ਸਮੱਗਰੀ 'ਤੇ ਜਾਓ

ਸਰੋਗੇਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰੋਗੇਸੀ (ਅੰਗਰੇਜ਼ੀ ਵਿੱਚ surrogacy): ਬਾਂਝ ਜੋੜਿਆਂ ਵਾਸਤੇ ਆਈ.ਵੀ.ਐਫ. ਤਕਨੀਕ ਨਾਲ ਔਰਤ ਦੇ ਅੰਡਕੋਸ਼ ਅਤੇ ਮਰਦ ਦੇ ਸ਼ੁਕਰਾਣੂ ਤੋਂ ਪੈਦਾ ਕੀਤਾ ਗਿਆ ਭਰੂਣ ਕਿਸੇ ਹੋਰ ਔਰਤ ਦੀ ਕੁੱਖ ਵਿੱਚ ਰੱਖਣ ਵਿਧੀ ਮੌਜੂਦ ਹੈ ਜਿਸ ਨੂੰ ‘ਸਰੋਗੇਸੀ’ ਵਜੋਂ ਜਾਣਿਆ ਜਾਂਦਾ ਹੈ। ਪਰਾਈ ਜਾਂ ਕਿਰਾਏ ਦੀ ਕੁੱਖ ਦਾ ਅਰਥ ਹੈ- ਜਦੋਂ ਕੋਈ ਔਰਤ ਕਿਸੇ ਹੋਰ ਜੋੜੇ ਦਾ ਬੱਚਾ ਪੈਦਾ ਕਰਨ ਲਈ ਆਪਣੀ ਕੁੱਖ ਦੇਣ ਨੂੰ ਤਿਆਰ ਹੋਵੇ। ਇਸ ਲਈ ਗਰਭ ਧਾਰਨ ਕਰਨ, ਜੰਮਣ ਪੀੜਾਂ ਸਹਿਣ ਅਤੇ ਜਣੇਪੇ ਲਈ ਔਰਤ, ਉਸ ਦਾ ਪਤੀ ਤੇ/ ਜਾਂ ਪਰਿਵਾਰ ਰਜ਼ਾਮੰਦ ਅਤੇ ਤਿਆਰ ਹੋਣ ਤਾਂ ਇਸ ਨੂੰ ‘ਸਰੋਗੇਸੀ’ ਜਾਂ ਕੁੱਖ ਕਿਰਾਏ ‘ਤੇ ਦੇਣਾ ਕਿਹਾ ਜਾਂਦਾ ਹੈ। ਕੁੱਖ ਕਿਰਾਏ ‘ਤੇ ਦੇਣ ਵਾਲੀ ਔਰਤ ਉਸ ਜੋੜੇ ਨਾਲ ਇੱਕ ਇਕਰਾਰਨਾਮਾ ਕਰਦੀ ਹੈ ਕਿ ਉਹ ਉਸ ਜੋੜੇ ਦਾ ਬੱਚਾ ਆਪਣੀ ਕੁੱਖ ਵਿੱਚ ਪਾਲੇਗੀ। ਮਸ਼ੀਨਾਂ ਨਾਲ ‘ਇਨ ਵੀਵੋ ਫਰਟੇਲਾਇਜ਼ੇਸ਼ਨ’ ਜਾਂ ਬੱਚੇਦਾਨੀ ਦੇ ਬਾਹਰ ਸ਼ੁਕਰਾਣੂ ਅਤੇ ਅੰਡੇ ਦਾ ਮੇਲ’ ਵਿਧੀ ਰਾਹੀਂ ਅਸਲੀ ਮਾਂ ਅਤੇ ਪਿਓ ਦੇ ਅੰਡੇ ਤੇ ਸ਼ੁਕਰਾਣੂ ਦਾ ਮੇਲ ਕਰਵਾ ਕੇ ਦੂਜੀ ਔਰਤ ਦੀ ਕੁੱਖ ਅੰਦਰ ਰੱਖ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਜਿਹੜੀ ਮਾਂ ਬੱਚਾ ਜੰਮਦੀ ਹੈ, ਉਹ ਅਸਲ ਮਾਂ ਨਹੀਂ ਹੁੰਦੀ ਸਗੋਂ ਬੱਚੇ ਦੇ ਅਸਲੀ ਮਾਤਾ-ਪਿਤਾ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਡਾ-ਸ਼ੁਕਰਾਣੂ ਹੁੰਦੇ ਹਨ।

ਵਿਧੀ

[ਸੋਧੋ]

ਅਲਟਰਾਸਾਊਂਡ ਦੀ ਸੇਧ ਨਾਲ ਔਰਤ ਦੇ ਗੁਪਤ ਅੰਗ ਰਾਹੀਂ ਇੱਕ ਲੰਬੀ ਅਤੇ ਬਾਰੀਕ ਸੂਈ ਅੰਡ-ਕੋਸ਼ ਤਕ ਪਹੁੰਚਾਈ ਜਾਂਦੀ ਹੈ ਤੇ ਉਸ ‘ਚੋਂ ਤਰਲ ਕੱਢਿਆ ਜਾਂਦਾ ਹੈ ਜਿਸ ਵਿੱਚ ਅੰਡਾ ਹੁੰਦਾ ਹੈ। ਇਹ ਕੰਮ ਸੁੰਨ ਕਰ ਕੇ ਕੀਤਾ ਜਾਂਦਾ ਹੈ ਅਤੇ ਇਸ ਲਈ ਤਕਰੀਬਨ ਅੱਧਾ ਘੰਟਾ ਲੱਗਦਾ ਹੈ। ਅੰਡੇ ਨੂੰ ਕਲਚਰ-ਮੀਡੀਅਮ ਵਿੱਚ ਰੱਖ ਕੇ ਉਸ ਦੀ ਪ੍ਰਪੱਕਤਾ ਬਾਰੇ ਜਾਂਚ ਕੀਤੀ ਜਾਂਦੀ ਹੈ। ਮਰਦ ਦੇ ਸ਼ੁਕਰਾਣੂ ਨਾਲ ਮੇਲ ਕਰਨ ਤੋਂ ਪਹਿਲਾਂ ਇਸ ਨੂੰ ਇਨਕਿਊਬੇਟਰ ਵਿੱਚ ਰੱਖਿਆ ਜਾਂਦਾ ਹੈ। ਮਰਦ ਦਾ ਵੀਰਜ ਲੈ ਕੇ ਉਸ ‘ਚੋਂ ਸ਼ੁਕਰਾਣੂ ਕੱਢ ਕੇ ਉਨ੍ਹਾਂ ਨੂੰ ਵਿਗਿਆਨਕ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਸਾਰਾ ਕੰਮ ਕੁਝ ਦਿਨਾਂ ਦਾ ਹੁੰਦਾ ਹੈ ਅਤੇ ਪਤੀ-ਪਤਨੀ ਦੋ-ਤਿੰਨ ਘੰਟੇ ਬਾਅਦ ਘਰ ਜਾ ਸਕਦੇ ਹਨ। ਸ਼ੁਕਰਾਣੂ ਅਤੇ ਅੰਡੇ ਦੋਨਾਂ ਦੀ ਪ੍ਰਪੱਕਤਾ ਜਾਂਚਣ ਤੋਂ ਬਾਅਦ ਇੱਕ ਖ਼ਾਸ ਕਲਚਰ-ਮੀਡੀਅਮ ਵਿੱਚ ਇਨ੍ਹਾਂ ਦਾ ਮੇਲ ਕਰਵਾ ਕੇ ਇਨਕੂਬੇਟਰ ਵਿੱਚ ਰੱਖਿਆ ਜਾਂਦਾ ਹੈ। ਦੋਨਾਂ ਦੇ ਮੇਲ ਤੋਂ ਉਤਪੰਨ ਹੋਏ ਇੱਕ ਸੈੱਲ ਤੋਂ 12 ਘੰਟਿਆਂ ਵਿੱਚ ਇੱਕ ਤੋਂ ਦੋ, ਦੋ ਤੋਂ ਚਾਰ ਸੈੱਲ ਬਣ ਜਾਂਦੇ ਹਨ ਅਤੇ 48 ਤੋਂ 72 ਘੰਟਿਆਂ ਵਿੱਚ ਕਿਰਾਏ ਦੀ ਕੁੱਖ ਵਿੱਚ ਰੱਖਣ ਦੇ ਯੋਗ ਮੁੱਢਲਾ ਭਰੂਣ ਬਣ ਜਾਂਦਾ ਹੈ।

ਸਰੋਗੇਸੀ ਦੀਆਂ ਕਿਸਮਾਂ

[ਸੋਧੋ]
 1. ਰਵਾਇਤੀ ਸਰੋਗੇਸੀ: ਜੇਕਰ ਔਰਤ ਇਕੱਲੀ ਹੋਵੇ ਜਾਂ ਦੋ ਔਰਤਾਂ ਪਤੀ-ਪਤਨੀ ਵਾਂਗ ਰਹਿੰਦੀਆਂ ਹੋਣ ਜਾਂ ਪਤੀ ਦੇ ਸ਼ੁਕਰਾਣੂ ਬਹੁਤ ਘੱਟ ਹੋਣ ਤੇ ਬੱਚੇ ਦੀ ਇੱਛਾ ਹੋਵੇ ਤਾਂ ਸੋਧ ਕੇ ਪਤੀ ਦੇ ਸ਼ੁਕਰਾਣੂ ਜਾਂ ਕਿਸੇ ਦੋਸਤ ਜਾਂ ਦਾਨੀ ਦੇ ਸ਼ੁਕਰਾਣੂ ਵਰਤੇ ਜਾਂਦੇ ਹਨ। ਅਜਿਹੀ ਹਾਲਤ ਵਿੱਚ ਔਰਤ ਦੇ ਪੇਟ ਵਿੱਚ ਆਪਣੇ ਹੀ ਬੱਚੇ ਦਾ ਭਰੂਣ ਹੁੰਦਾ ਹੈ ਜਿਸ ਦਾ ਬਾਪ ਉਸ ਔਰਤ ਦਾ ਪਤੀ ਜਾਂ ਕੋਈ ਸਾਥੀ ਹੁੰਦਾ ਹੈ। ਡਾਕਟਰ ਦੇ ਕਲਿਨਕ ਜਾਂ ਔਰਤ ਦੇ ਘਰ ਵਿੱਚ ਹੀ ‘ਇਨਸੈਮੀਨੇਸ਼ਨ’ ਦੁਆਰਾ ਭਰੂਣ ਪੈਦਾ ਕੀਤਾ ਜਾਂਦਾ ਹੈ। ਇਸ ਨੂੰ ‘ਰਵਾਇਤੀ ਸਰੋਗੇਸੀ’ ਕਿਹਾ ਜਾਂਦਾ ਹੈ।
 2. ਗੈਸਟੇਸ਼ਨਲ ਸਰੋਗੇਸੀ: ਕਿਸੇ ਜੋੜੇ ਜਾਂ ਅਲੱਗ-ਅਲੱਗ ਵਿਅਕਤੀਆਂ ਦੇ ਸ਼ੁਕਰਾਣੂ/ਅੰਡੇ ਤੋਂ ਪੈਦਾ ਕੀਤਾ ਹੋਇਆ ਭਰੂਣ ਕਿਸੇ ਸਰੋਗੇਟ ਮਾਂ ਦੀ ਕੁੱਖ ਵਿੱਚ ਰੱਖ ਦਿੱਤਾ ਜਾਵੇ ਤਾਂ ਅਜਿਹੀ ਔਰਤ ਦੇ ਅੰਦਰ ਪਲ ਰਹੇ ਭਰੂਣ ਦਾ ਉਸ ਨਾਲ ਕੋਈ ਜੈਨੇਟਿਕ ਸਬੰਧ ਨਹੀਂ ਹੁੰਦਾ। ਬੱਚੇ ਦੇ ਜਨਮ ਤਕ ਹੀ ਉਹ ਇਸ ਨੂੰ ਆਪਣੇ ਅੰਦਰ ਰੱਖਦੀ ਹੈ। ਇਹ ਮਾਂ ਜਣੇਪੇ ਤੋਂ ਬਾਅਦ ਅੱਗੋਂ ਬੱਚੇ ਨੂੰ ਪਾਲਣ ਲਈ ਉਸ ਦੇ ਜੈਵਿਕ (ਬਾਇਓਲਾਜੀਕਲ) ਮਾਂ-ਪਿਓ ਨੂੰ ਸੌਂਪ ਦਿੰਦੀ ਹੈ ਜਾਂ ਕਈ ਕੇਸਾਂ ਵਿੱਚ ਅਜਿਹੇ ਬੱਚੇ ਦੇ ਮਾਪੇ ‘ਮਤਰੇਏ’ ਹੁੰਦੇ ਹਨ ਯਾਨੀ ਕਿ ਜੈਵਿਕ ਮਾਪੇ ਨਹੀਂ ਹੁੰਦੇ ਬਲਕਿ ਦਾਨ ਲਏ ਹੋਏ ਸ਼ੁਕਰਾਣੂ-ਅੰਡੇ ਤੋਂ ਬਣੇ ਭਰੂਣ ਨੂੰ ਕਿਰਾਏ ਦੀ ਕੁੱਖ ਵਿੱਚ ਰਖਵਾਇਆ ਗਿਆ ਹੁੰਦਾ ਹੈ।
 3. ਵਪਾਰਕ ਸਰੋਗੇਸੀ: ਇਸ ਦਾ ਅਰਥ ਹੈ ਕਿ ਕਿਸੇ ਹੋਰ ਜੋੜੇ ਦਾ ਭਰੂਣ,ਆਪਣੇ ਪੇਟ ਅੰਦਰ ਰੱਖਣਾ ਅਤੇ ਜਣੇਪੇ ਤੋਂ ਬਾਅਦ ਬੱਚਾ ਸਬੰਧਤ ਜੋੜੇ ਜਾਂ ਵਿਅਕਤੀ ਨੂੰ ਦੇ ਦੇਣਾ ਜਿਸ ਵਾਸਤੇ ਮੈਡੀਕਲ ਖਰਚਿਆਂ ਤੋਂ ਇਲਾਵਾ ਇਸ ਪ੍ਰਕਿਰਿਆ ਅਤੇ ਕੁੱਖ ਦੇ ਕਿਰਾਏ ਵਜੋਂ ਰਕਮ ਵਸੂਲ ਕੀਤੀ ਜਾਂਦੀ ਹੈ।
 4. ਐਲਟਰੂਇਸਟਿਕ ਸਰੋਗੇਸੀ: ਜੇਕਰ ਆਪਣੀ ਕੁੱਖ ਵਿੱਚ ਕਿਸੇ ਹੋਰ ਜੋੜੇ ਦਾ ਭਰੂਣ ਰੱਖਣ ਅਤੇ ਬੱਚਾ ਜੰਮਣ ਵਾਸਤੇ ਡਿਲਵਰੀ ਦੇ ਮਾਮੂਲੀ ਖਰਚੇ ਤੋਂ ਬਿਨਾਂ ਹੋਰ ਕੋਈ ਰਕਮ ਨਾ ਵਸੂਲੀ ਜਾਵੇ ਤਾਂ ਇਸ ਨੂੰ ਐਲਟਰੂਇਸਟਿਕ ਸਰੋਗੇਸੀ ਕਿਹਾ ਜਾਂਦਾ ਹੈ। ਅਜਿਹਾ ਪ੍ਰਬੰਧ ਕਿਸੇ ਖ਼ਾਸ ਰਿਸ਼ਤੇਦਾਰ ਜਿਵੇਂ ਭੈਣ, ਭਰਜਾਈ, ਦਰਾਣੀ, ਜਠਾਣੀ ਜਾਂ ਧੀ ਵਾਸਤੇ ਜਾਂ ਕਿਸੇ ਗੂੜ੍ਹੇ ਸਬੰਧਾਂ ਵਾਲੇ ਦੋਸਤਾਂ ਲਈ ਵੀ ਕੀਤਾ ਜਾਂਦਾ ਹੈ।

ਇਤਿਹਾਸ

[ਸੋਧੋ]
 • 1870 ਦਾ ਦਹਾਕਾ: ਚੀਨ ਵਿੱਚ ਗੋਦ ਲੈਣ ਦੀ ਪ੍ਰਥਾ ਚਾਲੂ ਹੋਈ ਅਤੇ ਬੱਚਾ ਗੋਦ ਲੈਣ ਵਾਲੀ ਮਾਤਾ ਪਿਤਾ ਦਾ ਕਨੂਨੀ ਵਾਰਿਸ ਹੋ ਜਾਂਦਾ ਹੈ।
 • 1930 ਦਾ ਦਹਾਕਾ: ਅਮਰੀਕਾ ਦੀ ਫਾਰਮਾਸੁਟੀਕਲ ਕੰਪਨੀ ਸਚੇਰਿੰਗ-ਕਲਬੋਨ ਅਤੇ ਪਾਰਕੇ-ਡੈਵਿਸ ਵੱਡੇ ਪੱਥਰ ਤੇ ਐਸਟੋਜਨ ਦਾ ਨਿਰਮਾਣ ਕਰਨ ਲੱਗੀ।
 • 1944: ਹਰਵਰਡ ਮੈਡੀਕਲ ਦੇ ਪ੍ਰੋਫੈਸ਼ਰ ਜੋਨ ਰੋਕ ਪਹਿਲੇ ਆਦਮੀ ਸਨ ਜਿਹਨਾਂ ਨੇ ਬੱਚੇ ਦਾਨੀ ਦੇ ਬਾਹਰ ਨਿਸ਼ੇਚਨ ਕਰਵਾਇਆ।
 • 1953: ਆਦਮੀ ਦੇ ਵੀਰਜ਼ ਨੂੰ ਜਮਾਉਣ ਦਾ ਸਫਲ ਖੋਜ਼ ਹੋਈ।
 • 1971: ਮਨੁੰਖੀ ਵੀਰਜ਼ ਦਾ ਪਹਿਲਾ ਬੈਂਕ ਨਿਉਯਾਰਕ ਵਿੱਚ ਸ਼ੁਰੂ ਹੋਇਆ।
 • 1978: ਲਾਉਸ ਬਰਾਉਣ ਇੰਗਲੈਂਡ ਦਾ ਪਹਿਲਾ ਟੈਸਟ ਟਿਉਬ ਬੇਬੀ ਪੈਦਾ ਹੋਇਆ।
 • 1980: ਨੋਇਲ ਕੇਈਨ ਮਿਸ਼ੀਗਨ ਦੇ ਪਹਿਲੇ ਵਕੀਲ ਹੋਏ ਜਿਹਨਾਂ ਨੇ ਪਹਿਲਾ ਸਰੋਗੇਸੀ ਦਾ ਸਮਝੋਤਾ ਲਿਖਿਆ।
 • 1985: ਔਰਤ ਨੈ ਗੈਸਟੇਸ਼ਨਲ ਸਰੋਗੇਸੀ ਰਾਹੀ ਪਹਿਲੀ ਵਾਰ ਗਰਭ ਧਾਰਨ ਕੀਤਾ।
 • 1986: ਮੇਲੀਸਾ ਸਟੇਰਮ ਜਾਂ ਬੇਬੀ ਐਮ ਨੇ ਅਮਰੀਕਾ ਵਿੱਚ ਜਨਮ ਲਿਆ। ਸਰੋਗੇਸੀ ਮਾਂ ਮੈਰੀ ਬੈਥ ਨੇ ਬੱਚੇ ਨੂੰ ਅਸਲੀ ਮਾਂ ਬਾਪ ਨੂੰ ਦੇਣ ਲਈ ਮਨਾ ਕਰ ਦਿਤਾ। ਅਦਾਲਤ ਨੇ ਕਿਹਾ ਕਿ ਸਮਝੋਤੇ ਮੁਤਾਬਕ ਮੈਰੀ ਬੈਥ ਗਲਤ ਕਰ ਰਹੀ ਹੈ ਅਤੇ ਅਦਾਲਤ ਨੇ ਬੱਚੇ ਦੇ ਵਧੀਆ ਭਵਿਖ ਲਈ ਮੇਲੀਸਾ ਨੂੰ ਆਪਣੇ ਅਸਲੀ ਮਾਤਾ ਪਿਤਾ ਨੂੰ ਸੋਪ ਦਿਤਾ।
  ਤਸਵੀਰ:BabyMminiseries1988.jpg
  ਬੇਬੀ ਐਮ
 • 1990: ਕੇਲੀਫੋਰਨੀਆ ਵਿੱਚ ਗੈਸਟੇਸ਼ਨਲ ਅਨਾ ਜੋਹਨਸਨ ਨੇ ਵੀ ਮਾਤਾ ਪਿਤਾ ਮਾਰਕ ਅਤੇ ਕਰਿਸਪੀਨਾ ਕਲਵਰਟ ਨੂੰ ਬੱਚਾ ਦੇਣੋ ਮਨਾ ਕਰ ਦਿਤਾ। ਅਤੇ ਅਦਾਲਤ ਨੇ ਅਸਲੀ ਮਾਂ ਬਾਪ ਨੂੰ ਬੱਚਾ ਬਾਪਸ ਕਰ ਦਿਤਾ।
 • 1994:
  • ਲਤੀਨੀ ਅਮਰੀਕਾ ਵਿੱਚ ਮਾਹਰ ਨੇ ਚਿਲੀ ਵਿੱਚ ਕਨੁੰਨੀ ਅਤੇ ਸਿਧਾਂਤਕ ਪੱਖਾ ਤੇ ਚਾਨਣਾ ਪਾਇਆ।
  • ਚੀਨ ਦੀ ਸਿਹਤ ਮਹਿਕਮੇ ਨੇ ਗੈਸਟੇਸ਼ਨਲ ਮਾਤਾ ਅਤੇ ਅਸਲੀ ਮਾਂ ਬਾਪ ਦੀਆਂ ਮੁਸ਼ਕਲਾ ਨੂੰ ਸਮਝੇ ਹੋਏ ਸਰੋਗੇਸੀ ਤੇ ਪਾਬੰਧੀ ਲਗਾ ਦਿਤੀ।
 • 2009: ਚੀਨੀ ਸਰਕਾਰ ਦੀ ਗੈਸਟੇਸ਼ਨਲ ਸਰੋਗੇਸੀ ਤੇ ਲਾਈ ਪਾਬੰਧੀ ਹਟਾਉਣੀ ਪਈ ਅਤੇ ਚੀਨੀ ਔਰਤਾਂ ਗਰਭਪਾਤ ਕਰਨ ਦੇ ਖਿਲਾਫ ਖੜੀਆਂ ਹੋ ਗਈ।

ਸਰੋਗੇਸੀ ਅਤੇ ਕਾਨੂੰਨੀ ਪਹਿਲੂ

[ਸੋਧੋ]

ਸਰੋਗੇਸੀ ਨਾਲ ਸਬੰਧਤ ਦੋਨਾਂ ਧਿਰਾਂ- ਕਿਰਾਏ ਦੀ ਕੁੱਖ ਵਾਲੀ ਔਰਤਅਤੇ ਬੱਚਾ ਹਾਸਲ ਕਰਨ ਵਾਲੇ ਮਾਪਿਆਂ ਦਰਮਿਆਨ ਮੁਆਇਦਾ ਇਕਰਾਰਨਾਮੇ ਦੇ ਆਧਾਰ ‘ਤੇ ਹੋਵੇਗਾ ਜਿਸ ਵਿੱਚ ਸ਼ਰਤਾਂ ਹੇਠ ਲਿਖੇ ਅਨੁਸਾਰ ਹੋਣਗੀਆਂ:

 1. ਕੁੱਖ ਉਪਲਬਧ ਕਰਵਾਉਣ ਵਾਲੀ ਔਰਤ ਦੀ ਰਜ਼ਾਮੰਦੀ।
 2. ਉਸ ਔਰਤ ਅਤੇ ਉਸ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਇਕਰਾਰਨਾਮਾ ਤਿਆਰ ਕਰਨਾ।
 3. ਮੈਡੀਕਲ ਢੰਗ-ਤਰੀਕਿਆਂ ਅਤੇ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਬਾਰੇ ਜਾਣਕਾਰੀ ਦੇਣਾ।
 4. ਔਰਤ ਦੇ ਅੰਦਰ ਭਰੂਣ ਰੱਖਣ ਤੋਂ ਲੈ ਕੇ ਜਣੇਪੇ ਤਕ ਦੇ ਖਰਚੇ ਦੀ ਅਦਾਇਗੀ ਕਰਨ ਬਾਰੇ।
 5. ਜਣੇਪੇ ਤੋਂ ਬਾਅਦ ਬੱਚਾ ਮਾਪਿਆਂ ਦੇ ਸਪੁਰਦ ਕਰਨ ਬਾਰੇ ਇਕਰਾਰਨਾਮਾ ਪਰ ਇਹ ਵਪਾਰਕ ਮੰਤਵ ਨਾਲ ਨਹੀਂ ਹੋਣਾ ਚਾਹੀਦਾ।
 6. ਸਰੋਗੇਸੀ ਦੇ ਪ੍ਰਬੰਧ ਅਨੁਸਾਰ ਜੰਮਣ ਵਾਲੇ ਬੱਚੇ ਵਾਸਤੇ ਨਿਮਨ ਲਿਖਤ ਹਾਲਤਾਂ ਵਿੱਚ ਪੈਸੇ ਦੀ ਉਪਲਬਧਤਾ ਹੋਣੀ ਜ਼ਰੂਰੀ ਹੈ:
  1. ਬੱਚੇ ਦੇ ਜਨਮ ਤੋਂ ਪਹਿਲਾਂ ਜੇ ਮਾਪਿਆਂ ਜਾਂ ਇਕੱਲੇ ਮਾਪੇ ਦੀ ਮੌਤ ਹੋ ਜਾਵੇ। ਜਾਂ
  2. ਬੱਚੇ ਦੇ ਜਨਮ ਤੋਂ ਪਹਿਲਾਂ ਉਸ ਦੇ ਮਾਪਿਆਂ ਦਾ ਤਲਾਕ ਹੋ ਜਾਵੇ ਅਤੇ ਉਸ ਬੱਚੇ ਨੂੰ ਲੈਣ ਵਾਸਤੇ ਕੋਈ ਵੀ ਤਿਆਰ ਨਾ ਹੋਵੇ।
 7. ਇਸ ਮੁਆਇਦੇ ਅਨੁਸਾਰ ‘ਕੁੱਖ ਵਾਲੀ ਔਰਤ’ ਦਾ ਜੀਵਨ ਬੀਮਾ ਕਰਵਾਉਣਾ।