ਸਰਬਾਲ੍ਹਾ
ਲਾੜੇ ਦੇ ਸਾਥੀ ਨੂੰ, ਜਿਹੜਾ ਵਿਆਹ ਸਮੇਂ ਲਾੜੇ ਦੇ ਨਾਲ ਰਹਿੰਦਾ ਹੈ, ਜਾਂ ਘੋੜੀ ਉੱਪਰ ਲਾੜੇ ਦੇ ਪਿੱਛੇ ਬੈਠਾ ਹੁੰਦਾ ਹੈ, ਸਰਬਾਲ੍ਹਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਸਰਬਾਲ੍ਹੇ ਨੂੰ ਸਹਿਬਾਲਾ, ਸਬਾਲਾ, ਸਰਮਾਲ੍ਹਾ ਅਤੇ ਸਰਵਾਲ਼ਾ ਵੀ ਕਿਹਾ ਜਾਂਦਾ ਹੈ। ਸਰਬਾਲ੍ਹਾ ਆਮ ਤੌਰ ਤੇ ਲਾੜੇ ਦਾ ਛੋਟਾ ਭਾਈ ਜਾਂ ਰਿਸ਼ਤੇਦਾਰੀ ਵਿਚੋਂ ਲੱਗਦਾ ਭਾਈ ਹੁੰਦਾ ਹੈ। ਪਰ ਉਮਰ ਵਿਚ ਉਹ ਵੀ ਲਾੜੇ ਨਾਲੋਂ ਛੋਟਾ ਹੁੰਦਾ ਹੈ। ਪਹਿਲੇ ਸਮਿਆਂ ਵਿਚ ਡਾਕੂ, ਲੁਟੇਰੇ, ਧਾੜਵੀ ਬਰਾਤਾਂ ਅਤੇ ਲਾੜੇ/ਲਾੜੀ ਨੂੰ ਲੁੱਟ ਲੈਂਦੇ ਸਨ। ਇਸ ਲਈ ਹੀ ਉਨ੍ਹਾਂ ਸਮਿਆਂ ਵਿਚ ਲਾੜੇ/ਲਾੜੀ ਦੀ ਰਾਖੀ ਲਈ, ਮਦਦ ਲਈ ਸਰਬਾਲ੍ਹੇ ਦੀ ਰੀਤ ਸ਼ੁਰੂ ਹੋਈ। ਲਾੜਾ ਤੇ ਸਰਬਾਲ੍ਹਾ ਆਮ ਤੌਰ ਤੇ ਘੋੜੀ ਉੱਪਰ ਬੈਠਦੇ ਸਨ। ਉਨ੍ਹਾਂ ਕੋਲ ਕਿਰਪਾਨਾਂ ਹੁੰਦੀਆਂ ਸਨ। ਸਾਰੇ ਬਰਾਤੀਆਂ ਕੋਲ ਕਿਰਪਾਨਾਂ, ਭੱਲੇ, ਗੰਡਾਸੇ, ਡਾਂਗਾਂ ਆਦਿ ਹੁੰਦੀਆਂ ਸਨ। ਬਰਾਤਾਂ ਉਨ੍ਹਾਂ ਸਮਿਆਂ ਵਿਚ ਪੈਦਲ ਜਾਂਦੀਆਂ ਸਨ। ਲਾੜੇ ਦੀ ਘੋੜੀ ਬਰਾਤ ਦੇ ਵਿਚਾਲੇ ਚਲਦੀ ਹੁੰਦੀ ਸੀ। ਜੇਕਰ ਲੁਟੇਰੇ ਬਰਾਤ ਨੂੰ ਲੁੱਟਣ ਪੈ ਜਾਂਦੇ ਸਨ ਤਾਂ ਪਹਿਲਾਂ ਬਰਾਤੀ ਲੁਟੇਰਿਆਂ ਦਾ ਮੁਕਾਬਲਾ ਕਰਦੇ ਸਨ। ਉਸ ਤੋਂ ਪਿੱਛੋਂ ਹੀ ਲੁਟੇਰੇ ਲਾੜੇ ਅਤੇ ਸਰਬਾਲ੍ਹੇ ਕੋਲ ਪਹੁੰਚ ਸਕਦੇ ਹੁੰਦੇ ਸਨ। ਇਸ ਸੰਕਟ ਦੇ ਸਮੇਂ ਹੀ ਸਰਬਾਲ੍ਹਾ ਲਾੜੇ ਦੀ ਰਾਖੀ ਕਰਦਾ ਸੀ। ਸਹਾਇਤਾ ਕਰਦਾ ਸੀ। ਪਹਿਲੇ ਸਮਿਆਂ ਵਿਚ ਜਦ ਇਕ ਕਬੀਲੇ ਦੇ ਲੜਕੇ ਦੂਜੇ ਕਬੀਲੇ ਦੀ ਲੜਕੀ ਨੂੰ ਉਧਾਲ ਕੇ ਵਿਆਹ ਕਰਦੇ ਸਨ, ਉਧਾਲਣ ਸਮੇਂ ਜੇਕਰ ਲੜਾਈ ਵਿਚ ਲਾੜਾ ਮਾਰਿਆ ਜਾਂਦਾ ਸੀ ਤਾਂ ਉਸ ਲੜਕੀ ਦਾ ਵਿਆਹ ਸਰਬਾਲੇ ਨਾਲ ਕਰ ਦਿੱਤਾ ਜਾਂਦਾ ਸੀ। ਚਾਹੇ ਹੁਣ ਬਰਾਤਾਂ, ਲਾੜੇ/ਲਾੜੀ ਨੂੰ ਕੋਈ ਲੁਟੇਰਾ, ਧਾੜਵੀ ਨਹੀਂ ਲੁੱਟਦਾ ਪਰ ਹੁਣ ਵੀ ਲਾੜੇ ਦੇ ਨਾਲ ਸਰਬਾਲ੍ਹਾ ਹੋਣ ਦਾ ਰਿਵਾਜ ਚੱਲ ਰਿਹਾ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.