ਵਰਤੋਂਕਾਰ ਗੱਲ-ਬਾਤ:Harman79 Gill
"ਕੌਫੀ ਕੱਪ"
ਉਹ ਪੁਰਾਣੀ ਜਿਹੀ ਕਾਰ ਵਿੱਚੋਂ ਸਭ ਕੁੱਝ ਬੜੇ ਧਿਆਨ ਨਾਲ ਚੁੱਕਦਾ ਹੈ। ਗਲ਼ ਵਿੱਚ ਚਾਬੀਆਂ ਵਾਲਾ ਫੀਤਾ ਪਾਉਂਦਾ ਹੈ। ਇੱਕ ਮੋਢੇ ਉੱਪਰ ਪਿੱਠੂ ਬੈਗ ਟੰਗਦਾ ਹੈ। ਉਸੇ ਹੱਥ ਵਿੱਚ ਉਸਦਾ ਹਰ ਰੋਜ ਦੀ ਤਰਾਂ ਇੱਕ ਫੱਟਾ ਫੜਿਆ ਹੈ ਜਿਸ ਵਿੱਚ ਕੁੱਝ ਪੇਪਰ ਹਮੇਸ਼ਾ ਟੰਗੇ ਰਹਿੰਦੇ ਹਨ। ਉਸੇ ਹੀ ਪਾਸੇ ਦੀ ਬਾਂਹ ਨਾਲ ਕੌਫੀ ਕੱਪ ਨੂੰ ਆਪਣੀ ਵੱਖੀ ਨਾਲ ਲਾ ਕੇ ਉਪਰੋਂ ਬਾਂਹ ਨਾਲ ਰੋਕ ਕੇ ਰੱਖਦਾ ਹੈ ਤੇ ਦੂਜੇ ਹੱਥ ਨਾਲ ਕਾਰ ਦੀਆਂ ਚਾਬੀਆਂ ਫੜ੍ਹ ਕੇ ਕਾਰ ਨੂੰ ਲੌਕ ਕਰਦਾ ਹੈ। ਕਾਰ ਨੂੰ ਲੌਕ ਕਰਨ ਤੋਂ ਬਾਅਦ ਉਹ ਚਾਬੀ ਨੂੰ ਪੈਂਟ ਦੀ ਜੇਬ ਵਿੱਚ ਪਾ , ਉਸ ਹੱਥ ਨਾਲ ਕੌਫੀ ਕੱਪ ਸੰਭਾਲ ਲੈਂਦਾ ਹੈ। ਕੌਫੀ ਕੱਪ ਹਰ ਰੋਜ ਸਵੇਰੇ ਸਵੇਰੇ ਉਸਦੇ ਨਾਲ ਰਹਿੰਦਾ ਹੈ ਜਿਸ ਵਿੱਚ ਉਹ ਘਰ ਤੋਂ ਲੌਂਗ ਲਾਚੀਆਂ ਤੇ ਗੁੜ ਪਾ ਕੇ ਬਣਾਈ ਚਾਹ ਲਿਆਉਂਦਾ ਹੈ ਤੇ ਸ਼ਿਫਟ ਦੇ ਪਹਿਲੇ ਤਿੰਨ ਘੰਟੇ ਉਸਨੂੰ ਚੁਸਕੀਆਂ ਲੈ ਲੈ ਪੀਂਦਾ ਹੈ। ਇਸ ਚਾਹ ਨੂੰ ਬਣਾਉਣ ਦੇ ਢੰਗ ਨੂੰ ਉਸਨੇ ਕਈ ਰੂਪ ਦੇ ਕੇ ਦੇਖ ਲਏ ਪਰ ਉਸਨੂੰ ਅਸਲੀ ਢੰਗ ਉਹੀ ਵਧੀਆ ਲਗਦੇ ਹੈ ਜਿਸ ਤਰਾਂ ਉਸਦੀ ਮਾਂ ਜੰਮਣ ਭੂੰਮੀ ਉੱਤੇ ਜੱਦੀ ਘਰ ਵਿੱਚ ਰਹਿੰਦਿਆਂ, ਉਸ ਲਈ ਬਣਾਇਆ ਕਰਦੀ ਸੀ ਜਾਂ ਉਸਦਾ ਦੂਰ ਦਾ ਚਾਚਾ ਉਹ ਚਾਹ ਨੂੰ ਖੇਤ ਕੰਮ ਕਰਨ ਵੇਲੇ , ਖੇਤਾਂ ਵਿੱਚ ਹੀ ਇੱਟਾਂ ਦਾ ਚੁੱਲ੍ਹਾ ਬਣਾ ਕੇ , ਕਾਹੜ ਕਾਹੜ ਕੇ ਬਣਾਇਆ ਕਰਦਾ ਸੀ। ਅੱਜ ਕੱਲ੍ਹ ਉਹ ਪਿਛਲੇ 15 ਸਾਲਾਂ ਤੋਂ ਉਪਰੀ ਧਰਤੀ ਉਪਰ ਰਹਿ ਰਿਹਾ ਹੈ ਜਿਥੇ ਉਹ ਕਿਸੇ ਵਕਤ ਵਧੀਆ ਜਿੰਦਗੀ ਤਲਾਸ਼ ਵਿੱਚ ਆਇਆ ਸੀ। ਉਹ ਦਾ ਪਿਛਲੇ ਪੰਚੀ ਸਾਲਾਂ ਵਿੱਚ ਬਹੁਤ ਕੁੱਝ ਬਦਲ ਗਿਆ ਸੀ ਪਰ ਚਾਹ ਨਹੀਂ ਬਦਲੀ ਜਿਸ ਨੂੰ ਉਹ ਸਵੇਰੇ ਸਵੇਰੇ ਉੱਠ ਕੇ ਕੌਫੀ ਕੱਪ ਵਿੱਚ ਪਾ ਕੰਮ ਵੱਲ ਨੂੰ ਤੁਰਦਾ। ਉਹ ਆਪਣੇ ਯੂਨੀਅਨ ਦੇ ਕਮਰੇ ਨੂੰ ਖੋਲ੍ਹ ਦਾ ਤੇ ਉਥੇ ਕੁੱਝ ਚੀਜਾਂ ਆ ਕੇ ਧਰਦਾ ਤੇ ਕੁੱਝ ਉਥੋਂ ਹੋਰ ਚੁੱਕਦਾ। ਇਹ ਉਸ ਦਾ ਹਰ ਰੋਜ ਦਾ ਚਲਣ ਸੀ ਬਿਨਾ ਸ਼ਨੀਵਾਰ ਐਤਵਾਰ ਤੋਂ। ਉਸ ਦਿਨ ਵੀ ਕਮਰਾ ਖੋਲ੍ਹ ਦਾ ਹੈ ਚਾਹ ਨਾਲ ਭਰਿਆ ਕੌਫੀ ਕੱਪ ਕਮਰੇ ਵਿੱਚ ਪਏ ਲੰਬੇ ਟੇਬਲ ਉੱਪਰ ਰੱਖ ਦਾ ਹੈ । ਜਿਸ ਟੇਬਲ ਦਾ ਆਕਾਰ ਕੰਧ ਦੇ ਜਿੰਨਾ ਲੰਬਾ ਐ। ਉੱਥੇ ਉਸ ਦੇ ਸਾਰੇ ਕੰਮਕਾਜ ਦੇ ਪੇਪਰ , ਕੁੱਝ ਲਿਖਤੀ ਕੰਟਰੈਕਟ , ਕੁੱਝ ਹੋਰ ਫਾਰਮ ਆਦਿ ਤੇ ਕੁੱਝ ਉਸਦੀ ਮਾਂ ਬੋਲੀ ਵਿੱਚ ਲਿਖੀਆਂ ਕਿਤਾਬਾਂ ਸਮੇਤ ਹਮੇਸ਼ਾ ਪਏ ਰਹਿੰਦੇ ਹਨ। ਉਹ ਪਿੱਠੂ ਬੈਗ ਦੀ ਇੱਕ ਤਣੀ ਆਪਣੇ ਇੱਕ ਪਾਸੇ ਦੇ ਮੋਢੇ ਉੱਪਰ ਕੱਸ ਕੇ ਕੂਹਣੀ ਦੇ ਆਸਰੇ ਨਾਲ ਬੈਗ ਨੂੰ ਪਿੱਠ ਦੇ ਇੱਕ ਪਾਸੇ ਧੱਕ ਕੇ ਸਾਂਭ ਕੇ ਸਿੱਧਾ ਖੜ੍ਹਾ ਹੋਣ ਦੀ ਕੋਸ਼ਿਸ਼ ਕਰਦਾ ਹੈ। ਉਹ ਛੋਟੇ ਸਾਈਜ ਦੀਆਂ ਕੁੱਝ ਕੁ ਡਾਇਰੀਆਂ ਆਪਣੇ ਹੱਥ ਵਿੱਚ ਚੁੱਕੇ ਫੱਟੇ ਉੱਪਰ ਰੱਖ ਕੇ ਅੰਗੂਠੇ ਦੇ ਆਸਰੇ ਨਾਲ ਦਬਾ ਕੇ ਸੰਭਾਲ ਕੇ ਦੂਜੇ ਹੱਥ ਵਿੱਚ ਕਮਰੇ ਦੀਆਂ ਚਾਬੀਆਂ ਨੂੰ ਫੜਦਾ ਹੈ ਜੋ ਹਮੇਸ਼ਾ ਉਸਦੇ ਗਲ ਵਿੱਚ ਪਾਏ ਫੀਤੇ ਨਾਲ ਟੰਗੀਆਂ ਹੁੰਦੀਆਂ ਹਨ। ਉਸਦੇ ਅਲੱਗ ਰੰਗ ਦੀ ਸੁਰੱਖਿਆ ਝੱਗੀ ਤੋਂ ਉਸਦੀ ਪਹਿਚਾਣ ਅਲੱਗ ਹੀ ਆ ਜਾਂਦੀ ਹੈ ਕਿ ਯੂਨੀਅਨ ਦਾ ਲੀਡਰ ਜਾ ਰਿਹਾ ਐ। ਉਸ ਦੇ ਕੰਮ ਉਪਰ ਜਿੱਥੇ ਉਹ ਯੂਨੀਅਨ ਦਾ ਚੁਣਿਆ ਹੋਇਆ ਆਗੂ ਹੈ , ਕਾਫੀ ਦਬ ਦਬਾ ਹੈ। ਉਹ ਹਰ ਸੁਰੱਖਿਆ ਦੇ ਮਸਲੇ ਤੇ ਡਰਾਈਵਰਾਂ ਦੇ ਮਸਲਿਆਂ ਨੂੰ ਬਹੁਤ ਹੀ ਧਿਆਨ ਨਾਲ ਸੁਣਦਾ , ਦੇਖਦਾ ਤੇ ਨਜਿੱਠਣ ਵਿੱਚ ਤਤਪਰ ਰਹਿਣ ਵਾਲਾ ਬੰਦਾ ਹੈ। ਉਹ ਅਗਲਾ ਦਰਵਾਜਾ ਖੋਲ੍ਹ ਕੇ ਇੱਕ ਵੱਡੇ ਹਾਲ ਵਿੱਚ ਵੜ੍ਹਦਾ ਹੈ । ਉਸ ਦੇ ਚਿਹਰੇ ਉੱਪਰ ਹਮੇਸ਼ਾ ਦੀ ਤਰਾਂ ਮੁਸਕਰਾਹਟ ਹੈ। ਉਹ ਹਾਲ ਵਿੱਚ ਬੈਠਿਆਂ ਨੂੰ ਹੈਲੋ ਹਾਏ ਕਰਦਾ ਉਸ ਚਤੁਰਭੁਜੀ ਹਾਲ ਦੇ ਇਕ ਦਰਵਾਜੇ ਥਾਣੀ ਵੜ ਕੇ ਦੂਜੇ ਪਾਸੇ ਦੇ ਅੰਤ ਉੱਪਰ ਬਣੇ ਦਰਵਾਜੇ ਵਿੱਚ ਦੀ ਨਿਕਲ ਕੇ , ਇੱਕ ਹੋਰ ਬਣੀ ਵੱਡੀ ਇਮਾਰਤ ਵਿੱਚ ਵੜਦਾ ਹੈ ਜਿੱਥੇ ਮੈਨੇਜਮੈਂਟ ਬੈਠਦੀ ਐ ਤੇ ਸਾਰੇ ਡਰਾਈਵਰ ਸਾਈਨ ਆਨ ਕਰਕੇ ਆਪਣੀਆਂ ਆਪਣੀਆਂ ਬੱਸਾਂ ਦੇ ਨੰਬਰ ਨੋਟ ਕਰਕੇ ਵੱਡੇ ਯਾਰਡ ਵਿੱਚ ਖੜ੍ਹੀਆਂ ਬੱਸਾਂ ਵੱਲ ਤੁਰਦੇ ਹਨ । ਇਹ ਹਰ ਰੋਜ ਦਾ ਵਰਤਾਰਾ ਹੈ। ਉਥੇ ਹੀ ਇਕ ਪਾਸੇ ਕਾਉਂਟਰ ਸਟਾਫ ਖੜ੍ਹਾ ਹੁੰਦਾ ਹੈ ਤੇ ਦੂਜੇ ਪਾਸੇ ਸਾਰੇ ਡਰਾਈਵਰ। ਕਾਉਂਟਰ ਸਟਾਫ ਕਦੇ ਕਦੇ ਬੱਸ ਵੀ ਚਲਾਉਂਣ ਜਾਂਦੇ ਹਨ ਤਾਂ ਡਰਾਈਵਰਾਂ ਨੂੰ ਬਹੁਤੇ ਉਪਰੇ ਜਿਹੇ ਨਹੀਂ ਲਗਦੇ । ਉਹ ਉਸ ਹਾਲ ਵਿੱਚ ਆਉਂਦਾ ਹੈ , ਉਹ ਹਰ ਇੱਕ ਡਰਾਈਵਰ ਦਾ ਨਾਮ ਲੈ ਲੈ ਕੇ ਹੈਲੋ ਹਾਏ , ਗੁੱਡ ਮਾਰਨਿੰਗ ਕਰਦਾ ਹੈ। ਇਹ ਤਕਰੀਬਨ ਹਰ ਰੋਜ ਹੀ ਹੁੰਦਾ ਹੈ ਜਦੋਂ ਵੀ ਉਹ ਸਵੇਰੇ ਆਉਂਦਾ ਹੈ ਤਾਂ ਡਰਾਈਵਰ ਬਹੁਤ ਸਾਰੀਆਂ ਸ਼ਕਾਇਤਾਂ ਨਾਲ ਉਸ ਕੋਲ ਵਾਰੀ ਵਾਰੀ ਆਉਣਾ ਸ਼ੁਰੂ ਕਰਦੇ ਹਨ। ਜਿਆਦਾਤਰ ਸ਼ਕਾਇਤਾਂ ਅਦਾਰੇ ਦੀ ਮੈਨੇਜਮੈਂਟ ਦੇ ਵਿਰੁੱਧ ਹੀ ਹੁੰਦੀਆਂ ਹਨ ਜਾਂ ਸੜਕ ਉਪਰ ਰੋਜ਼ਾਨਾ ਵਾਪਰਦੀਆਂ ਘਟਨਾਵਾਂ ਦੇ ਸੰਬੰਧ ਵਿੱਚ। ਉਹ ਮੈਨੇਜਮੈਂਟ ਵਿਰੁੱਧ ਹਰ ਸ਼ਕਾਇਤ ਨੂੰ ਬੜੇ ਧਿਆਨ ਨਾਲ ਸੁਣਦਾ ਤੇ ਥੋੜੀ ਉੱਚੀ ਸੁਰ ਵਿੱਚ ਬੋਲਦਾ ਹੈ "ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ।" ਉਹ ਕਾਉਂਟਰ ਆਫੀਸਰ ਕੋਲ ਜਾ ਕੇ ਪੁੱਛਦਾ ਹੈ "ਮੈਨੇਜਰ ਹੈ?" ਮੈਨੇਜਰ ਅਜੇ ਆਇਆ ਨਹੀਂ ਸੀ। ਉਹ ਨਾਲ ਹੀ ਕਹਿੰਦਾ ਹੈ "ਹੋਰ ਕੌਣ ਐ ਅੰਦਰ ?" ਉਹ ਆਪਣੇ ਲੀਡਰੀ ਅੰਦਾਜ ਵਿੱਚ ਤੁਰਦਿਆਂ ਮੈਨੇਜਮੈਂਟ ਦੇ ਵੱਡੇ ਸਾਰੇ ਕਮਰੇ ਵਿੱਚ ਵੜਦਾ ਹੈ। ਜਿਥੇ ਬਹੁਤ ਸਾਰੇ ਟੇਬਲ ਲੱਗੇ ਹਨ। ਉਥੇ ਹੀ ਉਸੇ ਵੱਡੇ ਹਾਲ ਰੂਪੀ ਕਰਮੇ ਵਿੱਚ ਮੈਨੇਜਰ ਦਾ ਛੋਟਾ ਜਿਹਾ ਕਮਰਾ ਐ। ਜਿਸ ਦਾ ਦਰਵਾਜਾ ਬੰਦ ਸੀ । ਉਥੇ ਸਵੇਰੇ ਸਵੇਰੇ ਉਸ ਵਕਤ ਸਿਰਫ ਇੱਕੋ ਸੁਪਰਵਾਈਜਰ ਸੀ। ਉਹ ਉਸ ਨਾਲ ਕੁੱਝ ਵਾਰਤਾਲਾਪ ਕਰਦਾ ਐ ਤੇ ਜੇਤੂ ਅੰਦਾਜ ਵਿੱਚ ਉਧਰ ਨੂੰ ਤੁਰਦਾ ਹੈ ਜਿਥੇ ਡਰਾਈਵਰ ਖੜ੍ਹੇ ਹਨ । ਕੌਫੀ ਕੱਪ ਉਸ ਦੇ ਹੱਥ ਵਿੱਚ ਉਸੇ ਤਰਾਂ ਫੜ੍ਹਿਆ ਹੋਇਆ ਹੈ। ਜਿਸ ਵਿੱਚੋਂ ਉਸਨੇ ਅਜੇ ਇੱਕ ਵੀ ਚੁਸਕੀ ਨਹੀਂ ਭਰੀ। ਹੋਰ ਡਰਾਈਵਰਾਂ ਕੋਲ ਵੀ ਕੌਫੀ ਕੱਪ ਹੱਥਾਂ ਵਿੱਚ ਫੜ੍ਹੇ ਹਨ । ਉਹ ਕੌਫੀ ਕੱਪ ਨੂੰ ਉੱਪਰ ਚੁੱਕ ਕੇ ਅਨਾਊਂਸਮੈਂਟ ਕਰਦਾ ਹੈ, "ਜੋ ਵੀ ਹੋਇਆ ਹੈ, ਇਹ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਡਰਨ ਦੀ ਲੋੜ ਨਹੀਂ। ਇਸ ਸਬੰਧ ਵਿੱਚ ਜੇ ਕਿਸੇ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਐ, ਮੇਰੇ ਕੋਲ ਆਉਣੈ!" ਉਹ ਇੱਕ ਨਜਰ ਹਰ ਵਕਤ ਖਿਝੇ ਰਹਿਣ ਵਾਲੇ ਡਰਾਈਵਰ ਉਪਰ ਮਾਰਦਿਆਂ ਗੱਲ ਜਾਰੀ ਰੱਖਦਾ ਹੋਇਆ ਕਹਿੰਦਾ, "ਇਹ ਕਿਸੇ ਇੱਕ ਦੀ ਸਮੱਸਿਆ ਨਹੀਂ , ਇਹ ਸਾਡੀ ਸਾਂਝੀ ਸਮੱਸਿਆ ਐ, ਅਸੀਂ ਰਲ ਕੇ ਨਜਿੱਠਾਂਗਾ।" ਡਰਾਈਵਰ ਉਸਨੂੰ ਧਿਆਨ ਨਾਲ ਸੁਣ ਰਹੇ ਹਨ। "ਆਪਾਂ ਅੱਜ ਹੀ ਇਕੱਠੇ ਹੋ ਕੇ ਇਸ ਉਪਰ ਚਰਚਾ ਕਰਾਂਗੇ।" ਬਹਤਿਆਂ ਦੇ ਚਿਹਰੇ ਖਿੜ ਜਾਂਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਕੋਈ ਉਹਨਾ ਦੀ ਆਵਾਜ ਬਣ ਕੇ ਨਿਧੜਕ ਹੋ ਤੁਰਨ ਵਾਲਾ ਮਿਲਿਆ ਹੈ । ਉਹ ਆਪਣੀ ਚੋਣ ਕੀਤੀ ਉੱਪਰ ਹਰ ਦਿਨ ਮਾਣ ਕਰਦੇ। ਉਹ ਕਾਊਂਟਰ ਸਟਾਫ ਕੋਲ ਜਾਂਦਾ ਐ। ਆਪਣੀ ਸ਼ਿਫਟ ਦਿਖਾ ਕੇ ਬੱਸ ਨੰਬਰ ਲਿਖਦਾ ਹੈ ਤੇ "ਕੋਈ ਪਰਵਾਹ ਨਹੀਂ ਕਰਨੀ।" ਸਾਰਿਆਂ ਨੂੰ ਇਹ ਕਹਿੰਦਾ ਹੋਇਆ ਉਥੋਂ ਤੁਰਦਾ ਐ । ਉਹ ਸਾਰਾ ਸਮਾਨ ਬੱਸ ਵਿੱਚ ਤਰੀਕੇ ਸਿਰ ਰੱਖ ਕੇ ਬੱਸ ਸਟਾਰਟ ਕਰਦਾ ਐ। ਲਾਈਟਾਂ ਚਲਾ ਕੇ ਉਹ ਬਾਹਰ ਉਤਰਦਾ ਹੈ ਤੇ ਬੱਸ ਦੁਆਲੇ ਚੱਕਰ ਕੱਢਦਾ ਹੈ। ਇਸ ਨੂੰ ਵਹੀਕਲ ਦੀ 'ਆਪਣੇ ਆਪ ਚੈਕਿੰਗ ਕਰਨਾ' ਕਹਿੰਦੇ ਹਨ ਜੋ ਕਿ ਹਰ ਡਰਾਈਵਰ ਨੂੰ ਕਨੂੰਨ ਤਹਿਤ ਕਰਨੀ ਪੈੰਦੀ ਹੈ। ਪਰ ਹੱਸਦਾ ਚਿਹਰਾ ਸਦਾ ਲੋਕਾਂ ਨੂੰ ਹਾਸੇ ਵੰਡਦਾ ਹੋਇਆ ਅੱਗੇ ਵਧਦਾ ਰਹਿੰਦਾ ਹੈ। ਉਹ ਬੱਸ ਵਿੱਚ ਬਾਹਰ ਵੱਲ ਨੂੰ ਜਾਂਦਿਆਂ , ਹਰ ਤੁਰੇ ਜਾ ਰਹੇ ਡਰਾਈਵਰ ਨੂੰ ਹੱਸ ਹੱਸ ਕੇ ਹੱਥ ਹਿਲਾਉਣਾ ਕਦੇ ਨਹੀਂ ਭੁੱਲ ਦਾ। ਅਜੇ ਤੱਕ ਉਸ ਨੂੰ ਕੌਫੀ ਕੱਪ ਦਾ ਬਿਲਕੁਲ ਵੀ ਚੇਤਾ ਨਹੀਂ । ਆਮ ਤੌਰ ਉੱਤੇ ਉਹ ਡਰਾਈਵਰ ਕੰਪਾਰਟਮੈਂਟ ਦੇ ਇਕ ਪਾਸੇ ਸੱਜੀ ਲੱਤ ਦੇ ਗੋਡੇ ਤੋਂ ਥੋੜਾ ਥੱਲੇ ਬਣੇ ਕੱਪ ਹੋਲਡਰ ਵਿੱਚ ਕੌਫੀ ਕੱਪ ਨੂੰ ਰਖਦਾ ਹੁੰਦਾ ਹੈ ਜਿਥੋਂ ਆਸਾਨੀ ਨਾਲ ਕੱਪ ਚੁੱਕ ਕੇ ਹਰ ਟ੍ਰੈਫਿਕ ਲਾਈਟ ਉੱਪਰ ਖੜ੍ਹਿਆਂ ਚੁਸਕੀ ਭਰੀ ਜਾ ਸਕੇ। ਅਚਾਨਕ ਉਸ ਦਾ ਹੱਥ ਉਸ ਕੱਪ ਰੱਖਣ ਵਾਲੀ ਥਾਂ ਵੱਲ ਵਧਦਾ ਹੈ। ਉੱਥੇ ਕੌਫੀ ਕੱਪ ਨਾ ਦੇਖ ਕੇ ਹੈਰਾਨ ਰਹਿ ਜਾਂਦਾ ਹੈ । ਉਹ ਆਪਣੀ ਸੀਟ ਦੇ ਆਸੇ ਪਾਸੇ ਬੜੇ ਧਿਆਨ ਨਾਲ ਦੇਖਦਾ ਹੈ ਪਰ ਕੌਫੀ ਕੱਪ ਕਿਤੇ ਨਹੀਂ ਦਿਖਦਾ। ਉਹ ਸੀਟ ਉੱਪਰ ਬੈਠਿਆਂ ਹੀ ਆਪਣੀ ਧੌਣ ਉਤਾਂਹ ਚੁੱਕ ਕੇ , ਅੱਗੇ ਵੱਲ ਵਧ ਕੇ ਕੰਪਾਰਟਮੈਂਟ ਤੋਂ ਬਾਹਰ ਵੀ ਦੇਖਦਾ ਹੈ । ਪਰ ਕੌਫੀ ਕੱਪ ਕਿਤੇ ਵੀ ਨਹੀਂ ਹੈ। ਉਹ ਇੱਕ ਦਮ ਬਹੁਤ ਨਿਰਾਸ਼ ਹੋ ਜਾਂਦਾ ਹੈ। ਉਹ ਇਸ ਦਾ ਬਹੁਤ ਅਫਸੋਸ ਮਨਾਉਂਦਾ ਹੈ। ਉਹ ਸੋਚੀਂ ਪੈ ਜਾਂਦਾ ਹੈ ਕਿ ਉਸ ਨੇ ਕੌਫੀ ਕੱਪ ਰੱਖਿਆ ਕਿੱਥੇ ਹੋਇਆ ? ਉਹ ਸੋਚਾਂ ਵਿੱਚ ਹੀ ਇੱਕ ਇੱਕ ਵਾਪਰੀ ਘਟਨਾ ਦਾ ਰੀਵਿਊ ਕਰਦਾ ਹੈ। ਇਹ ਉਸ ਨਾਲ ਪਹਿਲਾਂ ਵੀ ਹੋਇਆ ਕਿ ਉਹ ਕੌਫੀ ਕੱਪ ਕਈ ਵਾਰ ਕਾਰ ਵਿੱਚ ਹੀ ਭੁੱਲ ਜਾਂਦਾ ਤਾਂ ਹਮੇਸ਼ਾ ਉਸਨੂੰ ਐਨੀ ਹੀ ਨਿਰਾਸ਼ਾ ਹੁੰਦੀ। ਪਰ ਉਸਨੂੰ ਯਾਦ ਆਉਂਦਾ ਹੈ ਕਿ ਯੂਨੀਅਨ ਦੇ ਕਮਰੇ ਵਿੱਚ ਵੜ੍ਹਨ ਸਮੇਂ ਤਾਂ ਕੱਪ ਉਸ ਦੇ ਕੋਲ ਸੀ। ਉਹ ਆਪਣੇ ਆਪ ਨੂੰ ਹੀ ਕਹਿੰਦਾ ਹੈ, "ਨਹੀਂ ਨਹੀਂ ਉਥੇ ਨਹੀਂ ਕਿਤੇ ਹੋਰ ਰੱਖ ਕੇ ਭੁੱਲ ਗਿਆ।" ਉਹ ਇਹਨਾਂ ਆਪਣੇ ਆਪ ਨਾਲ ਗੱਲਾਂ ਬਾਤਾਂ ਕਰਦਾ ਕਰਦਾ ਉਥੇ ਪਹੁੰਚਦਾ ਹੈ ਜਿੱਥੋਂ ਰੂਟ ਸਟਾਰਟ ਕਰਨਾ ਹੈ। ਪਰ ਉਹ ਆਪਣੇ ਦਿਮਾਗ ਉੱਪਰ ਜੋਰ ਪਾ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੌਫੀ ਕੱਪ ਰਹਿ ਕਿੱਥੇ ਗਿਆ ਹੋਇਆ। ਅਚਾਨਕ ਉਸਨੂੰ ਯਾਦ ਆਉਂਦਾ ਹੈ ਕਿ ਜਦੋਂ ਉਸਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਕਰਵਾਉਣਾ ਸੀ ਤਾਂ ਉਸ ਦੇ ਹੱਥ ਵਿੱਚ ਕੌਫੀ ਕੱਪ ਸੀ । ਤਾਂ ਫਿਰ ਇਹ ਕਮਰੇ ਵਿੱਚ ਨਹੀਂ ਰਿਹਾ , ਕਿਤੇ ਹੋਰ ਭੁੱਲ ਗਿਆ। ਉਹ ਵਾਰ ਵਾਰ ਚਿਤਵ ਰਿਹਾ ਸੀ ਕਿਸੇ ਤਰਾਂ ਉਹ ਡੀਪੂ ਵਾਪਸ ਜਾ ਸਕੇ ਤੇ ਆਪਣੀ ਚਾਹ ਲੱਭ ਕੇ ਲਿਆਵੇ। ਫੇਰ ਆਪ ਹੀ ਸੋਚਦਾ , ਦੂਜੇ ਕੀ ਕਹਿਣਗੇ ?, ਇੱਕ ਚਾਹ ਲਈ ਵਾਪਸ ਮੁੜ ਆਇਆ, ਨਹੀਂ ਨਹੀਂ ਇਹ ਹਾਸੋ ਹੀਣਾ ਲੱਗੇਗਾ। ਰੂਟ ਸਟਾਰਟ ਕਰਨ ਦਾ ਸਮਾਂ ਹੋ ਗਿਆ ਸੀ। ਲੋਕ ਕਤਾਰ ਬਣਾਈ ਖੜ੍ਹੇ ਸਨ । ਉਹ ਬੱਸ ਦੇ ਦਰਵਾਜੇ ਖੋਲ੍ਹਦਾ ਹੈ ਤੇ ਲੋਕ ਜਲਦੀ ਜਲਦੀ ਨਾਲ ਮਨ ਪਸੰਦ ਸੀਟਾਂ ਰੋਕਣ ਵੱਲ ਨੂੰ ਕਾਹਲ ਨਾਲ ਵਧਦੇ ਹਨ। ਉਹ ਕੁੱਝ ਕੁ ਸਵਾਰੀਆਂ ਦੇ ਹੱਥਾਂ ਵਿੱਚ ਕੌਫੀ ਕੱਪ ਫੜ੍ਹੇ ਦੇਖਦਾ ਐ। ਉਹ ਇੱਕ ਵਾਰ ਫੇਰ ਆਪਣੀ ਯਾਦ ਸ਼ਕਤੀ ਨੂੰ ਕੋਸਦਾ ਐ। ਆਪਣੇ ਆਪ ਨੂੰ ਹੀ ਕਹਿੰਦਾ ਹੈ , "ਕਿੰਨੀ ਘਟੀਆ ਯਾਦ ਸ਼ਕਤੀ ਐ, ਇਕ ਚਾਹ ਵੀ ਯਾਦ ਨਹੀਂ ਰੱਖ ਸਕਿਆ ਮੈਂ, ਭਲਾਂ ਕੌਫੀ ਕੱਪ ਵੀ ਕੋਈ ਭੁੱਲ ਸਕਦਾ ਐ , ਜਿਸ ਬਿਨਾ ਕੰਮ ਕਰਨਾ ਅਸੰਭਵ ਹੀ ਲੱਗ ਰਿਹਾ ਹੋਵੇ !" ਪਤਾ ਨਹੀਂ ਕਿਉਂ ਉਹ ਇੱਕ ਨਸ਼ੇੜੀ ਵਾਂਗ ਮਹਿਸੂਸ ਕਰਦਾ ਐ । ਇਹ ਨਹੀਂ ਕਿ ਉਹਦਾ ਸਰੀਰ ਤੜਫਦਾ ਹੈ ਪਰ ਉਹ ਮਾਨਸਿਕ ਤੌਰ ਉਤੇ ਅਧੂਰਾ ਅਧੂਰਾ ਮਹਿਸੂਸ ਕਰ ਰਿਹਾ ਹੈ। ਉਸਦੀ ਬੱਸ ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਜਾਣੀ ਸੀ ਤੇ ਉਸ ਨੇ ਪਹਿਲੇ ਚਾਰ ਘੰਟੇ ਇਹੋ ਰੂਟ ਵਾਰ ਵਾਰ ਕਰਨਾ ਸੀ। ਉਸਦੀ ਬੱਸ ਸ਼ਹਿਰ ਦੇ ਸੈਂਟਰ ਵਿੱਚ ਰੁਕਦੀ ਹੈ। ਉਹ ਲੋਕਾਂ ਨੂੰ ਚੁਸਕੀਆਂ ਭਰ ਭਰ ਕੌਫੀ ਪੀਂਦਿਆਂ ਨੂੰ ਦੇਖਦਾ ਹੈ। ਉਹ ਸੋਚਦਾ ਹੈ ਕਿ ਜੇ ਅੱਜ ਉਹ ਕੱਪ ਨਾ ਭੁੱਲਦਾ ਤਾਂ ਉਸ ਨੇ ਵੀ ਲੌਂਗ ਲੈਚੀਆਂ ਤੇ ਦੇਸੀ ਗੁੜ ਪਾ ਕੇ ਬਣਾਈ ਚਾਹ ਦੀਆਂ ਚੁਸਕੀਆਂ ਭਰਨੀਆਂ ਸਨ। ਉਹ ਚਾਹ ਬਨਾਉਣ ਸਮੇਂ ਸੌਂਫ ਖਾਸ ਤੌਰ ਉਤੇ ਪਾਉਂਦਾ। ਉਹ ਕੌਫੀ ਕੱਪ ਬਾਰੇ ਸੋਚਦਾ ਹੋਇਆ ਸ਼ਹਿਰ ਦਾ ਅੱਧਾ ਹਿੱਸਾ ਪਾਰ ਕਰ ਜਾਂਦਾ ਹੈ । ਉਸ ਨੂੰ ਅਜੇ ਵੀ ਪਛਤਾਵਾ ਹੈ ਉਸ ਨੂੰ ਯਾਦ ਕਿਉਂ ਨਹੀਂ ਆ ਰਿਹਾ ਕਿ ਕੌਫੀ ਕੱਪ ਕਿੱਥੇ ਰੱਖ ਕੇ ਭੁੱਲ ਗਿਆ ਹੋਇਆ। ਉਹ ਸੋਚਦਾ ਐ ਕਿ ਅੱਗੇ ਤੋਂ ਉਹ ਚੁਸਕੀਆਂ ਭਰਨੀਆਂ ਕਾਰ ਤੋਂ ਉਤਰਦਿਆਂ ਹੀ ਸ਼ੁਰੂ ਕਰ ਦਿਆ ਕਰੇਗਾ। ਇਸ ਤਰਾਂ ਉਸ ਨੂੰ ਹਮੇਸ਼ਾ ਯਾਦ ਰਹੇਗਾ ਕਿ ਉਹਦਾ ਕੱਪ ਨਾਲ ਹੈ। ਅਚਾਨਕ ਉਸਦੀ ਨਜਰ ਇੱਕ ਲਗਜ਼ਰੀ ਕਾਰ ਵਿੱਚ ਬੈਠੀ ਕੁੜੀ ਉੱਪਰ ਪੈਂਦੀ ਹੈ ਜੋ ਟ੍ਰੈਫਿਕ ਵਿੱਚ ਖੜ੍ਹੀ, ਕੌਫੀ ਦਾ ਆਨੰਦ ਮਾਣ ਰਹੀ ਹੈ। ਉਹ ਕੌਫੀ ਵਾਲੇ ਹੱਥ ਦੀ ਤੀਜੀ ਉਂਗਲ ਵਿੱਚ ਪਾਈ ਛਾਪ ਨੂੰ ਘੁਮਾਅ ਕੇ ਦੇਖਦੀ ਐ। ਚਮਕ ਦੱਸ ਰਹੀ ਸੀ ਕਿ ਮਹਿੰਗੀ ਹੋਵੇਗੀ। ਉਹ ਸੋਚਦਾ ਹੈ ਅਮੀਰ ਲੋਕਾਂ ਕੋਲ ਸਾਡੇ ਵਰਗੇ ਝੰਜਟ ਕਿੱਥੇ ਹੋਣੇ ਐ! ਇਹਨਾਂ ਕੋਲ ਤਾਂ ਆਰਾਮ ਲਈ ਖੂਬ ਸਮਾਂ ਹੋਵੇਗਾ। ਇਹ ਤਾਂ ਅਸੀਂ ਹੀ ਹਾਂ ਜੋ ਨਿੱਕੀਆਂ ਨਿੱਕੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਾਲਾਂ ਬੱਧੀ ਝੂਜਦੇ ਰਹਿੰਦੇ ਹਾਂ। ਇਹ ਤਾਂ ਸਭ ਕੁੱਝ ਬਹੁਤ ਆਨੰਦ ਨਾਲ ਕਰ ਸਕਦੇ ਹੋਣਗੇ। ਸਾਡੇ ਵਾਂਗ ਕਾਹਲ ਥੋੜੋ ਹੋਣੀ ਐ ਇਹਨਾਂ ਨੂੰ! ਤਾਂ ਹੀ ਤਾਂ ਇਹ ਕੌਫੀ ਕੱਪ ਕਿਤੇ ਨਹੀਂ ਭੁੱਲਦੇ। ਇੱਕ ਅਸੀਂ ਹਾਂ ਕਿ ਆਪਣੀਆਂ ਮੁਸ਼ਕਿਲਾਂ ਦੇ ਹੱਲ ਲੱਭਦਿਆਂ ਲੱਭਦਿਆਂ, ਜਿੰਦਗੀ ਦਾ ਅਹਿਮ ਹਿੱਸਾ ਜਿਉਂ ਹੀ ਨਹੀਂ ਪਾ ਰਹੇ। ਇਹਨਾਂ ਦੀ ਜਿੰਦਗੀ ਲਾਜ਼ਮੀ ਹੁਸੀਨ ਹੋਵੇਗੀ। ਮੁਸ਼ਕਿਲਾਂ ਤੋਂ ਉਹਨੂੰ ਯਾਦ ਆਉਂਦਾ ਹੈ ਕਿ ਜਦੋਂ ਉਹ ਡਰਾਈਵਰਾਂ ਨਾਲ ਗੱਲ ਕਰਨ ਤੋਂ ਬਾਅਦ ਕਾਉਂਟਰ ਉੱਪਰ ਬੱਸ ਨੰਬਰ ਲਿਖਣ ਗਿਆ ਸੀ ਤਾਂ ਉਸ ਨੇ ਆਪਣਾ ਕੌਫੀ ਕੱਪ ਉਥੇ ਰੱਖਿਆ ਸੀ। ਉਹ ਆਪਣੇ ਆਪ ਨੂੰ ਹੀ ਕਹਿੰਦਾ ਐ , "ਲਾਜ਼ਮੀ ਹੀ ਕੱਪ ਉਥੇ ਰਹਿ ਗਿਆ।" ਉਸ ਨੂੰ ਖੁਸ਼ੀ ਹੋਈ ਕਿ ਕੱਪ ਦੀ ਥਾਂ ਪਤਾ ਲੱਗ ਗਈ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਕੱਪ ਉਥੇ ਹੀ ਐ। ਉਸ ਦਾ ਜੀਅ ਕਰੇ ਕਿ ਕਾਉੰਟਰ ਸਟਾਫ ਨੂੰ ਫੋਨ ਕਰਕੇ ਕਹੇ ਕਿ ਕਿਸੇ ਡਰਾਈਵਰ ਦੇ ਹੱਥ ਉਸਦਾ ਕੌਫੀ ਕੱਪ ਭੇਜ ਦੇਣ । ਫੇਰ ਸੋਚਦੈ , ਛੱਡ ਯਾਰ ਕੀ ਸੋਚਣਗੇ ਅਗਲੇ ਮੇਰੇ ਬਾਰੇ! ਪਰ ਉਹ ਆਵਦੀ ਚਾਹ ਨੂੰ ਅਜੇ ਵੀ ਚੇਤੇ ਕਰ ਰਿਹਾ ਸੀ । ਉਸ ਨੂੰ ਉਹ ਘਟਨਾ ਯਾਦ ਆਈ ਜਦੋਂ ਉਹ ਰਾਤ ਦੀਆਂ ਸ਼ਿਫਟਾ ਕਰਦਾ ਹੁੰਦਾ ਸੀ। ਉਸਨੂੰ ਰਾਤ ਨੂੰ ਠੰਢ ਵਿੱਚ ਬਿਨਾ ਛੱਤ ਤੋਂ ਸੜਕ ਕਿਨਾਰੇ ਪਏ ਬੇਘਰੇ ਲੋਕਾਂ ਉੱਪਰ ਬਹੁਤ ਤਰਸ ਆਉਂਦਾ। ਉਹ ਸੋਚਦਾ ਕਿ ਐਨੇ ਅਮੀਰ ਕਹਾਏ ਜਾਂਦੇ, ਵਿਕਸਤ ਦੇਸ਼ ਵਿੱਚ ਵੀ ਲੋਕਾਂ ਕੋਲ ਛੱਤ ਨਹੀਂ ਹੈ? ਉਹ ਹੈਰਾਨ ਨਹੀਂ ਸੀ ਪਰ ਉਹ ਸਿਸਟਮ ਨੂੰ ਕੋਸਦਾ। ਉਹਦਾ ਮਨ ਕਰਦਾ ਕਿ ਉਹ ਇਹਨਾਂ ਲੋਕਾਂ ਨਾਲ ਗੱਲ ਕਰੇ। ਉਹ ਹਮੇਸ਼ਾ ਸੋਚਦਾ ਕਿ ਭਲਾਂ ਇਹਨਾ ਨਾਲ ਵੀ ਕੋਈ ਗੱਲਬਾਤ ਕਰਦਾ ਹੋਊ ? ਬੇਚਾਰੇ ਇਕੱਲੇ ਬੈਠੇ ਰਹਿੰਦੇ ਹਨ। ਨਾ ਨਹਾਉਣ ਧੋਣ ਲਈ ਥਾਂ ਐ, ਨਾ ਮਲ ਮੂਤਰ ਲਈ ਜਗਾਹ। ਕੇਹੀ ਪੀੜ ਹੰਡਾਅ ਰਹੇ ਹਨ ? ਕਿਨਾਰਿਆਂ ਉਪਰ ਬੈਠੇ ਬੈਠੇ ਧੂੜ ਮਿੱਟੀ, ਧੂੰਏ ਨਾਲ ਭਰਦੇ ਰਹਿੰਦੇ ਹਨ , ਜੋ ਸਮਾਂ ਪਾ ਕੇ ਕਾਲਸ ਦੇ ਰੂਪ ਵਿੱਚ ਉਹਨਾ ਦਾ ਪਾਟੇ ਕੱਪੜਿਆਂ ਤੇ ਸਰੀਰ ਦੇ ਨੰਗੇ ਹਿੱਸੇ ਉਪਰ ਸਾਫ ਨਜਰ ਆਉਣ ਲੱਗਦਾ। ਉਸ ਨੇ ਇਕ ਰਾਤ ਇਸੇ ਤਰਾਂ ਕੀਤਾ। ਉਸ ਕੋਲ ਥੋੜਾ ਸਮਾਂ ਸੀ ਰੁਕਣ ਦਾ। ਉਸ ਦਾ ਬੇ-ਘਰੀ ਔਰਤ ਨਾਲ ਗੱਲ ਕਰਨ ਨੂੰ ਜੀਅ ਕੀਤਾ। ਉਹ ਜਿਵੇਂ ਇਸ ਔਰਤ ਨੂੰ ਜਾਣਦਾ ਹੀ ਸੀ। ਹਰ ਰੋਜ ਤਾਂ ਉਸਨੂੰ ਦੇਖਦਾ ਸੀ ਉਸਨੂੰ ਇਧਰ ਉਧਰ ਜਾਂਦਿਆਂ। ਉਹ ਖੁਦ ਇਸ ਗੱਲ ਦਾ ਗਵਾਹ ਸੀ ਜਦੋਂ ਉਸਨੇ ਉਸ ਔਰਤ ਨੂੰ ਪਹਿਲੋ ਪਹਿਲ ਦੇਖਿਆ ਸੀ। ਜਦੋਂ ਵੀ ਕੋਈ ਨਵਾਂ ਲੋਕ ਸੜਕ ਦੇ ਕਿਨਾਰੇ ਉੱਪਰ ਆਉਂਦਾ ਤਾਂ ਉਸਦਾ ਧਿਆਨ ਉਸ ਉੱਤੇ ਲਾਜਮੀ ਜਾਂਦਾ। ਪਹਿਲਾਂ ਪਹਿਲ ਉਹ ਥੋੜੀ ਚੰਗੀ ਦਿੱਖ ਵਾਲੇ ਹੁੰਦੇ । ਸਮਾਂ ਪਾ ਕੇ ਉਹਨਾਂ ਦੇ ਕੱਪੜੇ ਤੇ ਸਰੀਰ, ਦੋਨੋ ਗਰਨ ਲਗਦੇ ਤੇ ਅਖੀਰ ਕਈ ਤਾਂ ਕੁੱਝ ਕੁ ਸਮੇਂ ਬਾਅਦ ਅਚਾਨਕ ਗੁੰਮ ਹੋ ਜਾਂਦੇ। ਕੌਣ ਹੋਵੇਗਾ ਭਲਾਂ ਉਹਨਾ ਦੀ ਬਾਤ ਪੁੱਛਣ ਵਾਲਾ ਇਸ ਤੇਜ ਦੌੜਦੀ ਝੂਠੀ ਚਮਕ ਵਾਲੀ ਦੁਨੀਆ ਵਿੱਚ ? ਉਸ ਨੇ ਸੋਚਿਆ ਕਿ ਉਹ ਉਸ ਔਰਤ ਲਈ ਕੌਫੀ ਖਰੀਦੇ । ਉਹ ਕੌਫੀ ਦੇ ਦੋ ਕੱਪ ਖਰੀਦ ਦਾ ਐ ਇੱਕ ਆਪਣੇ ਲਈ ਤੇ ਇੱਕ ਉਸ ਔਰਤ ਲਈ ਤੇ ਉਸ ਔਰਤ ਵੱਲ ਨੂੰ ਵਧਦਾ ਹੈ। ਉਸਨੂੰ ਆਪਣੇ ਵੱਲ ਆਉਂਦਿਆਂ ,80-90 ਕਿਲੋ ਦੀ ਉਹ 50 ਕੁ ਸਾਲ ਦੀ ਔਰਤ ਪਾਟੇ ਜਿਹੇ ਸਿਕਰੀ ਵਾਲੇ ਬੁਲਾਂ ਨਾਲ ਥੋੜਾ ਜਿਹਾ ਮੁਸਕਰਾਈ। ਉਸ ਨੇ ਆਪਣੇ ਲਿਬੜੇ ਜਿਹੇ ਇੱਕ ਹੱਥ ਨਾਲ ਆਪਣੇ ਖਰੜ ਬਰੜੇ ਖਿਲਰੇ ਹੋਏ ਵਾਲ਼ ਸੰਵਾਰੇ ਤੇ ਦੂਜੇ ਹੱਥ ਦਾ ਆਸਰੇ ਆਪਣੇ ਬੋਝਲ ਸਰੀਰ ਨੂੰ ਉੱਪਰ ਵੱਲ ਨੂੰ ਉਠਾਇਆ ਤਾਂ ਕਿ ਸਿੱਧੀ ਬੈਠ ਸਕੇ । ਉਸਦੇ ਇੱਕ ਪਾਸੇ ਰਾਤ ਨੂੰ ਠੰਡ ਤੋੰ ਬਚਣ ਲਈ ਰੱਖਿਆ ਲਿਬੜਿਆ ਜਿਹਾ ਕੰਬਲ ਪਿਆ ਸੀ ਜਿਸ ਨਾਲ ਥੋੜਾ ਉਸਨੇ ਆਪਣੀ ਬੁੱਕਲ ਨੂੰ ਢਕਿਆ ਹੋਇਆ ਸੀ। ਉਸਨੇ ਕੌਫੀ ਦਾ ਇੱਕ ਕੱਪ ਉਸ ਔਰਤ ਵੱਲ ਵਧਾਇਆ। ਉਸਨੇ ਧੰਨਵਾਦੀ ਨਜਰ ਉਸ ਵੱਲ ਮਾਰੀ ਤੇ ਕੱਪ ਫੜ੍ਹ ਕੇ ਪਹਿਲਾਂ ਚੁਸਕੀ ਭਰੀ। ਫੇਰ ਉਸ ਔਰਤ ਨੇ ਉਸ ਦਾ ਧੰਨਵਾਦ ਕੀਤਾ ਕਿ ਉਹਨੇ ਉਹਦੇ ਵਾਸਤੇ ਕੌਫੀ ਦਾ ਕੱਪ ਖਰੀਦਿਆ। ਉਹ ਕਹਿੰਦਾ, "ਕੋਈ ਗੱਲ ਨਹੀਂ ਧੰਨਵਾਦ ਦੀ ਲੋੜ ਨਹੀਂ।" "ਪਰ ਮੈਨੂੰ ਅਫਸੋਸ ਹੈ ਕਿ ਤੈਨੂੰ ਇਸ ਹਾਲਤ ਵਿੱਚ ਰਹਿਣਾ ਪੈ ਰਿਹਾ ਐ।"
ਉਸ ਨੇ ਔਰਤ ਤੋਂ ਇਜਾਜ਼ਤ ਮੰਗੀ ਕਿ ਜੇ ਉਹ ਉਸ ਕੋਲ ਘੜੀ ਪਲ ਬੈਠ, ਉਸ ਨਾਲ ਗੱਲਬਾਤ ਕਰ ਸਕੇ। ਉਸ ਔਰਤ ਦੀਆਂ ਅੱਖਾਂ ਭਰ ਆਈਆਂ। ਉਸ ਦੀ ਅੱਖ ਤੋਂ ਹੰਝੂ ਟਪਕਣ ਹੀ ਵਾਲਾ ਸੀ ਕਿ ਉਸਨੇ ਦੂਜੇ ਹੱਥ ਦੀ ਉਂਗਲ ਨਾਲ ਪੂੰਝ ਸੁੱਟਿਆ। ਹੰਝੂ ਦੇ ਪਾਣੀ ਨੂੰ ਸਾਫ ਕਰਦਿਆਂ ਉਸ ਦੇ ਚਿਹਰੇ 'ਤੇ ਜੰਮੀ ਕਾਲਖ ਢਲਕ ਆਈ ਸੀ। ਉਸ ਕਾਲਖ ਦੀ ਲੀਕ ਉਸਦੀ ਅੱਖ ਦੇ ਥੱਲੇ ਸਾਫ ਦਿਸ ਰਹੀ ਸੀ। ਇੱਕੋ ਹੰਝੂ ਨੇ ਉਹਦੇ ਤੇ ਉਹਦੀ ਚਮੜੀ ਦੇ ਅਸਲ ਰੰਗ ਨੂੰ ਉਜਾਗਰ ਕਰ ਸੁੱਟਿਆ ਸੀ। ਉਸ ਨੇ ਉਸ ਔਰਤ ਨੂੰ ਕੌਫੀ ਆਰਾਮ ਨਾਲ ਪੀਣ ਨੂੰ ਕਿਹਾ। ਪਰ ਉਹ ਸੜਕ ਉਪਰ ਧੱਕ ਦਿੱਤੀ ਗਈ ਇਕੱਲੀ ਔਰਤ , ਪਤਾ ਨਹੀਂ ਕਿੰਨੇ ਸਮੇਂ ਤੋਂ ਕਿਸੇ ਨਾਲ ਗੱਲਬਾਤ ਕਰਨ ਲਈ ਤੜਫ ਰਹੀ ਹੋਵੇਗੀ । ਥੋੜੇ ਹੀ ਸਮੇਂ ਵਿੱਚ ਉਹ, ਉਸ ਔਰਤ ਨੂੰ ਅਲਵਿਦਾ ਕਹਿ ਦਿੰਦਾ ਹੈ। ਪਰ ਉਹ ਸੋਚਦਾ ਹੈ ਕਿ ਸ਼ਾਇਦ ਜੇ ਕੌਫੀ ਨਾ ਹੁੰਦੀ ਤਾਂ ਉਹ ਉਸ ਔਰਤ ਦਾ ਦੁੱਖ ਕਦੇ ਵੀ ਸਾਂਝਾ ਨਾ ਕਰ ਸਕਦਾ।
ਹੁਣ ਜਦੋਂ ਉਸਨੂੰ ਯਕੀਨ ਹੀ ਹੋ ਗਿਆ ਸੀ ਕਿ ਉਹ ਉਸਦਾ ਕੌਫੀ ਕੱਪ ਲਾਜ਼ਮੀ ਕਾਉੰਟਰ ਉੱਪਰ ਭੁੱਲ ਆਇਆ ਹੈ ਤਾਂ ਸੋਚ ਰਿਹਾ ਸੀ ਕੀ ਉਸਦੀ ਲੌਂਗ ਲੈਚੀਆਂ ਵਾਲੀ ਚਾਹ ਅਜੇ ਪੀਣ ਯੋਗ ਹੋਵੇਗੀ ਕਿ ਨਹੀਂ। ਸੋਚਦਾ ਹੈ ਕਿ ਚਲੋ ਇਸ ਬਹਾਨੇ 'ਬੰਦ ਢੱਕਣ ਵਾਲੇ ਥਰਮੋਸ ਟਾਈਪ ਕੱਪ' ਦੀ ਕੁਆਲਟੀ ਵੀ ਪਤਾ ਲੱਗ ਜਾਊ ਅੱਜ! ਅਜੇ ਤਾਂ ਚਾਰ ਜਾਂ ਸਾਢੇ ਚਾਰ ਘੰਟੇ ਹੀ ਹੋਏ ਹੋਣਗੇ। ਉਹ ਤਾਂ ਸੱਤ ਘੰਟੇ ਠੰਢਾ ਨਾ ਹੋਣ ਦੀ ਗਰੰਟੀ ਦੇ ਰਹੇ ਸਨ। ਉਹ ਡੀਪੂ ਪਹੁੰਚ ਕੇ ਸਿੱਧਾ ਕਾਉਂਟਰ ਉੱਪਰ ਜਾਂਦਾ ਹੈ । ਉਸ ਦਾ ਕੌਫੀ ਕੱਪ ਉਥੇ ਹੀ ਪਿਆ ਹੈ । ਉਸਨੂੰ ਆਏੰ ਲੱਗਾ ਜਿਵੇਂ ਕੋਈ ਅਣਮੁੱਲੀ ਗੁਆਚੀ ਚੀਜ ਲੱਭ ਗਈ ਹੋਵੇ । ਉਹ ਉਸਦਾ ਢੱਕਣ ਚੁੱਕ ਕੇ ਚੁਸਕੀ ਭਰਦਾ ਹੈ। ਚਾਹ ਓਨੀ ਗਰਮ ਨਹੀਂ ਰਹੀ ਸੀ। ਪਰ ਫੇਰ ਵੀ ਕੋਸੀ ਤੋਂ ਥੋੜੀ ਜਿਹੀ ਗਰਮ ਚਾਹ ਦੀਆਂ ਦੋ ਤਿੰਨ ਵੱਡੀਆਂ ਵੱਡੀਆਂ ਘੁੱਟਾਂ ਭਰਦਾ ਹੈ ਤੇ ਬਾਕੀ ਸੈਂਕ ਵਿੱਚ ਡੋਲ੍ਹ ਦਿੰਦਾ ਹੈ। ਉਹ ਕੌਫੀ ਕੱਪ ਨੂੰ ਧੋ ਕੇ ਆਪਣੇ ਯੂਨੀਅਨ ਵਾਲੇ ਕਮਰੇ ਵਿੱਚ ਧਰ, ਯੂਨੀਅਨ ਦੀ ਵਰਦੀ ਪਾ, ਵਾਪਸ ਡਰਾਈਵਰਾਂ ਵਿੱਚ ਆ ਖੜ੍ਹਦਾ ਹੈ।
Start a discussion with Harman79 Gill
Talk pages are where people discuss how to make content on ਵਿਕੀਪੀਡੀਆ the best that it can be. Start a new discussion to connect and collaborate with Harman79 Gill. What you say here will be public for others to see.