ਵਿਚੋਲਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਚੋਲਗੀ ਦੋ ਜਂ ਵਧੇਰੇ ਲੋਕਾਂ ਦਾ ਵਿਆਹ ਦੇ ਮਕਸਦ ਨਾਲ਼ ਮੇਲ ਕਰਾਉਣ ਦਾ ਅਮਲ ਹੁੰਦਾ ਹੈ।

ਕਿਸੇ ਵੀ ਦੋ ਧਿਰਾਂ ਦੇ ਵਿਚ ਆ ਕੇ ਕੰਮ ਕਰਵਾਉਣ ਵਾਲੇ ਵਿਅਕਤੀ ਨੂੰ ਵਿਚੋਲਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਮੁੰਡੇ/ਕੁੜੀਆਂ ਦੇ ਰਿਸ਼ਤੇ ਕਰਵਾਉਣ ਵਾਲੇ ਨੂੰ ਹੀ ਵਿਚੋਲਾ ਕਿਹਾ ਜਾਂਦਾ ਸੀ। ਹੁਣ ਤਾਂ ਕੋਈ ਵੀ ਕੰਮ ਵਿਚੋਲਿਆਂ ਤੋਂ ਬਿਗੈਰ ਨਹੀਂ ਹੁੰਦਾ। ਪਹਿਲੇ ਸਮਿਆਂ ਵਿਚ ਜਿਆਦਾ ਵਿਚੋਲੇ ਪਿੰਡਾਂ ਦੇ ਬ੍ਰਾਹਮਣ ਅਤੇ ਨਾਈ ਹੁੰਦੇ ਸਨ। ਬ੍ਰਾਹਮਣਾਂ ਅਤੇ ਨਾਈਆਂ ਨੂੰ ਆਪਣੇ ਜ਼ਜ਼ਮਾਨਾ ਦੇ ਕੰਮਾਂ ਸੰਬੰਧੀ ਗੰਢਾਂ ਦੇਣ, ਸੁਨੇਹੇ ਦੇਣ ਤੇ ਹੋਰ ਸਮਾਜਿਕ ਜੁੰਮੇਵਾਰੀਆਂ ਨਿਭਾਉਣ ਲਈ ਦੂਸਰੇ ਪਿੰਡਾਂ ਵਿਚ ਜਾਣਾ ਪੈਂਦਾ ਸੀ। ਇਸ ਤਰ੍ਹਾਂ ਉਨ੍ਹਾਂ ਨੂੰ ਉਨ੍ਹਾਂ ਪਿੰਡਾਂ ਦੇ ਪਰਿਵਾਰਾਂ ਦੀਆਂ ਜਮੀਨਾਂ, ਜੈਦਾਦਾਂ, ਖੇਤੀਬਾੜੀ, ਸਮਾਜਿਕ ਰੁਤਬੇ, ਆਰਥਿਕ ਹਾਲਤ ਦਾ ਪਤਾ ਲੱਗਦਾ ਰਹਿੰਦਾ ਸੀ, ਜਿਸ ਕਰਕੇ ਉਹ ਆਪਣੇ ਪਿੰਡ ਦੇ ਉਹੋ ਜਿਹੇ ਪਰਿਵਾਰਾਂ ਦੇ ਮੁੰਡੇ/ਕੁੜੀਆਂ ਦੇ ਰਿਸ਼ਤੇ ਬਾਹਰਲੇ ਪਿੰਡਾਂ ਵਿਚ ਕਰਵਾਉਂਦੇ ਰਹਿੰਦੇ ਸਨ।

ਹੁਣ ਤਾਂ ਹਰ ਛੋਟੇ ਵੱਡੇ ਸ਼ਹਿਰਾਂ ਵਿਚ ਰਿਸ਼ਤੇ ਕਰਵਾਉਣ ਵਾਲੇ ਵਿਚੋਲਿਆਂ ਨੇ ਆਪਣੇ ਦਫਤਰ ਖੋਲ੍ਹੇ ਹੋਏ ਹਨ, ਜਿਨ੍ਹਾਂ ਨੂੰ ‘ਮੈਰਿਜ ਬਿਊਰੋ’” ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਵਿਚੋਲਗੀ ਪੁੰਨ-ਅਰਥ ਕੀਤੀ ਜਾਂਦਾ ਸੀ। ਹਾਂ, ਜਦੋਂ ਤੱਕ ਵਿਆਹ ਨਹੀਂ ਹੁੰਦਾ ਸੀ, ਮੁੰਡੇ/ਕੁੜੀ ਵਾਲੇ ਵਿਚੋਲੇ ਦੀ ਪੂਰੀ ਸੇਵਾ ਕਰਦੇ ਹੁੰਦੇ ਸਨ। ਫੇਰ ਵਿਚੋਲਿਆਂ ਨੂੰ ਦੁਪੱਟੇ, ਖੇਸ, ਕੰਬਲ ਦਿੱਤੇ ਜਾਣ ਲੱਗੇ। ਹੁਣ ਤਾਂ ਵਿਚੋਲਿਆਂ ਨੂੰ ਸੋਨੇ ਦੀਆਂ ਛਾਪਾਂ ਅਤੇ ਕੜੇ ਪਾਏ ਜਾਂਦੇ ਹਨ। ਮੈਰਿਜ ਬਿਊਰੋ ਵਾਲੇ ਤਾਂ ਵਿਚੋਲਗੀ ਦੇ ਰੱਜ ਕੇ ਪੈਸੇ ਲੈਂਦੇ ਹਨ। ਹੁਣ ਬਹੁਤੇ ਰਿਸ਼ਤੇ ਅਖ਼ਬਾਰਾਂ ਵਿਚ ਦਿੱਤੇ ਵਿਆਹ ਸੰਬੰਧੀ ਇਸ਼ਤਿਹਾਰਾਂ ਰਾਹੀਂ ਹੋਣ ਲੱਗ ਪਏ ਹਨ। ਇਸ ਲਈ ਵਿਚੋਲਿਆਂ ਦੀ ਹੁਣ ਪਹਿਲੇ ਜਿਹੀ ਚੜ੍ਹਤ ਨਹੀਂ ਰਹੀ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.