ਵਰਤੋਂਕਾਰ:Kulveerk530/ਕੱਚਾ ਖਾਕਾ
ਪੁਆਧੀ ਸੱਭਿਆਚਾਰ
ਜਾਣ-ਪਛਾਣ:-
ਪੁਆਧੀ ਪੰਜਾਬ ਦੇ ਪੂਰਬ ਵਿੱਚ ਬੋਲੀ ਜਾਂਦੀ ਹੈ ‘ਪੁਆਧ’ ਸ਼ਬਦ ਦੀ ਉਤਪਤੀ ‘ਪੂਰਵਾਰਧ’ ਤੋਂ ਮੰਨੀ ਜਾਂਦੀ ਹੈ। ਅਰਥਾਤ ਪੂਰਵ ਵਾਲੇ ਪਾਸੇ ਦਾ ਅੱਧਾ ਹਿੱਸਾ ਪੁਆਧ ਦੇ ਲੋਕਾਂ ਨੂੰ ‘ਪੁਆਧੀਏ’ ਅਤੇ ਪੁਆਧ ਦੀ ਬੋਲੀ ਨੂੰ ‘ਪੁਆਧੀ’ ਕਿਹਾ ਜਾਂਦਾ ਹੈ। ਡਾ. ਬੂਟਾ ਸਿੰਘ ਬਰਾੜ ਅਨੁਸਾਰ ‘ਪੁਆਧ ਸੰਗਿਆਵਾਚਕ ਸ਼ਬਦ ਹੈ ਅਤੇ ਪੁਆਧ ਵਿਸ਼ੇਸਈ ਬਿਰਤੀ ਦਾ ਲਖਾਇਕ ਹੈ। ਪੁਆਧ ਦਾ ਖੇਤਰ ਘੱਗਰ ਦਰਿਆ, ਸੰਗਰੂਰ ਜ਼ਿਲ੍ਹੇ ਦੇ ਕਸਬੇ ਭਵਾਨੀਗੜ੍ਹ,ਰੋਪੜ ਜ਼ਿਲ੍ਹੇ ਦੇ ਪੱਛਮੀ ਭਾਗ ਅਤੇ ਚੰਡੀਗੜ੍ਹ ਨੂੰ ਮਿਲਾਉਣ ਵਾਲੀ ਰੇਖਾ ਦੇ ਅੰਦਰ ਬਣਦਾ ਹੈ।’ ਜਸਬੀਰ ਕੌਰ ਅਨੁਸਾਰ, “ ਪੁਆਧ ਸ਼ਬਦ ਸੰਸਕ੍ਰਿਤ ਸਬਦ ‘ਪੁਰਵ ਅਰਧ’ ਤੋਂ ਬਣਿਆ ਲੱਗਦਾ ਹੈ ਜਿਸ ਦਾ ਅਰਥ ਪੂਰਬੀ ਅੱਧ ਹੈ। ਇਹ ਪੰਜਾਬ ਦੇ ਉਸ ਇਲਾਕੇ ਦਾ ਨਾਂ ਹੈ ਜੋ ਦੁਆਬੇ ਦੇ ਦੱਖਣ ਵਿੱਚ ਸਤਲੁਜ ਨੂੰ ਪਾਰ ਕਰਕੇ ਉਸ ਦੇ ਕੱਢੇ-ਕੱਢੇ ਲੁਧਿਆਣੇ ਜ਼ਿਲ੍ਹੇ ਦੇ ਕੁਝ ਇਲਾਕੇ ਨੂੰ ਆਪਣੇ ਵਿੱਚ ਸ਼ਾਮਿਲ ਕਰਦਾ ਹੋਇਆ ਪੂਰਬ ਵੱਲ ਅੰਬਾਲੇ ਜ਼ਿਲ੍ਹੇ ਵਿੱਚ ਘੱਗਰ ਤੱਕ ਅਤੇ ਦੱਖਣ ਵੱਲ ਪਟਿਆਲੇ ਵਿੱਚੋ ਲੰਘਦਾ ਹੋਇਆ ਇਸ ਇਲਾਕੇ ਦੀ ਉਪਭਾਸ਼ਾ ਹੈ। ਇਹ ਮਲਵਈ ਨਾਲ ਕਾਫ਼ੀ ਮਿਲਦੀ ਹੈ।”
ਪੰਜਾਬੀ ਭਾਸ਼ਾ ਦਾ ਪੂਰਬੀ ਭਾਗ ਪੁਆਧੀ ਉਪਭਾਸ਼ਾ ਦੇ ਖੇਤਰ ਅਧੀਨ ਆਉਂਦਾ ਹੈ। ਪੁਆਧੀ ਪੂਰਾ ਜ਼ਿਲ੍ਹਾ ਰੋਪੜ, ਜ਼ਿਲ੍ਹਾਂ ਪਟਿਆਲਾ ਦੇ ਪੂਰਬੀ ਇਲਾਕੇ, ਜ਼ਿਲ੍ਹਾ ਅੰਬਾਲਾ ਦੀ ਨਰਾਇਣਗੜ੍ਹ ਤਹਿਸੀਲ ਦਾ ਵਧੇਰੇ ਹਿੱਸਾ, ਕਾਲਕਾ ਇਲਾਕਾ ਜਿਲ੍ਹਾ ਕਰਨਾਲ ਦੇ ਜੀਂਦ ਦੇ ਕੁੱਝ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਜ਼ਿਲ੍ਹਾ ਲੁਧਿਆਣਾ ਦੀ ਸਤਲੁਜ ਨਾਲ ਲੱਗਦੀ ਗੁੱਠ, ਜ਼ਿਲ੍ਹਾ ਹੁਸ਼ਿਆਰਪੁਰ ਦੇ ਰੋਪੜ ਨਾਲ ਲੱਗਦੇ ਇਲਾਕੇ ਦੀ ਬੋਲੀ ਤੇ ਪੁਆਭੀ ਦਾ ਪ੍ਰਭਾਵ ਹੈ।
ਪੁਆਧੀ ਦੀਆਂ ਧੁਨੀਆਤਮਕ ਵਿਸ਼ੇਸ਼ਤਾਵਾਂ:-
ਡਾ. ਬਲਵੀਰ ਸਿੰਘ ਸੰਧੂ ਅਨੁਸਾਰ, ਪੁਆਧੀ ਵਿੱਚ 10 ਸਵਰ ਅਤੇ 24 ਵਿਅੰਜਨ ਹੈ। ਇਸ ਉਪਭਾਸ਼ਾ ਵਿੱਚ ਕੰਠੀ ਅਤੇ ਤਾਲਵੀ ਵਿਅੰਜਨ /ਙ/ਞ/ ਨਹੀਂ ਉਚਾਰੇ ਜਾਂਦੇ। ਤਾਲਵੀਂ ਸੰਘਰਸ਼ੀ ਵਿਅੰਜਨ /ਸ/ਵੀ ਨਹੀਂ ਹੈ ਸਿਰਫ ਦੰਤੀ/ਸ/ਹੈ ਨਾਦੀ ਮਹਾਪ੍ਰਾਣ ਵਿਅੰਜਨਾਂ/ਘ/ਝ/ਢ/ਪ/ਭ/ਦਾ ਉਚਾਰਨ ਮਾਝੀ ਅਤੇ ਮਲਵਈ ਵਾਂਗ ਹੀ ਹੈ। ਇਹ ਵਿਅੰਜਨ ਪੁਆਧੀ ਵਿੱਚ ਵੀ ਸਵਰ ਵਿੱਚ ਤਬਦੀਲ ਹੋ ਜਾਂਦੇ ਹਨ। ਸ਼ਬਦਾ ਦੇ ਵਿਚਕਾਰ ਅਤੇ ਪਿੱਛੋਂ ਜੇ ਕੋਈ ਦੀਰਘ ਸਵਰ ਆਵੇ ਤਾਂ ਨਾਦੀ ਮਹਾਪ੍ਰਾਣ ਲੱਛਣ ਕਾਇਮ ਰਹਿੰਦਾ ਹੈ ਜਿਵੇਂ ਖੰਘਾਰ, ਕਢਾਈ ਅਤੇ ਸੰਭਾਲ ਆਦਿਕ ਸ਼ਬਦਾਂ ਵਿੱਚ।
ਪੰਜਾਬੀ ਦੀਆਂ ਬਾਕੀ ਉਪਭਾਸ਼ਾਵਾਂ ਵਾਂਗ ਪੁਆਧੀ ਵਿੱਚ ਵੀ ਸੁਰ ਦੀ ਹੋਂਦ ਹੈ। ਪੁਆਧੀ ਵਿੱਚ ਨੀਵੀਂ ਸੁਰ ਦੀ ਵਰਤੋਂ ਮਾਝੀ ਦੀ ਤਰ੍ਹਾਂ ਹੈ ਅਤੇ ਉੱਚੀ ਸੁਰ ਦੀ ਵਰਤੋਂ ਮਲਵਈ ਦੀ ਤਰ੍ਹਾਂ ਹੈ। ਪੱਧਰੀ ਜਾਂ ਸਾਵੀਂ ਸੁਰ ਤਿੰਨਾਂ ਵਿੱਚ ਇਕੋ ਜਿਹੀ ਹੈ। ਮਲਵਈ ਵਾਂਗ ਕਈ ਪ੍ਰਸੰਗਾਂ ਵਿੱਚ ਪੁਆਧੀ ਸ਼ਬਦਾਂ ਦਾ ਅੰਤਲਾ /ਹ/ਸੁਰ ਵਿੱਚ ਨਹੀਂ ਬਦਲਦਾ ਅਤੇ ਆਪਣੇ ਵਿਅੰਜਨੀ ਸਰੂਪ ਵਿੱਓ ਕਾਇਮ ਰਹਿੰਦਾ ਹੈ, ਇਸ ਵਿੱਚ ਵ/ਦਾ ਬ/ਤੇ ਮ/ਵਿੱਚ ਰੂਪਾਂਤਰਨ ਮਲਵਈ ਨਾਲੋਂ ਵੱਧ ਹੈ ਜਿਵੇਂ ਵੇਲਣਾ (ਬੇਲਣਾ), ਦਸਵਾਂ (ਦਸਮਾਂ), ਸਵੇਰਾ (ਸਬੇਰਾ), ਜਵਾਈ (ਜਮਾਈ) ਆਦਿ।
ਪੁਆਧੀ ਵਿੱਚ ਬਾਂਗਰੂ ਦੇ ਅਮਰ ਹੇਠ ਕੁੱਝ ਸ਼ਬਦਾਂ ਮੁੱਢ ਵਿੱਚ ਹ੍ਰਮਣ ਸਵਰਾਂ ਵਿੱਚ ਦੀਰਘਤਾ ਮਿਲਦੀ ਹੈ ਜਿਵੇਂ- ਖੂਣੋ (ਖੁਣੋ), ਝੂਅ (ਝੁੱਲ) ਊਹਾਂ, ਈਹਾਂ (ਉਥੇ) (ਇੱਥੇ)।
ਪੁਆਧੀ ਦੀਆਂ ਵਿਆਕਰਨਕ ਵਿਸ਼ੇਸ਼ਤਾਵਾਂ:-
ਪੁਆਧੀ ਦੀ ਵਿਆਕਰਨਕ ਰਚਨਾ ਵਿਉਂਤ ਬਾਕੀ ਪੰਜਾਬੀ ਨਾਲੋਂ ਵੱਖਰੀ ਹੈ। ਇਹ ਇੱਕ ਸਰਹੱਦੀ ਬੋਲੀ ਹੈ, ਜਿਸ ਦੇ ਇੱਕ ਪਾਸੇ ਮਲਵਈ ਪ੍ਰਭਾਵਿਤ ਹੈ ਦੂਜੇ ਪਾਸਿਓਂ ਬਾਂਗਰੂ ਅਸਰ ਅੰਦਾਜ਼ ਹੈ। ਪੁਆਧ ਇੱਕ ਅਜਿਹਾ ਇਲਾਕਾ ਹੈ ਜਿੱਥੇ ਅਜੇ ਬਾਂਗਰੂ ਬੋਲੀ ਮੁਕਦੀ ਨਹੀਂ ਅਤੇ ਮਲਵਈ ਸ਼ੁਰੂ ਨਹੀਂ ਹੁੰਦੀ, ਇਹੋ ਕਾਰਨ ਹੈ ਕਿ ਇਸ ਇਲਾਕੇ ਨੂੰ ...................... ਕਿਹਾ ਜਾਂਦਾ ਹੈ।
ਪੁਆਧੀ ਦੇ ਸੰਬੰਧਕ ਵੀ ਖ਼ਾਸ ਹਨ, ਜੋ ਬਾਕੀ ਪੰਜਾਬੀ ਉਪਬੋਲੀਆਂ ਨਾਲੋਂ ਬਿਲਕੁਲ ਵੱਖਰੇ ਹਨ, ਜਿਵੇਂ ਗੈਲ, (ਨਾਲ), ਬਿਚਮਾ (ਵਿਚ), ਲਵੇ (ਨੇੜੇ), (ਤਰਫ) ਆਦਿ। ਪੁਆਧੀ ਦੇ ਪੜਨਾਵਾਂ ਵਿਚ ਵੀ ਦੁਭਾਸ਼ਿਕਤਾ ਮਿਲਦੀ ਹੈ। ਇੱਕ ਪਾਸੇ ਸ਼ੁੱਧ ਪੰਜਾਬੀ ਰੂਪ, ਸਾਨੂੰ, ਤੈਨੂੰ, ਅਤੇ ਕੁੱਝ ਇਲਾਕਿਆਂ ਵਿੱਚ ਹਮਾਨੂੰ, ਮਾਨੂੰ, ਤੁਹਾਨੂੰ ਵੀ ਬੋਲੇ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਹੋਰ ਪੜਨਾਂਵ ਵੀ ਹਨ ਜਿਵੇਂ ਹਮ/ਹਮੇਂ (ਅਸੀਂ), ਮ੍ਹਾਰੇ (ਸਾਡੇ), ਹਮਾਨੂੰ (ਸਾਨੂੰ) ਇਯੋ (ਇਹ), ਸਾਤੋਂ (ਸਾਥੋਂ) ਆਦਿ।
ਪੁਆਧੀ ਵਿਚਲੇ ਕਿਰਿਆ ਰੂਪ ਮਲਵਈ, ਮਾਝੀ ਤੇ ਦੁਆਬੀ ਨਾਲੋਂ ਬਿਲਕੁਲ ਵੱਖਰੇ ਹਨ। ਜਿੱਥੇ ਸਟੈਂਡਰਡ ਬੋਲੀ ਵਿਚ 'ਖਾਂਦਾ' ਹੈ', 'ਕਹਿੰਦੀ ਹੈ', 'ਜਾਂਦਾ ਹੈ' ਆਦਿ ਕਿਰਿਆ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਇਹ ਰੂਪ ਪੁਆਧੀ ਵਿਚ ਵੱਖਰੇ ਹਨ। ਜਿਵੇਂ 'ਖਾਂਦਾ ਹੈ' ਦੀ ਥਾਂ 'ਖਾਹਾ', ਜਾਂਦਾ ਹੈ ਦੀ ਥਾਂ 'ਜਾਹਾ' , 'ਵੇਖਦਾ ਹੈ' ਦੀ ਥਾਂ 'ਦੇਖਾ' ਆਦਿ
ਪੁਆਧੀ ਵਿਚ ਭੂਤਕਾਲੀ ਸਹਾਇਕ ਕ੍ਰਿਆਵਾਂ ਵਿਚ ਪੁਲਿੰਗ ਲਈ ਸੀ ਦੀ ਥਾਂ 'ਤਾ/ਥਾਂ, 'ਸਨ' ਦੀ ਥਾਂ 'ਤੀਆ/ਥੀਆ' ਵਰਤਿਆ ਜਾਂਦਾ ਹੈ। ਇਸ ਉਪਭਾਸ਼ਾ ਵਿਚ ਕਿਰਿਆ ਵਿਸ਼ੇਸ਼ਣੀ ਰੂਪਾਂ 'ਜਦ' ਅਤੇ ਜਦੋਂ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਕਿਰਿਆ ਵਿਸ਼ੇਸ਼ਣੀ ਰੂਪ ਵੱਖਰੇ ਹਨ। ਜਿਵੇਂ: 'ਹੁਣ' ਦੀ ਥਾਂ 'ਇਬ' 'ਕਿਸ ਤਰ੍ਹਾਂ' ਦੀ ਥਾਂ 'ਕੀਤਰ' 'ਤਦ' ਦੀ ਥਾਂ 'ਤੋਗਲ', 'ਜਦੋਂ' ਦੀ ਥਾਂ 'ਜੋਗਲ', 'ਅੱਗੇ' ਦੀ ਥਾਂ 'ਗਾਹਾ' ਆਦਿ
ਪੁਆਧੀ ਦੀ ਵਿਸ਼ੇਸ਼ ਸ਼ਬਦਾਵਲੀ:-
ਢਾਡੂ, ਪਲ੍ਹਹ, ਗੋਲ, ਪਛੇਲਾ, ਓੜਕੂ, ਮੁਤਾੜੀ, ਨਿਆਣਾ, ਮੱਲਮਕਾਲ, ਰਮੈਣ, ਕੀਸਾ, ਪਚੂੰਗੜੇ, ਕੱਥਾ, ਡਿਓਟ, ਬਾਹੇ, ਪਿਸੂ, ਝਗੰਡੇ, ਰਾਂਫਾ, ਈਕਣ, ਜਿਕਣ, ਖਾਹਾ, ਆਵਤ, ਗੂਣਾ, ਕੀਹੜ, ਅਣਦਾ, ਗਡਮਾਣਾ, ਆਦਿ ਪੁਆਧੀ ਦੇ ਵਿਸ਼ੇਸ਼ ਸ਼ਬਦਾਵਲੀ ਹਨ।
ਪੁਆਧੀ ਦੀ ਵਾਰਤਾਲਾਪ ਵੰਨਗੀ:-
ਪੁਆਧ ਕੇ ਖਿੱਤੇ ਕਾ ਬੜਾਂ ਕੰਮ ਖੇਤੀਬਾੜੀ ਈ ਤਾ, ਖੇਤੀ ਕੇ ਕੰਮ ਗੈਲ ਡੰਗਰ, ਬੱਛਾ ਲੁਹਾਗ, ਤਰਖਾਣਾਂ, ਚਮਾਰਾਂ, ਝੂਰਾਂ, ਨਾਈਆਂ, ਪੰਡਿਤਾਂ, ਅਰ ਸ਼ਾਹਾ ਦਾ ਹੋਣਾ ਬੀ ਜ਼ਰੂਰੀ ਤਾ, ਸਾਰੇ ਖਿੱਤੇ ਮਾ ਪਾਣੀ ਕੀ ਬੜੀ ਕਿੱਲਤ ਰਹੈ ਤੀ। ਐਧਰ ਰੋਪੜ ਆਲੇ ਪਾਸੇ ਸਤਲੁਜ ਕੇ ਨੇੜੇ-ਤੇੜੇ ਤਾਂ ਫ਼ਸਲ ਬਾੜੀ ਅਰ ਡੰਗਰ ਬੱਛੇ ਨੂੰ ਕੁਸ ਫੈਦਾ ਤਾ, ਅੰਬਾਲੇ ਆਲੇ ਪਾਸੇ ਘੱਗਰ ਨਦੀ ਬੀ ਕਦੀ-ਕਦੀ ਚੀਣੋ ਕੇ ਚੌਲਾਂ ਨੂੰ ਭਾਗ ਲਾ ਜਹੇ ਤੀ।
ਪੁਆਧੀ ਸੱਭਿਆਚਾਰ ਦੀ ਸਮਾਜਿਕ ਆਰਥਿਕ ਵਿਵਸਥਾ:-
ਮੁੱਖ ਫਸਲਾਂ: (ਹਾੜੀ-ਸਾਉਣੀ) ਕਣਕ, ਛੋਲੇ, ਮਕਈ, ਮਾਂਹ, ਮੂੰਗੀ, ਮਸਰੀ-ਮੋਠ, ਚੀਣਾ, ਸੱਠੀ, ਚੌਲ, ਕਪਾਹ, ਅਤੇ ਗੰਨਾ ਆਦਿ.
ਖਾਣ ਪੀਣ: ਗਰਮੀਆਂ 'ਚ ਬੇਰੜ, ਆਟੇ ਦੀ ਮਿੱਸੀ ਰੋਟੀ, ਲੱਸੀ, ਮੱਖਣ, ਘਿਓ, ਗੰਢਾ, ਅੰਬ ਦਾ ਆਚਾਰ ਤੇ ਸਿਆਲ ਵਿਚ ਮੱਕੀ ਦੀ ਰੋਟੀ, ਸਰੋਂ ਦਾ ਸਾਗ।
ਪਹਿਰਾਵਾ: ਨੌਜਵਾਨ ਵਰਗ ਤੇੜ ਲੰਗੋਟ, ਉਪਰੋਂ ਦੀ ਚਾਦਰਾਂ ਲਾਉਂਦੇ, ਜਨਾਨੀਆਂ ਲੱਠੇ, ਬੋਸਕੀ ਛੀਟ ਦੀ ਕਮੀਜ਼, ਸੂਫੇ, ਲੱਠੇ ਦੀ ਸਲਵਾਰ ਪਹਿਨਦੀਆਂ।
ਸੰਦ: (ਘਰੈਲੂ) ਸੰਦੂਕ, ਚਰਖੇ, ਪੀਹੜੇ-ਪੀਹੜੀਆਂ, ਚਕਲੇ, ਬੇਲਣੇ, ਮੰਜੇ ਆਦਿ
ਖੇਤੀ ਨਾਲ ਜੁੜੇ) : ਗੱਡੇ, ਗੱਡੀਆਂ, ਦਾਤੀਆਂ, ਕਹੀਆਂ, ਸੁਹਾਗਾ, ਘਿਰਲਾ, ਖੁਰਪੇ, ਹੱਲ, ਪੱਖਾ, ਲੋਹੇ ਦੀ ਫ਼ਾਲੀ, ਕਹੀ, ਖੁਰਪੇ, ਆਦਿ।
ਘੁਮਿਆਰਾਂ ਦੇ ਭਾਂਡੇ: ਮਿੱਟੀ ਦੇ ਭਾਂਡੇ, ਘੜੇ-ਘੜੋਲੀਆਂ, ਕੁੱਜੇ-ਮਾਸਲੇ, ਕੰਡੀਰੇ, ਕਸੋਰੇ, ਕੁੱਜੀਆਂ, ਦਿਊਸੇ, ਕਰੂਏ, ਝੱਕਰੀਆਂ, ਤੌੜੀਆਂ, ਚਾਟੀਆਂ, ਜੱਗ ਆਦਿ
ਮੰਨੋਰੰਜਨ ਦੇ ਸਾਧਨ: ਪੁਆਧੀ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਮਨੋਰੰਜਨ ਦਾ ਸਾਧਨ, ਨਚਾਰਾਂ ਦਾ ਅਖਾੜਾ ਰਿਹਾ ਹੈ।
ਮੇਲੇ: ਪਿੰਡ ਕੁਗਲੀ, ਕਪੂਰੀ, ਅਤੇ ਨਡਿਆਲੀ 'ਚ ਮਸ਼ਹੂਰ ਮੇਲੇ ਲੱਗਦੇ ਹਨ।
ਆਰਥਿਕ ਵਿਵਸਥਾ: ਰਵਾਇਤੀ ਫਸਲਾਂ ਦੇ ਨਾਲ ਆਲੂ, ਮਿਰਚ, ਪਿਆਜ਼ ਦੀ ਖੇਤੀ ਵੀ ਹੁੰਦੀ ਹੈ। ਜ਼ਮੀਨੀ ਮਲਕੀਅਤ ਤੇ ਪਾਣੀ ਦੀ ਸਹੂਲਤ ਸਦਕਾ ਹੀ ਮਿਹਨਤੀ ਅਤੇ ਉੱਦਮੀ ਲੋਕਾਂ ਲਈ ਅੰਬਾਂ ਦੇ ਬਾਗ ਲਾਉਣ 'ਚ ਵੀ ਯੋਗਦਾਨ ਪਾਇਆ ਜਾਂਦਾ ਹੈ। ਇਹ ਮੁਹਿੰਮ ਪੁਆਧੀ ਇਲਾਕੇ ਤੋਂ ਚੱਲੀ ਤੇ ਦੁਆਬੇ ਤੱਕ ਜਾਂ ਪਹੁੰਚੀ।
ਬਨੂੜੀਏ, ਬਾਟੇ, ਜੰਗ, ਗੰਗੂ, ਨੰਦ ਸਿਰੀਆਂ ਅਤੇ ਜ਼ੈਲਦਾਰ ਆਦਿ ਨਾਵਾਂ ਨਾਲ ਪ੍ਰਚਲਿਤ ਬਾਗ ਹਨ।
ਬੋਲੀ: “ਕਾਕਾ ਤੌਂਹ ਕਿਆ ਜਾਣੈ, ਇਹਨਾਂ ਬਾਰੇ, ਯੋਹ ਬੇਦੀ ਬੁੱਦੀ ਨੀਂ ਹੈ, ਯੌਹ ਤਾਂ ਬਸ, ਚਾਤੁਰ ਹੈ, ਬਿਆਸ ਨੀ ਬੇਆਸ ਹੈ, ਦਿਆਲਪੁਰ ਪੁਆਧ 'ਚ ਦੋ ਸੌ ਸਾਲ ਪੁਰਾਣਾ ਠੇਠ ਪੁਆਧੀ ਬੋਲਦਾ ਪਿੰਡ ਹੈ।
ਮੁੱਖ ਤੌਰ ਤੇ ਪੂਰਬ ਵੱਲ ਜਮਨਾ ਨਗਰ ਜਗਾਧਰੀ, ਕਰਨਾਲ ਤੋਂ ਪੱਛਮ ਵੱਲ ਦਰਿਆ ਸਤਲੁਜ ਤੱਕ ਤੇ ਉੱਤਰ ਵੱਲ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਦੀ ਕੰਢੀ ਤੋਂ ਇਲਾਵਾ ਨਾਭਾ, ਪਟਿਆਲਾ ਤੇ ਕਲਸੀਆਂ ਰਿਆਸਤਾਂ (ਅਜੋਕੇ ਚੰਡੀਗੜ੍ਹ ਸਮੇਤ) ਤੇ ਅੰਬਾਲਾ ਜਿਲਾ ਦੇ ਪਿੰਡਾਂ ਦਾ ਇਲਾਕਾ 'ਪੁਆਧ' ਵਿੱਚ ਆਉਂਦਾ ਹੈ।
ਧਾਰਮਿਕ ਵਿਸ਼ਵਾਸ਼ ਬਨਾਮ ਅੰਧ ਵਿਸ਼ਵਾਸ: ਪਿੰਡ ਦੇ ਸ਼ੁਰੂ ਵਸੇਬੇ ਮੌਕੇ ਸਥਾਪਿਤ ਖੇੜਾ ਪੀਰ ਨੂੰ ਪ੍ਰਵਾਰਿਕ ਵਾਧੇ ਖੁਸ਼ਹਾਲੀ ਤੇ ਰਖਵਾਲੀ ਦੀ ਸ਼ਕਤੀ ਨੂੰ ਮੰਨਕੇ ਪੂਜਿਆ ਜਾਂਦਾ ਰਿਹਾ ਹੈ। ਇਸ ਨੂੰ ਐਤਵਾਰ ਸਵੇਰੇ ਕੱਚੀ ਲੱਸੀ ਨਾਲ ਨਹਾਉਣਾ, ਸ਼ਾਮੀ ਦੀਵੇ ਬਾਲਣਾ, ਕਣਕ ਦੇ ਦਲੀਏ, ਜਾਂ ਮਿੱਠੇ ਚੌਲਾਂ ਨਾਲ ਮੰਗਲਵਾਰ ਨੂੰ ਪਤਾਸਿਆਂ ਨਾਲ ਮੱਥਾ ਟੇਕਨਾ, ਇਥੋਂ ਦੇ ਬਹੁਗਿਣਤੀ ਪ੍ਰਵਾਰਾਂ ਵਿੱਚ ਸ਼ਰਧਾ ਤੇ ਵਿਸ਼ਵਾਸ ਰਿਹਾ ਹੈ।
ਪੁਆਧ ਦੇ ਤਿੱਥ ਤਿਉਹਾਰ:-
ਪੁਆਧ ਦੀ ਧਰਤੀ ਗੁਰੂਆਂ, ਪੀਰਾਂ,ਸੰਤਾਂ,ਅਤੇ ਮਹਾਤਮਾਵਾਂ ਦੀ ਵਸਾਈ ਧਰਤੀ ਤਾਂ ਹੈ ਹੀ ਇਸ ਤੋਂ ਇਲਾਵਾ ਇਹ ਉਹ ਖੁਸ਼ਨਸੀਬ ਜ਼ਮੀਨ ਹੈ ਜਿੱਥੇ ਵੇਦਾਂ ਪੁਰਾਣਾਂ ਦੀ ਰਚਨਾ ਹੋਈ। ਇੱਥੇ ਮਨਾਏ ਜਾਂਦੇ ਤਿੱਥ ਤਿਉਹਾਰਾਂ ਨੂੰ ਨਿਮਨ ਭਾਗਾਂ ਵਿੱਚ ਵੰਡ ਕੇ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ:
1. ਮਿਥਿਹਾਸਿਕ ਘਟਨਾਵਾਂ ਨਾਲ ਜੁੜੇ ਤਿਉਹਾਰ : ਕਰਵਾ ਚੌਥ, ਝੱਕਰੀਆਂ, ਦੁਸ਼ਹਿਰਾ, ਦੀਵਾਲੀ,ਹੌਲੀ ਆਦਿ
2. ਮਹਾਂ ਪੁਰਸ਼ਾਂ, ਗੁਰੂਆਂ, ਪੀਰਾਂ ਪੈਗੰਬਰਾਂ ਦੇ ਜਨਮ ਜਾਂ ਸ਼ਹੀਦੀ ਦਿਵਸ ਨਾਲ ਜੁੜੇ ਤਿਉਹਾਰ:-
ਜ਼ਨਮ ਅਸਟਮੀ, ਅੱਠਿਉਂ , ਗੁੱਗਾ ਨੌਮੀ, ਰਾਮ ਨੌਵੀ, ਬਾਲਮੀਕ ਜਯੰਤੀ, ਗੁਰੂ ਨਾਨਕ ਜਨਮ ਦਿਨ, ਗੁਰੂ ਅਰਜ਼ਨ ਦੇਵ ਸ਼ਹੀਦੀ ਦਿਵਸ, ਗੁਰੂ ਤੇਗ ਬਹਾਦਰ ਸ਼ਹੀਦੀ, ਦਿਵਸ, ਗੁਰੂ ਗੋਬਿੰਦ ਸਿੰਘ ਜਨਮ ਦਿਨ, ਸ਼ਿਵ ਰਾਤਰੀ, ਵਿਸ਼ਵਕਰਮਾ ਦਿਵਸ, ਪਰਸੂਰਾਮ ਜਯੰਤੀ, ਮਹਾਰਾਜਾ ਅਗਰਸੈਨ ਜਯੰਤੀ ਆਦਿ।
3. ਘਰੇਲੂ ਤਿਉਹਾਰ:-
ਰੱਖੜੀ, ਭਾਈ ਦੂਜ, ਕਰਵਾ ਚੌਥ, ਬਾਹਰਲੇ ਤਾਂਡੇ ਆਦਿ
4. ਰੁੱਤਾਂ ਨਾਲ ਸੰਬੰਧਿਤ ਤਿਉਹਾਰ : ਤੀਜ, ਨਰਾਤੇ, ਮਾਘੀ,ਲੋਹੜੀ।
ਪੁਆਧ ਦੇ ਲੋਕ ਗੀਤ:-
ਪੁਆਧ ਵਿੱਚ ਬੱਚੇ ਦੇ ਜਨਮ ਤੋਂ ਪਹਿਲਾ ਪੁਆਧ ਵਿੱਚ ਕੋਈ ਅਜਿਹਾ ਸੰਸਕਾਰ ਨਹੀਂ ਹੈ ਜਿਸ ਨਾਲ ਖੁੱਲੇ ਤੌਰ ਤੇ ਲੋਕ-ਗੀਤ ਗਾਉਣ ਦੀ ਪ੍ਰਥਾ ਹੋਵੇ ਪਰ ਇਸ ਸਮੇਂ ਨਾਲ ਸੰਬੰਧਿਤ ਕੁੱਝ ਗੀਤ ਪੁਆਧ ਵਿੱਚ ਮਿਲਦੇ ਹਨ ਜਿਹੜੇ ਕਿ ਔਰਤ ਦੇ ਧਾਰਣ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਉਸਦੀ ਸ਼ਰੀਰਕ ਮਾਨਸਿਕ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਉ ਦੀ ਸਥਿਤੀ ਨੂੰ ਉਜਾਗਰ ਕਰਦੇ ਹਨ। ਕੁੱਝ ਗੀਤ ਦਰਾਣੀਆਂ ਜਠਾਣੀਆਂ ਵੱਲੋਂ ਕੀਤੀਆਂ ਠਠੋਲੀਆਂ ਨਾਲ ਸੰਬੰਧਿਤ ਹਨ। ਕੁੱਝ ਗੀਤ ਜਨਮ ਪੀੜਾਂ ਅਤੇ ਦਾਈ ਨੂੰ ਬੁਲਾਉਣ ਨਾਲ ਸੰਬੰਧਿਤ ਮਿਲਦੇ ਹਨ ਕਿਉਂਕਿ “ਬੱਚੇ ਦੇ ਜਨਮ ਨਾਲ ਵੰਸ਼ ਪਰੰਪਰਾ ਅੱਗੇ ਤੁਰਦੀ ਹੈ ਅਤੇ ਪੁਰਖਾਂ ਦਾ ਰਿਣ ਉਤਰਦਾ ਹੈ ਸੋ ਇਹ ਘੜੀ ਸੁਭਾਗੀ ਹੁੰਦੀ ਹੈ।”
ਜਦੋਂ ਘਰ ਦੀ ਵਹੁਟੀ ਸੱਸ ਨਨਾਣ ਨੂੰ ਆਪਣੇ ਗਰਭਵਤੀ ਹੋਣ ਦਾ ਸੰਕੇਤ ਕਰਦੀ ਹੈ ਤਾਂ ਉਸ ਕੋਲੋਂ ਪੁੱਤਰ ਜੰਮਣ ਦੀ ਪੂਰੀ ਪੂਰੀ ਆਸ ਕਰਦੇ ਉਸ ਦੀ ਹਰ ਇੱਛਾ ਦੀ ਪੂਰਤੀ ਕੀਤੇ ਜਾਣ ਦੀ ਭਾਵਨਾ ਨਾਲ ਸੰਬੰਧਿਤ ਬਹੁਤ ਸਾਰੇ ਗੀਤ ਮਿਲਦੇ ਹਨ।
ਕੋਈ ਇੱਕ ਬੂਟਾ ਇਮਲੀ ਦਾ
ਸੁਣਿਆਂ ਘੱਗਰ ਤੋਂ ਪਾਰ ਨਣਦੇ
ਕੌਣ ਬਹਾਨਾ ਕਰ ਜਾਣਾ ਬੀਬੀ
ਇਮਲੀ ਬੜੀੳ ਮਨੋਹਾਰ ਨਣਦੇ
ਬਾਬਲ ਨੂੰ ਭੇਜ ਕੇ ਇਮਲੀ ਮੰਗਾਮਾਂ
ਐਸਾ ਮੌਕਾ ਨਾ ਮਿਲਣਾ ਬਾਰ-ਬਾਰ ਭਾਬੀ
ਸਹੁਰੇ ਜੀ ਤੇ ਇਮਲੀ ਮੰਗਾਮਾਂ
ਮੈਂ ਹੋ ਜਾਂਗੀ ਸਰਮਸਾਰ ਨਣਦੇ
ਵੀਰਨ ਭੇਜ ਕੈ ਇਸਲੀ ਮੰਗਾਮਾਂ
ਮੈਂ ਤੇਰੇ ਪਰ ਬਲਿਹਾਰ ਭਾਬੀ
ਵੀਰਨ ਤੇਗ ਬੜਾ ਤੁਣਕ ਸਜਾਜੀ
ਉਹਨੈ ਕਰਨੀ ਬੜੀ ਤਕਰਾਰ ਨਣਦੇ
ਆਪੋ ਜਾ ਕੈ ਮੈਂ ਇਮਲੀ ਲਿਆਮਾਂ
ਰਤੀ ਭਰ ਕਰ ਇੰਤਜਾਰ ਭਾਬੀ
ਬੋਲ ਵਧਾਈ ਰਾਜੇ ਬਾਬਲ ਕੀ
ਮੈਂ ਇਮਲੀ ਕੇ ਲਾ ਦਿਆ ਅੰਬਾਰ ਭਾਬੀ
ਕੁੜੀ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਗੀਤ:-
ਕੁੜੀ ਦੇ ਵਿਆਹ ਸਮੇਂ ਗੁਆਂਢ ਦੀਆਂ ਔਰਤਾਂ ਨੂੰ ਵਿਆਹ ਵਾਲੇ ਘਰ ਰਾਤ ਨੂੰ ਗੀਤ ਗਾਉਣ ਲਈ ਸੱਦਾ ਦਿੱਤਾ ਜਾਂਦਾ ਹੈ ਸਾਰੀਆਂ ਔਰਤਾਂ ਮਿਲ ਜੁਲ ਕੇ ਗੀਤ ਗਾਉਂਦੀਆਂ ਹਨ ਇਨਾਂ ਗੀਤਾਂ ਨੂੰ ਸੁਹਾਗ ਦੇ ਗੀਤ ਕਿਹਾ ਜਾਂਦਾ ਹੈ ਜਾਂ ਬਾਬਲ ਦੁਆਰਾ ਟੋਲਿਆ ਗਿਆ ਵਰ ਬਾਰੇ ਕੁੜੀ ਤੋਂ ਸੁਆਲ ਜੁਆਬ ਕੀਤੇ ਜਾਂਦੇ ਹਨ ਕਿ ਉਸ ਨੂੰ ਕਿਸ ਤਰ੍ਹਾਂ ਦਾ ਘਰ ਟੋਲਿਆ ਗਿਆ ਹੈ। ਜਿਵੇ :-
ਬੇਟੀ ਚੰਦਨ ਕੇ ਉਹਲੇ ਉਹਲ ਕਿਉ ਏਂ ਖੜੀ
ਮੈਂ ਤੋਂ ਦੇਖਾਂ 'ਤੀ ਬਾਬਲ ਜੀ ਕੀ ਬਾਟ
ਬਾਬਲ ਵਰ ਲੋੜੀਏ
ਬੇਟੀ ਕੈਂਸਾ ਤੇ ਵਰ ਲੋੜੀਏ
ਬਾਬਲ ਜਿਉਂ ਤਾਰਿਆਂ ਵਿੱਚ ਚੰਦ
ਘਨੱਈਆ ਵਰ ਲੋੜੀਏ ........ਏ......
ਇਸ ਤਰ੍ਹਾਂ ਪੁਆਧ ਦੇ ਇਲਾਕੇ ਵਿੱਚ ਮਾਝੇ ਅਤੇ ਮਾਲਵੇਂ ਨਾਲੋਂ ਵਧੇਰੇ ਵੰਨ ਸੁਵੰਨਤਾ ਅਤੇ ਵੱਖਰਤਾ ਪਾਈ ਜਾਂਦੀ ਹੈ ਜਿਵੇਂ ਕਿ ਰਹਿਣ-ਸਹਿਣ, ਖਾਣ-ਪੀਣ, ਪਹਿਰਾਵਾ, ਬੋਲੀ (ਭਾਸ਼ਾ) ਸਮਾਜਿਕ ਕਦਰਾਂ ਕੀਮਤਾਂ, ਲੋਕ ਖਿੱਤੇ, ਲੋਕ ਗੀਤ, ਭੂਗੋਲਿਕ ਵੰਨ ਸੁਵੰਨਾ, ਰਸਮ-ਰਿਵਾਜ਼ ਆਦਿ ।
ਹਵਾਲੇ ਅਤੇ ਟਿਪਣੀਆਂ
1) ਜਸਬੀਰ ਮੰਡ (ਡਾ.), ਔਡ ਦੇ ਬੀਜ , ਪਬਲਿਸ਼ ਲੋਕ ਗੀਤ ਪ੍ਕਾਸ਼ਨ, 2015 , ਪੰਨਾ ਨੰ. 38
2) ਜਸਬੀਰ ਮੰਡ (ਡਾ.) ਔਡ ਦੇ ਬੀਜ, ਪਬਲਿਸ਼ ਲੋਕ ਗੀਤ ਪ੍ਕਾਸ਼ਨ,2015, ਪੰਨਾ ਨੰ. 39
3) ਗੁਰਦਾਸ ਸਿੰਘ ਨਿਰਮਾਣ, ਪੁਆਧੀ ਸਭਿਅਤਾ ਦੀ ਪੇਂਡੂ ਵਿਰਾਸਤ, ਪਬਲਿਸ਼ ਲੋਕ ਗੀਤ ਪ੍ਕਾਸ਼ਨ, 2009
1. ਜਾਣ -ਪਛਾਣ
2. ਪੁਆਧੀ ਦੀਆਂ ਧੁਨੀਆਤਮਕ ਵਿਸ਼ੇਸ਼ਤਾਵਾਂ
3. ਪੁਆਧੀ ਦੀ ਵਿਸ਼ੇਸ਼ ਸ਼ਬਦਾਵਲੀ
4. ਪੁਆਧੀ ਦੀ ਵਾਰਤਾਲਾਪ ਵੰਨਗੀ
5.ਪੁਆਧੀ ਸਭਿਆਚਾਰ ਦੀ ਸਮਾਜਿਕ ਆਰਥਿਕ ਵਿਵਸਥਾ
6 ਧਾਰਮਿਕ ਵਿਸ਼ਵਾਸ ਬਨਾਮ ਅੰਧ ਵਿਸ਼ਵਾਸ
7. ਪੁਆਧ ਦੇ ਤਿੱਥ ਤਿਉਹਾਰ
8.ਪੁਆਧ ਦੇ ਲੋਕ ਗੀਤ
![]() | This is the user sandbox of Kulveerk530. A user sandbox is a subpage of the user's user page. It serves as a testing spot and page development space for the user and is not an encyclopedia article. Create or edit your own sandbox here. Other sandboxes: Main sandbox | Tutorial sandbox 1, 2, 3, 4, 5 | Template sandbox Writing an article and ready to request its creation? |