ਸਮੱਗਰੀ 'ਤੇ ਜਾਓ

ਸਟ੍ਰੇਂਜਰ ਥਿੰਗਜ਼ (ਬਾਬ 4)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਸਟ੍ਰੇਂਜਰ ਥਿੰਗਜ਼
Season 4
ਤਸਵੀਰ:Stranger Things season 4.jpg
Promotional poster
Starring
  • ਵਿਨੋਨਾ ਰਾਈਡਰ
  • ਡੇਵਿਡ ਹਾਰਬਰ
  • ਮਿਲੀ ਬੌਬੀ ਬ੍ਰਾਊਨ
  • ਫਿਨ ਵੁਲਫ਼ਹਾਰਡ
  • ਗੇਟਨ ਮਟਰਾਟਜ਼ੋ
  • ਕੇਲਬ ਮੈੱਕਲੌਗ੍ਹਲਿਨ
  • ਨੋਆਹ ਛਨੈੱਪ
  • ਸੇਡੀ ਸਿੰਕ
  • ਨੈਟੈਲੀਆ ਡਾਇਰ
  • ਚਾਰਲੀ ਹੀਟਨ
  • ਜੋ ਕੀਰੀ
  • ਮਾਯਾ ਹੌਕ
  • ਬ੍ਰੈੱਟ ਗੈੱਲਮੈਨ
  • ਪ੍ਰਿਆਹ ਫਰਗੁਸੌਨ
  • ਮੈਥਿਊ ਮੋਡੀਨ
  • ਪੌਲ ਰੀਜ਼ਰ
Country of originਸੰਯੁਕਤ ਰਾਜ ਅਮਰੀਕਾ
No. of episodes9
Release
Original networkਨੈੱਟਫਲਿਕਸ
Original releaseਮਈ 27, 2022 (2022-05-27) –
ਜੁਲਾਈ 1, 2022 (2022-07-01)

ਅਮਰੀਕੀ ਟੈਲੀਵਿਜ਼ਨ ਲੜ੍ਹੀ ਸਟ੍ਰੇਂਜਰ ਥਿੰਗਜ਼ ਦਾ ਚੌਥਾ ਬਾਬ ਜਿਸਦਾ ਨਾਂਮ ਸਟ੍ਰੇਂਜਰ ਥਿੰਗਜ਼ 4 ਹੈ, ਨੈੱਟਫਲਿਕਸ 'ਤੇ ਦੋ ਭਾਗਾਂ ਵਿੱਚ ਜਾਰੀ ਕੀਤੀ ਗਈ, ਜਿਸ ਵਿੱਚੋਂ ਪਹਿਲਾ ਭਾਗ 27 ਮਈ, 2022 ਨੂੰ ਜਾਰੀ ਹੋਇਆ, ਅਤੇ ਦੂਜਾ ਭਾਗ ਪੰਜ ਹਫ਼ਤਿਆਂ ਬਾਅਦ 1 ਜੁਲਾਈ, 2022 ਨੂੰ। ਚੌਥੇ ਬਾਬ ਦੀ ਕਹਾਣੀ, ਤੀਜੇ ਬਾਬ ਦੀਆਂ ਵਾਰਦਾਤਾਂ ਤੋਂ ਨੌਂ ਮਹੀਨੇ ਬਾਅਦ ਦੀ ਹੈ , ਜਿਸ ਵਿੱਚ ਕਈ ਲੜ੍ਹੀਵਾਰ ਕ਼ਤਲ ਹੁੰਦੇ ਹਨ, ਜਿਨ੍ਹਾਂ ਦਾ ਬੰਨ੍ਹ ਅੱਪਸਾਈਡ ਡਾਊਨ ਨਾਲ਼ ਜੁੜਿਆ ਹੋਇਆ ਹੈ ਅਤੇ ਜਿਸ ਕਾਰਣ ਹੌਕਿੰਜ਼ ਦੇ ਸਾਰੇ ਵਸਨੀਕ ਸਹਿਮ ਜਾਂਦੇ ਹਨ।

ਇਸ ਬਾਬ ਵਿੱਚ ਕੁੱਲ ਨੌਂ ਐਪੀਸੋਡਜ਼ ਹਨ, ਜਿਹਨਾਂ ਨੂੰ ਲੜ੍ਹੀ ਦੇ ਸਿਰਜਣਹਾਰ ਡੱਫ਼ਰ ਬ੍ਰਦਰਜ਼ ਨੇ ਸ਼ੌਨ ਲੈਵੀ, ਡੈਨ ਕੋਹੈੱਨ, ਈਅਨ ਪੈਟਰਸਨ ਅਤੇ ਕਰਟਿਸ ਗ੍ਵਿੱਨ ਨਾਲ਼ ਰਲ਼ ਕੇ ਸਿਰਜਿਆ ਹੈ। ਲੜ੍ਹੀ ਦੇ ਪੁਰਾਣੇ ਅਦਾਕਾਰਾਂ ਵਿੱਚੋਂ ਵਿਨੋਨਾ ਰਾਈਡਰ, ਡੇਵਿਡ ਹਾਰਬਰ, ਮਿਲੀ ਬੌਬੀ ਬ੍ਰਾਊਨ, ਫਿਨ ਵੁਲਫ਼ਹਾਰਡ, ਗੇਟਨ ਮਟਰਾਟਜ਼ੋ, ਕੇਲਬ ਮੈੱਕਲੌਗ੍ਹਲਿਨ, ਨੋਆਹ ਛਨੈੱਪ, ਸੇਡੀ ਸਿੰਕ, ਨੈਟੈਲਿਆ ਡਾਇਰ, ਚਾਰਲੀ ਹੀਟਨ, ਜੋ ਕੀਰੀ, ਮਾਯਾ ਹੌਕ, ਪ੍ਰਿਆਹ ਫਰਗੁਸੌਨ, ਬ੍ਰੈੱਟ ਗੈਲਮੈਨ, ਮੈਥਿਊ ਮੋਡੀਨ, ਅਤੇ ਪੌਲ ਰੀਜ਼ਰ ਸ਼ਾਮਲ ਹਨ। ਇਸਦੇ ਨਾਲ਼ ਹੀ ਨਾਲ਼ ਜੇਮੀ ਕੈਂਪਬੈੱਲ ਬੋਅਰ, ਜੋਸਫ਼ ਕੁਇਨ, ਐਡੁਆਰਡੋ ਫ੍ਰੈਂਕੋ, ਕਾਰਾ ਬੁਔਨੋ, ਟੌਮ ਵਲਾਸਚਿਹਾ ਅਤੇ ਮੇਸਨ ਡਾਇ ਨੇ ਕਈ ਛੋਟੇ ਕਿਰਦਾਰ ਕੀਤੇ ਹਨ।

ਬਾਬ ਦੇ ਪਹਿਲੇ ਸੱਤ ਐਪੀਸੋਡਜ਼ ਨੂੰ ਦਰਸ਼ਕਾਂ ਵੱਲੋਂ ਤਕਰੀਬਨ ਵਧੀਆ ਹੁੰਗਾਰਾ ਮਿਲਿਆ ਹੈ, ਅਤੇ ਨਾਲ਼ ਹੀ ਨਾਲ਼ ਬੋਅਰ, ਕੁਇਨ, ਅਤੇ ਸਿੰਕ ਦੇ ਕੰਮ ਦੀ ਬਥੇਰੀ ਉਸਤਤ ਕੀਤੀ ਗਈ।

ਸਾਰ

[ਸੋਧੋ]

ਮਾਰਚ 1986 ਵਿੱਚ, ਵੱਖ-ਵੱਖ ਹੋ ਗਏ ਦੋਸਤਾਂ ਦੇ ਟੋਲੇ ਨੂੰ ਇੱਕ ਵਾਰ ਮੁੜ੍ਹ ਇੱਕ ਅਲੌਕਿਕ ਖ਼ਤਰੇ ਦਾ ਟਾਕਰਾ ਕਰਨਾ ਪਿਆ, ਜਿਸਦਾ ਨਾਂਮ ਵੈੱਕਨਾ ਹੈ ਜੋ ਕਿ ਹੌਕਿੰਜ਼ ਵਿੱਚ ਵਿਖਾਈ ਦਿੰਦਾ ਹੈ। ਤਿਚਰ, ਜੌਇਸ ਬਾਇਰਜ਼ ਅਤੇ ਮੱਰੇ ਬਾਉਮੈਨ, ਜਿਮ ਹੌਪਰ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਹ ਕਾਮਚਟਕਾ, ਰੂਸ ਦੀ ਇੱਕ ਕੈਦ਼ ਵਿੱਚੋਂ ਫ਼ਰਾਰ ਹੋ ਸਕੇ। ਇਸ ਬਾਬ ਦੀ ਕਹਾਣੀ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਹੈ।

ਪਹਿਲੀ ਕਹਾਣੀ ਹੈ ਹੌਕਿੰਜ਼ ਦੀ ਹੈ ਜਿਸ ਵਿੱਚ ਡਸਟਿਨ, ਮੈਕਸ, ਐਰਿਕਾ, ਸਟੀਵ, ਨੈਂਸੀ, ਰੌਬਿਨ ਅਤੇ ਲੂਕਸ ਸ਼ਾਮਲ ਹਨ। ਕਈ ਨੌਜਵਾਨ ਬੱਚੇ ਇੱਕ ਰਹੱਸਮਈ ਢੰਗ ਨਾਲ਼ ਮਾਰੇ ਜਾਂਦੇ ਹਨ। ਐੱਡੀ, ਹੈੱਲਫ਼ਾਇਰ ਕਲੱਬ ਦਾ ਮੁੱਖੀ, ਕ਼ਤਲ ਕਰਨ ਦੇ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ ਅਤੇ ਜੇਸਨ ਅਤੇ ਸਕੂਲ ਦੀ ਅਥਲੈਟਿਕ ਟੀਮ ਵੱਲੋਂ ਉਸ ਨੂੰ ਲੱਭਿਆ ਜਾਂਦਾ ਹੈ, ਕਿਉਂਕਿ ਜੇਸਨ ਦਾ ਮੰਨਣਾ ਹੈ ਕਿ ਐੱਡੀ ਨੇ ਉਸਦੀ ਗਰਲਫ੍ਰੈਂਡ ਨੂੰ ਸ਼ੈਤਾਨ ਦੀਆਂ ਸ਼ਕਤੀਆਂ ਨਾਲ਼ ਮਾਰਿਆ ਹੈ। ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਕਾਤਲ ਹੋਰ ਕੋਈ ਨਹੀਂ ਬਲਕਿ ਵੈੱਕਨਾ ਹੈ, ਜੋ ਕਿ ਇੱਕ ਸ਼ਕਤੀਸ਼ਾਲੀ ਹਸਤੀ ਹੈ ਜਿਹੜੀ ਕਿ ਅੱਪਸਾਈਡ ਡਾਊਨ ਵਿੱਚ ਵੱਸਦੀ ਹੈ ਅਤੇ ਉਹ ਆਪਣੀ ਤਫ਼ਤੀਸ਼ ਵਿੱਚ ਜੁੱਟ ਜਾਂਦੇ ਹਨ।

ਦੂਜੀ ਕਹਾਣੀ ਵਿੱਚ ਮਾਈਕ; ਇਲੈਵਨ, ਵਿੱਲ, ਅਤੇ ਜੌਨੈਥਨ ਨੂੰ ਉਹਨਾਂ ਦੇ ਨਵੇਂ ਘਰ ਮਿਲਣ ਜਾਂਦਾ ਹੈ ਜੋ ਕਿ ਕੈਲੀਫ਼ੋਰਨੀਆ ਵਿੱਚ ਹੈ। ਹੌਕਿੰਜ਼ ਵਿੱਚ ਜੋ ਕੁੱਝ ਵਾਪਰ ਰਿਹਾ ਹੈ, ਉਸ ਕਾਰਣ ਇਲੈਵਨ ਨੂੰ ਡੌਕਟਰ ਬ੍ਰੈੱਨਰ ਅਤੇ ਓਵਨਜ਼ ਇੱਕ ਖੂਫ਼ੀਆ ਥਾਂ 'ਤੇ ਲੈਅ ਜਾਂਦੇ ਹਨ ਤਾਂ ਕਿ ਉਹ ਮੁੜ੍ਹ ਆਪਣੀਆਂ ਕਾਬਲੀਅਤਾਂ ਹਾਸਲ ਕਰ ਸਕੇ, ਜਿਚਰ ਮਾਈਕ, ਵਿੱਲ, ਜੌਨੈਥਨ, ਅਤੇ ਜੌਨੈਥਨ ਦਾ ਦੋਸਤ ਆਰਗਾਇਲ, ਇਲੈਵਨ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ।

ਤੀਜੀ ਕਹਾਣੀ ਜੌਇਸ ਅਤੇ ਮੱਰੇ 'ਤੇ ਕੇਂਦਰਿਤ ਹੈ ਜਿਹਨਾਂ ਨੂੰ ਪਤਾ ਲੱਗਦਾ ਹੈ ਕਿ ਹੌਪਰ ਸ਼ਾਇਦ ਹਜੇ ਵੀ ਜੀਉਂਦਾ ਹੈ ਅਤੇ ਉਹਨਾਂ ਨੂੰ 40 ਹਜ਼ਾਰ ਅਮਰੀਕੀ ਡਾਲਰ ਲਿਆਉਣ ਲਈ ਕਿਹਾ ਜਾਂਦਾ ਹੈ ਤਾਂ ਕਿ ਉਹ ਹੌਪਰ ਨੂੰ ਅਜ਼ਾਦ ਕਰਵਾ ਸਕਣ। ਤਿਚਰ, ਹੌਪਰ ਨੂੰ ਇੱਕ ਰੂਸੀ ਕੈਦ ਵਿੱਚ ਰੱਖਿਆ ਗਿਆ ਹੈ ਜੋ ਕਿ ਕਮਚਾਟਕਾ ਵਿੱਚ ਹੈ ਅਤੇ ਉਸ ਨੂੰ ਡੈੱਮੋਗੌਰਗਨ ਨਾਲ਼ ਲੜਨ ਲਈ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਰੂਸੀਆਂ ਨੇ ਕ਼ਾਬੂ ਕੀਤਾ ਹੋਇਆ ਹੈ।

ਅਦਾਕਾਰ ਅਤੇ ਕਿਰਦਾਰ

[ਸੋਧੋ]

ਮੁੱਖ

[ਸੋਧੋ]
  • ਵਿਨੋਨਾ ਰਾਈਡਰ - ਜੌਇਸ ਬਾਇਰਜ਼
  • ਡੇਵਿਡ ਹਾਰਬਰ - ਜਿਮ ਹੌਪਰ
  • ਮਿਲੀ ਬੌਬੀ ਬ੍ਰਾਊਨ - ਇਲੈਵਨ / ਜੇਨ ਹੌਪਰ
  • ਮਾਰਟੀ ਬਲੇਅਰ - ਛੋਟੀ ਇਲੈਵਨ
  • ਫਿਨ ਵੁਲਫ਼ਹਾਰਡ - ਮਾਈਕ ਵ੍ਹੀਲਰ
  • ਗੇਟਨ ਮਟਰਾਟਜ਼ੋ - ਡਸਟਿਨ ਹੈਂਡਰਸਨ
  • ਕੇਲਬ ਮੈੱਕਲੌਗ੍ਹਲਿਨ - ਲੂਕਸ ਸਿੰਕਲੇਅਰ
  • ਨੋਆਹ ਛਨੈੱਪ - ਵਿੱਲ ਬਾਇਰਜ਼
  • ਸੇਡੀ ਸਿੰਕ - ਮੈਕਸ ਮੇਫੀਲਡ
  • ਨੈਟੈਲੀਆ ਡਾਇਰ - ਨੈਂਸੀ ਵ੍ਹੀਲਰ
  • ਚਾਰਲੀ ਹੀਟਨ - ਜੌਨੈਥਨ ਬਾਇਰਜ਼
  • ਜੋ ਕੀਰੀ - ਸਟੀਵ ਹੈਰਿੰਗਟਨ
  • ਮਾਯਾ ਹੌਕ - ਰੌਬਿਨ ਬੱਕਲੇ
  • ਬ੍ਰੈੱਟ ਗੈੱਲਮੈਨ - ਮੱਰੇ ਬਾਉਮੈਨ
  • ਪ੍ਰਿਆਹ ਫਰਗੁਸੌਨ - ਐਰਿਕਾ ਸਿੰਕਲੇਅਰ
  • ਮੈਥਿਊ ਮੋਡੀਨ - ਮਾਰਟਿਨ ਬ੍ਰੈੱਨਰ
  • ਪੌਲ ਰੀਜ਼ਰ - ਸੈਮ ਓਵਨਜ਼

ਛੋਟੇ ਕਿਰਦਾਰ

[ਸੋਧੋ]
  • ਜੋ ਕ੍ਰੈੱਸਟ - ਟੈੱਡ ਵ੍ਹੀਲਰ
  • ਮੈਟੀ ਕਾਰਡੈਰੋਪਲ - ਕੀਥ
  • ਕੇਥ੍ਰੀਨ ਕਰਟਿਨ - ਕਲੌਡੀਆ ਹੈਂਡਰਸਨ
  • ਟੌਮ ਵਲਾਸਚਿਹਾ - ਦਮੀਤ੍ਰੀ "ਐਂਜ਼ੋ" ਐਂਤੋਨੋਵ
  • ਨਿਕੋਲਾ ਡਰਿਕੋ - ਯੂਰੀ
  • ਗੈਬ੍ਰੀਐਲਾ ਪਿੱਜ਼ੋਲੋ - ਸੂਜ਼ੀ
  • ਰੌਬ ਮੌਰਗਨ - ਔਫ਼ੀਸਰ ਪੋਵੈੱਲ
  • ਜੌਨ ਰੇਨਲਡਸ - ਔਫ਼ੀਸਰ ਕੈਲਾਹੈਨ
  • ਸ਼ਰਮੈਨ ਔਗਸਟਸ - ਲੈਫਟੀਨੈਂਟ ਕਰਨਲ ਸੁਲੀਵਾਨ
  • ਮੇਸਨ ਡਾਇ - ਜੇਸਨ ਕਾਰਵਰ
  • ਮਾਇਲਸ ਟ੍ਰੂਇੱਟ - ਪੈਟ੍ਰਿਕ ਮੈੱਕਿਨੀ
  • ਕਲੇਟਨ ਰੌਇਲ ਜੌਹਨਸਨ - ਐਂਡੀ
  • ਟ੍ਰਿਸਟਨ ਸਪੋਹਨ - ਟੂ
  • ਕ੍ਰਿਸਟਿਅਨ ਗੈਨੀਰਿ - ਟੈੱਨ
  • ਰੈਜਿਨਾ ਟਿੰਗ ਚੈੱਨ - ਮਿਸ ਕੈੱਲੀ
  • ਇਲੋਡੀ ਗ੍ਰੇਸ ਓਰਕਿਨ - ਐਂਜੇਲਾ
  • ਲੋਗਨ ਐੱਲਨ - ਜੇਕ
  • ਹੰਟਰ ਰੋਮੈਨਿੱਲੋਸ - ਚੈਂਸ
  • ਪਾਸ਼ਾ ਡੀ. ਲਿਚਨਿਕੌਫ਼ - ਓਲੈੱਗ
  • ਵਿਆਦੋਤਾਸ ਮਾਰਤੀਨਾਇਤਿਸ - ਵੌਰਡਨ ਮੈਲਨਿਕੋਵ
  • ਨਿਕੋਲਾਈ ਨਿਕੋਲੈੱਫ਼ - ਇਵਾਨ

ਹੋਰ

[ਸੋਧੋ]
  • ਜੇਮੀ ਕੈਂਪਬੈਲ ਬੋਅਰ - ਹੈੱਨ੍ਰੀ ਕ੍ਰੀਲ / ਵਨ / ਵੈੱਕਨਾ
  • ਰਾਫ਼ੈੱਲ ਲੂਸ - ਛੋਟਾ ਹੈੱਨ੍ਰੀ ਕ੍ਰੀਲ
  • ਕਾਰਾ ਬੁਔਨੋ - ਕੇਰਨ ਵ੍ਹੀਲਰ
  • ਐਡੁਆਰਡੋ ਫ੍ਰੈਂਕੋ - ਆਰਗਾਇਲ
  • ਜੋਲੈੱਫ਼ ਕੁਇੱਨ - ਐੱਡੀ ਮਨਸਨ

ਮਹਿਮਾਨ

[ਸੋਧੋ]
  • ਰੌਬਰਟ ਇੰਗਲੰਡ - ਵਿਕਟਰ ਕ੍ਰੀਲ
  • ਕੈਵਿਨ ਐੱਲ. ਜੌਹਨਸਨ - ਛੋਟਾ ਵਿਕਟਰ ਕ੍ਰੀਲ
  • ਡੇਕਰ ਮੌਂਟਗਮਰੀ - ਬਿਲੀ ਹਾਰਗ੍ਰੋਵ
  • ਐਮੀਬੈੱਥ ਮੈੱਕਨਲਟੀ - ਵਿੱਕੀ
  • ਗ੍ਰੇਸ ਵੈਨ ਡਿਐਨ - ਕ੍ਰਿਸੀ ਕਨਿੰਗ੍ਹਮ
  • ਜੋਲ ਸਟੌਫ਼ਰ - ਵੇਨ ਮਨਸਨ
  • ਟਾਇਨਰ ਰਸ਼ਿੰਗ - ਵਰਜਿਨੀਆ ਕ੍ਰੀਲ
  • ਲਿਵੀ ਬਰਚ - ਐਲਿਸ ਕ੍ਰੀਲ
  • ਲੋਗਨ ਰਾਇਲੀ ਬ੍ਰਨਰ - ਫ੍ਰੈੱਡ ਬੈੱਨਸਨ
  • ਐੱਡ ਅਮਾਰਟ੍ਰੂਡੋ - ਡਾਇਰੈਕਟਰ ਹੈਚ
  • ਔਡ੍ਰੇ ਹੋਲਕੌਂਬ - ਈਡਨ

ਐਪੀਸੋਡਸ

[ਸੋਧੋ]

ਭਾਗ - 1

[ਸੋਧੋ]

1. "ਚੈਪਟਰ ਵਨ: ਦ ਹੈੱਲਫਾਇਰ ਕਲੱਬ"

[ਸੋਧੋ]

ਵਰ੍ਹੇ 1979 ਵਿੱਚ, ਡੌਕਟਰ ਬ੍ਰੈੱਨਰ ਕੁੱਝ ਬੱਚਿਆਂ 'ਤੇ ਪ੍ਰਯੋਗ ਕਰ ਰਿਹਾ ਹੈ ਜਿਹਨਾਂ ਕੋਲ ਅਲੌਕਿਕ ਕਾਬਲੀਅਤਾਂ ਹਨ, ਪਰ ਇੱਕ ਰਹੱਸਮਈ ਵਾਰਦਾਤ ਤੋਂ ਬਾਅਦ ਇਲੈਵਨ ਨੂੰ ਛੱਡ ਕੇ ਸਾਰੇ ਬੱਚੇ ਮਰ ਜਾਂਦੇ ਹਨ। 1986 ਵਿੱਚ — ਸਟਾਰਕੋਰਟ ਮੌਲ ਦੀ ਵਾਰਦਾਤ ਦੇ ਅੱਠ ਮਹੀਨੇ ਪਿੱਛੋਂ — ਜੌਇਸ, ਵਿੱਲ, ਜੌਨੈਥਨ, ਅਤੇ ਇਲੈਵਨ ਕੈਲੀਫ਼ੋਰਨੀਆ ਚਲੇ ਜਾਂਦੇ ਹਨ, ਜਿੱਥੇ ਇਲੈਵਨ ਨੂੰ ਆਪਣੀਆਂ ਕਾਬਲੀਅਤਾਂ ਗਵਾਉਣ ਮਗਰੋਂ ਜੱਦੋ-ਜਹਿਦ ਕਰਨੀ ਪੈਂਦੀ ਹੈ ਅਤੇ ਸਕੂਲ ਦੇ ਬਾਕੀ ਬੱਚੇ ਉਸ ਨੂੰ ਨਿੱਤ ਪ੍ਰੇਸ਼ਾਨ ਕਰਦੇ ਹਨ। ਜੌਇਸ ਨੂੰ ਇੱਕ ਡਾਕ ਵਿੱਚ ਇੱਕ ਪੋਰਸਿਲੇਨ ਗੁੱਡੀ ਮਿਲ਼ਦੀ ਹੈ, ਜੋ ਕਿ ਰੂਸ ਤੋਂ ਆਈ ਹੋਈ ਲੱਗਦੀ ਹੈ, ਅਤੇ ਇੱਕ ਖੂਫ਼ੀਆ ਸੁਨੇਹਾ ਵੀ ਮਿਲ਼ਦਾ ਹੈ ਕਿ ਹੌਪਰ ਜਿਊਂਦਾ ਹੈ। ਹੌਕਿੰਜ਼ ਵਿੱਚ, ਮਾਈਕ ਅਤੇ ਡਸਟਿਨ ਹੁਣ ਆਪਣੇ ਸਕੂਲ ਦੇ "ਹੈੱਲਫਾਇਰ ਕਲੱਬ" ਦਾ ਹਿੱਸਾ ਹਨ, ਜੋ ਕਿ ਇੱਕ ਡੰਜੰਜ਼ ਐਂਡ ਡ੍ਰੈਗੰਜ਼ ਕਲੱਬ ਹੈ ਜਿਸਦਾ ਮੁੱਖੀ ਐੱਡੀ ਮਨਸਨ ਹੈ। ਕਲੱਬ ਦਾ ਹਿੱਸਾ ਹੋਣ ਕਾਰਣ, ਉਹ ਲੂਕਸ ਦਾ ਬਾਸਕਿਟਬਾਲ ਚੈਂਪੀਅਨਸ਼ਿਪ ਮੁਕਾਬਲਾ ਨਹੀਂ ਦੇਖ ਪਾਉਂਦੇ। ਮੈਕਸ, ਜਿਸ ਨੇ ਲੂਕਸ ਨਾਲ ਬ੍ਰੇਕ-ਅੱਪ ਕਰ ਲਿਆ ਹੈ, ਉਹ ਬਿਲੀ ਦੀ ਮੌਤ ਨੂੰ ਸਵੀਕਾਰ ਨਹੀਂ ਕਰ ਪਾ ਰਹੀ। ਕ੍ਰਿੱਸੀ ਕਨਿੰਗ੍ਹਮ, ਇੱਕ ਵਿਦਿਆਰਥਣ ਜੋ ਕਿ ਚੀਅਰਲੀਡਿੰਗ ਟੀਮ ਦਾ ਹਿੱਸਾ ਹੈ, ਉਸ ਨੂੰ ਆਪਣੇ ਟੱਬਰ ਅਤੇ ਇੱਕ ਘੈਂਟਾ-ਘੜੀ ਦੇ ਦ੍ਰਿਸ਼ ਦਿਸਦੇ ਹਨ ਜੋ ਕਿ ਉਸ ਲਈ ਬਹੁਤ ਡਰੌਣੇ ਹਨ। ਐੱਡੀ ਕੋਲ਼ੋਂ ਨਸ਼ੇ ਖਰੀਦ ਦੇ ਵੇਲੇ, ਕ੍ਰਿੱਸੀ ਇੱਕ ਮਨੁੱਖੀ ਅਕਾਰ ਦੇ ਜੰਤ ਦੇ ਮਕਬੂਜ਼ੇ ਵਿੱਚ ਆ ਜਾਂਦੀ ਹੈ ਅਤੇ ਉਹ ਉਸਨੂੰ ਮਾਰ ਦਿੰਦਾ ਹੈ।

2. "ਚੈਪਟਰ ਟੂ: ਵੈੱਕਨਾਜ਼ ਕਰਸ"

[ਸੋਧੋ]

ਸਟਾਰਕੋਰਟ ਮੌਲ ਦੇ ਥੱਲੇ ਹੋਏ ਧਮਾਕੇ ਤੋਂ ਹੌਪਰ ਕਿਸੀ ਤਰ੍ਹਾਂ ਬਚ ਜਾਂਦਾ ਹੈ, ਪਰ ਸੋਵੀਅਤ ਫੌਜੀ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲੈਂਦੇ ਹਨ ਅਤੇ ਉਸ ਨੂੰ ਕਮਚਾਟਕਾ ਦੀ ਇੱਕ ਕੈਦ ਵਿੱਚ ਭੇਜ ਦਿੰਦੇ ਹਨ। ਜੌਇਸ ਅਤੇ ਮੱਰੇ ਉਸ ਫ਼ੋਨ ਨੰਬਰ 'ਤੇ ਫ਼ੋਨ ਲਗਾਉਂਦੇ ਹਨ ਜੋ ਕਿ ਉਸ ਨੂੰ ਉਸ ਖੂਫ਼ੀਆ ਸੁਨੇਹੇ ਵਿੱਚ ਲਿਖਿਆ ਮਿਲਿਆ ਸੀ ਅਤੇ ਉਹ ਫ਼ੋਨ 'ਤੇ ਦਮੀਤ੍ਰੀ ਆਂਤੋਨੋਵ ਨਾਲ਼ ਗੱਲ ਕਰਦੇ ਹਨ ਜੋ ਕਿ ਕੈਦ ਦਾ ਇੱਕ ਸੁਰੱਖਿਆ ਕਰਮੀ ਹੈ, ਜਿਸ ਨੂੰ ਹੌਪਰ ਨੇ ਰਿਸ਼ਵਤ ਦੇ ਕੇ ਆਪਣੇ ਵੱਲ ਕਰ ਲਿਆ ਹੈ। ਆਂਤੋਨੋਵ, ਜੌਇਸ ਅਤੇ ਮੱਰੇ ਨੂੰ ਅਲਾਸਕਾ ਵਿੱਚ ਇੱਕ ਆਪਣੇ ਬੰਦੇ ਨੂੰ 40,000 ਅਮਰੀਕੀ ਡਾਲਰ ਦੇਣ ਲਈ ਆਖਦਾ ਹੈ। ਮਾਈਕ, ਇਲੈਵਨ ਨੂੰ ਮਿਲਣ ਵਾਸਤੇ ਕੈਲੀਫ਼ੋਰਨੀਆ ਜਾਂਦਾ ਹੈ, ਜਿੱਥੇ ਮਾਈਕ ਅਤੇ ਵਿੱਲ ਨੂੰ ਪਤਾ ਲੱਗਦਾ ਹੈ ਕਿ ਇਲੈਵਨ ਨੂੰ ਇੱਕ ਐਂਜੇਲਾ ਨਾਂਮ ਦੀ ਕੁੜੀ ਪ੍ਰੇਸ਼ਾਨ ਕਰਦੀ ਹੈ; ਜਦੋਂ ਐਂਜੇਲਾ ਹੱਦ ਪਾਰ ਕਰ ਦਿੰਦੀ ਹੈ ਤਾਂ ਇਲੈਵਨ ਗੁੱਸੇ ਵਿੱਚ ਆ ਕੇ ਐਂਜੇਲਾ ਦੇ ਮੱਥੇ 'ਤੇ ਰੋਲਰ ਸਕੇਟ ਮਾਰ ਦਿੰਦੀ ਹੈ। ਮੈਕਸ, ਡਸਟਿਨ ਨੂੰ ਦੱਸਦੀ ਹੈ ਕਿ ਉਸ ਨੇ ਐੱਡੀ ਨੂੰ ਨੱਠਦੇ ਹੋਏ ਦੇਖਿਆ, ਜਿਸ ਰਾਤ ਕ੍ਰਿਸੀ ਮਰੀ ਸੀ। ਸਟੀਵ ਅਤੇ ਰੌਬਿਨ ਨਾਲ ਰਲ਼ ਕੇ ਮੈਕਸ ਅਤੇ ਡਸਟਿਨ, ਐੱਡੀ ਨੂੰ ਲੱਭਦੇ ਹਨ ਅਤੇ ਉਸ ਨੂੰ ਅੱਪਸਾਈਡ ਡਾਊਨ ਬਾਰੇ ਸਾਰਾ ਕੁੱਝ ਸਮਝਾਉਂਦੇ ਹਨ। ਜਿਸ ਜੰਤ ਨੇ ਕ੍ਰਿਸੀ ਨੂੰ ਮਾਰਿਆ ਸੀ ਉਸ ਨੂੰ ਐੱਡੀ ਅਤੇ ਡਸਟਿਨ "ਵੈੱਕਨਾ" ਨਾਂਮ ਦਿੰਦੇ ਹਨ। ਨੈਂਸੀ ਅਤੇ ਉਸਦਾ ਸਾਥੀ ਫ੍ਰੈੱਡ, ਕ੍ਰਿਸੀ ਦੀ ਮੌਤ ਦੀ ਪੜਤਾਲ ਕਰਦੇ ਹਨ; ਐੱਡੀ ਦੇ ਚਾਚੇ ਦਾ ਮੰਨਣਾ ਹੈ ਕਿ ਕ੍ਰਿਸੀ ਨੂੰ ਵਿਕਟਰ ਕ੍ਰੀਲ ਨੇ ਮਾਰਿਆ ਹੈ, ਜੋ ਕਿ ਇੱਕ ਹੌਕਿੰਜ਼ ਦਾ ਵਸਨੀਕ ਹੈ ਅਤੇ ਉਸ ਨੂੰ ਪਾਗਲਖ਼ਾਨੇ ਵਿੱਚ ਭਰਤੀ ਕਰਾਉਣਾ ਪਿਆ ਸੀ, ਕਿਉਂਕਿ ਮੰਨਿਆ ਜਾਂਦਾ ਹੈ ਕਿ ਉਸ ਨੇ 1950 ਦੇ ਦਹਾਕੇ ਵਿੱਚ ਆਪਣੇ ਪੂਰੇ ਟੱਬਰ ਦਾ ਕ਼ਤਲ ਕਰ ਦਿੱਤਾ ਸੀ। ਫ੍ਰੈੱਡ ਕਿਸੀ ਕਾਰਣ ਜੰਗਲ਼ ਵੱਲ ਖਿੱਚਿਆ ਚਲਾ ਜਾਂਦਾ ਹੈ ਅਤੇ ਉਸ ਨੂੰ ਆਪਣੇ ਦਿਮਾਗ ਵਿੱਚ ਇੱਕ ਕੁੜੀ ਦੇ ਦ੍ਰਿਸ਼ ਦਿਸਦੇ ਹਨ, ਜਿਸ ਨੂੰ ਉਸ ਨੇ ਗ਼ਲਤੀ ਨਾਲ਼ ਮਾਰ ਦਿੱਤਾ ਸੀ ਅਤੇ ਇਸ ਤੋਂ ਕੁੱਝ ਸਮੇਂ ਬਾਅਦ ਵੈੱਕਨਾ ਫ੍ਰੈੱਡ ਨੂੰ ਵੀ ਮਾਰ ਦਿੰਦਾ ਹੈ।

3. "ਚੈਪਟਰ ਥ੍ਰੀ: ਦ ਮੌਂਸਟਰ ਐਂਡ ਦ ਸੂਪਰਹੀਰੋ"

[ਸੋਧੋ]

ਸੈਮ ਓਵਨਜ਼ ਨੂੰ ਮਿਲਣ ਲਈ ਅਮਰੀਕੀ ਫ਼ੌਜ ਦਾ ਲੈਫਟੀਨੈਂਟ ਕਰਨਲ ਜੈਕ ਸੁਲੀਵਾਨ ਉਸ ਕੋਲ਼ ਜਾਂਦਾ ਹੈ, ਸੁਲੀਵਾਨ ਦਾ ਮੰਨਣਾ ਹੈ ਕਿ ਕ੍ਰਿੱਸੀ ਦੀ ਮੌਤ ਦੀ ਜ਼ਿੰਮੇਵਾਰ ਇਲੈਵਨ ਹੈ। ਇਲੈਵਨ ਨੂੰ ਐਂਜਲਾ 'ਤੇ ਹਮਲਾ ਕਰਨ ਲਈ ਗਿਰਫ਼ਤਾਰ ਕਰ ਲਿਆ ਜਾਂਦਾ ਹੈ ਪਰ ਓਵਨਜ਼ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲੈਂਦਾ ਹੈ, ਜੋ ਕਿ ਉਸ ਨੂੰ ਦੱਸਦਾ ਹੈ ਕਿ ਹੌਕਿੰਜ਼ ਇੱਕ ਬਹੁਤ ਵੱਡੇ ਖ਼ਤਰੇ ਵਿੱਚ ਹੈ ਅਤੇ ਉਹ ਇੱਕ ਅਜਿਹੇ ਪ੍ਰੌਜੈਕਟ 'ਤੇ ਕੰਮ ਕਰਦਾ ਪਿਆ ਹੈ ਜੋ ਕਿ ਇਲੈਵਨ ਦੀਆਂ ਅਲੌਕਿਕ ਕਾਬਲੀਅਤਾਂ ਮੁੜ੍ਹ ਲਿਆਉਣ ਵਿੱਚ ਸਹਾਇਤਾ ਕਰੇਗਾ। ਇਲੈਵਨ ਓਵਨਜ਼ ਨਾਲ਼ ਜਾਣ ਲਈ ਮੰਨ ਜਾਂਦੀ ਹੈ। ਜੌਇਸ ਅਤੇ ਮੱਰੇ ਅਲਾਸਕਾ ਜਾਂਦੇ ਹਨ ਤਾਂ ਕਿ ਉਹ 40,000 ਅਮਰੀਕੀ ਡਾਲਰ ਦੇ ਕੇ ਹੌਪਰ ਨੂੰ ਛੁੱਡਾ ਸਕਣ। ਹੌਪਰ ਇੱਕ ਨਾਲ਼ ਦੇ ਕੈਦੀ ਨੂੰ ਹਥੌੜੇ ਦੀ ਸਹਾਇਤਾ ਨਾਲ਼ ਉਸਦੀ ਬੇੜੀਆਂ ਭੰਨਣ ਲਈ ਮੰਨਾ ਲੈਂਦਾ ਹੈ। ਨੈਂਸੀ ਅਤੇ ਰੌਬਿਨ ਲਾਇਬ੍ਰੇਰੀ ਜਾਂਦੀਆਂ ਹਨ ਤਾਂ ਕਿ ਉਹ ਵਿਕਟਰ ਕ੍ਰੀਲ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਣ ਅਤੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕ੍ਰੀਲ ਨੇ ਆਪਣੇ ਟੱਬਰ ਦੀ ਮੌਤ ਦਾ ਇਲਜਾਮ ਇੱਕ ਦੈਂਤ ਉੱਤੇ ਲਗਾਇਆ ਸੀ, ਜੋ ਕਿ ਨੈਂਸੀ ਅਤੇ ਰੌਬਿਨ ਦਾ ਮੰਨਣਾ ਹੈ ਕਿ ਵੈੱਕਨਾ ਹੀ ਸੀ। ਜੇਸਨ ਆਪਣੀ ਬਾਸਕਿਟਬਾਲ ਟੀਮ ਨਾਲ਼ ਐੱਡੀ ਨੂੰ ਲੱਭਣਾ ਸ਼ੁਰੂ ਕਰਦਾ ਹੈ, ਜਿਸਦਾ ਮੰਨਣਾ ਹੈ ਕਿ ਐੱਡੀ ਨੇ ਹੀ ਕ੍ਰਿੱਸੀ ਨੂੰ ਮਾਰਿਆ ਹੈ, ਪਰ ਲੂਕਸ ਉਨ੍ਹਾਂ ਨੂੰ ਛੱਡ ਕੇ ਚਲਿਆ ਜਾਂਦਾ ਹੈ। ਮੈਕਸ ਦੱਸਦੀ ਹੈ ਕਿ ਕ੍ਰਿੱਸੀ ਵੈੱਕਨਾ ਵੱਲੋਂ ਮਾਰੀ ਜਾਣ ਤੋਂ ਪਹਿਲਾਂ ਸਕੂਲ ਦੀ ਕਾਉਂਸਲਰ ਨੂੰ ਮਿਲ਼ਦੀ ਸੀ। ਉਹ ਕ੍ਰਿੱਸੀ ਅਤੇ ਫ੍ਰੈੱਡ ਦੀਆਂ ਫਾਈਲਾਂ ਕਾਉਂਸਲਰ ਦੇ ਦਫ਼ਤਰ ਵਿੱਚੋਂ ਚੋਰੀ ਕਰਦੀ ਹੈ ਅਤੇ ਪਤਾ ਲੱਗਦਾ ਹੈ ਕਿ ਉਨ੍ਹਾਂ ਦੋਵਾਂ ਨੂੰ ਮੈਕਸ ਦੇ ਵਾਂਗ ਹੀ ਪੀਟੀਐੱਸਡੀ ਦੇ ਲੱਛਣ ਸਨ। ਮੈਕਸ ਨੂੰ ਵੈੱਕਨਾ ਉਸਦਾ ਨਾਂਮ ਲੈਂਦਾ ਸੁਣਦਾ ਹੈ ਅਤੇ ਉਸ ਨੂੰ ਵੀ ਇੱਕ ਘੈਂਟਾ ਘੜ੍ਹੀ ਦਿਸਦੀ ਹੈ।

4. "ਚੈਪਟਰ ਫੋਰ: ਡੀਅਰ ਬਿਲੀ"

[ਸੋਧੋ]

ਜੌਇਸ ਅਤੇ ਮੱਰੇ, ਆਂਤੋਨੋਵ ਦੇ ਜਾਣਕਾਰ ਯੂਰੀ ਨੂੰ 40,000 ਅਮਰੀਕੀ ਡਾਲਰ ਦਿੰਦੇ ਹਨ, ਪਰ ਉਹ ਉਨ੍ਹਾਂ ਨੂੰ ਨਸ਼ਾ ਦੇ ਕੇ ਬੇਹੋਸ਼ ਕਰ ਦਿੰਦਾ ਹੈ, ਅਤੇ ਉਹ ਇਹ ਤਰਕੀਬ ਘੜ੍ਹਦਾ ਹੈ ਕਿ ਉਨ੍ਹਾਂ ਦੋਵਾਂ ਨੂੰ (ਅਤੇ ਹੌਪਰ ਅਤੇ ਆਂਤੋਨੋਵ ਨੂੰ) ਰੂਸੀਆਂ ਨੂੰ ਫ਼ੜਾ ਦੇਵੇਗਾ ਅਤੇ ਜਿਸ ਬਦਲੇ ਉਸ ਨੂੰ ਕਾਫ਼ੀ ਵੱਧ ਮੁਨਾਫਾ ਹਾਸਲ ਹੋਵੇਗਾ। ਹੌਪਰ ਕੈਦ ਵਿੱਚੋਂ ਭੱਜ ਜਾਂਦਾ ਹੈ ਪਰ ਉਸ ਨੂੰ ਕੁੱਝ ਸਮੇਂ ਬਾਅਦ ਮੁੜ੍ਹ ਫ਼ੜ ਲਿਆ ਜਾਂਦਾ ਹੈ। ਜੌਨੈਥਨ, ਮਾਈਕ ਅਤੇ ਵਿੱਲ, ਵੌਲੇਸ ਅਤੇ ਹੈਰਮਨ ਦੀ ਹਿਰਾਸਤ 'ਚੋਂ ਭੱਜਣ ਦੀ ਤਿਆਰੀ ਕਰਦੇ ਹਨ, ਜੋ ਕਿ ਓਵਨਜ਼ ਵੱਲੋਂ ਉਨ੍ਹਾਂ 'ਤੇ ਨਿਗਾਹ ਰੱਖਣ ਲਈ ਭੇਜੇ ਗਏ ਏਜੰਟ ਹਨ, ਪਰ ਉਨ੍ਹਾਂ ਦੇ ਘਰ 'ਤੇ ਹਥਿਆਰਾਂ ਨਾਲ਼ ਲੈਸ ਫੌਜੀ ਹਮਲਾ ਕਰ ਦਿੰਦੇ ਹਨ। ਜੌਨੈਥਨ ਦੇ ਦੋਜਤ ਆਰਗਾਇਲ ਦੀ ਸਹਾਇਤਾ ਨਾਲ਼ ਉਹ ਤਿੰਨੋਂ ਉੱਥੋਂ ਭੱਜਣ ਵਿੱਚ ਸਫ਼ਲ ਹੁੰਦੇ ਹਨ, ਪਰ ਹੈਰਮਨ ਫ਼ੌਜੀਆਂ ਨਾਲ਼ ਲੜਨ ਕਾਰਣ ਕਾਫ਼ੀ ਜ਼ਖ਼ਮੀ ਹੋ ਜਾਂਦਾ ਹੈ‌।‍‍‍ ਨੈਂਸੀ ਅਤੇ ਰੌਬਿਨ ਕੈਦ ਵਿੱਚ ਕੈਦ ਕੀਤੇ ਹੋਏ ਵਿਕਟਰ ਕ੍ਰੀਲ ਨਾਲ਼ ਗੱਲਬਾਤ ਕਰਦੇ ਹਨ, ਜੋ ਕਿ ਉਨ੍ਹਾਂ ਨੂੰ ਦੱਸਦਾ ਹੈ ਕਿ ਉਸ ਦੇ ਟੱਬਰ ਦੀ ਮੌਤ ਕੁੱਝ ਅਲੌਕਿਕ ਸ਼ਕਤੀਆਂ ਕਾਰਣ ਹੋਈ ਸੀ ਪਰ ਇਲਜਾਮ ਉਸ 'ਤੇ ਲੱਗੇ ਅਤੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਮੈਕਸ ਨੂੰ ਡਰ ਹੈ ਕਿ ਵੈੱਕਨਾ ਉਸ ਨੂੰ ਕਿਸੇ ਵੇਲੇ ਵੀ ਮਾਰ ਸਕਦਾ ਹੈ, ਇਸ ਲਈ ਉਹ ਆਪਣੇ ਟੱਬਰ ਅਤੇ ਦੋਸਤਾਂ ਲਈ ਖ਼ਤ ਲਿਖਦੀ ਹੈ ਅਤੇ ਕਬਰਸਤਾਨ ਜਾ ਕਿ ਬਿਲੀ ਦੀ ਕਬਰ ਕੋਲ਼ ਬਹਿ ਕੇ ਉਹ ਉਸ ਵੱਲੋਂ ਬਿਲੀ ਲਈ ਲਿਖਿਆ ਖ਼ਤ ਉਸ ਲਈ ਪੜ੍ਹਦੀ ਹੈ। ਉਹ ਥੋੜ੍ਹੇ ਹੀ ਸਮੇਂ ਬਾਅਦ ਵੈੱਕਨਾ ਦੇ ਮਕਬੂਜ਼ੇ ਵਿੱਚ ਆ ਜਾਂਦੀ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਉਹ ਵੈੱਕਨਾ ਦੇ ਦਿਮਾਗ ਦੇ ਅੰਦਰ ਇੱਕ ਕੁਰਬਾਨਗਾਹ 'ਤੇ ਹੈ। ਸਟੀਵ, ਡਸਟਿਨ ਅਤੇ ਲੂਕਸ ਨੂੰ ਨੈਂਸੀ ਅਤੇ ਰੌਬਿਨ ਤੋਂ ਪਤਾ ਲੱਗਦਾ ਹੈ ਕਿ ਸੰਗੀਤ ਸੁਣਨ ਨਾਲ਼ ਵੈੱਕਨਾ ਦਾ ਮੰਤਰ ਭੰਨਿਆ ਜਾ ਸਕਦਾ ਹੈ, ਅਤੇ ਫ਼ਿਰ ਉਝ ਮੈਕਸ ਦਾ ਪਸੰਦੀਦਾ ਗੀਤ "ਰਨਿੰਗ ਅੱਪ ਦੈਟ ਹਿਲ" ਵਜਾਉਂਦੇ ਹਨ। ਇਸ ਨਾਲ਼ ਇੱਕ ਬੂਹਾ (ਪੋਰਟਲ) ਖੁੱਲ੍ਹ ਜਾਂਦਾ ਹੈ ਅਤੇ ਮੈਕਸ ਮਸੀਂ-ਮਸੀਂ ਵੈੱਕਨਾ ਦੇ ਵੱਸ ਵਿੱਚੋਂ ਬਾਹਰ ਨਿਕਲ ਪਾਉਂਦੀ ਹੈ।

5. "ਚੈਪਟਰ ਫ਼ਾਇਵ: ਦ ਨੀਨਾ ਪ੍ਰੌਜੈਕਟ"

[ਸੋਧੋ]

ਓਵਨਜ਼, ਇਲੈਵਨ ਨੂੰ ਲੈਆ ਕੇ ਇੱਕ ਪੁਰਾਣੇ ਆਈਸੀਬੀਐੱਮ ਸਾਈਲੋ ਵਿੱਚ ਲੈਅ ਜਾਂਦਾ ਹੈ ਜਿਹੜਾ ਕਿ ਨੇਵਾਡਾ ਵਿੱਚ ਹੈ, ਜਿੱਥੇ ਓਵਨਜ਼ ਅਤੇ ਡਾ. ਬ੍ਰੈੱਨਰ ਨੇ ਇੱਕ ਖ਼ਾਸ ਇਕਾਂਤਵਾਸੀ ਟੈਂਕ (ਜਿਸਦਾ ਨਾਂਮ "ਨੀਨਾ" ਹੈ) ਬਣਾਇਆ ਹੈ ਜਿਹਦੇ ਨਾਲ਼ ਇਲੈਵਨ, ਹੌਕਿੰਜ਼ ਪ੍ਰਯੋਗਸ਼ਾਲਾ ਵਿੱਚ ਆਪਣੇ ਪੁਰਾਣੇ ਵੇਲੇ ਦੀਆਂ ਬਾਕੀ ਬੱਚਿਆਂ ਨਾਲ਼ ਬਣਾਈਆਂ ਯਾਦਾਂ ਨੂੰ ਮੁੜ੍ਹ ਵੇਖ ਸਕੇਗੀ। ਇਲੈਵਨ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕੁੱਝ ਸਮੇਂ ਲਈ ਆਪਣੀਆਂ ਕਾਬਲੀਅਤਾਂ ਵੀ ਮੁੜ੍ਹ ਹਾਸਲ ਕਰ ਲੈਂਦੀ ਹੈ, ਜਿਸ ਨੂੰ ਵੇਖ ਉਹ ਪ੍ਰੀਖਿਆ ਨੂੰ ਹੋਰ ਗਾਹਾਂ ਵਧਾਉਣ ਲਈ ਮੰਨ ਜਾਂਦੀ ਹੈ। ਕੈਲੀਫ਼ੋਰਨੀਆ ਵਿੱਚ, ਏਜੰਟ ਹੈਰਮਨ ਦੇ ਮਰਨ ਤੋਂ ਪਹਿਲਾਂ, ਉਹ ਮੁੰਡਿਆਂ ਨੂੰ ਇੱਕ ਪੈਨ ਦਿੰਦਾ ਹੈ ਜਿਸ ਵਿੱਚ ਨੀਨਾ ਪ੍ਰੌਜੈਕਟ ਲਈ ਇੱਕ ਫ਼ੋਨ ਨੰਬਰ ਹੈ ਜੋ ਕਿ ਉਨ੍ਹਾਂ ਦਾ ਰਾਬਤਾ ਇੱਕ ਮੌਡਮ ਨਾਲ਼ ਕਰਵਾ ਰਿਹਾ ਹੈ; ਮਾਈਕ ਬਾਕੀਆਂ ਨੂੰ ਡਸਟਿਨ ਦੀ ਸਹੇਲੀ ਸੂਜ਼ੀ ਦੀ ਸਹਾਇਤਾ ਲੈਣ ਲਈ ਆਖਦਾ ਹੈ ਜੋ ਕਿ ਸੌਲਟ ਲੇਕ ਸਿਟੀ ਵਿੱਚ ਹੈ। ਯੂਰੀ ਦੀ ਗੱਦਾਰੀ ਤੋਂ ਬਾਅਦ, ਹੌਪਰ ਅਤੇ ਆਂਤੋਨੋਵ ਦੋਵੇਂ ਨੂੰ ਕੈਦ ਕਰ ਲਿਆ ਜਾਂਦਾ ਹੈ। ਰੂਸ ਨੂੰ ਜਾਂਦੇ ਸਮੇਂ, ਜੌਇਸ ਅਤੇ ਮੱਰੇ ਯੂਰੀ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਨ ਅਤੇ ਜਹਾਜ਼ ਨੂੰ ਕਿਸੇ ਜੰਗਲ਼ ਵਿੱਚ ਕ੍ਰੈਸ਼-ਲੈਂਡ ਕਰਾ ਦਿੰਦੇ ਹਨ। ਮੈਕਸ, ਲੂਕਸ, ਸਟੀਵ, ਅਤੇ ਡਸਟਿਨ ਮੁੜ੍ਹ ਨੈਂਸੀ ਅਤੇ ਰੌਬਿਨ ਨਾਲ਼ ਰਲ਼ ਜਾਂਦੇ ਹਨ ਅਤੇ ਕ੍ਰੀਲ ਘਰ ਦੀ ਛਾਣਬੀਣ ਕਰਨ ਦਾ ਪਲੈਨ ਬਣਾਉਂਦੇ ਹਨ: ਕ੍ਰੀਲ ਘਰ ਅੰਦਰ, ਉਹ ਜਗਮਗਾਉਂਦੀਆਂ ਬੱਤੀਆਂ ਵੇਖਦੇ ਹਨ, ਜਿਸ ਨੂੰ ਉਹ ਵੈੱਕਨਾ ਦੀ ਅੱਪਸਾਈਡ ਡਾਊਨ ਵਿੱਚ ਹਲਚਲ ਨਾਲ਼ ਜੋੜ ਦੇ ਹਨ। ਜੇਸਨ ਅਤੇ ਉਸ ਦੇ ਨਾਲ਼ ਦੇ ਦੋਸਤ ਐੱਡੀ ਨੂੰ ਲੱਭ ਲੈਂਦੇ ਹਨ ਅਤੇ ਐੱਡੀ ਇੱਕ ਕਿਸ਼ਤੀ ਰਾਹੀਂ ਲਵਰਜ਼ ਲੇਕ ਵਿੱਚ ਨਿਕਲਣ ਦੀ ਕੋਸ਼ਿਸ਼ ਕਰਦਾ ਹੈ; ਜੇਸਨ ਅਤੇ ਪੈਟ੍ਰਿਕ, ਐੱਡੀ ਦਾ ਤੈਰ ਕੇ ਪਿੱਛਾ ਕਰਦੇ ਹਨ। ਪਾਣੀ ਵਿੱਚ ਵੈੱਕਨਾ ਪੈਟ੍ਰਿਕ ਨੂੰ, ਜੇਸਨ ਅਤੇ ਐੱਡੀ ਦੇ ਮੁਹਰੇ ਮਾਰ ਦਿੰਦਾ ਹੈ।

6. "ਚੈਪਟਰ ਸਿਕਸ: ਦ ਡਾਇਵ"

[ਸੋਧੋ]

ਇਲੈਵਨ ਆਪਣੀ ਇੱਕ ਅਜਿਹੀ ਯਾਦ ਵੇਖਦੀ ਹੈ ਜਿਹਦੇ ਵਿੱਚ ਉਹ ਪ੍ਰਯੋਗਸ਼ਾਲਾ ਦੇ ਬੰਦੇ ਨੂੰ ਦੋਸਤ ਬਣਾਉਂਦੀ ਹੈ ਅਤੇ ਉਹ ਉਸ ਨੂੰ ਦੱਸਦਾ ਹੈ ਕਿ ਉਸ ਨੂੰ ਬ੍ਰੈੱਨਰ 'ਤੇ ਯਕੀਨ ਨਹੀਂ ਕਰਨਾ ਚਾਹੀਦਾ। ਉਸ ਨੂੰ ਇਹ ਵੀ ਚੇਤੇ ਆਉਂਦਾ ਹੈ ਕਿ ਕਿਵੇਂ ਉਸ ਨੂੰ ਬਾਕੀ ਦੇ ਬੱਚਿਆਂ ਵੱਲੋਂ ਦੁਰਕਾਰਿਆ ਜਾਂਦਾ ਸੀ, ਜਿਸ ਕਾਰਣ ਉਸ ਨੂੰ ਇਹ ਲੱਗਣਾ ਸ਼ੁਰੂ ਹੋਇਆ ਕਿ ਪ੍ਰਯੋਗਸ਼ਾਲਾ ਵਿੱਚ ਹੋਏ ਕਤਲੇਆਮ ਦੀ ਜ਼ਿੰਮੇਵਾਰ ਉਹ ਆਪ ਹੀ ਸੀ। ਸੂਜ਼ੀ, ਮਾਈਕ, ਵਿੱਲ, ਜੌਨੈਥਨ ਅਤੇ ਆਰਗਾਇਲ ਨੂੰ ਨੀਨਾ ਪ੍ਰੌਜੈਕਟ ਦੇ ਭੂਗੋਲਿਕ ਧੁਰੇ ਲੱਭ ਕੇ ਦਿੰਦੀ ਹੈ। ਹੌਪਰ ਅਤੇ ਉਸ ਦੇ ਨਾਲ਼ ਦੇ ਕੈਦੀਆਂ ਨੂੰ ਇੱਕ ਬਹੁਤ ਵੱਡੀ ਦਾਅਵਤ ਦਿੱਤੀ ਜਾਂਦੀ ਹੈ, ਪਰ ਹੌਪਰ ਨਾਲ਼ ਦੇ ਕੈਦੀਆਂ ਨੂੰ ਸਮਝਾਉਂਦਾ ਹੈ ਕਿ ਦਾਅਵਤ ਉਨ੍ਹਾਂ ਨੂੰ ਤਾਂ ਦਿੰਦੇ ਪਏ ਹਨ ਤਾਂ ਕਿ ਬਾਅਦ ਵਿੱਚ ਹੌਪਰ ਅਤੇ ਬਾਕੀ ਦੇ ਕੈਦੀਆਂ ਨੂੰ ਡੈਮੋਗੌਰਗਨ ਨੂੰ ਖਾਣ ਲਈ ਦਿੱਤਾ ਜਾ ਸਕੇ। ਕੁੱਝ ਸਮੇਂ ਬਾਅਦ ਹੌਪਰ ਨੂੰ ਚੇਤਾ ਆਉਂਦਾ ਹੈ ਕਿ ਡੈਮੋਗੌਰਗਨ ਦੀ ਕਮਜ਼ੋਰੀ ਅੱਗ ਹੈ ਅਤੇ ਉਹ ਇੱਕ ਲਾਈਟਰ ਚੋਰੀ ਕਰ ਲੈਂਦਾ ਹੈ। ਜੌਇਸ ਅਤੇ ਮੱਰੇ, ਯੂਰੀ ਨੂੰ ਇੱਕ ਲਾਗੇ ਦੇ ਕਸਬੇ ਲਿਜਾਣ ਲਈ ਆਖਦੇ ਹਨ ਜਿੱਥੇ ਉਹ ਆਪਣਾ ਸਾਰਾ ਸਮਾਨ ਰੱਖਦਾ ਹੈ ਅਤੇ ਫੈਂਸਲਾ ਕਰਦੇ ਹਨ ਕਿ ਮੱਰੇ ਭੇਸ ਬਦਲ ਯੂਰੀ ਬਣ ਕੇ ਜਾਵੇਗਾ ਤਾਂ ਕਿ ਉਹ ਕੈਦ ਅੰਦਰ ਵੜ ਸਕਣ। ਜੇਸਨ ਟਾਊਨ ਹੌਲ ਦੀ ਇੱਕ ਬੈਠਕ ਵੇਲੇ ਹੌਕਿੰਜ਼ ਦੇ ਵਾਸੀਆਂ ਨੂੰ ਐੱਡੀ ਅਤੇ ਉਸਦੇ ਸੰਭਾਵਿਤ ਸੇਟੈਨਿਕ ਕਲਟ ਦੇ ਖ਼ਿਲਾਫ਼ ਭੜਕਾ ਦਿੰਦਾ ਹੈ। ਸਟੀਵ ਦਾ ਟੋਲਾ ਐੱਡੀ ਕੋਲ਼ ਪੁੱਜਦਾ ਹੈ; ਡਸਟਿਨ ਵੇਖਦਾ ਹੈ ਕਿ ਉਸਦੀ ਕੰਪਾਸ ਗਲਤ ਦਿਸ਼ਾਵਾਂ ਵੱਲ ਇਸ਼ਾਰਾ ਕਰਦੀ ਪਈ ਹੈ ਅਤੇ ਉਸ ਨੂੰ ਸਮਝ ਆਉਂਦਾ ਹੈ ਕਿ ਸ਼ਾਇਦ ਨੇੜੇ-ਤੇੜੇ ਅੱਪਸਾਈਡ ਡਾਊਨ ਲਈ ਕੋਈ ਨਵਾ ਬੂਹਾ (ਪੋਰਟਲ) ਹੋ ਸਕਦਾ ਹੈ। ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਅੱਪਸਾਈਡ ਡਾਊਨ ਦਾ ਨਵਾਂ ਬੂਹਾ (ਪੋਰਟਲ) ਲਵਰਜ਼ ਲੇਕ 'ਤੇ ਮਿਲ਼ਦਾ ਹੈ, ਜਿੱਥੇ ਸਟੀਵ ਝੀਲ ਵਿੱਚ ਛਾਲ਼ ਮਾਰ ਕੇ ਥੱਲੇ ਵੇਖਣ ਜਾਂਦਾ ਹੈ ਪਰ ਉਹ ਗਲਤੀ ਨਾਲ਼ ਬੂਹੇ (ਪੋਰਟਲ) ਰਾਹੀਂ ਕੁੱਝ ਤੰਤੂਆਂ ਕਾਰਣ ਅੱਪਸਾਈਡ ਡਾਊਨ ਵਿੱਚ ਪੁੱਜ ਜਾਂਦਾ ਹੈ ਅਤੇ ਉਸ ਨੂੰ ਕੁੱਝ ਚਮਗਿੱਦੜ ਸਮਾਨ ਜੀਵ ਘੇਰ ਲੈਂਦੇ ਹਨ। ਸਟੀਵ ਤੋਂ ਬਾਅਦ ਨੈਂਸੀ, ਰੌਬਿਨ ਅਤੇ ਐੱਡੀ ਵੀ ਉਸ ਪਿੱਛੇ ਛਾਲ਼ ਮਾਰ ਦਿੰਦੇ ਹਨ।

7. "ਚੈਪਟਰ ਸੈਵਨ: ਦ ਮੈਸੇਕਰ ਐਟ ਹੌਕਿੰਜ਼ ਲੈਬ"

[ਸੋਧੋ]

ਜੌਇਸ, ਮੱਰੇ ਅਤੇ ਯੂਰੀ ਕਾਮਚਟਕਾ ਪੁੱਜਦੇ ਹਨ ਅਤੇ ਵੇਖਦੇ ਹਨ ਕਿ ਹੌਪਰ ਅਤੇ ਉਸ ਦੇ ਨਾਲ਼ ਦੇ ਕੈਦੀ ਡੈਮੋਗੌਰਗਨ ਨਾਲ਼ ਲੜਦੇ ਪਏ ਹਨ। ਹੌਪਰ ਡੈਮੋਗੌਰਗਨ ਨੂੰ ਇੱਕ ਬਲ਼ਦੇ ਹੋਏ ਬਰਛੇ ਨਾਲ਼ ਪਰੇ ਰੱਖ ਰਿਹਾ ਹੈ ਜਿਚਰ ਮੱਰੇ ਅਤੇ ਜੌਇਸ ਪਹਿਰੇਦਾਰਾਂ ਨਾਲ਼ ਲੜ ਕੇ ਕੈਦ ਦੇ ਬੂਹੇ ਖੋਲ੍ਹ ਦਿੰਦੇ ਹਨ, ਅਤੇ ਹੌਪਰ ਅਤੇ ਆਂਤੋਨੋਵ ਦੋਵੇਂ ਬਚ ਜਾਂਦੇ ਹਨ। ਜੌਇਸ ਅਤੇ ਹੌਪਰ ਮੁੜ੍ਹ ਮਿਲ਼ਦੇ ਹਨ। ਡਸਟਿਨ, ਲੂਕਸ ਅਤੇ ਐਰਿਕਾ ਇਹ ਹਿਸਾਬ ਲਾਉਂਦੇ ਹਨ ਕਿ ਵੈੱਕਨਾ ਨੇ ਉੱਥੇ-ਉੱਥੇ ਅੱਪਸਾਈਡ ਡਾਊਨ ਲਈ ਬੂਹਾ (ਪੋਰਟਲ) ਬਣਾਇਆ ਹੈ ਜਿੱਥੇ-ਜਿੱਥੇ ਉਸ ਨੇ ਕਤਲ ਕੀਤੇ ਹਨ, ਜੋ ਕਿ ਉਹ ਸਟੀਵ ਦੇ ਟੋਲੇ ਨੂੰ ਦੱਸਦੇ ਹਨ ਜੋ ਕਿ ਅੱਪਸਾਈਡ ਡਾਊਨ ਵਿੱਚ ਹਨ। ਦੋਵੇਂ ਟੋਲੇ ਐੱਡੀ ਦੇ ਟ੍ਰੇਲਰ ਵਿੱਚ ਮਿਲ਼ਦੇ ਹਨ ਜਿੱਥੇ ਵੈੱਕਨਾ ਦੇ ਕ੍ਰਿੱਸੀ ਨੂੰ ਮਾਰਨ ਕਾਰਣ ਅੱਪਸਾਈਡ ਡਾਊਨ ਲਈ ਬੂਹਾ (ਪੋਰਟਲ) ਖੁੱਲ੍ਹ ਗਿਆ ਸੀ। ਰੌਬਿਨ ਅਤੇ ਐੱਡੀ ਸੁਰੱਖਿਅਤ ਮੁੜ੍ਹ ਹੌਕਿੰਜ਼ ਪੁੱਜ ਜਾਂਦੇ ਹਨ, ਪਰ ਨੈਂਸੀ ਵੈੱਕਨਾ ਦੇ ਮਕਬੂਜ਼ੇ ਵਿੱਚ ਆ ਜਾਂਦੀ ਹੈ। ਮਕਬੂਜ਼ੇ ਵਿੱਚ ਆਉਣ ਕਾਰਣ ਨੈਂਸੀ ਨੂੰ ਪਤਾ ਲੱਗਦਾ ਹੈ ਕਿ ਵੈੱਕਨਾ ਵਿਕਟਰ ਕ੍ਰੀਲ ਦਾ ਪੁੱਤਰ ਹੈਨ੍ਰੀ ਹੈ, ਜਿਸ ਨੇ ਆਪਣੀ ਮਾਂ ਅਤੇ ਭੈਣ ਨੂੰ ਆਪਣੀਆਂ ਅਲੌਕਿਕ ਕਾਬਲੀਅਤਾਂ ਨਾਲ਼ ਮਾਰਿਆ ਸੀ ਜਿਸ ਤੋਂ ਬਾਅਦ ਉਹ ਕੋਮਾ ਵਿੱਚ ਚਲ ਗਿਆ ਅਤੇ ਉਸ ਨੂੰ ਡਾ. ਬ੍ਰੈੱਨਰ ਕੋਲ਼ ਇਲਾਜ ਲਈ ਲਿਆਂਦਾ ਗਿਆ। ਹੈਨ੍ਰੀ ਇਲੈਵਨ ਵਾਂਗ ਨੰਬਰ ਦਿੱਤਾ ਗਿਆ ਅਤੇ ਉਹ ਹੀ 001 ਸੀ ਅਤੇ ਉਹ ਉਹੀ ਬੰਦਾ ਸੀ ਜੋ ਬਾਅਦ ਵਿੱਚ ਇਲੈਵਨ ਦਾ ਪ੍ਰਯੋਗਸ਼ਾਲਾ ਵਿੱਚ ਦੋਸਤ ਬਣਿਆ। ਇਲੈਵਨ ਨੂੰ ਆਖ਼ਰਕਾਰ ਹੈੱਨ੍ਰੀ ਪ੍ਰਯੋਗਸ਼ਾਲਾ ਵਿੱਚ ਕਤਲੇਆਮ ਕਰਦਾ ਚੇਤੇ ਆਉਂਦਾ ਹੈ ਜਦੋਂ ਉਸ ਨੇ ਹੈਨ੍ਰੀ ਦੀ ਉਸ ਨਾਲ਼ ਰਲਣ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ; ਇਲੈਵਨ, ਹੈਨ੍ਰੀ 'ਤੇ ਭਾਰੂ ਪੈਂਦੀ ਹੈ ਅਤੇ ਉਹ ਉਸ ਨੂੰ ਅੱਪਸਾਈਡ ਡਾਊਨ ਭੇਜ ਦਿੰਦੀ ਹੈ, ਜਿੱਥੇ ਪੁੱਜ ਕੇ ਉਹ ਵੈੱਕਨਾ ਬਣਦਾ ਹੈ।

ਭਾਗ - 2

[ਸੋਧੋ]

8. "ਚੈਪਟਰ 8: ਪਾਪਾ"

[ਸੋਧੋ]

ਵੈੱਕਨਾ, ਨੈਂਸੀ ਨੂੰ ਛੱਡਣ ਤੋਂ ਪਹਿਲਾਂ ਭਵਿੱਖ ਦਾ ਇੱਕ ਦ੍ਰਿਸ਼ ਦਿਖਾਉਂਦਾ ਹੈ ਜਿੱਥੇ ਹੌਕਿੰਜ਼ ਦਰਾੜਾਂ ਆਉਣ ਕਾਰਣ ਬਰਬਾਦ ਹੋ ਚੁੱਕਾ ਹੈ। ਨੈਂਸੀ ਨੂੰ ਜੋ ਵੀ ਵੈੱਕਨਾ ਨੇ ਦਿਖਾਇਆ ਉਹ ਸਾਰਾ ਕੁੱਝ ਬਾਕੀਆਂ ਨੂੰ ਦੱਸਦੀ ਹੈ ਅਤੇ ਉਹ ਹਿਸਾਬ ਲਾਉਂਦੇ ਹਨ ਕਿ ਵੈੱਕਨਾ ਨੂੰ ਚਾਰ ਬੂਹੇ (ਪੋਰਟਲ) ਖੋਲ੍ਹਣੇ ਪੈਣਗੇ ਆਪਣੀ ਵਿਉਂਤ ਨੂੰ ਸੱਚਾਈ ਬਣਾਉਣ ਵਾਸਤੇ; ਮੈਕਸ ਵੈੱਕਨਾ ਦਾ ਧਿਆਨ ਆਪਣੇ ਵੱਲ ਰੱਖਣ ਦਾ ਫ਼ੈਸਲਾ ਕਰਦੀ ਹੈ ਤਾਂ ਕਿ ਬਾਕੀ ਉਸ 'ਤੇ ਹਮਲਾ ਕਰ ਸਕਣ ਜਦੋਂ ਉਹ ਮੈਕਸ ਨਾਲ਼ ਰੁੱਝਿਆ ਹੋਵੇ, ਮੈਕਸ ਦਾ ਮੰਨਣਾ ਹੈ ਕਿ ਓਨਾਂ ਚਿਰ ਉਹ ਆਪਣੀਆਂ ਖੁਸ਼ਹਾਲੀ ਭਰੀਆਂ ਯਾਦਾਂ ਵਿੱਚ ਲੁੱਕ ਸਕਦੀ ਹੈ। ਇਲੈਵਨ ਨੂੰ ਆਪਣੀਆਂ ਕਾਬਲੀਅਤਾਂ ਵਰਤਣ ਕਾਰਣ ਇਹ ਸਾਰੇ ਕੁੱਝ ਦੀ ਭਿਣਕ ਲੱਗ ਜਾਂਦੀ ਹੈ ਅਤੇ ਉਹ ਓਵਨਜ਼ ਨੂੰ ਆਖਦੀ ਹੈ ਕਿ ਉਹ ਉਸ ਦਾ ਹੌਕਿੰਜ਼ ਜਾਣ ਦਾ ਪ੍ਰਬੰਧ ਕਰੇ। ਪਰ, ਬ੍ਰੈੱਨਰ ਇਲੈਵਨ ਦੇ ਹੌਕਿੰਜ਼ ਜਾਣ ਦੇ ਖ਼ਿਲਾਫ਼ ਹੈ ਅਤੇ ਉਹ ਉਸ ਨੂੰ ਹਿਰਾਸਤ ਵਿੱਚ ਲੈ ਲੈਂਦਾ ਹੈ ਅਤੇ ਆਖਦਾ ਹੈ ਕਿ ਉਸ ਨੂੰ ਹਜੇ ਹੋਰ ਸਿਖਲਾਈ ਦੀ ਲੋੜ ਹੈ। ਇਲੈਵਨ ਨੂੰ ਸਮਝ ਆਉਂਦਾ ਹੈ ਕਿ ਬ੍ਰੈੱਨਰ ਉਸ ਨੂੰ ਕਈ ਵਰ੍ਹਿਆਂ ਤੋਂ ਵਰਤਦਾ ਆਉਂਦਾ ਪਿਆ ਹੈ, ਸਿਰਫ਼ ਇਸ ਲਈ ਤਾਂ ਕਿ ਉਹ ਹੈਨ੍ਰੀ ਨੂੰ ਅੱਪਸਾਈਡ ਡਾਊਨ ਵਿੱਚੋਂ ਲੱਭ ਸਕੇ ਨਾ ਕਿ ਸੋਵੀਅਤ ਰਹੱਸ ਪਤਾ ਕਰਨ ਲਈ, ਜੋ ਕਿ ਉਹ ਇਲੈਵਨ ਨੂੰ ਕਈ ਵਰ੍ਹਿਆਂ ਤੋਂ ਕਹਿੰਦਾ ਆ ਰਿਹਾ ਸੀ। ਸੁਲੀਵਾਨ ਅਤੇ ਉਸ ਨਾਲ਼ ਅਮਰੀਕੀ ਫ਼ੌਜ ਉੱਥੇ ਪੁੱਜ ਜਾਂਦੀ ਹੈ ਅਤੇ ਉਹ ਬਾਕੀ ਦੇ ਕਰਮਚਾਰੀਆਂ ਨੂੰ ਮਾਰ ਦਿੰਦੇ ਹਨ; ਬ੍ਰੈੱਨਰ ਇਲੈਵਨ ਨਾਲ਼ ਉੱਥੋਂ ਭੱਜ ਜਾਂਦਾ ਹੈ ਪਰ ਉਸਦੇ ਆਪ ਦੇ ਗੋਲ਼ੀ ਲੱਗ ਜਾਂਦੀ ਹੈ। ਇਲੈਵਨ ਸੁਲੀਵਾਨ ਦੇ ਵਾਹਨਾਂ ਨੂੰ ਤਬਾਹ ਕਰ ਦਿੰਦੀ ਹੈ ਅਤੇ ਉਸ ਹੀ ਵੇਲੇ ਮਾਈਕ ਅਤੇ ਉਸ ਦਾ ਟੋਲਾ ਉੱਥੇ ਪੁੱਜ ਜਾਂਦਾ ਹੈ। ਉਹ ਬ੍ਰੈੱਨਰ ਦੀ ਮਾਫ਼ੀ ਨੂੰ ਉਸਦੇ ਮਰਨ ਤੋਂ ਪਹਿਲਾਂ ਠੁਕਰਾ ਦਿੰਦੀ ਹੈ। ਰੂਸ ਵਿੱਚ, ਹੌਪਰ, ਜੌਇਸ, ਮੱਰੇ, ਯੂਰੀ ਅਤੇ ਆਂਤੋਨੋਵ ਕੈਦ ਵਿੱਚੋਂ ਨਿਕਲ ਜਾਂਦੇ ਹਨ ਜਦੋਂ ਉਹ ਵੇਖਦੇ ਹਨ ਕਿ ਉੱਥੇ ਅੱਪਸਾਈਡ ਡਾਊਨ ਦੇ ਕਈ ਹੋਰ ਜੀਅ-ਜੰਤ ਵੀ ਰੱਖੇ ਹੋਏ ਹਨ, ਅਤੇ ਇਸਦੇ ਨਾਲ਼ ਹੀ ਨਾਲ਼ ਮਾਇੰਡ ਫ਼ਲੇਅਰ ਦਾ ਇੱਕ ਛੋਟਾ ਹਿੱਸਾ ਵੀ ਕੈਦ ਹੈ ਜਿਸ ਦੀ ਵਿਗਿਆਨੀਆਂ ਵੱਲੋਂ ਪੜਚੋਲ ਕੀਤੀ ਜਾ ਰਹੀ ਹੈ।

9. "ਚੈਪਟਰ 9: ਦ ਪਿੱਗੀਬੈਕ"

[ਸੋਧੋ]

ਕਹਾਣੀ ਦੇ ਵੱਖਰੇ-ਵੱਖਰੇ ਟੋਲੇ ਆਪਣੀਆਂ-ਆਪਣੀਆਂ ਵਿਉਂਤ ਵਰਤਦੇ ਹਨ: ਮੈਕਸ, ਲੂਕਸ ਅਤੇ ਐਰਿਕਾ ਕ੍ਰੀਲ ਘਰ ਜਾਂਦੇ ਹਨ ਤਾਂ ਕਿ ਉਹ ਵੈੱਕਨਾ ਨੂੰ ਰੁਝਿਆ ਰੱਖ ਸਕਣ ਜਿਚਰ ਸਟੀਵ, ਨੈਂਸੀ ਅਤੇ ਰੌਬਿਨ ਅੱਪਸਾਈਡ ਡਾਊਨ ਵਿੱਚ ਜਾਂਦੇ ਹਨ ਤਾਂ ਕਿ ਉਹ ਅੱਪਸਾਈਡ ਡਾਊਨ ਵਾਲ਼ੇ ਵੈੱਕਨਾ 'ਤੇ ਹਮਲਾ ਕਰ ਸਕਣ, ਅਤੇ ਡਸਟਿਨ ਅਤੇ ਐੱਡੀ ਦੀ ਵਿਉਂਤ ਇਹ ਹੈ ਕਿ ਉਹ ਚਮਗਿੱਦੜਾਂ ਦਾ ਧਿਆਨ ਆਪਣੇ ਵੱਲ ਰੱਖਣਗੇ। ਇਹ ਪਤਾ ਹੋਣ ਕਾਰਣ ਕਿ ਵੈੱਕਨਾ, ਮੈਕਸ ਦੇ ਦਿਮਾਗ਼ 'ਤੇ ਹਮਲਾ ਕਰੇਗਾ ਇਲੈਵਨ ਦਾ ਟੋਲਾ ਇੱਕ ਇਕਾਂਤਵਾਸੀ ਟੈਂਕ ਬਣਾਉਂਦੇ ਹਨ ਤਾਂ ਕਿ ਉਹ ਮੈਕਸ ਦੀ ਦਿਮਾਗ਼ ਵਿੱਚ "ਪਿੱਗੀਬੈਕ" ਕਰਕੇ ਵੈੱਕਨਾ ਨਾਲ਼ ਲੜ ਸਕੇ। ਜਿਚਰ ਰੂਸ ਵਿੱਚ, ਹੌਪਰ, ਜੌਇਸ ਅਤੇ ਮੱਰੇ ਨੂੰ ਸਮਝ ਆਉਂਦੀ ਹੈ ਕਿ ਉਨ੍ਹਾਂ ਦੇ ਬੱਚੇ ਵੈੱਕਨਾ ਨਾਲ਼ ਸਿੱਧੇ ਤੌਰ 'ਤੇ ਲੜਨ ਜਾਣਗੇ, ਉਹ ਮੁੜ੍ਹ ਕੈਦ ਵਿੱਚ ਜਾਂਦੇ ਹਨ ਅਤੇ ਬਾਕੀ ਦੇ ਡੈਮੋਗੌਰਗਨਜ਼ ਨੂੰ ਮਾਰ ਦਿੰਦੇ ਹਨ ਤਾਂ ਕਿ ਵੈੱਕਨਾ ਹੋਰ ਕਮਜ਼ੋਰ ਹੋ ਜਾਵੇ। ਵਿਉਂਤ ਬਰਬਾਦ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਜੇਸਨ ਨੂੰ ਇਸ ਪਲੈਨ ਦਾ ਪਤਾ ਲੱਗ ਜਾਂਦਾ ਹੈ ਅਤੇ ਉਹ ਲੂਕਸ 'ਤੇ ਬੰਦੂਕ ਤਾਣ ਦਿੰਦਾ ਹੈ, ਅਤੇ ਉਹ ਉਸ ਨੂੰ ਆਪਣਾ ਇਹ "ਸੇਟੈਨਿਕ ਰੀਤੀ-ਰਸਮ" ਬੰਦ ਕਰਨ ਵਾਸਤੇ ਆਖਦਾ ਹੈ। ਲੂਕਸ ਜੇਸਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਮਜਬੂਰੀ ਕਾਰਣ ਉਸ ਨੂੰ ਜੇਸਨ ਨਾਲ਼ ਹੱਥੋਪਾਈ ਹੋਣਾ ਪੈਂਦਾ ਹੈ। ਨੈਂਸੀ, ਸਟੀਵ ਅਤੇ ਰੌਬਿਨ ਅੱਪਸਾਈਡ ਡਾਊਨ ਵਾਲ਼ੇ ਕ੍ਰੀਲ ਘਰ ਵਿੱਚ ਤਿੰਨੋਂ ਵੇਲਾਂ ਦੇ ਕਬਜ਼ੇ ਵਿੱਚ ਆ ਜਾਂਦੇ ਹਨ। ਵਿਉਂਤ ਨੂੰ ਸਫ਼ਲ ਬਣਾਉਣ ਵਾਸਤੇ ਹੋਰ ਸਮਾਂ ਕੱਢਣ ਲਈ, ਐੱਡੀ ਆਪਣੀ ਕੁਰਬਾਨੀ ਦੇ ਦਿੰਦਾ ਹੈ ਅਤੇ ਡਸਟਿਨ ਦੀਆਂ ਬਾਹਾਂ ਵਿੱਚ ਦੱਮ ਤੋੜ ਦਿੰਦਾ ਹੈ। ਜਦੋਂ ਮੈਕਸ ਆਪਣੀ "ਸਨੋ ਬੌਲ" ਵਾਲੀ ਯਾਦ ਵਿੱਚ ਲੁਕੀ ਹੋਈ ਹੁੰਦੀ ਹੈ, ਵੈੱਕਨਾ ਉਸ ਨੂੰ ਲੱਭ ਲੈਂਦਾ ਹੈ ਪਰ ਇਲੈਵਨ ਵੈੱਕਨਾ ਨੂੰ ਨੱਥ ਪਾਉਂਦੀ ਹੈ। ਵੈੱਕਨਾ ਅਤੇ ਇਲੈਵਨ ਦੀ ਲੜਾਈ ਵਿੱਚ ਵੈੱਕਨਾ ਇਲੈਵਨ ਉੱਤੇ ਭਾਰੂ ਪੈਂਦਾ ਹੈ ਅਤੇ ਉਹ ਇਲੈਵਨ ਨੂੰ ਦੱਸਦਾ ਹੈ ਕਿ ਉਹ ਹੀ ਅੱਪਸਾਈਡ ਡਾਊਨ 'ਤੇ ਰਾਜ ਕਰਦਾ ਹੈ ਜਦੋਂ ਦਾ ਇਲੈਵਨ ਨੇ ਉਸ ਨੂੰ ਉੱਥੇ ਭੇਜਿਆ ਸੀ: ਉਹ ਉਹ ਹੀ ਸੀ ਜਿਸ ਨੇ ਪਰਛਾਵੇਂ ਸਮਾਨ ਜੀਵ ਨੂੰ ਮਾਇੰਡ ਫ਼ਲੇਅਰ ਦਾ ਰੂਪ ਦਿੱਤਾ ਅਤੇ ਧਰਤੀ ਤੇ ਮੁੜ੍ਹ ਵਾਪਸੀ ਕਰਨ ਦੇ ਤਰੀਕੇ ਲੱਭਣ ਲੱਗਾ, ਅਤੇ ਉਸ ਨੇ ਮਾਇੰਡ ਫ਼ਲੇਅਰ ਦਾ ਸਰੀਰਕ ਰੂਪ ਵਰਤ ਕੇ ਇਲੈਵਨ ਦੀ ਕਾਬਲੀਅਤਾਂ ਚੋਰੀ ਕੀਤੀਆਂ ਤਾਂ ਕਿ ਉਹ ਨਵੇਂ ਬੂਹੇ (ਪੋਰਟਲ) ਖੋਲ੍ਹ ਸਕੇ। ਉਹ ਇਲੈਵਨ ਨੂੰ ਵੇਲਾਂ ਵਿੱਚ ਕੈਦ ਕਰ ਦਿੰਦਾ ਹੈ ਅਤੇ ਮੈਕਸ ਨੂੰ ਆਪਣੇ ਮਕਬੂਜ਼ੇ ਵਿੱਚ ਲੈ ਲੈਂਦਾ ਹੈ। ਮਾਈਕ ਇਲੈਵਨ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਦਾ ਹੈ, ਜਿਸ ਨਾਲ਼ ਇਲੈਵਨ ਲੜਨ ਲਈ ਪ੍ਰੇਰਿਤ ਹੁੰਦੀ ਹੈ ਅਤੇ ਵੇਲਾਂ ਦੇ ਜਾਲ਼ ਵਿੱਚੋਂ ਨਿਕਲ਼ ਜਾਂਦੀ ਹੈ ਅਤੇ ਇਸ ਤੋਂ ਪਹਿਲਾਂ ਕਿ ਵੈੱਕਨਾ ਮੈਕਸ ਨੂੰ ਮਾਰ ਦੇਵੇ ਇਲੈਵਨ ਉਸ ਉੱਤੇ ਹਮਲਾ ਕਰ ਦਿੰਦੀ ਹੈ। ਇਲੈਵਨ ਦਿਮਾਗ਼ੀ ਜੰਗ ਵਿੱਚ ਵੈੱਕਨਾ ਨੂੰ ਪਛਾੜ ਦਿੰਦੀ ਹੈ, ਜਿਸ ਕਾਰਣ ਨੈਂਸੀ, ਸਟੀਵ ਅਤੇ ਰੌਬਿਨ ਵੀ ਵੇਲਾਂ ਦੇ ਜਾਲ਼ ਵਿੱਚ ਨਿਕਲ਼ ਪਾਉਂਦੇ ਹਨ ਅਤੇ ਵੈੱਕਨਾ ਦੇ ਸਰੀਰਕ ਰੂਪ ਨੂੰ ਅੱਗ ਲਗਾ ਕੇ ਗੋਲ਼ੀਆਂ ਮਾਰ ਦਿੰਦੇ ਹਨ, ਪਰ ਇੱਕ ਤਾਕੀ ਤਮ ਰਾਹੀਂ ਥੱਲੇ ਡਿੱਗਣ ਤੋਂ ਬਾਅਦ ਉਹ ਗ਼ਾਇਬ ਹੋ ਜਾਂਦਾ ਹੈ। ਮੈਕਸ, ਵੈੱਕਨਾ ਵੱਲੋਂ ਆਪਣੀਆਂ ਹੱਡੀਆਂ ਟੁੱਟਣ ਕਾਰਣ ਮਰ ਜਾਂਦੀ ਹੈ, ਪਰ ਇਲੈਵਨ ਆਪਣੀਆਂ ਕਾਬਲੀਅਤਾਂ ਵਰਤ ਕੇ ਉਸਦਾ ਦਿੱਲ ਮੁੜ੍ਹ ਚਾਲੂ ਕਰ ਦਿੰਦੀ ਹੈ। ਪਰ ਮੈਕਸ ਦਾ ਕੁੱਝ ਸਮੇਂ ਲਈ ਮਰ ਜਾਣਾ, ਚੌਥਾ ਬੂਹਾ (ਪੋਰਟਲ) ਵੀ ਖੁੱਲ੍ਹ ਜਾਂਦਾ ਹੈ ਅਤੇ ਚਾਰੋ ਬੂਹੇ (ਪੋਰਟਲ) ਪਾਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਕਿੰਜ਼ ਦੇ ਵਿਚਕਾਰ ਚਾਰ ਵੱਡੀਆਂ-ਵੱਡੀਆਂ ਦਰਾੜਾਂ ਆ ਜਾਂਦੀਆਂ ਹਨ। ਦੋ ਦਿਨਾਂ ਬਾਅਦ, ਹੌਕਿੰਜ਼ ਹਜੇ ਵੀ ਵੈੱਕਨਾ ਦੀਆਂ ਵਾਰਦਾਤਾਂ ਤੋਂ ਪ੍ਰਭਾਵਤ ਹੈ ਅਤੇ ਇਜ ਨੂੰ ਮੀਡੀਆ ਵੱਲੋਂ ਇੱਕ "ਭੁਚਾਲ" ਆਖਿਆ ਜਾਂਦਾ ਪਿਆ ਹੈ। ਸਾਰੇ ਮੁੜ੍ਹ ਇਕੱਠੇ ਹੁੰਦੇ ਹਨ, ਪਰ ਮੈਕਸ ਹੁਣ ਕੋਮਾ ਵਿੱਚ ਹੈ ਅਤੇ ਇਲੈਵਨ ਆਪਣੀਆਂ ਕਾਬਲੀਅਤਾਂ ਨਾਲ਼ ਵੀ ਉਸ ਨੂੰ ਲੱਭ ਪਾਉਂਦੀ ਪਈ। ਵਿੱਲ ਨੂੰ ਵੈੱਕਨਾ ਦੀ ਮੌਜੂਦਗੀ ਹਜੇ ਵੀ ਮਹਿਸੂਸ ਹੁੰਦੀ ਪਈ ਹੈ ਅਤੇ ਸਾਰਾ ਟੋਲਾ ਹੌਕਿੰਜ਼ ਉੱਤੇ ਤੂਫ਼ਾਨੀ ਬੱਦਲ਼ ਉੱਠਦੇ ਅਤੇ ਲਾਲ ਬਿਜਲੀਆਂ ਡਿੱਗਦੀਆਂ ਵੇਖਦਾ ਹੈ , ਦਰੱਖਤ-ਬੂਟੇ ਸੜਨੇ ਅਤੇ ਮਰਨੇ ਸ਼ੁਰੂ ਹੋ ਜਾਂਦੇ ਹਨ, ਜਿਸ ਦਾ ਮਤਲਬ ਹੈ ਕਿ ਅੱਪਸਾਈਡ ਡਾਊਨ ਹੁਣ ਆਮ ਦੁਨੀਆ 'ਤੇ ਵੀ ਫ਼ੈਲਣਾ ਸ਼ੁਰੂ ਹੋ ਗਿਆ ਹੈ।