ਵਰਤੋਂਕਾਰ:Manpreet kalyan/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

“ਰਸ-ਸਿੱਧਾਂਤ” ਦੀ ਸਥਾਪਨਾ ਭਾਰਤ ਦੇ ਆਦਿ-ਆਲੋਚਕ ਆਚਾਰੀਆ ਭਰਤ ਮੁਨੀ ਨੇ ਕੀਤੀ ਹੈ। ਭਰਤ ਮੁਨੀ ਨੇ ‘ਰਸ’ ਦਾ ਸਿੱਧਾਂਤੀਕਰਣ ਆਪਣੇ ਸਮੇਂ ਦੇ ਨਾਟਕ-ਸਾਹਿਤ ਨੂੰ ਹੀ ਮੁੱਖ ਰਖ ਕੇ ਨਿਰੁਪਿਤ ਕੀਤਾ ਸੀ। ਆਚਾਰੀਆ ਭਰਤ ਨਾਟਕ ਨੂੰ ਸਾਹਿੱਤ ਤੇ ਪ੍ਰਮੁਖ ਭੇਦ ‘ਦ੍ਰਿਸ਼-ਕਾਵਿ’ ਦੇ ਵਰਗ ਵਿਚ ਸ਼ਾਮਲ ਕਰਦੇ ਸਨ। ਭਰਤ ਮੁਨੀ ਦੇ ਸਮੇਂ ਵਿਚ ‘ਕਾਵਿ’ ਸਿਰਲੇਖ ਹੇਠ ਕਵਿਤਾ ਤੇ ਗੱਦ-ਸਾਹਿਤ ਤੋਂ ਇਲਾਵਾ ‘ਨਾਟਕ’, ‘ਰੂਪਕ’, ਵੀ ਸ਼ਾਮਲ ਕੀਤਾ ਜਾਂਦਾ ਸੀ ਭਾਵੇਂ ਇਸ ‘ਕਾਵਿ’ ਨਾਲ ‘ਦ੍ਰਿਸ਼ਯ’ ਦਾ ਪ੍ਰਯੋਗ ਕਰਕੇ ਨਾਟਕ ਨੂੰ ‘ਸ਼੍ਰਵਯ ਕਾਵਿ’ ਤੋਂ ਵਖਰਾ ਕਰ ਲਿਆ ਗਿਆ ਸੀ। ਇਸ ਤਰ੍ਹਾਂ ਰਸ ਸਿੱਧਾਂਤ ਦੀ ਕਲਪਨਾ ਨਾਟਕ ਸਾਹਿਤ ਤਕ ਹੀ ਸੀਮਿਤ ਰਹੀ। ਪਰੰਤੂ ਬਾਦ ਵਿਚ ਮਗਰਲੇ ਆਚਾਰੀਆਂ ਜਿਵੇਂ ਕਿ ਮੰਮਟ, ਵਿਸ਼ਵਨਾਥ, ਜਗਨਨਾਥ ਆਦਿਕਾਂ ਨੇ ‘ਰਸ’ ਦਾ ਪਸਾਰਾ ਸਾਰੇ ਕਾਵਿ ਤੇ ਨਾਟਕ ਵਿਚ ਪ੍ਰਵਾਣ ਕਰਕੇ ਇਸ ਸਿਧਾਂਤ ਦੀ ਸਮੁੱਚੇ ਸੁਹਜ-ਸਾਹਿੱਤ ਲਈ ਸਥਾਪਨਾ ਕਰ ਦਿੱਤੀ। ਇਸ ਰਸ-ਸਥਾਪਨਾ ਦੇ ਨਾਲ ਨਾਲ ਹੋਰ ਸਾਹਿਤਿਕ ਸਿੱਧਾਂਤ ਵੀ ਸਾਹਮਣੇ ਆਏ ਜਿਨ੍ਹਾਂ ਵਿਚੋਂ ਅਲੰਕਾਰ ਸਿੱਧਾਂਤ, ਧੁਨੀ-ਸਿੱਧਾਂਤ, ਵਕ੍ਰੋਕਤੀ ਸਿੱਧਾਂਤ ਖਾਸ ਤੌਰ ਤੇ ਵਰਣਨ-ਯੋਗ ਹਨ। ਪਰ ਇਨ੍ਹਾਂ ਸਾਰਿਆਂ ਸਿੱਧਾਂਤਾਂ ਵਿਚੋਂ ਰਸ ਸਿੱਧਾਂਤ ਹੀ ਭਾਰਤੀ ਆਲੋਚਨਾ ਦਾ ਪ੍ਰਮੁਖ ਆਧਾਰ ਸਵੀਕਾਰ ਕੀਤਾ ਜਾਂਦਾ ਰਿਹਾ ਅਤੇ ਬਾਕੀ ਸਿੱਧਾਂਤ ਇਸ ਦੇ ਕਲੇਵਰ ਵਿਚ ਸਮਾ ਗਏ। ਇਸ ਪ੍ਰਕਾਰ ਭਾਰਤੀ ਆਲੋਚਨਾ-ਸ਼ਾਸਤ੍ਰ ਵਿਚ ਰਸਵਾਦ ਦੀ ਕੋਈ ਦੋ ਹਜ਼ਾਰ ਸਾਲ ਤੋਂ ਚਰਚਾ ਚਲੀ ਆ ਰਹੀ ਹੈ। ਇਹ ਤੱਥ ਇਸ ਗਲ ਦਾ ਸਬੂਤ ਹੈ ਕਿ ਰਸ-ਸਿੱਧਾਂਤ ਸਾਹਿਤਿਕ ਆਲੋਚਨਾ ਵਿਚ ਪੱਕੀਆਂ ਨੀਹਾਂ ਤੇ ਖੜਾ ਵਿਗਿਆਨਿਕ ਤੇ ਪ੍ਰਮਾਣਿਕ ਸਿੱਧਾਂਤ ਹੈ।[1]

ਰਸ ਦਾ ਅਰਥ: ‘ਰਸ-ਸਿੱਧਾਂਤ’ ਵਿਚਲਾ ‘ਰਸ’ ਸ਼ਬਦ ਬੜਾ ਹੀ ਵਿਲੱਖਣ ਤਕਨੀਕੀ ਜਾਂ ਪਾਰਿਭਾਸ਼ਿਕ ਸ਼ਬਦ ਹੈ। ਰਸ ਦੀ ਅਸੀਂ ਅਨੇਕ ਪ੍ਰਕਰਣਾਂ ਵਿਚ ਨਿੱਤ-ਦਿਹਾੜੇ ਵਰਤੋਂ ਕਰਦੇ ਹਾਂ ਅਤੇ ਕਈ ਤਰ੍ਹਾਂ ਦੇ ਅਰਥ ਗ੍ਰਹਿਣ ਕਰਦੇ ਹਾਂ। ਸਾਗ-ਭਾਜੀ ਦੇ ਸੁਆਦ ਤੋਂ ਲੈ ਕੇ ਅਧਿਆਤਮਿਕ ਕਿਸਮ ਦੇ ਮਹਾਸਰ (ਬਿਖੈਫਲ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ- ਗੁਰਬਾਣੀ) ਤਕ ‘ਰਸ’ ਦਾ ਅਰਥ-ਵਿਸਥਾਰ ਮਿਲਦਾ ਹੈ। ਇਸ ਲਈ ਸਾਹਿਤ ਦੇ ਕਾਵਿ-ਰਸ ਦੇ ਸਹੀ ਅਰਥ ਜਾਨਣ ਲਈ ਸਾਨੂੰ ‘ਰਸ’ ਜਾ ਅਕਥ-ਵਿਸਤਾਰ ਮਿਲਦਾ ਹੈ। ਇਸ ਲਈ ਸਾਹਿਤ ਦੇ ਕਾਵਿ-ਰਸ ਦੇ ਸਹੀ ਅਰਥ ਜਾਨਣ ਲਈ ਸਾਨੂੰ ‘ਰਸ’ ਦਾ ਆਮ ਅਰਥ ਤਿਆਗਣਾ ਪਵੇਗਾ ਅਤੇ ਇਸ ਦੇ ਖਾਸ ਅਰਥ-ਮੰਡਲ ਨੂੰ ਜਾਨਣ ਲਈ ਤਿਆਰ ਰਹਿਣਾ ਪਵੇਗਾ। ਇਸ ਤਰ੍ਹਾਂ ਭਾਰਤੀ ਆਚਾਰੀਆਂ ਦੁਆਰਾ ਪ੍ਰਚਾਰਿਆ ਇਹ ‘ਰਸ’ ਇਕ ਵਿਸ਼ੇਸ਼ ਪਾਰਿਭਾਸ਼ਿਕ (Technical) ਅਰਥ ਵਿਚ ਪ੍ਰਯੁਕਤ ਹੋਇਆ ਹੈ ਜਿਸ ਦੀ ਅੱਗੇ ਯੋਗ ਵਿਆਖਿਆ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਰਸ ਦਾ ਸਰੂਪ: ‘ਰਸ-ਸਿਧਾਂਤ’ ਦੀ ਸਮੁੱਚੀ ਸੇਧ ਸਾਹਿਤ ਦੇ ਉਸ ਅਸ੍ਵਾਦਨ ਤਕ ਹੈ ਜੋ ਸੁਹਜਾਤਮਕ ਢੰਗ ਨਾਲ ਮਾਣਿਆ ਜਾਂਦਾ ਹੈ। ਇਸ ਲਈ ‘ਰਸ’ ਦਾ ਸ੍ਵਰੂਪ ਤੇ ਇਸ ਦੀ ਪ੍ਰਕ੍ਰਿਤੀ ਬੜੀ ਵਿਚਿਤ੍ਰ ਹੈ। ਰਸ ਦੇ ਮਗਰਲੇ ਆਚਾਰੀਆ ਵਿਸ਼ਵਨਾਥ ਨੇ ਆਪਣੇ ਗ੍ਰੰਥ ‘ਸਾਹਿਤਯ-ਦਰਪਣ’ ਵਿਚ ਰਸ ਦੇ ਸੁਰੂਪ, ਪ੍ਰਕ੍ਰਿਤੀ ਤੇ ਸੰਕਲਪ ਬਾਰੇ ਲਿਖਿਆ ਹੈ।

ਰਸ ਦੇ ਭੇਦ ਅਤੇ ਉਨ੍ਹਾਂ ਦੇ ਸਰੂਪ ਦਾ ਸੰਖਿਪਤ ਪਰਿਚੈ:

ਭਾਰਤੀ ਕਾਵਿ-ਸ਼ਾਸਤਰ ਦੇ ਆਚਾਰੀਆਂ ਨੇ ਰਸਾਂ ਦੇ ਸਰੂਪ ਦੀ ਬੜੇ ਵਿਸਥਾਰ ਨਾਲ ਚਰਚਾ ਅਤੇ ਵਿਵੇਚਨ ਕੀਤਾ ਹੈ; ਪਰੰਤੂ ਅਸੀਂ ਇੱਥੇ ਉਨ੍ਹਾਂ ਦੇ ਸਰੂਪ ਅਥਵਾ ਲਕ੍ਸ਼ਣ ਦਾ ਅਤਿਸੰਖਿਪਤ ਪਰਿਚੈ ਦੇ ਰਹੇ ਹਾਂ:-

ਇੱਥੇ ਕਾਵਿਗਤ ਪ੍ਰਮੁੱਖ ਰਸਾਂ ਦਾ ਪਰਿਚੈ ਦੇਣ ਤੋਂ ਪਹਿਲਾਂ ਰਸਾਂ ਦੀ ਗਿਣਤੀ ਵੱਲ ਸਿਰਫ਼ ਸੰਕੇਤ ਹੀ ਕੀਤਾ ਜਾ ਰਿਹਾ ਹੈ। ਆਚਾਰੀਆਂ ਭਰਤ ਨੇ ‘ਨਾਟਯ’ ਦੇ ਨਜ਼ਰੀਏ ਤੋਂ ਸਿਰਫ਼ ਅੱਠ ਹੀ ਰਸ਼ ਮੰਨੇ ਜਾਂਦੇ ਹਨ; ਪਰੰਤੂ ਨਾਟਯ ਦੀ ਅਪੇਖਿਆ ਕਾਵਿ ’ਚ ਹੋਰ ਰਸਾਂ ਦੀ ਵੀ ਗੁੰਜਾਇਸ਼ ਹੋ ਸਕਦੀ ਹੈ। ਮੰਮਟ ਨੇ ‘ਨਿਰਵੇਦ’ ਸਥਾਈਭਾਵ ਵਾਲੇ ‘ਸ਼ਾਤ’ ਰਸ ਨੂੰ ਨੌਵਾਂ; ਧਨੰਜਯ-ਧਨਿਕ ਨੇ ‘ਸ਼ਾਤ’ ਰਸ ਦਾ ਸਥਾਈਭਾਵ ਨਿਰਵੇਦ ਨੂੰ ਨਾ ਮੰਨ ਕੇ ‘ਸ਼ਮ’ ਨੂੰ ਮੰਨਿਆ ਹੈ। ਵਿਸ਼ਵਨਾਥ ਨੇ ‘ਵਤਸਲਤਾ’ ਸਥਾਈਭਾਵ ਵਾਲੇ ‘ਵਤਸਲ’ ਰਸ ਨੂੰ ਅਤੇ ਰੂਪ ਗੋਸੁਆਮੀ ਨੇ ਰੱਬ ਵੱਲ ਪ੍ਰੇਮ ਜਾਂ ਭਾਵਨਾ ਸਥਾਈਭਾਵ ਵਾਲੇ ‘ਭਕਤੀ ਰਸ’ ਨੂੰ ਵੀ ਮੰਨਿਆ ਹੈ।

1.     ਸ਼੍ਰਿੰਗਾਰ ਰਸ

2.     ਹਾਸਯ ਰਸ

3.     ਕਰੁਣ ਰਸ

4.     ਰੌਦ੍ਰ ਰਸ

5.     ਵੀਰ ਰਸ

6.     ਭਯਾਨਕ ਰਸ

7.     ਬੀਭਤਸ ਰਸ

8.     ਅਦਭੁਤ ਰਸ

9.     ਸ਼ਾਂਤ ਰਸ

10.   ਵਤਸਲ ਰਸ

11.   ਭਕਤੀ ਰਸ

ਵਤਸਲ ਰਸ:       

       ਚਾਹੇ ਆਚਾਰੀਆ ਭਰਤ ਦੇ ‘ਨਾਟਯਸ਼ਾਸਤ੍ਰ’ ਚ ‘ਵਤਸਲ’ ਰਸ ਦਾ ਬਿਲਕੁਲ ਵੀ ਜ਼ਿਕਰ ਨਹੀਂ ਮਿਲਦਾ ਅਤੇ ਮੰਮਟ ਨੇ ਇਸਨੂੰ ਪੁੱਤਰ ਆਦਿ ਦੇ ਪ੍ਰਤੀ ਰਤੀ (ਸਨੇਹ) ਭਾਵ ਦੀ ਸ਼੍ਰੇਣੀ ’ਚ ਰੱਖਿਆ ਹੈ: ਪਰੰਤੂ ਵਿਸ਼ਵਨਾਥ ਨੇ ‘ਵਤਸਲ’ ਰਸ ਦਾ ਪੂਰਾ ਪ੍ਰਤਿਪਾਦਨ ਕਰਦੇ ਹੋਏ ਇਸਨੂੰ ਮੁਨੀ-ਸੰਮਤ ‘ਰਸ’ ਮੰਨਿਆ ਹੈ। ਇਹਨਾਂ ਦੇ ਅਨੁਸਾਰ “ਪੁੱਤਰ ਆਦਿ ਵਤਸਲ ਰਸ ਦੇ ਆਲੰਬਨ ਵਿਭਖਾਵ: ਉਨ੍ਹਾਂ ਦੀ ਚੰਗੀਆੰ ਲੱਗਣ ਵਾਲੀਆਂ ਬਚਕਾਨੀਆਂ ਚੇਸ਼ਟਾਵਾਂ, ਬੱਚਿਆਂ ਦੇ ਗੁਣਾਂ ਆਦਿ ਦਾ ਕਥਨ ਉੱਦੀਪਨ ਵਿਭਾਵ; ਉਨ੍ਹਾਂ ਨੂੰ ਪਿਆਰ ਨਾਲ ਚੁੰਮਣਾ, ਗਲੇ ਲਗਾਉਣਾ, ਬਾਰ-ਬਾਰ ਦੇਖਣਾ, ਲਾਡ-ਪਿਆਰ ਕਰਨਾ, ਖੁਸ਼ੀ ਦੇ ਹੰਝੂ ਆਉਣਾ ਆਦਿ ਅਨੁਭਾਵ ਅਤੇ ਉਨ੍ਹਾਂ ਦੇ ਅਨਿਸ਼ਟ ਦੀ ਸ਼ੰਕਾ, ਖੁਸ਼ੀ, ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਗਰਵ ਮਹਿਸੂਸ ਕਰਨਾ ਆਦਿ ਵਿਅਭਿਚਾਰਿਭਾਵ ਹਨ। ਇਹਨਾਂ ਦੁਆਰਾ ਨਿਸ਼ਪੰਨ ‘ਵਾਤਸਲਯ’ ਜਾਂ ‘ਵਤਸਲਤਾ’ ਰੂਪ ਸਥਾਈ ਭਾਵ ਹੀ ‘ਵਤਸਲ’ ਰਸ ਦੀ ਸਥਿਤੀ ਨੂੰ ਪ੍ਰਾਪਤ ਹੁੰਦਾ ਹੈ।” ਅਸਲ ’ਚ ਪਿਤਾ ਦਾ ਸੰਤਾਨ ਲਈ ਅਥਵਾ ਬੜਿਆਂ ਦਾ ਛੋਟਿਆਂ ਲਈ ਭਾਵੁਕਤਾਪੂਰਣ ਪਿਆਰ ਹੀ ‘ਵਤਸਲ’ ਰਸ ਹੈ।

ਭਕਤੀ ਰਸ:

               ਰੱਬ ਦੇ ਪ੍ਰਤੀ ਭਕਤੀ ਜਾਂ ਆਸਥਾ ਰੱਖਣ ਵਾਲੇ ਆਚਾਰੀਆਂ ਨੇ ‘ਭਕਤੀ’ ਨੂੰ ਵੀ ਰਸ ਦੀ ਸ਼੍ਰੇਣੀ ’ਚ ਰੱਖਿਆ ਹੈ। ਚਾਹੇ ਮੰਮਟ ਆਦਿ ਪ੍ਰਾਚੀਨ ਆਚਾਰੀਆਂ ਨੇ ‘ਭਕਤੀ’ ਨੂੰ ਦੇਵੀ ਦੇਵਤਾ ਸੰਬੰਧੀ ‘ਰਤੀ’ ’ਚ ਗ੍ਰਹਿਣ ਕੀਤਾ ਹੈ; ਪਰੰਤੂ ਆਚਾਰੀਆ ਰੂਪਗੋ ਸੁਆਮੀ ਨੇ ‘ਭਕਤੀ’ ਨੂੰ ਵੱਖਰਾ ਰਸ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ, “ਭਗਵਾਨ ਭਕਤੀ ਰਸ ਦਾ ਆਲੰਬਨ ਵਿਭਾਵ; ਤੁਲਸੀ, ਚੰਦਨ, ਧੂਪ ਆਦਿ ਉੱਦੀਪਨ ਵਿਭਾਵ: ਵਿਭਾਵ: (ਭਕਤੀ ’ਚ ਮਗਨ ਹੋ ਕੇ) ਨੱਚਣਾ, ਭਜਨ ਗਾਉਣਾ, ਹੁੰਝੂ ਗਿਰਾਨਾ, ਰੋਮਾਂਚ ਆਦਿ ਅਨੁਭਾਵ; ਸੰਸਾਰ ਦੇ ਪ੍ਰਤੀ ਵੈਰਾਗ ਦੀ ਭਾਵਨਾ ਆਦਿ ਵਿਅਭਿਚਾਰਿਭਾਵ ਹਨ। ਇਹਨਾਂ ਦੁਆਰਾ ਅਭਿਵਿਅਕਤ ਭਗਵਾਨਸੰਬੰਧੀ ‘ਰਤੀ’ ਰੂਪ ਸਥਾਈਭਾਵ ਹੀ ‘ਭਕਤੀ’ ਰਸ ਦੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਅਤੇ ਇਹ ਪਰਮ-ਆਨੰਦ ਦਾ ਪ੍ਰਤੱਖ ਗਿਆਨ ਕਰਵਾਉਣ ਵਾਲਾ ਹੁੰਦਾ ਹੈ।[2]  

  1. ਧਾਲੀਵਾਲ, ਡਾ. ਪ੍ਰੇਮ ਪ੍ਰਕਾਸ਼ (2019). "ਵਤਸਲ ਰਸ ਅਤੇ ਭਕਤੀ ਰਸ". Sikh Formations: 1–5. doi:10.1080/17448727.2020.1685061.
  2. ਸ਼ਰਮਾ, ਸ਼ੁਕਦੇ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 170–177. ISBN 978-81-302-0462-8.