ਵਿਕੀਪੀਡੀਆ:ਚੁਣਿਆ ਹੋਇਆ ਲੇਖ/16 ਫ਼ਰਵਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੋ. ਸਾਹਿਬ ਸਿੰਘ (ਜਨਮ ਸਮੇਂ: ਨੱਥੂ ਰਾਮ) (16 ਫਰਵਰੀ 1892 - 29 ਅਕਤੂਬਰ 1977) ਉਘੇ ਲੇਖਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਸਨ। ਸਾਹਿਬ ਸਿੰਘ ਦਾ ਜਨਮ ਪਿੰਡ ਫੱਤੇਵਾਲ, ਜਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਭਾਈ ਹੀਰਾ ਚੰਦ ਜੀ ਦੇ ਘਰ ਮਾਤਾ ਨਿਹਾਲ ਦੇਵੀ ਦੀ ਕੁੱਖੋਂ 16 ਫਰਵਰੀ 1892 ਨੂੰ ਹੋਇਆ। ਪਿੰਡ ਦੇ ਨੇੜੇ ਵਸੇ ਕਸਬਾ ਫਤਹਿਗੜ੍ਹ ਤੋਂ ਅੱਠਵੀਂ ਕੀਤੀ। ਇਸੇ ਦੌਰਾਨ ਅੰਮ੍ਰਿਤ ਛਕ ਕੇ ਉਹ ਨੱਥੂ ਰਾਮ ਤੋਂ ਸਾਹਿਬ ਸਿੰਘ ਬਣ ਗਿਆ। ਪਸਰੂਰ ਦੇ ਹਾਈ ਸਕੂਲ ਵਿੱਚ ਨੌਵੀਂ ਸ਼੍ਰੇਣੀ ਤੋਂ ਸੰਸਕ੍ਰਿਤ ਪੜ੍ਹਨੀ ਸ਼ੁਰੂ ਕੀਤੀ ਪਰ ਦਸਵੀਂ ਤੋਂ ਅੱਗੇ ਉਹ ਨਹੀਂ ਪੜ੍ਹ ਸਕਿਆ। 15 ਸਾਲ ਦੀ ਉਮਰ ਵਿਚ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਮਗਰੋਂ ਕੁਝ ਚਿਰ ਅਧਿਆਪਕ ਲੱਗੇ ਰਹੇ ਅਤੇ ਫਿਰ ਡਾਕਖਾਨੇ ਵਿੱਚ ਕਲਰਕ। ਪਰ ਜਲਦ ਹੀ ਦੁਬਾਰਾ ਪੜ੍ਹਨ ਲੱਗ ਪਿਆ ਅਤੇ 1913 ਵਿਚ ਦਿਆਲ ਸਿੰਘ ਕਾਲਜ ਲਾਹੌਰ ਤੋਂ ਐਫ. ਏ. ਅਤੇ 1915 ਵਿਚ ਗੌਰਮਿੰਟ ਕਾਲਜ ਲਾਹੌਰ ਤੋਂ ਬੀ. ਏ. ਕੀਤੀ।ਖ਼ਾਲਸਾ ਕਾਲਜ ਗੁਜਰਾਂਵਾਲਾ ਵਿੱਚ ਅਧਿਆਪਕ (1917) ਲੱਗ ਗਏ। ਥੋੜਾ ਸਮਾਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਰਹਿਣ ਤੋਂ ਬਾਅਦ ਉਹ 1929 ਵਿੱਚ ਆਪ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਿੱਖ ਧਰਮ ਦੇ ਲੈਕਚਰਾਰ ਬਣੇ ਅਤੇ ਫਿਰ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉਨ੍ਹਾਂ ਨੂੰ ਡੀ.ਲਿਟ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਅਤੇ ਯੂਨੀਵਰਸਿਟੀ ਵਿੱਚ ਅਧਿਆਪਨ ਲਈ ਉਨ੍ਹਾਂ ਦੀਆਂ ਸੇਵਾਵਾਂ ਜੁਟਾ ਲਈਆਂ। ਸਿੱਖ ਮਿਸ਼ਨਰੀ ਲਹਿਰ ਦੇ ਇਕ ਤਰ੍ਹਾਂ ਨਾਲ ਮੋਢੀ, ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਵਾਲੇ, ਗੁਰਬਾਣੀ ਅਤੇ ਸਿੱਖ ਤਵਾਰੀਖ਼ ਦੇ ਮਾਹਰ ਸਨ। 13 ਅਕਤੂਬਰ, 1923 ਦੇ ਦਿਨ, ਆਪ ਨੂੰ, ਬਾਕੀ ਅਕਾਲੀਆਂ ਨਾਲ ਗਿ੍ਫ਼ਤਾਰ ਕਰ ਲਿਆ ਗਿਆ। ਆਪ, ਜਨਵਰੀ, 1926 ਵਿਚ ਰਿਹਾਅ ਹੋਏ। ਆਪ ਨੇ, 30 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ, ਗੁਰਬਾਣੀ ਵਿਆਕਰਣ ਅਤੇ ਲੇਖਾਂ ਤੇ ਤਵਾਰੀਖ਼ ਦੀਆਂ ਕਿਤਾਬਾਂ ਸ਼ਾਮਲ ਹਨ। ਸਿੱਖ ਧਰਮ, ਗੁਰਬਾਣੀ, ਟੀਕਾਕਾਰੀ ਤੇ ਗੁਰਬਾਣੀ ਵਿਆਕਰਨ ਉਨ੍ਹਾਂ ਦੇ ਕਾਰਜ ਖੇਤਰ ਦੇ ਮੁੱਖ ਵਿਸ਼ੇ ਰਹੇ ਹਨ।