ਵਰਤੋਂਕਾਰ:Tanvi pindu

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਲਵਈ ਸਭਿਆਚਾਰ[ਸੋਧੋ]

ਮਾਲਵੇ ਦੇ ਸਭਿਆਚਾਰ ਨੂੰ ਕੱਲ ਤਕ ਪੰਜਾਬੀ ਦਾ ਉਪ-ਸਭਿਆਚਾਰ ਹੀ ਸਮਝਿਆਂ ਜਾਂਦਾ ਸੀ। ਜਿਵੇਂ ਕਿ ਮੌਜੂਦਾ ਪੰਜਾਬ ਵਿੱਚ ਤਿੰਨ ਉਪ-ਸਭਿਆਚਾਰ ਹਨ। ਮਝੈਲ, ਦੁਆਬੀਏ ਤੇ ਪੁਆਧੜੇ। ਪਰ ਇੱਥੋਂ ਤਕ ਆ ਕੇ ਮੰਨਣਾ ਪਵੇਗਾ ਕਿ ਮਲਵਈ ਸਭਿਆਚਾਰ ਇਕ ਮੁੱਖ ਸਭਿਆਚਾਰ ਹੈ। ਇਸ ਸਭਿਆਚਾਰ ਵਿੱਚ ਪੁਰਾਤਨ ਸਮੇਂ ਦੀ ਪਰਸਾਰਾਂ ਤੋਂ ਲੈ ਕੇ ਅੱਜ ਦੀ ਕੰਪੋਜ਼ਿਟ ਮਲਵਈ ਕਲਚਰ ਸੰਭਾਲੀ ਹੋਈ ਹੈ। ਭੂਗੋਲ, ਭਾਸ਼ਾ ਤੇ ਵਿਸ਼ੇਸ਼ ਰਸਮ ਰਿਵਾਜਾਂ ਕਰਕੇ ਹੀ ਇਹ ਬਾਕੀ ਦੇ ਪੰਜਾਬੀ ਉਪ-ਸਭਿਆਚਾਰਾਂ ਨਾਲੋਂ ਭਿੰਨ ਹੈ।

ਮਾਲਵੇ ਦਾ ਨਾਮਕਰਨ[ਸੋਧੋ]

ਮਾਲਵਾ ਸ਼ਬਦ ਦਾ ਨਾਂ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਵੀ ਆਉਂਦਾ ਹੈ। ਮਹਾਭਾਰਤ ਵਿੱਚ ਇਸ ਸ਼ਬਦ ਦਾ ਤਿੰਨ ਵਾਰ ਜ਼ਿਕਰ ਆਇਆ ਹੈ। ਛੇਵੀਂ ਸਦੀ ਤੋਂ ਸੱਤ ਭੂੰ-ਖੰਡ ਅਜਿਹੇ ਭਾਰਤ ਵਿੱਚ ਸਨ, ਜਿੰਨ੍ਹਾਂ ਨੂੰ ਮਾਲਵਾ ਆਖਿਆ ਜਾਂਦਾ ਸੀ। ਅਜੋਕੇ ਸਮੇਂ ਵਿੱਚ ਮਾਲਵਾ ਨਾ ਦੇ ਦੋਂ ਖੇਤਰ ਹਨ ਇੱਕ ਮੱਧ ਪ੍ਰਦੇਸ਼ ਵਿੱਚ ਅਤੇ ਦੂਸਰਾ ਪੰਜਾਬ ਵਿੱਚ। ਪੰਜਾਬ ਵਾਲੇ ਮਾਲਵੇ ਨੂੰ ‘ਗੁਰੂ ਕਾ ਮਾਲਵਾ’ ਵੀ ਆਖਿਆ ਜਾਂਦਾ ਹੈ। ਕਿਉਂਕਿ ਸਿੱਖਾਂ ਦੇ ਪਹਿਲੇ, ਦੂਜੇ, ਛੇਂਵੇ, ਸੱਤਵੇ, ਨੌਵੇ ਅਤੇ ਦਸਵੇ ਗੁਰੂ ਇਸ ਖੇਤਰ ਵਿੱਚ ਬਹੁਤ ਸਮਾਂ ਵਿਚਰਦੇ ਰਹੇ ਹਨ।

ਮਾਲਵਾ ਸ਼ਬਦ ਬਾਰੇ


ਵਿਦਵਾਨ ਖੋਜੀਆਂ ਦੇ ਵੱਖਰੇ-ਵੱਖਰੇ ਵਿਚਾਰ ਹਨ:

ਡਾਂ ਪ੍ਰੇਮ ਪ੍ਰਕਾਸ਼ ਅਨੁਸਾਰ, “ਇਸ ਖੇਤਰ ਦੇ ਵਸਨੀਕ ਖੁੱਲੇ ਤੇ ਮੋਕਲੇ ਹੱਡਾਂ ਪੈਰਾਂ ਦੇ ਸਨ। ਅਰਥਾਤ    ਮੱਲਾਂ ਵਰਗੇ ਸਨ। ਇਸ ਕਰਕੇ ਇਸ ਖੇਤਰ ਦਾ ਨਾ ਮਾਲਵਾ ਪੈ ਗਿਆ।”[1]


ਸ਼੍ਰੀ ਜੈ ਚੰਦਰ ਵਿਦਿਆਲੰਕਾਰ ਅਨੁਸਾਰ, “ਮਦਰ ਇਕ ਰਾਵ ਦਾ ਨਾਉਂ ਸੀ। ਮਦਰ ਤੋਂ ਬਦਲਕੇ ਮਾਲਵਾ ਬਣ ਗਿਆ। ਮਹਾਨ ਸਿੰਕਦਰ ਦੇ ਹਮਲੇ ਵੇਲੇ ਇਹ ਗਣ ਰਾਵੀ ਦਰਿਆਂ ਦੇ ਕੰਢੇ ਉੱਤੇ ਵਸਦਾ ਸੀ। ਸਿੰਕਦਰ ਤੋਂ ਹਾਰ ਜਾਣ ਕਰਕੇ ਇਸ ਗਣ ਦੇ ਲੋਕ ਜਿੱਥੇ-ਜਿੱਥੇ ਜਾ ਕੇ ਵਸੇ, ਉੱਥੋ ਦਾ ਨਾਂ ਮਾਲਵਾ ਪੈ ਗਿਆ।”[2]


ਮਾਲਵੇ ਦਾ ਜੁਗਰਾਫ਼ੀਆਂ[ਸੋਧੋ]

: ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ। ਸਤਲੁਜ, ਰਾਵੀ, ਬਿਆਸ, ਚਨਾਬ, ਤੇ ਜਿਹਲਮ। ਇੰਨ੍ਹਾਂ ਪੰਜਾਂ ਦਰਿਆਂਵਾਂ ਦਾ ਪਾਣੀ ਜਿੰਨੀ ਵੀ ਧਰਤੀ ਨੂੰ ਸਿੰਜਦਾ ਹੈ, ਉਹ ਪੰਜਾਬ ਹੈ। ਭਾਸ਼ਾਈ ਤੌਰ ‘ਤੇ ਪੰਜਾਬ ਸੱਤ ਉਪ-ਬੌਲੀਆਂ ਵਿੱਚ ਵੰਡਿਆ ਹੋਇਆ ਹੈ। ਇਸ ਸੱਤ ਉਪ-ਬੌਲੀਆ ਅਸਲ ਵਿੱਚ ਸੱਭ ਕੁੱਝ ਵੱਖਰੀ ਪ੍ਰਕਾਰ ਦੇ ਭੂਗੋਲਿਕ ਖਿੱਤਿਆਂ ਵਿੱਚ ਵੰਡੀਆ ਹੋਈਆ ਹਨ। ਸਤਲੁਜ ਦਰਿਆਂ ਦੇ ਦੱਖਣ ਵਾਲਾ ਇਲਾਕਾ ਮਾਲਵਾ ਕਹਾਉਂਦਾ ਹੈ। ਮਾਲਵਾ ਖੇਤਰ ਸਤਲੁਜ ਦੀ ਧਰਤੀ ਹੈ। ਅੱਜ ਕੱਲ ਇਸ ਵਿੱਚ ਲੁਧਿਆਣਾ, ਫ਼ਿਰੋਜਪੁਰ, ਮੋਗਾ, ਮਾਨਸਾ, ਮੁਕਤਸਰ, ਫਤਿਹਗੜ੍ਹ ਸਾਹਿਬ, ਬਠਿੰਡਾ ਤੇ ਫ਼ਰੀਦਕੋਟ ਜ਼ਿਲਿਆ ਤੋਂ ਬਿਨ੍ਹਾਂ ਸੰਗਰੂਰ ਤੇ ਪਟਿਆਲਾ ਜ਼ਿਲਿਆਂ ਦੇ ਖੇਤਰ ਵੀ ਆਉਂਦੇ ਹਨ।[ਸੋਧੋ]

ਰਸਮ ਰਿਵਾਜ਼:[ਸੋਧੋ]

ਹਰੇਕ ਖਿੱਤੇ ਦੇ ਸਭਿਆਚਾਰ ਦੇ ਆਪਣੇ ਰਸਮ ਰਿਵਾਜ ਹੁੰਦੇ ਹਨ। ਮਲਵਈ ਉਪ ਸੱਭਿਆਚਾਰ ਨਾਲ ਸੰਬੰਧਿਤ ਰਸਮ ਰਿਵਾਂਜ਼ ਹੇਠ ਲਿਖੇ ਅਨੁਸਾਰ ਹਨ:

ਜਨਮ ਨਾਲ ਸੰਬੰਧਿਤ ਰਸਮ ਰਿਵਾਜ[ਸੋਧੋ]

ਬੱਚੇ ਦੇ ਜਨਮ ਦੀ ਖੁਸ਼ੀ ਸਮੇਂ ਬਹੁਤ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆ ਹਨ। ਮਾਲਵੇ ਵਿੱਚ ਵੀ ਪੰਜਾਬ ਦੇ ਹੋਰਨਾਂ ਪਿੰਡਾ ਵਾਂਗ ਪੁੱਤ ਦੇ ਜੰਮਣ ਤੇ  ਖੁਸ਼ੀ ਮਨਾਈ ਜਾਂਦੀ ਹੈ। ਮੁੰਡੇ ਦਾ ਜੰਮਣਾ ਵੰਸ਼ ਦੇ ਵਾਧੇ ਲਈ ਸ਼ੁੱਭ ਮੰਨਿਆ ਜਾਦਾ ਹੈ।  ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਲਾਗੀਆਂ ਨੂੰ ਲਾਗ ਦਿੱਤਾ ਜਾਂਦਾ ਹੈ। ਸਾਰੇ-ਸ਼ਰੀਕੇ ਤੇ ਭਾਈਚਾਰੇ ਵਿੱਚ ਮਠਿਆਈਆਂ ਵੰਡੀਆ ਜਾਂਦੀਆਂ ਹਨ। ਮੁੰਡੇ ਦੀ ਲੋਹੜੀ ਵੀ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਇਸਦੇ ਉਲਟ ਕੁੜੀ ਦੇ ਜਨਮ ਦੀ ਖੁਸ਼ੀ ਵਿੱਚ ਕੋਈ ਰਸਮ-ਰਿਵਾਜ਼ ਨਹੀਂ ਕੀਤਾ ਜਾਦਾ ਅਤੇ ਨਾ ਹੀ ਉਸਦੇ ਨਾਮਕਰਨ ਸਮੇਂ ਕੋਈ ਰਸਮ ਕੀਤੀ ਜਾਂਦੀ ਹੈ। ਕੁੜੀ ਦੇ ਪੈਦਾ ਹੋਣ ਨੂੰ ਮੁਡੇ ਦੇ ਪੈਦਾ ਹੋਣ ਵਾਂਗ ਸ਼ੁੱਭ ਨਹੀਂ ਮੰਨਿਆ ਜਾਂਦਾ।

ਵਿਆਹ ਨਾਲ ਸੰਬੰਧਿਤ ਰਮਸ ਰਿਵਾਜ਼:[ਸੋਧੋ]

ਮਾਲਵੇ ਵਿੱਚ ਰਿਸ਼ਤੇ ‘ਨਾਈ’ ਤਹਿ ਕਰਦਾ ਹੈ। ਇਸਨੂੰ ਮਲਵਈ ਵਿੱਚ ‘ਗੰਢ ਦੇਣਾ’ ਆਦਿ ਆਖਦੇ ਹਨ। ਮਾਲਵੇ ਦੇ ਪਿੰਡਾ ਵਿੱਚ ਵਿਆਹ ਦੀਆ ਰੀਤਾਂ ਵਿੱਚ ਬਾਕੀ ਪੰਜਾਬ ਨਾਲੋਂ ਕੁੱਝ ਫ਼ਰਕ ਹੈ। ਵਿਆਹ ਤੋ ਕੁੱਝ ਦਿਨ ਪਹਿਲਾਂ ਮੁੰਡੇ ਅਤੇਕੁੜੀ ਦੇ ਵਟਣਾ ਮਲਿਆ ਜਾਂਦਾ ਹੈ। ਮੁੰਡੇ ਨੂੰ ਨਹਾਕੇ ਉਸਦੇ ਮਾਮੇ ਦੀ ਲਿਆਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ। ‘ਘੋੜੀ’ ਦੀ ਰੀਤ ਕੀਤੀ ਜਾਂਦੀ ਹੈ। ਘੋੜੀ ਚੜਨ ਤੋਂ ਪਹਿਲਾਂ ਮੁੰਡੇ ਦੀ ਭਰਜਾਈ ਸੁਰਮਾ ਪਾ ਕੇ ‘ਸੁਰਮਾ ਪੁਆਈ’ ਲੈਂਦੀ ਹੈ। ਉਸ ਤੋਂ ਪਿੱਛੋ ਉਸ ਦੀ ਭੈਣ ਵਾਂਗ ਫੜਦੀ ਹੈ ਤੇ ਲੜ ਜਾਂ ਪੱਲਾ ਝੱਲਦੀ ਨਾਲ ਤੁਰਦੀ ਹੈ। ਜੰਞ ਦੇ ਕੁੜੀ ਵਾਲਿਆਂ ਦੇ ਪਿੰਡ ਪਹੁੰਚਣ ’ਤੇ ‘ਮਿਲਣੀ’ ਦੀ ਰਸਮ ਕੀਤੀ ਜਾਂਦੀ ਹੈ। ਫਿਰ ਸੁਹਾਗ ਜੋੜੀ ਗੁਰੂ ਗ੍ਰੰਥ ਦੇ ਆਲੇ-ਦੁਆਲੇ ਲਾਵਾਂ ਦੇ ਪਾਠ ਤੇ ਕੀਰਤਨ ਸਮੇਂ ਚਾਰ ਫੇਰੇ ਲੈਂਦੀ ਹੈ। ਇਸ ਤੋਂ ਪਿੱਛੋਂ ਵਰੀ ਵੀ ਰਸਮ ਹੁੰਦੀ ਹੈ। ਜੰਞ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ  ਮੁੰਡਿਆਂ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ ‘ਦਾਜ’ ਤੇ ‘ਖੱਟ’ ਦਿਖਾਉਂਦੇ ਹਨ। ਮੁੰਡੇ ਦੇ ਘਰ ਪਹੁੰਚਣ ਤੇ ਮੁੰਡੇ ਦੀ ਮਾਂ ਦੀਵਾ ਲੈ ਕੇ ਨੂੰਹ ਪੁੱਤ ਨੂੰ ਲੈਣ ਜਾਂਦੀ ਹੈ। ਮੁੰਡੇ ਦੀ ਮਾਂ ਪਾਣੀ ਨਾਲ ਵਾਰਨੇ ਕਰਦੀ ਹੈ। ਵਿਆਹ ਤੋਂ ਅਗਲੇ ਦਿਨ ਛਟੀਆਂ ਦੀ ਰਸਮ ਕੀਤੀ ਜਾਂਦੀ ਹੈ ਅਤੇ ਇਸੇ ਸ਼ਾਮ ਉਹ ਕੰਙਣਾ ਵੀ ਖੇਲਦੇ ਹਨ। ਇਸ ਤਰ੍ਹਾਂ ਮਾਲਵੇ ਵਿੱਚ ਵਿਆਹ ਨਾਲ ਸੰਬੰਧਿਤ ਵੱਖ-ਵੱਖ ਰਸਮ-ਰਿਵਾਜ ਕੀਤੇ ਜਾਦੇ ਹਨ।

ਮੌਤ ਨਾਲ ਸੰਬੰਧਿਤ ਰਸਮ-ਰਿਵਾਜ਼:[ਸੋਧੋ]

ਜਨਮ ਅਤੇ ਵਿਆਹ ਨਾਲ ਸੰਬੰਧਿਤ ਰਸਮਾਂ ਤੋਂ  ਪਿੱਛੋਂ ਮੌਤ ਨਾਲ ਸੰਬੰਧਿਤ ਰਸਮਾ ਦਾ ਜ਼ਿਕਰ ਵੀ ਹੁੰਦਾ ਹੈ। ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਤ੍ਰੀਮਤਾਂ ਘਰ ਵਿੱਚ ਵੈਣ ਪਾਉਣ ਲੱਗ ਜਾਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ। ਫਿਰ ਮ੍ਰਿਤਕ ਨੂੰ ਆਖਰੀ ਇਸ਼ਨਾਨ ਕਰਵਾਇਆ ਜਾਦਾਂ ਹੈ। ਜੇ  ਇਸਤਰੀ ਸੁਹਾਗਣ ਮਰੀ ਹੋਵੇ ਤਾਂ ਕੱਪੜਿਆ ਨਾਲ ਗਹਿਣੇ ਤੇ ਨਾਲ ਚੰਦੋਰੀ ਪਹਿਨ ਕੇ, ਹੱਥਾਂ  ਪੈਰਾਂ ਨੂੰ ਮਹਿੰਦੀ ਤੇ ਹੋਠਾਂ ਨੂੰ ਦੰਦਾਸਾ, ਚੂੜੀਆਂ, ਬਿੰਦੀ ਆਦਿ ਹਾਰ ਸ਼ਿੰਗਾਂਰ ਕਰਕੇ ਅੰਤਮ ਯਾਤਰਾ ਲਈ ਤਿਆਰ ਕੀਤਾ ਜਾਦਾ ਹੈ। ਮੌਤ ਤੋਂ ਤੀਜੇ ਦਿਨ  ਮੁਰਦੇ ਦੇ ਫੁੱਲ ਚੁਗੇ ਜਾਂਦੇ ਹਨ। ਇਸ ਤੋਂ ਕੁੱਝ ਦਿਨ ਪਿੱਛੋਂ ਮੁਕਾਣਾਂ ਆਉਂਦੀਆ ਹਨ। ਹੰਗਾਮੇ ਦੇ ਸਮੇਂ ਦੇ ਇਕ ਰਸਮ ‘ਦਸਤਾਰਬੰਦੀ’ ਦੀ ਕੀਤੀ ਜਾਦੀ ਹੈ। ਭਾਈਚਾਰੇ ਦੀ ਹਾਜ਼ਰੀ ਵਿੱਚ ਵੱਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨਦਾ ਹੈ। ਇਸ ਤਰ੍ਹਾਂ ਉਹ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ।

ਪਹਿਰਾਵਾ[ਸੋਧੋ]

  ਮਾਲਵੇ ਵਿੱਚ ਪੁਰਾਣੇ ਸਮੇਂ ਦੇ ਪੇਂਡੂ ਲੋਕ ਕੰਨ ਉੱਤੇ ਟੌਰਾ ਛੱਡ ਕੇ ਤੁਰਲੇ ਵਾਲੀਆਂ ਪੱਗਾ ਬੰਨ੍ਹਦੇ ਹੁੰਦੇ ਸਨ। ਹੁਣ ਇਸ ਤਰ੍ਹਾ ਦੀ ਪਗੜੀ ਦਾ ਰਿਵਾਜ ਨਹੀਂ ਰਿਹਾ। ਪੜੇ-ਲਿਖੇ ਬੰਦੇ ਪੂਣੀ ਕਰਕੇ ਟੂਟੀਦਾਰ ਪੱਗੜੀ ਬੰਨ੍ਹਦੇ ਹਨ। ਮਾਲਵੇ ਵਿੱਚ ਪਟਿਆਲਾ ਸ਼ਾਹੀ ਪੱਗ ਮਸ਼ਹੂਰ ਹੈ। ਕੁੜਤਿਆਂ ਦਾ ਰਿਵਾਜ਼ ਲਗਭਗ ਉਹੀ ਹੈ। ਧਰਤੀ ਸੁੰਭਰਦੇ ਚਾਦਰੇ ਪਾਏ ਜਾਦੇ ਸਨ। ਨੋਕਦਾਰ ਜੁੱਤੀਆਂ ਦਾ ਰਿਵਾਜ਼ ਘੱਟ ਗਿਆ ਹੈ। ਕੱਢਵੀਆ ਖੋਸਾ ਜੁੱਤੀਆਂ ਚੱਲ ਪਈਆ ਹਨ। ਔਰਤਾਂ ਲਈ ਪੁਰਾਣੀ ਸੂਤੀ ,ਚੁੰਨੀਆਂ, ਚਾਦਰਾਂ ਅਲੋਪ ਹਨ। ਖੇਸੀਆਂ ਫੁਲਕਾਰੀਆਂ ਤੇ ਬਾਗ ਵੀ ਨਹੀਂ ਦਿਸਦੇ। ਉਹ ਕੁੜਤੀ-ਸਲਵਾਰ ਵੀ ਨਹੀਂ ਰਹੀ। ਪਹਿਲਾਂ ਔਰਤਾਂ ਦੇ ਪਹਿਰਾਵੇ ਵਿੱਚ ਘੱਗਰਾ ਵੀ ਸ਼ਾਮਿਲ ਸੀ। ਪਰ ਹੁਣ ਇਸ  ਸਭ ਕੁੱਝ ਸਮੇਂ ਦੇ ਨਾਲ ਨਾਲ ਅਲੋਪ ਹੋ ਗਿਆ ਹੈ।

ਖਾਣ ਪੀਣ[ਸੋਧੋ]

ਮਾਲਵੇ ਦੇ ਪਿੰਡਾ ਦਾ ਖਾਣ ਪੀਣ ਬਹੁਤ ਵੱਖਰੀ ਕਿਸਮ ਦਾ ਸੀ। ਕਣਕ ਦੀ ਰੋਟੀ ਪਹਿਲਾ ਵੱਡੇ ਘਰੀ ਹੀ ਪੱਕਦੀ ਸੀ। ਨਹੀਂ ਤਾ ਆਮ ਲੋਕ ਗਰਮੀ ਵਿੱਚ ਬਾਜਰਾ ਖਾਂਦੇ ਸਨ ਜਾਂ ਫਿਰ ਜੌ-ਛੋਲੇ ਦੀਆ ਰੋਟੀਆਂ। ਸਿਆਲ ਵਿੱਚ ਮੱਕੀ ਦੀ ਰੋਟੀ, ਸਰ੍ਹੋ ਦਾ ਸਾਗ, ਮੱਠਾ,  ਛੋਲਿਆ ਦੀ ਦਾਲ ਹੀ ਬਣਦੀ ਸੀ । ਸਵੇਰੇ ਵੇਲੇ ਰੋਟੀ ਪੱਕਦੀ ਸੀ ਤੇ ਆਥਣ ਵੇਲੇ ਦਲੀਆ। ਮੱਕੀ ਦੇ ਅੰਨ ਵਿੱਚ ਤੌੜੀ ਦਾ ਦੁੱਧ ਪਾ ਕੇ ਰਾਤ ਦਾ ਭੋਜਨ ਕੀਤਾ ਜਾਂਦਾ ਸੀ। ਘਰਾਂ ਵਿੱਚ ਦੁਧਾਰੂ ਪਸ਼ੂ ਹੁੰਦੇ ਤੇ ਰਾਤ ਨੂੰ ਤੌੜੀ ਦਾ ਸੂਹਾ-ਸੂਹਾ ਗਰਮ ਦੁੱਧ ਮਹਾਂ-ਪਦਾਰਥ ਸਮਝਿਆ ਜਾਂਦਾ ਸੀ। ਖੱਟੀ ਲੱਸੀ ਵਿਚ ਕੱਚੇ ਦੁੱਧ ਦੀਆਂ ਧਾਰਾਂ ਮਾਰਕੇ ਤਿਉੜ ਬਣਾਈ ਜਾਂਦੀ। ਦਹੀ ਅੱਜ ਵਾਂਗ ਨਹੀਂ ਜਮਾਈ ਜਾਂਦੀ ਸੀ। ਸਗੋਂ ਰਿੜਕਣੇ ਵਿੱਚੋਂ ਹੀ ਕੱਢੀ ਜਾਂਦੀ ਸੀ। ਆਏ-ਗਏ ਪ੍ਰਾਹੁਣੇ ਨੂੰ ਮੱਕੀ ਦੀ ਰੋਟੀ ਦੀ ਥਾਂ ਕਣਕ ਦੀ ਰੋਟੀ ਦਿੱਤੀ ਜਾਂਦੀ ਸੀ। ਸ਼ੱਕਰ ਜਾਂ ਦੇਸੀ ਖੰਡ ਵਿੱਚਘਿਓ ਪਾ ਕੇ ਦਿੱਤਾ ਜਾਦਾ। ਮੱਠ ਬਾਜ਼ਰੇ ਦੀ ਖਿੱਚੜੀ ਤਾਕਤਵਰ ਸਮਝੀ ਜਾਂਦੀ ਸੀ। ਅੱਜ ਕੱਲ੍ਹ ਆਮ ਘਰਾਂ ਵਿੱਚ ਸਵੇਰੇ ਪਰੌਠੇ ਪੱਕਦੇ ਹਨ। ‘ਹਾਜ਼ਰੀ’ ਦਾ ਸ਼ਬਦ ‘ਨਾਸ਼ਤੇ’ ਵਿੱਚ ਬਦਲ ਗਿਆ ਹੈ। ਸਿਆਲਾਂ ਵਿੱਚ ਮੱਕੀ ਦੀ ਰੋਟੀ ਨਦੀਦ ਹੋ ਗਈ। ਪਿੰਡਾ ਵਿੱਚ ਬਹੁਤ ਘੱਟ ਘਰ ਅਜਿਹੇ ਹਨ। ਜਿੱਥੇ ਸਵੇਰੇ ਚਾਟੀਆਂ ਵਿੱਚ ਮਧਾਣੀਆਂ ਪੈਦੀਆਂ ਹੋਣ। ਮਧਾਣੀਆਂ ਵੀ ਬਿਜਲੀ ਨਾਲ ਚਲਦੀਆ ਹਨ। ਆਮ ਕਰਕੇ ਦੁੱਧ ਵੇਚ ਦਿੱਤਾ ਜਾਂਦਾ ਹੈ। ਪਹਿਲਾਂ ਦੁੱਧ ਵੇਚਣਾ ਪਾਪਾ ਸਮਝਿਆ ਜਾਂਦਾ ਸੀ। ਬੁੜ੍ਹੀਆਂ ਦੁੱਧ ਤੇ ਪੁੱਤ ਦੀ ਸਹੁੰ ਖਾਂਦੀਆਂ ਸਨ। ਮਤਲਬ ਕਿ ਦੁੱਧ ਰੁਤਬਾ ਪੁੱਤਰ ਦੇ ਬਰਾਬਰ ਸਮਝਿਆ ਜਾਂਦਾ ਸੀ।

ਖੇਡਾਂ[ਸੋਧੋ]

ਮਾਲਵੇ ਦੇ ਪਿੰਡਾਂ ਦੀਆਂ ਦੋ ਹੀ ਵੱਡੀਆ ਖੇਡਾਂ ਸਨ, ਪਹਿਲਵਾਨੀ ਅੇਤ ਕਬੱਡੀ। ਹੁਣ ਸਿਰਫ਼ ਕਬੱਡੀ ਹੀ ਰਹਿ ਗਈ ਹੈ। ਉਹ ਵੀ ਛੋਟੇ ਮੁੰਡੇ ਖੇਡਦੇ ਹਨ। ਨੌਜਵਾਨਾਂ ਦੀ ਕਬੱਡੀ ਸਕੂਲਾਂ ਤੇ ਕਾਲਜਾਂ ਤੱਕ  ਮਹਿਦੂਦ ਹੋ ਕੇ ਰਹਿ ਗਈ ਹੈ। ਇਹ ਕਬੱਡੀ ਵੀ ਪੁਰਾਣੀ, ਜਦੋਂ ‘ਕੱਲੇ ਨੂੰ ਕੱਲਾ’ ਫੜਦਾ ਹੁੰਦਾ ਸੀ।

ਮਾਲਵੇ ਦੀਆਂ ਪੁਰਾਣੀਆਂ ਖੇਡਾਂ ਲੂਣ ਚੁਰਾਹਾ, ਖਿੱਦੋ-ਖੂੰਡੀ, ਪੀਚੋ ਬੱਕਰੀ, ਦਾਈ-ਦੁੱਕੜੇ, ਲੁਕਣ ਮੀਟੀ, ਭੰਡਾ ਭੰਡਾਰੀਆਂ, ਕਾਜ਼ੀ ਕੋਟਲੇ ਦੀ ਮਾਰ ਆਦਿ ਸਨ। ਹਾਕੀ ਫੁੱਟਬਾਲ, ਵਾਲੀਵਾਲ, ਕ੍ਰਿਕਟ ਆਦਿ ਸ਼ਹਿਰੀ ਖੇਡਾਂ ਸਨ। ਜੋ ਪਿੰਡਾ ਵਿੱਚ ਵੀ ਪਹੁੰਚ ਗਈਆਂ ਹਨ। ਪੇਡੂ ਖੇਡਾਂ ਦੀ ਇੱਕ ਹੋਰ ਖਾਸ਼ੀਅਤ ਹੈ। ਖਾਸ ਕਰਕੇ ਜੇ ਛੋਟੀ ਉਮਰ ਦੇ ਮੁੰਡੇ ਕੁੜੀਆਂ ਦੀਆਂ ਖੇਡਾਂ ਹਨ। ਉਨ੍ਹਾਂ ਨਾਲ ਖੇਡ ਗੀਤ ਜੁੜੇ ਹੋਏ ਹਨ।

ਲੋਕ ਧਰਮ[ਸੋਧੋ]

ਮਾਲਵੇ ਦੇ ਲੋਕ ਕਿਸੇ ਇਕ ਵਿਸ਼ੇਸ਼ ਧਰਮ ਨਾਲ ਸੰਬੰਧਿਤ ਨਹੀਂ ਸਨ। ਸਗੋਂ ਮਾਲਵੇ ਦੇ ਲੋਕ ਕਿਸੇ ਇਕ ਧਰਮ ਦੇ ਹੋ ਕੇ ਵੀ ਦੂਜੇ ਧਰਮਾਂ ਦਾ ਪੂਰਾ ਸਤਿਕਾਰ ਕਰਦੇ ਹਨ। ਸਾਰਿਆਂ ਧਰਮਾਂ ਨੂੰ ਮਿਲਾ ਕੇ ਮਲਵਈਆਂ ਨੇ ਇਕ ਲੋਕ ਧਰਮ ਬਣਾ ਲਿਆ ਹੈ। ਸਾਰੇ ਧਰਮਾਂ ਨੂੰ ਮੰਨਣਾ ਇਕ ਤਰ੍ਹਾਂ ਨਾਲ ਮਲਵਈਆਂ ਦਾ ਲੋਕ ਸੱਭਿਆਚਾਰ ਬਣ ਚੁੱਕਿਆ ਹੈ। ਮਾਨਸਾ ਕੋਲ ਮਾਈਸਰ ਖਾਨਾ ਹੈ। ਉੱਥੇ ਦੇਵੀ ਦੀ ਪੂਜਾ ਹੁੰਦੀ ਹੈ। ਹਿੰਦੂਆਂ ਤੋਂ ਜ਼ਿਆਦਾ ਉੱਥੇ ਜੱਟ ਜਾਤੀਆਂ ਦੇ ਲੋਕ ਜਾਂਦੇ ਹਨ। ਮਲੇਰਕੋਟਲੇ ਹੈਂਦਰ ਸ਼ੇਖ ਦਾ ਮੇਲਾ ਲੱਗਦਾ ਹੈ। ਉੱਥੇ ਪਿੰਡਾ ਤੇ ਆਲੇ-ਦੁਆਲੇ ਸ਼ਹਿਰਾਂ ਦੇ ਮੁਸਲਮਾਨ ਹੀ ਨਹੀਂ ਜਾਦੇ ਸਗੋਂ ਹਿੰਦੂ ਤੇ ਸਿੱਖ ਵੀ ਬਹੁਵੱਡੀ ਗਿਣਤੀ ਵਿੱਚ ਜਾਂਦੇ ਹਨ ਤੇ ਚੜਾਵਾਂ ਚੜਾਉਂਦੇ ਹਨ। ਹਰਿਦੁਆਰ ਪਹਿਲਾਂ ਸਾਰਾ ਮਾਲਵਾ ਜਾਂਦਾ ਸੀ। ਪਰ ਹੁਣ ਪੰਜਬ ਵਿੱਚ ਕੀਰਤਪੁਰ ਦੀ ਮੱਹਤਤਾ ਵੀ ਉੱਨੀ ਹੀ ਵੱਧ ਗਈ ਹੈ। ਪੀਰਾਂ-ਫ਼ਕੀਰਾਂ ਨੂੰ ਮੰਨਣਾ ਤੇ ਹਿੰਦੂ ਦੇਵੀ ਦੇਵਤਿਆਂ ਦੀ ਪੂਜਾਂ ਅਤੇ ਸਿੱਖ-ਸ਼ਹੀਦਾ ਦੇ ਗੁਰਦੁਆਰਿਆਂ ਦੀ ਸ਼ਰਧਾਂ ਸਮੁੱਚੇ ਮਾਲਵੇ ਦਾ ਲੋਕ ਧਰਮ ਹੈ। ਦਮਦਮਾ ਸਾਹਿਬ ਦੀ ਵਿਸਾਖੀ ਮਾਲਵੇ ਦਾ ਸਭ ਤੋਂ ਵੱਡਾ ਤਿਉਹਾਰ ਹੈ। ਧਰਮਾਂ ਤੋਂ ਉਤਾਹ ਉੱਠ ਕੇ ਇਹ ਮਾਲਵੇ ਦਾ ਲੋਕ ਸਭਿਆਚਾਰ ਹੈ।

ਪਿੰਡ ਦੀਆਂ ਸੱਥਾਂ[ਸੋਧੋ]

ਮਾਲਵੇ ਦੇ ਜਜਬਿਆਂ ਅਤੇ ਬੋਲਾਂ ਵਿੱਚ ਬਹੁਤਾ ਅੰਤਰ ਨਹੀਂ ਰਹਿੰਦਾ ਸੀ। ਮਲਵਈ ਬੋਲ ਮਾਲਵੇ ਦੇ ਜ਼ਜਬੇ ਹੁੰਦੇ ਸਨ ਅਤੇ ਮਾਲਵੇ ਦੇ ਜ਼ਜਬੇ ਉਸਦੇ ਬੋਲ ਹੁੰਦੇ ਸਨ। ਬੋਲ-ਬੁਲਾਰੇ ਵਾਸਤੇ ਇੱਕਠ ਦੀ ਲੌੜ ਹੁੰਦੀ ਹੈ। ਇੱਕਠ ਵਾਲੀ ਥਾਂ ਨੂੰ ਸੱਥ ਕਿਹਾ ਜਾ ਸਕਦਾ ਹੈ। ‘ਸਹਸਥ’ ਦਾ ਅਰਥ ਹੁੰਦਾ ਹੈ ‘ਸਾਥ ਬੈਠਣਾ’। ਸਾਥੀ ਸ਼ਬਦ ਵੀ ਇਸਦੀ ਉਪਜ ਹੈ। ਇਸ ਪ੍ਰਕਰਣ ਅਧੀਨ ਸੰਗ, ਸਾਥ ਤੇ ਸਭਾ ਆਦਿ ਸ਼ਬਦਾ ਦੀ ਉਤਪੱਤੀ ਵੀ ਯੋਗ ਬਣਦੀ ਹੈ।

ਉਂਝ ਤਾਂ ਸਮੁੱਚਾ ਪੰਜਾਬੀ ਸਭਿਆਚਾਰ ਹੀ ਬੋਲ ਬਾਣੀ ਨੂੰ ਪ੍ਰਮੁੱਖਤਾ ਪ੍ਰਦਾਨ ਕਰਦਾ ਹੈ। ਪਰ ਮਾਲਵੇ ਵਿੱਚ ਤਾਂ ਇਸ  ਬੋਲ ਬਾਣੀ ਲਈ ਆਥਣ ਤੜਕੇ ਪੇਂਡੂ ਮਹਿਫ਼ਲਾ ਜੁੜਦੀਆਂ ਸਨ। ਸੱਥਾਂ ਦਾ ਸ਼ਿੰਗਾਰ ਬੋਲ ਬਾਣੀ ਹੁੰਦੀ ਸੀ। ਕਦੇ ਮਾਲਵੇ ਦੀ ਸੱਥ ਸੱਚੀ ਸੁੱਚੀਸਭਿਆਚਾਰ ਦੀ ਦਰਗਾਹ ਹੁੰਦੀ ਸੀ। ਲੁੱਚ ਪੋਹ ਤੋਂ ਕੋਹਾਂ ਦੂਰ, ਮਲਵਈ ਸੱਥਾ ਵਿੱਚ ਸ਼ਰਧਾਂ ਸਤਿਕਾਰ ਤੇ ਸ਼ੁੱਧਤਾ ਦੇ ਅੰਸ਼ ਭਾਰੂ ਹੁੰਦੇ ਸਨ। ਸੱਥ ਦਾ ਮਾਂ, ਧੀ, ਭੈਣ, ਨੂੰਹ ਅਤੇ ਵਹੁਟੀ ਪ੍ਰਤੀ ਅਦਬ ਹੁੰਦਾ ਸੀ। ਮਾਂ, ਧੀ, ਭੈਣ ਅਤੇ ਨੂੰਹ ਨੂੰ ਵੀ ਸੱਥ ਦੀ ਸ਼ਰਮ ਹੁੰਦੀ ਸੀ। ਮਲਵਈ ਸੱਥ ਸਭਿਆਚਾਰ ਦੀ ਦਰਸ਼ਨੀ ਡਿਉਢੀ ਹੁੰਦੀ ਸੀ। ਸੱਥ ਮਲਵਈ ਸਭਿਆਚਾਰ ਦੀ ਲੋਕ ਸਭਾ ਬਣਕੇ ਆਪਣੀ ਨਿਰਵਲ ਭੂਮਿਕਾ ਪ੍ਰਤੀ ਸੁਚੇਤ ਰਹਿੰਦੀ ਸੀ।

ਮਲਵਈ ਭਾਸ਼ਾ ਦੀਆਂ ਵਿਸ਼ੇਸਤਾਵਾਂ[ਸੋਧੋ]

ਹਰਕੇ ਭਾਸ਼ਾ ਦੀਆਂ ਆਪਣੀਆਂ ਕੁੱਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਸੇ ਤਰ੍ਹਾਂ ਮਲਵਈ ਭਾਸ਼ਾ ਦੀਆਂ ਵੀ ਆਪਣੀਆਂ ਕੁੱਝ ਵਿਸ਼ੇਸ਼ਤਾਵਾ ਹਨ। ਇਹ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ।

1. ਮਲਵਈ ਭਾਸ਼ਾਂ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਇਸਦਾ ਸੰਯੁਕਤ ਹੋਣਾ ਹੈ ਜੋ ਇਸਨੂੰ ਸੰਸਕ੍ਰਿਤੀ ਭਾਸ਼ਾ ਦੇ ਨੇੜੇ ਲੈ ਜਾਂਦੀ ਹੈ।

2. ਦੂਜੀ ਵਿਸ਼ੇਸ਼ਤਾ ਭਾਸ਼ਾ ਦੀਆਂ ਧੁਨੀਆਂ ਦੀ ਉਚਾਰਨ ਵਿਧੀ ਹੈ। ਮਲਵਈ ਭਾਸ਼ਾ ਪਾਸ ਇਹ ਸ਼ਕਤੀ ਹੈ ਕਿ ਭਾਸ਼ਾ ਦੀ ਹਰ ਧੁਨੀ ਦਾ ਉਚਾਰਨ ਕਰ ਸਕਦੀ ਹੈ। ਜਦਕਿ ਮਾਝੀ ਦਾ ਉਚਾਰਨ ਕੇਂਦਰੀ ਧੁਰਾ ਰਹਿਣ ਦੇ ਬਾਵਜੂਦ ਵੀ ਆਪਣੇ ਵਿੱਚ ਕਈ ਧੁਨੀਆ ਉਚਾਰਨ ਦੀ ਯੋਗਤਾ ਪੈਦਾ ਨਹੀਂ ਕਰ ਸਕੀ ਖਾਸ ਕਰਕੇ ‘ਕਨੌੜਾ’ ਦੀ ਧੁਨੀ।

3. ਮਲਵਈ ਭਾਸ਼ਾ ਦੀ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਇਸਨੇ ਆਪਣਾ ਜਨ ਆਧਾਰ ਨਹੀਂ ਛੱਡਿਆ। ਇਸਦੇ ਸ਼ਬਦ ਕੋਸ਼ ਨੂੰ ਆਮ ਪੇਂਡੂ ਲੋਕਾਂ ਦੇ ਲਹਿਜ਼ੇ ਦੀ ਵਿਸ਼ੇਸ ਮਾਨਤਾ ਪ੍ਰਾਪਤ ਹੈ। ਭਾਸ਼ਾ ਦੀਆ ਧੁਨੀਆਂ ਜਦੋਂ ਸੰਗੀਤਕ ਮਾਤਰਾ ਵਿੱਚ ਬੱਝ ਕੇ ਇਕ ਬੰਦ ਦਾ ਰੂਪ ਅਖ਼ਤਿਆਰ ਕਰਦੀਆਂ ਹਨ। ਤਾਂ ਕਾਵਿ-ਮੁੱਲਾਂ ਵਿੱਚ ਵਧੇਰੇ ਨਿਖਾਰ ਆਉਂਦਾ ਹੈ। ਮਲਵਈ ਭਾਸ਼ਾ ਪਾਸ ਦੁਨੀਆ ਦਾ ਸੰਗੀਤਬੱਧ ਪ੍ਰਗਟਾਵਾਂ ਆਪਣਾ ਮੌਲਿਕ ਰੂਪ ਰੱਖਦਾ ਹੈ।

ਮਲਵਈ ਸਭਿਆਚਾਰ ਦੇ ਪਛਾਣ ਚਿੰਨ੍ਹ[ਸੋਧੋ]

ਸਮੁੱਚੇ ਸਭਿਆਚਾਰ ਦੀ ਗੱਲ ਕਰਦਿਆਂ ਡਾ. ਜਸਵਿੰਦਰ ਸਿੰਘ ਲਿਖਦੇ ਹਨ, “ਪੰਜਾਬੀ ਸਭਿਆਚਾਰ ਦੀ ਠੀਕ ਅਤੇ ਮੂਲ ਪਛਾਣ ਦੇ ਮਸਲੇ ਨਾਲ ਕੁੱਝ ਇਕ ਬੁਨਿਆਦੀ ਪਹਿਲੂ ਜੁੜੇ ਹੋਏ ਹਨ, ਜਿੰਨ੍ਹਾਂ ਦਾ ਸਹੀ, ਇਤਿਹਾਸਕ ਜਾਇਜ਼ਾ ਅਤੇ ਪੰਜਾਬੀ ਸਭਿਆਚਾਰ ਦੀ ਮੂਲ ਹੋਂਦ, ਬਣਤਰ ਤੇ ਬੁਣਤਰ ਨਾਲ ਸਹੀ ਸੰਬੰਧਾ ਦਾ ਸਾਰ ਅਤੇ ਵਿਵੇਕ ਪਛਾਣਨਾ ਬਹੁਤ ਜਰੂਰੀ ਹੈ ਨਹੀਂ ਤਾ ਕਈਆਂ ਪਰਤਾਂ, ਪੜਾਵਾਂ ਅਤੇ ਪਹਿਲੂਆਂ ਵਿੱਚ ਗਲਤ ਨਿਰਣੇ, ਟਪਲੇ, ਅਧੂਰੀ ਸਮਝ ਅਤੇ ਸੀਮਿਤ ਦ੍ਰਿਸ਼ਟੀ ਬਣਨ ਦੇ ਗਿਣਨੌਂ ਅਧਿਕ ਕੁਰਾਹੇ ਮੌਜੂਦ ਹਨ। ਇਸ ਮਸਲੇ ਮੁੱਖ ਤੌਰ ’ਤੇ ਇੰਨ੍ਹਾਂ ਪੰਜ ਖੰਡਾਂ ਵਿੱਚ ਵੰਡੇ ਜਾ ਸਕਦੇ ਹਨ:

1. ਪੰਜਾਬ ਦਾ ਭੂਗੋਲਿਕ ਚੌਗਿਰਦਾ ਅਤੇ ਭੂਗੋਲਿਕ ਇਤਿਹਾਸ

2. ਪੰਜਾਬੀ ਸਭਿਆਚਾਰ ਦਾ ਰਾਜਸੀ ਇਤਿਹਾਸਿਕ ਪਿਛੋਕੜ

3. ਪੰਜਾਬੀ ਸਭਿਆਚਾਰ ਦਾ ਨਸਲੀ ਪਿਛੋਕੜ ਅਤੇ ਸਰੂਪ

4. ਪੰਜਾਬ ਦਾ ਧਾਰਮਿਕ ਇਤਿਹਾਸ ਅਤੇ ਇਸਦਾ ਪੰਜਾਬੀ ਸਭਿਆਚਾਰ ਦੇ ਪਰਿਪੇਖ ਵਿੱਚ ਮੁਲਾਂਕਣ।

5. ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ।”[3]  

ਇਨ੍ਹਾਂ ਪੰਜ ਖੰਡਾ ਵਿੱਚ ਮਲਵਈ ਸਭਿਆਚਾਰ ਰੱਖ ਕੇ ਖਾਸ ਪਛਾਣ-ਚਿੰਨ੍ਹਾ ਦੀ ਪਰਖ ਪੜਤਾਲ ਕੀਤੀ ਜਾ ਸਕਦੀ ਹੈ। ਭੂਗੋਲ ਤੇ ਰਾਜਸੀ ਪਿਛੋਕੜ ਵਜੋਂ ਮਾਲਵਾਂ ਖਿੱਤਾ ਇਕ ਵੱਖਰੀ ਤੇ ਨਿਵੇਕਲੀ ਪਛਾਣ ਰੱਖਦਾ ਹੈ। ਮਲਵਈ ਸਭਿਆਚਾਰ ਦੇ ਪ੍ਰਭਾਵ ਅਧੀਨ ਹੀ ਮਲਵਈ ਭਾਸ਼ਾ ਦੀ ਅਲੱਗ ਪਹਿਚਾਣ ਬਣਦੀ ਹੈ।

1. ਮਲਵਈ ਲੋਕ ਕਿਰਤ ਖਾਣ ਵਾਲੇ ਤੇ ਹੱਕ ਸੱਚ ਦੀ ਲੜਾਈ ਉੱਤੇ ਪਹਿਰਾ ਦੇਣ ਵਾਲੇ ਯੋਧੇ ਮਨੁੱਖ ਹਨ। ਸੁੱਚੀ ਕਮਾਈ, ਨਿਰਛਲ ਤੇ ਭੋਲਾ ਸੁਭਾਓ ਹੀ ਇਨ੍ਹਾਂ ਦੇ ਤਕੜੇ ਜੁੱਸੇ ਦਾ ਲਖਾਇਕ ਹੈ।

2. ਚਾਹੇ ਮਾਲਵੇ ਵਿੱਚ ਜਾਤ-ਪਾਤ ਧਰਮ ਨਾਲੋਂ ਵੀ ਪਹਿਲੇ ਨੰਬਰ ਉੱਤੇ ਆਉਂਦੀ ਹੈ। ਪਰ ਫੇਰ ਵੀ ਲੋਕਾਂ ਦਾ ਸਾਂਝਾ ਸਭਿਆਚਾਰ ਹਮੇਸ਼ਾ ਵਾਂਗ ਕਾਇਮ ਹੈ। ਪਿੰਡ ਇਕ ਯੂਨਿਟ ਹੈ, ਜਿਸ ਵਿੱਚ ਸਭਿਆਚਾਰ ਦੇ ਆਪਣੇ ਨਿਯਮ ਹਨ, ਆਪਣੀਆਂ ਖੁੱਲ੍ਹਾਂ ਹਨ, ਆਪਣੀਆਂ ਬੰਦਸ਼ਾ ਹਨ।

3. ਖਾਨਦਾਨੀ ਹੈਂਕੜਾਂ ਖ਼ਤਮ ਹਨ, ਰਜਵਾੜਿਆਂ ਦਾ ਰੁਤਬਾ ਜੱਟਾਂ ਬਰਾਬਰ ਆ ਗਿਆ ਹੈ। ਜਾਤੀ ਉੱਚਤਾ ਤੇ ਸਰਕਾਰੀ-ਦਰਬਾਰੀ ਦਿਖਾਵੇ ਨੂੰ ਘ੍ਰਿਣਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਲੋਕਾਂ ਦੀ ਪੱਧਰ ਤੱਕ ਵਿਚਰਨ ਵਾਲਾ ਵਿਅਕਤੀ ਹੀ ਰਾਜਨੀਤਿਕ ਵਿੱਚ ਪ੍ਰਵਾਨ ਹੈ। ਸਿਆਸੀ। ਦਾਅ-ਪੇਚ ਬਾਖੂਬੀ ਸਮਝੇ ਜਾਣ ਲੱਗੇ ਹਨ।

4. ਮਲਵਈ ਔਰਤ ਹੱਡਾਂ-ਪੈਰਾਂ ਦੀ ਖੁੱਲ੍ਹੀ, ਘਰ ਦੇ ਕੰਮਾਂ ਵਿੱਚ ਪਤੀ ਦਾ ਸਾਥ ਦੇਣ ਵਾਲੀ ਅਤੇ ਘਰ ਕਬੀਲਦਾਰੀ ਵਿੱਚ ਪਤੀ ਦੇ ਸੁਪਨਿਆਂ ਦਾ ਹਾਣ ਨਿਭਾਉਂਦੀ ਹੈ। ਪਰਦਾ-ਪ੍ਰਥਾ ਲਗਭਗ  ਖ਼ਤਮ ਹੈ। ਪੜ੍ਹੀਆਂ ਲਿਖੀਆਂ ਕੁੜੀਆਂ ਜੀਵਨ ਦੇ ਹਰ ਮਾਰਗ ਉੱਤੇ ਮਰਦਾ ਵਾਂਗ ਨਿਸੰਗ ਤੁਰਨ ਲੱਗੀਆਂ ਹਨ।

ਸਹਾਇਕ ਪੁਸਤਕਾ:[ਸੋਧੋ]

ਦੇਸ ਮਾਲਵਾ-(ਰਾਮ ਸਰੂਪ ਅਣਖੀ)

ਮਲਵਈ ਸਭਿਆਚਾਰ-(ਓਮ ਪ੍ਰਕਾਸ਼ ਗਾਮੋ)

ਮਾਝੀ ਅਤੇ ਮਲਵਈ ਓਪ ਸਭਿਆਚਾਰ ਤੁਲਨਾਤਮਕ ਅਧਿਐਨ-(ਡਾ. ਬਰਿੰਦਰ ਕੌਰ)


ਹਵਾਲੇ[ਸੋਧੋ]

  1. ਅਣਖੀ, ਰਾਮ ਸਰੂਪ (2009). ਦੇਸ਼ ਮਾਲਵਾ. ਲੋਕਗੀਤ ਪ੍ਰਕਾਸ਼ਨ. p. 9.
  2. ਅਣਖੀ, ਰਾਮ ਸਰੂਪ (2009). ਦੇਸ਼ ਮਾਲਵਾ. ਪਟਿਆਲਾ: ਲੋਕਗੀਤ ਪ੍ਰਕਾਸ਼ਨ. p. 10.
  3. ਅਣਖੀ, ਰਾਮ ਸਰੂਪ (2009). ਦੇਸ਼ ਮਾਲਵਾ. ਪਟਿਆਲਾ: ਲੋਕਗੀਤ ਪ੍ਰਕਾਸ਼ਨ.