਢ” ਦਾ ਅਰਥ ਹੈ ਪੱਕਾ ਆਦਮੀ, ਜਿਸ ਦੀ ਜਵਾਨੀ ਢਲ ਚੁੱਕੀ ਹੈ, ਦ੍ਰਿੜ, ਮਜ਼ਬੂਤ, ਗੰਭੀਰ, ਚਤੁਰ, ਨਿਪੁਣ ਅਤੇ "ਵਾਦ" ਦਾ ਅਰਥ ਹੈ ਚਰਚਾ ਜਾਂ ਗੋਸ਼ਟੀ।

ਜਿਹੜਾ ਮਨੁੱਖ ਵਡੇਰੀ ਉਮਰ ਦਾ ਹੋਵੇ ਉਹ ਗੰਭੀਰਤਾ ਅਤੇ ਨਿਪੁਣਤਾ ਨਾਲ ਆਪਣੀ ਗੱਲ ਪੇਸ਼ ਕਰਦਾ ਹੈ। ਉਸ ਦੀ ਗੱਲ ਵਿਚ ਗਹਿਰਾਈ ਹੁੰਦੀ ਹੈ, ਤਜ਼ਰਬੇ ਕਾਰਨ ਉਸਦੀ ਗੱਲ ਸੱਚ ਦੀ ਕਸਵਟੀ ਤੇ ਪੂਰੀ ਉਤਰਦੀ ਹੈ। ਐਸੇ ਗੂੜੇ ਮਨੁੱਖਾਂ ਵੱਲੋਂ ਪੇਸ਼ ਕੀਤੇ ਗਏ ਉਦਾਹਰਨ, ਵੰਗੀਆਂ ਅਤੇ ਸ਼ਬਦਾਵਲੀ ਵਿਚ ਅਧਿਆਤਮ ਹੁੰਦਾ ਹੈ ਜਿਸ ਰਾਹੀਂ ਜੀਵਨ ਜਿਊਣ ਦੇ ਸਰਲ ਅਤੇ ਸੁਖੈਨ ਸੁਝਾਅ ਸਹਿਜੇ ਹੀ ਪ੍ਰਾਪਤ ਹੁੰਦੇ ਜਾਂਦੇ ਹਨ।

ਵੀਰ ਭੁਪਿੰਦਰ ਸਿੰਘ (ਲਿਵਿੰਗ ਟ੍ਰੈਯਰ) ਵੱਲੋਂ ਲਿਖਿ ਪੁਸਤਕ "ਜੀਵਨ ਮੁਕਤ" ਦੇ ਪਹਿਲੇ ਅਧਿਆਏ ਅੰਦਰ ਪ੍ਰੋਢਾਵਾਦ ਬਾਰੇ ਵਿਸਥਾਰ ਨਾਲ ਇਕ ਲੇਖ ਲਿਖਿਆ ਹੈ। ਇਸ ਲੇਖ ਅਨੁਸਾਰ -

ਪ੍ਰੋਢਾਵਾਦ ਇਕ ਐਸਾ ਢੰਗ ਹੈ ਜਿਸ ਵਿਚ ਪ੍ਰਚਲਤ ਬੋਲੀ, ਅਖਾਣ, ਇਤਿਹਾਸਕ ਜਾਂ ਮਿਥਿਹਾਸਕ ਕਹਾਣੀਆਂ ਦੇ ਕਿਰਦਾਰ, ਉਨ੍ਹਾਂ ਦੇ ਨਾਮ ਜਾਂ ਪ੍ਰਚਲਤ ਵਿਚਾਰਧਾਰਾ ਦੇ ਹਵਾਲੇ ਦਿਤੇ ਜਾਂਦੇ ਹਨ। ਬੋਲਣ ਜਾਂ ਲਿਖਣ ਵਾਲਾ ਉਨ੍ਹਾਂ ਅਖੌਤੀ ਵਿਚਾਰਾਂ, ਕਹਾਣੀਆਂ ਨਾਲ ਆਪ ਭਾਵੇਂ ਸਹਿਮਤ ਨਹੀਂ ਹੁੰਦਾ ਲੇਕਿਨ ਉਨ੍ਹਾਂ ਪ੍ਰਤੀਕਾਂ ਨੂੰ ਵਰਤ ਕੇ, ਸੁਨੇਹਾ ਆਪਣਾ ਦੇਣਾ ਚਾਹੁੰਦਾ ਹੈ।

ਪੰਜਾਬੀ ਸਾਹਿਤ, ਬੋਲੀ ਅਤੇ ਗੁਰਬਾਣੀ ਅੰਦਰ ਪ੍ਰੋਢਾਵਾਦ ਦੀਆਂ ਵੰਗੀਆਂ ਵੇਖੀਆਂ ਜਾ ਸਕਦੀਆਂ ਹਨ। ਪੰਜਾਬੀ ਬੋਲੀ ਵਿਚ ਪ੍ਰੋਢਾਵਾਦ ਦੇ ਉਦਾਰਹਨ -

  1. ਉਸਨੇ ਤਾਂ ਅਸਮਾਨ ਹੀ ਸਿਰ ਤੇ ਚੁੱਕ ਲਿਆ - ਇਸ ’ਚ ਕੇਵਲ ਸ਼ੋਰ ਪਾਉਣਾ ਹੀ ਦਸਿਆ ਹੈ, ਅਸਮਾਨ ਦਾ ਤਾਅਲੁਕ ਸਿਰ ਨਾਲ ਨਹੀਂ।
  2. ਕਪੜਾ ਦੁੱਧ ਵਰਗਾ ਚਿੱਟਾ ਹੋਵੇ - ਇਸ ’ਚ ਕਪੜੇ ਦਾ ਦੁੱਧ ਨਾਲ ਕੋਈ ਤਾਅਲੁਕ ਨਹੀਂ ਕੇਵਲ ਕਪੜੇ ਦੀ ਸਫੇਦੀ ਬਾਰੇ ਗੱਲ ਕੀਤੀ ਗਈ ਹੈ।
  3. ਢਾਬੇ ਵਾਲਾ ਟਰੱਕ ਵਾਲੇ ਨੂੰ ਪੁਛਦੈ ਕਿ ਚਾਹ ਕਿਤਨੀ ਰਫ਼ਤਾਰ ਦੀ ਬਣਾਵਾਂ? ਇਸ ’ਚ ਚਾਹ ਦਾ ਰਫ਼ਤਾਰ ਨਾਲ ਕੋਈ ਸੰਬੰਧ ਨਹੀਂ ਕੇਵਲ ਟਰੱਕ ਵਾਲੇ ਦੀ ਬੋਲੀ ਵਿੱਚ ਚਾਹ ਨੂੰ ‘ਕੜਕ ਜਾਂ ਹਲਕੀ’ ਪੁੱਛਣ ਦਾ ਢੰਗ ਹੈ।
  4. ਜੋ ਲਾਹੋਰ ਭੈੜੇ ਉਹ ਪਿਸ਼ੌਰ ਵੀ ਭੈੜੇ - ਇਸ ’ਚ ਲਾਹੋਰ-ਪਿਸ਼ੌਰ ਦੇ ਮਨੁੱਖ ਜਾਂ ਸ਼ਹਿਰ ਦੀ ਗੱਲ ਨਹੀਂ ਕੇਵਲ ਪ੍ਰਤੀਕ ਹੈ ਕਿ ਭੈੜੇ ਮਨੁੱਖ ਹਰ ਥਾਂ ਭੈੜੇ ਕਰਮ ਹੀ ਕਰਦੇ ਹਨ।

ਗੁਰਬਾਣੀ ਅੰਦਰ ਪ੍ਰੋਢਾਵਾਦ ਦੇ ਲੱਛਣ -

ਜਿਵੇਂ ਕਿ:-

  1. ਵਪਾਰੀ ਬੋਲੀ ’ਚ:- ‘ਸਚੁ ਵਾਪਾਰੁ ਕਰਹੁ ਵਾਪਾਰੀ।।’(ਗੁਰੂ ਗ੍ਰੰਥ ਸਾਹਿਬ, ਪੰਨਾ: 293) ਜਾਂ ‘ਸਾਹ ਵਾਪਾਰੀ ਦੁਆਰੈ ਆਏ।। ਵਖਰੁ ਕਾਢਹੁ ਸਉਦਾ ਕਰਾਏ।।’(ਗੁਰੂ ਗ੍ਰੰਥ ਸਾਹਿਬ, ਪੰਨਾ: 372) ਇਸ ’ਚ ਵਪਾਰੀ ਬੋਲੀ ਵਿਚ ਸੌਦਾ ਅਤੇ ਲੈਣ ਦੇਣ ਦਾ ਪ੍ਰਤੀਕ ਵਰਤ ਕੇ ‘ਆਤਮਕ ਸੱਚੇ ਸੌਦੇ’ ਨੂੰ ਵਿਹਾਝਨ ਦੀ ਗੱਲ ਕੀਤੀ ਗਈ ਹੈ।
  2. ਕਿਰਸਾਣੀ ਬੋਲੀ ’ਚ:- ‘ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ’ (ਗੁਰੂ ਗ੍ਰੰਥ ਸਾਹਿਬ, ਪੰਨਾ: 595) ਇਸ ਵਿਚ ਬੀਜ, ਧਰਤੀ ਅਤੇ ਸੁਹਾਗੇ ਦਾ ਪ੍ਰਤੀਕ ਵਰਤ ਕੇ ‘ਆਤਮਕ ਧਰਤੀ’ ਨੂੰ ਤਿਆਰ ਕਰਨਾ ਦ੍ਰਿੜ ਕਰਵਾਇਆ ਗਿਆ ਹੈ।
  3. ਪਰਿਵਾਰਕ ਬੋਲੀ ’ਚ:- ‘ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ’(ਗੁਰੂ ਗ੍ਰੰਥ ਸਾਹਿਬ, ਪੰਨਾ: 103) - ਇਸ ਵਿਚ ਦੁਨਿਆਵੀ ਰਿਸ਼ਤਿਆਂ ਦੇ ਨਿੱਘ-ਪਿਆਰ ਨੂੰ ਪ੍ਰਤੀਕ ਰੂਪ ਵਿਚ ਵਰਤ ਕੇ ਰੱਬੀ-ਪਿਆਰ ਦ੍ਰਿੜ ਕਰਵਾਇਆ ਹੈ।

ਸੋ ਬੋਲੀ ਵਿਚ ਅਖਾਣ ਅਤੇ ਪ੍ਰਤੀਕ ਵਰਤ ਕੇ ਜਾਂ ਤੁਲਨਾਤਮਕ ਅਧਿਐਨ ਲਈ ਵਰਤੀ ਗਈ ਪ੍ਰਚੱਲਤ ਬੋਲੀ ਨੂੰ ਪ੍ਰੋਢਾਵਾਦ ਕਹਿੰਦੇ ਹਨ।