ਵਰਤੋਂਕਾਰ ਗੱਲ-ਬਾਤ:Mehrashankar
ਜੀ ਆਇਆਂ ਨੂੰ Mehrashankar ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 15:03, 23 ਮਈ 2020 (UTC)
ਪੰਜਾਬੀ ਲੋਕ-ਕਾਵਿ ਦਾ ਇੱਕ ਰੰਗ : ਲੋਰੀਆਂ
ਪੰਜਾਬੀ ਦੀ ਲੋਕ-ਕਾਵਿ ਪਰੰਪਰਾ ਦੀਆਂ ਅਨੇਕਾਂ ਵੰਨਗੀਆਂ ਹਨ। ਇਨ੍ਹਾਂ ਵਿੱਚ ਲੋਰੀਆਂ ਦਾ ਆਪਣਾ ਵਿਸ਼ੇਸ਼ ਸਥਾਨ ਤੇ ਮਹੱਤਵ ਹੈ । ਲੋਰੀ ਲੋਕ-ਕਾਵਿ ਰੂਪ ਭਾਵ ਲੋਰੀਆਂ ਉਨ੍ਹੀਆਂ ਹੀ ਪੁਰਾਣੀਆਂ ਹਨ, ਜਿੰਨਾ ਮਨੁੱਖੀ ਜੀਵਨ। ਮਨੁੱਖ ਜਾਤੀ ਦੀ ਉਤਪਤੀ ਦੇ ਨਾਲ ਹੀ ‘ਲੋਰੀ’ ਨੇ ਜਨਮ ਲਿਆ। ਲੋਰ ਸ਼ਬਦ ਦੇ ਅਰਥ ਹਨ ਨੀਂਦ, ਝੋਂਕਾ ਜਾ ਲੋਰ ਆ ਜਾਣੀ । ਇਸ ਤੋਂ ਸ਼ਬਦ ਲੋਰੀ ਬਣਿਆ । ਅਜਿਹਾ ਰਸਮਈ ਗੀਤ ਜਿਸਨੂੰ ਸੁਣ ਕੇ ਬੱਚੇ ਨੂੰ ਇੱਕ ਅਨੰਦ ਦਾ ਅਨੁਭਵ ਹੋਵੇ ਅਤੇ ਸੁੱਖ ਵਾਲੀ ਨੀਂਦ ਆ ਜਾਵੇ । ਬੱਚੇ ਨੂੰ ਦੁੱਧ ਪਿਆਉਣ ਵੇਲੇ, ਖਿਡਾਉਂਦਿਆਂ ਹੋਇਆਂ, ਨਹਾਉਂਦਿਆਂ ਹੋਇਆਂ, ਰੋਂਦੇ ਨੂੰ ਹਸਾਉਣ ਲਈ ਤੇ ਸੁਲਾਉਣ ਸਮੇਂ ਲੋਰੀਆਂ ਗਾਈਆਂ ਜਾਂਦੀਆਂ ਹਨ। ਇਹ ਛੋਟੀ ਉਮਰ ਦੇ ਬੱਚਿਆਂ ਨੂੰ ਸੰਗੀਤਮਈ ਤੇ ਲੈਅ ਬੱਧ ਢੰਗ ਨਾਲ ਸੁਣਾਈਆਂ ਜਾਂਦੀਆਂ ਹਨ। ਨਾਰੀ ਦੇ ਰੂਪ ਵਿੱਚ ਮਾਂ ਲੋਰੀਆਂ ਦੀ ਸਿਰਜਕ ਹੈ ਅਤੇ ਲੋਰੀ ਅਜਿਹਾ ਕਾਵਿ ਹੈ ਜਿਸ ਦਾ ਸਬੰਧ ਸਭ ਤੋਂ ਪਹਿਲਾਂ ਮਾਂ ਤੇ ਉਸਦੇ ਬਾਲ ਨਾਲ ਹੁੰਦਾ ਹੈ। ਦੁਨੀਆਂ ਵਿੱਚ ਜਿਸ ਵੀ ਜਗ੍ਹਾ ’ਤੇ ਕੋਈ ਮਾਂ ਆਪਣੇ ਬਾਲ ਨਾਲ ਹੁੰਦੀ ਹੈ, ਉਹੀ ਸਥਾਨ ਲੋਰੀ ਦਾ ਨਿਭਾਉ ਸਥਾਨ ਬਣ ਜਾਂਦਾ ਹੈ। ਮਾਂ ਨੂੰ ਉਸ ਦੀ ਜਾਤ, ਧਰਮ, ਭਾਸ਼ਾ ਜਾਂ ਦੇਸ਼-ਵਿਦੇਸ਼ ਵਖਰਿਆ ਨਹੀਂ ਸਕਦਾ। ਰਾਜਾ ਹੋਵੇ ਜਾਂ ਰੰਕ, ਹਰ ਮਾਂ ਆਪਣੇ ਬੱਚੇ ਨੂੰ ਸਮਾਨ ਭਾਵਾਂ ਵਾਲੀਆਂ ਲੋਰੀਆਂ ਸੁਣਾਉਂਦੀ ਹੈ । ਦੁਨੀਆਂ ਦੀ ਹਰ ਮਾਂ ਆਪਣੇ ਬੱਚੇ ਵਾਸਤੇ ਲੰਮੀ ਉਮਰ, ਚੰਗੀ ਸਿਹਤ, ਬਹਾਦਰੀ, ਬਾਗ-ਪਰਿਵਾਰ ਵਿੱਚ ਵਾਧੇ ਦੀ ਸੱਧਰ ਰੱਖਦੀ ਹੈ। ਪੰਜਾਬੀ ਮਾਂ ਦੇ ਜਜ਼ਬੇ ਵੀ ਅਜਿਹੇ ਹੀ ਹਨ। ਲੋਰੀ ਦਾ ਮੁੱਢਲਾ ਮਕਸਦ ਤਾਂ ਬਾਲ (ਮੁੰਡੇ) ਨੂੰ ਵਰਚਾਉਣਾ, ਰੋਣ ਤੋਂ ਚੁੱਪ ਕਰਾਉਣਾ, ਨੀਂਦ ਵੱਲ ਲਿਆਉਣਾ ਤੇ ਸਵਾਉਣਾ ਹੁੰਦਾ ਹੈ।
ਲੱਲਾ-ਲੱਲਾ ਲੋਰੀ ਦੁੱਧ ਦੀ ਕਟੋਰੀ, ਦੁੱਧ ’ਚ ਪਤਾਸਾ, ਮੁੰਨਾ ਕਰੇ ਤਮਾਸ਼ਾ।
ਇਸ ਬਹਾਨੇ ਇੱਕ ਪਿਆਰੀ ਮਾਂ ਆਪਣੇ ਬਾਲ ਬਾਰੇ ਆਪਣੇ ਮਨ ਦੀਆਂ ਤਾਘਾਂ, ਜਜ਼ਬਿਆਂ ਤੇ ਸੱਧਰਾਂ ਦਾ ਪ੍ਰਗਟਾਵਾ ਕਰਦੀ ਹੈ। ਇਸ ਨੂੰ ਮਾਂ ਦੀ ਮਮਤਾ ਦੀ ਸਭ ਤੋਂ ਵੱਡੀ ਮੁੱਲਵਾਨ ਦੇਣ ਤੇ ਅਸੀਸ ਕਿਹਾ ਜਾ ਸਕਦਾ ਹੈ। ਉਹ ਪੜਾਅ ਜਦੋਂ ਬੱਚਾ ਪੂਰੀ ਤਰ੍ਹਾਂ ਬੋਲਣਾ ਨਹੀਂ ਸਿੱਖਿਆ ਹੁੰਦਾ ਸਿਰਫ਼ ਸੁਣ ਸਕਦਾ ਹੈ, ਵਿੱਚ ਲੋਰੀ ਹੀ ਬੱਚੇ ਨੂੰ ਮਾਂ ਦੇ ਪਿਆਰ ਦੇ ਨਿੱਘ ਦਾ ਅਹਿਸਾਸ ਕਰਵਾਉਂਦੀ ਹੈ । ਲੋਰੀਆਂ ਰਾਹੀਂ ਹੀ ਬੱਚੇ ਦੀ ਸਮਾਜਿਕ ਜੀਵਨ ਨਾਲ ਸਾਂਝ ਪੈਦਾ ਕਰਦੀ ਹੈ। ਉਹ ਭਵਿੱਖਮਈ ਜੀਵਨ ਲਈ ਤਿਆਰ ਹੁੰਦਾ ਹੈ। ਹਰ ਲੋਰੀ ਵਿੱਚੋਂ ਸ਼ਹਿਦ ਦੀ ਮਿਠਾਸ ਅਤੇ ਰਾਤ ਰਾਣੀ ਦੀ ਮਹਿਕ ਤੇ ਨਿਰਛਲ ਪਿਆਰ ਡੁਲ੍ਹ ਡੁਲ੍ਹ ਪੈਂਦਾ ਹੈ।
ਅੱਲ੍ਹੜ ਬੱਲ੍ਹੜ ਬਾਵੇ ਦਾ, ਬਾਵਾ ਕਣਕ ਲਿਆਵੇਗਾ । ਬਾਵੀ ਬਹਿ ਕੇ ਛੱਟੇਗੀ, ਮਾਂ ਪੂਣੀਆਂ ਵੱਟੇਗੀ । ਬਾਵਾ ਕਣਕ ਪਿਸਾਵੇਗਾ, ਬਾਵੀ ਬਹਿ ਕੇ ਗੁੰਨ੍ਹੇਗੀ । ਬਾਵੀ ਮੰਨ ਪਕਾਵੇਗੀ, ਬਾਵਾ ਬੈਠਾ ਖਾਵੇਗਾ ।
ਅਸਲ ਵਿੱਚ ਲੋਰੀਆਂ ਮਮਤਾ ਦੇ ਵੇਗ ਵਿਚੋਂ ਉਤਪੰਨ , ਬੱਚੇ ਪ੍ਰਤੀ ਸੱਧਰਾਂ, ਉਮੰਗਾਂ, ਰੀਝਾਂ ਅਤੇ ਚਾਵਾਂ ਦਾ ਮਿਸ਼ਰਣ ਹੁੰਦਾ ਹੈ । ਹਿੰਡ ( ਜਿੱਦ ) ਪਏ ਬੱਚੇ ਨੂੰ ਪਰਚਾਉਣ ਲਈ,ਦੁੱਧ ਪਿਲਾਉਣ ਲਈ, ਮਿੱਠੀ ਮਿੱਠੀ ਨੀਂਦ ਸੁਲਾਉਂਣ ਜਾਂ ਉਸ ਦੀ ਬੇਚੈਨੀ ਦੂਰ ਕਰਨ ਲਈ ਲੋਰੀਆਂ ਦਾ ਸਹਾਰਾ ਲਿਆ ਜਾਂਦਾ ਹੈ ਘਰ ਭਾਵੇਂ ਕਿੰੰਨਾ ਵੀ ਭਰਿਆ-ਪੂਰਾ ਕਿਉਂ ਨਾ ਹੋਵੇ ਜੇ ਉਸ ਘਰ ਵਿੱਚ ਬੱਚਾ ਨਾ ਖੇਡਦਾ ਹੋਵੇ ਤਾਂ ਘਰ ਸੁੰਨਾ ਲੱਗਦਾ ਹੈ। ਇਸੇ ਲਈ ਮੋਹਨ ਸਿੰਘ ਦੀਵਾਨਾ ਨੇ ਲਿਖਿਆ ਹੈ:
ਹੋਵਣ ਭਾਵੇਂ ਮਾਵਾਂ ਪਰੀਆਂ, ਨਾਲ ਹੁਸਨ ਦੇ ਡਕਡਕ ਭਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ, ਜੇ ਬਾਲਾਂ ਦਾ ਹਾਰ ਨਾ ਹੋਵੇ।
ਬੱਚੇ ਮਾਂ ਬਾਪ ਦਾ ਉਹ ਸਰਮਾਇਆ ਹਨ ਜਿਨ੍ਹਾਂ ਬਗੈਰ ਦੌਲਤ ਦੇ ਢੇਰ ਤੇ ਰੁਤਬਾ ਬੇਮਾਅਨਾ ਹੁੰਦਾ ਹੈ। ਮੁੱਢ ਤੋਂ ਹੀ ਬੱਚਿਆਂ ਵਾਸਤੇ ਮਾਪਿਆਂ ਦੇ ਦਿਲ ਵਿੱਚ ਸਨੇਹ, ਮੁਹੱਬਤ ਤੇ ਨਿੱਘੇ ਜਜ਼ਬੇ ਦਾ ਇਜ਼ਹਾਰ ਲੋਰੀਆਂ ਦੇ ਰੂਪ ਵਿੱਚ ਹੁੰਦਾ ਆਇਆ ਹੈ। ਬੱਚਿਆਂ ਦੇ ਖੇਡ ਗੀਤਾਂ ਵਾਂਗ ਲੋਰੀਆਂ ਵੀ ਪੁੱਠੇ ਸਿੱਧੇ ਸ਼ਬਦਾਂ ਦਾ ਸੰਗ੍ਰਹਿ ਹੁੰਦੀਆਂ ਹਨ, ਪਰ ਉਨ੍ਹਾਂ ਦਾ ਕੋਈ ਨਾ ਕੋਈ ਭਾਵ ਅਰਥ ਜ਼ਰੂਰ ਹੁੰਦਾ ਹੈ। ਲੋਰੀਆਂ ਦਾ ਕੋਈ ਬੱਝਵਾਂ ਖਾਸ ਰੂਪ ਨਹੀਂ ਮਾਂ ਆਪਣੀਆਂ ਸੱਧਰਾਂ ਅਤੇ ਮਨੋਭਾਵਨਾਵਾਂ ਨੂੰ ਪ੍ਰਗਟਾਉਣ ਲਈ ਮਾਹੌਲ ਅਨੁਸਾਰ ਕੁੱਝ ਸਤਰਾਂ ਘੜ ਲੈਂਦੀ ਹੈ । ਲੋਰੀਆਂ ਦੀ ਲੈਅ ਵਿੱਚ ਇੱਕ ਅਨੂਠੀ ਮਸਤੀ ਹੁੰਦੀ ਹੈ ਜੋ ਬੱਚੇ ਨੂੰ ਸੁਖਾਵੇਂ ਸੁਪਨਿਆਂ ਦੇ ਸੰਸਾਰ ਵਿੱਚ ਪਹੁੰਚਾ ਦਿੰਦੀ ਹੈ ।
ਸੋਹਣਾ ਪੁੱਤਰ ਮਾਂ ਦਾ, ਦੁੱਧ ਪੀਵੇ ਗਾਂ ਦਾ। ਰੋਟੀ ਖਾਵੇ ਕਣਕ ਦੀ, ਵਹੁਟੀ ਲਿਆਵੇ ਛਣਕਦੀ।
ਲੋਰੀ ਦੀ ਲੈਅ ਵਿਚਲੀ ਮਸਤੀ, ਲੋਰੀ-ਦਾਤਾ ਵੱਲੋਂ ਕੱਢੀਆਂ ਜਾਂਦੀਆਂ ਤੋਤਲੀਆਂ ਆਵਾਜ਼ਾਂ ਅਤੇ ਕਲੋਲਾਂ ਬਾਲ ਨੂੰ ਰਸ ਪ੍ਰਦਾਨ ਕਰਦੀਆਂ ਹੋਈਆਂ ਸੁਖਾਵੇਂ ਸੁਪਨ-ਸੰਸਾਰ ਦੀ ਯਾਤਰਾ ’ਤੇ ਲੈ ਜਾਂਦੀਆਂ ਹਨ । ਬਾਲ ਦੇ ਪਾਲਣ-ਪੋਸ਼ਣ ਵਿੱਚ ਪਿਤਾ, ਦਾਦਾ-ਦਾਦੀ, ਨਾਨਾ-ਨਾਨੀ, ਭੈਣ, ਚਾਚਾ-ਚਾਚੀ, ਤਾਇਆ-ਤਾਈ, ਭੂਆ-ਫੁੱਫੜ, ਮਾਮਾ-ਮਾਮੀ, ਮਾਸੀ-ਮਾਸੜ ਅਤੇ ਭਰਾ-ਭਰਜਾਈ ਵੀ ਮਾਂ ਦੇ ਸਹਿਯੋਗੀ ਸਾਥੀ ਵਜੋਂ ਵਿਚਰਦੇ ਹਨ, ਇਸ ਲਈ ਲੋਰੀਆਂ ਦਾ ਸਬੰਧ ਉਨ੍ਹਾਂ ਨਾਲ ਵੀ ਜੁੜਦਾ ਹੈ। ਲੋਰੀਆਂ ਰਾਹੀਂ ਬੱਚੇ ਨੂੰ ਪਾਲਣ ਵਾਲੇ ਉਸਦੇ ਸਾਕ ਸੰਬੰਧੀ ਜਿਵੇਂ ਮਾਂ -ਪਿਓ, ਭੈਣ-ਭਰਾ , ਚਾਚਾ-ਚਾਚੀ , ਮਾਮਾ-ਮਾਮੀ , ਦਾਦਾ-ਦਾਦੀ, ਨਾਨਾ-ਨਾਨੀ ਅਤੇ ਭੂਆ -ਫੁਫੜ ਬੱਚੇ ਦੀ ਖੈਰ ਸੁੱਖ ਦੀ ਕਾਮਨਾ ਕਰਦੇ ਹਨ ਉਸਦੇ ਚੰਗੇ ਭਵਿੱਖ ਲਈ ਅਸੀਸਾਂ ਦਿੰਦੇ ਹਨ । ਉਸਨੂੰ ਗੋਦੀ ਵਿੱਚ ਲੈਕੇ ਜਾ ਪੰਗੂੜੇ ਵਿੱਚ ਪਾ ਕੇ ਲੋਰੀਆਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹਨ । ਕੰਮ ਵਿੱਚ ਜੁਟੀ ਮਾਂ ਕੋਲ ਜਦੋਂ ਰੋਂਦੇ ਬਾਲ ਨੂੰ ਚੁੱਪ ਕਰਾਉਣ ਜਾਂ ਹਿੰਡ ਪਏ ਬਾਲ ਨੂੰ ਪਰਚਾਉਣ ਜਾਂ ਸਵਾਉਣ ਜਾਂ ਨਵ੍ਹਾਉਣ ਦਾ ਸਮਾਂ ਨਹੀਂ ਹੁੰਦਾ ਤਾਂ ਵਿਭਿੰਨ ਰਿਸ਼ਤਿਆਂ ਵਜੋਂ ਭੂਮਿਕਾ ਨਿਭਾਉਂਦੇ ਹੋਰ ਨਾਰੀ ਪਾਤਰ ਆਪਣੇ ਵੱਲੋਂ ਲੋਰੀਆਂ ਦਿੰਦੇ ਹੋਏ ਬਾਲ ਨੂੰ ਚੁੱਪ ਕਰਾਉਣ, ਪਰਚਾਉਣ ਤੇ ਸਵਾਉਣ ਵਿੱਚ ਮਾਂ ਦੀ ਮਦਦ ਕਰਦੇ ਹਨ।
ਦੁਰ ਦੁਰ ਕੁੱਤਿਆ, ਜੰਗਲ ’ਚ ਸੁੱਤਿਆ ਜੰਗਲ ਪਈ ਲੜਾਈ, ਨੀਂਦਰ ਨੱਸੀ ਨੱਸੀ ਆਈ। ਜੰਗਲ ਸੁੱਤੇ ਪਹਾੜ ਸੁੱਤੇ, ਸੁੱਤੇ ਸਭ ਦਰਿਆ ਅਜੇ ਜਾਗਦਾ ਸਾਡਾ ਕਾਕਾ, ਨੀਂਦਰੇ ਛੇਤੀ ਛੇਤੀ ਆ
ਲੋਰੀ ਦੀ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿੱਚ ਸਹਿਜ ਸੁਭਾਵਿਕ ਤੌਰ ’ਤੇ ਸਾਡਾ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਭਾਈਚਾਰਕ ਵਰਤਾਰੇ ਦਾ ਸਕਿਰਿਆਤਮਕ ਰੂਪ/ਰੰਗ ਵੀ ਆ ਟਪਕਦਾ ਹੈ। ਲੈਣ-ਦੇਣ, ਰਿਸ਼ਤਾ-ਨਾਤਾ, ਪ੍ਰਾਪਤੀ-ਅਪ੍ਰਾਪਤੀ, ਪ੍ਰਗਤੀ-ਅਧੋਗਤੀ ਅਤੇ ਜੀਵਨ ਵਿੱਚ ਦਰਪੇਸ਼ ਹੋਰ ਕਈ ਤਰ੍ਹਾਂ ਦੀਆਂ ਸੰਗਤੀਆਂ-ਵਿਸੰਗਤੀਆਂ, ਮਾਣ-ਸਵੈਮਾਣ ਆਦਿ ਦਾ ਪ੍ਰਭਾਵ ਵੀ ਇਨ੍ਹਾਂ ਲੋਰੀ-ਗੀਤਾਂ ਵਿੱਚ ਸਹਿਜੇ ਆ ਹੀ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਪਸ਼ੂ-ਪੰਛੀਆਂ, ਰਾਜਿਆਂ-ਮਹਾਰਾਜਿਆਂ, ਪਿੰਡਾਂ, ਸ਼ਹਿਰਾਂ ਆਦਿ ਦਾ ਜ਼ਿਕਰ ਵੀ ਇਨ੍ਹਾਂ ਲੋਰੀਆਂ ਵਿੱਚ ਹੋਇਆ ਵੇਖਿਆ/ਸੁਣਿਆ/ਮਾਣਿਆ ਜਾ ਸਕਦਾ ਹੈ। ਪੰਜਾਬੀ ਰਿਸ਼ਤੇਦਾਰੀ ਦੀ ਖਾਸੀਅਤ ਹੈ ਕਿ ਇਸ ਦੇ ਜੀਵਤ ਵਰਤਾਰੇ ਵਿੱਚ ਆਪਸੀ ਲੈਣ-ਦੇਣ, ਰਸਮਾਂ-ਰਿਵਾਜਾਂ ਜਾਂ ਹੋਰ ਸਮਾਜਿਕ ਸੱਭਿਆਚਾਰਕ ਚੱਜ-ਵਿਹਾਰ ਜਾਂ ਖ਼ੁਸ਼ੀ-ਗ਼ਮੀ ਦੇ ਮੌਕਿਆਂ ਸਮੇਂ ਖ਼ੂਬ ਆਸਾਂ ਵੀ ਰੱਖੀਆਂ ਜਾਂਦੀਆਂ ਹਨ । ਇਸੇ ਪ੍ਰਸੰਗ ਵਿੱਚ ਨਵਜਾਤ ਜਾਂ ਛੋਟੀ ਉਮਰ ਤਕ ਦੇ ਖੇਡਦੇ-ਮਲਦੇ ਬੱਚੇ ਨੂੰ ਨਾਨਕਿਆਂ ਅਤੇ ਦਾਦਕਿਆਂ ਦੇ ਪੱਖ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਵੱਲੋਂ ਤੋਹਫ਼ੇ ਜੋ ਕਿ ਕੰਗਣ, ਕੜੇ, ਤੜਾਗੀ, ਝੱਗੇ, ਪਜਾਮੇ, ਪਟਕੇ, ਟੋਪੀ ਆਦਿ ਰੂਪ ’ਚ ਹੁੰਦੇ ਹਨ, ਦਿੱਤੇ ਜਾਂਦੇ ਹਨ। ਇਸ ਸਭ ਦਾ ਜ਼ਿਕਰ ਵੀ ਬੱਚੇ ਨੂੰ ਦਿੱਤੀ ਜਾਣ ਵਾਲੀ ਲੋਰੀ ’ਚ ਹੁੰਦਾ ਹੈ। ਭੂਆ, ਮਾਮੇ-ਮਾਮੀਆਂ, ਨਾਨੀ, ਦਾਦੀ, ਚਾਚੀਆਂ-ਤਾਈਆਂ ਆਦਿ ਵੱਲੋਂ ਜੋ ਬੱਚੇ ਨੂੰ ਦਿੱਤਾ ਜਾਂਦਾ ਹੈ, ਭਾਵੇਂ ਉਹ ਬੱਚੇ ਦੀ ਸੁਣਨ ਜਾਂ ਸਮਝਣ ਸ਼ਕਤੀ ਤੋਂ ਬਾਹਰ ਹੁੰਦਾ ਹੈ, ਵੀ ਕਹਿ ਕੇ ਜਾਂ ਗਾ ਕੇ ਲੋਕ-ਬੋਲਾਂ ’ਚ ਪ੍ਰਵਾਹਮਾਨ ਕਰ ਦਿੱਤਾ ਜਾਂਦਾ ਹੈ। ਦਾਦੀਆਂ, ਫੁੱਫੀਆਂ, ਮਾਸੀਆਂ ਆਪੋ-ਆਪਣੇ ਲਹਿਜ਼ੇ ’ਚ ਬੱਚੇ ਨਾਲ ਨੇੜਤਾ ਜ਼ਾਹਰ ਕਰਦੀਆਂ ਰਹਿੰਦੀਆਂ ਹਨ। ਇੱਕ ਮਾਸੀ ਅਕਸਰ ਆਖਦੀ ਸੁਣੀ ਜਾ ਸਕਦੀ ਹੈ:
ਸੌਂ ਜਾ ਕਾਕੇ ਤੂੰ, ਤੇਰੇ ਬੋਦੇ ਲੜ ਗਈ ਜੂੰ, ਕੱਢਣ ਵਾਲੀਆਂ ਮਾਸੀਆਂ, ਵੇ ਕਢਾਉਣ ਵਾਲਾ ਤੂੰ, ਊਂ… ਊਂ… ਊਂ…।
ਸਮੇਂ ਦੇ ਬਦਲਣ ਨਾਲ ਮਨੁੱਖ ਦੇ ਜੀਵਨ ਢੰਗ ਵਿੱਚ ਕਾਫ਼ੀ ਪਰਿਵਰਤਨ ਆਇਆ ਹੈ। ਹੁਣ ਲੋਰੀਆਂ ਦੇਣੀਆਂ ਬੀਤੇ ਦੀ ਗੱਲ ਬਣ ਗਈ ਹੈ। ਅੱਜ ਕੱਲ ਕੋਈ ਨਾਨੀ-ਦਾਦੀ ਜਾਂ ਮਾਂ ਲੋਰੀ ਦਿੰਦੀ ਨਜ਼ਰ ਨਹੀਂ ਆਉਂਦੀ। ਕਿਸੇ ਕੋਲ ਸਮਾਂ ਹੀ ਨਹੀਂ ਬਾਲ ਵਰਾਉਣ ਦਾ। ਨੌਕਰੀਸ਼ੁਦਾ ਮਾਵਾਂ ਨੂੰ ਪਹਿਲਾਂ ਹੀ ਦੂਹਰੇ ਕੰਮ ਦਾ ਬੋਝ ਚੈਨ ਨਹੀਂ ਲੈਣ ਦਿੰਦਾ। ਪਰਿਵਾਰ ਟੁੱਟ ਰਹੇ ਹਨ, ਮਾਂ-ਬਾਪ ਪਦਾਰਥਕ ਦੌੜ ਵਿੱਚ ਰੁੱਝੇ ਹੋਏ ਹਨ ਤੇ ਬੱਚੇ ਪਲ ਰਹੇ ਹਨ ‘ਆਯਾ’ ਜਾਂ ‘ਮੇਡ’ ਦੇ ਹੱਥਾਂ ਵਿੱਚ ਜਾਂ ਕਰੈੱਚ ਵਿੱਚ। ਕੌਣ ਦੇਵੇਗਾ ਲੋਰੀਆਂ? ਇਹੀ ਵਜ੍ਹਾ ਹੈ ਕਿ ਲੋਰੀਆਂ ਕਿਤਾਬਾਂ ਦੇ ਪੰਨਿਆਂ ਵਿੱਚ ਬੰਦ ਹੋ ਕੇ ਰਹਿ ਗਈਆਂ ਹਨ। ਲੋਕਧਾਰਾ ਨਾਲੋਂ ਟੁੱਟ ਕੇ ਮਨੁੱਖੀ ਜ਼ਿੰਦਗੀ ਵਿਚਲੇ ਮਸਨੂਈਪਨ ਨੂੰ ਵਿਸਥਾਰ ਮਿਲਦਾ ਜਾ ਰਿਹਾ ਹੈ। ਬੱਚੇ ਫ਼ਿਲਮੀ ਗਾਣਿਆਂ ਉੱਪਰ ਨੱਚ ਰਹੇ ਹਨ। ਮਾਪੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ। ਇਸ ਤਰ੍ਹਾਂ ਦੇ ਵਰਤਾਰੇ ਵਿੱਚ ਬੇਹੱਦ ਲੋਕਪ੍ਰਿਯ ਅਤੇ ਲੋਕ ਮਨਾਂ ਦੇ ਨੇੜੇ ਰਹੀਆਂ ਸਰਬ ਸਾਂਝੀਆਂ ਲੋਰੀਆਂ ਕਿਧਰੇ ਆਪਣਾ ਅਸਤਿਤਵ ਹੀ ਨਾ ਮਿਟਾ ਬੈਠਣ। ਲੋਕਧਾਰਾ ਦੇ ਇਸ ਪੁਰਾਤਨ ਤੇ ਬਹੁਮੁੱਲੇ ਖ਼ਜ਼ਾਨੇ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ। ਸ਼ਾਲਾ! ਲੋਰੀਆਂ ਤੇ ਪੰਜਾਬੀਅਤ ਦੀ ਪਛਾਣ ਜਿਉਂਦੀ ਰਹੇ ।
ਸ਼ੰਕਰ ਮਹਿਰਾ
ਕ੍ਰਿਸ਼ਨਾ ਨਗਰ, ਖੰਨਾ ( ਜਿਲ੍ਹਾ ਲੁਧਿਆਣਾ ) -141401
ਸੰਪਰਕ : 9988898227
mehrashankar777@gmail.com