ਵਿਕੀਪੀਡੀਆ:ਚੁਣਿਆ ਹੋਇਆ ਲੇਖ/23 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕ੍ਰਿਸ਼ਨ ਚੰਦਰ (23 ਨਵੰਬਰ 1914 – 8 ਮਾਰਚ 1977) (ਉਰਦੂ: كرشن چندر) ਉਰਦੂ ਅਤੇ ਹਿੰਦੀ ਕਹਾਣੀਕਾਰ, ਜਾਂ ਨਿੱਕੀ ਕਹਾਣੀ ਲੇਖਕ ਅਤੇ ਨਾਵਲਕਾਰ ਸੀ। ਉਹ ਮੁੱਖ ਤੌਰ ਤੇ ਉਰਦੂ ਵਿੱਚ ਲਿਖਦਾ ਸੀ ਪਰ ਹਿੰਦੀ ਅਤੇ ਅੰਗਰੇਜ਼ੀ ਦਾ ਵੀ ਚੰਗਾ ਮਾਹਿਰ ਸੀ। ਉਹ ਇੱਕ ਵੱਡਾ ਲੇਖਕ ਸੀ। ਉਸਨੇ 20 ਤੋਂ ਵੱਧ ਨਾਵਲ, 30 ਕਹਾਣੀ ਸੰਗ੍ਰਿਹ ਅਤੇ ਦਰਜਨਾਂ ਰੇਡੀਓ ਨਾਟਕ ਲਿਖੇ। ਦੇਸ਼ ਦੀ ਵੰਡ ਤੋਂ ਬਾਅਦ ਬਾਅਦ ਉਹ ਹਿੰਦੀ ਵਿੱਚ ਲਿਖਣ ਲੱਗ ਪਿਆ ਸੀ। ਧਰਤੀ ਕੇ ਲਾਲ (1946 ਦੀ ਹਿੰਦੀ ਫਿਲਮ) ਦੀ ਪਟਕਥਾ ਕ੍ਰਿਸ਼ਨ ਚੰਦਰ ਦੀ ਕਹਾਣੀ 'ਅੰਨਦਾਤਾ' ਦੇ ਅਧਾਰਤ ਸੀ। ਕ੍ਰਿਸ਼ਨ ਚੰਦਰ ਦਾ ਜਨਮ 23 ਨਵੰਬਰ 1914 ਨੂੰ ਵਜ਼ੀਰਾਬਾਦ, ਜਿਲਾ ਗੁਜਰਾਂਵਾਲਾ, ਬਰਤਾਨਵੀ ਪੰਜਾਬ (ਹੁਣ, ਪਾਕਿਸਤਾਨ) ਵਿੱਚ ਹੋਇਆ ਸੀ ਪਰ ਉਨ੍ਹਾਂ ਦੇ ਆਪਣੇ ਕਹਿਣ ਅਨੁਸਾਰ ਉਸ ਦਾ ਜਨਮ ਲਾਹੌਰ ਵਿੱਚ ਹੋਇਆ ਸੀ। ਉਸਦੇ ਪਿਤਾ ਡਾ. ਗੌਰੀ ਸ਼ੰਕਰ ਚੋਪੜਾ ਵਜ਼ੀਰਾਬਾਦ ਦੇ ਸਨ। ਹੋ ਸਕਦਾ ਹੈ ਕ੍ਰਿਸ਼ਨ ਚੰਦਰ ਦੇ ਨਾਨਕੇ ਲਾਹੌਰ ਹੋਣ ਤੇ ਸਚਮੁਚ ਉਸਦਾ ਜਨਮ ਲਾਹੌਰ ਦਾ ਹੀ ਹੋਵੇ। ਪਿਤਾ ਦਾ ਤਬਾਦਲਾ ਦਾ ਵਜ਼ੀਰਾਬਾਦ ਤੋਂ ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿੱਚ ਹੋ ਗਿਆ ਸੀ ਜਿੱਥੇ ਕ੍ਰਿਸ਼ਨ ਚੰਦਰ ਨੇ ਆਪਣਾ ਬਚਪਨ ਗੁਜ਼ਾਰਿਆ ਅਤੇ ਸਕੂਲੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੇ ਪਿਤਾ ਇੱਕ ਡਾਕਟਰ ਸਨ ਜੋ ਗਰੀਬਾਂ ਦਾ ਮੁਫ਼ਤ ਇਲਾਜ ਕਰ ਦਿੰਦੇ ਸਨ। ਇੱਥੇ ਕ੍ਰਿਸ਼ਨ ਚੰਦਰ ਨੇ ਜੀਵਨ ਦੀਆਂ ਕਠੋਰ ਹਾਲਾਤਾਂ ਅਤੇ ਜੋ ਕਿਰਦਾਰ ਆਪਣੇ ਇਰਦ ਗਿਰਦ ਵੇਖੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਕ੍ਰਿਸ਼ਨ ਚੰਦਰ ਦੀ ਸਾਹਿਤਕ ਪਰਵਰਿਸ਼ ਲਾਹੌਰ ਵਿੱਚ ਉਰਦੂ ਜ਼ਬਾਨ ਵਿੱਚ ਹੋਈ। ਉਸ ਨੇ 1929 ਵਿੱਚ ਹਾਈ ਸਕੂਲ ਦੀ ਤਾਲੀਮ ਮੁਕੰਮਲ ਕੀਤੀ ਅਤੇ 1935 ਵਿੱਚ ਅੰਗਰੇਜ਼ੀ ਐਮ ਏ ਕੀਤੀ। ਤਕਸੀਮ ਤੋਂ ਬਾਦ ਉਹ ਸਰਹੱਦ ਪਾਰ ਚਲੇ ਗਏ ਤਾਂ ਉਥੇ ਵੀ ਉਰਦੂ ਦਾ ਚਲਣ ਸੀ ਅਤੇ ਉਰਦੂ ਪੜ੍ਹਨ ਵਾਲਿਆਂ ਦੀ ਇੱਕ ਤਕੜੀ ਤਾਦਾਦ ਉਥੇ ਆਬਾਦ ਸੀ। ਆਹਿਸਤਾ-ਆਹਿਸਤਾ ਜਦੋਂ ਉਰਦੂ ਦਾ ਰਸੂਖ਼ ਖ਼ਤਮ ਹੋਇਆ ਤਾਂ ਕ੍ਰਿਸ਼ਨ ਚੰਦਰ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਣਾ ਪਿਆ। ਆਧੁਨਿਕ ਸਾਮਾਜਕ ਸਥਿਤੀ ਵਿੱਚ ਵਰਗਾਂ ਦਾ ਭੇਦ, ਜਨਤਾ ਦੀ ਆਰਥਕ ਦੁਰਦਸ਼ਾ, ਮਾਲਕਾਂ ਦੇ ਜ਼ੁਲਮ ਅਤੇ ਪੂੰਜੀਪਤੀਆਂ ਦੀ ਲੁੱਟਮਾਰ ਵੇਖਕੇ ਉਸ ਦੀ ਕਲਮ ਜ਼ਹਿਰ ਵਿੱਚ ਡੁੱਬ ਕੇ ਚੱਲਦੀ ਹੈ। ਜਨਤਾ ਦੇ ਪ੍ਰਤੀ ਸੱਚਾ ਪ੍ਰੇਮ, ਮਨੁੱਖ ਦੇ ਭਵਿੱਖ ਬਾਰੇ ਵਿਸ਼ਵਾਸ ਅਤੇ ਜ਼ੁਲਮ ਦੇ ਵਿਰੁੱਧ ਨਫ਼ਰਤ ਜ਼ਾਹਰ ਕਰਨਾ ਹੀ ਉਸ ਦੀਆਂ ਕਹਾਣੀਆਂ ਦਾ ਵਿਸ਼ਾ ਹੈ।