ਸਗਲੇ
ਬੱਚਿਆਂ ਦੇ ਪੈਰਾਂ ਦੇ ਗਿੱਟੇ ਉੱਪਰ ਪਾਉਣ ਵਾਲੇ ਚਾਂਦੀ ਦੇ ਗਹਿਣੇ ਨੂੰ ਸਗਲੇ ਕਹਿੰਦੇ ਹਨ। ਸਗਲੇ ਮੁੰਡਿਆਂ ਦਾ ਗਹਿਣਾ ਹੈ। ਇਹ ਉਸ ਉਮਰ ਵਿਚ ਪਾਏ ਜਾਂਦੇ ਹਨ ਜਦ ਮੁੰਡਾ ਤੁਰਨਾ ਸਿੱਖ ਜਾਂਦਾ ਹੈ। ਸਗਲਿਆਂ ਦਾ ਉੱਪਰਲਾ ਹਿੱਸਾ ਚਪਟੇ ਕੜੇ ਵਰਗਾ ਹੁੰਦਾ ਹੈ ਪਰ ਉਹ ਕੜੇ ਦੀ ਤਰ੍ਹਾਂ ਬੰਦ ਨਹੀਂ ਹੁੰਦਾ, ਖੁੱਲ੍ਹਾ ਹੁੰਦਾ ਹੈ। ਉਸ ਦੇ ਦੋਵੇਂ ਸਿਰੇ ਥੋੜੇ ਮੋਟੇ ਗੁਲਾਈਦਾਰ ਕੀਤੇ ਹੁੰਦੇ ਹਨ। ਕੜੇ ਦੇ ਹੇਠਲੇ ਹਿੱਸੇ ਵਿਚ ਛੋਟੇ-ਛੋਟੇ ਘੁੰਗਰੂ ਲੱਗੇ ਹੁੰਦੇ ਹਨ। ਇਹ ਘੁੰਗਰੂ ਹੀ ਆਪਸ ਵਿਚ ਲੱਗ-ਲੱਗ ਕੇ ਸਗਲਿਆਂ ਨੂੰ ਛਣਕਾਉਂਦੇ ਹਨ।
ਸਿਆਣੇ ਪੁਰਸ਼ ਕਹਿੰਦੇ ਹਨ ਕਿ 12 ਕੋਹਾਂ ਪਿੱਛੋਂ ਬੋਲੀ ਬਦਲ ਜਾਂਦੀ ਹੈ ਪਹਿਰਾਵਾ ਬਦਲ ਜਾਂਦਾ ਹੈ। ਫੈਸ਼ਨ ਬਦਲ ਜਾਂਦਾ ਹੈ। ਗਹਿਣਿਆਂ ਦੀ ਬਣਤਰ ਤੇ ਗਹਿਣਿਆਂ ਦੇ ਪਾਉਣ ਦਾ ਢੰਗ, ਵਰਤੋਂ ਦਾ ਢੰਗ ਬਦਲ ਜਾਂਦਾ ਹੈ।(ਕੋਹ ਪਹਿਲੇ ਸਮਿਆਂ ਵਿਚ ਦੂਰੀ ਨੂੰ ਨਾਪਣ ਦਾ ਢੰਗ ਸੀ। ਕੋਹ ਤੋਂ ਪਿੱਛੋਂ ਦੂਰੀ ਮੀਲਾਂ ਨਾਲ ਨਾਪੀ ਜਾਣ ਲੱਗੀ। ਹੁਣ ਦੂਰੀ ਕਿਲੋਮੀਟਰ ਨਾਲ ਨਾਪੀ ਜਾਂਦੀ ਹੈ।) ਏਸੇ ਲਈ ਕਈ ਇਲਾਕਿਆਂ ਵਿਚ ਸਗਲੇ ਮੁਟਿਆਰ ਕੁੜੀਆਂ ਪਾਉਂਦੀਆਂ ਹੁੰਦੀਆਂ ਸਨ।
ਹੁਣ ਸਗਲੇ ਨਾ ਛੋਟੇ ਮੁੰਡੇ ਪਾਉਂਦੇ ਹਨ ਅਤੇ ਨਾ ਹੀ ਮੁਟਿਆਰਾਂ ਪਾਉਂਦੀਆਂ ਹਨ। ਹੁਣ ਸਗਲੇ ਪਾਉਣ ਦਾ ਰਵਾਜ ਖ਼ਤਮ ਹੋ ਗਿਆ ਹੈ |[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.