ਵਰਤੋਂਕਾਰ:Janmeja~pawiki

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੰਧਾਂ ਕਹਿਣ ਕਹਾਣੀ, ਬੋਲ ਦੱਸਣ ਦਰਵਾਜ਼ੇ ਪੰਜਾਬ ਦੇ ਕਿਸੇ ਵੀ ਪਿੰਡ ਚਲੇ ਜਾਓ, ਗਲੀਆਂ ਵਿਚ ਦੀ ਲੰਘੋ, ਅਚਾਨਕ ਹੀ ਕੋਈ ਤੌੜ ਮਿਲ ਜਾਵੇਗਾ ਜਿਸਦਾ ਕੋਈ ਨਾ ਕੋਈ ਹਿੱਸਾ ਨਿੱਕੀ ਇੱਟ ਨਾਲ ਬਣੀ ਕੰਧ ਜਾਂ ਕਲਾਕਾਰੀ ਵਾਲੇ ਦਰਵਾਜ਼ਿਆਂ ਦਾ ਨਿਸ਼ਾਨ ਸਾਂਭੀ ਬੈਠਾ ਹੋਵੇਗਾ। ਇਹ ਵਿਰਾਸਤੀ ਕਲਾਕਾਰੀ ਦੇ ਨਮੂਨੇ ਸਮੇਂ ਦੇ ਮੌਸਮਾਂ ਤੇ ਪੰਜਾਬੀਆਂ ਦੀ ਬੇਰੁਖੀ ਨੇ ਖੋਰ ਦਿੱਤੇ ਹਨ। ਕਈ ਪਿੰਡਾਂ ਵਿਚ ਤਾਂ 17ਵੀਂ ਸਦੀ ਤੱਕ ਦੇ ਨਿਸ਼ਾਨ ਵੀ ਮਿਲ ਜਾਂਦੇ ਹਨ ਪਰ ਪਿਛਲੀ ਸਦੀ ਦੇ ਸ਼ੁਰੂਆਤੀ ਦੌਰ ਦੇ ਅਨੇਕਾਂ ਨਿਸ਼ਾਨੇ ਹਾਲੇ ਮੌਜੂਦ ਹਨ। ਸੰਤਾਲੀ ਦੀ ਮਾਰ ਦੇ ਝੰਬੇ ਇਹ ਦਰਵਾਜ਼ੇ ਤੇ ਕੰਧਾਂ ਉਹਨਾਂ ਚੀਕਾਂ ਨੂੰ ਸਮੋਈ ਬੈਠੇ ਹਨ ਜੋ ਇਹਨਾਂ ਦੇਸ਼ ਦੇ ਬਟਵਾਰੇ ਵੇਲੇ ਸੁਣੀਆਂ ਸਨ। ਵਿੱਛੜਿਆਂ ਦਾ ਮੋਹ ਇਹ ਉਡੀਕਦੇ ਉਡੀਕਦੇ ਭੋਰਾ ਭੋਰਾ ਹੋ ਕਿਰ ਰਹੇ ਹਨ। ਨਵੇਂ ਆਏ ਮਾਲਕਾਂ ਨੂੰ ਇਹ ਭਾਏ ਹੀ ਨਹੀਂ। ਉਹਨਾਂ ਨੇ ਕਲਾ ਨਹੀਂ ਦੇਖੀ, ਉਹਨਾਂ ਨੇ ਇਹਨਾਂ ਕੰਧਾਂ ਦਾ ਦਰਦ ਨਹੀਂ ਜਾਣਿਆ ਤੇ ਨਾ ਹੀ ਦਰਵਾਜ਼ਿਆਂ ਦੇ ਦਰਦੀਲੇ ਗੀਤ ਸੁਣੇ, ਬਸ ਸਭ ਕੁਝ ਨੂੰ ਵਸਤੂ ਸਮਝ ਲਿਆ ਤੇ ਢਾਅ ਦਿੱਤੇ ਜਾਂ ਆਪੇ ਮਰਨ ਲਈ ਛੱਡ ਦਿੱਤਾ। ਲੋਕ ਮਨਾਂ ਦਾ ਦਰਦ ਇੱਥੇ ਆਕੇ ਤਰਕਹੀਣ ਹੋ ਗਿਆ। ਸ਼ਾਇਦ ਇਹੋ ਕਾਰਣ ਹੈ ਕਿ ਸਮੇਂ ਦੇ ਹਾਕਮਾਂ ਨੇ ਵੀ ਕੋਈ ਬਾਤ ਨਾ ਪੁੱਛੀ। ਬਸ ਇਕ ਪੀੜ੍ਹੀ ਹੋਰ ਤੇ ਇਹ ਸਭ ਸੁਪਨਿਆਂ ਵਿਚ ਵੀ ਨਹੀਂ ਆਉਣਗੇ। ਸੁਣਿਆ ਹੈ ਕਦੇ ਕਦੇ ਕ੍ਰਿਸ਼ਮਾ ਹੋ ਜਾਂਦਾ ਹੈ। ਪਰ ਸਿਰਫ ਸੁਣਿਆ ਹੀ ਹੈ, ਦੇਖਣ ਦੀ ਆਸ ਜਰੂਰ ਹੈ। ਤਦ ਤੱਕ ਐ ਕੰਧੋਂ ਆਪਣੀ ਕਹਾਣੀ ਸਾਂਭ ਕਿ ਰੱਖੋ ਤੇ ਚੁਗਾਠੋ ਤੁਸੀਂ ਕੁਰਲਾਇਓ ਨਾ। – ਜਨਮੇਜਾ ਸਿੰਘ ਜੌਹਲ