ਵਰੀ
ਵਿਆਹ ਸਮੇਂ ਮੁੰਡੇ ਵਾਲਿਆਂ ਦੇ ਪਰਿਵਾਰ ਵਲੋਂ ਜੋ ਲਾੜੀ (ਆਉਣ ਵਾਲੀ ਨੂੰਹ) ਨੂੰ ਗਹਿਣੇ, ਸੂਟ ਅਤੇ ਹੋਰ ਵਸਤਾਂ ਦਿੱਤੀਆਂ ਜਾਂਦੀਆਂ ਹਨ, ਉਸ ਨੂੰ ਵਰੀ ਕਹਿੰਦੇ ਹਨ। ਵਰੀ ਸੂਈ ਵੀ ਕਹਿੰਦੇ ਹਨ। ਵਰੀ ਵਿਚ ਘੱਟੋ-ਘੱਟ ਪੰਜ ਸੂਟ, ਪਰਿਵਾਰ ਦੀ ਮਾਲੀ ਵਿੱਤ ਅਨੁਸਾਰ ਸਿਰ, ਕੰਨ, ਗਲ, ਹੱਥਾਂ ਅਤੇ ਪੈਰਾਂ ਲਈ ਗਹਿਣੇ, ਸਿੰਗਾਰਦਾਨੀ, ਜੁੱਤੀ ਅਤੇ ਮਿੱਠੀ ਗੁੱਥਲੀ ਹੁੰਦੀ ਹੈ।ਗੁੱਥਲੀ ਲਾਲ ਰੰਗ ਦੀ ਹੁੰਦੀ ਹੈ ਜਿਸ ਵਿਚ ਬਦਾਮ, ਦਾਖਾਂ, ਛੁਹਾਰੇ, ਮਿਸ਼ਰੀ, ਮਖਾਣੇ, ਲੈਚੀ ਆਦਿ ਹੁੰਦੇ ਹਨ। ਪੈਸੇ ਵਾਲੇ ਪਰਿਵਾਰ ਵਰੀ ਵਿਚ 11-13 ਸੂਟ ਵੀ ਦੇ ਦਿੰਦੇ ਹਨ। ਗਹਿਣੇ ਵੀ ਭਾਰੇ ਤੇ ਜਿਆਦਾ ਪਾ ਦਿੰਦੇ ਹਨ।ਵਰੀ ਵਿਚ ਘੱਟੋ ਘੱਟ ਇਕ ਸੂਟ ਲਾਲ ਰੰਗ ਦਾ ਹੁੰਦਾ ਹੈ ਕਿਉਂ ਜੋ ਲਾਲ ਰੰਗ ਸ਼ਗਨਾਂ ਦਾ ਰੰਗ ਹੈ। ਪਹਿਲੇ ਸਮਿਆਂ ਵਿਚ ਵਰੀ ਦੇ ਸਾਰੇ ਸੂਟ ਸਿਲਾਏ ਹੁੰਦੇ ਸਨ ਜਿਹੜੇ ਗੋਟੇ, ਕਿਨਾਰੀ ਤੇ ਸਿਲਖੇ- ਸਤਾਰਿਆਂ ਵਾਲੇ ਹੁੰਦੇ ਸਨ। ਸੂਟਾਂ ਨੂੰ ਮੌਲੀ/ਖੰਮਣੀ ਵਿਚ ਬੰਨ੍ਹਿਆ ਹੁੰਦਾ ਸੀ। ਹੁਣ ਸੂਟ ਪੋਲੀਥੀਨ ਦੇ ਲਫਾਫਿਆਂ ਵਿਚ ਪੈਕ ਕੀਤੇ ਹੁੰਦੇ ਹਨ। ਸਿੰਗਾਰਦਾਨੀ ਵਿਚ ਸਿੰਗਾਰ ਦਾ ਸਮਾਨ, ਸ਼ੀਸ਼ਾ, ਕੰਘੀ, ਸਾਬਨ, ਸੁਰਮੇਦਾਨੀ, ਲਾਲ ਪਰਾਂਦੀ ਆਦਿ ਹੁੰਦਾ ਹੈ। ਵਰੀ ਦਾ ਇਹ ਸਮਾਨ ਮੁੰਡੇ ਵਾਲੇ ਆਪਣੇ ਰਿਸ਼ਤੇਦਾਰਾਂ ਤੇ ਸ਼ਰੀਕੇ ਵਾਲਿਆਂ ਨੂੰ ਵਿਖਾਉਂਦੇ ਹਨ। ਫਿਰ ਵਰੀ ਨੂੰ ਲੋਹੇ ਦੇ ਟਰੰਕ, ਹੁਣ ਅਟੈਚੀ ਵਿਚ ਪਾ ਕੇ, ਜਿੰਦਾ ਲਾ ਕੇ, ਨਾਲ ਖੰਮ੍ਹਣੀ ਬੰਨ੍ਹ ਕੇ ਬਰਾਤ ਨਾਲ ਲੈ ਕੇ ਜਾਂਦੇ ਹਨ। ਫਿਰ ਇਹ ਵਰੀ ਲਾੜੀ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸ਼ਰੀਕੇ ਵਾਲਿਆਂ ਨੂੰ ਵਿਖਾਈ ਜਾਂਦੀ ਹੈ। ਪਹਿਲੇ ਸਮਿਆਂ ਵਿਚ ਵਰੀ ਵਿਚੋਂ ਇਕ ਦੁਪੱਟਾ/ਚੁੰਨੀ ਰੱਖੀ ਜਾਂਦੀ ਸੀ। ਉਹ ਚੁੰਨੀ ਹੀ ਲਾੜੀ ਆਪਣੇ ਉੱਪਰ ਲੈ ਕੇ ਸਹੁਰੀਂ ਜਾਂਦੀ ਸੀ। ਵਰੀ ਵੇਖਣ ਤੋਂ ਬਾਅਦ ਵਾਪਸ ਕਰ ਦਿੱਤੀ ਜਾਂਦੀ ਸੀ।ਹੁਣ ਨਵਾਂ ਜਮਾਨਾ ਆ ਗਿਆ ਹੈ। ਜਿੱਥੇ ਪਹਿਲਾਂ ਸਹੁਰਾ ਪਰਿਵਾਰ ਆਪਣੀ ਪਸੰਦ ਦੀ ਵਰੀ ਖਰੀਦਦਾ ਸੀ ਉੱਥੇ ਹੁਣ ਵਰੀ ਦੀ ਹਰ ਵਸਤ ਆਉਣ ਵਾਲੀ ਨੂੰਹ ਨੂੰ ਨਾਲ ਲੈ ਕੇ ਉਸ ਦੀ ਪਸੰਦ ਦੀ ਖਰੀਦੀ ਜਾਂਦੀ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.