ਵੀਹਵੀਂ ਸਦੀ ਦੀ ਪੰਜਾਬੀ ਆਲੋਚਨਾ
ਵੀਹਵੀਂ ਸਦੀ ਦੀ ਪੰਜਾਬੀ ਆਲੋਚਨਾ ਸਾਹਿਤ ਦੀ ਕਿਸੇ ਵੀ ਵੰਨਗੀ ਦੀ ਵਿਆਖਿਆ ਕਰਕੇ ਉਸਦਾ ਵਿਸ਼ਲੇਸ਼ਣ ਕਰਦੀ ਹੈ। ਆਲੋਚਨਾ ਦਾ ਮਤਲਬ- ਨੁਕਸ ਕੱਢਣਾ, ਦੋਸ਼ ਲੱਭਣਾ, ਜਾਂਚ ਪੜਤਾਲ ਕਰਨੀ, ਗੁਣ ਦੋਸ਼ ਦਾ ਨਿਰਣਾ ਕਰਨਾ,ਟੀਕਾ ਟਿੱਪਣੀ ਕਰਨਾ। ਆਲੋਚਨਾ ਸ਼ਬਦ ਅੰਗਰੇਜ਼ੀ ਦੇ ਸ਼ਬਦ criticism ਦਾ ਪੰਜਾਬੀ ਅਨੁਵਾਦ ਹੈ। ਜਿਸ ਦਾ ਅਰਥ ਹੈ- ਮੁਲਅੰਕਣ ਕਰਨਾ। ਆਲੋਚਨਾ ਕਿਸੇ ਸਾਹਿਤਕ ਕਿਰਤ ਦੀ ਕਿਰਿਆ ਨੂੰ ਵੀਹਵੀਂ ਸਦੀ ਦੇ ਦੂਜੇ ਦਹਾਕੇ ਤੋਂ ਆਰੰਭ ਹੋ ਕੇ ਇਹ ਆਲੋਚਨਾ ਕਾਰਜ ਤਕਰੀਬਨ ਇਕ ਪੂਰੀ ਸਦੀ ਤੀਕ ਫੈਲਿਆ ਹੋਇਆ ਹੈ। ਪੰਜਾਬੀ ਦੇ ਦੋ ਪ੍ਰਮੁੱਖ ਚਿੰਤਕਾਂ ਸੰਤ ਸਿੰਘ ਸੇਖੋਂ ਅਤੇ ਹਰਿਭਜਨ ਸਿੰਘ ਨੇ ਪੰਜਾਬੀ ਦਾ ਪ੍ਥਮ ਆਲੋਚਕ ਬਾਵਾ ਬੁੱਧ ਸਿੰਘ ਨੂੰ ਸਵੀਕਾਰ ਕੀਤਾ ਹੈ। ਬਾਵਾ ਬੁੱਧ ਸਿੰਘ ਦੀ ਸਾਹਿਤ-ਸੰਭਾਲ ਅਤੇ ਸਾਹਿਤ-ਸੇਵਾ ਦੇ ਪ੍ਥਮ ਮਨੋਰਥ ਤੋਂ ਆਰੰਭ ਹੋ ਕੇ ਪੰਜਾਬੀ ਆਲੋਚਨਾ ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ ਹੌਸਲਾ ਅਫ਼ਜਾਈ, ਪ੍ਰਗਤੀ, ਪ੍ਰਯੋਗ, ਅਤੇ ਕ੍ਰਾਂਤੀ ਦੇ ਮਨੋਰਥਾਂ ਅਧੀਨ ਵਿਕਾਸ ਕਰਕੇ ਆਪਣੇ ਮੌਜੂਦਾ ਇਤਿਹਾਸਕ ਪੱਧਰ ਅਤੇ ਰੂਪ ਨੂੰ ਪ੍ਰਾਪਤ ਹੋਈ ਹੈ। ਇਸ ਦੇ ਇਤਿਹਾਸਕ ਵਿਕਾਸ ਦੇ ਚੌਥੇਚੌਖਟੇ ਨੂੰ ਆਪਣੇ ਅਧਿਐਨ ਦਾ ਵਸਤੂ ਬਣਾਉਂਦਿਆਂ ਅਤੇ ਇਸ ਤੋਂ ਪਰੋਖ ਅਗਵਾਈ ਲੈਂਦਿਆਂ, ਇਸ ਵਿਚ ਵਾਪਰੀਆਂ ਗੁਣਾਤਮਿਕ ਅਤੇ ਗਿਣਾਤਮਿਕ ਤਬਦੀਲੀਆਂ ਦੀ ਨਿਸ਼ਾਨਦੇਹੀ ਕਰਨਾ ਹੈ। ਪੰਜਾਬੀ ਆਲੋਚਨਾ ਦੇ ਪਰਾ-ਆਲੋਚਨਾ ਨਾਲ ਜੜੇ ਵਿਦਵਾਨਾਂ ਨੇ ਪੰਜਾਬੀ ਆਲੋਚਨਾ ਦੇ ਇਤਿਹਾਸਕ ਵਿਕਾਸ ਨੂੰ ਤਿੰਨ ਕਾਲਾਂ ਵਿਚ ਵੰਡਿਆ ਹੈ।
(1) ਪਹਿਲਾ ਦੋਰ ਬਾਵਾ ਬੁੱਧ ਸਿੰਘ ਤੋਂ ਸ਼ੁਰੂ ਹੋ ਕੇ 1950 ਤੀਕ ਦਾ ਦੌਰ ਹੈ ਜਿਸ ਲਈ ਆਮ ਤੌਰ 'ਤੇ 'ਪ੍ਭਾਵਵਾਦੀ' ਰੋਮਾਂਟਿਕ, ਅੰਤਰਮੁਖੀ ਅਤੇ ਤਕਰੀਬਨ ਸਿਧਾਂਤ ਅਤੇ ਪ੍ਤਿਮਾਨ ਮੁਕਤ ਆਦਿ ਵਿਸ਼ਲੇਸ਼ਣ ਵਰਤੇ ਜਾਂਦੇ ਹਨ।
(2) ਦੂਸਰਾ ਦੋਰ ਸੰਤ ਸਿੰਘ ਸੇਖੋਂ ਦੀ ਪੁਸਤਕ 'ਸਾਹਿਤਿਆਰਥ'(1957) ਨਾਲ ਸਹੀ ਅਰਥਾਂ ਵਿਚ ਆਰੰਭ ਹੋਇਆ ਪ੍ਰਵਾਨ ਕੀਤਾ ਜਾਂਦਾ ਹੈ। ਇਹ ਦੋਰ 1950 ਤੋਂ 1970 ਤੀਕ ਵਧੇਰੇ ਪ੍ਬਲ ਰੂਪ ਵਿਚ ਕਿਰਿਆਸ਼ੀਲ ਰਿਹਾ। ਸੰਤ ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਦਾ ਆਪਸੀ ਵਾਦ ਵਿਵਾਦ ਇਸ ਦੌਰ ਦਾ ਪ੍ਰਮੁੱਖ ਲੱਛਣ ਰਿਹਾ ਹੈ।'ਪ੍ਗਤੀ' ਇਸ ਧਾਰਾ ਦਾ ਮੁੱਖ ਪ੍ਯੋਜਨ ਸੀ।
(3) ਤੀਜਾ ਦੋਰ- ਪੰਜਾਬੀ ਆਲੋਚਨਾ ਵਿੱਚ 1970 ਤੋਂ ਬਾਅਦ ਦੀ ਪੰਜਾਬੀ ਆਲੋਚਨਾ ਨੂੰ ਨਵੀਂ ਪੰਜਾਬੀ ਆਲੋਚਨਾ ਦਾ ਨਾਮਕਰਨ ਕਰਕੇ ਇਸ ਨੂੰ ਸਿਧਾਂਤਕ ਤੌਰ 'ਤੇ ਪ੍ਰਗਤੀਵਾਦੀ / ਸਮਾਜ - ਵਿਗਿਆਨਕ ਆਲੋਚਨਾ ਨਾਲੋਂ ਨਿਖੇੜ ਕੇ ਇਕ ਨਵੇਂ ਦੌਰ ਦਾ ਆਰੰਭ ਕੀਤਾ ਗਿਆ। ਇਸ ਨਵੀਂ ਧਾਰਾ ਦੇ ਮੋਢੀ ਹਰਿਭਜਨ ਸਿੰਘ ਸਨ। ਹਰਿਭਜਨ ਸਿੰਘ ਦੇ ਨਾਲ ਤਰਲੋਕ ਸਿੰਘ ਕੰਵਰ, ਆਤਮਜੀਤ ਸਿੰਘ, ਸੁਰਿੰਦਰ ਸਿੰਘ ਨੂਰ, ਜਗਬੀਰ ਸਿੰਘ, ਅਮਰੀਕ ਸਿੰਘ ਪੁੰਨੀ, ਸਤਿੰਦਰ ਸਿੰਘ ਆਦਿ ਵਿਦਵਾਨ ਵੀ ਇਸ ਨਵੇਂ ਰੁਝਾਨ ਨੂੰ ਪ੍ਰਵਾਹਮਾਨ ਕਰਨ ਵਾਲੀ 'ਰੂਪਵਾਦੀ - ਸੰਰਚਨਾਵਾਦੀ' ਆਲੋਚਨਾ ਦੇ ਸਮਰਥਕਾਂ ਵਜੋਂ ਗਿਣੇ ਜਾਂਦੇ ਹਨ। ਇਸ ਆਲੋਚਨਾ-ਪ੍ਣਾਲੀ ਦਾ ਪ੍ਰਧਾਨ ਮਨੋਰਥ ਸੁਹਜ/ ਸਹਿਤਕਤਾ ਨੂੰ ਨਿਰਧਾਰਿਤ ਕੀਤਾ ਜਾ ਸਕਦਾ ਹੈ।
ਪ੍ਰਾਪਤੀਆਂ :
(1) ਪੰਜਾਬੀ ਆਲੋਚਨਾ ਦੀ ਪਹਿਲੀ ਪ੍ਰਾਪਤੀ ਇਸ ਤੱਥ ਵਿਚ ਵੇਖੀ ਜਾ ਸਕਦੀ ਹੈ ਕਿ ਇਸ ਕੋਲ ਨਿਰੋਲ ਪੰਜਾਬੀ ਕਾਵਿ-ਸ਼ਾਸ਼ਤਰ ਦੀ ਕਿਸੇ ਪਰੰਪਰਾ ਦੇ ਨਾ ਹੋਣ ਦੇ ਬਾਵਜੂਦ ਇਸ ਨੇ ਭਾਰਤੀ ਕਾਵਿ-ਸ਼ਾਸ਼ਤਰ ਅਤੇ ਪੱਛਮੀ ਕਾਵਿ-ਸ਼ਾਸ਼ਤਰ ਤੋਂ ਸਿਧਾਂਤਕ ਸੇਧ ਪ੍ਰਾਪਤ ਕਰਦਿਆਂ ਅੱਜ ਪੰਜਾਬੀ ਸਾਹਿਤ ਦੇ ਆਪਣੇ ਕਾਵਿ-ਸ਼ਾਸ਼ਤਰ ਦੀ ਉਸਾਰੀ ਦੀ ਚੇਤਨਾ ਨੂੰ ਨਾ ਕੇਵਲ ਪ੍ਰਚੰਡ ਕੀਤਾ ਹੈ ਸਗੋਂ ਪੰਜਾਬੀ ਦੇ ਮੱਧ-ਕਾਲੀਨ ਸਾਹਿਤ ਦੀਆਂ ਪ੍ਰਮੁੱਖ ਕਾਵਿ-ਧਰਾਵਾਂ (ਸੂਫੀ ਕਾਵਿ, ਗੁਰਬਾਣੀ, ਕਿੱਸਾ-ਕਾਵਿ ਅਤੇ ਵੀਰ ਕਾਵਿ) ਦੇ ਕਾਵਿ ਸ਼ਾਸ਼ਤਰ ਦੀ ਉਸਾਰੀ ਵਿੱਚ ਆਪਣਾ ਕਾਫੀ ਵਿਲੱਖਣ, ਮੌਲਿਕ ਅਤੇ ਮੂਲਵਾਨ ਪ੍ਰਾਪਤੀਆਂ ਕੀਤੀਆਂ ਹਨ।
(2) ਪੰਜਾਬੀ ਆਲੋਚਨਾ ਦੀ ਦੂਸਰੀ ਪ੍ਰਾਪਤੀ ਇਸ ਵੱਲੋਂ ਸਾਹਿਤ-ਸਿਧਾਂਤ ਦੀ ਸਥਾਪਤੀ ਦੇ ਖੇਤਰ ਵਿੱਚ ਵੇਖੀ ਜਾ ਸਕਦੀ ਹੈ। 1970 ਤੋਂ ਬਾਅਦ ਸਾਹਿਤ ਅਤੇ ਸਮਾਜ ਦੇ ਵਖਰੇਵੇਂ ਉੱਪਰ ਜੌਰ ਦਿੰਦਿਆਂ ਸਾਹਿਤ ਦੀ 'ਖੁਦ ਮੁਖਤਾਰ ਹੋਂਦ' ਨੂੰ ਸਥਾਪਿਤ ਕੀਤਾ। ਸਾਹਿਤ ਦੀ ਸਾਹਿਤਿਕਤਾ ਦੀ ਪਛਾਣ ਨੂੰ ਕੇਂਦਰੀ ਮਹੱਤਵ ਪ੍ਰਦਾਨ ਕਰਦਿਆਂ, ਪੱਛਮੀ ਚਿੰਤਨ ਦੀਆਂ ਨਵੀਨਤਮ ਅੰਤਰ ਦ੍ਰਿਸ਼ਟੀਆਂ ਅਤੇ ਭਾਸ਼ਾਵਿਗਿਆਨ ਮਾਡਲਾਂ ਵਿਚ ਪੇਸ਼ ਨਵੀਆਂ ਵਿਧੀਆਂ ਰਾਹੀਂ ਸਾਹਿਤ-ਸਿਧਾਂਤ, ਸਾਹਿਤ-ਇਤਿਹਾਸ, ਸਾਹਿਤ-ਸਮਾਜ,ਸਾਹਿਤ-ਦਰਸ਼ਨ ਅਤੇ ਨਿਰੋਲ ਸਾਹਿਤ-ਸੁਹਜ ਦੇ ਆਪਸੀ ਸੰਬੰਧਾਂ ਅਤੇ ਵਖਰੇਵਿਆਂ ਰਾਹੀਂ ਸੰਤ ਸਿੰਘ ਸੇਖੋਂ ਵੱਲੋਂ ਸਥਾਪਿਤ ਸਿਧਾਂਤ-ਚਿੰਤਨ ਜਾਂ ਸਾਹਿਤ-ਸਿਧਾਂਤ ਦੀ ਚੇਤਨਾ ਨੂੰ ਵਧੇਰੇ ਠੋਸ ਰੂਪ ਵਿਚ ਅਤੇ ਨਿਖੇੜਾ ਮੂਲਕ ਵਿਧੀ ਨਾਲ ਸਥਾਪਿਤ ਕੀਤਾ ਗਿਆ। ਇਸ ਨਾਲ ਪਹਿਲੀ ਵਾਰ ਸਾਹਿਤ ਅਤੇ ਸਮਾਜ ਦੀ ਰਲਗੱਡਤਾ ਦਾ ਨਿਖੇੜਾ ਕਰਦਿਆਂ, ਸਾਹਿਤ ਦੀ ਸਾਹਿਤਿਕਤਾ ਦਾ ਵਿਸ਼ੇਸ਼ ਗਿਆਨ ਹਾਸਿਲ ਕਰਦਿਆਂ ਸਾਹਿਤ-ਸਿਧਾਂਤ ਦੇ ਖੇਤਰ ਵਿੱਚ ਨਵੀਆਂ ਦਿਸ਼ਾਵਾਂ ਅਤੇ ਮੁੱਦਿਆਂ ਨੂੰ ਵਿਚਾਰ ਅਧੀਨ ਲਿਆਂਦਾ ਗਿਆ।
(3) ਇਸ ਦੀ ਤੀਜੀ ਪ੍ਰਾਪਤੀ ਪੰਜਾਬੀ ਸਾਹਿਤ ਦੇ ਭਿੰਨ-ਭਿੰਨ ਸਾਹਿਤ-ਕਲਾ ਹੋਂਦ ਵਿਚ ਆਈਆਂ।ਭਿੰਨ-ਭਿੰਨ ਵਿਧਾਵਾਂ ਨੂੰ ਨਿਰੋਲ 'ਸਾਹਿਤ' ਦੇ ਸਾਂਝੇ ਸੰਕਲਪ ਅਧੀਨ ਵਿਚਾਰਨ ਦੀ ਥਾਂ, ਇਨ੍ਹਾਂ ਵਿਧਾਵਾਂ ਦੀ ਆਪਸੀ ਸਾਂਝ ਅਤੇ ਵਖਰੇਵੇਂ ਨੂੰ ਨਿਰਧਾਰਿਤ ਕੀਤਾ ਗਿਆ ਹੈ। ਵਿਧਾਗਤ ਆਲੋਚਨਾ ਦੇ ਖੇਤਰ ਵਿੱਚ ਮੱਧ-ਕਾਲੀਨ ਅਤੇ ਆਧੁਨਿਕ ਸਾਹਿਤ ਰੂਪਾਂ ਦੀ ਵਿਧਾਗਤ ਆਲੋਚਨਾ ਨੇ ਬਹੁਤ ਵਿਕਾਸ ਕੀਤਾ ਹੈ। ਇਹ ਵਿਕਾਸ ਗਿਣਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਸੰਤੁਸ਼ਟੀਜਨਕ ਹੈ। ਪੰਜਾਬੀ ਦੀ ਆਧੁਨਿਕ ਗਲਪ ਆਲੋਚਨਾ ਦੇ ਨਾਲ -ਨਾਲ ਪੰਜਾਬੀ ਦੀ ਆਧੁਨਿਕ ਕਵਿਤਾ, ਨਾਟਕ ਅਤੇ ਹੋਰ ਵਿਧਾਵਾਂ ਦੇ ਖੇਤਰ ਵਿਚ ਵਿਧਾਗਤ ਆਲੋਚਨਾ ਨੇ ਬਿਲਕੁਲ ਮੁੱਢੋਂ ਆਰੰਭ ਕਰਕੇ ਆਪਣੀ ਵਿਧਾਗਤ ਆਲੋਚਨਾ ਨੂੰ ਸੰਸਾਰ ਪੱਧਰ ਦੀ ਵਿਧਾਗਤ ਆਲੋਚਨਾ ਦੇ ਖੇਤਰ ਵਿਚ ਹੋ ਰਹੇ ਸਿਧਾਂਤਕ ਕੰਮ ਤੋਂ ਅੰਤਰਦਿਰਸ਼ਟੀਆ ਲੈ ਕੇ ਪੰਜਾਬੀ ਦੀ ਵਿਧਾਗਤ ਆਲੋਚਨਾ ਨੂੰ ਸਮਰੱਥ ਕਰਨ ਦੇ ਨਵੇਂ ਨਵੇਂ ਉਪਰਾਲੇ ਦ੍ਰਿਸ਼ਟੀਗੋਚਕ ਕੀਤੇ ਹਨ।
(4) ਇਸ ਦੀ ਚੋਥੀ ਅਤੇ ਅਹਿਮ ਪ੍ਰਾਪਤੀ ਹੈ ਕਿ ਇਸ ਨੇ ਸਾਹਿਤ ਅਤੇ ਵਿਚਾਰਧਾਰਾ ਦੇ ਮਸਲੇ ਨੂੰ ਜਿਸ ਮਕਾਨਕੀ ਅਤੇ ਸਿੱਧੜ ਪਦਾਰਥਵਾਦੀ ਦ੍ਰਿਸ਼ਟੀ ਤੋਂ ਇਸ ਦਾ ਅਧਿਆਨਆਰੰਭ ਕੀਤਾ ਸੀ। ਅੱਜ ਇਸ ਜਟਿਲ ਵਰਤਾਰੇ ਦੀ ਗੰਭੀਰਤਾ ਅਤੇ ਸਾਹਿਤ ਲਈ ਸਾਰਥਕਤਾ ਨੂੰ ਪ੍ਰਵਾਨ ਕਰਦਿਆਂ ਸਾਹਿਤ ਆਲੋਚਨਾ ਦੇ ਖੇਤਰ ਵਿਚ ਹੋ ਰਹੇ ਸੰਸਾਰ ਪੱਧਰ ਦੇ ਸਾਹਿਤ ਚਿੰਤਨ ਨੂੰ ਆਤਮਸਾਰ ਕਰਦਿਆਂ ਇਸ ਮਾਮਲੇ ਵਿਚ ਪੇਸ਼ ਸਮੱਸਿਆਵਾਂ, ਜਟਿਲਤਾਵਾਂ ਅਤੇ ਬਰੀਕੀਆਂ ਨੂੰ ਵਧੇਰੇ ਧਿਆਨਪੂਰਵਕ ਗ੍ਰਹਿਣ ਕੀਤਾ। ਨਵੇਂ ਸਿਧਾਂਤਾਂ ਅਤੇ ਵਿਹਾਰਕ ਪੱਧਰ ਉੱਪਰ ਨਵੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ।
(5) ਪੰਜਾਬੀ ਆਲੋਚਨਾ ਦੀ ਪੰਜਵੀਂ ਪ੍ਰਾਪਤੀ ਭਾਰਤੀ ਅਤੇ ਪੱਛਮੀ ਕਾਵਿ-ਸ਼ਾਸ਼ਤਰ ਅਤੇ ਸਾਹਿਤ-ਸਿਧਾਂਤ ਦੇ ਖੇਤਰ ਵਿੱਚੋਂ ਪ੍ਰਾਪਤ ਹੋਣ ਵਾਲੀਆਂ ਨਵੀਨਤਮ ਅਧਿਐਨ ਪ੍ਰਣਾਲੀਆਂ ਤੋਂ ਅੰਤਰ-ਦ੍ਰਿਸ਼ਟੀਆਂ ਪ੍ਰਾਪਤ ਕਰਦਿਆਂ, ਪੰਜਾਬੀ ਸਾਹਿਤ ਨੂੰ ਸੰਸਾਰ ਪੱਧਰ ਦੀਆਂ ਆਲੋਚਨਾ-ਪ੍ਣਾਲੀਆਂ ਦੇ ਪ੍ਰਸੰਗ ਵਿਚ ਇਸ ਦੀ ਵਿਆਖਿਆ ਕਰਨ ਦੇ ਲਈ ਆਲੋਚਕਾਂ ਵੱਲੋਂ ਕੀਤੇ ਗਏ ਵੱਖ-ਵੱਖ ਯਤਨ,ਪੰਜਾਬੀ ਆਲੋਚਨਾ ਦੇ ਘੇਰੇ ਨੂੰ ਵਿਸ਼ਾਲ ਕਰਨ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਮੁੱਲਵਾਨ ਸਿੱਧ ਹੋਏ ਹਨ। ਸਾਹਿਤ ਆਲੋਚਕਾਂ ਨੇ ਰੂਪਵਾਦੀ, ਸੰਰਚਨਾਵਾਦੀ, ਮਾਰਕਸਵਾਦੀ, ਭਾਸ਼ਾ ਵਿਗਿਆਨ, ਸਮਾਜ ਵਿਗਿਆਨ, ਮਨੋ ਵਿਸ਼ਲੇਸ਼ਣਵਾਦੀ, ਮਾਨਵ ਵਿਗਿਆਨ, ਬਸਤੀਵਾਦੀ, ਨਾਰੀਵਾਦੀ, ਵਿਚਾਰਨਾਵਾਦੀ, ਉੱਤਰ ਸਰੰਚਨਾਵਾਦੀ, ਉੱਤਰ ਅਧੁਨਿਕਤਾਵਾਦੀ, ਉੱਤਰ ਬਸਤੀਵਾਦੀ ਵਰਗੀਆਂ ਪ੍ਰਣਾਲੀਆਂ ਅਤੇ ਅੰਤਰ ਦ੍ਰਿਸ਼ਟੀਆਂ ਨੂੰ ਆਧਾਰ ਬਣਾ ਕੇ ਪੰਜਾਬੀ ਵਿਚ ਸਾਹਿਤ ਆਲੋਚਨਾ ਦੇ ਘੇਰੇ ਨੂੰ ਵਿਸ਼ਾਲਤਾ ਅਤੇ ਡੂੰਘਾਈ ਦੋਵੇਂ ਪ੍ਰਦਾਨ ਕੀਤੀਆਂ ਹਨ।
(6) ਪੰਜਾਬੀ ਆਲੋਚਨਾ ਦੀ ਛੇਵੀਂ ਪ੍ਰਾਪਤੀ ਅੰਤਰੰਗ ਅਤੇ ਬਹਿਰੰਗ ਦੋਹਾਂ ਵਿਧੀਆਂ ਵਿੱਚ ਪੇਸ਼ ਅਤਿਤਾਈਆਂ ਦਾ ਆਲੋਚਨਾਤਮਿਕ ਅਤੇ ਸਿਰਜਣਾਤਮਿਕ ਸੰਯੋਗ ਕਰਦਿਆਂ, ਤਕਰੀਬਨ ਸਾਰੇ ਆਲੋਚਕਾ ਪਾਠ ਅਤੇ ਪ੍ਰਸੰਗ ਦੋਹਾਂ ਦੀ ਬਰਾਬਰ ਦੀ ਸਮਝ, ਅੰਤਰਕਿਰਿਆ, ਮਹੱਤਵ ਤੇ ਦੋਹਾਂ ਦੇ ਦਵੰਦਾਤਮਿਕ ਸੰਬੰਧ ਨੂੰ ਸਵੀਕਾਰਨ ਲੱਗ ਪਏ ਹਨ।
(7) ਇਸ ਦੀ ਸੱਤਵੀਂ ਪ੍ਰਾਪਤੀ ਸਾਹਿਤ-ਸਿਧਾਂਤ, ਸਾਹਿਤ-ਇਤਿਹਾਸ, ਸਾਹਿਤ-ਮੁੱਲ, ਸਾਹਿਤ-ਵਿਗਿਆਨ ਆਦਿ ਦੇ ਵਿੱਚ ਪ੍ਰਚਲਿਤ ਰਲਗੱਡਤਾ ਨੂੰ ਗੰਭੀਰਤਾ ਨਾਲ ਮਹਿਸੂਸ ਕਰਦਿਆਂ ਪੰਜਾਬੀ ਆਲੋਚਕ ਇਹਨਾਂ ਦੀ ਵਿਲੱਖਣਤਾ ਤੇ ਨਿਖੇੜੇ ਵੱਲੋਂ ਵਧੇਰੇ ਸੁਚੇਤ ਹੋਏ ਹਨ। ਸਾਹਿਤ ਆਲੋਚਨਾ ਨੂੰ ਇਕ ਸੁਤੰਤਰ ਗਿਆਨ-ਅਨੁਸ਼ਾਸਨ ਵਜੋਂ ਸਥਾਪਿਤ ਕਰਨ ਅਤੇ ਇਸ ਨੂੰ ਵਿਸਤਾਰਨ ਵਿਚ ਸ਼ਲਾਘਾਯੋਗ ਵਿਕਾਸ ਕੀਤਾ ਹੈ। ਅੱਜ ਆਲੋਚਨਾ ਸਾਹਿਤ ਸਿਰਜਣਾ ਦਾ ਬਰਾਬਰ ਦਾ ਰੁਤਬਾ ਰੱਖਦੀ ਹੈ।
(8) ਇਸ ਦੀ ਅੱਠਵੀਂ ਪ੍ਰਾਪਤੀ ਇਸ ਦੇ ਇਕ ਸੁਤੰਤਰ ਅਤੇ ਵਿਸ਼ੇਸ਼ੀਕਰਿਤ ਗਿਆਨ ਹੋਣ ਦੇ ਨਾਲ ਨਾਲ ਇਸ ਦੀ ਪਹੁੰਚ ਦੇ ਅੰਤਰ-ਅਨੁਸ਼ਾਸਨੀ ਹੋਣ ਵਿੱਚ ਨਿਹਤ ਹੈ। ਪੰਜਾਬੀ ਦੇ ਸਮਕਾਲੀ ਆਲੋਚਨਾ ਖੇਤਰ ਵਿੱਚ ਸਥਾਪਿਤ ਵਿਦਵਾਨਾਂ ਵਿੱਚੋਂ ਸ਼ਾਇਦ ਇਕ ਵੀ ਵਿਦਵਾਨ ਅਜਿਹਾ ਨਾ ਹੋਵੇ, ਜਿਸ ਨੂੰ ਸਾਹਿਤ ਦੇ ਸਿਧਾਂਤ ਦੇ ਨਾਲ-ਨਾਲ ਸਭਿਆਚਾਰ, ਲੋਕਧਾਰਾ, ਮਾਨਵ ਵਿਗਿਆਨ, ਸੁਹਜ ਸ਼ਾਸਤਰ, ਦਰਸ਼ਨ, ਰਾਜਨੀਤੀ, ਇਤਿਹਾਸ ਅਤੇ ਸੰਸਾਰ ਪੱਧਰ ਤੇ ਫੈਲੇ ਵਿਗਿਆਨ ਤੇ ਟੈਕਨਾਲੋਜੀ ਦੇ ਖੇਤਰ ਵਿੱਚ ਹੋ ਰਹੇ ਨਵੇਂ ਤਜਰਬਿਆਂ ਅਤੇ ਨਵੀਆਂ ਪ੍ਰਾਪਤੀਆਂ ਦਾ ਗਿਆਨ ਨਾ ਹੋਵੇ। ਇਸ ਤਰਾਂ ਦੀ ਅੰਤਰ-ਅਨੁਸ਼ਾਸਨੀ ਪਹੁੰਚ ਨੇ ਜਿੱਥੇ ਸਾਹਿਤ ਆਲੋਚਨਾ ਦੇ ਘੇਰੇ ਅਤੇ ਅਧਿਐਨ-ਖੇਤਰ ਨੂੰ ਵਿਸ਼ਾਲ ਕੀਤਾ ਹੈ, ਉੱਥੇ ਨਾਲ ਹੀ ਇਕ ਤੋਂ ਵੱਧ ਅਨੁਸ਼ਾਸਨਾਂ ਦੀ ਸਹਾਇਤਾ ਨਾਲ ਸਾਹਿਤ ਆਲੋਚਨਾ ਨੂੰ ਜੋੜ ਕੇ ਇਸ ਦੀ ਪ੍ਰਮਾਣਿਕਤਾ ਤੇ ਸਮਾਜ ਪ੍ਰਤੀ ਸਾਰਥਕਤਾ ਦਾ ਨਵਾਂ ਪਰਿਪੇਖ ਪ੍ਰਦਾਨ ਕੀਤਾ ਹੈ।
(9) ਪੰਜਾਬੀ ਆਲੋਚਨਾ ਦੀ ਨੌਵੀਂ ਪ੍ਰਾਪਤੀ ਇਸ ਤੱਥ ਵਿਚ ਵੇਖੀ ਜਾ ਸਕਦੀ ਹੈ ਕਿ ਇਹ ਨਿਰੋਲ ਅੰਤਰਮੁਖੀ, ਪ੍ਰਭਾਵਵਾਦੀ ਅਤੇ ਰੁਮਾਂਸਵਾਦੀ ਰੁਝਾਨਾਂ ਤੋਂ ਆਰੰਭ ਹੋ ਕੇ ਸਾਹਿਤ-ਰਚਨਾਵਾਂ ਦੇ ਮੁਲਾਂਕਣ ਲਈ ਬਾਹਰਮੁਖੀ ਅਤੇ ਵਿਗਿਆਨਕ ਪ੍ਤਿਮਾਨ ਸਿਰਜਣ ਅਤੇ ਸਥਾਪਿਤ ਕਰਨ ਵਿੱਚ ਕਾਫ਼ੀ ਪ੍ਰਗਤੀ ਕਰ ਚੁੱਕੀ ਹੈ। ਇਸ ਵਿਚ 'ਕਲਾ ਕਲਾ ਲਈ' ਦੇ ਸਿਧਾਂਤ ਦੇ ਨਾਲ-ਨਾਲ 'ਕਲਾ ਸਮਾਜ ਲਈ' ਦਾ ਵਾਦ-ਵਿਵਾਦ ਵੀ ਇਸ ਜਟਿਲ ਮੁੱਦੇ ਨੂੰ ਵਿਗਿਆਨਕ ਢੰਗ ਨਾਲ ਹੱਲ ਕਰਨ ਦੇ ਰਾਹ ਪਿਆ ਹੈ।
(10) ਇਸ ਦੀ ਦਸਵੀਂ ਅਤੇ ਨਵੀਨ ਪ੍ਰਾਪਤੀ ਇਸ ਦੀ ਪਰਾ-ਆਲੋਚਨਾ (meta criticism) ਦੇ ਖੇਤਰ ਵਿਚ ਪ੍ਰਵੇਸ਼ ਹੈ।ਇਸ ਪ੍ਰਸੰਗ ਵਿਚ ਸਾਡੇ ਪ੍ਰਮੁੱਖ ਸਾਹਿਤ ਆਲੋਚਕ ਜਿਵੇਂ- ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਨਜਮ ਹੁਸੈਨ ਸੱਯਦ, ਅਤਰ ਸਿੰਘ, ਹਰਿਭਜਨ ਸਿੰਘ, ਰਵਿੰਦਰ ਸਿੰਘ ਰਵੀ, ਤੇਜਵੰਤ ਸਿੰਘ ਗਿਲ ਅਤੇ ਜਸਵੀਰ ਸਿੰਘ ਆਹਲੂਵਾਲੀਆ ਆਦਿ ਚਿੰਤਕਾਂ ਦੀ ਆਲੋਚਨਾ ਬਾਰੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਕਾਫ਼ੀ ਜ਼ਿਕਰਯੋਗ ਕਾਰਜ ਹੋ ਚੁੱਕਾ ਹੈ। ਇਹ ਖੇਤਰ ਮੁਕਾਬਲਤਨ ਨਵਾਂ ਹੋਣ ਦੇ ਬਾਵਜੂਦ ਇਸ ਵਿਚ ਵੀ ਪੰਜਾਬੀ ਆਲੋਚਨਾ ਦੀਆਂ ਪ੍ਰਾਪਤੀਆਂ ਕਾਫ਼ੀ ਸੰਤੋਖਜਨਕ ਹਨ।
(11) ਪੰਜਾਬੀ ਆਲੋਚਨਾ ਦੀ ਗਿਆਰ੍ਹਵੀਂ ਪ੍ਰਾਪਤੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਲਈ ਨਵੀਆਂ ਅੰਤਰ-ਦ੍ਰਿਸ਼ਟੀਆਂ ਲੈ ਕੇ ਪੰਜਾਬੀ ਸਾਹਿਤ ਦੇ ਵਿਭਿੰਨ ਕਾਲਾਂ,ਵਿਧਾਵਾਂ ਅਤੇ ਸਾਹਿਤ ਦੇ ਵੱਖ-ਵੱਖ ਇਤਿਹਾਸਕਾਰਾਂ ਦੀ ਵਿਧੀ, ਦ੍ਰਿਸ਼ਟੀਕੋਣ, ਪ੍ਰਾਪਤੀਆਂ ਅਤੇ ਸੀਮਾਵਾਂ ਦਾ ਆਲੋਚਨਾਤਮਿਕ ਮੁਲਾਂਕਣ ਕਰਨ ਦਾ ਯਤਨ ਕੀਤਾ ਗਿਆ ਵੀ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਾਹਿਤ ਦੀ ਵਿਗਿਆਨਕ ਇਤਿਹਾਸਕਾਰੀ ਦੇ ਖੇਤਰ ਵਿਚ ਪੰਜਾਬੀ ਆਲੋਚਨਾ ਦੀ ਪ੍ਰਾਪਤੀ ਵੀ ਕਾਫ਼ੀ ਸੰਤੋਖਜਨਕ ਪ੍ਰਾਪਤੀ ਹੈ। ਸਿੱਟਾ ਪ੍ਰਾਪਤੀਆਂ ਅਤੇ ਚੁਣੌਤੀਆਂ ਇਕ ਪ੍ਰਕਾਰ ਨਾਲ ਕਿਸੇ ਵਰਤਾਰੇ ਦੇ ਵਰਤਮਾਨ ਅਤੇ ਇਸ ਦੇ ਭਵਿੱਖਮੁਖੀ ਵਿਕਾਸ ਦੀਆਂ ਸੰਭਾਵਨਾਵਾਂ ਦੀ ਹੀ ਨਿਸ਼ਾਨਦੇਹੀ ਹੁੰਦੀਆਂ ਹਨ। ਕਿਉਂਕਿ ਕੋਈ ਵੀ ਪ੍ਰਾਪਤੀ ਆਪਣੇ ਆਪ ਵਿੱਚ ਨਿਰਪੇਖ ਅਤੇ ਸੰਪੂਰਨ ਨਹੀਂ ਸਗੋਂ ਹਰ ਪ੍ਰਾਪਤੀ ਦੇ ਡੂੰਘੇ ਵਿਸ਼ਲੇਸ਼ਣ ਬਾਅਦ ਇਸ ਪ੍ਰਾਪਤੀ ਦੀ ਸਮੁੱਚਤਾ ਵਿਚ ਰਹਿ ਗਈਆਂ ਘਾਟਾਂ ਵੀ ਦ੍ਰਿਸ਼ਟੀਗੋਚਕ ਹੋ ਜਾਦੀਆਂ ਹਨ।
ਹਵਾਲਾ
- ↑ ਸੁਰਜੀਤ ਸਿੰਘ ਭੱਟੀ, 'ਪੰਜਾਬੀ ਆਲੋਚਨਾ : ਦਸ਼ਾ ਅਤੇ ਦਿਸ਼ਾ', ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ।