ਵਿਕੀਪੀਡੀਆ:ਚੁਣਿਆ ਹੋਇਆ ਲੇਖ/4 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਆਲਕੋਟ ਦੀ ਲੜਾਈ 4 ਨਵੰਬਰ, 1763 ਦੇ ਦਿਨ ਸਿੱਖ ਗੁਰੂ-ਦਾ-ਚੱਕ ਵਿਚ ਇਕੱਠੇ ਹੋਏ-ਹੋਏ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਅਫ਼ਗ਼ਾਨ ਧਾੜਵੀ ਅਹਿਮਦ ਸ਼ਾਹ ਦੁੱਰਾਨੀ ਦਾ ਜਰਨੈਲ ਜਹਾਨ ਖ਼ਾਨ ਕਾਬਲ ਵਲ ਜਾ ਰਿਹਾ ਹੈ। ਸਿੱਖ ਫ਼ੌਜਾਂ ਨੇ ਉਸ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾ। ਉਹ ਅਜੇ ਝਨਾਂ ਦਰਿਆ ਪਾਰ ਕਰ ਕੇ ਵਜ਼ੀਰਾਬਾਦ ਪੁੱਜਾ ਸੀ ਕਿ ਸਿੱਖ ਉਥੇ ਆ ਪਹੁੰਚੇ। ਉਸ ਨੇ ਭੱਜ ਕੇ ਸਿਆਲਕੋਟ ਕਿਲ੍ਹੇ ਵਿਚ ਮੋਰਚਾ ਲਾ ਲਿਆ। ਸਿੱਖ ਫ਼ੌਜਾਂ ਨੇ ਕਿਲ੍ਹੇ ਨੂੰ ਘੇਰ ਲਿਆ। ਕਈ ਦਿਨ ਤਕ ਲੜਾਈ ਹੁੰਦੀ ਰਹੀ। ਇਕ ਮੌਕੇ 'ਤੇ ਜਹਾਨ ਖ਼ਾਨ ਦੇ ਘੋੜੇ ਨੂੰ ਗੋਲੀ ਲੱਗੀ ਤੇ ਉਹ ਮਰ ਕੇ ਡਿੱਗ ਪਿਆ ਤੇ ਨਾਲ ਹੀ ਜਹਾਨ ਖ਼ਾਨ ਵੀ ਡਿੱਗ ਪਿਆ। ਸਿੱਖਾਂ ਨੇ ਸਮਝਿਆ ਕਿ ਜਹਾਨ ਖ਼ਾਨ ਵੀ ਮਰ ਗਿਆ ਹੈ। ਜਦ ਸਿੱਖਾਂ ਨੇ ਜਹਾਨ ਖ਼ਾਨ ਦੇ ਮਰਨ ਦਾ ਰੌਲਾ ਪਾਇਆ ਤਾਂ ਅਫ਼ਗ਼ਾਨ ਫ਼ੌਜੀ ਮੈਦਾਨ ਛੱਡ ਕੇ ਭੱਜਣ ਲਗ ਪਏ। ਇਨ੍ਹਾਂ ਭੱਜਣ ਵਾਲਿਆਂ ਵਿਚ ਜ਼ਖ਼ਮੀ ਹੋਇਆ ਜਹਾਨ ਖ਼ਾਨ ਵੀ ਸੀ। ਅਫ਼ਗ਼ਾਨਾਂ ਦਾ ਬਹੁਤ ਸਾਰਾ ਅਸਲਾ ਵੀ ਸਿੱਖਾਂ ਦੇ ਹੱਥ ਆ ਗਿਆ। ਸਿੱਖਾਂ ਨੇ 200 ਦੇ ਕਰੀਬ ਅਫ਼ਗ਼ਾਨ ਫ਼ੌਜੀਆਂ ਨੂੰ ਕੈਦ ਕਰ ਲਿਆ। ਇਸ ਮੌਕੇ 'ਤੇ ਜਹਾਨ ਖ਼ਾਨ ਦਾ ਟੱਬਰ ਵੀ ਉਸ ਨਾਲ ਸੀ। ਸਿੱਖਾਂ ਨੇ ਅਫ਼ਗ਼ਾਨ ਔਰਤਾਂ ਤੇ ਬੱਚਿਆਂ ਨੂੰ ਕੁਝ ਨਾ ਕਿਹਾ ਸਗੋਂ ਉਨ੍ਹਾਂ ਨੂੰ ਮਹਿਫ਼ੂਜ਼ ਜੰਮੂ ਭੇਜ ਦਿਤਾ।