ਸਲੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

5 ਕੁ ਫੁੱਟ ਲੰਮੇ ਲੱਕੜ ਦੇ ਹੱਥੇ ਵਿਚ 12/2 ਕੁ ਫੁੱਟ ਲੰਮੀਆਂ ਲੱਕੜ ਦੀਆਂ ਲੱਗੀਆਂ 2 ਥੋੜ੍ਹੀ ਜਿਹੀ ਗੁਲਾਈ ਵਾਲੀਆਂ ਸੁੱਤਾਂ ਵਾਲੇ ਖੇਤੀ ਸੰਦ ਨੂੰ ਸਲੰਘ ਕਹਿੰਦੇ ਹਨ। ਕਈਆਂ ਇਲਾਕਿਆਂ ਵਿਚ ਸਲੰਘ ਨੂੰ ਸਾਂਗਾ, ਕਈ ਇਲਾਕਿਆਂ ਵਿਚ ਬਿਸਾਂਗੀ ਵੀ ਕਹਿੰਦੇ ਹਨ। ਸਲੰਘ ਦੀ ਵਰਤੋਂ ਪਹਿਲੇ ਸਮਿਆਂ ਵਿਚ ਖੜ੍ਹੀਆਂ ਵਿਚ ਲੱਗੀ ਫਸਲ ਨੂੰ ਗੱਡਿਆ ਵਿਚ ਭਰਨ ਸਮੇਂ ਪਿੜਾਂ ਵਿਚ ਢੋਣ ਸਮੇਂ ਕੀਤੀ ਜਾਂਦੀ ਸੀ। ਜਦ ਗੱਡੇ ਦੀ ਭਰਾਈ ਸਮੇਂ ਗੱਡੇ ਉੱਪਰ ਹੱਥਾਂ ਨਾਲ ਹੋਰ ਲਾਂਗਾ ਸਿੱਟਣਾ ਔਖਾ ਹੋ ਜਾਂਦਾ ਸੀ, ਉਸ ਸਮੇਂ ਇਕ ਬੰਦਾ ਸਲੰਘ ਵਿਚ ਲਾਂਗੇ ਦਾ ਧੱਬਾ ਫਸਾ ਕੇ ਗੱਡੇ ਉੱਪਰ ਸਿੱਟਦਾ ਸੀ। ਗੱਡੇ ਦੀ ਭਰਾਈ ਕਰ ਰਿਹਾ ਬੰਦਾ ਫੇਰ ਸਲੰਘ ਨਾਲ ਸਿੱਟੇ ਲਾਂਗੇ ਨੂੰ ਗੱਡੇ ਵਿਚ ਸੈਟ ਕਰਦਾ ਸੀ। ਏਸ ਤਰ੍ਹਾਂ ਸਲੰਘ ਨਾਲ ਗੱਡੇ ਉਪਰ ਲਾਂਗਾ ਸਿੱਟ-ਸਿੱਟ ਕੇ ਗੱਡੇ ਦੀ ਪੂਰੀ ਭਰਾਈ ਕੀਤੀ ਜਾਂਦੀ ਸੀ। ਲਾਂਗੇ ਦੋ ਭਰੇ ਗੱਡੇ ਨੂੰ ਸਲੰਘ ਦੀ ਵਰਤੋਂ ਕਰ ਕੇ ਹੀ ਖਾਲੀ ਕੀਤਾ ਜਾਂਦਾ ਸੀ।

ਗਾਹੁਣ ਲਈ ਲਾਂਗੇ ਦੀ ਪੈਲੀ ਵੀ ਸਲੰਘ ਤੇ ਜੱਟ ਦੀ ਮਦਦ ਨਾਲ ਪਾਈ ਜਾਂਦੀ ਸੀ। ਸਲੰਘ ਨਾਲ ਹੀ ਪੈਲੀ ਨੂੰ ਪਹਿਲੀ ਵਾਰ ਫੋਲਿਆ (ਗਾਹੀ ਪੈਲੀ ਨੂੰ ਉਪਰ ਹੇਠ ਕਰਨਾ) ਜਾਂਦਾ ਸੀ। ਬਾਜਰਾ, ਜੁਆਰ, ਛੋਲੇ ਆਦਿ ਦੀਆਂ ਫਸਲਾਂ ਦੇ ਦਾਣੇ ਸਲੰਘ, ਸੋਟਿਆਂ ਨਾਲ ਕੁੱਟ ਕੇ ਕੱਢੇ ਜਾਂਦੇ ਸਨ।

ਸਲੰਘ ਦੀਆਂ ਰੁੱਤਾਂ ਦੀ ਇਕ ਸਿਰੇ ਦੀ 3 ਕੁ ਇੰਚ ਚੌੜਾਈ ਤੇ 12 ਕੁ ਇੰਚ ਮੋਟਾਈ ਹੁੰਦੀ ਸੀ। ਕਿਨਾਰੇ ਥੋੜ੍ਹੇ-ਥੋੜ੍ਹੇ ਗੋਲ ਕੀਤੇ ਹੁੰਦੇ ਸਨ। ਸੁੱਤਾਂ ਦੀ ਚੌੜਾਈ ਤੇ ਮੋਟਾਈ ਘਟਦੀ-ਘਟਦੀ ਅਖੀਰ 'ਤੇ ਆ ਕੇ ਤਿੱਖੀ ਨੋਕ ਬਣ ਜਾਂਦੀ ਸੀ। ਦੋਹਾਂ ਸੁੱਤਾਂ ਦੇ ਚੌੜਾਈ ਤੇ ਮੋਟਾਈ ਵਾਲੇ ਹਿੱਸੇ ਨੂੰ ਹੱਥੇ ਦੇ ਇੱਕ ਸਿਰੇ ਦੇ ਬਾਹਰਲੇ ਪਾਸੇ ਆਹਮੋ ਸਾਹਮਣੇ ਲਾ ਕੇ ਲੋਹੇ ਦੀ ਪੱਤੀ ਨਾਲ ਇਸ ਤਰ੍ਹਾਂ ਜੜਿਆ ਜਾਂਦਾ ਸੀ ਕਿ ਜੜੀਆਂ ਦੋਹਾਂ ਸੁੱਤਾਂ ਦੇ ਵਿਚਾਲੇ 4/5 ਕੁ ਇੰਚ ਤੱਕ ਦੀ ਵਿੱਥ/ਦੂਰੀ ਰਹਿ ਜਾਵੇ। ਇਸ ਤਰ੍ਹਾਂ ਸਲੰਘ ਬਣਦੀ ਸੀ। ਹੁਣ ਸਲੰਘ ਦੀ ਵਰਤੋਂ ਘੱਟ ਹੀ ਹੁੰਦੀ ਹੈ ਕਿਉਂ ਜੋ ਹੁਣ ਸਾਰੀਆਂ ਫ਼ਸਲਾਂ ਦੀ ਕਢਾਈ ਹੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.