ਵਿਅੰਜਨ ਗੁੱਛੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਅੰਜਨ ਗੁੱਛੇ (Consonantal Cluster) ਦੋ ਜਾਂ ਦੋ ਤੋਂ ਵੱਧ ਵਿਅੰਜਨਾਂ ਦੇ ਸਮੂਹ ਨੂੰ ਕਹਿੰਦੇ ਹਨ ਜਿਹੜੇ ਬਿਨਾਂ ਸ੍ਵਰ ਤੋਂ ਉਚਾਰੇ ਜਾਂਦੇ ਹਨ। ਇਸ ਸੰਕਲਪ ਦੀ ਵਰਤੋਂ ਧੁਨੀ-ਵਿਉਂਤ ਵਿੱਚ ਵਿਅੰਜਨ ਧੁਨੀਆਂ ਦੇ ਵਿਚਰਨ ਨਾਲ ਸੰਬੰਧਿਤ ਹੈ। ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ-ਅੰਗ ਆਪਸ ਵਿੱਚ ਜੁੜਦੇ, ਖਹਿੰਦੇ ਜਾਂ ਸਪਰਸ਼ ਕਰਦੇ ਹਨ। ਵਿਅੰਜਨ ਗੁੱਛੇ ਇੱਕ ਭਾਸ਼ਾਈ ਲੱਛਣ ਹੈ। ਹਰ ਇੱਕ ਭਾਸ਼ਾ ਵਿੱਚ ਇਨ੍ਹਾਂ ਦੀ ਜੁਗਤ ਭਿੰਨ ਹੁੰਦੀ ਹੈ।

ਪੰਜਾਬੀ ਵਿਚ ਵਿਅੰਜਨ ਗੁੱਛੇ[ਸੋਧੋ]

ਪੰਜਾਬੀ ਭਾਸ਼ਾ ਵਿਚ ਵਿਅੰਜਨ ਸੰਯੋਗ ਦੀਆਂ ਤਿੰਨ ਵੰਨਗੀਆਂ ਮਿਲਦੀਆਂ ਹਨ :-

 1. ਵਿਅੰਜਨ ਗੁੱਛੇ
 2. ਜੁੱਟ ਵਿਅੰਜਨ
 3. ਵਿਅੰਜਨ ਸੰਯੋਗ

ਵਿਅੰਜਨ ਗੁੱਛੇ ਇਹਨਾਂ ਵਿਚੋਂ ਇਕ ਵੰਨਗੀ ਹੈ। ਪੰਜਾਬੀ ਵਿਚ ਵਿਅੰਜਨ ਗੁੱਛੇ ਦੇ ਸੰਕਲਪ ਨੂੰ ਸਮਝਣ ਸਮਝਾਉਣ ਲਈ ‘ਕਰਮ’ ਤੇ ‘ਕ੍ਰਮ’ ਅਤੇ ‘ਮਾਤਰਾ’ ਤੇ ‘ਮਾਰਤਾ’ ਸ਼ਬਦਾਂ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ। ‘ਕ੍ਰਮ’ ਅਤੇ ‘ਮਾਤਰਾ’ ਸ਼ਬਦਾਂ ਦੇ ਉਚਾਰਣ ਵੇਲੇ /ਕਰ/ ਅਤੇ /ਤਰ/ ਨੂੰ ਬਿਨਾਂ ਸ੍ਵਰ ਦੇ ਉਚਾਰਿਆ ਜਾਂਦਾ ਹੈ। ਜਦਕਿ ‘ਕਰਮ’ ਸ਼ਬਦ ਵਿਚ /ਕ/ ਤੋਂ ਬਾਅਦ ਸ੍ਵਰ /ਅ/ ਆ ਜਾਂਦਾ ਹੈ। ‘ਮਾਰਤਾ’ ਸ਼ਬਦ ਵਿਚ ‘ਮਾਰ’ ਤੋਂ ਬਾਅਦ ਭਾਵੰਸ਼ੀ ਹੱਦ ਆ ਜਾਂਦੀ ਹੈ, ਇਸ ਲਈ /ਰ/ ਅਤੇ /ਤ/ ਦਾ ਇਕ ਦੂਜੇ ਨਾਲ ਵਿਚਰਨਾ ਨਾ ਵਿਅੰਜਨ ਗੁੱਛੇ ਦੀ ਸਿਰਜਣਾ ਕਰਦਾ ਹੈ ਅਤੇ ਨਾ ਹੀ ਜੁੱਟ ਵਿਅੰਜਨ ਦੀ। ਉਪਰੋਕਤ ਵਿਅੰਜਨ ਗੁੱਛਿਆਂ ਵਿਚ ਵਿਅੰਜਨਾਂ ਦੀ ਤਰਤੀਬ ਡੱਕਵਾਂ+ਅਡੱਕਵਾਂ ਦੀ ਹੈ। /ਕ/ ਅਤੇ /ਤ/ ਡੱਕਵੇਂ ਵਿਅੰਜਨ ਹਨ ਜਦਕਿ /ਰ/ ਅਡੱਕਵਾਂ ਵਿਅੰਜਨ ਹੈ। ਪੰਜਾਬੀ ਵਿਚ ਕੋਈ ਵੀ ਵਿਅੰਜਨ ਸੰਯੋਗ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਸ਼ਬਦ ਦੀਆਂ ਤਿੰਨਾਂ ਪਰਿਸਥਿਤੀਆਂ ਵਿਚ ਆ ਸਕੇ। ਜ਼ਿਆਦਾਤਰ ਡੱਕਵਾਂ+ਅਡੱਕਵਾਂ ਤਰਤੀਬ ਦੇ ਵਿਅੰਜਨ ਸ਼ਬਦ ਦੇ ਸ਼ੁਰੂ ਅਤੇ ਵਿਚਕਾਰ ਵਿਚ ਆਉਂਦੇ ਹਨ। ਅਡੱਕਵਾਂ+ਡੱਕਵਾਂ ਤਰਤੀਬ ਦੇ ਵਿਅੰਜਨ ਸੰਯੋਗ ਸ਼ਬਦ ਦੇ ਵਿਚਕਾਰ ਅਤੇ ਅਖੀਰ ’ਤੇ ਆਉਂਦੇ ਹਨ। ਇਸ ਤਰ੍ਹਾਂ ਇਹ ਪੰਜਾਬੀ ਧੁਨੀ ਵਿਉਂਤਕ ਨਿਯਮ ਬਣ ਜਾਂਦਾ ਹੈ ਕਿ ਜੋ ਵਿਅੰਜਨ ਤਰਤੀਬ ਸ਼ਬਦ ਦੇ ਸ਼ੁਰੂ ਵਿਚ ਹੈ, ਉਹ ਸ਼ਬਦ ਦੇ ਅਖੀਰ ਵਿਚ ਨਹੀਂ ਹੋ ਸਕਦੀ।

ਸ਼ਬਦ ਆਰੰਭਲੇ ਵਿਅੰਜਨ ਗੁੱਛੇ[ਸੋਧੋ]

ਸੁਖਵਿੰਦਰ ਸਿੰਘ ਸੰਘਾ ਦਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਵਿਚ ਆਮ ਕਰਕੇ ਬਹੁਤੇ ਭਾਸ਼ਾ ਵਿਗਿਆਨੀ ਸ਼ਬਦ ਆਰੰਭਲੇ ਵਿਅੰਜਨ ਗੁੱਛਿਆਂ ਦੀ ਹੋਂਦ ਤੋਂ ਇਨਕਾਰੀ ਹਨ। ਉਹ ਪੰਜਾਬੀ ਵਿਚ ਸ਼ਬਦ ਦੇ ਸ਼ੁਰੂ ਵਿਚ ਵਿਅੰਜਨ ਗੁੱਛਿਆਂ ਦੇ ਉਚਾਰੇ ਜਾਣ ਦੀ ਸੰਭਾਵਨਾ ਦੇ ਹਮਾਇਤੀ ਹਨ।[1] ਸ਼ਬਦ ਬਣਤਰ ਤੇ ਉਚਾਰ ਖੰਡ ਵਿਚ ਇਹ ਸਮਾਨਤਾ ਹੁੰਦੀ ਹੈ ਕਿ ਜਿਹੜਾ ਵਿਅੰਜਨ ਸੰਯੋਗ ਉਚਾਰਖੰਡ ਦੇ ਸ਼ੁਰੂ ਵਿਚ ਸੰਭਵ ਹੈ, ਉਹ ਸ਼ਬਦ ਦੇ ਸ਼ੁਰੂ ਵਿਚ ਵੀ ਸੰਭਵ ਹੈ। ਇਸਦਾ ਉਲਟ ਵੀ ਠੀਕ ਇਸੇ ਤਰ੍ਹਾਂ ਵਾਪਰਦਾ ਹੈ। ਪੰਜਾਬੀ ਭਾਸ਼ਾ ਵਿਚ ਸ਼ਬਦ ਦੇ ਵਿਚਕਾਰ ਡੱਕਵਾਂ+ਅਡੱਕਵਾਂ ਤਰਤੀਬ ਦੇ ਵਿਅੰਜਨ ਗੁੱਛੇ ਆ ਸਕਦੇ ਹਨ ਤਾਂ ਇਹ ਸ਼ਬਦ ਦੇ ਸ਼ੁਰੂ ਵਿਚ ਵੀ ਆ ਸਕਦੇ ਹਨ। ਇਸਦੀਆਂ ਕੁਝ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ :-

 • ਬਰ (ਬਰ ਅ ਮ) – ਬ੍ਰਹਮ
 • ਕਰ (ਕਰ ਅ ਮ) – ਕ੍ਰਮ
 • ਦਰ (ਦ ਰ ਇ ਸ਼) – ਦ੍ਰਿਸ਼[2]

ਸ਼ਬਦ ਵਿਚਕਾਰਲੇ ਵਿਅੰਜਨ ਗੁੱਛੇ[ਸੋਧੋ]

ਪੰਜਾਬੀ ਭਾਸ਼ਾ ਵਿਚ ਡੱਕਵਾਂ+ਅਡੱਕਵਾਂ ਤਰਤੀਬ ਦੇ ਵਿਅੰਜਨ ਗੁੱਛੇ ਸ਼ਬਦ ਦੇ ਸ਼ੁਰੂ ਵਿਚ ਅਤੇ ਅਡੱਕਵਾਂ+ਡੱਕਵਾਂ ਤਰਤੀਬ ਦੇ ਵਿਅੰਜਨ ਗੁੱਛੇ ਸ਼ਬਦ ਦੇ ਅਖੀਰ ’ਤੇ ਵਿਚਰ ਸਕਦੇ ਹਨ। ਇਸ ਸੂਰਤ ਵਿਚ ਇਹ ਦੋਵੇਂ ਕਿਸਮ ਦੇ ਵਿਅੰਜਨ ਗੁੱਛੇ ਸ਼ਬਦ ਦੇ ਵਿਚਕਾਰ ਆ ਸਕਦੇ ਹਨ। ਸ਼ਬਦ ਵਿਚਕਾਰਲੇ ਵਿਅੰਜਨ ਗੁੱਛਿਆਂ ਨੂੰ ਦੋ ਵੰਨਗੀਆਂ ਵਿਚ ਰੱਖਿਆ ਜਾ ਸਕਦਾ ਹੈ :-

 1. ਦੋ ਵਿਅੰਜਨ ਗੁੱਛੇ
 2. ਤਿੰਨ ਵਿਅੰਜਨ ਗੁੱਛੇ

ਦੋ ਵਿਅੰਜਨ ਗੁੱਛੇ[ਸੋਧੋ]

ਦੋ ਵਿਅੰਜਨ ਗੁੱਛੇ ਵਿਚ ਦੋ ਵਿਅੰਜਨ ਬਿਨਾਂ ਸ੍ਵਰ ਦੀ ਦਖ਼ਲਅੰਦਾਜ਼ੀ ਤੋਂ ਉਚਾਰੇ ਜਾਂਦੇ ਹਨ। ਇਹਨਾਂ ਵਿਚ ਵੀ ਅੱਗੋਂ ਦੋ ਵੰਨਗੀਆਂ ਹਨ :-

 1. ਡੱਕਵਾਂ+ਅਡੱਕਵਾਂ ਵਿਅੰਜਨ
 2. ਅਡੱਕਵਾਂ+ਡੱਕਵਾਂ ਵਿਅੰਜਨ

ਡੱਕਵਾਂ+ਅਡੱਕਵਾਂ ਵਿਅੰਜਨ[ਸੋਧੋ]

ਇਸ ਤਰਤੀਬ ਦੇ ਵਿਅੰਜਨ ਗੁੱਛੇ ਦੀਰਘ ਸ੍ਵਰ ਤੋਂ ਬਾਅਦ ਸਵੀਕਾਰ ਹੁੰਦੇ ਹਨ। ਮਿਸਾਲ ਲਈ ਕੁਝ ਸ਼ਬਦ ਹਨ :-

 • ਮਾਤਰਾ (ਮ ਆ ਤ ਰ ਆ)
 • ਬਾਂਦਰੀ (ਬ ਆਂ ਦ ਰ ਈ)
 • ਛੋਕਰੀ (ਛ ਓ ਕ ਰ ਈ)[3]

ਅਡੱਕਵਾਂ+ਡੱਕਵਾਂ ਵਿਅੰਜਨ[ਸੋਧੋ]

ਇਸ ਤਰਤੀਬ ਦੇ ਵਿਅੰਜਨ ਗੁੱਛੇ ਲਘੂ ਸ੍ਵਰਾਂ ਤੋਂ ਬਾਅਦ ਸਵੀਕਾਰ ਹੁੰਦੇ ਹਨ। ਮਿਸਾਲ ਵਜੋਂ :-

 • ਮਸਤੀ (ਮ ਅ ਸ ਤ ਈ)
 • ਸ਼ਰਤਾਂ (ਸ਼ ਅ ਰ ਤ ਆਂ)
 • ਬਲ਼ਦਾਂ (ਬ ਅ ਲ਼ ਦ ਆਂ)[4]

ਤਿੰਨ ਵਿਅੰਜਨ ਗੁੱਛੇ[ਸੋਧੋ]

ਤਿੰਨ ਵਿਅੰਜਨ ਗੁੱਛਿਆਂ ਦੀ ਤਰਤੀਬ ਨਾਸਕੀ+ਡੱਕਵਾਂ+ਅਡੱਕਵਾਂ ਵਿਅੰਜਨ ਤਰਤੀਬ ਦੀ ਹੁੰਦੀ ਹੈ। ਅਮੂਮਨ ਤੀਜਾ ਅਡੱਕਵਾਂ ਵਿਅੰਜਨ /ਰ,ਲ਼, ੜ/ ਵਿਚੋਂ ਕੋਈ ਇਕ ਹੁੰਦਾ ਹੈ। ਉਦਾਹਰਣਾਂ :-

 • ਸੰਤਰਾ (ਸ ਅ ਨ ਤ ਰ ਆ)
 • ਜੰਗਲ਼ਾ (ਜ ਅ ਨ ਗ ਲ਼ ਆ)
 • ਲੂੰਬੜੀ (ਲ ਊ ਨ ਬ ੜ ਈ)[5]

ਸ਼ਬਦ ਅਖੀਰਲੇ ਵਿਅੰਜਨ ਗੁੱਛੇ[ਸੋਧੋ]

ਸ਼ਬਦ ਅਖੀਰਲੇ ਵਿਅੰਜਨ ਗੁੱਛਿਆਂ ਦੀ ਤਰਤੀਬ ਅਮੂਮਨ ਅਡੱਕਵਾਂ+ਡੱਕਵਾਂ ਵਿਅੰਜਨ ਦੀ ਹੁੰਦੀ ਹੈ। ਇਹਨਾਂ ਵਿਅੰਜਨ ਗੁੱਛਿਆਂ ਵਿਚ ਪਹਿਲਾ ਵਿਅੰਜਨ /ਲ,ਰ,ੜ,ਸ/ ਵਿਚੋਂ ਕੋਈ ਇਕ ਹੋ ਸਕਦਾ ਹੈ। ਸ਼ਬਦ ਅਖੀਰਲੇ ਵਿਅੰਜਨ ਗੁੱਛੇ ਹਮੇਸ਼ਾ ਹੀ ਉਚਾਰਖੰਡ ਦੇ ਅੰਤ ’ਤੇ ਸਾਕਾਰ ਹੁੰਦੇ ਹਨ। ਕੁਝ ਵਿਅੰਜਨ ਗੁੱਛੇ ਅਜਿਹੇ ਹਨ ਜਿਹਨਾਂ ਦੀ ਬਣਤਰ ਅਡੱਕਵਾਂ+ਅਡੱਕਵਾਂ ਵਿਅੰਜਨ ਦੀ ਹੁੰਦੀ ਹੈ। ਇਹਨਾਂ ਵਿਅੰਜਨਾਂ ਦੀ ਬਣਤਰ ਵਿਚ ਦੂਜਾ ਵਿਅੰਜਨ ਨਾਸਕੀ ਵਿਅੰਜਨ ਜਾਂ /ਸ,ਲ,ਲ਼/ ਵਿਚੋਂ ਕੋਈ ਇਕ ਹੋ ਸਕਦਾ ਹੈ।

ਅਡੱਕਵਾਂ+ਡੱਕਵਾਂ[ਸੋਧੋ]

 • ਬਲ਼ਦ (ਬ ਅ ਲ਼ ਦ)
 • ਸ਼ਰਤ (ਸ਼ ਅ ਰ ਤ)
 • ਬੜਕ (ਬ ਅ ੜ ਕ)
 • ਅਸਤ (ਅ ਸ ਤ)[6]

ਅਡੱਕਵਾਂ+ਅਡੱਕਵਾਂ[ਸੋਧੋ]

 • ਘੁਲ਼ਣ (ਕ ਉ ਲ਼ ਣ)
 • ਹਰਨ (ਹ ਅ ਰ ਨ)
 • ਅਰਲ (ਅ ਰ ਲ)[7]

ਹਵਾਲੇ[ਸੋਧੋ]

 1. ਸੰਘਾ, ਸੁਖਵਿੰਦਰ ਸਿੰਘ (2014). ਪੰਜਾਬੀ ਧੁਨੀ ਵਿਉਂਤ : ਸਿਧਾਂਤ ਅਤੇ ਵਿਹਾਰ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ: ਪਬਲੀਕੇਸ਼ਨ ਬਿਊਰੋ. pp. 92–93. ISBN 978-81-7770-189-0.
 2. ਸੰਘਾ, ਸੁਖਵਿੰਦਰ ਸਿੰਘ (2014). ਪੰਜਾਬੀ ਧੁਨੀ ਵਿਉਂਤ : ਸਿਧਾਂਤ ਅਤੇ ਵਿਹਾਰ. ਅੰਮ੍ਰਿਤਸਰ: ਪਬਲੀਕੇਸ਼ਨ ਬਿਊਰੋ, ਗੁਰੂ ਨਾਨਕ ਦੇਵ ਯੂਨੀਵਰਸਿਟੀ. p. 94. ISBN 978-81-7770-189-0.
 3. ਸੰਘਾ, ਸੁਖਵਿੰਦਰ ਸਿੰਘ (2014). ਪੰਜਾਬੀ ਧੁਨੀ ਵਿਉਂਤ : ਸਿਧਾਂਤ ਅਤੇ ਵਿਹਾਰ. ਅੰਮ੍ਰਿਤਸਰ: ਪਬਲੀਕੇਸ਼ਨ ਬਿਊਰੋ, ਗੁਰੂ ਨਾਨਕ ਦੇਵ ਯੂਨੀਵਰਸਿਟੀ. p. 96. ISBN 978-81-7770-189-0.
 4. ਸੰਘਾ, ਸੁਖਵਿੰਦਰ ਸਿੰਘ (2014). ਪੰਜਾਬੀ ਧੁਨੀ ਵਿਉਂਤ : ਸਿਧਾਂਤ ਅਤੇ ਵਿਹਾਰ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ: ਪਬਲੀਕੇਸ਼ਨ ਬਿਊਰੋ. p. 97. ISBN 978-81-7770-189-0.
 5. ਸੰਘਾ, ਸੁਖਵਿੰਦਰ ਸਿੰਘ (2014). ਪੰਜਾਬੀ ਧੁਨੀ ਵਿਉਂਤ. ਅੰਮ੍ਰਿਤਸਰ: ਪਬਲੀਕੇਸ਼ਨ ਬਿਊਰੋ, ਗੁਰੂ ਨਾਨਕ ਦੇਵ ਯੂਨੀਵਰਸਿਟੀ. p. 98. ISBN 978-81-7770-189-0. OCLC 921103202.
 6. ਸੰਘਾ, ਸੁਖਵਿੰਦਰ ਸਿੰਘ (2014). ਪੰਜਾਬੀ ਧੁਨੀ ਵਿਉਂਤ : ਸਿਧਾਂਤ ਅਤੇ ਵਿਹਾਰ. ਅੰਮ੍ਰਿਤਸਰ: ਪਬਲੀਕੇਸ਼ਨ ਬਿਊਰੋ, ਗੁਰੂ ਨਾਨਕ ਦੇਵ ਯੂਨੀਵਰਸਿਟੀ. p. 99. ISBN 978-81-7770-189-0. OCLC 921103202.
 7. ਸੰਘਾ, ਸੁਖਵਿੰਦਰ ਸਿੰਘ (2014). ਪੰਜਾਬੀ ਧੁਨੀ ਵਿਉਂਤ : ਸਿਧਾਂਤ ਅਤੇ ਵਿਹਾਰ. ਅੰਮ੍ਰਿਤਸਰ: ਪਬਲੀਕੇਸ਼ਨ ਬਿਊਰੋ, ਗੁਰੂ ਨਾਨਕ ਦੇਵ ਯੂਨੀਵਰਸਿਟੀ. pp. 99–100. ISBN 978-81-7770-189-0. OCLC 921103202.