ਸਰਦਾਰ ਅਜੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਦਾਰ ਅਜੀਤ ਸਿੰਘ
ਸਰਦਾਰ ਅਜੀਤ ਸਿੰਘ
ਜਨਮ(1881-02-23)23 ਫਰਵਰੀ 1881
ਪੰਜਾਬ ਪ੍ਰਾਂਤ, ਬਰਤਾਨਵੀ ਪੰਜਾਬ
ਮੌਤ15 ਅਗਸਤ 1947(1947-08-15) (ਉਮਰ 66)
ਡਲਹੌਜ਼ੀ, ਭਾਰਤ

ਸਰਦਾਰ ਅਜੀਤ ਸਿੰਘ (23 ਫਰਵਰੀ 1881 - 15 ਅਗਸਤ 1947) ਭਾਰਤ ਦਾ ਕ੍ਰਾਂਤੀਕਾਰੀ ਆਜ਼ਾਦੀ ਸੰਗਰਾਮੀਆ ਸੀ। ਉਹ ਭਗਤ ਸਿੰਘ ਦਾ ਚਾਚਾ ਅਤੇ ਪੰਜਾਬ ਦੀ ਕਿਸਾਨ ਲਹਿਰ ਦੇ ਮੋਢੀਆਂ ਵਿੱਚੋਂ ਸੀ। ਉਸ ਨੂੰ 'ਪਗੜੀ ਸੰਭਾਲ ਜੱਟਾ' ਦੀ ਲਹਿਰ ਚਲਾਉਣ ਵਾਲਾ ਅਜੀਤ ਸਿੰਘ ਵੀ ਆਖਿਆ ਜਾਂਦਾ ਹੈ। ਉਹ ਭਾਰਤ ਦੇ ਪੰਜਾਬ ਦੇ ਇਲਾਕੇ ਵਿੱਚ ਬਰਤਾਨਵੀ ਹਕੂਮਤ ਨੂੰ ਚੁਣੌਤੀ ਦੇਣ ਵਾਲੇ ਪਹਿਲੇ ਵਿਦਰੋਹੀਆਂ ਵਿੱਚੋਂ ਸੀ, ਜਿਸਨੇ ਖੁੱਲ੍ਹੇਆਮ ਭਾਰਤੀ ਬਸਤੀਵਾਦੀ ਸਰਕਾਰ ਦੀ ਆਲੋਚਨਾ ਕੀਤੀ। ਵੇਲੇ ਦੀ ਸਰਕਾਰ ਨੇ ਉਸ ਨੂੰ ਸਿਆਸੀ ਵਿਦਰੋਹੀ ਐਲਾਨ ਦਿੱਤਾ ਸੀ ਅਤੇ ਉਸ ਨੂੰ ਆਪਣੇ ਜੀਵਨ ਦਾ ਬਹੁਤਾ ਹਿੱਸਾ ਜੇਲ੍ਹਾਂ ਵਿੱਚ ਬਿਤਾਉਣਾ ਪਿਆ ਸੀ। ਜਲਾਵਤਨੀ ਦੌਰਾਨ ਉਹ ਬਦੇਸ਼ਾਂ ਵਿੱਚ ਘੁੰਮਿਆ। ਇਟਲੀ ਵਿੱਚ ਉਸ ਨੇ ਨੈਪਲਜ਼ ਦੀ ਯੂਨੀਵਰਸਿਟੀ ਵਿੱਚ ਉਸਨੂੰ ਫ਼ਾਰਸੀ ਸਿਖਾਉਣ ਲਈ ਕਿਹਾ ਗਿਆ ਸੀ। ਉਸ ਨੇ ਹਿੰਦੁਸਤਾਨੀ ਵਿੱਚ ਅਨੇਕ ਭਾਸ਼ਣ ਦਿੱਤੇ ਜਿਹੜੇ ਉੱਤਰੀ ਅਫਰੀਕਾ ਵਿੱਚ ਬ੍ਰਿਟਿਸ਼ ਫੌਜ ਵਿਚਲੇ ਭਾਰਤੀ ਸੈਨਿਕਾਂ ਲਈ ਪ੍ਰਸਾਰਿਤ ਕੀਤੇ ਗਏ। ਇਹ ਭਾਸ਼ਣ ਭਾਰਤ ਵਿੱਚ ਅੰਗਰੇਜ਼ਾਂ ਵਿਰੁੱਧ ਲੜਨ ਲਈ ਆਜ਼ਾਦ ਹਿੰਦ ਫੌਜ ਦਾ ਨਿਰਮਾਣ ਕਰਨ ਲਈ ਸਨ।[1]

ਮੁੱਢਲੀ ਜ਼ਿੰਦਗੀ[ਸੋਧੋ]

ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਖਟਕੜ ਕਲਾਂ ਵਿਚ ਹੋਇਆ ਸੀ। ਅਜੀਤ ਸਿੰਘ ਦੇ ਪੁਰਖੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨਾਰਲੀ ਤੋਂ ਇਥੇ ਆ ਕੇ ਵਸੇ ਸਨ। ਇਹ ਵੇਰਵਾ ਅਜੀਤ ਸਿੰਘ ਨੇ ਆਪਣੀ ਸਵੈ-ਜੀਵਨੀ ‘ਜ਼ਿੰਦਾ ਦਫ਼ਨ’ (Buried Alive) ਵਿਚ ਦਿੱਤਾ ਹੈ।[2]ਉਸਨੇ ਸਾਈਂਡਸ ਐਂਗਲੋ ਸੰਸਕ੍ਰਿਤ ਸਕੂਲ ਜੱਲ੍ਹਧਰ ਤੋਂ ਮੈਟ੍ਰਿਕ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਲਾਅ ਕਾਲਜ, ਬਰੇਲੀ (ਯੂ.ਪੀ.) ਵਿਚ ਦਾਖਲ ਹੋ ਗਿਆ। ਇਸ ਸਮੇਂ ਦੌਰਾਨ ਉਹ ਭਾਰਤੀ ਸੁਤੰਤਰਤਾ ਅੰਦੋਲਨ ਵਿਚ ਬੜੀ ਤੀਬਰਤਾ ਨਾਲ ਸ਼ਾਮਲ ਹੋ ਗਿਆ ਅਤੇ ਆਪਣੀ ਕਾਨੂੰਨ ਦੀ ਪੜ੍ਹਾਈ ਛੱਡ ਦਿੱਤੀ।

ਸੁਤੰਤਰਤਾ ਅੰਦੋਲਨ ਲਈ ਕੰਮ[ਸੋਧੋ]

ਪਗੜੀ ਸੰਭਾਲ਼ ਜੱਟਾ[3][ਸੋਧੋ]

21 ਅਪ੍ਰੈਲ 1907 ਨੂੰ ਰਾਵਲਪਿੰਡੀ ਵਿੱਚ ਹੋਏ ਇੱਕ ਜਲਸੇ ਦੌਰਾਨ ‘ਝੰਗ ਸਿਆਲ’ ਦੇ ਸੰਪਾਦਕ ਨੇ ‘ਪਗੜੀ ਸੰਭਾਲ਼ ਓ ਜੱਟਾ’ ਦੇ ਸਿਰਲੇਖ ਹੇਠ ਇੱਕ ਕਵਿਤਾ ਪੜ੍ਹੀ।ਇਹ ਕਵਿਤਾ ਆਮ ਲੋਕਾਂ ਵਿੱਚ ਬਹੁਤ ਹਰਮਨ ਪਿਆਰੀ ਹੋ ਗਈ।ਇਹ ਜਲਸਾ ਆਬਦਕਾਰੀ ਬਿੱਲ ਦਾ ਵਿਰੋਧ ਕਰਨ ਲਈ ਕੀਤਾ ਗਿਆ ਸੀ ਜਿਸ ਬਿੱਲ ਰਾਹੀਂ ਜ਼ਮੀਨਾਂ ਦੀ ਮਲਕੀਅਤ ਸਰਕਾਰ ਕੋਲ ਚਲੀ ਜਾਣੀ ਸੀ ਤੇ ਕਿਸਾਨ ਮੁਜ਼ਾਰੇ ਬਣ ਜਾਣੇ ਸਨ। ਅਜੀਤ ਸਿੰਘ ਨੇ ਇਸ ਬਿੱਲ ਵਿਰੁੱਧ ਜ਼ਬਰਦਸਤ ਵਿਰੋਧ ਲਹਿਰ ਪੈਦਾ ਕਰ ਦਿੱਤੀ।1907 ਵਿੱਚ ਚਲੀ ਇਸ ਸੁਹਿਰਦ ਦਾ ਅਜੀਤ ਸਿੰਘ ਨੂੰ ਪੱਥ ਪ੍ਰਦਰਸ਼ਕ ਮੰਨਿਆ ਜਾਂਦਾ ਸੀ।ਉਸ ਨੇ ਕ੍ਰਾਂਤੀਕਾਰੀ ਸਾਹਿਤ ਛਪਵਾ ਕੇ ਕਈ ਪੈਂਫ਼ਲਿਟ ਲਟ ਵੰਡੇ ।ਇਸ ਸਮੇਂ ਦੇ ਮਸ਼ਹੂਰ ਪੈਫਲਟ ਸਨ

  1. ਹਿੰਦੁਸਤਾਨ ਮੇਂ ਅੰਗਰੇਜ਼ੀ ਹਕੂਮਤ
  2. ਜਲਾਵਤਨੀ I II III
  3. ਹਿੰਦੁਸਤਾਨ ਦੇ ਮੌਜੂਦਾ ਹਾਲਾਤ
  4. ਉੰਗਲੀ ਪਕੜ ਕੇ ਪੌਂਚਾ ਪਕੜ
  5. ਹੱਕ
  6. 1857 ਦਾ ਗਦਰ
  7. ਮਹਿਬੂਬੇ ਵਤਨ ( ਇਸ ਵਿੱਚ ਅਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਵਾਲਿਆਂ ਦਾ ਹਾਲ ਹੈ)
  8. ਦੇਸੀ ਫ਼ੌਜ ਤੇ ਜ਼ਫਰ ਫੌਜ
  9. ਡਿਵਾਈਡ ਐਂਡ ਕੋਕਰ


ਅਜੀਤ ਸਿੰਘ ਦੀ ਪਹਿਚਾਣ ਇੱਕ ਵਕਤੇ ਦੇ ਤੌਰ ਤੇ ਬਣ ਚੁੱਕੀ ਸੀ । ਉਹ ਪਹਿਲਾਂ ‘ਹਿੰਦੁਸਤਾਨ’ ਦਾ ਉਪ ਸੰਪਾਦਕ ਤੇ ਬਾਦ ਵਿੱਚ ‘ਭਾਰਤ ਮਾਤਾ’ ਦਾ ਸੰਪਾਦਕ ਰਿਹਾ।

3 ਜੂਨ 1907 ਨੂੰ ਅਜੀਤ ਸਿੰਘ ਨੂੰ ਵਿਦਰੋਹੀ ਭਾਸ਼ਨ ਕਾਰਨ ਗ੍ਰਿਫਤਾਰ ਕਰਕੇ ਜਲਾਵਤਨ ਕਰ ਕੇ ਮਾਂਡਲੇ ( ਬਰਮਾ) ਭੇਜ ਦਿੱਤਾ।ਪਰ ਫ਼ੌਜ ਵਿੱਚ ਪੈਦਾ ਹੋ ਰਹੇ ਵਿਦਰੋਹ ਦੇ ਖ਼ਦਸ਼ੇ ਕਾਰਨ 18 ਨਵੰਬਰ 1907 ਨੂੰ ਲਾਲਾ ਲਾਜਪਤ ਰਾਏ ਤੇ ਅਜੀਤ ਸਿੰਘ ਜਹੇ ਕ੍ਰਾਂਤੀਕਾਰੀ ਰਿਹਾ ਕੀਤੇ ਗਏ।ਅਜੀਤ ਸਿੰਘ "ਪਗੜੀ ਸੰਭਾਲ ਜੱਟਾ ਲਹਿਰ" ਦਾ ਨਾਇਕ ਸੀ। 1907 ਵਿਚ, ਉਸਨੂੰ ਲਾਲਾ ਲਾਜਪਤ ਰਾਏ ਦੇ ਨਾਲ ਬਰਮਾ ਦੀ ਮੰਡਾਲੇ ਜੇਲ੍ਹ ਭੇਜ ਦਿੱਤਾ ਗਿਆ ਸੀ।ਆਪਣੀ ਰਿਹਾਈ ਤੋਂ ਬਾਅਦ, ਉਹ ਇਰਾਨ ਚਲਾ ਗਿਆ, ਜੋ ਸਰਦਾਰ ਅਜੀਤ ਸਿੰਘ ਅਤੇ ਸੂਫੀ ਅੰਬਾ ਪ੍ਰਸਾਦ ਦੀ ਅਗਵਾਈ ਵਾਲੇ ਸਮੂਹਾਂ ਦੁਆਰਾ ਇਨਕਲਾਬੀ ਗਤੀਵਿਧੀਆਂ ਦੇ ਕੇਂਦਰ ਵਜੋਂ ਤੇਜ਼ੀ ਨਾਲ ਵਿਕਸਤ ਹੋਇਆ। ਉਨ੍ਹਾਂ ਨੇ 1909 ਤੋਂ ਉਥੇ ਕੰਮ ਸ਼ੁਰੂ ਕੀਤਾ ਸੀ। ਇਨ੍ਹਾਂ ਸਮੂਹਾਂ ਵਿਚ ਭਰਤੀ ਕੀਤੇ ਗਏ ਨੌਜਵਾਨ ਰਾਸ਼ਟਰਵਾਦੀਆਂ ਵਿੱਚ ਰਿਸ਼ੀਕੇਸ਼ ਲੇਠਾ, ਜ਼ਿਆ-ਉਲ-ਹੱਕ, ਠਾਕੁਰ ਦਾਸ ਧੂਰੀ ਆਦਿ ਸ਼ਾਮਲ ਸਨ।। 1910 ਤਕ, ਇਹਨਾਂ ਸਮੂਹਾਂ ਦੀਆਂ ਗਤੀਵਿਧੀਆਂ ਅਤੇ ਉਹਨਾਂ ਦੇ ਪ੍ਰਕਾਸ਼ਨ, ਹਯਾਤ ਨੂੰ ਬ੍ਰਿਟਿਸ਼ ਖੁਫੀਆ ਇੰਟੈਲੀਜੈਂਸ ਨੇ ਤਾੜ ਲਿਆ।[4]

ਹਵਾਲੇ[ਸੋਧੋ]

  1. Sardar Ajit Singh - SikhiWiki, free Sikh encyclopedia.
  2. "ਮਹਾਨ ਦੇਸ਼ ਭਗਤ ਅਜੀਤ ਸਿੰਘ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-08-21. Retrieved 2018-10-09.[permanent dead link]
  3. ਲਾਂਬਾ, ਡਾ. ਕ੍ਰਿਸ਼ਨ ਕੁਮਾਰ (2017). ਪੰਜਾਬ ਦਾ ਅਜ਼ਾਦੀ ਦੇ ਅੰਦੋਲਨ ਵਿੱਚ ਯੋਗਦਾਨ. ਚੰਡੀਗੜ੍ਹ: ਲੋਕ ਗੀਤ ਪ੍ਰਕਾਸ਼ਨ , ਮੁਹਾਲੀ ,ਚੰਡੀਗੜ੍ਹ. pp. 17–22.
  4. Yadav, B.D (1992), M.P.T. Acharya, Reminiscences of an Indian Revolutionary, Anmol Publications Pvt ltd, pp. 29–30, ISBN 81-7041-470-9