ਵਸਾਖਾ ਸਿੰਘ ਦਦੇਹਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਾਬਾ ਵਸਾਖਾ ਸਿੰਘ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸਰਹਾਲੀ ਕਲਾਂ ਤੋਂ 3 ਕਿਲੋਮੀਟਰ ਦੂਰ ਦੱਖਣ ਦੀ ਬਾਹੀ ਵਿੱਚ ਨਗਰ ਦਦੇਹਰ ਸਾਹਿਬ ਵਿੱਚ ਦਿਆਲ ਸਿੰਘ ਤੇ ਇੰਦਰ ਕੌਰ ਦੇ ਘਰ 13 ਅਪਰੈਲ 1877 ਨੂੰ ਵਿਸਾਖੀ ਵਾਲੇ ਦਿਨ ਹੋਇਆ। ਇਸ ਕਰਕੇ ਉਨ੍ਹਾਂ ਦੇ ਤਾਇਆ ਖੁਸ਼ਹਾਲ ਸਿੰਘ ਨੇ ਇਨ੍ਹਾਂ ਦਾ ਨਾਂ ਵਸਾਖਾ ਸਿੰਘ ਰੱਖਿਆ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਪਿੰਡ ਗ੍ਰੰਥੀ ਈਸ਼ਰ ਦਾਸ ਤੋਂ ਪ੍ਰਾਪਤ ਕੀਤੀ ਅਤੇ ਸੰਤ ਸੁਭਾਅ ਦੀ ਗੁੜ੍ਹਤੀ ਤਾਇਆ ਖੁਸ਼ਹਾਲ ਸਿੰਘ ਤੋਂ ਮਿਲੀ।18 ਸਾਲ ਦੀ ਉਮਰ ਵਿੱਚ ਫ਼ੌਜ ਵਿੱਚ ਭਰਤੀ ਹੋਏ ਅਤੇ ਇਸ ਦੌਰਾਨ ਰਾਵਲਪਿੰਡੀ ਵਿੱਚ ਅਜੀਤ ਸਿੰਘ ਦੀ ਇੱਕ ਥੜਲੇਦਾਰ ਤਕਰੀਰ ਸੁਣੀ। ਇਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਫ਼ੌਜ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਅਤੇ ਦੇਸ਼ ਦੀ ਆਜ਼ਾਈ ਵੱਲ ਜੂਝ ਪਏ। ਵਾਪਸ ਆਪਣੇ ਨਗਰ ਦਦੇਹਰ ਆ ਕੇ ਪਿੰਡ ਦੇ ਇੱਕ ਸਾਥੀ ਦੀ ਮਦਦ ਨਾਲ ਉਹ ਸ਼ੰਘਾਈ ਪਹੁੰਚੇ ਤੇ ਉਥੇ ਪੁਲੀਸ ਵਿੱਚ ਭਰਤੀ ਹੋ ਗਏ। ਪਰ ਉਥੇ ਰਿਸ਼ਵਤ ਦਾ ਜ਼ਿਆਦਾ ਜੋਰ ਹੋਣ ਕਾਰਨ ਉਨ੍ਹਾਂ ਨੂੰ ਇਹ ਨੌਕਰੀ ਰਾਸ ਨਾ ਆਈ ਅਤੇ ਅਮਰੀਕਾ ਚਲੇ ਗਏ। ਇਥੇ ਉਨ੍ਹਾਂ ਦਾ ਮੇਲ ਬਾਬਾ ਜਵਾਲਾ ਸਿੰਘ ਨਾਲ ਹੋਇਆ। ਦੋਵਾਂ ਨੇ ਮਿਲ ਕੇ ਅਮਰੀਕਾ ਸਰਕਾਰ ਕੋਲੋਂ 500 ਏਕੜ ਦਾ ਫਾਰਮ ਠੇਕੇ ’ਤੇ ਲੈ ਲਿਆ। ਇਹ ਫਾਰਮ ਆਲੂਆਂ ਦਾ ਬਾਦਸ਼ਾਹ ਦੇ ਨਾਂ ਨਾਲ ਕਾਫੀ ਮਸ਼ਹੂਰ ਹੋਇਆ। ਇਥੇ ਹੀ ਉਨ੍ਹਾਂ ਦਾ ਮੇਲ ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਨਾਲ ਹੋਇਆ। ਇਨ੍ਹਾਂ ਸਾਰਿਆਂ ਨੇ ਮਿਲ ਕੇ ਗਦਰ ਪਾਰਟੀ ਤਿਆਰ ਕੀਤੀ ਅਤੇ ਗਦਰ ਅਖ਼ਬਾਰ ਵੀ ਕੱਢਿਆ, ਜਿਸ ਵਿੱਚ ਹਿੰਦੋਸਤਾਨ ਦੀਆਂ ਸਮੱਸਿਆਵਾਂ ਅਤੇ ਗੁਲਾਮੀ ਤੋਂ ਛੁਟਕਾਰਾ ਪਾਉਣ ਬਾਰੇ ਜਾਣੂ ਕਰਵਾਇਆ ਜਾਂਦਾ ਸੀ। ਇਸ ਪਾਰਟੀ ਦਾ ਪਹਿਲਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ। ਪਾਰਟੀ ਬਣਨ ਮਗਰੋਂ ਬਾਬਾ ਜੀ ਹੋਰ ਵੀ ਸਰਗਰਮ ਹੋ ਗਏ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਛੇੜੇ ਗਏ ਗਦਰ ਅੰਦੋਲਨ ਦੇ ਉਦੇਸ਼ ਅਨੁਸਾਰ ਵਾਪਿਸ ਭਾਰਤ ਪਰਤ ਆਏ। ਇਥੇ ਇਨ੍ਹਾਂ ਪੰਜਾਬੀ ਦੇਸ਼ ਭਗਤਾਂ ਦੇ ਨਵੇਂ ਇਮਤਿਹਾਨ ਦਾ ਦੌਰ ਸ਼ੁਰੂ ਹੋਇਆ। ਜੇਲ੍ਹ ਦੇ ਜਾਲਮ ਪ੍ਰਬੰਧ ਵਿਰੁੱਧ ਕੀਤੇ ਗਏ ਸੰਘਰਸ਼ ਵਿੱਚ ਨੌਜਵਾਨ ਵਸਾਖਾ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 1920 ਵਿੱਚ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਜੇਲ੍ਹ ਵਿਚੋਂ ਰਿਹਾ ਕਰਕੇ ਪਿੰਡ ਦਦੇਹਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਅੰਗਰੇਜ਼ ਸਰਕਾਰ ਨੇ ਬਾਬਾ ਜੀ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ। ਉਨ੍ਹਾਂ ਨੇ ਆਪਣੇ ਨਗਰ ਵਿੱਚ ਨਜ਼ਰਬੰਦ ਰਹਿ ਕੇ ਦੇਸ਼ ਭਗਤ ਪਰਿਵਾਰਕ ਸਹਾਇਕ ਕਮੇਟੀ ਦਾ ਗਠਨ ਕੀਤਾ, ਜਿਸ ਦੇ ਪ੍ਰਧਾਨ ਉਹ ਆਪ ਸਨ। ਇਸ ਕਮੇਟੀ ਦਾ ਮੁੱਖ ਉਦੇਸ਼ ਦੇਸ਼ ਭਗਤਾਂ ਦੇ ਰੁਲਦੇ ਪਰਿਵਾਰਾਂ ਦੀ ਮਾਲੀ ਮਦਦ ਕਰਨਾ, ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਮੁਫ਼ਤ ਪ੍ਰਬੰਧ ਕਰਨਾ ਤੇ ਜੇਲ੍ਹਾਂ ਵਿੱਚ ਰੁਲ ਰਹੇ ਗਦਰੀਆਂ ਦੀਆਂ ਮੁਲਾਕਾਤਾਂ ਅਤੇ ਰਿਹਾਈ ਦਾ ਪ੍ਰਬੰਧ ਕਰਨਾ ਸੀ। ਸੰਤ ਵਸਾਖਾ ਸਿੰਘ 1934 ਵਿੱਚ ਅਕਾਲ ਤਖਤ ਦੇ ਜਥੇਦਾਰ ਨਿਯੁਕਤ ਕੀਤੇ ਗਏ। ਇਹ ਤੱਥ ਇਸ ਗੱਲ ਦਾ ਸਬੂਤ ਹੈ ਕਿ ਉਸ ਸਮੇਂ ਤੱਕ ਅਕਾਲੀ ਦਲ ਵਿੱਚ ਦੇਸ਼ ਭਗਤੀ ਦੀਆਂ ਭਾਵਨਾਂ ਬਲਵਾਨ ਸਨ ਪਰ ਇਹ ਸਥਿਤੀ ਲੰਬਾ ਸਮਾਂ ਨਾ ਰਹਿ ਸਕੀ। 1937 ਤੱਕ ਪੁੱਜਦਿਆਂ ਅਕਾਲੀ ਦਲ ’ਤੇ ਸਿੱਖ ਜਗੀਰਦਾਰ ਤੇ ਸਰਮਾਏਦਾਰਾਂ ਦਾ ਗਲਬਾ ਕਾਇਮ ਹੋ ਚੁੱਕਾ ਸੀ। ਇਨ੍ਹਾਂ ਹਾਲਤਾਂ ਵਿੱਚ ਬਾਬਾ ਵਸਾਖਾ ਸਿੰਘ ਨੇ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ। ਅਕਾਲੀ ਲਹਿਰ ਵਿਚਲੇ ਵਧੇਰੇ ਰੋਸ਼ਨ ਦਿਮਾਗ ਇਨਕਲਾਬੀ ਵਿਚਾਰਧਾਰਾ ਤੋਂ ਪ੍ਰੇਰਿਤ ਹੋਏ। ਇਨਕਲਾਬ ਦੀ ਸਫਲਤਾ ਦੋਂ ਬਾਅਦ ਗਦਰ ਪਾਰਟੀ ਪਾਰਟੀ ਰੂਸ ਵਿੱਚ ਵਾਪਰੇ 1917 ਦੇ ਅਕਤੂਬਰ ਇਨਕਲਾਬ ਦੇ ਪ੍ਰਭਾਵ ਅਧੀਨ ਆ ਗਈ। 1926 ਵਿੱਚ ਕੱਢੇ ਗਏ ਪੰਜਾਬੀ ਮਾਸਿਕ ਕਿਰਤੀ ਦੇ ਨਾਲ ਜੁੜੇ ਅਨਸਰਾਂ ਨੇ ਕਿਰਤੀ ਪਾਰਟੀ ਦਾ ਰੂਪ ਧਾਰਨ ਕੀਤਾ। ਇਨ੍ਹਾਂ ਵਰ੍ਹਿਆਂ ਵਿੱਚ ਬਾਬਾ ਵਸਾਖਾ ਸਿੰਘ ਦੇ ਇਨਕਲਾਬੀਆਂ ਨਾਲ ਸੰਪਰਕ ਜਾਰੀ ਰਹੇ। 1940 ਵਿੱਚ ਉਨ੍ਹਾਂ ਨੂੰ ਫਿਰ ਗ੍ਰਿਫ਼ਤਾਰ ਕਰਕੇ ਦਿਊਲੀ ਕੈਂਪ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ, ਜਿੱਥੇ ਗਦਰੀ ਇਨਕਲਾਬੀ ਅਤੇ ਕਮਿਊਨਿਸਟ ਆਗੂ ਕੈਦ ਸਨ। ਫਿਰ ਬਿਮਾਰੀ ਕਾਰਨ 1941 ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਮਗਰੋਂ ਉਨ੍ਹਾਂ ਨੂੰ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਤੋਂ ਦੇਸ਼ ਭਗਤ ਯਾਦਗਾਰ ਟਰੱਸਟ ਦਾ ਪ੍ਰਧਾਨ ਬਣਾਇਆ ਗਿਆ।[1]

ਮੌਤ[ਸੋਧੋ]

5 ਦਸੰਬਰ 1957 ਨੂੰ ਤਰਨਤਾਰਨ ਵਿੱਚ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਇਸ ਸੰਸਾਰ ਤੋਂ ਵਿਦਾ ਹੋਏ।

ਹਵਾਲੇ[ਸੋਧੋ]

  1. "ਗਦਰੀ ਬਾਬਾ ਵਸਾਖਾ ਸਿੰਘ ਦਦੇਹਰ". Tribune Punjabi (in ਹਿੰਦੀ). 2018-12-04. Retrieved 2018-12-05.