ਸਮੱਗਰੀ 'ਤੇ ਜਾਓ

ਵਿਚਾਰਧਾਰਾ : ਇੱਕ ਜਾਣਕਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਰੰਭ ਵਿੱਚ ‘ਵਿਚਾਰਧਾਰਾ’ (Ideology) ਨੂੰ ਵਿਚਾਰਾਂ ਦੇ ਸਿਧਾਂਤ ਵੱਜੋਂ ਮੰਨਿਆ ਜਾਂਦਾ ਸੀ। ਆਧੁਨਿਕ ਸੰਕਲਪ ਅਧੀਨ ‘ਵਿਚਾਰਧਾਰਾ’ ਨੂੰ ਕੇਵਲ ਵਿਚਾਰਾਂ ਦਾ ਸਿਧਾਂਤ ਹੀ ਨਹੀਂ ਸਗੋਂ ਸੁਆਰਥ-ਬੱਧ ਵਿਚਾਰਾਂ ਦੀ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਭਾਂਤ ਦੇ ਨਿੱਜੀ ਸੁਆਰਥ, ਵਿਅਕਤੀ ਅਤੇ ਲੋਕ-ਸਮੂਹ ਨੂੰ ਪ੍ਰਭਾਵਿਤ ਕਰਦੇ ਹਨ ਜਿਹਨਾਂ ਸਦਕਾ ਵੱਖ-ਵੱਖ ਵਿਚਾਰਧਾਰਾਵਾਂ ਢਹਿੰਦੀਆਂ ਅਤੇ ਉੱਸਰਦੀਆਂ ਹਨ। ਵਿਚਾਰਧਾਰਾ, ਲੋਕਾਂ ਨੂੰ ਉਨ੍ਹਾਂ ਦੀਆਂ ਮੌਜੂਦਾ ਪ੍ਰਸਥਿਤੀਆਂ ਵਿੱਚ ਸੰਤੁਸ਼ਟ ਕਰਨ ਦਾ ਉੱਦਮ ਕਰਦੀ ਹੈ। ਮਨੁੱਖੀ ਇਤਿਹਾਸ ਇਸ ਧਾਰਣਾ ਨੂੰ ਪ੍ਰਮਾਣਿਤ ਕਰਦਾ ਹੈ ਕਿ ਪ੍ਰਾਚੀਨ ਸਭਿਆਤਾਵਾਂ ਤੋਂ ਲੈ ਕੇ ਹੁਣ ਤੱਕ ਅਰਥਾਤ ਉੱਤਰ-ਆਧੁਨਿਕ ਕਾਲ ਤੱਕ ਹਰ ਸਮਾਜ ਨੇ ਆਪਣੇ ਉੱਪਰ ਆਰੋਪਿਤ ਹੋਣ ਵਾਲੇ ਵਿਚਾਰਾਂ, ਆਪਣੀਆਂ ਨਿੱਜੀ ਲੋੜਾਂ ਅਤੇ ਇੱਛਾਵਾਂ ਨੂੰ ਪ੍ਰਤਿਬਿੰਬਤ ਕਰਨ ਵਾਲੇ ਸਾਪੇਖ ਮੁੱਖ-ਵਿਧਾਨ ਵਿੱਚੋਂ ਆਪਣੀ ਜਗਤ-ਦ੍ਰਿਸ਼ਟੀ (world-view) ਦੀ ਰਚਨਾ ਕੀਤੀ ਹੈ। ਵਿਚਾਰਧਾਰਾ ਕੋਈ ਨਿਰਪੇਖ ਸੰਕਲਪ ਨਹੀਂ ਸਗੋਂ ਇਹ ਇਤਿਹਾਸਕ ਗਤੀ (historical movement) ਦੇ ਦਵੰਦ (dialectic) ਵਿੱਚੋਂ ਪੈਦਾ ਹੋਣ ਵਾਲੇ ਸਾਪੇਖਕ ਅਤੇ ਸੰਬਾਦਕ ਨਿਯਮਾਂ ਦੀ ਅਨੁਸਾਰੀ ਹੈ। ਕਰਮਜੀਤ ਸਿੰਘ ਦੇ ਅਨੁਸਾਰ,

‘‘ਵਿਗਿਆਨਕ, ਪਦਾਰਥਕ ਤੇ ਰਾਜਨੀਤਕ ਚੇਤੰਨਤਾ ਦੇ ਆਧੁਨਿਕ ਯੁੱਗ ਵਿੱਚ ਵਿਚਾਰਧਾਰਾ ਇਤਿਹਾਸਕ ਗਤੀ ਦੀ ਹਰ ਸਥਿਤੀ ਵਿੱਚ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ।’’ ਵਿਦਿਅਕ ਅਤੇ ਗ਼ੈਰ-ਵਿਦਿਅਕ ਚੇਤਨਾ ਨਾਲ ਬੌਧਿਕ ਅਤੇ ਵਿਅਕਤੀਗਤ ਵਿਕਾਸ ਹੁੰਦਾ ਹੈ ਜਿਹੜਾ ਕਿ ਵਿਅਕਤੀ ਦੀਆਂ ਭੌਤਿਕ ਅਤੇ ਜੈਵਿਕ ਲੋੜਾਂ ਦੇ ਪ੍ਰਸੰਗ ਵਿੱਚ ਨਿੱਜੀ ਵਿਚਾਰਧਾਰਾ ਦਾ ਨਿਰਮਾਣ ਕਰਦਾ ਹੈ। ਵਿਚਾਰਧਾਰਾ ਦਾ ਸੰਕਲਪ ਪਹਿਲੀ ਵਾਰ Karl Marx ਅਤੇ Friedrich Engels ਦੀ ਪੁਸਤਕ ‘The German Ideology’ ਵਿੱਚ ਮਿਲਦਾ ਹੈ। ਮਾਰਕਸ ਨੇ ਆਪਣੇ ਵਿਗਿਆਨਕ ਵਿਸ਼ਲੇਸ਼ਣ ਅਧੀਨ ਹਾਕਮ ਸ਼੍ਰੇਣੀ ਵੱਲੋਂ ਉਪਜਾਈ ਗਈ ਵਿਚਾਰਧਾਰਾ ਨੂੰ ਝੂਠੀ ਜਾਂ ਪੁੱਠੀ ਚੇਤਨਾ (inverted consciousness) ਵੱਜੋਂ ਪੇਸ਼ ਕੀਤਾ ਜਿਹੜੀ ਕਿ ਯਥਾਰਥ ਦੇ ਅਸਲ ਗਿਆਨ ਨੂੰ ਪਰਦੇ ਹੇਠਾਂ ਲੁਕੋ ਦਿੰਦੀ ਹੈ ਅਤੇ ਹਾਕਮ ਸ਼੍ਰੇਣੀ ਦੇ ਹੱਕ ਵਿੱਚ ਹੋ ਨਿਬੜਦੀ ਹੈ। ਉਨ੍ਹਾਂ ਅਨੁਸਾਰ ਪੂੰਜੀਵਾਦੀ ਸਮਾਜਾਂ ਅੰਦਰ ਮੰਡੀ ਅਤੇ ਵਟਾਂਦਰੇ ਦੀ ਪ੍ਰਕਿਰਿਆ, ਇਸ ਦੇ ਅਸਲ ਕਿਰਦਾਰ ਅਤੇ ਕਿਰਤ ਦੀ ਲੁੱਟ ਨੂੰ ਛੁਪਾਉਣ ਦਾ ਯਤਨ ਕਰਦੀ ਹੈ। ਜਦੋਂ ਵਿਚਾਰਧਾਰਾ ਕੇਵਲ ਆਦਰਸ਼ਵਾਦੀ ਹੋ ਨਿਬੜਦੀ ਹੈ ਤਾਂ ਵਿਅਕਤੀ ਅਤੇ ਲੋਕ-ਸਮੂਹ ਨੂੰ ਸਮਕਾਲੀ ਪ੍ਰਸਥਿਤੀਆਂ ਦਾ ਵਾਸਤਵਿਕ ਬਿੰਬ (real image) ਨਜ਼ਰ ਨਹੀਂ ਆਉਂਦਾ। ਡਾ. ਮਨਮੋਹਨ ਸਿੰਘ, Karl Marx ਅਤੇ Friedrich Engels ਦੀ ਪੁਸਤਕ ‘The German Ideology’ ਦੇ ਆਲੋਚਕ Louis Althusser ਦੇ ਹਵਾਲੇ ਨਾਲ ਲਿਖਦਾ ਹੈ, ‘‘ਜੇ ਵਿਚਾਰਧਾਰਾ ਵਿੱਚ ਮਨੁੱਖ ਅਤੇ ਉਨ੍ਹਾਂ ਦੇ ਰਿਸ਼ਤੇ ਉਲਟੇ ਨਜ਼ਰ ਆਉਂਦੇ ਹਨ ਤਾਂ ਅਸਲ ਵਿੱਚ ਭੌਤਿਕ ਜੀਵਨ ਪ੍ਰਕਿਰਿਆ ਹੀ ਇਸ ਲਈ ਜ਼ਿੰਮੇਵਾਰ ਹੈ ਠੀਕ ਉਸੇ ਤਰ੍ਹਾਂ ਜਿਵੇਂ ਕੈਮਰੇ ਵਿੱਚ ਅਤੇ ਮਨੁੱਖੀ ਅੱਖ ਦੇ ਰੇਟੀਨੇ ਉੱਤੇ ਵਸਤੂ ਦਾ ਬਿੰਬ ਉਲਟਾ ਨਜ਼ਰ ਆਉਂਦਾ ਹੈ।’’

ਕੀ ਵਿਚਾਰਧਾਰਾ ਹਾਂ-ਮੁਖੀ ਹੁੰਦੀ ਹੈ ਜਾਂ ਨਾਂਹ-ਮੁਖੀ? ਜਗਤ-ਦ੍ਰਿਸ਼ਟੀ (world-view) ਦੁਆਰਾ ਪੈਦਾ ਹੋਈ ਚੇਤਨਾ ਨੂੰ ਹਾਂ-ਮੁਖੀ ਵਿਚਾਰਧਾਰਾ ਕਿਹਾ ਜਾਂਦਾ ਹੈ ਜਿਸ ਅਧੀਨ ਵਿਚਾਰਧਾਰਾਵਾਂ ਦਾ ਉੱਸਰਿਆ ਤਰਕਸ਼ੀਲ (rational) ਸਮੂਹ, ਲੋਕ ਹਿਤਾਂ ਦੀ ਰਾਖੀ ਅਤੇ ਉੱਨਤੀ ਕਰਦਾ ਹੈ। ਝੂਠੀ ਚੇਤਨਾ (false consciousness) ਦੁਆਰਾ ਉਪਜੀ ਵਿਚਾਰਧਾਰਾ ਦੀ ਪ੍ਰਕਿਰਤੀ ਨਾਂਹ-ਮੁਖੀ ਹੁੰਦੀ ਹੈ। ਵਿਚਾਰਧਾਰਾ ਦੀ ਪ੍ਰਕਿਰਤੀ ਵਿਗਿਆਨਕ ਵੀ ਹੋ ਸਕਦੀ ਹੈ। ਵਿਗਿਆਨ, ਕੁਦਰਤੀ ਵਰਤਾਰਿਆਂ ਦੀ ਸਚਾਈ ਖੋਜਣ ਲਈ ਆਪਣੇ ਖੋਜ ਸੰਦਾਂ ਦਾ ਪ੍ਰਯੋਗ ਕਰਦਾ ਹੋਇਆ ਸਰਬਵਿਆਪਕ ਨਿਯਮਾਂ ਨੂੰ ਲੱਭਦਾ ਹੈ। ਵਿਗਿਆਨ ਆਪਣੇ ਲੋੜੀਂਦੇ ਗਿਆਨ ਨੂੰ ਖੋਜਣ ਲਈ ਕੇਵਲ ਸਤਹ (surface) ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਸਤਹ ਦੇ ਧੁਰ ਅੰਦਰ ਤੱਕ ਜਾ ਕੇ ਸੱਚ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਲਈ ਹਰ ਸੰਭਵ ਯਤਨ ਵੀ ਕਰਦਾ ਹੈ। ਜਦੋਂ ਵਿਚਾਰਧਾਰਾ ਨੂੰ ਨਾਂਹ-ਮੁਖੀ ਸੰਕਲਪ ਵੱਜੋਂ ਵਰਤਿਆ ਜਾਂਦਾ ਹੈ ਤਾਂ ਵਿਗਿਆਨ ਅਤੇ ਵਿਚਾਰਧਾਰਾ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹੇ ਹੋ ਜਾਂਦੇ ਹਨ। ਵਿਗਿਆਨ ਦਾ ਬੋਧ (cognition), ਵਿਚਾਰਧਾਰਾ ਦੇ ਬੋਧ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਇੰਝ ਵਿਚਾਰਧਾਰਾ, ਵਿਗਿਆਨ ਤੋਂ ਵੱਖਰੇ ਸੰਕਲਪ ਦੀ ਸੂਚਕ ਹੋ ਨਿਬੜਦੀ ਹੈ। ਵਿਗਿਆਨ ਦਾ ਗਿਆਨ ਯਥਾਰਥਕ ਹੁੰਦਾ ਹੈ ਫਿਰ ਵੀ ਵਿਗਿਆਨ ਕੋਲ ਵਿਚਾਰਧਾਰਾ ਨੂੰ ਹਰਾਉਣ ਦੀ ਸੰਭਾਵਿਤ ਸਮਰੱਥਾ ਨਹੀਂ ਹੁੰਦੀ। ਇਹ ਤਾਂ ਵਾਪਰਦਾ ਹੈ ਕਿਉਂਕਿ ਵਿਚਾਰਧਾਰਾ ਲੋਕਮਨ ਦੀਆਂ ਜੜ੍ਹਾਂ ਵਿੱਚ ਸਮਾਈ ਹੋਈ ਹੁੰਦੀ ਹੈ। ਇਸੇ ਕਾਰਨ ਵਿਚਾਰਧਾਰਾ ਨੂੰ ਵਿਗੜਿਆ ਹੋਇਆ ਗਿਆਨ ਵੀ ਕਿਹਾ ਜਾ ਸਕਦਾ ਹੈ। Jorge Larrain ਆਪਣੀ ਪੁਸਤਕ ‘The Concept of Ideology’ ਵਿੱਚ ਲਿਖਦਾ ਹੈ, ‘‘Ideology is the distorted knowledge, whereas science is the true knowledge.’’

ਅਲਥਿਊਸਰ ਦੇ ਪ੍ਰਕਾਸ਼ਤ ਲੇਖ, ‘ਆਇਡੀਔਲੋਜੀ ਐਂਡ ਆਇਡੀਔਲੋਜੀਕਲ ਸਟੇਟ ਅਪਰੇਟਸਜ਼’ ਨੇ ਸਮਾਜਿਕ ਅਤੇ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਡੂੰਘਾ ਪ੍ਰਭਾਵ ਪਾਇਆ ਹੈ। ਅਲਥਿਊਸਰ ਅਨੁਸਾਰ ਭਾਵੇਂ ਰਾਜਨੀਤੀ, ਸਭਿਆਚਾਰ ਅਤੇ ਵਿਚਾਰਧਾਰਾ ਅੰਤਿਮ ਤੌਰ ’ਤੇ ਆਰਥਿਕਤਾ ਦੁਆਰਾ ਨਿਸ਼ਚਿਤ ਅਤੇ ਨਿਰਧਾਰਿਤ ਹੁੰਦੇ ਹਨ ਪਰ ਵਿਚਾਰਧਾਰਕ ਖੇਤਰ ਦੇ ਆਧਾਰ ’ਤੇ ਮੋੜਵਾਂ ਅਸਰ ਪਾਉਂਦੇ ਹਨ ਅਤੇ ਆਧਾਰ ਦਾ ਪੁਨਰ-ਉਤਪਾਦਨ ਕਰਦੇ ਹਨ। ਅਲਥਿਊਸਰ ਨੇ ਪਹਿਲੀ ਵਾਰ ਤਸ਼ੱਦਦ-ਮਈ ਰਾਜ ਅਤੇ ਗ਼ੈਰ-ਤਸ਼ੱਦਦ-ਮਈ ਰਾਜ ਦਾ ਨਿਖੇੜਾ ਕੀਤਾ। ਹਾਕਮ ਸ਼੍ਰੇਣੀ ਕੋਲ ਤਸ਼ੱਦਦ-ਮਈ ਰਾਜ ਉਪਕਰਣ (Repressive State Apparatuses) ਹੁੰਦੇ ਹਨ ਜਿਹਨਾਂ ਵਿੱਚ ਸਰਕਾਰ, ਫ਼ੌਜ, ਪੁਲੀਸ, ਅਦਾਲਤਾਂ, ਜੇਲ੍ਹਾਂ ਅਤੇ ਪ੍ਰਸਾਸ਼ਨ ਆਉਂਦੇ ਹਨ। ਵਿਚਾਰਧਾਰਕ ਰਾਜ ਉਪਕਰਣ (Ideological State Apparatuses) ਵਿੱਚ ਹੇਠ ਲਿਖੀਆਂ ਸੰਸਥਾਵਾਂ/ਸੰਗਠਨ ਸ਼ਾਮਿਲ ਹੁੰਦੇ ਹਨ: 1) ਧਾਰਮਿਕ ਵਿਚਾਰਧਾਰਕ ਰਾਜ ਉਪਕਰਣ 2) ਵਿਦਿਅਕ ਵਿਚਾਰਧਾਰਕ ਰਾਜ ਉਪਕਰਣ 3) ਪਰਿਵਾਰਕ ਵਿਚਾਰਧਾਰਕ ਰਾਜ ਉਪਕਰਣ 4) ਕਾਨੂੰਨੀ ਵਿਚਾਰਧਾਰਕ ਰਾਜ ਉਪਕਰਣ 5) ਰਾਜਨੀਤਕ ਵਿਚਾਰਧਾਰਕ ਰਾਜ ਉਪਕਰਣ 6) ਟਰੇਡ ਯੂਨੀਅਨ ਵਿਚਾਰਧਾਰਕ ਰਾਜ ਉਪਕਰਣ 7) ਸੰਚਾਰਕ (ਅਖ਼ਬਾਰ, ਰੇਡੀਓ ਅਤੇ ਟੈਲੀਵਿਜ਼ਨ) ਵਿਚਾਰਧਾਰਕ ਰਾਜ ਉਪਕਰਣ 8) ਸਭਿਆਚਾਰਕ (ਸਾਹਿਤ, ਕਲਾ ਅਤੇ ਖੇਡਾਂ) ਵਿਚਾਰਧਾਰਕ ਰਾਜ ਉਪਕਰਣ ਤਸ਼ੱਦਦ-ਮਈ ਰਾਜ ਉਪਕਰਣ ਅਤੇ ਵਿਚਾਰਧਾਰਕ ਰਾਜ ਉਪਕਰਣ ਆਪਸ ਵਿੱਚ ਮਿਲ ਕੇ ਰਾਜ ਪ੍ਰਬੰਧ ਨੂੰ ਠੀਕ ਢੰਗ ਨਾਲ ਚਲਾਉਣ ਦਾ ਉੱਪਰਾਲਾ ਕਰਦੇ ਹਨ। ਇੰਝ ਇਹ ਦੋਵੇਂ ਉਪਕਰਣ ਇੱਕ ਦੂਜੇ ਤੋਂ ਵੱਖਰੇ ਹੁੰਦੇ ਹੋਏ ਵੀ ਆਪਸੀ ਤਾਲਮੇਲ ਦੁਆਰਾ ਰਾਜ ਨੂੰ ਚਲਾਉਣ ਵਿੱਚ ਸਹਾਈ ਹੁੰਦੇ ਹਨ। ਡਾ. ਮਨਮੋਹਨ ਸਿੰਘ ਦੇ ਸ਼ਬਦਾਂ ਅਨੁਸਾਰ, ‘‘ਅਲਥਿਊਸਰ ਅਨੁਸਾਰ ਇੱਕ ਪਾਸੇ ਤਸ਼ੱਦਦ-ਮਈ ਰਾਜ ਉਪਕਰਣ ਹੈ ਜੋ ਹਿੰਸਾ ਨਾਲ ਨਾਗਰਿਕਾਂ ਨੂੰ ਵੱਸ ਵਿੱਚ ਰੱਖਦਾ ਹੈ ਅਤੇ ਦੂਜੇ ਪਾਸੇ ਗ਼ੈਰ-ਤਸ਼ੱਦਦ-ਮਈ ਉਪਕਰਣ ਹਨ ਜੋ ਮਨੁੱਖ ਦੇ ਅਵਚੇਤਨ ਨੂੰ ਵੱਸ ਕਰ ਕੇ ਹਾਕਮ ਜਮਾਤ ਦੀ ਸੇਵਾ ਕਰਾਉਂਦੇ ਹਨ।...ਇਹ ਦੋਵੇਂ ਹਾਕਮ ਵਿਚਾਰਧਾਰਾ ਦੁਆਰਾ ਨਿਯੰਤਰਿਤ ਅਤੇ ਸੰਗਠਿਤ ਹੁੰਦੇ ਹਨ।’’

ਵਿਸ਼ਵੀਕਰਨ ਦਾ ਪੂੰਜੀਵਾਦ ਨਾਲ ਸਿੱਧਾ ਸੰਬੰਧ ਹੈ। ਸੰਸਾਰ ਦਾ ਹਰ ਵਿਅਕਤੀ ਆਪਣੀ ਨਿੱਜੀ ਪੂੰਜੀ ਨੂੰ ਅਸੀਮਤ ਕਰ ਲੈਣਾ ਚਾਹੁੰਦਾ ਹੈ। ਅਜੋਕਾ ਮਨੁੱਖ ਇਹ ਭਰਮ ਪਾਲ ਰਿਹਾ ਹੈ ਕਿ ਅਸੀਮਤ ਪੂੰਜੀ ਉਸ ਦੀਆਂ ਅਤ੍ਰਿਪਤ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗੀ ਸਿੱਧ ਹੋ ਸਕਦੀ ਹੈ। ਮਨੁੱਖ ਦੀਆਂ ਲੋੜਾਂ ਵੀ ਅਸੀਮਤ ਹੋ ਰਹੀਆਂ ਹਨ ਅਤੇ ਇੱਕ ਲੋੜ ਪੂਰੀ ਹੋਣ ਉੱਪਰੰਤ ਨਵੀਆਂ ਅਣਕਿਆਸੀਆਂ ਲੋੜਾਂ ਗਲੋਬਲੀ ਚੇਤਨਾ ਦੁਆਰਾ ਉਪਜ ਰਹੀਆਂ ਹਨ। ਉੱਤਰਆਧੁਨਿਕ ਯੁੱਗ ਅਧੀਨ ਮਨੁੱਖ ਦੀ ਵਿਚਾਰਧਾਰਾ ਪ੍ਰਾਥਮਿਕ ਲੋੜਾਂ (primary needs) ਤੱਕ ਹੀ ਸੀਮਤ ਨਹੀਂ ਰਹੀ ਸਗੋਂ ਉਸ ਦੀ ਵਿਚਾਰਧਾਰਾ ਦੂਜੈਲੀਆਂ ਲੋੜਾਂ (secondary needs) ਨੂੰ ਪ੍ਰਾਥਮਿਕ ਤੌਰ ’ਤੇ ਪੂਰਨ ਦਾ ਪ੍ਰਯਤਨ ਕਰ ਰਹੀ ਹੈ। ਪ੍ਰਾਥਮਿਕ ਲੋੜਾਂ ਆਪਣੀ ਹੋਂਦ ਗਵਾ ਰਹੀਆਂ ਹਨ ਅਤੇ ਦੂਜੈਲੀਆਂ ਲੋੜਾਂ ਆਪਣਾ ਸਿਰ ਕੱਢ ਰਹੀਆਂ ਹਨ। ਵਿਸ਼ਵੀਕਰਨ ਆਪਣੀ ਚੇਤਨਾ ਦੁਆਰਾ ਮਨੁੱਖ ਦੀਆਂ ਦੂਜੈਲੀਆਂ ਲੋੜਾਂ ਦਾ ਨਿਰੰਤਰ ਵਿਕਾਸ ਕਰਵਾ ਰਿਹਾ ਹੈ। ਵਿਸ਼ਵ ਮੰਡੀ ਵਿੱਚ ਅਨੇਕਾਂ ਵਸਤੂਆਂ ਪਈਆਂ ਹਨ ਜਿਹਨਾਂ ਦੀ ਪ੍ਰਾਪਤੀ ਲਈ ਹਰ ਮਨੁੱਖ ਸਿੱਧੇ ਜਾਂ ਅਸਿੱਧੇ ਤੌਰ ’ਤੇ ਕਾਹਲਾ ਹੈ। ਇੰਝ ਸੁਆਰਥਵਾਦੀ ਵਿਚਾਰਧਾਰਾ ਕਾਰਨ ਮਨੁੱਖ ਦੀ ਸੋਚ ਵੀ ਪ੍ਰਭਾਵਿਤ ਹੁੰਦੀ ਹੈ। Terry Eagleton ਆਪਣੀ ਪੁਸਤਕ Ideology: An Introduction ਵਿੱਚ ਇਸ ਤੱਥ ਦਾ ਸੰਕੇਤ ਦਿੰਦਾ ਹੋਇਆ ਲਿਖਦਾ ਹੈ, ‘‘There is, finally, the possibility of a sixth meaning of ideology, which retains an emphasis on false or deceptive beliefs but regards such beliefs as arising not from the interests of a dominant class but from the material structure of society as a whole.’’

ਉੱਪਰੋਕਤ ਵਿਚਾਰ ਚਰਚਾ ਤੋਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਵਿਚਾਰਧਾਰਾ, ਮਨੁੱਖ ਨੂੰ ਬਾਹਰੀ ਜਗਤ ਵਿੱਚ ਵਾਪਰ ਰਹੀਆਂ ਕਿਰਿਆਵਾਂ ਅਤੇ ਪ੍ਰਤਿਕਿਰਿਆਵਾਂ (actions and reactions) ਅਧੀਨ ਆਪਣੇ ਢਾਂਚੇ ਵਿੱਚ ਢਾਲਣ ਦਾ ਯਤਨ ਕਰਦੀ ਹੈ। ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦਿਆਂ ਮਨੁੱਖ ਆਪਣੀ ਨਿੱਜੀ ਵਿਚਾਰਧਾਰਾ ਦਾ ਵਿਕਾਸ ਆਪ-ਮੁਹਾਰੇ ਕਰਦਾ ਰਹਿੰਦਾ ਹੈ। ਨਾਂਹ-ਮੁਖੀ ਵਿਚਾਰਧਾਰਾ ਤੋਂ ਹਾਂ-ਮੁਖੀ ਵਿਚਾਰਧਾਰਾ ਦਾ ਉਸਾਰ ਕਰਨ ਲਈ ਮਨੁੱਖ ਨੂੰ ਜਗਤ-ਦ੍ਰਿਸ਼ਟੀ (world-view) ਅਤੇ ਨਿੱਜੀ ਗਿਆਨ ਵਿਕਸਿਤ ਕਰਨਾ ਪੈਂਦਾ ਹੈ ਜਿਸ ਦਾ ਆਧਾਰ ਵਿਗਿਆਨਕ ਹੁੰਦਾ ਹੈ। ਹਾਂ-ਮੁਖੀ ਵਿਚਾਰਧਾਰਾ ਜਿੱਥੇ ਸਮਾਜਿਕ ਹਿੱਤਾਂ ਪ੍ਰਤੀ ਵਚਨਬੱਧ ਹੁੰਦੀ ਹੈ ਉੱਥੇ ਇਹੀ ਵਿਚਾਰਧਾਰਾ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਸਕਣ ਦੇ ਸਮਰੱਥ ਹੁੰਦੀ ਹੈ।