ਵਿਕੀਪੀਡੀਆ:ਚੁਣਿਆ ਹੋਇਆ ਲੇਖ/22 ਫ਼ਰਵਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਕਾ ਨਨਕਾਣਾ ਸਾਹਿਬ ਸ਼ਹੀਦੀ ਸਾਕਾ 21 ਫਰਵਰੀ ਸੰਨ 1921 ਨੂੰ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਵਿੱਚ ਹੋਇਆ ਸੀ। ਨਨਕਾਣਾ ਸਾਹਿਬ ਦਾ ਇਹ ਗੁਰਦੁਆਰਾ ਉਹ ਇਤਿਹਾਸਕ ਸਥਾਨ ਹੈ, ਜਿੱਥੇ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ। ਏਸੇ ਕਰਕੇ ਇਸ ਗੁਰਦੁਆਰੇ ਨੂੰ `ਗੁਰਦੁਆਰਾ ਜਨਮ ਅਸਥਾਨ` ਕਰਕੇ ਜਾਣਿਆਂ ਜਾਂਦਾ ਹੈ।ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਿੱਖ ਪੰਥ ਉਂਪਰ ਮੁਗ਼ਲ ਹਕੂਮਤ ਨੇ ਸਖ਼ਤੀ ਦਾ ਦੌਰ ਆਰੰਭ ਕੀਤਾ ਤਾਂ ਗੁਰੂ ਕੇ ਸਿੰਘ ਆਪਣੇ ਘਰ-ਘਾਟ ਤਿਆਗ ਕੇ ਪਹਾੜਾਂ, ਜੰਗਲਾਂ, ਰੇਗਿਸਤਾਨਾਂ ਅਤੇ ਹੋਰ ਸੁਰੱਖਿਅਤ ਥਾਵਾਂ ਤੇ ਜਾ ਕੇ ਆਪਣੀ ਦਿਨ-ਕਟੀ ਕਰਨ ਲੱਗੇ। ਉਸ ਬਿਖੜੇ ਸਮੇਂ ਸਿੱਖ ਪੰਥ ਆਪਣੇ ਪਵਿੱਤਰ ਗੁਰਧਾਮਾਂ ਦਾ ਪ੍ਰਬੰਧ ਸੁਖਾਵੇਂ ਢੰਗ ਨਾਲ ਨਾ ਚਲਾ ਸਕਿਆ। ਉਸ ਸਮੇਂ ਗੁਰਧਾਮਾਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਰਮਲੇ ਅਤੇ ਉਦਾਸੀ ਸੰਪਰਦਾਇ ਦੇ ਮਹੰਤਾਂ ਨੇ ਸੰਭਾਲ ਲਈ। ਇਨ੍ਹਾਂ ਉਂਪਰ ਇਤਨੀ ਸਖ਼ਤੀ ਨਹੀਂ ਸੀ ਕੀਤੀ ਜਾਂਦੀ, ਜਿਤਨੀ ਖਾਲਸੇ ਉਂਪਰ ਕੀਤੀ ਜਾਂਦੀ ਸੀ। ਸ਼ੁਰੂ ਸ਼ੁਰੂ ਵਿੱਚ ਇਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਗੁਰਧਾਮਾਂ ਦੀ ਸੇਵਾ-ਸੰਭਾਲ ਕੀਤੀ। ਅਠ੍ਹਾਰਵੀਂ ਸਦੀ ਦੇ ਅਖ਼ੀਰਲੇ ਸਮੇਂ ਅੰਦਰ ਜਦ ਪੰਜਾਬ ਦੀ ਧਰਤੀ ਉਂਪਰ ਸਿੱਖ ਪੰਥ ਦੀ ਤਾਕਤ ਜ਼ੋਰ ਫੜ ਗਈ ਤਾਂ ਸਿੱਖ ਸਰਦਾਰਾਂ ਨੇ ਛੋਟੀਆਂ ਛੋਟੀਆਂ ਰਿਆਸਤਾਂ ਦੇ ਰੂਪ ਵਿੱਚ ਪੰਜਾਬ ਵਿੱਚ ਰਾਜ ਕਾਇਮ ਕਰ ਲਏ, ਜਿਸ ਦੇ ਸਿੱਟੇ ਵਜੋਂ ਉਂਨ੍ਹੀਵੀਂ ਸਦੀ ਸ਼ੁਰੂ ਹੁੰਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸ਼ਕਤੀਸ਼ਾਲੀ ਰਾਜ ਕਾਇਮ ਹੋਇਆ। ਇਸ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਨੇ ਇਤਿਹਾਸਕ ਗੁਰਦੁਆਰਿਆਂ ਦੇ ਨਾਮ ਜਗੀਰਾਂ, ਜਾਇਦਾਦਾਂ ਲਗਵਾਈਆਂ ਤਾਂ ਕਿ ਇਨ੍ਹਾਂ ਦੀ ਆਮਦਨ ਦੇ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ।