ਵਰਤੋਂਕਾਰ ਗੱਲ-ਬਾਤ:14.139.242.57

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੁੱਲ੍ਹੀ ਕਵਿਤਾ ਦਾ ਆਰੰਭ[ਸੋਧੋ]

ਕਵਿਤਾ ਨਾਲ਼ ਖੁੱਲ੍ਹੀ ਵਿਸ਼ੇਸ਼ਣ ਲਾਉਣ ਦਾ ਤਰਕ ਕੀ ਹੈ ਅਤੇ ਕਿੱਥੋਂ ਤੱਕ ਜਾਇਜ਼ ਹੈ? ਇਹ ਸਵਾਲ ਖੁੱਲ੍ਹੀ ਕਵਿਤਾ ਬਾਰੇ ਗੱਲ ਕਰਨ ਸਮੇਂ ਸਾਡੇ ਜ਼ਿਹਨ ਵਿਚ ਅਕਸਰ ਆਉਂਦਾ ਹੈ। ਇਸ ਸਵਾਲ ਦਾ ਸਹੀ ਜਵਾਬ ਜਾਣਨ ਲਈ ਸਾਨੂੰ ਕਵਿਤਾ ਦੇ ਉਸ ਦੌਰ ਵਿਚ ਦਾਖ਼ਲ ਹੋਣਾ ਪਵੇਗਾ, ਜਿਸ ਦੌਰ ਵਿਚ ਕਵਿਤਾ ਦਾ ਮਤਲਬ ਸਿਰਫ਼ ਤੇ ਸਿਰਫ਼ ਛੰਦਬੱਧ ਰਚਨਾ ਤੋਂ ਹੀ ਸੀ। ਕਵਿਤਾ ਦੀ ਇਸ ਪਰਿਭਾਸ਼ਕ ਖੜੋਤ ਨੂੰ ਤੋੜਨ, ਪਰੰਪਰਿਕ ਯਾਂਤਰਿਕਤਾ ’ਚ ਨਵਾਂਪਣ ਲਿਆਉਣ ਲਈ ਕਵਿਤਾ ਵਿਚ ਤਬਦੀਲੀ ਕਰਨ ਦੀ ਅਥਾਹ ਲੋੜ ਸੀ। ਇਹ ਲੋੜ ਇਤਿਹਾਸ, ਸਭਿਆਚਾਰ ਅਤੇ ਸਭਿਅਤਾ ਨਾਲ਼ ਬਹੁ-ਭਿੰਨ ਪੱਧਰਾਂ ’ਤੇ ਜੁੜੀ ਹੋਈ ਸੀ। ਇਸ ਦੀ ਪੂਰਤੀ ਖੁੱਲ੍ਹੀ ਕਵਿਤਾ ਨੇ ਛੰਦਬੱਧ ਕਵਿਤਾ ਦੇ ਪ੍ਰਤਿਕਰਮ ਵਜੋਂ ਕੀਤੀ। ਛੰਦ-ਸ਼ਾਸਤਰੀਆਂ, ਛੰਦ-ਅਭਿਆਸੀਆਂ ਜਾਂ ਛੰਦ ਹਿਮਾਇਤੀਆਂ ਵੱਲੋਂ ਛੰਦਾਂ ਵਿਚ ਕੈਦ ਰਚਨਾ ਨੂੰ ਹੀ ਕਵਿਤਾ ਕਹਿਣਾ ਦਰਅਸਲ ਕਵਿਤਾ ਨਾਲ਼ ਬੇਇਨਸਾਫੀ ਸੀ। ਅਜਿਹਾ ਕਰਨਾ ਇਹ ਕਹਿਣ ਬਰਾਬਰ ਹੀ ਸੀ ਕਿ ਕਵਿਤਾ ਜਾਂ ਸਾਹਿਤ ਹਮੇਸ਼ਾਂ ਇਕ ਥਾਂ ’ਤੇ ਹੀ ਖੜ੍ਹੇ ਰਹਿੰਦੇ ਹਨ, ਅਰਥਾਤ ਇਹ ਵਿਕਾਸਹੀਣ ਹਨ। ਖੁੱਲ੍ਹੀ ਕਵਿਤਾ ਦੀ ਆਮਦ, ਇਸਦਾ ਪ੍ਰਚਲਨ ਸਾਹਿਤ ਦੀ ਵਿਕਾਸਸ਼ੀਲਤਾ ਦਾ ਜ਼ਾਮਨ ਬਣਦਾ ਹੈ। ਛੰਦਾਬੰਦੀ ਅਤੇ ਤੁਕਾਂਤਕਾਰੀ ਦੇ ਨਿਸ਼ਚਿਤ ਅਤੇ ਪਰੰਪਰਿਕ ਪੈਟਰਨਾਂ ਨੂੰ ਤਿਆਗਣ ਵਾਲ਼ੀ ਕਵਿਤਾ ਨੂੰ ਖੁੱਲ੍ਹੀ ਕਵਿਤਾ ਕਿਹਾ ਜਾਂਦਾ ਹੈ। ਲਗ੍ਪਗ ਤੇਰ੍ਹਾਂ ਦਹਾਕੇ ਪਹਿਲਾਂ ਹੋਂਦ ਵਿਚ ਆਈ ਖੁੱਲ੍ਹੀ ਕਵਿਤਾ ਦਾ ਵਿਧੀਵਤ ਰੂਪ ’ਚ ਆਗਾਜ਼ ਫਰਾਂਸ ’ਚ ਹੋਇਆ। ਫਰਾਂਸੀਸੀ ਭਾਸ਼ਾ ਵਿਚ ਖੁੱਲ੍ਹੀ ਕਵਿਤਾ ਲਈ Vers Libre ਸ਼ਬਦ ਪ੍ਰਚਲਿਤ ਹੈ। ਇਸ ਸ਼ਬਦ ਤੋਂ ਹੀ ਅੰਗਰੇਜ਼ੀ ਵਿਚ Free Verse ਸ਼ਬਦ ਦਾ ਪ੍ਰਚਲਨ ਹੁੰਦਾ ਹੈ। ਇਸਦੇ ਬਦਲ ਵਜੋਂ ਪੰਜਾਬੀ ਵਿਚ ਖੁੱਲ੍ਹੀ ਕਵਿਤਾ ਸ਼ਬਦ ਪ੍ਰਚਲਿਤ ਹੁੰਦਾ ਹੈ। ਪਹਿਲੀ ਵਾਰ ਖੁੱਲ੍ਹੀ ਕਵਿਤਾ ਪ੍ਰਕਾਸ਼ਿਤ ਰੂਪ ਵਿਚ 1886 ਵਿਚ ਗਸਤਵ ਕਾਨ੍ਹ (Gustav Kanh) ਦੁਆਰਾ ਚਲਾਏ ਜਾਂਦੇ ਫਰਾਂਸੀਸੀ ਰਸਾਲੇ ਲਾ ਵੋਗ (Lavogue) ਰਾਹੀਂ ਸਾਹਮਣੇ ਆਉਂਦੀ ਹੈ। ਇਸ ਵਿਚ ਪ੍ਰਸਿੱਧ ਅਮਰੀਕੀ ਕਵੀ ਵਾਲਟ ਵਿਟਮੈਨ ਦੀ ਕਾਵਿ ਪੁਸਤਕ ‘ਘਾਹ ਦੀਆਂ ਪੱਤੀਆਂ’ (Leaves of Grass) ਦੀਆਂ ਕੁਝ ਕਵਿਤਾਵਾਂ ਫਰਾਂਸੀਸੀ ਕਵੀ ਜੂਲਿਸ ਲਾ ਫਰੌਗ (Julas La Forgue) ਵਲੋਂ ਫਰਾਂਸੀਸੀ ਵਿਚ ਅਨੁਵਾਦ ਹੋ ਕੇ ਛਪਦੀਆਂ ਹਨ। ਲਾ ਫਰੌਗ ਦੁਆਰਾ ਇਸਦੇ ਨਾਲ਼ ਹੀ ਕੁਝ ਆਪਣੀਆਂ ਖੁੱਲ੍ਹੀਆਂ ਕਵਿਤਾਵਾਂ ਵੀ ਸ਼ਾਮਲ ਕੀਤੀਆਂ ਗਈਆਂ। ਇਸ ਤੋਂ ਅੱਗੇ ਜੀਨ ਮੌਰੀਜ (Jean Moreas), ਪਾਲ ਐਡਿਮ (Paul Adam) ਗਸਤਵ ਕਾਨ੍ਹ ਆਦਿ ਕਵੀ-ਚਿੰਤਕ ਫਰਾਂਸੀਸੀ ਖੁੱਲ੍ਹੀ ਕਵਿਤਾ ਦੇ ਖੇਤਰ ਵਿਚ ਵੱਖੋ-ਵੱਖਰੇ ਤਜਰਬੇ ਕਰਦੇ ਹਨ। ਇਸਦੇ ਦਰਮਿਆਨ ਹੀ ਮਹੱਤਵਪੂਰਨ ਫਰਾਂਸੀਸੀ ਕਵੀ ਰਿਮਬੌਡ (Rimbaud) ਦੀਆਂ ਖੁੱਲ੍ਹੀ ਕਵਿਤਾ ਨਾਲ਼ ਸੰਬੰਧਿਤ ਮਹੱਤਵਪੂਰਨ ਰਚਨਾਵਾਂ ਮਰੀਨੇ (Marine) ਤੇ ਮੂਵਮੈਂਟ (Movement) ਵੀ ਸਾਹਮਣੇ ਆਉਂਦੀਆਂ ਹਨ। 1913 ਵਿਚ ਪੋਇਟਰੀ (Poetry) ਮੈਗਜ਼ੀਨ ਦੇ ਮਾਰਚ ਮਹੀਨੇ ਦੇ ਅੰਕ ਵਿਚ ਚਿੰਨ੍ਹਵਾਦੀ ਲਹਿਰ ਨਾਲ਼ ਸੰਬੰਧਿਤ ਚਿੰਤਕ ਐਜ਼ਰਾ ਪਾਊਂਡ (Ezra Pound) ਦੁਆਰਾ ਛੰਦ ਤੋਂ ਬਿਨਾਂ ਵੀ ਰਿਦਮ ਦੀ ਹੋਂਦ ਨੂੰ ਸਵੀਕਾਰਨ ਨਾਲ਼ ਖੁੱਲ੍ਹੀ ਕਵਿਤਾ ਦਾ ਇਸ ਆਧੁਨਿਕਤਾਵਾਦੀ ਲਹਿਰ ਨਾਲ਼ ਵੀ ਸੰਬੰਧ ਜੁੜਦਾ ਹੈ। ਖੁੱਲ੍ਹੀ ਕਵਿਤਾ ਦਾ ਗ਼ੈਰ-ਰਸਮੀ ਆਰੰਭ 1855 ਈ. ’ਚ ਪ੍ਰਕਾਸ਼ਿਤ ਪ੍ਰਸਿੱਧ ਅਮਰੀਕੀ ਕਵੀ ਵਾਲਟ ਵਿਟਮੈਨ ਦੀ ਚਰਚਿਤ ਪੁਸਤਕ ‘ਘਾਹ ਦੀਆਂ ਪੱਤੀਆਂ’ (Leaves of Grass) ਨਾਲ਼ ਹੁੰਦਾ ਹੈ। ਵਾਲਟ ਵਿਟਮੈਨ ਭਾਵੇਂ ਖੁੱਲ੍ਹੀ ਕਵਿਤਾ ਲਿਖਣ ’ਚ ਪਹਿਲਕਦਮੀ ਕਰਦਾ ਹੈ, ਪਰ ਉਹ ਇਸਦੀ ਰਸਮੀ ਸ਼ੁਰੂਆਤ ਨਹੀਂ ਕਰਦਾ, ਅਰਥਾਤ ਉਹ ਆਪਣੇ ਵੱਲੋਂ ਲਿਖੀ ਇਸ ਨਵੇਂ ਢੰਗ ਦੀ ਕਵਿਤਾ ਨੂੰ ਕੋਈ ਨਵਾਂ ਲਕਬ ਨਹੀਂ ਦਿੰਦਾ। ਸੋ 1855 ਵਿਚ ਖੁੱਲ੍ਹੀ ਕਵਿਤਾ ਦਾ ਅਣਐਲਾਨੀਆਂ ਤੌਰ ’ਤੇ ਆਰੰਭ ਹੁੰਦਾ ਹੈ। 1886 ਵਿਚ ਫਰਾਂਸ ਵਿਚ Vers Libre ਦੇ ਨਾਂ ਹੇਠ ਐਲਾਨੀਆਂ ਆਰੰਭ ਹੁੰਦਾ ਹੈ ਅਤੇ ਖੁੱਲ੍ਹੀ ਕਵਿਤਾ ਦੀ ਲਹਿਰ ਦਾ ਆਗਾਜ਼ ਵੀ। ਪੰਜਾਬੀ ਵਿਚ ਖੁੱਲ੍ਹੀ ਕਵਿਤਾ ਦਾ ਆਰੰਭ ਪ੍ਰੋ. ਪੂਰਨ ਸਿੰਘ ਦੀ 1923 ’ਚ ਪ੍ਰਕਾਸ਼ਿਤ ਕਾਵਿ-ਪੁਸਤਕ ‘ਖੁੱਲ੍ਹੇ ਮੈਦਾਨ’ ਨਾਲ਼ ਹੁੰਦਾ ਹੈ। ਪ੍ਰੋ. ਪੂਰਨ ਸਿੰਘ ਆਪਣੀ ਕਵਿਤਾ ਨੂੰ ਸੈਲਾਨੀ ਛੰਦ ਅਤੇ ਛੰਦ ਝਿਲਮਿਲੇ ਦਾ ਲਕਬ ਦਿੰਦੇ ਹਨ। ਉਹਨਾਂ ਦੇ ਸਮੇਂ ਦੌਰਾਨ ਇਸ ਕਵਿਤਾ ਨੂੰ ਖੁੱਲ੍ਹੀ ਕਵਿਤਾ ਨਹੀਂ ਕਿਹਾ ਗਿਆ। ਪ੍ਰੋ. ਪੂਰਨ ਸਿੰਘ ਦੁਆਰਾ ਰਚਿਤ ਕਾਵਿ ਪੁਸਤਕਾਂ ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਢ, ਖੁੱਲ੍ਹੇ ਆਸਮਾਨੀ ਰੰਗ ਦੇ ਨਾਵਾਂ ਨਾਲ਼ ਲੱਗੇ ਸ਼ਬਦ ‘ਖੁੱਲ੍ਹੇ’ ਨੂੰ ਅੰਗਰੇਜ਼ੀ Free ਸ਼ਬਦ ਦੇ ਅਨੁਵਾਦਮੂਲਕ ਬਦਲ ਅਤੇ ਛੰਦ-ਤੁਕਾਂਤ ਦੇ ਪਰੰਪਰਿਕ ਪੈਰਾਮੀਟਰਾਂ ਦੇ ਪ੍ਰਤਿਬਦਲ ਦੀ ਪ੍ਰਤੀਨਿਧਤਾ ਕਰਨ ਵਾਲ਼਼ਾ ਸ਼ਬਦ ਮੰਨਕੇ ਇਸਨੂੰ ਕਵਿਤਾ ਦੇ ਮੂਹਰੇ ਵਿਸ਼ੇਸ਼ਣ ਵਜੋਂ ਵਰਤ ਕੇ ਖੁੱਲ੍ਹੀ ਕਵਿਤਾ ਸੰਕਲਪਗਤ ਸ਼ਬਦ ਘੜ ਲਿਆ ਗਿਆ। ਪਹਿਲੀ ਵਾਰ ਇਸ ਸ਼ਬਦ ਦੀ ਵਰਤੋਂ ਕਿਸਨੇ ਕੀਤੀ, ਕਦੋਂ ਕੀਤੀ ਇਸ ਬਾਰੇ ਪ੍ਰਮਾਣਿਕਤਾ ਸਹਿਤ ਕੁਝ ਕਹਿਣਾ ਮੁਸ਼ਕਲ ਹੈ। ਪੰਜਾਬੀ ਖੁੱਲ੍ਹੀ ਕਵਿਤਾ ਨੂੰ ਜਿੱਥੇ ਵੱਡੇ ਪੰਜਾਬੀ ਕਵੀਆਂ ਨੇ ਆਪਣੀਆਂ ਉਚੇਰੀਆਂ ਕਾਵਿ ਯੋਗਤਾਵਾਂ ਦੇ ਬਲਬੂਤੇ ਇਕ ਵੱਖਰੀ ਕਾਵਿ ਵਿਧਾ ਵਜੋਂ ਸਥਾਪਿਤ ਕੀਤਾ, ਉੱਥੇ ਬਹੁਤ ਸਾਰੇ ਅਖੌਤੀ ਕਵੀਆਂ ਨੇ ਕਚ-ਘਰੜ ਕਵਿਤਾਵਾਂ ਬਣਾ ਕੇ ਖੁੱਲ੍ਹੀ ਕਵਿਤਾ ਦੀ ਲੋਕਪ੍ਰਿਅਤਾ ’ਤੇ ਇੱਥੋਂ ਤੱਕ ਕਿ ਇਸਦੇ ਕਵਿਤਾ ਹੋਣ ’ਤੇ ਵੀ ਸਵਾਲੀਆ ਨਿਸ਼ਾਨ ਲਵਾ ਦਿੱਤੇ। ਖੁੱਲ੍ਹੀ ਕਵਿਤਾ ਦੇ ਨਾਂ ’ਤੇ ਖੁੱਲ੍ਹ ਦਾ ਫ਼ਾਇਦਾ ਉਠਾਉਂਦਿਆਂ ਖੁੱਲ੍ਹੀ ਕਵਿਤਾ ਧੜਾਧੜ ਲਿਖੀ ਜਾ ਰਹੀ ਹੈ। ਮਿਆਰੀ, ਉਚੇਰੀ ਖੁੱਲ੍ਹੀ ਕਵਿਤਾ ਦਾ ਪਹਿਲਾਂ ਵੀ ਕਲਾਤਮਕ, ਸੁਹਜਾਤਮਿਕ ਜਾਂ ਸਾਹਿਤਕ ਮੁੱਲ ਸੀ ਤੇ ਪਾਠਕ ਤਬਕਾ ਕਦਰ ਕਰਦਾ ਸੀ, ਇਹ ਹੁਣ ਵੀ ਹੈ ਅਤੇ ਭਵਿੱਖ ’ਚ ਵੀ ਰਹੇਗਾ। ਛੰਦ ਕਵਿਤਾ ਲਿਖਣ ਦੀ ਇਕ ਵਿਧੀ ਹੈ। ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਵਿਧੀ ਜਾਂ ਢੰਗ ਕਵਿਤਾ ਦੀ ਬਣਤਰ, ਕਵਿਤਾ ਦੇ ਸਰੂਪ ਜਾਂ ਵਿਓਂਤਬੰਦੀ ’ਤੇ ਪ੍ਰਭਾਵੀ ਅਸਰ ਤਾਂ ਪਾਉਂਦੇ ਹਨ ਪਰ ਕਵਿਤਾ ਨਹੀਂ ਹੁੰਦੇ। ਇਹ ਕਵਿਤਾ ਦੇ ਹੋਣ ਵਿਚ ਸਹਾਇਕ ਰੋਲ ਨਿਭਾਉਂਦੇ ਹਨ। ਕਵਿਤਾ ਦਾ ਕਵਿਤਾ ਹੋਣਾ ਉਸਦੀ ਬਾਹਰੀ ਦਿੱਖ ਨਾਲ਼ੋਂ ਉਸਦੇ ਆਂਤਰਿਕ, ਅਦਿੱਖ, ਅਬਦਲ, ਗੁਣ-ਲੱਛਣਾਂ ’ਤੇ ਵਧੇਰੇ ਨਿਰਭਰ ਕਰਦਾ ਹੈ। ਦਿਸਦੇ ਬਾਹਰੀ ਪਸਾਰ ਬਦਲਣਸ਼ੀਲ ਹੁੰਦੇ ਹਨ ਪਰ ਕਵਿਤਾ ਦੇ ਆਂਤਰਿਕ ਸੁਹਜਮੂਲਕ, ਅਨੁਭਵਮੂਲਕ ਪਸਾਰ ਸਦੀਵੀ ਤੇ ਅਬਦਲ ਹੁੰਦੇ ਹਨ। ਖੁੱਲ੍ਹੀ ਕਵਿਤਾ ਦੇ ਜੇਕਰ ਅਸੀਂ ਪੈਟਰਨ ਵੇਖੀਏ ਤਾਂ ਇਹ ਬੇਸ਼ੁਮਾਰ ਹਨ। ਇਕ ਕਵੀ ਦੀਆਂ ਕਵਿਤਾਵਾਂ ਦੇ ਪੈਟਰਨ ਹੀ ਆਪੋ-ਵਿਚਦੀਂ ਨਹੀਂ ਮਿਲ਼ਦੇ। ਇਹ ਖੁੱਲ੍ਹੀ ਕਵਿਤਾ ਦੀ ਅਮੀਰੀ ਵੀ ਹੈ। ਛੰਦਬੱਧ ਕਵਿਤਾ ਜਾਂ ਪਰੰਪਰਿਕ ਤੁਕ-ਤੁਕਾਂਤਾਂ ਨਾਲ਼ ਸੰਬੰਧਿਤ ਕਵਿਤਾਵਾਂ ਵਿਚ ਪੈਟਰਨਾਂ ਦੀ ਇਕਸਾਰਤਾ ਹੀ ਹੁੰਦੀ ਹੈ। ਖੁੱਲ੍ਹੀ ਕਵਿਤਾ ਵਿਚ ਪ੍ਰਗਟਾਵਾ ਅਤੇ ਪੈਟਰਨ ਦੋਵੇਂ ਹੀ ਬਦਲਵੇਂ ਹੁੰਦੇ ਹਨ ਜਾਂ ਬਦਲਵੇਂ ਰਹਿੰਦੇ ਹਨ। ਅਸੀਂ ਇਸਨੂੰ ਖੁੱਲ੍ਹੀ ਕਵਿਤਾ ਦੀ ਅਮੀਰੀ ਮੰਨਿਆ ਹੈ ਤੇ ਇਹ ਹੈ ਵੀ ਸੱਚ-ਮੁੱਚ ਅਮੀਰੀ। ਸਿੱਟੇ ’ਤੇ ਪਹੁੰਚਣ ਲਈ ਇਕ ਸਮੇਂ ਲਈ ਸਾਨੂੰ ਕਵਿਤਾ ਦੀਆਂ ਵੱਖੋ-ਵੱਖਰੀਆਂ ਵੰਨਗੀਆਂ ਨੂੰ ਭੁੱਲ ਕੇ ਸਿਰਫ਼ ਕਵਿਤਾ ਬਾਰੇ ਹੀ ਸੋਚਣਾ ਚਾਹੀਦਾ ਹੈ। ਇਸ ਬਾਰੇ ਰਤਾ ਵੀ ਸੰਦੇਹ ਨਹੀਂ ਕਿ ਹਰ ਕਵਿਤਾ ਭਾਸ਼ਾ ’ਚ ਹੋਵੇਗੀ (ਲਿਖਤ ਦੇ ਸੰਦਰਭ ’ਚ) ਤੇ ਹਰ ਕਵਿਤਾ ’ਚ ਅਭਿਵਿਅਕਤ ਪ੍ਰਵਚਨ ਕਾਵਿਕ ਪ੍ਰਵਚਨ (Poetic discourse) ਹੋਵੇਗਾ। ਕਵਿਤਾ ਵਿਚ ਭਾਸ਼ਾ ਨੇ ਸਿਰਫ਼ ਸੰਚਾਰ ਹੀ ਨਹੀਂ ਕਰਨਾ ਹੁੰਦਾ, ਸਗੋਂ ਕਾਵਿਕ-ਸੁਹਜ ਦੀ ਪ੍ਰਚੰਡਤਾ ਤੇ ਜਲੌ ਨੂੰ ਵੀ ਬਰਕਰਾਰ ਰੱਖਣਾ ਹੁੰਦਾ ਹੈ। ਕਿਸੇ ਵੀ ਵੰਨਗੀ ਦੀ ਕਵਿਤਾ ਦੇ ਇਹ ਘੱਟੋ-ਘੱਟ ਮੂਲ-ਭੂਤ ਨੇਮ ਹਨ। ਇਹਨਾਂ ਮੂਲ-ਭੂਤ ਨੇਮਾਂ ਨਾਲ਼ ਕਵਿਤਾ, ਵਾਰਤਕ, ਨਾਟਕ, ਗਲਪ ਆਦਿ ਤੋਂ ਵੱਖਰੀ ਹੋ ਜਾਂਦੀ ਹੈ। ਇਸ ਤੋਂ ਅੱਗੇ ਕਵਿਤਾ ਦੀਆਂ ਅੱਗੋਂ ਆਪਣੀਆਂ ਵੱਖੋ-ਵੱਖਰੀਆਂ ਵੰਨਗੀਆਂ ਦਾ ਸਵਾਲ ਆਉਂਦਾ ਹੈ। ਕਵਿਤਾ ਦੀਆਂ ਸਮੁੱਚੀਆਂ ਵੰਨਗੀਆਂ ਉਪਰੋਕਤ ਮੂਲ-ਨੇਮਾਂ ਨੂੰ ਸਾਂਝੇ ਸੂਤਰ ਦੇ ਰੂਪ ਵਿਚ ਅੰਗੀਕਾਰ ਕਰਦੀਆਂ ਹਨ। ਇਹਨਾਂ ਦੇ ਨਾਲ਼-ਨਾਲ਼ ਹਰ ਵੰਨਗੀ ਆਪਣੇ ਵੱਖਰੇ ਹੋਂਦ-ਮੂਲਕ, ਪਛਾਣ-ਮੂਲਕ, ਪ੍ਰਗਟਾਅ-ਮੂਲਕ ਕਲਾਤਮਿਕ ਪੈਟਰਨਾਂ, ਕਲਾ-ਜੁਗਤਾਂ ਨੂੰ ਗ੍ਰਹਿਣ ਕਰਦੀ ਹੈ। ਜਿਵੇਂ ਕਿ ਗ਼ਜ਼ਲ ਕਾਵਿ ਦੇ ਮੂਲ-ਭੂਤ ਨੇਮਾਂ ਨੂੰ ਧਾਰਣ ਕਰਦੀ ਹੈ, ਤਦ ਹੀ ਇਹ ਗ਼ਜ਼ਲ ਬਣ ਸਕਦੀ ਹੈ ਅਤੇ ਨਾਲ਼ ਹੀ ਜੇਕਰ ਗ਼ਜ਼ਲ ਦੇ ਨਿਰਧਾਰਿਤ ਪੈਰਾਮੀਟਰਾਂ ਕਲਾ-ਜੁਗਤਾਂ, ਤਕਨੀਕੀ ਨੇਮਾਂ ਨੂੰ ਵੀ ਅਪਣਾਵੇਗੀ। ਸਾਨੂੰ ਇਹ ਗੱਲ ਵੀ ਸਪਸ਼ਟ ਰਹਿਣੀ ਚਾਹੀਦੀ ਹੈ ਕਿ ਨਿਰੀਆਂ-ਪੁਰੀਆਂ ਗ਼ਜ਼ਲ ਦੀਆਂ ਬੰਧਸ਼ਾਂ ਨੂੰ ਧਾਰਣ ਕਰ ਲੈਣ ਜਾਂ ਅੰਗੀਕਾਰ ਕਰ ਲੈਣ ਨਾਲ਼ ਕੋਈ ਸ਼ਬਦ ਸੰਰਚਨਾ ਗ਼ਜ਼ਲ ਨਹੀਂ ਬਣ ਜਾਂਦੀ। ਕਾਵਿ ਦੇ ਮੂਲ-ਭੂਤ ਜਾਂ ਆਧਾਰੀ ਨੇਮਾਂ ਦਾ ਪਾਲਣ ਕਰਨ ਨਾਲ਼ ਹੀ ਗ਼ਜ਼ਲ ਦਾ ਕਾਵਿ ਮੁੱਲ ਬਣੇਗਾ। ਸੋ ਕਾਵਿ ਦੇ ਬੁਨਿਆਦੀ, ਆਧਾਰੀ ਜਾਂ ਮੂਲ-ਭੂਤ ਨੇਮ ਕਾਵਿ ਦੀਆਂ ਵੰਨਗੀਆਂ੍ਗੀਤ, ਗ਼ਜ਼ਲ, ਨਜ਼ਮ, ਖੁੱਲ੍ਹੀ ਕਵਿਤਾ, ਸਲੋਕ, ਹਾਇਕੂ, ਰੁਬਾਈ ਆਦਿ ਸਭ ਲਈ ਇਕੋ ਹਨ। ਜਿਸ ਕਰਕੇ ਇਹ ਵੰਨਗੀਆਂ ਕਾਵਿ ਦੇ ਘੇਰੇ ਵਿਚ ਆਉਂਦੀਆਂ ਹਨ। ਇਹਨਾਂ ਵੰਨਗੀਆਂ ਦੇ ਅੱਗੋਂ ਆਪੋ-ਆਪਣੇ ਤਕਨੀਕੀ ਨੇਮ ਤੇ ਸੁਹਜ-ਸੰਚਾਰ ਢੰਗ ਹੁੰਦੇ ਹਨ, ਜਿਹੜੇ ਇਹਨਾਂ ਦੀ ਵੱਖਰੀ ਪਛਾਣ ਨਿਰਧਾਰਿਤ ਕਰਦੇ ਹਨ। ਬੁਨਿਆਦੀ ਨੇਮਾਂ ਤੋਂ ਬਿਨਾਂ ਇਕੱਲੇ ਤਕਨੀਕੀ ਨੇਮ ਸਿਵਾਏ ਸ਼ਾਬਦਿਕ ਢਾਂਚੇ ਤੋਂ ਹੋਰ ਕੁਝ ਨਹੀਂ ਹੁੰਦੇ। ਸਾਡੇ ਸਰੋਕਾਰ ਦਾ ਸੰਬੰਧ ਖੁੱਲ੍ਹੀ ਕਵਿਤਾ ਨਾਲ਼ ਹੈ। ਖੁੱਲ੍ਹੀ ਕਵਿਤਾ ਦੇ ਕਿਹੜੇ ਅਜਿਹੇ ਤਕਨੀਕੀ ਨੇਮ ਤੇ ਲੱਛਣ ਹਨ, ਜਿਨ੍ਹਾਂ ਦਾ ਪਾਲਣ ਕਰਕੇ ਇਹ ਖੁੱਲ੍ਹੀ ਵਿਸ਼ੇਸ਼ਣ ਦੀ ਅਧਿਕਾਰੀ ਬਣ ਜਾਂਦੀ ਹੈ। ਜੇਕਰ ਅਸੀਂ ਨਿਰਸੰਕੋਚ ਕਹਿਣਾ ਹੋਵੇ ਤਾਂ ਖੁੱਲ੍ਹੀ ਕਵਿਤਾ ਦੇ ਤਕਨੀਕੀ ਨੇਮਾਂ ਦਾ ਸੰਬੰਧ ਛੰਦਬੱਧ ਕਵਿਤਾ ਦੇ ਤਕਨੀਕੀ ਨੇਮਾਂ ਨੂੰ ਕਲਾਤਮਿਕਤਾ ਸਹਿਤ ਤੋੜਨ ਨਾਲ਼ ਜਾਂ ਇਹਨਾਂ ਦੀ ਅਵੱਗਿਆ ਕਰਨ ਨਾਲ਼ ਹੀ ਬਣਦਾ ਹੈ। ਜੇਕਰ ਵੇਖਿਆ ਜਾਵੇ ਤਾਂ ਇਹ ਬੇਹੱਦ ਜੋਖ਼ਮ ਵਾਲ਼਼ਾ ਕਾਰਜ ਹੈ। ਖੁੱਲ੍ਹੀ ਕਵਿਤਾ ਲਈ ਇਹ ਖੰਡੇ ਦੀ ਧਾਰ ’ਤੇ ਤੁਰਨ ਬਰਾਬਰ ਹੈ। ਖੁੱਲ੍ਹੀ ਕਵਿਤਾ ਲਈ ਛੰਦ ਦੀ ਅਵੱਗਿਆ ’ਚੋਂ ਆਪਣੀ ਕਲਾਤਮਿਕ ਯੋਗਤਾ ਤਲਾਸ਼ਣੀ ਸਾਫ਼ ਸੁਥਰੀ, ਸਿੱਧੀ ਸੜਕ ਤੋਂ ਜੰਗਲੀ ਪਗਡੰਡੀ ’ਤੇ ਤੁਰਨ ਵਾਂਗ ਹੈ। ਮੰਜ਼ਿਲ ’ਤੇ ਪਹੁੰਚਣ ਦਾ ਵੀ ਫ਼ਿਕਰ ਹੁੰਦਾ ਹੈ ਤੇ ਆਪਣਾ ਪੱਲਾ ਸਾਬਤ ਰੱਖਣ ਦਾ ਵੀ ਫ਼ਿਕਰ। ਨਿਸ਼ਚਿਤ, ਨਿਰਧਾਰਿਤ ਚੌਖਟੇ ਨੂੰ ਆਧਾਰ ਬਣਾ ਕੇ ਕਾਵਿ-ਰਚਨਾ ਕਰਨ ਨਾਲ਼ੋਂ ਬਿਨਾਂ ਕਿਸੇ ਨਿਸ਼ਚਿਤ, ਨਿਰਧਾਰਿਤ ਚੌਖਟੇ ਨੂੰ ਅਗਾਊਂ ਚਿਤਵਣ ਤੋਂ ਕਾਵਿ ਰਚਨਾ ਕਰਨੀ (ਜੇਕਰ ਸੱਚੀ-ਮੁੱਚੀ ਰਚਨਾ ਕਰਨੀ ਹੋਵੇ) ਆਪਣੇ ਆਪ ’ਚ ਬਿਖਮ ਕਾਰਜ ਹੈ। ਖੁੱਲ੍ਹੀ ਕਵਿਤਾ ਛੰਦਬੱਧ ਕਵਿਤਾ ਤੋਂ ਪਲਟਾ ਜਾਂ ਪਰਿਵਰਤਨ ਸਾਹਿਤ ਰੂਪਾਕਾਰਾਂ ਦਾ ਸੁਭਾਅ ਕਠੋਰਤਾ (rigidity) ਵਾਲ਼਼ਾ ਨਹੀਂ ਹੁੰਦਾ। ਰੂਪਾਕਾਰ ਆਪਣੇ ਸਾਹਿਤ ਧਰਮ ਨੂੰ ਨਿਭਾਉਂਦਿਆਂ ਆਪਣੀ ਸਿਰਜਨਾਤਮਕ ਲਚਕਤਾ ਵੀ ਬਰਾਬਰ ਬਣਾਈ ਰੱਖਦੇ ਹਨ। ਲਚਕਤਾ ਤੋਂ ਇਹ ਵੀ ਭਾਵ ਨਹੀਂ ਲੈਣਾ ਚਾਹੀਦਾ ਕਿ ਸਾਹਿਤ ਰੂਪਾਕਾਰਾਂ ਵਿਚ ਪਲਟੇ (Shift) ਵਰਗਾ ਕੁਝ ਵਾਪਰਦਾ ਹੈ। ਲਚਕਤਾ ਤੋਂ ਭਾਵ ਸਾਨੂੰ ਸਾਹਿਤ ਰੂਪਾਕਾਰਾਂ ਦੀ ਪਰਿਵਰਤਨਸ਼ੀਲਤਾ (Changeability) ਤੋਂ ਲੈਣਾ ਚਾਹੀਦਾ ਹੈ। ਤਬਦੀਲੀ ਜਾਂ ਪਰਿਵਰਤਨ ਇਕ ਕੁਦਰਤੀ ਪ੍ਰਕਿਰਿਆ (Natural Process) ਹੈ, ਜੋ ਨਿਰੰਤਰ ਆਪਣੀ ਚਾਲੇ ਸਹਿਜ ਰੂਪ ’ਚ ਹਰ ਕਿਤੇ ਵਾਪਰਦੀ ਰਹਿੰਦੀ ਹੈ। ਜਦੋਂ ਕਿ ਪਲਟਾ ਇਕ ਦਮ ਅੰਦਰੂਨੀ ਜਾਂ ਬਾਹਰੀ ਦਬਾਅ ਨਾਲ਼ ਵਾਪਰਨ ਵਾਲ਼਼ਾ ਵਰਤਾਰਾ ਹੈ। ਸੋ ਸਾਹਿਤ ਰੂਪਾਕਾਰਾਂ ’ਚ ਪਲਟੇ ਵਰਗਾ ਕੁਝ ਵਾਪਰਨ ਦੀ ਸੰਭਾਵਨਾ ਘੱਟ ਹੁੰਦੀ ਹੈ। ਰੂਪਾਕਾਰਾਂ ’ਚ ਵਾਪਰਨ ਵਾਲ਼ੀ ਤਬਦੀਲੀ ਦਾ ਸੰਬੰਧ ਮਨੁੱਖੀ ਸਮਾਜ ਦੇ ਇਤਿਹਾਸਿਕ ਵਿਕਾਸ ਨਾਲ਼ ਹੁੰਦਾ ਹੈ। ਇਸੇ ਸੰਬੰਧ ਵਿਚ ਅਸੀਂ ਖੁੱਲ੍ਹੀ ਕਵਿਤਾ ਦੇ ਉਪਜਣ, ਵਿਕਸਣ ਨੂੰ ਸਮਝ ਸਕਦੇ ਹਾਂ। ਖੁੱਲ੍ਹੀ ਕਵਿਤਾ ਛੰਦਬੱਧ ਕਵਿਤਾ ਤੋਂ ਇਕਦਮ ਵੱਜਿਆ ਪਲਟਾ ਨਹੀਂ, ਸਗੋਂ ਇਹ ਸਮਾਜ ਦੇ ਇਤਿਹਾਸਿਕ ਵਿਕਾਸ ਦੀਆਂ ਹਕੀਕਤਾਂ ਕਾਰਨ ਵਾਪਰਨਯੋਗ ਵਾਪਰੀ ਵਿਸ਼ੇਸ਼ ਤਬਦੀਲੀ ਹੈ। “ਕਾਵਿ ਦਾ ਇਹ ਰੂਪ ਮਨੁੱਖੀ ਸਮਾਜ ਦੇ ਇਤਿਹਾਸਿਕ ਵਿਕਾਸ ਦਾ ਸਿੱਟਾ ਹੈ।...ਸ਼ਬਦਾਂ ਨੂੰ ਪ੍ਰਮਾਣਿਕ ਸਰੂਪ ਵਿਚ ਢਾਲਣ ਦੀ ਮਜ਼ਬੂਰੀ ਕਈ ਵਾਰ ਕਵੀ ਦੀ ਖ਼ਿਆਲ ਉਡਾਰੀ, ਕਾਵਿ-ਅਨੁਭੂਤੀ ਤੇ ਭਾਵ-ਅਭਿਵਿਅਕਤੀ ਵਿਚ ਬੰਧਨ ਬਣਦੀ ਹੈ। ਪ੍ਰਤਿਭਾਸ਼ੀਲ ਕਵੀ ਛੰਦ ਨੂੰ ਇਕ ਜਕੜ ਵਾਂਗ ਮਹਿਸੂਸ ਕਰ ਸਕਦਾ ਹੈ ਅਤੇ ਉਹ ਆਪਣੀ ਕਾਵਿ ਪ੍ਰਤਿਭਾ ਦੇ ਬਲ ਨਾਲ਼ ਖੁੱਲ੍ਹੇ ਆਸਮਾਨ ਵਿਚ ਉੱਚੀਆਂ ਅਤੇ ਖੁੱਲ੍ਹੀਆਂ ਉਡਾਰੀਆਂ ਲਾਉਣਾ ਲੋਚਦਾ ਹੈ ਤਾਂ ਉਹ ਕਾਵਿ ਦੇ ਪੁਰਾਣੇ ਮਾਪਾਂ ਵਿਚ ਨਵੇਂ ਪ੍ਰਯੋਗ ਕਰਕੇ ਨਵੇਂ ਅਤੇ ਮੌਲਿਕ ਅੰਦਾਜ਼ ਵਿਚ ਲਿਖਣ ਦੀ ਪ੍ਰੇਰਨਾ ਲੈਂਦਾ ਹੈ। ਵਾਸਤਵ ਵਿਚ, ਆਧੁਨਿਕ ਯੁੱਗ ਵਿਚ ਸਾਮੰਤਵਾਦੀ ਕਦਰਾਂ-ਕੀਮਤਾਂ ਅਤੇ ਰੀਤੀਆਂ ਦੇ ਪੁਨਰ-ਮੁਲਾਂਕਣ ਕਰਨ ਦੀ ਰੁਚੀ ਪੈਦਾ ਹੋਈ ਜਿਸਦੇ ਫਲਸਰੂਪ ਆਧੁਨਿਕ ਕਵੀਆਂ ਨੇ ਵੀ ਛੰਦ ਦੀ ਉਂਗਲ ਫੜ੍ਹਕੇ ਤੁਰਨ ਤੋਂ ਇਨਕਾਰ ਕਰ ਦਿੱਤਾ। ਅਜੋਕੇ ਯੁੱਗ ਦਾ ਮਸ਼ੀਨੀਕਰਣ ਹੋਣ ਨਾਲ਼ ਕਾਵਿ ਸਰੂਪ ਵਿਚ ਇਹ ਤਬਦੀਲੀ ਆਈ ਹੈ। ਛੰਦਬੱਧ ਕਵਿਤਾ ਪੁਰਾਤਨਤਾ ਤੇ ਪਰੰਪਰਾ ਦੀ ਧਾਰਣੀ ਹੁੰਦੀ ਹੈ, ਜਦ ਕਿ ਛੰਦ-ਮੁਕਤ ਕਵਿਤਾ ਵਿਚੋਂ ਆਧੁਨਿਕਤਾ ਤੇ ਬੌਧਿਕਤਾ ਦਾ ਅੰਸ਼ ਉਜਾਗਰ ਹੁੰਦਾ ਹੈ। ਹੁਣ ਆਧੁਨਿਕ ਕਵੀਆਂ ਵਿਚ ਛੰਦ ਨੂੰ ਕਾਵਿ ਦਾ ਸਰੀਰ ਨਹੀਂ ਸਗੋਂ ਲਿਬਾਸ ਸਮਝਿਆ ਜਾਂਦਾ ਹੈ।”1 ਖੁੱਲ੍ਹੀ ਕਵਿਤਾ ਦੀ ਖ਼ਾਸੀਅਤ ਇਹ ਬਣਦੀ ਹੈ ਕਿ ਇਹ ਹੁਣਵੇਂ ਸਮਿਆਂ ਦੇ ਬੰਦੇ ਦੇ ਮਨ ਦੇ ਬਹੁ-ਬਿਧਾ ਮੂਲਕ ਪਸਾਰਾਂ ਨੂੰ ਆਪਣੇ ਖੁੱਲ੍ਹੇ-ਡੁੱਲ੍ਹੇ ਰੂਪ ਅਤੇ ਪ੍ਰਗਟਾਉ ਪੈਟਰਨਾਂ ਵਿਚ ਸਹਿਜੇ ਹੀ ਸਮੋਅ ਸਕਦੀ ਹੈ। ਨਿਸ਼ਚਿਤ ਗਿਣਤੀ-ਮਿਣਤੀ ਅਤੇ ਕਰੜੀ ਤੁਕਬੰਦੀ ਤੋਂ ਮੁਕਤ ਸ਼ਬਦ ਆਪਣੀ ਤਰ੍ਹਾਂ ਦਾ ਆਜ਼ਾਦਾਨਾ ਸ਼ਾਬਦਿਕ ਜਲੌ ਸਿਰਜ ਲੈਂਦੇ ਹਨ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮੁਕਤ ਜਾਂ ਖੁੱਲ੍ਹੇ ਕਾਵਿ ਰੂਪ ਕਠੋਰ ਬੰਧਨ ਬੰਧੇਜਾਂ ਤੋਂ ਤਾਂ ਮੁਕਤ ਹੁੰਦੇ ਹਨ, ਪਰ ਕਵਿਤਾ ਦੇ ਕਾਵਿਕ ਅਨੁਸ਼ਾਸਨ ਤੋਂ ਨਹੀਂ। ਜੇਕਰ ਅਸੀਂ ਅਨੁਸ਼ਾਸਨ ਨੂੰ ਬੰਧਨ ਮੰਨ ਕੇ ਤਜ ਰਹੇ ਹੋਵਾਂਗੇ ਤਾਂ ਸਾਡੀ ਖੁੱਲ੍ਹੀ ਕਵਿਤਾ ਸਿਰਫ਼ ਖੁੱਲ੍ਹੀ ਹੀ ਹੋਵੇਗੀ, ਕਵਿਤਾ ਨਹੀਂ ਹੋਵੇਗੀ। ਅਨੁਸ਼ਾਸਨ ਹਰ ਤਰ੍ਹਾਂ ਦੀ ਸਿਨਫ਼ ਲਈ ਲੋੜੀਂਦਾ ਹੁੰਦਾ ਹੈ। ਇਹ ਆਪਣੇ ਆਪ ਹੀ ਪੜ੍ਹਦਿਆਂ-ਲਿਖਦਿਆਂ ਖ਼ੁਦ-ਰੌਅ ਸਿਰਜਿਆ ਜਾਂਦਾ ਹੈ। ਪ੍ਰਤਿਭਾਵਾਨ ਲੋਕਾਂ ਨੂੰ ਇਸ ਲਈ ਕੋਈ ਹੋਰ ਵੱਖਰਾ ਕੋਰਸ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਭਾਸ਼ਾ, ਸਭਿਆਚਾਰ, ਕਵਿਤਾ ਨਾਲ਼ ਤੁਹਾਡੀ ਧੁਰ ਅੰਦਰ ਤੱਕ ਸੂਖਮ ਸਾਂਝ ਹੋਵੇਗੀ ਤਾਂ ਇਹ ਕਹਿਣ ਦੀ ਲੋੜ ਨਹੀਂ ਪਵੇਗੀ ਕਿ ਕਵਿਤਾ ਦੇ ਅਨੁਸ਼ਾਸਨ ਦਾ ਖਿਆਲ ਰੱਖੋ। ਅਨੁਸ਼ਾਸਨ ਦਾ ਸੰਬੰਧ ਅਸਲ ਵਿਚ ਸਮਾਜ, ਸਭਿਆਚਾਰ ਦੇ ਵਿਭਿੰਨ ਸੰਜੀਦਾ ਸਰੋਕਾਰਾਂ ਨੂੰ ਭਾਸ਼ਾ ਦੀਆਂ ਕਲਾਤਮਕ, ਕਾਵਿਕ ਤਕਨੀਕਾਂ ਰਾਹੀਂ ਢੁੱਕਵੇਂ, ਯੋਗ ਕਾਵਿ ਰੂਪਾਂਤਰਣ ਕਰਨ ਨਾਲ਼ ਹੀ ਜੁੜਿਆ ਹੁੰਦਾ ਹੈ। ਜਿਵੇਂ ਰੋਟੀ ਖਾਣ, ਤੁਰਨ, ਗੱਡੀ ਚਲਾਉਣ ਆਦਿ ਹਰ ਕੰਮ ਦੀ ਮਰਯਾਦਾ ਹੁੰਦੀ ਹੈ; ਅਨੁਸ਼ਾਸਨ ਹੁੰਦਾ ਹੈ। ਜਿਵੇਂ ਗੱਡੀ ਚਲਾਉਂਦਿਆਂ ਹੋਈ ਭੋਰਾ ਕੁ ਬੇਧਿਆਨੀ ਦੁਰਘਟਨਾ ਦਾ ਕਾਰਨ ਬਣ ਜਾਂਦੀ ਹੈ, ਉਸੇ ਤਰ੍ਹਾਂ ਕਵਿਤਾ ’ਚ ਬੇਨੇਮੀ ਜਾਂ ਬੇਧਿਆਨੀ ਕਵਿਤਾ ਦੇ ਕਾਵਿਪੁਣੇ ਲਈ ਸੰਕਟ ਪੈਦਾ ਕਰ ਦਿੰਦੀ ਹੈ। ਕਵਿਤਾ ਦੇ ਛੰਦਬੱਧ ਜਾਂ ਖੁੱਲ੍ਹੀ ਹੋਣ ਦਾ ਸਵਾਲ ਨਹੀਂ। ਸਵਾਲ ਕਵਿਤਾ ਦੇ ਕਵਿਤਾ ਹੋਣ ਦਾ ਜਾਂ ਨਾ ਹੋਣ ਦਾ ਹੈ। ਵਿਲੀਅਮ ਲਾਇਨ ਫਿਲਪਸ (William Lyon Phelps) ਅਨੁਸਾਰ, “ਖੁੱਲ੍ਹੀ ਕਵਿਤਾ ’ਤੇ ਹੱਲਾ ਬੋਲਣ ਜਾਂ ਹੱਕ ’ਚ ਖੜ੍ਹਨ ਦਾ ਮੈਨੂੰ ਕੋਈ ਕਾਰਨ ਨਹੀਂ ਦਿਸਦਾ...ਸੱਚੀ ਕਵਿਤਾ ਕਿਵੇਂ ਦੇ ਵੇਸ ’ਚ ਵੀ ਹੋਵੇ ਸਵੀਕਾਰ ਕਰਨ ਯੋਗ ਹੁੰਦੀ ਹੈ।” ਸੋ ਕਵਿਤਾ ਦੀ ਸਵੀਕ੍ਰਿਤੀ-ਅਸਵੀਕ੍ਰਿਤੀ ਦਾ ਇਕੋ-ਇਕ ਜੀਵੰਤ ਆਧਾਰ ਸੱਚੀ ਕਵਿਤਾ ਹੋਣਾ ਹੈ। ਸੱਚੀ ਕਵਿਤਾ ਬਾਰੇ ਕਵਿਤਾ ਦੀ ਪਰਿਭਾਸ਼ਾ ਵਾਂਗ ਕੋਈ ਰਾਇ ਬਣਾ ਸਕਣੀ ਮੁਸ਼ਕਲ ਹੋਵੇਗੀ। ਆਪਣੇ ਕਾਵਿ-ਧਰਮ ਨਾਲ਼ ਵਫ਼ਾ ਕਰਨ ਵਾਲ਼ੀ, ਧਰਤ-ਹਕੀਕਤਾਂ ਤੋਂ ਪਨਪਦੇ ਆਦਮੀਅਤ ਦੇ ਸਰੋਕਾਰਾਂ ਨੂੰ ਕਾਵਿਮਈ ਸ਼ਬਦਾਂ ਦੀ ਪਰਵਾਜ਼ ਦੇਣ ’ਚ ਸਫਲ ਕਵਿਤਾ ਨੂੰ ਸੱਚੀ ਕਵਿਤਾ ਪ੍ਰਵਾਨਿਆ ਜਾ ਸਕਦਾ ਹੈ। ਧਰਤੀ ਦਾ ਸੱਚ ਲੋਕਾਂ ਦਾ ਸੱਚ ਬਣਦਾ ਹੈ। ਲੋਕ-ਹਿੱਤਾਂ ਦਾ ਸੱਚ ਕਵਿਤਾ ਦਾ ਸੱਚ ਬਣੇ, ਇਹ ਸੱਚ ਹੀ ਕਵਿਤਾ ਨੂੰ ਸੱਚੀ ਕਵਿਤਾ ਬਣਾਉਂਦਾ ਹੈ।


ਵਲੋਂ: ਡਾ.ਗੁਰਮੀਤ ਸਿੰਘ 
 1. ਰਤਨ ਸਿੰਘ ਜੱਗੀ (ਸੰਪਾ.), ਸਾਹਿਤ ਕੋਸ਼ ਪਰਿਭਾਸ਼ਿਕ ਸ਼ਬਦਾਵਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2007, ਪੰਨਾ 429.
 2.  "I can see no reason for either attacking or defending free verse...True poetry is recoginsable in any garment."- Marry Perscott Persons, The New Poetry : A Study outline, the H.W. Wilson Company, New York, 1919, p. 19

ਇਹ ਕਿਸੇ ਗੁਮਨਾਮ ਵਰਤੋਂਕਾਰ ਲਈ ਇਕ ਚਰਚਾ ਸਫ਼ਾ ਹੈ ਜਿਸਨੇ ਹਾਲੇ ਖਾਤਾ ਨਹੀਂ ਬਣਾਇਆ ਜਾਂ ਜਿਹੜਾ ਇਸਨੂੰ ਵਰਤਦਾ ਨਹੀਂ ਹੈ। ਇਸ ਲਈ ਸਾਨੂੰ ਉਹਨਾਂ ਦੀ ਪਛਾਣ ਕਰਨ ਲਈ ਸੰਖਿਆਤਮਕ IP ਪਤੇ ਦੀ ਵਰਤੋਂ ਕਰਨੀ ਪਵੇਗੀ। ਅਜਿਹਾ IP ਪਤਾ ਕਈ ਉਪਭੋਗਤਾਵਾਂ ਦੁਆਰਾ ਸਾਂਝਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇੱਕ ਗੁਮਨਾਮ ਵਰਤੋਂਕਾਰ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਅਪ੍ਰਸੰਗਿਕ ਟਿੱਪਣੀਆਂ ਕੀਤੀਆਂ ਗਈਆਂ ਹਨ, ਤਾਂ ਕਿਰਪਾ ਕਰਕੇ ਭਵਿੱਖ ਵਿੱਚ ਹੋਰ ਅਗਿਆਤ ਉਪਭੋਗਤਾਵਾਂ ਨਾਲ ਉਲਝਣ ਤੋਂ ਬਚਣ ਲਈ ਇੱਕ ਖਾਤਾ ਬਣਾਓ ਜਾਂ ਲਾਗਇਨ ਕਰੋ।