ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Sukhdarshan Sekhon

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਹਿਤ ਅਤੇ ਸਿਨੇਮਾਂ ਇੱਕ ਦੂਜੇ ਦੇ ਰਿਸ਼ਤੇਦਾਰ ਨੇ, ਨੇੜੇ ਦੇ – ਦਰਸ਼ਨ ਦਰਵੇਸ਼

[ਸੋਧੋ]
ਮੁਲਾਕਾਤੀ - ਗੁਰਮੀਤ ਬਰਾੜ


੧. ਗੁਰਮੀਤ-'ਸੁਖਦਰਸ਼ਨ ਸੇਖੋਂ, 'ਦਰਸ਼ਨ ਦਰਵੇਸ਼ ' ਨੂੰ ਕਿੰਨਾ ਕੁ ਜਾਣਦਾ ਹੈ, ਤੇ 'ਦਰਸ਼ਨ ਦਰਵੇਸ਼'. 'ਸੁਖਦਰਸ਼ਨ ਸੇਖੋਂ' ਨੂੰ ਕਿੰਨਾ ਕੁ ਭੁੱਲ ਚੁੱਕਿਆ ਹੈ?

ਦਰਵੇਸ਼ – ਸੁਖਦਰਸ਼ਨ ਸੇਖੋਂ ਜਿੰਨਾਂ ਜ਼ਿਆਦਾ ਦਰਸ਼ਨ ਦਰਵੇਸ਼ ਨੂੰ ਜਾਣਦਾ ਹੈ ਉਨਾਂ ਤਾਂ ਸ਼ਾਇਦ ਹੋਰ ਕੋਈ ਵੀ ਨਹੀਂ ਜਾਣਦਾ। ਜੇ ਉਸਨੇ ਦਰਵੇਸ਼ ਨੂੰ ਭੁਲਾਉਣ ਦੀ ਰਤਾ ਵੀ ਕੋਸ਼ਿਸ਼ ਕੀਤੀ ਹੁੰਦੀ ਤਾਂ ਹੁਣ ਤੱਕ ਉਸਨੇ ਬਹੁਤ ਵੱਡਾ ਫਿਲਮ ਨਿਰਮਾਤਾ, ਕਮਰਸ਼ੀਅਲ ਲੇਖਕ, ਇੱਕ ਸਫਲ ਪਤੀ ਅਤੇ ਆਦਰਸ਼ ਬਾਪ ਹੋਣਾਂ ਸੀ।ਹਰ ਮਹੀਨੇ ਖਰੀਦੀਆਂ ਜਾਣ ਵਾਲੀਆਂ ਕਿਤਾਬਾਂ ਅਤੇ ਵੇਖੀਆਂ ਜਾਣ ਵਾਲੀਆਂ ਫਿਲਮਾਂ ਉੱਪਰ ਪਾਬੰਦੀ ਲਾਕੇ ਲਗਜ਼ਰੀ ਗੱਡੀਆਂ aੱਪਰ ਘੁੰਮਦੇ ਹੋਣਾਂ ਸੀ ਸਲਮਾਨ ਰਸ਼ਦੀ ਵਾਂਗ।

੨. ਗੁਰਮੀਤ-ਕਵੀ,ਪੱਤਰਕਾਰ,ਗੀਤਕਾਰ,ਫ਼ਿਲਮ ਨਿਰਦੇਸ਼ਕ,ਐਂਕਰ 'ਚੋਂ ਤੁਸੀਂ ਸਭ ਤੋਂ ਜ਼ਿਆਦਾ ਕੀ ਹੋਂ? ਕਿਉਂ?

ਦਰਵੇਸ਼ – ਮੈ ਸਭ ਤੋਂ ਜ਼ਿਆਦਾ ਤਾਂ ਫਿਲਮ ਨਿਰਦੇਸ਼ਕ ਹੀ ਹਾਂ ਕਿਉਂਕਿ ਮੇਰਾ ਨਜ਼ਰੀਆ ਤਾਂ ਹੈ ਹੀ ਪੇਸ਼ਕਾਰੀ ਵਾਲਾ। ਮੇਰੀ ਹਰ ਵਿਧਾ ਵਿੱਚ ਤੁਸੀਂ ਕਿਧਰੇ ਨਾਂ ਕਿਧਰੇ ਪੇਸ਼ਕਾਰੀ ਦੀਆਂ ਜੜ੍ਹਾਂ ਤਲਾਸ਼ ਸਕਦੇ ਹੋ, ਜਾਂ ਕਹਿ ਸਕਦੇ ਹਾਂ ਕਿ ਇਹੋ ਹੀ ਸਾਨੂੰ ਨਜ਼ਰ ਆਉਣਗੀਆਂ। ਆਪਣੇਂ ਬੇਤਰਤੀਬ ਵਰਤਮਾਨ ਨੂੰ ਤਰਤੀਬ ਦਿੰਦਿਆਂ ਇਹ ਹੋਰ ਵੀ ਪਰਪੱਕ ਹੁੰਦਾ ਗਿਆ।ਮੇਰੇ ਯਾਦ ਹੈ ਕਿ ਮੈਂ ਬਚਪਨ ਵਿੱਚ ਸਾਰੀ ਸਾਰੀ ਰਾਤ ਬਿਸਤਰੇ ਦੀਆਂ ਸਿਲਵਟਾਂ ਨੂੰ ਹੀ ਤਰਤੀਬ ਦਿੰਦਾ ਰਹਿੰਦਾ ਸੀ। ਘਰ ਵਿੱਚ ਕਿਹੜਾ ਸਾਮਾਨ ਕਿੱਥੇ ਟਿਕਣਾਂ ਚਾਹੀਦਾ ਸੀ ਇਹ ਵੀ ਸ਼ਾਇਦ ਉਸੇ ਨਿਰਦੇਸ਼ਿਤ ਤਰਤੀਬ ਦਾ ਹੀ ਹਿੱਸਾ ਸੀ। ਸਕੂਲ ਵਿੱਚ ਅਧਿਆਪਕ ਦੇ ਕਹਿਣ ਤੋਂ ਬਿਨਾਂ ਹੀ 'ਰੱਤਾ ਸਾਲੂ' ਅਤੇ 'ਲੋਹਾ ਕੁੱਟ' ਨਾਟਕਾਂ ਦਾ ਨਿਰਦੇਸ਼ਨ ਦਿੱਤਾ ਸੀ।ਅਤੇ ਜ਼ਿਲਾ ਪੱਧਰ ਤੱਕ ਸਕੂਲ ਵਾਸਤੇ ਸ਼ੀਲਡ ਜਿੱਤਕੇ ਲੈਕੇ ਆਇਆ ਸੀ। ਮੇਰੇ ਯਾਦ ਹੈ ਕਿ ਸਟੇਜ ਉੱਪਰ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਅਤੇ ਆਪਣੇਂ ਨਾਲ ਦੇ ਸਾਥੀ ਵਿਦਿਆਰਥੀਆਂ ਦੀ ਜਾਣ ਪਛਾਣ ਕਰਵਾਉਂਦਿਆਂ ਮੇਰੇ ਮੂੰਹੋਂ ਇੱਕ ਸਬਦ ਨਿੱਕਲਿਆਂ ਸੀ – ਇਹ ਸਭ ਟੀਮ ਵਰਕ ਦਾ ਨਤੀਜਾ ਹੈ। ਤਾਂ ਉਸ ਵੇਲੇ ਦੇ ਪ੍ਰਸਿੱਧ ਨਾਟਕਕਾਰ ਸਵਰਗੀ ਹਰਪਾਲ ਟਿਵਾਣਾਂ ਜੀ ਨੇ ਇਨਾਮ ਦਿੰਦਿਆਂ ਕਿਹਾ ਸੀ ਕਿ ਇਹ ਮੁੰਡਾ ਤਾਂ ਅੱਜ ਤੋਂ ਹੀ ਸਿਨੇਮਾਂ ਦੇ ਲੈਵਲ ਦੀ ਗੱਲ ਕਰਨ ਲੱਗ ਪਿਆ ਹੈ। ਸ਼ਾਲਾ ਇਹ ਕਦੇ ਸਿਨੇਮਾਂ ਦਾ ਹਿੱਸਾ ਬਣ ਸਕੇ। ਆਪਣੀਆਂ ਬੇਤਰਤੀਬੀਆਂ ਵਿੱਚ, ਜ਼ਿੰਦਗੀ ਦੇ ਚੱਕਰਵਿਊ ਵਿੱਚ ਬਹੁਤ ਕੁੱਝ ਗਲਤ ਜਾਂ ਬੇਇਨਸਾਫੀਆਂ ਹੁੰਦੀਆਂ ਵੇਖੀਆਂ ਤਾਂ ਪੱਤਰਕਾਰੀ ਵਰਗੀ ਵਿਧਾ ਵੀ ਨਾਲ ਆ ਖਲੋਤੀ। ਪਰ ਹਾਂ ਜੇਕਰ ਤੁਸੀਂ ਇਸਨੂੰ ਕਾਲਮਨਵੀਸ ਦਾ ਨਾਂਅ ਦੇ ਦੇਵੋਂ ਤਾਂ ਸ਼ਾਇਦ ਜ਼ਿਆਦਾ ਬਿਹਤਰ ਰਹੇਗਾ। ਕਵੀ, ਗੀਤਕਾਰ ਕਿਉਂ ? ਇਹ ਤਾਂ ਮੇਰੀਆਂ ਨਜ਼ਮਾਂ ਅਤੇ ਗੀਤ ਆਪਣੇਂ ਆਪ ਹੀ ਦੱਸ ਦਿੰਦੇ ਨੇ ਕਿ ਮੈਂ ਕਿਉਂ ਹਾਂ।ਬਾਕੀ ਮੈਂ ਕੁੱਝ ਕਹਾਣੀਂਆਂ ਵੀ ਲਿਖੀਆਂ ਨੇ। ਜਿਹਨਾਂ ਸਦਕਾ ਭਾਸ਼ਾ ਵਿਭਾਗ ਮੈਨੂੰ ਕਿਸੇ ਮੁਕਾਬਲੇ ਵਿੱਚ ਸਭ ਤੋਂ ਵਧੀਆ ਕਹਾਣੀਕਾਰ ਵੀ ਸਾਬਿਤ ਕਰ ਚੁੱਕਿਆ ਹੈ ਪਰ ਉਸ ਉਮਰੇ ਜਦੋਂ ਮੈਂ ਕਿਸੇ ਵੀ ਅਹੁਦੇ ਜਾਂ ਰੁਤਬੇ ਵਾਲੇ ਕਿਸੇ ਦਾ ਵੀ ਲਿਹਾਜ਼ੀ ਨਹੀਂ ਸਾਂ। ਭਾਅ ਗੁਰਸ਼ਰਨ ਸਿੰਘ ਮੇਰੀ ਕਹਾਣੀਂ ਉੱਪਰ ਦਿੱਲੀ ਦੂਰਦਰਸ਼ਨ ਵਾਸਤੇ ਹਿੰਦੀ ਦਾ ਟੀ.ਵੀ. ਲੜੀਵਾਰ ਵੀ ਪ੍ਰਦਰਸ਼ਿਤ ਕਰ ਚੁੱਕੇ ਹਨ। ਜਦੋਂ ਇਹ ਪ੍ਰਦਰਸ਼ਿਤ ਹੋਇਆ ਸੀ ਤਾਂ ਮੈਥੋਂ ਬਹੁਤ ਸਾਰੇ ਸੀਨੀਅਰ ਕਹਾਣੀਕਾਰਾਂ ਨੇ ਤਾਂ ਏਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਜਦੋਂ ਵਿਚਾਰੇ ਗੁਰਸ਼ਰਨ ਸਿੰਘ ਨੂੰ ਪਤਾ ਹੀ ਨਹੀਂ ਕਿ ਕਹਾਣੀਂ ਹੁੰਦੀ ਕੀ ਹੈ ਤਾਂ ਫੇਰ ਉਹ ਤਾਂ ਇਹੋ ਜਿਹੇ ਨੌਸਿੱਖੀਏ ਦੀਆਂ ਰਚਨਾਵਾਂ ਦੀ ਹੀ ਚੋਣ ਕਰੇਗਾ।ਉਹਨਾਂ ਹੀ ਕਹਾਣੀਆਂ ਵਿੱਚੋਂ ਇੱਕ ਕਹਾਣੀਂ ਹੋਰ ਵੀ ਹੈ ਜਿਸ ਉੱਪਰ ਮੈਂ ਖ਼ੁਦ ਇੱਕ ਬਹੁਤ ਵੱਡੇ ਬੱਜਟ ਦੀ ਪੰਜਾਬੀ ਫ਼ਿਲਮ ਦਾ ਨਿਰਮਾਣ ਕਰਨਾਂ ਹੈ ਜਿਹੜਾ ਕਿ ਹਾਲ ਦੀ ਘੜੀ ਸੰਭਵ ਨਹੀਂ ਹੈ। ਹਾਂ, ਪਰ ਜੇਕਰ ਇਹ ਜਦੋਂ ਵੀ ਬਣ ਗਈ ਤਾਂ ਭਾਰਤੀ ਫ਼ੌਜ, ਪ੍ਰਸ਼ਾਸਨ, ਧਰਮ ਦੇ ਛੱਤਰਪਤੀਆਂ ਦਾ ਉਹ ਕਰੂਪ ਚਿਹਰਾ ਨੰਗਾ ਹੋਵੇਗਾ, ਜਿਹੜਾ ਅੱਜ ਤੱਕ ਦਾ ਕਿਸੇ ਵੀ ਦੇਸ਼ ਦਾ ਸਿਨੇਮਾਂ ਨਹੀਂ ਕਰ ਸਕਿਆ। ਹਾਂ ਹੋ ਸਕਿਆ ਤਾਂ ਮੇਰੇ ਦੋ ਨਾਵਲੈੱਟ ਅਤੇ ਕੁੱਝ ਕਹਾਣੀਆਂ ਦੀ ਕਿਤਾਬ ਵੀ ਆ ਜਾਵੇ ਜੇ ਕਿਸੇ ਪ੍ਰਕਾਸ਼ਕ ਨੇ ਬਿਨਾਂ ਪੈਸੇ ਲਿਆਂ ਛਾਪਣੀਂ ਮੰਨ ਲਈ ਤਾਂ। ਇੱਕ ਗੱਲ ਸ਼ਾਇਦ ਤੁਹਾਨੂੰ ਜਾਂ ਹੋਰ ਬਹੁਤ ਸਾਰਿਆਂ ਨੂੰ ਨਹੀਂ ਪਤਾ ਕਿ ਮੈਂ ਆਪਣੇਂ ਇੱੱੱੱੱੱੱਕ ਲੜੀਵਾਰ 'ਦਾਣੇਂ ਅਨਾਰ ਦੇ' ਵਾਸਤੇ ਗੀਤ ਵੀ ਖ਼ੁਦ ਹੀ ਲਿਖੇ ਅਤੇ ਗਾਏ ਸਨ।

੩. ਗੁਰਮੀਤ-ਇਹਨਾਂ 'ਚੋਂ ਜਦੋਂ ਕੋਈ ਪੱਖ ਦੂਜਿਆਂ ਤੇ ਭਾਰੂ ਹੋ ਜਾਂਦਾ ਹੈ ਤਾਂ ਸੰਤੁਲਨ ਕਿਵੇਂ ਬਿਠਾਉਂਦੇ ਹੋ?

ਦਰਵੇਸ਼ – ਇਹੋ ਜਿਹੀਆਂ ਸਥਿਤੀਆਂ ਬਹੁਤ ਵਾਰ ਆਈਆਂ ਵੀ ਪਰ ਉਹਨਾਂ ਸਥਿਤੀਆਂ ਵਿੱਚ ਮੈਨੂੰ ਬਹੁਤ ਸਾਰੇ ਕੀਮਤੀ ਪੱਖਾਂ ਅਤੇ ਪਲਾਂ ਨੂੰ ਬੜੀ ਬੇਰਿਹਿਮੀਂ ਨਾਲ ਜ਼ਿਬਾਹ ਕਰਨਾਂ ਪਿਆ। ਸੰਤੁਲਨ ਬੈਠ ਹੀ ਨਹੀਂ ਸਕਿਆ ਇਸੇ ਕਰਕੇ ਤਾਂ ਸ਼ਾਇਦ ਮੇਰੇ ਵਰਗੇ ਬਹੁਤ ਸਾਰਿਆਂ ਨਾਲ ਬੇਤਰਤੀਬੀਆਂ ਨੇ ਸਕੀਰੀ ਪਾਈ ਹੋਈ ਹੈ।ਬਹੁਤ ਸਾਰੀਆਂ ਨਜ਼ਮਾਂ, ਆਰਟੀਕਲ, ਪਟਕਥਾਵਾਂ ਇਸ ਸਭ ਦੀ ਭੇਂਟ ਚੜ੍ਹ ਗਈਆਂ ਜਿਹਨਾਂ ਬਾਰੇ ਸੋਚਕੇ ਅੱਜ ਵੀ ਇਕ ਚੀਸ ਜਿਹੀ ਉੱਠਦੀ ਹੈ ਅਤੇ ਦਰਦ ਹੀ ਦਰਦ ਜਿਊਂਦਾ ਕਰ ਦਿੰਦੀ ਹੈ।ਲੇਕਿਨ ਹੁਣ ਸੰਤੁਲਨ ਬਿਠਾਉਣਾਂ ਸਿੱਖ ਲਿਆ ਹੈ।ਹਰ ਪੱਖ ਲਈ ਉਸਦਾ ਵਕਤ ਨਿਸ਼ਚਿਤ ਕਰ ਦਿੱਤਾ ਹੈ। ਹੁਣ ਹਰ ਕੋਈ ਆਪਣੇਂ ਸਮੇਂ ਮੁਤਾਬਿਕ ਆਉਂਦਾ ਹੈ ਅਤੇ ਹਾਜ਼ਰੀ ਲਵਾਕੇ ਵਿਦਾ ਹੋ ਜਾਂਦਾ ਹੈ।

੪. ਗੁਰਮੀਤ-ਪੰਜਾਬੀ ਦੇ ਰੰਗਮੰਚ ਦਾ ਕੀ ਭਵਿੱਖ ਵੇਖਦੇ ਹੋ? ਦਰਵੇਸ਼ – ਕਿਸੇ ਵੀ ਜ਼ੁਬਾਨ ਦੇ ਰੰਗਮੰਚ ਦਾ ਭਵਿੱਖ ਕੋਈ ਬਹੁਤਾ ਸੁਰੱਖਿਅਤ ਨਹੀਂ ਹੈ।ਸਹੂਲਤਾਂ ਦਾ ਅਕਾਲ, ਪ੍ਰਚਾਰ ਦੀ ਕਮੀਂ, ਭਰ ਪੇਟ ਰੋਟੀ ਨਾਂ ਮਿਲ ਸਕਣ ਦਾ ਵੱਡਾ ਸੁਆਲੀਆ ਨਿਸ਼ਾਨ, ਪਿੰਡਾਂ ਤੋਂ ਮੋਹ ਭੰਗ, ਹਾਲੀਵੁੱਡ ਦੇ ਹਿੰਦੀਕਰਣ ਦੀ ਘੁਸਪੈਂਠ, ਗਲੈਮਰ ਦਾ ਬੋਲਬਾਲਾ, ਘਰਾਣਾਂਵਾਦ ਦੀ ਨੀਤੀ, ਮੀਡੀਆ ਦਾ ਅਸਹਿਯੋਗ, ਸਰਕਾਰੀ ਫ਼ੰਡਾਂ ਦੀ ਗਲਤ ਵੰਡ ਪ੍ਰਣਾਲੀ ਅਤੇ ਅਜਿਹੇ ਹੋਰ ਕਿੰਨੇ ਹੀ ਦੈਂਤ ਰੂਪੀ ਵੱਡੇ ਕਾਰਨ ਹਨ ਜਿਹੜੇ ਰੰਗਮੰਚ ਦਾ ਭਵਿੱਖ ਕਦੇ ਵੀ ਸੁਰੱਖਿਅਤ ਨਹੀਂ ਹੋਣ ਦੇਣਗੇ।ਜਿੰਨੀ ਬੇਰਹਿਮੀਂ ਨਾਲ ਇਹਨਾਂ ਨੇ ਸੰਗੀਤ ਇੰਡਸਟਰੀ ਨੂੰ ਹਜ਼ਮ ਕਰ ਲਿਆ ਹੈ ਅਤੇ ਡਕਾਰ ਵੀ ਨਹੀਂ ਮਾਰਿਆ, ਉਹੀ ਕੁੱਝ ਏਥੇ ਵੀ ਹੋਣ ਵਾਲਾ ਹੈ।

੫. ਗੁਰਮੀਤ-ਫ਼ਿਲਮਾਂ ਰੰਗਮੰਚ ਨੂੰ ਖਾ ਗਈਆ ਕਿ ਫ਼ਿਲਮਾਂ ਰੰਗਮੰਚ ਦਾ ਹੀ ਅਗਲਾ ਪੜਾਅ ਹੈ? ਦਰਵੇਸ਼ – ਦੋਨੋਂ ਇੱਕ ਦੂਜੇ ਦੇ ਪੂਰਕ ਹਨ ਅਤੇ ਕਦੇ ਵੀ ਇੱਕ ਦੂਜੇ ਨੂੰ ਖਾ ਨਹੀਂ ਸਕਦੇ।ਇਹ ਗੱਲ ਤਾਂ ਤੁਹਾਨੂੰ ਵੀ ਮੰਨਣੀਂ ਪਵੇਗੀ ਕਿ ਬਹੁਤ ਸਾਰੇ ਅਜਿਹੇ ਸਬਜੈਕਟ ਅਤੇ ਕੰਨਸੈਪਟ ਹੁੰਦੇ ਨੇ ਜਿਹੜੇ ਫਿਲਮਾਂ ਜਾਂ ਥੀਏਟਰ ਲਈ ਹੀ ਹੁੰਦੇ ਨੇ। ਅਤੈ ਉਹਨਾਂ ਨੂੰ ਉਹਨਾਂ ਦੀ ਥਾਂ ਉੱਪਰ ਰੱਖਕੇ ਹੀ ਉਹਨਾਂ ਨਾਲ ਇਨਸਾਫ ਕੀਤਾ ਜਾ ਸਕਦਾ ਹੈ। ਉੱਪਰ ਲਿਖੀਆਂ ਸਾਰੀਆਂ ਅਲਾਮਤਾਂ ਨੂੰ ਖ਼ਤਮ ਕਰ ਦਿਉ ਅੱਜ ਵੀ ਬਹੁਤ ਸਾਰੇ ਕਲਾਕਾਰ ਥੀਏਟਰ ਵੱਲ ਵਾਪਸੀ ਲਈ ਤਿਆਰ ਬੈਠੇ ਹਨ। ਅੱਜ ਵੀ ਉਹ ਆਪਣੀਂ ਵਿਹਲ ਹੀ ਨਹੀਂ, ਬਲਕਿ ਥੀਏਟਰ ਲਈ ਉਹਨਾਂ ਨੇ ਆਪਣਾਂ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ।ਮੈਂ ਖ਼ੁਦ ਆਪਣੀਂ ਭੁੱਖ ਦੀ ਪੂਰਤੀ ਸਕੂਲਾਂ ਕਾਲਜ਼ਾਂ ਵਿੱਚ ਥੀਏਟਰ ਕਰਵਾਕੇ ਕਰਦਾ ਹਾਂ।

੬. ਗੁਰਮੀਤ-ਜ਼ਿਆਦਾਤਰ ਰੰਗਕਰਮੀ ਫ਼ਿਲਮਾਂ ਵੱਲ ਭੱਜਦੇ ਹਨ ਤੇ ਫ਼ਿਰ ਵੀ ਕਹਿੰਦੇ ਹਨ ਕਿ ਰੰਗਮੰਚ ਸਾਡਾ 'ਪਹਿਲਾ ਪਿਆਰ' ਹੈ।'ਪਹਿਲਾ ਪਿਆਰ' ਛੱਡ ਕੇ ਫਿਰ ਦੂਜੇ ਵੱਲ ਕਿਉਂ ਜਾਂਦੇ ਹਨ? ਦਰਵੇਸ਼ – ਮੈਂ ਸ਼ਾਇਦ ਇਸ ਸੁਆਲ ਦਾ ਜੁਆਬ ਉੱਪਰ ਲਿਖੇ ਮੇਰੇ ਦੋਨਾਂ ਜੁਆਬਾਂ ਵਿੱਚ ਦੇ ਦਿੱਤਾ ਹੈ। ਮੈਂ ਬਹੁਤ ਸਾਰੇ ਰੰਗਕਰਮੀਆਂ ਨਾਲ ਵਿਚਰਿਆ ਹਾਂ ਅਤੇ ਅੱਜ ਵੀ ਵਿਚਰ ਰਿਹਾ ਹਾਂ। ਅਸੀਂ ਖ਼ੁਦ ਆਪਣੀਆਂ ਫ਼ਿਲਮਾਂ ਵਾਸਤੇ ਰੰਗਕਰਮੀਆਂ ਦੀ ਚੋਣ ਪਹਿਲ ਦੇ ਆਧਾਰ ਉੱਤੇ ਕਰਦੇ ਹਾਂ।ਪਰ ਫਿਰ ਵੀ ਮੈਂ ਕਹਿਣਾਂ ਚਾਹਾਂਗਾ ਕਿ ਜੇਕਰ ਉਸਦੇ ਸਾਧਾਰਨ ਪਰੀਵਾਰ ਦੀਆਂ ਜਰੂਰਤਾਂ ਜੋਗਾ ਅੱਜ ਤੁਸੀਂ ਉਸ ਨੂੰ ਥੀਏਟਰ ਵਿੱਚੋਂ ਦੇ ਦਿਉ ਉਹ ਦੂਜੇ ਪਿਆਰ ਵੱਲ ਕਦੇ ਨਹੀਂ ਭੱਜੇਗਾ।ਨਾਰਥ ਜ਼ੋਨ ਕਲਚਰ ਸੈਂਟਰ, ਸੱਭਿਆਚਾਰਕ ਮਾਮਲਿਆਂ ਵਾਲੇ ਸਾਰੇ ਵਿਭਾਗਾਂ ਦੀਆਂ ਜੜ੍ਹਾਂ ਫਰੋਲਕੇ ਤਾਂ ਵੇਖੋ, ਤੁਹਾਨੂੰ ਆਪਣੇਂ ਆਪ ਪਤਾ ਲੱਗ ਜਾਵੇਗਾ ਕਿਹੜੇ ਭਾਅ ਵਿਕਦੀ ਹੈ।ਪਰ ਸਾਡੇ ਰੰਗਕਰਮੀਂ ਫੇਰ ਵੀ ਰੰਗਮੰਚ ਕਰਦੇ ਨੇ। ਇਹਨਾਂ ਵਿਭਾਗਾਂ ਵਿੱਚ ਬੈਠੇ ਦਸਤਖ਼ਤ ਧਾਰੀ ਘੋਗੜਾਂ ਨੂੰ ਇਹ ਨਹੀਂ ਪਤਾ ਕਿ ਅਜਮੇਰ ਸਿੰਘ ਔਲਖ ਕੌਣ ਹੈ? ਮਨਮੋਹਨ ਸਿੰਘ ਕੀ ਕਰਦਾ ਹੈ? ਸੋ ਪਿਆਰੇ ਗੁਰਮੀਤ ਜੀ ਜੇ ਅਸੀਂ ਕਾਣੀਂ ਵੰਡ ਦਾ ਸ਼ਿਕਾਰ ਨਾਂ ਹੁੰਦੇ ਤਾਂ ਸੁਰਜੀਤ ਗਾਮੀਂ ਸਾਇਦ ਕੁੱਝ ਸਾਲ ਹੋਰ ਜਿਊਂਦਾ ਰਹਿ ਸਕਦਾ ਸੀ।


੭. ਗੁਰਮੀਤ-ਤੁਸੀਂ ਵਾਰ-ਵਾਰ ਕਵਿਤਾ ਵੱਲ ਮੁੜਦੇ ਹੋ।ਇਹ ਹੇਰਵਾ ਹੈ ਜਾਂ ਕੁਝ ਹੋਰ ? ਦਰਵੇਸ਼ – ਬਾਰ ਬਾਰ ਮੁੜਨ ਦਾ ਮਤਲਬ ਮੈਂ ਸਮਝ ਨਹੀਂ ਸਕਿਆ। ਮੈਂ ਤਾਂ ਸਦਾ ਹੀ ਕਵਿਤਾ ਨਾਲ ਰਿਹਾ ਹਾਂ। ਹਾਂ ਰੁਝੇਵਿਆਂ ਕਰਕੇ ਭਾਰੀ ਗੈਰਹਾਜ਼ਰੀ ਜਰੂਰ ਲੱਗਦੀ ਰਹੀ ਹੈ। ਪਰ ਮੈਂ ਕਵਿਤਾ ਨਾਲੋਂ ਕਦੇ ਵੀ ਬੇਮੁੱਖ ਨਹੀਂ ਹੋਇਆ। ਇਹ ਵੱਖਰੀ ਗੱਲ ਹੈ ਕਿ ਕੁੱਝ ਇੱਕ ਆਸ਼ੀਰਵਾਦ ਨੁਮਾਂ ਹੱਥਾਂ ਦਾ ਆਸ਼ੀਰਵਾਦ ਲੈਣ ਦਾ ਨੁਸਖਾ ਮੈਂ ਨਹੀਂ ਸਿੱਖ ਸਕਿਆ। ਕਿਉਂਕਿ ਮੈਂ ਪਬਲਿਕ ਰਿਲੇਸ਼ਨ ਬਣਾਉਣ ਦਾ ਵੱਲ ਈਜਾਦ ਨਹੀਂ ਕਰ ਸਕਿਆ ਅੱਜ ਤੱਕ ਵੀ।ਜਿਸ ਕਰਕੇ ਸ਼ਾਇਦ ਲੋਕਾਂ ਨੇ ਸਮਝ ਲਿਆ ਕਿ ਮੈਂ ਕਵਿਤਾ ਤੋਂ ਦੂਰ ਹੋ ਗਿਆ ਹਾਂ।ਬਲਕਿ ਬਹੁਤ ਸਾਲਾਂ ਬਾਦ ਜਦੋਂ ਮੇਰੀਆਂ ਨਜ਼ਮਾਂ ਅਚਨਚੇਤ ਹੀ ਪੰਜਾਬੀ ਆਰਸੀ ਵਿੱਚ ਪਹਿਲਾ ਵਾਲੀ ਹੀ ਸੰਵੇਦਨਾਂ ਨਾਲ ਛਪੀਆਂ ਤਾਂ ਪਟਿਆਲੇ ਦੇ ਇੱਕ ਡਾਕਟਰੀ ਪੂਛ ਵਾਲੇ ਕਵੀ ਸੰਪਾਦਕ ਨੇ ਤਾਂ ਏਥੋਂ ਤੱਕ ਵੀ ਆਖ ਦਿੱਤਾ ਸੀ ,ਇਹ ਮਰਿਆ ਮਰਾਇਆ ਦੋਬਾਰਾ ਕਿੱਥੋਂ ਖੜ੍ਹਾ ਹੋ ਗਿਆ।

੮. ਗੁਰਮੀਤ-ਪੰਜਾਬੀ ਕਾਵਿ 'ਚ ਕਵਿਤਾ, ਗ਼ਜ਼ਲ, ਗੀਤ 'ਚੋਂ ਕਿਹੜੀ ਵਿਧਾ ਤੁਹਾਡੇ ਹਾਣ ਦੀ ਹੈ? ਕਿਉਂ ? ਦਰਵੇਸ਼ – ਮੈਂ ਸਿਰਫ ਕਵਿਤਾ ਅਤੇ ਗੀਤ ਹੀ ਲਿਖ ਸਕਦਾ ਹਾਂ। ਕਿਉਂ ? ਇਸਦਾ ਜਵਾਬ ਮੈਂ ਨਹੀਂ ਦੇ ਸਕਦਾ ਕਿਉਂਕਿ ਮੈਂ ਕੋਈ ਪ੍ਰੋਫੈਸਰ ਜਾਂ ਆਲੋਚਕ ਨਹੀਂ ਹਾਂ। ਕਦੋਂ ਕਵਿਤਾ ਜਾਂ ਗੀਤ ਮੇਰੇ ਕੋਲ ਆਉਂਦਾ ਹੈ ਅਤੇ ਅਛੋਪਲੇ ਜਿਹੇ ਮੇਰੇ ਕੋਲ ਬੈਠ ਜਾਂਦਾ ਹੈ। ਮੈਨੂੰ ਪਤਾ ਨਹੀਂ ਲੱਗਦਾ।

੯.ਗੁਰਮੀਤ-ਜਦੋਂ ਤੁਸੀਂ ਫ਼ਿਲਮ ਜਾਂ ਡਰਾਮੇ ਲਈ ਗੀਤ ਲਿਖਦੇ ਹੋ ਤਾਂ ਕਹਾਣੀ ਦੀ ਮੰਗ ਗੀਤ ਤੋਂ ਪੂਰੀ ਕਰਵਾਉਂਦੇ ਹੋ ਜਾਂ ਕਹਾਣੀ ਨੂੰ ਗੀਤ ਅਨੁਸਾਰ ਮੋੜਨ ਦਾ ਹੀਂਆਂ ਰੱਖਦੇ ਹੋ? ਦਰਵੇਸ਼ – ਇਹ ਸੁਪਨਾਂ ਅਜੇ ਉਥੋਂ ਤੱਕ ਪੂਰਾ ਨਹੀਂ ਹੋਇਆ ਜਿੱਥੋਂ ਤੱਕ ਪੂਰਾ ਹੋਣਾਂ ਚਾਹੀਦਾ ਸੀ। ਡਰਾਮੇਂ ਲਈ ਤਾਂ ਮੈਂ ਨਾਂ ਕਦੇ ਗੀਤ ਲਿਖਿਆ ਹੈ ਅਤੇ ਨਾਂ ਹੀ ਲਿਖਣਾਂ ਹੈ।ਪਰ ਜਿੰਨਾਂ ਵੀ ਕੰਮ ਕੀਤਾ ਉੱਥੇ ਗੀਤ ਨੇ ਆਪਣੀਂ ਥਾਂ ਆਪ ਬਣਾਈ ਹੈ ,ਮੈਂ ਕਦੇ ਵੀ ਗੀਤ ਨੂੰ ਜਾਂ ਕਿਰਦਾਰ ਨੂੰ ਆਪਣੇਂ ਮੁਤਾਬਕ ਤੋਰਨ ਦੀ ਕੋਸ਼ਿਸ਼ ਨਹੀਂ ਕੀਤੀ।ਕਹਾਣੀਂ ਦਾ ਫਿਲਮੀਂਕਰਣ ਕਰਦਿਆਂ ਉਹ ਆਪਣਾਂ ਯਥਾਰਥ ਗੁਆ ਬਹਿੰਦੀ ਹੈ,ਇਸ ਲਈ ਮੈਂ ਨਹੀਂ ਚਾਹੁੰਦਾ ਕਿ ਕਾਂ ਨੂੰ ਹੰਸ ਦੀ ਤੋਰ ਤੋਰਾਂ।

੧੦.ਗੁਰਮੀਤ-ਜੇ ਦਰਸ਼ਨ ਦਰਵੇਸ਼ ਉਸ ਥਾਂ ਤੇ ਨਾਂ ਹੁੰਦਾ ਜਿੱਥੇ ਉਹ ਅੱਜ ਹੈ ਤਾਂ ਪੰਜਾਬੀ ਸਾਹਿਤ ਜਾਂ ਰੰਗਮੰਚ ਦੀ ਸਿਹਤ ਤੇ ਕੀ ਅਸਰ ਹੁੰਦਾ? ਦਰਵੇਸ਼ – ਕੋਈ ਵੀ ਅਸਰ ਨਹੀਂ ਸੀ ਹੋਣਾਂ। ਹਾਂ ਇੱਕ ਵੱਡਾ ਘਾਟਾ ਮੈਨੂੰ ਜਰੂਰ ਹੋਣਾਂ ਸੀ ਕਿ ਤੁਹਾਡੇ ਵਰਗੇ ਕੁੱਝ ਸੁਹਿਰਦ ਦੋਸਤ, ਕੁੱਝ ਵਧੀਆ ਸਖਸ਼ੀਅਤਾਂ, ਮੇਰੀ ਜਿੰਦਗੀ 'ਚੋਂ ਗੈਰਹਾਜ਼ਰ ਹੋਣੀਆਂ ਸਨ।ਮੇਰੇ ਘਰ ਮੇਰੀ ਆਪਣੀਂ ਲਾਇਬਰੇਰੀ ਦੀ ਥਾਂ ਨਹੀਂ ਸੀ ਹੋਣੀਂ।ਉਹ ਖ਼ਤ ਨਹੀਂ ਸੀ ਹੋਣੇਂ ਜਿਹੜੇ ਮੈਂ ਵਰ੍ਹਿਆਂ ਤੌਂ ਸੰਭਾਲਕੇ ਰੱਖੇ ਨੇ ਅਤੇ ਆਪਣੇਂ ਪਿੰਡ ਦੀ ਹਰ ਫੇਰੀ ਵੇਲੇ ਉਹਨਾਂ ਤੋਂ ਗਰਦ ਝਾੜਕੇ ਉਹਨਾਂ ਅੰਦਰਲਾ ਅਹਿਸਾਸ ਆਪਣੇਂ ਨਾਲ ਨਹੀਂ ਸੀ ਲੈਕੇ ਆਉਣਾਂ।ਮੇਰੇ ਕੋਲ ਉਹ ਕੋਈ ਵੀ ਨਹੀਂ ਸੀ ਹੋਣਾਂ ਜੋ ਅੱਜ ਮੇਰੇ ਕੋਲ ਨਾਂ ਹੋਕੇ ਵੀ ਮੇਰੇ ਕੋਲ ਹੈ।ਹੋਰ ਕੀ ਲਿਖਾਂ ਯਾਰ.. ..

ਨੀ ਮਾਏ ਉਹ ਤਾਂ ਚਾਨਣ ਦਾ ਦਰਿਆ ।
ਜਿਸ ਵਿੱਚੋਂ ਇੱਕ ਚੂਲੀ ਭਰ ,
ਮੇਰਾ ਸੁਪਨਾ ਮਹਿਕ ਗਿਆ ।
ਚੰਦਰਾਂ ਸੁੱਚੇ ਮੀਤ ਦੇ ਵਰਗਾ
ਅਣਲਿਖੇ ਕਿਸੇ ਗੀਤ ਦੇ ਵਰਗਾ
ਲ਼ਹਿਰ ਜਿਹਾ ਮਨ ਉਹਦਾ
ਅੰਬਰ ਜਿੰਨਾ ਹੈ ਭਰਿਆ ।

ਬੁੱਕਲ ਉਹਦੀ ਦੇ ਮੌਸਮ ਸੂਹੇ
ਪੌਣਾਂ ਰੁਕਦੀਆਂ ਉਹਦੇ ਬੂਹੇ
ਰੋਜ ਸਵੇਰੇ ਤਰੇਲ ਨਦੀ ਉਹ ਚੁਪਕੇ ਜਾ ਤਰਿਆ ।
ਜਿਸਮ ਜਦੋਂ ਚਿਹਰਾ ਬਣ ਜਾਵੇ
ਉਦੋਂ ਉਹ ਰੂਹ ਨੂੰ ਖਤ ਕੋਈ ਪਾਵੇ
ਮੋਹ ਦਾ ਸਾਗਰ ਉਹਦੇ ਲਈ ਕਿੰਨੀ ਵੇਰੀਂ ਮਰਿਆ ।
ਨਿੱਘ ਦੀ ਦੁਨੀਆਂ ਲੱਭਦਾ ਰਹਿੰਦਾ
ਸੂਰਜ ਦੇ ਕਈ ਸ਼ਿਕਵੇ ਸਹਿੰਦਾ
ਬੱਦਲਾਂ ਦੀ ਅੱਗ ਵਰਗਾ ਚਿਹਰਾ ਉਹਨੇ ਹੈ ਜਰਿਆ ।
ਕਾਇਨਾਤ ਦੇ ਰੰਗ ਚੁਰਾਕੇ
ਬਰਫ ਜਿਹੇ ਅਹਿਸਾਸ ਹੰਢਾ ਕੇ
ਭਿੱਜੇ ਸਾਹਾਂ ਵਾਲਾ ਕਿਸੇ ਮਹਿਬੂਬ ਲਈ ਤਰਿਆ ।


੧੧. ਗੁਰਮੀਤ-ਤੁਹਾਨੂੰ ਨਹੀਂ ਲਗਦਾ ਕਿ ਪੰਜਾਬੀ ਸਾਹਿਤ 'ਬੇ-ਗੁਰਿਆਂ' ਨਾਲ਼ ਭਰਿਆ ਪਿਆ ਹੈ,ਜਿੱਥੇ ਨਾਂ ਕਿਸੇ ਨੂੰ ਕਿਸੇ ਦੇ ਆਉਣ ਦੀ ਖੁਸ਼ੀ ,ਨਾਂ ਕਿਸੇ ਦੇ ਜਾਣ ਦਾ ਅਫ਼ਸੋਸ? ਤੁਹਾਡਾ ਕਿਸ ਤਰ੍ਹਾਂ ਸਵਾਗਤ ਹੋਇਆ? ਦਰਵੇਸ਼ – ਕਈ ਬਾਰ ਪੜ੍ਹਨ ਤੋਂ ਬਾਦ ਮੈਨੂੰ ਮਹਿਸੂਸ ਹੋਇਆ ਕਿ ਇਸ ਸੁਆਲ ਦਾ ਜੁਆਬ ਇਸ ਵਿੱਚ ਹੀ ਕਿਧਰੇ ਨਾ ਕਿਧਰੇ ਲੁਕਿਆ ਹੋਇਆ ਹੈ।ਜੇਕਰ ਤਾਂ ਤੁਹਾਨੂੰ ਜੁਗਾੜੀ ਹੋਣ ਦਾ ਜੁਗਾੜ ਆਉਂਦਾ ਹੈ ਫੇਰ ਤਾਂ ਸਭ ਠੀਕ ਹੈ ਨਹੀਂ ਤਾਂ ਸ਼ਾਇਦ ਆਮ ਰਿਸ਼ਤਿਆਂ ਅੰਦਰ ਵੀ ਇਸ ਸੁਆਲ ਦੇ ਉਹੋ ਹੀ ਅਰਥ ਨੇ ਜਿਹੜੇ ਇਸ ਦੇ ਸਾਹਿਤ ਦੀ ਰਿਸ਼ਤੇਦਾਰੀ ਵਿੱਚ ਨੇ।ਮਾਨਸਾ ਜ਼ਿਲੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜੰਮੇ ਅਤੇ ਸਾਹਿਤ ਨੂੰ ਮੂੰਹ ਮਾਰਨ ਦੀ ਚੇਟਕ ਲਾ ਬੈਠੇ ਮੁੰਡੇ ਦਾ ਸਵਾਗਤ ਭਲਾ ਕਿਹੋ ਜਿਹਾ ਹੋ ਸਕਦਾ ਹੈ ? ਮੈਂ ਨਾ ਤਾਂ ਕਿਸੇ ਚੇਅਰ ਉੱਪਰ ਬਿਰਾਜਮਾਨ ਸੀ, ਅਤੇ ਨਾਂ ਦੂਰਦਰਸ਼ਨ ਜਾਂ ਰੇਡੀਓ ਦਾ ਅਧਿਕਾਰੀ। ਮੈਂ ਤਾਂ ਸਿਰਫ ਲਿਖਣਾਂ ਸਿੱਖ ਰਿਹਾ ਸੀ, ਅੱਜ ਵੀ ਲਿਖ ਰਿਹਾ ਹਾਂ। ਦੋਸਤ ਮੇਰਾ ਸਵਾਗਤ ਕਰਦੇ ਨੇ। ਪਾਠਕਾਂ ਦੀਆਂ ਚਿੱਠੀਆਂ ਲਿਖਣ ਦਾ ਹੌਸਲਾ ਦਿੰਦੀਆਂ ਨੇ, ਹੋਰ ਕੀ ਚਾਹੀਦਾ ਹੈ?

੧੨. ਗੁਰਮੀਤ-ਅਜਮੇਰ ਔਲਖ ਤੋਂ ਇਲਾਵਾ ਪੇਂਡੂ ਰਹਿਤਲ ਦੇ ਨਾਟਕ ਨੂੰ ਅੱਗੇ ਤੋਰਨ ਦੀ ਉਮੀਦ ਕਿਸ ਤੋਂ ਹੈ? ਦਰਵੇਸ਼ – ਕੋਈ ਅਜੇਹਾ ਸੰਪੂਰਣ ਨਾਂਅ ਨਜ਼ਰ ਨਹੀਂ ਆਉਂਦਾ ਪਰ ਫੇਰ ਵੀ ਪ੍ਰੀਤ ਮੋਹਿੰਦਰ ਸੇਖੋਂ ਅਤੇ ਸੋਮਪਾਲ ਹੀਰਾ ਇਸ ਪਾਸੇ ਵੱਲ ਚੰਗੀ ਪਹੁੰਚ ਰੱਖਦੇ ਨੇ।

੧੩. ਗੁਰਮੀਤ-ਕੇਵਲ ਧਾਲੀਵਾਲ,ਨੀਲਮ ਮਾਨ ਸਿੰਘ,ਅਜਮੇਰ ਔਲਖ,ਗੁਰਸ਼ਰਨ ਸਿੰਘ ਦੀ ਨਾਟਕ ਪ੍ਰਤੀ ਪਹੁੰਚ 'ਚ ਕੀ ਬੁਨਿਆਦੀ ਫ਼ਰਕ ਹੈ? ਦਰਵੇਸ਼ – ਕੇਵਲ ਅਤੇ ਨੀਲਮ ਸਿਰਫ ਨਾਟ ਨਿਰਦੇਸ਼ਕ ਨੇ ਇਸ ਲਈ ਉਹਨਾਂ ਦੀ ਹਰ ਪੇਸ਼ਕਾਰੀ ਵਿੱਚ ਕਮਰਸ਼ੀਅਲ ਐਂਗਲ ਦਾ ਨਜ਼ਰੀਆ ਹੀ ਮਹੱਤਵਪੂਰਣ ਹੁੰਦਾ ਹੈ। ਇਹਨਾਂ ਦੇ ਨਾਟਕ ਨੂੰ ਸਮਾਜ ਵਾਸਤੇ ਓਨਾਂ ਨਹੀਂ ਸੋਚਿਆ ਜਾ ਸਕਦਾ ਜਿੰਨਾਂ ਔਲਖ ਸਾਹਿਬ ਅਤੇ ਗੁਰਸ਼ਰਨ ਭਾਅ ਜੀ ਦੇ ਨਾਟਕ ਬਾਰੇ ਸੋਚਣਾਂ ਚਾਹੀਦਾ ਹੈ।ਇਹ ਆਪਣੇਂ ਨਾਟਕ ਲਿਖਕੇ ਆਪ ਖੇਲਦੇ ਨੇ ਅਤੇ ਇਹਨਾਂ ਦੀ ਸਮਾਜ ਪ੍ਰਤੀ ਪਹੁੰਚ ਸਮਾਜ ਦੀਆਂ ਤਲਖ਼ ਸਚਾਈਆਂ ਵਿੱਚੋਂ ਗੁਜ਼ਰਕੇ ਬਣੀ ਹੈ। ਇਹ ਖ਼ੁਦ ਲਹਿਰਾਂ ਦੀਆਂ ਹਨੇਰੀਆਂ ਦੇ ਪਾਤਰ ਬਣੇਂ ਨੇ। ਇਹਨਾਂ ਨੂੰ ਪਤਾ ਹੈ ਕਿ ਉਂਗਲ ਦਾ ਇਸ਼ਾਰਾ ਕਦੋਂ ਅਤੇ ਕਿਸ ਵੱਲ ਕਰਨਾਂ ਹੈ।ਮੈਂ ਨੀਲਮ ਮਾਨ ਸਿੰਘ ਅਤੇ ਦਰਬਾਰੀ ਗਵੱਈਏ ਵਿੱਚ ਕੋਈ ਬਹੁਤਾ ਫਰਕ ਨਹੀਂ ਸਮਝਦਾ।

੧੪. ਗੁਰਮੀਤ-ਨਿਰਦੇਸ਼ਕ ਮਨਮੋਹਨ ਸਿੰਘ ਨਾਲ਼ ਤੁਹਾਡਾ ਜ਼ਾਤੀ ਤਜ਼ਰਬਾ ਕਿਵੇਂ ਰਿਹਾ? ਦਰਵੇਸ਼ – ਜਿਹੋ ਜਿਹਾ ਸਕੂਲਿੰਗ ਕਰਦਿਆਂ ਸਵੇਰ ਦੀ ਪਰੇਅਰ ਵੇਲੇ ਪੀ.ਟੀ. ਮਾਸਟਰ ਨਾਲ ਹੁੰਦਾ ਹੈ।ਜਿਹੋ ਜਿਹਾ ਸਕੂਲ ਜਾਣ ਸਮੇਂ ਮਾਂ-ਬਾਪ ਦੇ ਪੈਰੀਂ ਹੱਥ ਲਾਉਣ ਵੇਲੇ ਹੁੰਦਾ ਹੈ।ਜਿਹੋ ਜਿਹਾ ਮਨ ਵਿੱਚ ਗੁਰਦੁਆਰੇ ਦਾ ਖ਼ਿਆਲ ਆਉਣ ਵੇਲੇ ਹੁੰਦਾ ਹੈ।

੧੫. ਗੁਰਮੀਤ-ਫ਼ਿਲਮ ਸਾਹਿਤ ਦਾ ਹੀ ਵਿਗੜਿਆ ਰੂਪ ਹੈ? ਜਾਂ ਇੱਕ ਵੱਖਰਾ ਮਾਧਿਅਮ ? ਦਰਵੇਸ਼ – ਨਹੀਂ ਅਸੀਂ ਇਹ ਤਾਂ ਆਖ ਸਕਦੇ ਹਾਂ ਕਿ ਸਿਨੇਮਾਂ ਉਹ ਲਾਇਬਰੇਰੀ ਹੈ ਜਿਸ ਨੂੰ ਜੇ ਕੋਈ ਸਾਹਿਤਕ ਕਿਰਤ ਪਸੰਦ ਆ ਜਾਂਦੀ ਹੈ ਤਾਂ ਉਹ ਆਪਣੇਂ ਹੀ ਤਰੀਕੇ ਨਾਲ ਉਸ ਕਿਤਾਬ ਨੂੰ ਉਹਨਾਂ ਲੋਕਾਂ ਨੂੰ ਵੀ ਪੜ੍ਹਾ ਦਿੰਦਾ ਹੈ ਜਿਹਨਾਂ ਜ਼ਿੰਦਗੀ ਵਿੱਚ ਕਦੇ ਵੀ ਲਾਇਬਰੇਰੀ ਵਿੱਚ ਜਾਣਾਂ ਹੀ ਨਹੀਂ ਹੁੰਦਾ।ਲਾਇਬਰੇਰੀ ਸਿਰਫ ਪਾਠਕ ਪੈਦਾ ਕਰਦੀ ਹੈ ਪਰ ਸਿਨੇਮਾਂ ਪਾਠਕ,ਦਰਸ਼ਕ, ਆਲੋਚਕ, ਅਦਾਕਾਰ ਪੈਦਾ ਕਰਦਾ ਹੋਇਆ ਬਹੁਤ ਸਾਰੇ ਰੁਜ਼ਗਾਰ ਦੇ ਵਸੀਲੇ ਵੀ ਪੈਦਾ ਕਰਦਾ ਹੈ।ਲਾਇਬਰੇਰੀ ਸੀਮਤ ਲੋਕਾਂ ਨੂੰ ਆਪਣੇਂ ਵੱਲ ਖਿਚਦੀ ਹੈ ਪਰ ਸਿਨੇਮਾਂ ਜਨ ਸਾਧਾਰਨ ਨੂੰ ਵੀ ਆਪਣੇਂ ਕੋਲ ਬਿਠਾਉਂਦਾ ਹੈ।ਦੋਨਾਂ ਦੀ ਇੱਕ ਗੱਲ ਪੂਰਕ ਹੈ ਕਿ ਦੋਵੇਂ ਹੀ ਸਾਨੂੰ ਸਮਾਜ ਦੀਆਂ ਉਹਨਾਂ ਥਾਵਾਂ ਦੇ ਵੀ ਦਰਸ਼ਨ ਕਰਵਾਉਂਦੇ ਨੇ ਜਿਹੜੀਆਂ ਥਾਵਾਂ ਅਸੀਂ ਕਦੇ ਵੀ ਨਹੀਂ ਦੇਖਣੀਆਂ ਹੁੰਦੀਆਂ।ਤੇ ਅਖੀਰ ਵਿੱਚ ਕਹਿਣਾਂ ਚਾਹਾਂਗਾ ਕਿ ਸਿਨੇਮਾਂ ਸਾਨੂੰ ਪਹਿਚਾਣ ਦਿੰਦਾ ਹੈ ਅਤੇ ਕਿਤਾਬ ਸਾਨੂੰ ਦੋਸਤੀ ਦਿੰਦੀ ਹੈ।

੧੬. ਗੁਰਮੀਤ-ਇੰਦਰਜੀਤ ਹਸਨਪੁਰੀ ਨੇ ਇੱਕ ਵਾਰ ਕਿਹਾ ਸੀ ਕਿ ਫ਼ਿਲਮ ਜਗਤ 'ਚ ਜਾਣਾ ਉਹਨਾ ਦੀ ਗ਼ਲਤੀ ਸੀ।ਤੁਸੀ ਆਪਣੇ ਬਾਰੇ ਕੀ ਕਹੋਂਗੇ? ਦਰਵੇਸ਼ – ਨਹੀਂ ਮੇਰੀ ਕੋਈ ਗਲਤੀ ਨਹੀਂ ਹੈ।ਮੈਂ ਆਪਣੇਂ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਤੁਰਿਆ ਹੋਇਆ ਹਾਂ ਅਤੇ ਮੈਨੂੰ ਤੁਰਨਾਂ ਚਾਹੀਦਾ ਹੈ।ਜੋ ਲੋਕ ਕੁੱਝ ਵੀ ਮਿੱਥੇ ਬਿਨਾਂ ਕਿਤੇ ਜਾਂਦੇ ਹਨ ਇਸਦਾ ਮਤਲਬ ਇਹੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਏਥੇ ਕਰਨ ਕੀ ਆਏ ਹਨ।

੧੭. ਗੁਰਮੀਤ-'ਮਾਈਨਸ ਜ਼ੀਰੋ' 'ਤੋਂ ਅੱਗੇ 'ਜ਼ੀਰੋ' ਤੇ ਫ਼ੇਰ 'ਪਲੱਸ ਵੱਨ' ਤੱਕ ਦੇ ਸਫ਼ਰ 'ਚ ਕਿਹੜੇ ਪੜਾਅ ਆਏ ਜਾਂ ਆਉਂਣਗੇ? ਦਰਵੇਸ਼- ਫੇਰ ਮੈਂ ਇੱਕ ਹੋਰ ਨਾਵਲੈੱਟ ਲਿਖਿਆ "ਆਖਰੀ ਪਹਿਰ ਤੱਕ", ਇਹ ਅਜੇ ਤੱਕ ਕਿਧਰੇ ਵੀ ਪ੍ਰਕਾਸ਼ਿਤ ਨਹੀਂ ਹੋਇਆ। ਹਾਂ ਇਸਦੇ ਨਾਲ ਹੀ ਮੇਰੀਆਂ ਨਜ਼ਮਾਂ ਦਾ ਖਰੜਾ ਵੀ ਤਕਰੀਬਨ ਤਿਆਰ ਹੀ ਹੈ । ਇਸ ਵੱਲ ਮੇਰਾ ਧਿਆਨ ਕੁੱਝ ਜ਼ਿਆਦਾ ਹੀ ਕੇਂਦਰਿਤ ਹੈ।ਇਹ ਸਾਰਾ ਕੁੱਝ ਉਦੋਂ ਹੀ ਸੰਭਵ ਹੋ ਸਕੇਗਾ ਜਦੋਂ ਕੋਈ ਪ੍ਰਕਾਸ਼ਕ ਇਸਨੂੰ ਬਿਨਾਂ ਪੈਸੇ ਤੋਂ ਛਾਪਣ ਲਈ ਤਿਆਰ ਹੋ ਜਾਵੇਗਾ। ਮੈਂ ਇਹ ਜ਼ਿੱਦ ਸਿਰਫ ਇਸ ਲਈ ਪੁਗਾ ਰਿਹਾ ਹਾ ਕਿ ਮੇਰਾ ਉਸਤਾਦਾਂ ਵਰਗਾ ਕਹਾਣੀਂਕਾਰ ਦੋਸਤ ਗੁਰਚਰਨ ਚਾਹਲ ਭੀਖੀ ਆਪਣੀਆਂ ਵਧੀਆ ਕਿਤਾਬਾਂ ਦੀ ਛਪਾਈ ਨੂੰ ਤਰਸਦਾ ਇਸ ਦੁਨੀਆਂ ਤੋਂ ਚਲਾ ਗਿਆ। ਉਹਨਾਂ ਵੇਲਿਆਂ ਵਿੱਚ ਉਸ ਵਰਗਾ ਲਿਖਣ ਵਾਲਾ ਕੋਈ ਵੀ ਨਹੀਂ ਸੀ।ਬੜੀ ਮੁਸ਼ਕਿਲ ਨਾਲ ਉਸਦੇ ਯਾਰਾਂ ਦੋਸਤਾਂ ਨੇ ਕੁੱਝ ਪੈਸੇ ਇਕੱਠੇ ਕਰਕੇ ਉਸਦਾ ਇੱਕ ਕਹਾਣੀਂ ਸੰਗ੍ਰਹਿ "ਰੁੱਸੇ ਹੋਏ" ਪ੍ਰਕਾਸ਼ਿਤ ਕਰਵਾਇਆ ਸੀ। ਕਿਸੇ ਵੀ ਪ੍ਰਕਾਸ਼ਕ ਨੂੰ ਉਸਦੀ ਕਹਾਣੀਂ ਕਲਾ ਬਾਰੇ ਕੋਈ ਇਲਮ ਨਹੀਂ ਸੀ ਹੁੰਦਾ ਵੀ ਕਿਵੇਂ ਉਹ ਤਾਂ ਸਾਰੇ ਬਾਣੀੰਏ ਹੁੰਦੇ ਨੇ ਨਾਂ ? ਅਸੀਂ ਕਦੇ ਲਾਲ ਸਿੰਘ ਦਿਲ, ਕਦੇ ਸੁਰਜੀਤ ਗਾਮੀਂ ਨੂੰ ਕਦੇ ਕਿਸੇ ਹੋਰ ਨੁੰ ਆਪਣੀਂ ਨੇੜਤਾ ਦਾ ਹਿੱਸਾ ਬਣਾ ਲੈਂਦੇ ਹਾਂ ਪਰ ਉਹਨਾਂ ਦੇ ਜਿਊਂਦੇ ਜੀਅ ……ਹੋਰ ਕੀ ਲਿਖਾਂ ਯਾਰ?

੧੮. ਗੁਰਮੀਤ-ਕਿਹਾ ਜਾਂਦਾ ਹੈ ਕਿ ਗੀਤਕਾਰਾਂ ਨੂੰ ਪੱਲਿਉਂ ਪੈਸੇ ਖ਼ਰਚ ਕਰਕੇ ਗੀਤ ਰਿਕਾਰਡ ਕਰਵਾਉਣੇ ਪੈਂਦੇ ਹਨ।ਤੁਹਾਡਾ ਜ਼ਾਤੀ ਤਜ਼ਰਬਾ ਕੀ ਰਿਹਾ? ਦਰਵੇਸ਼ – ਇਹ ਇੱਕ ਬਹੁਤ ਹੀ ਵੱਡਾ ਚਰਚਾ ਦਾ ਵਿਸ਼ਾ ਹੈ, ਜਿਹੜਾ ਇਕ ਸਵਾਲ ਦੇ ਜਵਾਬ ਵਿੱਚ ਖਤਮ ਨਹੀਂ ਹੋ ਸਕਦਾ।ਨੱਬੇ ਪ੍ਰਤੀਸ਼ਤ ਗਾਇਕਾਂ ਨੂੰ ਇਹ ਹੀ ਨਹੀਂ ਪਤਾ ਕਿ ਉਹ ਗਾਇਕ ਹਨ ਵੀ ਜਾਂ ਨਹੀਂ। ਫੇਰ ਉਹ ਗੀਤ ਦੀ ਪਛਾਣ ਕਿਵੇਂ ਕਰ ਲੈਣਗੇ।ਮੇਰੇ ਕੋਈ ਬਹੁਤੇ ਗੀਤ ਰਿਕਾਰਡ ਵੀ ਨਹੀਂ ਹੋਏ। ਉਹ ਤਾਂ ਬੱਸ ਉਦੋਂ ਦੇ ਗਾਇਕਾਂ ਨੇ ਜਿਵੇਂ ਮੇਰਾ ਜਾਂ ਮੇਰੇ ਹੋਰ ਕਈ ਸਮਕਾਲੀਆਂ ਦਾ ਕਰਜ਼ ਹੀ ਉਤਾਰਿਆ ਸੀ। ਪਰ ਇਹ ਬਹੁਤ ਵੱਡਾ ਸੱਚ ਹੈ ਕਿ ਮੈਂ ਗੀਤ ਰਿਕਾਰਡ ਕਰਵਾaੁਣ ਦੀ ਖਾਤਿਰ ਕੁੱਛ ਗੀਤਕਾਰਾਂ ਦੀਆਂ ਜ਼ਮੀਨਾਂ ਵੀ ਬੈਅ ਹੁੰਦੀਆਂ ਵੇਖੀਆਂ ਨੇ।ਇਸ ਮੌਕੇ ਮੈਨੂੰ ਅਕਸਰ ਲਾਲ ਪਧਿਆਣਵੀ ਦੀਆਂ ਇਹ ਲਾਈਨਾਂ ਯਾਦ ਆ ਜਾਂਦੀਆਂ ਨੇ :- ਇਸ ਮੁਲਕ 'ਚ ਕਾਇਰਾਂ ਦੇ।

   ਗਾਇਕਾਂ ਦੇ ਨੌਂ ਨੌਂ ਮੁੰਦੀਆਂ ਲੀਰਾਂ ਲਮਕਣ ਸ਼ਾਇਰਾਂ ਦੇ.. .. .. ਮੈਂ ਇਸ ਸਥਿਤੀ ਉੱਪਰ 'ਅਕਸ' ਵਿੱਚ ਬਹੁਤ ਵੱਡਾ ਲੇਖ ਵੀ ਲਿਖਿਆ ਸੀ "ਗੀਤ ਮੇਰੇ ਹੁਣ ਗੂੰਗੇ ਹੋ ਗਏ ਬੋਲ ਨਾਂ ਸਕਦੇ ਬੋਲ ਕੋਈ। ਨਾਂ ਮਿਲਿਆ ਇਹਨਾਂ ਦਾ ਮਹਿਰਮ ਦਰਦ ਲਵੇ ਜੋ ਫ਼ੋਲ ਕੋਈ"। ਮੈਂ ਇਹ ਲੇਖ ਜਦੋਂ ਇਸਮਾਈਲ ਦਰਬਾਰ ਨੂੰ ਪੜ੍ਹਕੇ ਸੁਣਾਇਆ ਤਾਂ ਮੈਂ ਆਪ ਉਸਦੀਆਂ ਅੱਖਾਂ 'ਚ ਅੱਥਰੂ ਵਗਦੇ ਵੇਖੇ ਸਨ ਇਹ ਵੱਖਰੀ ਗੱਲ ਹੈ ਕਿ ਅੱਜ ਉਸਨੂੰ ਅੱਥਰੂਆਂ ਵਾਲਿਆਂ ਨੂੰ ਵਰਜਣ ਦੀ ਤਹਿਜ਼ੀਬ ਆ ਗਈ ਹੈ।

੧੯. ਗੁਰਮੀਤ-'ਮਾਨਸਾ ਵਾਲ਼ਿਆਂ ' 'ਚੋਂ ਕਈ ਜਣੇ ਕਿਸੇ ਨਾ ਕਿਸੇ ਬਹਾਨੇ 'ਹਾਈਲਾਈਟ' ਹੁੰਦੇ ਰਹਿੰਦੇ ਹਨ।ਤੁਹਾਡੀ ਬਹੁਪੱਖੀ ਪ੍ਰਤਿਭਾ ਹੋਣ ਦੇ ਬਾਵਜੂਦ ਤੁਹਾਨੂੰ ਕੌਣ-ਕੌਣ ਲੰਗੜੀ ਮਾਰ ਕੇ ਸੁੱਟਦੇ ਰਹੇ ਹਨ? ਦਰਵੇਸ਼ – ਅੰਮ੍ਰਿਤ ਸਮਿਤੋਜ਼, ਭਾਸ਼ੋ, ਹਰਿਭਜਨ ਸਿੱਧੂ, ਦਰਸ਼ਨ ਜੋਗਾ, ਜਸਬੀਰ ਢੰਡ, ਅਜਮੇਰ ਸਿੰਘ ਔਲਖ, ਨੂੰ ਛੱਡਕੇ ਤਕਰੀਬਨ ਸਾਰੇ ਹੀ, ਅਤੇ ਅੱਜ ਤੱਕ ਵੀ ਮਾਰ ਰਹੇ ਨੇ।ਮੈਨੂੰ ਖੁਸ਼ੀ ਹੁੰਦੀ ਜੇ ਏਨਾਂ ਕੁੱਝ ਕਰਨ ਤੋਂ ਬਾਦ ਇਹਨਾਂ ਨੇ ਕੁੱਝ ਪ੍ਰਾਪਤ ਹੀ ਕਰ ਲਿਆ ਹੁੰਦਾ, ਤਾਂ ਮੈਨੂੰ ਖੁਸ਼ੀ ਹੋਣੀਂ ਸੀ। ਬੇਚਾਰਿਆਂ ਨੇ ਬਥੇਰੇ ਬਦੇਸ਼ੀ ਲੇਖਕਾਂ ਨਾਲ ਸ਼ਾਮਾਂ ਆਯੋਜਿਤ ਕੀਤੀਆਂ ਪਰ ਵੀਜ਼ੇ ਫੇਰ ਵੀ ਨਾਂ ਲੱਗੇ।ਮੈਂ ਆਪਣੀਂ ਚਾਲੇ ਚੱਲ ਰਿਹਾ ਹਾਂ। ਸਾਇਦ ਏਵੇਂ ਹੀ ਚੱਲਣਾਂ ਚਾਹੀਦਾ ਹੈ ਮੈਨੂੰ।

੨੦ ਗੁਰਮੀਤ-ਇਹ 'ਉੱਚਿਆਂ ਕਲਸਾਂ' ਵਾਲ਼ੇ ਇਹੀ ਲੋਕ ਹਨ ? ਜੇ ਨਹੀਂ ਤਾਂ ਹੋਰ ਕੌਣ ਹਨ? ਦਰਵੇਸ਼ – ਨਹੀਂ ਇਹ ਤਾਂ ਮੇਰੇ ਪੁਰਸਕਾਰ ਜੇਤੂ ਟੀ.ਵੀ. ਲੜੀਵਾਰ "ਦਾਣੇਂ ਅਨਾਰ ਦੇ" ਦੇ ਇੱਕ ਐਪੀਸੋਡ ਦਾ ਬਹੁਚਰਚਿਤ ਗੀਤ ਰਿਹਾ ਹੈ। ੨੦੦੧ ਵਿੱਚ ਅਲਫ਼ਾ ਟੀ.ਵੀ. ਦਾ ਇਹ ਸਭ ਤੋਂ ਵੱਧ ਸਪਾਂਸਰਜ਼ ਖਿੱਚਣ ਵਾਲਾ ਲੜੀਵਾਰ ਸੀ। ਇਸ ਦੇ ਗੀਤ ਵੀ ਮੈਂ ਹੀ ਲਿਖੇ ਸਨ ਅਤੇ ਪਟਕਥਾ ਅਤੇ ਸੰਵਾਦ ਵੀ।ਇਸ ਦੀ ਫ਼ੋਟੋਗ੍ਰਾਫੀ ਵੀ ਮੈਂ ਹੀ ਕੀਤੀ ਸੀ ਅਤੇ ਨਿਰਦੇਸ਼ਕ ਵੀ ਮੈਂ ਹੀ ਸਾਂ।ਅੱਜ ਵੀ ਇੱਛਾ ਹੈ ਕਿ ਉਹੋ ਜਿਹੇ ਕਿਸੇ ਸ਼ਾਹਕਾਰ ਦਾ ਫਿਰ ਤੋਂ ਨਿਰਮਾਣ ਕਰਾਂ।

੨੧.ਗੁਰਮੀਤ-'ਸਿਰਲੇਖ' ਅਜੇ ਵੀ 'ਉਦਾਸ' ਹੈ? ਦਰਵੇਸ਼ – ਇਹ ਤਾਂ ਹਰ ਸਦੀ, ਹਰ ਯੁੱਗ ਵਿੱਚ ਏਵੇਂ ਹੀ ਰਿਹਾ ਹੈ। ਇੱਕ ਹੋਰ ਵਧੀਆ ਅਤੇ ਵੱਡੀ ਪ੍ਰਾਪਤੀ ਸਿਰਲੇਖ ਨੂੰ ਕਦੇ ਵੀ ਖੁਸ਼ਨੁਮਾਂ ਨਹੀਂ ਹੋਣ ਦਿੰਦੀ। ਵਰਤੇ ਜਾਣ ਵਾਲੇ ਹੱਥਾਂ ਦੇ ਸਿਰਲੇਖ ਨੇ ਤਾਂ ਉਦਾਸ ਰਹਿਣਾਂ ਹੀ ਹੈ।ਜਿਹੜਾ ਵੀ ਮਕਾਨਕੀ ਢੰਗ ਨਾਲ ਤੁਰਨਾਂ ਜਾਂ ਜਿਊਣਾਂ ਨਹੀ ਸਿੱਖਦਾ ਉਸਦਾ ਸਿਰਲੇਖ ਉਦਾਸ ਹੀ ਰਹੇਗਾ।

੨੨. ਗੁਰਮੀਤ-ਤੁਸੀਂ ਆਪਣੇ 'ਕਿੱਤੇ' ਤੇ 'ਘਰ' ਵਿਚਲਾ ਪੈਂਡਾ ਕਿਵੇਂ ਨਾਪਦੇ ਹੋਂ? 'ਘਰਦਿਆਂ' ਦਾ ਕੀ ਯੋਗਦਾਨ ਹੈ ਤੁਹਾਡੇ ਕੰਮ 'ਚ ? ਦਰਵੇਸ਼ – ਯਾਰ ਗੁਰਮੀਤ ਸੱਚਾਈ ਤਾਂ ਇਹ ਹੈ ਕਿ ਮੈਂ ਅੱਜ ਤੱਕ ਵੀ ਚੰਗਾ ਪਤੀ ਅਤੇ ਵਧੀਆ ਬਾਪ ਬਣ ਹੀ ਨਹੀਂ ਸਕਿਆ ਜਾਂ ਇਹ ਕਹਿ ਲੈ ਕਿ ਰਿਸ਼ਤੇ ਕਦੇ ਵੀ ਮੈਨੂੰ ਰਾਸ ਹੀ ਨਹੀਂ ਆਏ।ਇਸ ਦਾ ਮੈਨੂੰ ਆਖਰੀ ਪਲ ਤੱਕ ਵੀ ਅਫਸੋਸ ਰਹੇਗਾ। ਕਦੋਂ ਕੰਮ ਵੱਲ ਤਿਲਕ ਜਾਂਦਾ ਹਾਂ ਅਤੇ ਕਦੋਂ ਘਰ ਦਸਤਕ ਦੇ ਦਿੰਦਾ ਹਾਂ, ਇਸਦਾ ਤਾਂ ਮੈਨੂੰ ਖ਼ੁਦ ਨੂੰ ਵੀ ਪਤਾ ਹੀ ਨਹੀਂ ਲੱਗਦਾ। ਮੈਂ ਅੱਜ ਤੱਕ ਵੈਸਾਖੀਆਂ ਨੂੰ ਨਹੀਂ ਅਪਣਾ ਸਕਿਆ। ਮੇਰੀਆਂ ਇਹ ਦੋ ਨਜ਼ਮਾਂ ਮੇਰੀ ਸਾਰੀ ਭਟਕਣ ਬਿਆਨ ਕਰ ਦੇਣਗੀਆਂ ਸ਼ਾਇਦ :-----------

ਉਹ ਮਾਂ ਦੀ ਲੋਰੀ ਬਾਰੇ ਨਹੀਂ ਜਾਣਦਾ


ਉਹ ਜੋ-
ਕਦੇ ਵੀ
ਆਪਣੇ ਬਾਪ ਦੀਆਂ ਅੱਖਾਂ ਵਿੱਚ
ਠੰਡ ਬਣਕੇ ਨਹੀਂ ਉੱਤਰ ਸਕਿਆ
ਆਪਣੇ ਜਿਸਮ ਦੀ ਕੰਧੋਲੀ ਦੁਆਲੇ
ਹਰ ਰੋਜ਼
ਸਰਦ ਮੌਸਮ ਦੀ ਲੋਈ ਲਪੇਟੀ ਰੱਖਦਾ ਹੈ
ਉਹ ਜਾਣਦਾ ਹੈ
            -ਚੰਗੀ ਤਰਾਂ
ਜਿਸਮ ਦੀ ਕੰਧੋਲੀ ਉਹਲੇ ਸਿਰਜੇ
ਵਰਤਮਾਨ ਦੇ ਚੁੱਲ੍ਹਿਆਂ 'ਚ
ਜੋ ਵੀ ਧੁਖਦਾ ਹੈ
ਉਹ –
ਇੱਕ ਦੂਜੇ ਤੋਂ ਬੇਮੇਚ ਹੋਏ ਰਿਸ਼ਤਿਆਂ ਦਾ
ਤਿੜਕਿਆਂ ਹੁੰਗਾਰਾ ਹੈ
ਉਹ ਜਾਣਦਾ ਹੈ ਚੰਗੀ ਤਰਾਂ
ਕੰਧੋਲੀ ਉਹਲੇ ਪਏ
ਪਾਟੇ ਝੀਟੇ ਕਾਗਜ਼
ਬਾਪ ਦੀ ਤਿੱਥ-ਵਾਰਾਂ ਵਾਲੀ ਡਾਇਰੀ ਦੇ ਨਹੀਂ
ਉਸਦੇ ਆਪਣੇ ਹੀ ਸਰਾਪੇ ਮਨ ਦੀਆਂ                                                            
              ਗਵਾਹੀਆਂ ਦੀਆਂ
                      ਤਸਦੀਕਾਂ ਹਨ
ਜਿੰਨਾਂ ਤੋਂ ਮਿਟ ਰਹੇ ਹਨ                                                              
ਆਪਣੇ ਭੈਣਾਂ ਭਰਾਵਾਂ ਨਾਲ ਹੋਏ
ਜਲਾਵਤਨ ਜਿਹੇ ਸੰਵਾਦ
ਉਹ ਜਾਣਦਾ ਹੈ ਚੰਗੀ ਤਰਾਂ
ਕੰਧੋਲੀ ਉਹਲੇ ਪਿਆ ਰਾਖ ਦਾ ਢੇਰ
ਕਪਾਹ ਦੀਆਂ ਛਿੱਟੀਆਂ ਤੋਂ ਨਹੀਂ
ਉਹਦੇ ਨਸੀਬਾਂ ਦੀਆਂ ਪੈੜਾਂ ਦੇ
ਸਿਵੇ 'ਚੋਂ ਪੈਦਾ ਹੋਇਆ ਹੈ
ਜਿਹੜਾ ਉਹ ਬਾਪ ਨਾਲ ਅੱਖ ਮਿਲਾਉਂਦਿਆਂ
ਆਪਣੇ ਬੋਲਾਂ 'ਚੋਂ
ਨਹੀਂ ਸੀ ਬਾਲ ਸਕਿਆ
ਜੇ ਉਹ ਕੁੱਝ ਵੀ ਨਹੀਂ ਜਾਣਦਾ
ਤਾਂ ਇਹ ਨਹੀਂ ਜਾਣਦਾ
ਮਾਂ ਦੀ ਲੋਰੀ ਕਿਹੋ ਜਿਹੀ ਹੁੰਦੀ ਹੈ?
ਬਾਪ ਦੇ ਪੈਰੀਂ ਪੈਂਦਿਆ
ਅਸੀਸਾਂ ਦੇ ਹੱਥ ਕਿਉਂ ਬਣ ਜਾਂਦੇ ਨੇ- ਖੁੰਧਕੀ
ਉਹ ਇਹ ਵੀ ਚੰਗੀ ਤਰਾਂ ਨਹੀਂ ਜਾਣਦਾ
ਜਿਹੜਾ ਕਦੇ ਵੀ
ਆਪਣੇ ਬਾਪ ਦੀਆਂ ਅੱਖਾਂ ਚ
ਠੰਡ ਬਣ ਕੇ ਨਹੀਂ ਉੱਤਰ ਸਕਿਆ
ਆਪਣੇ ਜਿਸਮ ਦੀ ਕੰਧੋਲੀ ਦੁਆਲਿਉਂ
ਸਰਦ ਮੌਸਮ ਦੀ ਲੋਈ ਉਤਾਰਕੇ
               ਕੋਸੀ ਪੌਣ ਨੂੰ
               ਦਸਤਕ ਕਿਵੇਂ ਦੇਈਦੀ ਹੈ ………?
                   ੦੦੦੦੦


ਘਰ ਅੰਦਰ ਘਰ ਹੋਣਾ ਚਾਹੀਦੈ


ਉਹ ਅਕਸਰ
ਸੌਣ ਤੋਂ ਪਹਿਲਾਂ ਯਾਦ ਕਰਦੀ
              -ਆਪਣੀਆਂ ਗੱਲਾਂ
ਬੱਚਿਆਂ ਨੂੰ ਥਪਥਪਾaੁਂਦੀ  
ਤੇ ਕਹਿੰਦੀ
ਘਰਾਂ ਅੰਦਰ ਬਹੁਤ ਕੁਝ ਹੋਣਾ ਚਾਹੀਦੈ
ਮੋਟੇ ਮੋਟੇ ਕਲੀਨ,
ਸਕਿੱਨ ਕਲਰ ਪਰਦੇ ,
ਬੈਡ,ਟੇਬਲ,ਸੋਫੇ ,ਦੀਵਾਨ
ਤੇ ਹਰ ਕਮਰੇ 'ਚ
       ਵਾਲ ਪੇਟਿੰਗਜ਼
ਕੁਕਿੰਗ ਗੈਸ,ਫਰਿੱਜ,
ਕਲਰ ਟੀ.ਵੀ.,ਸਟੀਰੀਓ
ਬੱਚਿਆਂ ਲਈ ਗਵਰਨੱੈਸ
ਕੁਰਸੀਆਂ ,ਫੁੱਲਾਂ ਭਰਿਆ ਲਾਅਨ
ਤੇ-
ਬੈਡਮਿੰਟਨ ਦਾ ਮੈਦਾਨ ਵੀ
ਮੇਰੀਆਂ ਦੋਹੇਂ ਬਾਹਾਂ
ਸਿਰ ਹੇਠ ਹੁੰਦੀਆਂ
ਮੈਂ ਸੁਣਦਾ ਰਹਿੰਦਾ
ਕਿਤਾਬਾਂ ਨੂੰ ਦੂਜੇ ਪਾਸੇ ਕਰਕੇ
ਆਪਣੇ ਕੋਲ ਆਉਣ ਨੂੰ ਕਹਿੰਦਾ
ਉਹ ਆਉਂਦੀ                                                          
ਮੈਂ ਉਹਨੂੰ ਬੁੱਕਲ ਜਿਹੀ 'ਚ ਘੁੱਟਕੇ
                    ਸਹਿਲਾਉਂਦਾ
ਕਿ ਇਸਨੂੰ ਮਹਿਸੂਸ ਨਾਂ ਹੋਵੇ
ਇਹ ਸੋਚਦਾ ਇੱਕ ਹਉਕਾ ਲੈਂਦਾ
ਕਹਿੰਦਾ
ਹਾਂ-ਹਾਂ
ਘਰਾਂ ਅੰਦਰ ਬਹੁਤ ਕੁਝ ਹੋਣਾ ਚਾਹੀਦੈ
ਹੋਠਾਂ ਹੀ ਹੋਠਾਂ
ਅਤੇ ਅੱਖਾਂ ਹੀ ਅੱਖਾਂ 'ਚ ਬੀਜਿਆ
               ਮੁਹੱਬਤ ਦਾ                
               ਭਰਿਆ ਪੂਰਾ ਬਾਗ
ਕਿਤਾਬਾਂ ਦੀ ਅਲਮਾਰੀ –
                ਪੜ੍ਹਨ ਮੇਜ਼
ਅਤੇ
ਕਿਧਰੇ ਕਿਧਰੇ ਤਿਊੜੀਆਂ ਜੋਗੇ
              ਖਿਲਰੇ ਪਏ ਕੰਮ
ਤੇ ਨਾਲ ਹੀ
ਘਰ ਅੰਦਰ ਘਰ ਵੀ ਤਾਂ ਹੋਣਾ ਚਾਹੀਦੈ
ਉਹ ਬੁੱਕਲ 'ਚੋਂ ਪਰਾਂ ਸਰਕਦੀ
ਟਿਊਬ ਆਫ ਕਰਦੀ
ਅਤੇ
ਕਿਤਾਬਾਂ ਨੂੰ ਵਿਚਕਾਰ ਪਾ ਕੇ
ਪਰਲੇ ਪਾਰ ਜਾ ਕੇ
ਸੌਣ ਦੇ ਯਤਨ 'ਚ ਰੁੱਝ ਜਾਂਦੀ ……
                       ੦੦੦੦੦੦੦੦੦੦੦੦੦  


੨੩. ਗੁਰਮੀਤ-'ਨੈਚੁਰੋਪੈਥੀ' ਕੀ ਕੰਮ ਆਈ?

ਦਰਵੇਸ਼ – ਬਹੁਤ। ਲੇਕਿਨ ਸਿਰਫ ਮੇਰੇ ਆਪਣੇ ਲਈ । ਮੈਂ ਇਸਨੂੰ ਬਿਜ਼ਨਸ ਨਹੀਂ ਬਣਾ ਸਕਿਆ।ਜੇ ਕਦੇ ਕਿਸੇ ਨੇ ਮੇਰੇ ਇਸ ਗੁਣ ਦਾ ਫਾਇਦਾ ਉਠਾਉਣਾ ਚਾਹਿਆ ਤਾਂ ਮੈਂ ਉਸਨੂੰ ਇਹ ਵੰਡ ਦਿੱਤੀ, ਸਿਰਫ ਇੱਕੋ ਹੀ ਸ਼ਰਤ ਉੱਪਰ ਕਿ ਉਹ ਪਰਹੇਜ਼ ਅਤੇ ਇਸਦੇ ਅਸੂਲਾਂ ਦਾ ਪਾਲਨ ਕਰੇਗਾ ਅਤੇ ਮੇਰੀਆਂ ਹੀ ਹਿਦਾਇਤਾਂ ਦਾ ਪਾਲਨ ਕਰੇਗਾ। ਇਸ ਤੋਂ ਉੱਪਰ ਕੋਈ ਵੀ ਪੈਥੀ ਦਰਅਸਲ ਹੈ ਹੀ ਨਹੀਂ। ਮੈਂ ਇਸਦਾ ਪ੍ਰਚਾਰ ਅਤੇ ਪ੍ਰਸਾਰ ਕਰਨਾਂ ਅਤੇ ਕਰਵਾਉਣਾਂ ਚਾਹੁੰਦਾ ਸੀ ਪਰ ਅਖਬਾਰਾਂ ਦੀ ਇਨਡੋਰ ਟੇਬਲ ਉੱਤੇ ਬੈਠੇ ਸਮਾਚਾਰ ਅਤੇ ਫੀਚਰ ਸੰਪਾਦਕਾਂ ਨੂੰ ਜਦੋਂ ਏਰੀਆ ਪੱਤਰਪ੍ਰੇਰਕਾਂ ਤੋਂ ਤਿਉਹਾਰਾਂ ਦੇ ਤੋਹਫੇ ਲੈਕੇ ਦਿੱਤੀ ਸਪੇਸ ਵੰਡਣ ਤੋਂ ਵਿਹਲ ਮਿਲੇਗੀ ਤਦ ਹੀ ਉਹ ਮੇਰੇ ਨੁਸਖਿਆਂ ਨੂੰ ਕਿਸੇ ਕਾਲਮ ਵਿੱਚ ਥਾਂ ਦੇ ਸਕਣਗੇ। ਮੈਂ ਬਹੁਤ ਸਾਰੀਆਂ ਸਮਾਜਸੇਵੀ ਸੰਸਥਾਵਾਂ ਨੂੰ ਇਸ ਬਾਰੇ ਪੱਤਰ ਲਿਖੇ, ਫ਼ੋਨ ਕੀਤੇ ਪਰ ਕਿਤੋਂ ਵੀ ਹਾਂਅ ਪੱਖੀ ਹੁੰਗਾਰਾ ਨਾਂ ਮਿਲਿਆ, ਸਗੌਂ ਉਹਨਾਂ ਨੇ ਤਾਂ ਮੇਰੀ ਹੀ ਜੇਬ ਉੱਪਰ ਗਿਰਝੀ ਅੱਖ ਦਾ ਨਿਸ਼ਾਨਾਂ ਲਾ ਦਿੱਤਾ ਅਤੇ ਨਤੀਜਾ ਇਹ ਹੋਇਆ ਕਿ ਮੈਂ ਲੰਗੜਾ ਹੋਕੇ ਫਿਰ ਤੁਰਨ ਦੀ ਉਮੀਦ ਨਾਲ ਜਿਊਣਾਂ ਸ਼ੁਰੂ ਕਰ ਦਿੱਤਾ।


੨੪. ਗੁਰਮੀਤ-ਪੰਜਾਬੀ ਸਾਹਿਤ 'ਚ ਜ਼ਾਤ ਅਧਾਰਤ ਤੇ ਖੇਤਰ ਅਧਾਰਤ ਗਿਰੋਹਾਂ 'ਚੋਂ ਕਿਹੜੇ-ਕਿਹੜੇ,ਕਿੱਥੇ-ਕਿੱਥੇ,ਕੀ-ਕੀ ਰੰਗ ਵਿਖਾਉਂਦੇ ਹਨ?

ਦਰਵੇਸ਼ – ਕਦੇ ਪੱਤਿਆਂ ਦੀ ਗੱਲ ਕਦੇ ਪਾਣੀਆਂ ਦੀ ਗੱਲ।

       ਸਾਨੂੰ ਦੱਸਜਾ ਹਵਾਏ ਸਾਡੇ ਹਾਣੀਆਂ ਦੀ ਗੱਲ।
                    --------
          ਮੋਹ ਨੂੰ ਲਾਂਬੂ ਲਾਕੇ ਸਾਰੀ ਰਾਤ ਸੇਕਦੇ ਰਹੇ ਉਹ,
          ਤਾਹੀਉਂ ਕਰਦੇ ਸੀ ਗੱਲਾਂ ਵੀ ਅੰਗਾਰਾ ਬਣਕੇ।

੨੫. ਗੁਰਮੀਤ-ਪੰਜਾਬੀ ਟੈਲੀਵੀਜ਼ਨ ਦੀ ਸਿਆਸਤ ਬਾਰੇ ਕੀ ਕਹੋਂਗੇ? ਦਰਵੇਸ਼ – ਬਹੁਤ ਕੁੱਝ ਕਹਿ ਸਕਦਾਂ ਹਾਂ।ਬੋਲ ਸਕਦਾ ਹਾਂ। ਜੇ ਮੈਂ ਕੁੜੀ ਹੁੰਦਾ ਅਤੇ ਮੇਰੇ ਅੰਦਰ ਇਹੀ ਸਾਰੇ ਕੀੜੇ ਪਲ਼ ਰਹੇ ਹੁੰਦੇ ਤਾਂ ਅੱਜ ਮੈਂ ਟੀ.ਵੀ. ਦੀ ਸੁਪਰ ਸਟਾਰ ਹੋਣੀਂ ਸੀ ਬਹੁਤ ਵੱਡੀ ਨਿਰਦੇਸ਼ਕ ਵੀ ਹੋਣੀਂ ਸੀ ਹੋਰ ਕੀ ਕਹਾਂ। ਮੇਰੇ ਹਵਾਲੇ ਦੇਕੇ ਗਈਆਂ ੧੨ ਕੁੜੀਆਂ ਏਸ ਵੇਲੇ ਉੱਥੇ ਕੰਮ ਕਰ ਰਹੀਆਂ ਨੇ ਤੇ ਜਿਹਨਾਂ ੫੦-੬੦ ਮੁੰਡਿਆਂ ਨੂੰ ਮੈਂ ਆਡੀਸ਼ਨ ਦੇਣ ਤੋਰਿਆ ਸੀ ਉਹਨਾਂ ਦਾ ਅਜੇ ਤੱਕ ਵੀ ਕੁੱਝ ਨੀਂ ਬਣਿਆ।ਮੈਂ ਦੂਰਦਰਸ਼ਨ ਲਈ ਬਹੁਤ ਕੁੱਝ ਕਰਨਾਂ ਚਾਹੁੰਦਾ ਹਾਂ। ਕਿਉਂਕਿ ਉਹ ਸਿਰਫ ਦੂਰਦਰਸ਼ਨ ਹੀ ਹੈ ਜਿਹੜਾ ਆਮ ਆਦਮੀਂ ਕੋਲ ਤੁਹਾਡੀ ਗੱਲ ਪੁਚਾ ਸਕਦਾ ਹੈ।ਕਿਉਂਕਿ ਜਿੱਥੇ ਉਹ ਦੇਖਿਆ ਜਾਂਦਾ ਹੈ ਉੱਥੇ ਹੋਰ ਕੋਈ ਨਾਂ ਪਹੁੰਚਦਾ ਹੈ ਅਤੇ ਨਾਂ ਹੀ ਵੇਖਿਆ ਜਾਂਦਾ ਹੈ।ਇਸਦੀ ਰੀਚ ਡੀਪ ਇੰਟੀਰੀਅਰ ਅਤੇ ਹਾਈ ਨੋ ਮੈਨਜ਼ ਲੈਂਡ ਤੱਕ ਵੀ ਹੈ।ਉਹਨਾਂ ਲਈ ਯਸ਼ ਚੋਪੜਾ ਅਤੇ ਗੁਰਮੀਤ ਬਰਾੜ ਇੱਕੋ ਕੈਟਾਗਿਰੀ ਦੇ ਟਰੈਵਲਰ ਚੈੱਕ ਨੇ।

੨੬. ਗੁਰਮੀਤ-ਪੰਜਾਬੀ ਦਾ ਕਿਹੜਾ ਸਾਹਿਤਕਾਰ ਤੁਹਾਨੂੰ ਪ੍ਰਭਾਵਿਤ ਕਰਦਾ ਰਿਹਾ ਹੈ? ਦਰਵੇਸ਼ – ਦਲੀਪ ਕੌਰ ਟਿਵਾਣਾਂ, ਰਾਮ ਸਰੂਪ ਅਣਖੀ, ਪ੍ਰਮਿੰਦਰਜੀਤ। ਬਾਕੀ ਚੋਣਵੀਆਂ ਅਤੇ ਵਧੀਆ, ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ।ਜਿਹੜੀਆਂ ਸਦਾ ਲਈ ਕਿਤੇ ਨਾਂ ਕਿਤੇ ਚੇਤਿਆਂ ਵਿੱਚ ਛਪ ਗਈਆਂ ਨੇ।

੨੭.ਗੁਰਮੀਤ-ਰੋਜ਼ਾਨਾ ਦਾ 'ਰੁਟੀਨ' ਕੀ ਹੈ? ਦਰਵੇਸ਼ – ਜਦੋਂ ਘਰ ਹੋਵਾਂ ਹਰ ਦਿਨ ਸਵੇਰੇ ਨੈਚਰੋਪੈਥੀ ਨਾਲ ਸ਼ੁਰੂ ਹੁੰਦਾ ਹੈ। ਇੱਕ ਗਲਾਸ ਕੋਸੇ ਪਾਣੀਂ ਵਿੱਚ ਅੱਧਾ ਨਿੰਬੂ, ਪੰਦਰਾਂ ਮਿੰਟ ਦੇ ਵਕਫ਼ੇ ਨਾਲ ਦੋ ਗਿਲਾਸ ਸਾਦਾ ਪਾਣੀਂ, ਚਾਰ ਪੰਜ ਕਿਲੋਮੀਟਰ ਦੀ ਸੈਰ, ਕਸਰਤ, ਵਾਪਿਸ ਆਕੇ ਤਿੰਨ ਕਲਾਸ ਪਾਣੀਂ, ਕੋਈ ਫਰੂਟ, ਦੁੱਧ ਦਾ ਗਿਲਾਸ, ਭਾਰੀ ਨਾਸ਼ਤਾ, ਅਖ਼ਬਾਰ, ਨੈੱਟ ਸਰਫਿੰਗ, ਕੁੱਝ ਲਿਖਣਾ (ਸਿਰਫ ਵਿਹਲ ਦੇ ਦਿਨਾਂ ਵਿੱਚ) ਦੁਪਹਿਰੇ ਦੋ ਰੋਟੀਆਂ ਦਾਲ ਦਹੀਂ ਨਾਲ, ਸ਼ਾਮੀਂ ਜੂਸ, ਰਾਤੀਂ ਫਰੂਟ, ਇੱਕ ਰੋਟੀ ਦਾਲ ਨਾਲ, ਜੇ ਕਿਸੇ ਦਿਨ ਰੂਹਦਾਰੀ ਹੋ ਜਾਵੇ ਤਾਂ ਸਿਰਫ ਰੱਜਕੇ ਰੋਟੀ। ਵਿੱਚ ਵਿਚਕਾਰ ਪੜ੍ਹਦਾ ਵੀ ਹਾਂ, ਲਿਖਦਾ ਵੀ ਹਾਂ, ਅਤੇ ਕੰਮ ਲਈ ਫਿਲਡਿੰਗ ਵੀ ਕਰੀਦੀ ਹੈ।

੨੮. ਗੁਰਮੀਤ-ਜਦੋਂ ਕੈਮਰੇ ਦੀ ਅੱਖ ਨਾਲ਼ ਵੇਖਦੇ ਹੋਂ ਤਾਂ ਅਦਾਕਾਰਾਂ ਤੇ ਸੈਟ ਤੋਂ ਇਲਾਵਾ ਕੀ-ਕੀ ਦਿਸਦਾ ਹੈ ਤੀਜੀ ਅੱਖ ਨੂੰ ? ਦਰਵੇਸ਼ – ਉਦੋਂ ਸਿਰਫ ਤੀਜੀ ਅੱਖ ਹੀ ਕੰਮ ਕਰ ਰਹੀ ਹੁੰਦੀ ਹੈ ਅਤੇ ਉਸਦੀ ਇਨਵਾਲਵਮੈਂਟ ਸਿਰਫ ਸੀਨ ਵਿੱਚ ਹੀ ਹੁੰਦੀ ਹੈ। ਉਸਦੀ ਬਿਹਤਰੀ ਵਾਸਤੇ ਹੀ ਸਾਰਾ ਕੁੱਝ ਕਰਨਾਂ ਹੁੰਦਾ ਹੈ।

੨੯. ਗੁਰਮੀਤ-ਭਵਿਖ ਦੀਆਂ ਕੀ ਵਿਉਂਤਾਂ ਹਨ? ਦਰਵੇਸ਼ – ਵਾਧੂ ਬਿਆਨਬਾਜ਼ੀਆਂ ਕਰਨ ਦਾ ਕੋਈ ਫਾਇਦਾ ਨਹੀਂ। ਸਾਰਾ ਭਵਿੱਖ ਨਿਰਮਾਤਾਵਾਂ ਦੇ ਹੱਥਾਂ ਵਿੱਚ ਹੈ।ਜਦੋਂ ਕੋਈ ਮੇਕਰ ਨਿਰਮਾਤਾ ਮਿਲ ਗਿਆ ਅਤੇ ਮੇਰੇ ਕੰਨਸੈਪਟ ਨਾਲ ਛੇੜਛਾੜ ਕੀਤੇ ਬਿਨਾਂ ਉਸ ਵਿੱਚ ਫਿਲਮ ਜਾਂ ਸੀਰੀਅਲ ਬਣਾਉਣ ਦੀ ਸਹਿਣ ਸ਼ਕਤੀ ਅਤੇ ਹਾਜ਼ਮਾਂ ਹੋਇਆ ਤਾਂ ਜਰੂਰ ਕੁੱਛ ਨਾਂ ਕੁੱਛ ਵਧੀਆ ਕਰਾਂਗਾ। ਕਾਫੀ ਕੁੱਝ ਹੈ ਜਿਹੜਾ ਆਪਣੀਂ ਵਾਰੀ ਦੀ ਇੰਤਜ਼ਾਰ ਕਰ ਰਿਹਾ ਹੈ।

੩੦. ਗੁਰਮੀਤ-ਗੀਤਕਾਰਾਂ ਨੂੰ ਕੀ-ਕੀ ਮੱਤਾਂ ਦੇਣਾ ਚਾਹੋਗੇ? ਦਰਵੇਸ਼ – ਇਹੀ ਕਿ ਉਹ ਗੀਤ ਨੂੰ ਗੀਤ ਰਹਿਣ ਦੇਣ। ਉਸਦੀ ਆਤਮਾਂ ਨੂੰ ਵਲੂੰਧਰਕੇ ਆਪਣੀਂ ਮਰੀ ਹੋਈ ਆਤਮਾਂ ਦਾ ਸਬੂਤ ਨਾਂ ਦੇਣ। ਅਸਲ ਵਿੱਚ ਜਿਹਨਾਂ ਨੂੰ ਆਪਾਂ ਗੀਤਕਾਰ ਕਹਿ ਸਕਦੇ ਹਾਂ ਉਹ ਤਾਂ ਹਨ ਹੀ ਦੋ-ਚਾਰ ਪ੍ਰਤੀਸ਼ਤ, ਬਾਕੀ ਤਾਂ ਸਭ ਲੁੱਚ ਲਫੰਗ ਹੀ ਹੈ।ਸਿਰੇ ਦੇ ਚੋਰ। ਸਮਝ ਹੀ ਕੋਈ ਨਹੀਂ।ਮੈਂ ਤਾਂ ਬੱਸ ਏਨਾਂ ਹੀ ਕਹਿ ਸਕਦਾ ਹਾਂ :- ਧੀਆਂ ਜਿਹੀ ਰਚਨਾ ਦਾ ਕਰਨ ਬਲਾਤਕਾਰ, ਪੱਛਮੀਂ ਧੁਨਾਂ ਦੇ ਠੇਕੇਦਾਰ। ਚੋਰਾਂ ਦੇ ਬਾਜ਼ਾਰ ਅਤੇ ਗੀਤਾਂ ਦੇ ਵਪਾਰ ਵਿੱਚ ਕੱਖੋਂ ਹੌਲਾ ਹੋਇਆ ਗੀਤਕਾਰ। ਐਸੀ ਪੈ ਗਈ ਸ਼ਬਦਾਂ ਨੂੰ ਮਾਰ……ਮਾਏ ਮੇਰੀਏ ਨੀਂ ਐਸੀ ਪੈ ਗਈ ਸ਼ਬਦਾਂ ਨੂੰ ਮਾਰ … ਜਾਂ ਮੇਰੇ ਦੋਸਤ ਰਮਨ ਨੇ ਲਿਖਿਆ ਸੀ :- ਗੀਤ ਮੇਰੇ ਹੁਣ ਗੂੰਗੇ ਹੋ ਗਏ, ਬੋਲ ਨਾਂ ਸਕਦੇ ਬੋਲ ਕੋਈ। ਨਾ ਮਿਲਿਆ ਇਹਨਾਂ ਦਾ ਮਹਿਰਮ ਦਰਦ ਲਵੇ ਜੋ ਫੋਲ ਕੋਈ।

ਦਰਸ਼ਨ ਦਰਵੇਸ਼ - +919779955887

ਮੈਂ ਕੀਰਤਪੁਰ ਤੋਂ ਬਹੁਤ ਡਰਦਾ ਹਾਂ / ਦਰਸ਼ਨ ਦਰਵੇਸ਼

[ਸੋਧੋ]

(ਆਪਣੇਂ ਗੁਰੂ ਰੂਪੀ ਦੋਸਤ ਭਾਈ ਹਰਦਿਆਲ ਸਿੰਘ ਖਾਲਸਾ ਦੀ 24 ਸਾਲਾ ਬੇਟੀ ਜਿਸਦੀਆਂ ਅਸਥੀਆਂ ਅਸੀਂ 09-10-2011 ਨੂੰ ਜਲਪ੍ਰਵਾਹ ਕਰਕੇ ਪਰਤੇ ਹਾਂ)


ਆਨੰਦਪੁਰ ਨੂੰ ਜਾਂਦਿਆਂ

ਕੀਰਤਪੁਰ 'ਚੋਂ ਲੰਘਦਿਆਂ

ਮੈਂ ਹਰ ਵਾਰ ਡਰ ਜਾਂਦਾ ਹਾਂ

ਬਹੁਤ ਡਰ ਜਾਂਦਾ ਹਾਂ


ਇੱਕ ਛੋਟੀ ਵੇਈਂ

ਪਾਤਾਲਪੁਰੀ ਦੇ ਐਨ ਪਿੱਛੇ

ਜਿੱਥੇ

ਕਿਸੇ ਦੇ ਦਾਦੇ, ਦਾਦੀ, ਮਾਂ, ਬਾਪ,

ਕਿਸੇ ਦੇ ਬੱਚੇ ਅਤੇ.. .. ..

ਕਿਸੇ ਦੇ ਮਹਿਬੂਬ ਦੀਆਂ ਅਸਥੀਆਂ

ਜਲ ਸਮਾਧੀ ਹੋਕੇ ਵੀ

ਮੈਨੂੰ ਜਿਊਂਦੀਆਂ ਜਾਗਦੀਆਂ ਕੁਰਲਾਉਂਦੀਆਂ

ਜ਼ਿੰਦਗੀ ਮੰਗਦੀਆਂ ਨਜ਼ਰ ਆਉਂਦੀਆਂ ਨੇ

ਕਿਸੇ ਆਖਰੀ

ਵਾਅਦੇ, ਇਰਾਦੇ

ਅੰਦਰ ਜਿਊਂਦੀ ਹੈ

ਉਹਨਾਂ ਦੀ ਸੁਰਤ

ਸ਼ਾਇਦ ਤਾਂ ਹੀ ਮੈਂ

ਪਾਤਾਲਪੁਰੀ ਵਿੱਚ ਇਸ਼ਨਾਨ ਨਹੀਂ ਕਰਦਾ

ਕਿ ਅਟਕੀ ਨਾਂ ਰਹਿ ਜਾਵੇ

                ਸੁਰਤ

ਕਿ ਅਟਕੀ ਸੁਰਤ

ਮੌਤ ਦੀ ਦਸਤਕ ਹੁੰਦੀ ਹੈ

ਪਤਾ ਨਹੀਂ ਕਿਉਂ

ਕੀਰਤਪੁਰ ਹਰ ਵਾਰੀ ਮੈਨੂੰ

ਅਸਥੀਆਂ ਦਾ ਵਪਾਰੀ ਜਾਪਿਐ

ਅਤੇ ਆਨੰਦਪੁਰ

ਯੁੱਧ 'ਚੋਂ ਜ਼ਿੰਦਗੀ ਸਿਰਜਦਾ

ਕਦੇ ਨਾਂ ਮਰਨ ਵਾਲਾ

ਇਤਿਹਾਸ ਦਾ ਪੰਨਾਂ

ਅਨੰਦਪੁਰ ਨੂੰ ਜਾਂਦਿਆਂ

ਕੀਰਤਪੁਰ 'ਚੋਂ ਲੰਘਦਿਆਂ

ਮੈਂ ਹਰ ਵਾਰ ਡਰਦਾ ਹਾਂ

ਅਤੇ ਬਹੁਤ ਰੋਂਦਾ ਹਾਂ

ਪਾਤਾਲਪੁਰੀ ਦੇ ਪਿੱਛੇ

ਛੋਟੀ ਵੇਈਂ ਦੇ ਕਿਨਾਰੇ.. ..



                      ੦੦੦੦੦੦੦੦੦੦੦