ਸਮੱਗਰੀ 'ਤੇ ਜਾਓ

ਵੀਰ ਭਾਈ ਕੋਤਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਈ ਕੋਤਵਾਲ ਦਾ ਬੁੱਤ

ਵਿਠਲ ਲਕਸ਼ਮਣ ਕੋਤਵਾਲ (ਉਰਫ਼ ਭਾਈ ) ਨੇਰਲ, ਮਹਾਰਾਸ਼ਟਰ, ਭਾਰਤ ਤੋਂ ਇੱਕ ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਆਗੂ ਸੀ। ਉਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਹ 2 ਜਨਵਰੀ 1943 ਨੂੰ ਸਿੱਧਗੜ੍ਹ ਦੇ ਜੰਗਲ ਵਿੱਚ ਆਪਣੀ ਟੀਮ ਨਾਲ ਰੂਪੋਸ਼ ਰਹਿੰਦੇ ਹੋਏ ਬ੍ਰਿਟਿਸ਼ ਪੁਲਿਸ ਅਫਸਰ ਡੀਐਸਪੀ ਆਰ ਹਾਲ ਨਾਲ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਅਰੰਭਕ ਜੀਵਨ[ਸੋਧੋ]

ਵਿਠਲ ਕੋਤਵਾਲ ਦਾ ਜਨਮ 1 ਦਸੰਬਰ 1912 ਨੂੰ ਰਾਏਗੜ੍ਹ ਜ਼ਿਲ੍ਹੇ ਵਿੱਚ ਮੁੰਬਈ ਦੇ ਨੇੜੇ ਇੱਕ ਪਹਾੜੀ ਸਟੇਸ਼ਨ ਮਾਥੇਰਨ ਵਿੱਚ ਹੋਇਆ ਸੀ। ਉਹ ਗਰੀਬ ਨਾਈ ਪਰਿਵਾਰ ਤੋਂ ਸੀ। ਉਹ ਚੌਥੀ ਜਮਾਤ ਤੱਕ ਉੱਥੇ ਰਿਹਾ ਅਤੇ ਸਥਾਨਕ ਸਕੂਲ ਵਿੱਚ ਪੜ੍ਹਾਈ ਕੀਤੀ। ਉਹ ਭੈਣ ਭਾਈਆਂ ਵਿੱਚ ਸਭ ਤੋਂ ਵੱਡਾ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਸਨ।

ਸਿੱਖਿਆ[ਸੋਧੋ]

ਸਥਾਨਕ ਸਕੂਲ ਵਿੱਚ ਚੌਥੀ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ, ਉਹ ਆਪਣੀ ਮਾਸੀ ਗੌਰੂਤਾਈ ਹਲਦੇ ਕੋਲ ਪੁਣੇ ਚਲਾ ਗਿਆ, ਜਿੱਥੇ ਉਹ ਵਾਡੀਆ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੱਕ ਰਿਹਾ। ਉਹ ਵਰਨਾਕੂਲਰ ਮੈਟ੍ਰਿਕ ਪ੍ਰੀਖਿਆ ਵਿੱਚ ਪੂਰੇ ਪੁਣੇ ਜ਼ਿਲ੍ਹੇ ਵਿੱਚ ਪਹਿਲੇ ਸਥਾਨ ਤੇ ਰਿਹਾ। ਆਪਣੇ ਜੱਦੀ ਘਰ ਪਰਤਣ ਤੋਂ ਬਾਅਦ, ਉਸਨੇ ਮੁੰਬਈ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ 1941 ਵਿੱਚ ਵਕੀਲ ਬਣ ਗਿਆ।

ਪਰਿਵਾਰ[ਸੋਧੋ]

ਵਿੱਠਲ ਕੋਤਵਾਲ ਦਾ ਵਿਆਹ 1935 ਵਿੱਚ ਪੁਣੇ ਦੀ ਇੰਦੂ ਤਿਰਲਾਪੁਰਕਰ ਨਾਲ ਹੋਇਆ ਸੀ। ਉਸ ਦਾ ਇੱਕ ਲੜਕਾ ਸੀ ਜਿਸਦਾ ਨਾਮ ਭਰਤ ਸੀ ਜੋ 22 ਸਾਲ ਦੀ ਉਮਰ ਵਿੱਚ ਮਰ ਗਿਆ ਸੀ। 1942 ਵਿੱਚ ਜਦੋਂ ਸ੍ਰੀ ਕੋਤਵਾਲ ਰੂਪੋਸ਼ ਹੋ ਗਿਆ ਤਾਂ ਦੋ ਮਹੀਨਿਆਂ ਦੇ ਅੰਦਰ ਹੀ ਉਸਦੀ ਧੀ ਜਾਗ੍ਰਿਤੀ ਦੀ ਮੌਤ ਹੋ ਗਈ। ਉਨ੍ਹਾਂ ਦੀ ਪਤਨੀ ਇੰਦੂ ਕੋਤਵਾਲ ਦੀ 2012 ਵਿੱਚ 91 ਸਾਲ ਦੀ ਉਮਰ ਵਿੱਚ ਮੌਤ ਹੋਈ ਸੀ।

ਸਮਾਜਕ ਕਾਰਜ[ਸੋਧੋ]

ਜਿਵੇਂ ਹੀ ਵਿਠਲ ਕੋਤਵਾਲ ਮਾਥੇਰਾਨ ਵਾਪਸ ਪਰਤਿਆ, ਉਹ ਆਪਣੇ ਪਿਤਾ ਦੀ ਪਰਿਵਾਰਕ ਪਰੰਪਰਾ ਨੂੰ ਜਾਰੀ ਰੱਖਣ ਦੀ ਇੱਛਾ ਨੂੰ ਟਾਲਦਿਆਂ ਸਮਾਜਿਕ ਰਾਜਨੀਤਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ। ਉਸਨੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਚੱਕਰਵਾਤ ਨੇ ਪੂਰੇ ਪੱਛਮੀ ਮੁੰਬਈ ਦੇ ਕਿਨਾਰੇ ਨੂੰ ਬਰਬਾਦ ਕਰ ਦਿੱਤਾ ਅਤੇ ਮਛੇਰਾ ਭਾਈਚਾਰਾ ਉਜੜ ਗਿਆ। ਬਾਅਦ ਵਿੱਚ ਸਥਾਨਕ ਕਾਂਗਰਸੀ ਆਗੂ ਰਾਜਾਰਾਮ ਉਰਫ਼ ਭਾਉਸਾਹਿਬ ਰਾਉਤ ਨਾਲ ਤਾਲਮੇਲ ਕਰਕੇ ਉਹ ਰਾਜਨੀਤੀ ਅਤੇ ਸਮਾਜਿਕ ਕੰਮਾਂ ਵਿੱਚ ਜੁੱਟ ਗਿਆ। ਉਸਨੇ ਮਾਥੇਰਨ ਖੇਤਰ ਵਿੱਚ ਵੋਟਰਾਂ ਦੀ ਸੂਚੀ ਵਿੱਚ ਆਮ ਲੋਕਾਂ ਨੂੰ ਬਣਾਉਣ ਅਤੇ ਦਰਜ ਕਰਨ ਵਿੱਚ ਮਦਦ ਕੀਤੀ। ਜਦੋਂ ਉਸ ਨੇ ਦੇਖਿਆ ਕਿ ਜ਼ਿਮੀਂਦਾਰ ਕਿਸਾਨਾਂ ਦੀ ਅਗਿਆਨਤਾ ਦਾ ਲਾਭ ਉਠਾ ਕੇ ਉਨ੍ਹਾਂ ਨਾਲ ਧੋਖਾ ਕਰਦੇ ਹਨ ਤਾਂ ਉਸ ਨੇ ਉਨ੍ਹਾਂ ਕਿਸਾਨਾਂ ਦੇ ਬੱਚਿਆਂ ਲਈ ਸਵੈ-ਇੱਛੁਕ ਸਕੂਲ ਸ਼ੁਰੂ ਕਰ ਦਿੱਤਾ। ਉਸ ਨੇ ਇਲਾਕੇ ਵਿੱਚ ਕੁੱਲ 42 ਅਜਿਹੇ ਸਕੂਲ ਸ਼ੁਰੂ ਕੀਤੇ। ਬਾਅਦ ਵਿੱਚ, ਜਦੋਂ ਜ਼ਿਮੀਦਾਰਾਂ ਨੇ ਸੋਕੇ ਦੇ ਸਮੇਂ ਕਿਸਾਨਾਂ ਨੂੰ ਅਨਾਜ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਵਿਠਲ ਕੋਤਵਾਲ ਨੇ ਕਿਸਾਨਾਂ ਲਈ ਅਨਾਜ ਬੈਂਕ ਦਾ ਨਵੀਨਤਾਕਾਰੀ ਵਿਚਾਰ ਸੁਝਾਇਆ। ਸ੍ਰੀ ਰਾਉਤ ਦੀ ਆਰਥਿਕ ਸਹਾਇਤਾ ਨਾਲ ਕੁਝ ਹਜ਼ਾਰ ਕਿਲੋ ਅਨਾਜ ਆਯਾਤ ਕਰਕੇ ਕਿਸਾਨਾਂ ਵਿੱਚ ਵੰਡਿਆ ਗਿਆ। ਜਿਸ ਨੇ ਵੀ ਅਨਾਜ ਦਾ ਕਰਜ਼ਾ ਲਿਆ, ਉਸ ਨੂੰ ਪੱਚੀ ਪ੍ਰਤੀਸ਼ਤ ਵਾਧੂ ਨਾਲ ਮੋੜਨਾ ਪਿਆ; ਜਦਕਿ ਮਕਾਨ ਮਾਲਕ ਉਨ੍ਹਾਂ ਤੋਂ ਦੁੱਗਣਾ ਕਰਜ਼ਾ ਵਸੂਲਦੇ ਸਨ। ਬਾਅਦ ਵਿੱਚ ਜਦੋਂ ਉਹ ਇੱਕ ਵਕੀਲ ਬਣ ਗਿਆ ਤਾਂ ਉਸਨੇ ਗਰੀਬ ਕਿਸਾਨਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਸੇਵਾ ਕੀਤੀ ਅਤੇ ਉਹਨਾਂ ਦਾ ਸ਼ੋਸ਼ਣ ਕਰਨ ਵਾਲੇ ਜ਼ਿਮੀਦਾਰਾਂ ਵਿਰੁੱਧ ਉਹਨਾਂ ਦੇ ਹੱਕਾਂ ਲਈ ਲੜਿਆ। 1940 ਵਿੱਚ ਉਸਨੇ ਕਰਜਤ ਵਿੱਚ ਇੱਕ ਕਿਸਾਨ ਅਤੇ ਮਜ਼ਦੂਰ ਮੰਡਲੀ ਦਾ ਆਯੋਜਨ ਕੀਤਾ ਜਿਸ ਵਿੱਚ ਉਸ ਸਮੇਂ ਦੇ ਪ੍ਰਮੁੱਖ ਰਾਜਨੀਤਿਕ ਕਾਰਕੁੰਨ ਅਚਯੁਤਰਾਓ ਪਟਵਰਧਨ, ਐਸ.ਐਮ. ਜੋਸ਼ੀ, ਲਾਲਜੀ ਪੇਂਡਸੇ ਸ਼ਾਮਲ ਹੋਏ।

ਸਿਆਸੀ ਕੈਰੀਅਰ[ਸੋਧੋ]

ਵਿੱਠਲ ਕੋਤਵਾਲ ਨੇ ਮਾਥੇਰਨ ਸਿਟੀ ਕੌਂਸਲ ਲਈ ਸਫਲਤਾਪੂਰਵਕ ਚੋਣ ਲੜੀ ਅਤੇ 1941 ਵਿੱਚ ਇਸਦਾ ਉਪ ਚੇਅਰਮੈਨ ਬਣੇ।

ਆਜ਼ਾਦੀ ਦੀ ਲੜਾਈ[ਸੋਧੋ]

ਹਾਲਾਂਕਿ ਪੁਣੇ ਵਿੱਚ ਆਪਣੇ ਕਾਲਜ ਦੇ ਦਿਨਾਂ ਤੋਂ ਸੁਤੰਤਰਤਾ ਸੰਗਰਾਮ ਲਈ ਸਰਗਰਮ ਸੀ, ਵਿੱਠਲ ਦੇਸ਼ ਵਿੱਚ ਸਮਾਜਿਕ ਕਮਿਊਨਿਸਟ ਲਹਿਰ ਤੋਂ ਪ੍ਰਭਾਵਿਤ ਹੋ ਗਿਆ। ਇਸ ਲਈ ਉਸਨੂੰ ਕਾਮਰੇਡ ਦੇ ਦੇਸੀ ਸਮਾਨਾਰਥੀ ਵਜੋਂ "ਭਾਈ" ਕਿਹਾ ਜਾਂਦਾ ਸੀ। ਜਦੋਂ ਮਹਾਤਮਾ ਗਾਂਧੀ ਨੇ 9 ਅਗਸਤ 1942 ਨੂੰ "ਭਾਰਤ ਛੱਡੋ" ਤਹਿਰੀਕ ਚਲਾਈ ਤਾਂ ਉਹ ਪੂਰੀ ਤਰ੍ਹਾਂ ਸ਼ਾਮਲ ਹੋ ਗਿਆ ਅਤੇ ਰੂਪੋਸ਼ ਹੋ ਗਿਆ। ਭਾਰਤ ਦੇ ਸਾਰੇ ਵੱਡੇ ਨੇਤਾਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਭਾਈ ਕੋਤਵਾਲ ਦੇ ਨਾਂ 'ਤੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਉਹ ਉਸੇ ਦਿਨ ਰੂਪੋਸ਼ ਹੋ ਗਿਆ, ਜਾਂ ਤਾਂ "ਮੇਰੇ ਆਜ਼ਾਦ ਦੇਸ਼ ਵਿੱਚ ਜਾਂ ਸਵਰਗ ਵਿੱਚ ਰਹਿਣ" ਦੀ ਸਹੁੰ ਖਾਧੀ। ਉਹ ਉਦੋਂ ਮਾਥੇਰਾਨ ਦਾ ਉਪ ਚੇਅਰਮੈਨ ਸੀ।

ਕੋਤਵਾਲ ਦਸਤਾ[ਸੋਧੋ]

ਭੂਮੀਗਤ ਹੁੰਦਿਆਂ ਉਸਨੇ "ਕੋਤਵਾਲ ਦਸਤਾ" ਨਾਮਕ ਭੂਮੀਗਤ ਸਮੂਹ ਬਣਾਇਆ, ਜੋ ਰਾਏਗੜ੍ਹ ਜ਼ਿਲ੍ਹੇ ਦੇ ਕਰਜਤ ਤਾਲੁਕਾ ਵਿੱਚ ਇੱਕ ਸਮਾਨਾਂਤਰ ਸਰਕਾਰ ਸੀ। ਉਹ ਕਿਸਾਨਾਂ ਅਤੇ ਸਵੈ-ਸੇਵੀ ਸਕੂਲ ਦੇ ਅਧਿਆਪਕਾਂ ਅਤੇ ਉਸਦੇ ਚਚੇਰੇ ਭਰਾ ਪੈਂਟਨਾ ਅਤੇ ਦੱਤੋਬਾ ਹਲਦੇ ਸਮੇਤ ਗਿਣਤੀ ਵਿੱਚ 50 ਦੇ ਕਰੀਬ ਸਨ। ਉਨ੍ਹਾਂ ਨੇ ਮੁੰਬਈ ਸ਼ਹਿਰ ਨੂੰ ਬਿਜਲੀ ਸਪਲਾਈ ਕਰਨ ਵਾਲੇ ਬਿਜਲੀ ਦੇ ਖੰਭਿਆਂ ਨੂੰ ਕੱਟਣ ਦਾ ਫੈਸਲਾ ਕੀਤਾ। ਸਤੰਬਰ 1942 ਤੋਂ ਨਵੰਬਰ 1942 ਤੱਕ ਉਨ੍ਹਾਂ ਨੇ ਉਦਯੋਗਾਂ ਅਤੇ ਰੇਲਵੇ ਨੂੰ ਅਧਰੰਗ ਕਰਦੇ ਹੋਏ 11 ਤਾਰਾਂ ਤੋੜ ਦਿੱਤੀਆਂ।

ਇਸ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਲਈ ਪੁਲਿਸ ਨੇ ਭਾਈ ਕੋਤਵਾਲ ਨੂੰ ਗ੍ਰਿਫਤਾਰ ਕਰਨ ਲਈ 2500 ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਭਾਈ ਕੋਤਵਾਲ ਦਾ ਮੁਕਾਬਲਾ ਕਰਨ ਲਈ ਇੱਕ ਸਪੈਸ਼ਲ ਅਫਸਰ ਡੀ.ਐਸ.ਪੀ.ਆਰ.ਹਾਲ ਅਤੇ ਅਫਸਰ ਸਟਾਫਫੋਰਡ ਨੂੰ ਵੀ ਬੁਲਾਇਆ ਗਿਆ।

ਜਦੋਂ ਕ੍ਰਾਂਤੀਕਾਰੀ ਕੋਤਵਾਲ ਦਸਤਾ ਮੁਰਬਾਦ ਤਾਲੁਕਾ ਦੇ ਸਿੱਧਗੜ੍ਹ ਦੇ ਦੂਰ-ਦੁਰਾਡੇ ਜੰਗਲ ਵਿੱਚ ਲੁਕਿਆ ਹੋਇਆ ਸੀ ਤਾਂ ਉਸਨੇ ਮਦਦ ਲਈ ਇੱਕ ਚਿੱਠੀ ਭੇਜੀ ਜੋ ਇਲਾਕੇ ਦੇ ਇੱਕ ਜ਼ਿਮੀਦਾਰ ਦੇ ਹੱਥ ਲੱਗ ਗਈ, ਜਿਸ ਨੇ ਚਿੱਠੀ ਅਤੇ ਸੰਦੇਸ਼ਵਾਹਕ ਨੂੰ ਅਫਸਰ ਹਾਲ ਦੇ ਹਵਾਲੇ ਕਰ ਦਿੱਤਾ।

ਆਖ਼ਰੀ ਮੁਕਾਬਲਾ[ਸੋਧੋ]

2 ਜਨਵਰੀ 1943 ਦੀ ਸਵੇਰ ਨੂੰ ਜਦੋਂ ਆਜ਼ਾਦ ਦਸਤਾ ਕਿਸੇ ਹੋਰ ਸੁਰੱਖਿਅਤ ਥਾਂ 'ਤੇ ਜਾਣ ਦੀ ਤਿਆਰੀ ਕਰ ਰਿਹਾ ਸੀ ਅਤੇ ਮਦਦ ਦੇ ਆਉਣ ਦੀ ਉਡੀਕ ਕਰ ਰਿਹਾ ਸੀ, ਆਰ. ਹਾਲ ਅਤੇ ਸਟੈਫੋਰਡ ਨੇ ਦਸਤਾ ਦੇ ਮੈਂਬਰਾਂ 'ਤੇ ਹਮਲਾ ਕਰ ਦਿੱਤਾ। ਸਭ ਤੋਂ ਪਹਿਲਾਂ ਜਾਨ ਦੇਣ ਵਾਲ਼ਾ ਨੌਜਵਾਨ ਹੀਰਾਜੀ ਪਾਟਿਲ, ਆਜ਼ਾਦ ਦਸਤਾ ਦੇ ਉਪ ਨੇਤਾ ਗੋਮਾਜੀ ਪਾਟਿਲ ਦਾ ਪੁੱਤਰ ਸੀ। ਹੀਰਾਜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਭਾਈ ਕੋਤਵਾਲ ਪੱਟ ਵਿਚ ਗੋਲੀ ਵੱਜੀ ਅਤੇ ਹਿੱਲ ਨਾ ਸਕਿਆ। ਹਾਲ ਨੇ ਉਸ ਨੂੰ ਥਾਏਂ ਮਾਰ ਦਿੱਤਾ।

ਹਵਾਲੇ[ਸੋਧੋ]