ਸ਼ਬਦ ਸ਼ਕਤੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਬਦ ਸ਼ਕਤੀਆਂ ਸ਼ਬਦਾ ਤੇ ਅਰਥ ਨੂੰ ਪ੍ਰਗਟ ਕਰਨ ਵਾਲੀ ਵਿਧੀ ਨੂੰ ਕਿਹਾ ਜਾਂਦਾ ਹੈ। ਸਾਧਾਰਨ ਸ਼ਬਦਾਂ ਵਿੱਚ ਲੁਕੇ ਅਰਥ ਨੂੰ ਪ੍ਰਗਟ ਕਰਨ ਵਾਲੇ ਤੱਤ ਨੂੰ ‘ਸ਼ਬਦ ਸ਼ਕਤੀ’ ਕਿਹਾ ਜਾਂਦਾ ਹੈ। ਇਸਦਾ ਦੂਜਾ ਨਾਂ ‘ਸ਼ਬਦ-ਵਿਆਪਾਰ’ ਵੀ ਹੈ। ਸ਼ਬਦ ਸ਼ਕਤੀਆਂ ਲਈ ਸ਼ਬਦ ਵਿਆਪਾਰ  ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਜਗਨਨਾਥ ਨੇ ਕੀਤੀ ਸੀ। ਸ਼ਬਦ ਕਾਰਣ ਹੈ ਅਤੇ ਅਕਧ ਕਾਰਜ ਹੈ ਅਤੇ ਸ਼ਬਦ ਸ਼ਕਤੀ ਇਨ੍ਹਾਂ ਨੂੰ ਪੇਸ਼ ਕਰਨ ਦਾ ਸਾਧਨ ਹੈ। ਸ਼ਬਦ ਸ਼ਕਤੀ ਤੋਂ ਬਿਨ੍ਹਾਂ ਸ਼ਬਦ ਦੇ ਅਰਥ ਦਾ ਗਿਆਨ ਨਹੀਂ ਹੁੰਦਾ, ਸ਼ਬਦ ਅਤੇ ਅਰਥ ਦੇ ਸੰਬੰਧ ਬਾਰੇ ਵਿਚਾਰ ਕਰਨ ਵਾਲੇ ਤੱਤ ਦਾ ਨਾਂ ‘ਸ਼ਬਦ ਸ਼ਕਤੀ’ ਹੈ। ਸ਼ਬਦ ਸ਼ਕਤੀਆਂ ਬਾਰੇ ਸਭ ਤੋਂ ਪਹਿਲਾਂ ਵਿਵੇਚਨ ਅਤੇ ਵਿਚਾਰਨ ਉਦਭੱਟ ਨੇ (8 ਵੀ ਸਦੀ) ਤੋਂ ਮੰਨੀ ਜਾਂਦੀ ਹੈ।[1] ਡਾ. ਓਮ ਪ੍ਰਕਾਸ਼ ਸ਼ਰਮਾ ਸਾਸਤ੍ਰੀ ਅਨੁਸਾਰ: “ ਕਿਸੇ ਸ਼ਬਦ ਦੀ ਹੋਂਦ ਅਤੇ ਮਹੱਤਵ ਉਸ ਰਾਹੀਂ ਗਿਆਤ ਹੋਣ ਵਾਲੇ ਅਰਥ ਉੱਪਰ ਨਿਰਭਰ ਕਰਦਾ ਹੈ ਅਤੇ ਅਸਲ ਵਿੱਚ ਸ਼ਬਦ ਦੀ ਹੋਂਦ ਹੀ ਅਰਥ ਨੂੰ ਜਨਮ ਦਿੰਦੀ ਹੈ। ਕਿਸੇ ਸ਼ਬਦ ਦੇ ਉਚਾਰਨ ਅਤੇ ਉਸਦੇ ਅਰਥ ਦੇ ਪ੍ਰਗਟਾਵੇ ਵਿਚਲੇ ਜੋ ਇੱਕ ਅਪ੍ਰੱਤਥ ਪ੍ਰਕਿਰਿਆ ਅਖਵਾਉਂਦੀ ਹੈ। ਸ਼ਬਦ ਦੇ ਅਰਥ ਬੋਧ ਰਾਹੀਂ ਹੀ ਉਸਦੀ ਸਮਰੱਥਾ ਦਾ ਗਿਆਨ ਹੁੰਦਾ ਹੈ”।[1] ਸ਼ਬਦ ਦੇ ਜਿਸ ਵਿਆਪਾਰ ਨਾਲ ਉਸਦੇ ਕਿਸੇ ਅਰਥ  ਦਾ ਬੋਧ ਹੁੰਦਾ ਹੈ, ਉਨ੍ਹਾਂ ਨੂੰ  ਸ਼ਬਦ ਸ਼ਕਤੀ ਕਹਿੰਦੇ  ਹਨ। ਸ਼ਬਦ ਅਤੇ ਅਰਥ ਦਾ ਸੰਬੰਧ ਹੀ ਸ਼ਕਤੀ ਹੀ। ਇੱਕ ਸ਼ਬਦ ਤੋਂ ਕਈ ਅਰਥਾਂ ਦਾ ਗਿਆਨ ਹੁੰਦਾ  ਹੈ,ਕਈਆਂ ਦਾ ਭੁਲੇਖਾ ਪੈਦਾ ਹੁੰਦਾ ਹੈ। ਇਸ ਲਈ ਸ਼ਬਦ  ਦੀਆਂ ਇੱਕ ਤੋਂ ਵੱਧ ਸ਼ਕਤੀਆਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ  ਦੇ ਰਾਹੀਂ ਉਹ ਸ਼ਬਦ ਵੱਖ-ਵੱਖ ਅਰਥਾਂ ਦਾ ਗਿਆਨ ਕਰਵਾਉਂਦਾ ਹੈ।

ਨਾਗੇਸ਼  ਭੱਟ ਅਨੁਸਾਰ[ਸੋਧੋ]

ਸ਼ਬਦ  ਅਤੇ ਅਰਥ ਦਾ ਵੱਖਰਾ ਸੰਬੰਧ ਹੀ ਸ਼ਕਤੀ ਹੈ, ਜਿਹੜੀ ਅਰਥ ਦਾ ਗਿਆਨ ਕਰਵਾਉਂਦੀ ਹੈ।[2] ਪ੍ਰਾਚੀਨ ਭਾਰਤੀ ਸੰਸਕ੍ਰਿਤ ਦੇ ਵਿਆਕਰਣਕਾਰਾਂ ਨੇ ਸ਼ਬਦ ਦੀ  ਚਾਰ ਤਰ੍ਹਾਂ ਦੀ ਵੰਡ ਕੀਤੀ ਹੈ- •ਜਾਤੀਵਾਚਕ ਸ਼ਬਦ •ਗੁਣਵਾਚਕ ਸ਼ਬਦ •ਕ੍ਰਿਆਵਾਚਕ ਸ਼ਬਦ •ਯਦ੍ਰਿੱਛਾ (ਵਿਅਕਤੀ ਜਾਂ ਦ੍ਰਵ) ਸ਼ਬਦ

ਜਾਤੀਵਾਚਕ ਸ਼ਬਦ[ਸੋਧੋ]

ਇਹ ਸ਼ਬਦ ਸਮੁੱਚੀ ਜਾਤ ਦਾ ਬੋਧ ਕਰਵਾਉਂਦੇ ਹਨ। ਜਿਵੇਂ  ‘ਗਊ’ ਸ਼ਬਦ ਕਹਿਣ ‘ਤੇ ਸਮੁੱਚੀ ਗਊ ਜਾਤੀ ਦਾ ਬੋਧ ਹੁੰਦਾ ਹੈ।

ਗੁਣਵਾਚਕ ਸ਼ਬਦ[ਸੋਧੋ]

ਗੁਣਵਾਚਕ ਸ਼ਬਦ ਉਹ ਸ਼ਬਦ ਹੁੰਦੇ ਹਨ ਜੋ ਕਿਸੇ ਵਿਅਕਤੀ ਦੇ ਕਿਸੇ ਵਿਸ਼ੇਸ਼ ਪੱਖ ਦਾ ਬੋਧ ਕਰਵਾਉਂਦਾ ਹੈ ਜਿਵੇਂ – ਮਿੱਠਾ, ਨਰਮ, ਕਾਲਾ, ਛੋਟਾ ਆਦਿ  ਗੁਣਾਂ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਗੁਣਵਾਚਕ ਹੈ।

ਕ੍ਰਿਆਵਾਚਕ ਸ਼ਬਦ[ਸੋਧੋ]

ਉਹ ਸ਼ਬਦ ਜਿਸ ਤੋਂ ਕ੍ਰਿਆ ਦਾ ਭਾਵ  ਪ੍ਰਗਟ ਹੋਵੇ, ਜਿਵੇਂ ਪਾਠਕ (ਪੜ੍ਹਨ ਵਾਲਾ), ਸ੍ਰੋਤਾ (ਸੁਣਨ ਵਾਲਾ)।

ਯਦ੍ਰਿੱਛਾ[ਸੋਧੋ]

ਇਹ ਸ਼ਬਦ ਉਹ ਸ਼ਬਦ ਹਨ, ਜਿਹੜੇ ਕਿਸੇ ਵਿਅਕਤੀ  ਵਿਸ਼ੇਸ਼ ਅਥਵਾ ਕਿਸੇ ਪਦਾਰਥ ਵਿਸ਼ੇਸ਼ ਦਾ ਗਿਆਨ ਕਰਵਾਉਂਦੇ ਹਨ ਅਰਥਾਤ ਸਾਰੇ ਸੰਕਿਆਵਾਚਕ ਸ਼ਬਦ ਰਾਮ-ਸ਼ਾਮ  ਆਦਿ। ਇਹ ਸ਼ਬਦ ਇੱਛਾ ਅਨੁਸਾਰ  ਕਿਸੇ ਵਿਅਕਤੀ ਤੇ ਨਾਂ ਤੇ ਰੂਪ ਵਿੱਚ ਵਰਤੇ ਜਾਂਦੇ ਹਨ। 

ਸ਼ਬਦ ਅਰਥ[ਸੋਧੋ]

ਸ਼ਬਦ  ਦਾ ਜਿਸ ਪਦਾਰਥ, ਵਸਤੂ, ਅਥਵਾ ਭਾਵ ਵਿੱਚ ਸੰਕੇਤ ਹੋਵੇ, ਉਹ ਅਰਥ ਹੈ। ਸ਼ਬਦ ਦੇ ਬੋਲਣ ਤੋਂ ਜਿਸ ਵਿਅਕਤੀ, ਪਦਾਰਥ ਜਾਂ ਭਾਵ ਆਦਿ  ਦੀ ਸੱਤਾ (ਪ੍ਰਤੱਖ) ਹੁੰਦੀ ਹੈ, ਉਸਨੂੰ ਅਰਥ ਕਿਹਾ ਜਾਂਦਾ ਹੈ। ਸ਼ਬਦਾਂ ਅਤੇ ਅਰਥਾਂ ਦਾ ਸੰਬੰਧ ਸਹਿਜ ਅਤੇ  ਅਨਾਦੀ ਹੈ।

ਸ਼ੰਕੇਤਿਕ ਅਰਥ[ਸੋਧੋ]

ਸੰਕੇਤਿਕ ਅਰਥ ਦਾ ਭਾਵ ਹੈ ਆਮ ਬੋਲ ਚਾਲ ਵਿੱਚ ਮਸ਼ਹੂਰ ਜਿਸ ਵਸਤੂ ਭਾਵ ਤਾਈ ਸਾਡੀ ਮੁਰਾਦ ਹੋਵੇ। ਜਿਸ ਅਰਥ ਵਿੱਚ  ਸ਼ਬਦ ਦਾ ਸੰਕੇਤ ਹੋਵੇ ਉਹ ਸੰਕੇਤਿਕ ਅਰਥ ਹੁੰਦਾ ਹੈ। ਸ਼ਬਦ ਤੇ ਅਰਥ ਦਾ ਕੁਦਰਤੀ ਸੰਬੰਧ ਸੰਕੇਤ ਹੈ। ‘ਗਧਾ’ ਸ਼ਬਦ ਦਾ ਸੰਕੇਤ ਲੰਮੇ ਲੰਮੇ ਕੰਨਾਂ ਵਾਲੇ ਪਸ਼ੂ ਵਿੱਚ  ਹੈ। ਇਸ ਲਈ ‘ਗਧਾ’ ਸ਼ਬਦ ਦਾ ਇਹ ਸੰਕੇਤਿਤ ਅਰਥ ਹੈ। ਆਚਾਰੀਆਂ ਮੰਮਟ ਅਨੁਸਾਰ ਸ਼ਬਦ ਤਿੰਨ ਤਰ੍ਹਾਂ ਨਾਲ ਪ੍ਰਗਟ ਹੁੰਦਾ ਹੈ।

•ਵਾਚਕ (Expressive) •ਲਾਕਸ਼ਣਿਕ(Indicative) •ਵਿਅੰਗਕ(Suggestive)

ਵਾਚਕ[ਸੋਧੋ]

ਵਾਚਕ ਮੁੱਖ ਅਰਥ ਦਾ ਬੋਧ ਕਰਵਾਉਂਦਾ ਹੈ ਇਸਨੂੰ ਪਹਿਲੇ ਸਥਾਨ ਉੱਪਰ ਪੇਸ਼ ਕੀਤਾ ਜਾਂਦਾ ਹੈ। ਕਿਸੇ ਦਾ ਇੱਕ ਮੁੱਖ ਅਰਥ ਹੁੰਦਾ ਹੈ। ਜਿਵੇਂ ਕਿ  ‘ਗਊ’ ਸ਼ਬਦ ਦਾ ਅਰਥ ‘ਗਲ ਵਿੱਚ ਲਟਕਦੇ ਮਾਸ ਆਦਿ ਵਾਲਾ ਇੱਕ ਖਾਸ ਤਰ੍ਹਾਂ ਦਾ ਪਸ਼ੂ ਹੈ। ਇਸ ‘ਗਊ’ ਸ਼ਬਦ ਤੋਂ  ਆਮ ਤੌਰ 'ਤੇ ਇਸੇ ਅਰਥ ਦਾ ਗਿਆਨ ਹੁੰਦਾ ਹੈ। ਇੱਥੇ ਮੁੱਖ  ਅਰਥ, ਵਾਚਿਅ ਅਰਥ ਨੂੰ ਪ੍ਰਗਟ ਕਰਨ ਵਾਲਾ ‘ਗਊ’ ਸ਼ਬਦ ਨੂੰ  ਵਾਚਕ ਕਿਹਾ ਗਿਆ ਹੈ।

ਲਾਕਸ਼ਣਿਕ[ਸੋਧੋ]

ਲਾਕਸ਼ਣਿਕ ਅਰਥ ਉਹ ਅਰਥ ਹੁੰਦਾ ਹੈ, ਜਿੱਥੇ ਮੁੱਖ ਅਰਥ ਨੂੰ ਛੱਡ ਕੇ ਸ਼ਬਦ ਦੇ ਹੋਰ ਅਰਥ ਵੀਂ ਨਿਕਲਦੇ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ਕਮੇਟੀ ਦੀ ਰਾਇ। ਇੱਥੇ ਕਮੇਟੀ ਰਾਇ ਨਹੀਂ ਦੇ ਸਕਦੀ। ਇਸਲਈ ਕਮੇਟੀ ਆਪਣੇ ਮੁੱਖ ਅਰਥ ਨੂੰ ਛੱਡ ਕੇ ਕਮੇਟੀ ਵਿੱਚ ਨਿਯੁਕਤ ਹੋਏ ਵਿਅਕਤੀਆਂ ਲਈ ਵਰਤਿਆ ਗਿਆ ਹੈ। ਮੁੱਖ ਅਰਥ ਨਾਲ  ਜੁੜੇ ਹੋਏ ਅਰਥ ਨੂੰ ਲਾਕਸ਼ਣਿਕ ਅਰਥ ਕਿਹਾ ਜਾਂਦਾ ਹੈ।

ਵਿਅੰਗਕ[ਸੋਧੋ]

ਵਿਅੰਗਕ ਅਰਥ ਉਹ ਅਰਥ ਹੁੰਦਾ ਹੈ, ਜਿੱਥੇ ਮੁੱਖ ਸ਼ਬਦ ਅਤੇ ਉਸਦੇ ਨਾਲ ਨਿਕਲਦੇ ਹੋਰ ਅਰਥਾਂ ਤੋਂ ਬਿਨ੍ਹਾਂ ਕੋਈ ਗੂੜ੍ਹ ਅਰਥ ਪ੍ਰਗਟ ਹੋਵੇ, ਤਾਂ ਉਸਨੂੰ ਵਿਅੰਗ ਅਰਥ ਕਹਿੰਦੇ ਹਨ, ਜਿਵੇ: ਸੁਣ ਮਲਾ ਆਕਾਸ ਕੀ ਕੀਟਾ ਆਦੀ ਰੀਸ

ਅਭਿਧਾ ਸ਼ਬਦ ਸ਼ਕਤੀ[ਸੋਧੋ]

ਜੋ ਸਕਤੀ ਵਾਚਾ ਸ਼ਬਦ ਦੁਆਰਾ ਅਰਥ ਦਾ ਬੋਧ ਕਰਾਏ, ਉਸਨੂੰ ਅਭਿਧਾ ਸ਼ਕਤੀ ਕਹਿੰਦੇ ਹਨ, ਆਚਾਰੀਆਂ ਨੇ ਇਸਨੂੰ ਸ਼ਬਦ ਦੀ ਪ੍ਰਥਮ ਸ਼ਕਤੀ ਕਿਹਾ ਹੈ। ਸ਼ਬਦ ਦੇ ਸੁਣਨ ਮਾਤਰ ਹੀ ਉਸਦਾ ਜੋ ਅਰਥ ਪ੍ਰਗਟ ਹੋ ਜਾਂਦਾ ਹੈ, ਉਸਨੂੰ ਮੁੱਖ ਅਰਥ ਕਿਹਾ ਜਾਂਦਾ ਹੈ। ਸ਼ਬਦ ਕੋਸ਼  ਵਿੱਚ ਹਰੇਕ ਸ਼ਬਦ ਦਾ ਜੋ ਅਰਥ ਦਿੱਤਾ ਜਾਂਦਾ ਹੈ, ਉਸਦਾ ਆਧਾਰ ਅਭਿਧਾ ਸ਼ਕਤੀ  ਹੀ ਹੈ। ਅਭਿਧਾ ਸ਼ਕਤੀ ਉਹ ਸ਼ਕਤੀ ਹੈ ਜਿਸ ਰਾਹੀਂ  ਸ਼ਬਦ ਦਾ ਸੁਭਾਵਿਕ ਅਰਥ ਪਤਾ ਚੱਲਦਾ ਹੈ। ਅਭਿਧਾ ਸਕਤੀ ਦੀ ਵਰਤੋਂ  ਹੀ ਅਸੀਂ  ਆਮ ਬੋਲਚਾਲ ਵਿੱਚ ਕਰਦੇ ਹਾਂ। ਜਦੋਂ ਕਿਸੇ ਸ਼ਬਦ ਨਿਕਲਦੇ ਹੋਣ, ਉੱਥੇ ਅਭਿਧਾ ਸ਼ਬਦ  ਸ਼ਕਤੀ ਹੁੰਦੀ ਹੈ। ਅਭਿਧਾ ਸ਼ਕਤੀ ਰਾਹੀਂ ਹੀ ਅਸੀਂ ਹਰੇਕ ਲਫਜ਼ ਦੇ ਪਹਿਲੇ ਸੰਦਰਭ ਵਿੱਚ ਅਰਥ ਜਾਣਨ ਵਿੱਚ ਸਮਰਥ ਹੁੰਦੇ ਹਾਂ।

ਆਚਾਰੀਆਂ ਮੰਮਟ[ਸੋਧੋ]

ਪ੍ਰਤੱਖ  ਤੌਰ ‘ਤੇ ਸੰਕੇਤਿਤ ਅਰਥ ਨੂੰ  ਜੋ ਸ਼ਬਦ ਦਰਸਾਉਂਦਾ ਹੈ, ਉਹ ‘ਵਾਚਕ’ ਹੈ ਅਤੇ ਉਸ ਵਾਚਕ ਕਿਸਮ ਦੇ ਸ਼ਬਦ ਦਾ ਅਰਥ‘ਵਾਚ’ ਹੈ। ਵਾਚਕ ਰੂਪ ਸ਼ਬਦ ਦਾ ਵਾਚ ਰੂਪ ਅਰਥ ਜਿਸ ਸ਼ਕਤੀ ਦੇ ਰਾਹੀਂ ਗਿਆਨ ਹੈ ਉਸਨੂੰ ‘ਅਭਿਧਾ’ ਸ਼ਬਦ ਸ਼ਕਤੀ ਆਖਦੇ ਹਨ।

ਨਾਗੇਸ਼ ਭੱਟ ਦੇ ਕਥਨ ਅਨੁਸਾਰ[ਸੋਧੋ]

ਸ਼ਬਦ ਤੇ ਅਰਥ ਦਾ ਇੱਕ ਵਿਲੱਖਣ ਸੰਬੰਧ ਹੀ ਸ਼ਕਤੀ ਹੈ ਜਿਹੜੀ ਅਰਥ ਦਾ ਗਿਆਨ ਕਰਵਾਉਂਦੀ ਹੈ। ਲੋਕਾਂ ਦੇ ਕਾਰ-ਵਿਹਾਰ ਤੋਂ ਸੰਕੇਤ ਹੋਣ ਕਰਕੇ ਇਸ ਸੰਬੰਧ ਦਾ ਅਹਿਸਾਸ ਹੁੰਦਾ ਹਾ, ਇਸਨੂੰ ਸੰਕੇਤ ਕਹਿੰਦੇ ਹਨ। ਇਸ ਸੰਕੇਤ ‘ਤੇ ਜੋਰ ਪਾਉਣ ਨਾਲ ਅਰਥ ਪ੍ਰਗਟ ਹੁੰਦਾ ਹੈ। ਇਸ ਸੰਕੇਤ ਅਰਥ ਨੂੰ ‘ਅਭਿਧਾ’ ਸ਼ਬਦ ਸ਼ਕਤੀ ਕਹਿੰਦੇ ਹਨ। [3]

ਜਗਨਨਾਥ ਦੇ ਵਿਚਾਰ ਅਨੂਸਾਰ[ਸੋਧੋ]

ਅਭਿਧਾ ਸ਼ਬਦ ਸ਼ਕਤੀ ਸ਼ਬਦ ਦੀ ਉਸ ਕਿਰਿਆ ਨੂੰ ਕਹਿੰਦੇ ਹਨ ਜਿੱਥੇ ਅਰਥ ਦਾ ਸ਼ਬਦ ਵਿੱਚ ਤੇ ਸ਼ਬਦ ਦਾ ਅਰਥ ਵਿੱਚ ਪ੍ਰੱਤਖ ਸੰਬੰਧ ਹੋਵੇ।[4]

ਸ਼ਬਦ ਦਾ ਪਹਿਲਾ ਭੇਦ ‘ਵਾਚਕ’ ਅਤੇ ‘ਅਰਥ’  ਦਾ ਪਹਿਲਾ ਭੇਦ ‘ਵਾਚਯ’ ਹੈ। ਪ੍ਰਤੱਖ ਤੌਰ ‘ਤੇ ਲੋਕਾਂ ਵਿੱਚ ਪ੍ਰਚਲਿਤ ਅਰਥ ਨੂੰ ਜੋ ਸ਼ਬਦ ਪ੍ਰਗਟ ਕਰਦਾ ਹੈ, ਉਹ‘ਵਾਚਕ’ ਹੈ ਅਤੇ ਉਸ ਵਾਚਕ ਕਿਸਮ ਦੇ ‘ਸ਼ਬਦ’ ਦਾ ਅਰਥ ‘ਵਾਚਯ’ ਹੈ। ਸੰਸਾਰ ‘ਚ ਜਿੰਨੇ ਵੀ ਸ਼ਬਦ ਹਨ, ਉਨ੍ਹਾਂ ਨੂੰ ‘ਵਾਚਕ’ ਕਿਹਾ ਜਾਂਦਾ ਹੈ। ਜਿਵੇਂ ਕਿ‘ਹਾਥੀ’ ਵਾਚਕ ਸ਼ਬਦ ਦਾ ਅਰਥ ਸੰਕੇਤਿਕ ਜਾਂ ਵਾਚਯ ਅਰਥ ਹੈ  ਵੰਡੇ ਆਕਾਰ ਦਾ ਇੱਕ ਪਸ਼ੂ। ਕਿਸੇ ਵਾਚਕ ਸ਼ਬਦ ਦੇ ਅਭਿਧਾ ਸ਼ਕਤੀ ਰਾਹੀਂ ਪ੍ਰਾਪਤ ਹੋਣ ਵਾਲੇ ਅਰਥ ਨੂੰ, ‘ਵਾਚਯ ਅਰਥ ਜਾਂ ਸੰਕੇਤਿਕ ਅਰਥ’ ਕਿਹਾ ਜਾਂਦਾ ਹੈ।

ਨਿਆਇਕਾ ਦੇ  ਅਨੁਸਾਰ ਅਭਿਧਾ ਸ਼ਬਦ ਸ਼ਕਤੀ  ਤੇ ਅੱਠ ਸਾਧਨ ਹਨ ਅਤੇ ਇਨ੍ਹਾਂ ਸਾਧਨਾਂ ਦੇ ਕਾਰਣ ਹੀ ਮਨੁੰਖ ਇਸ ਗੱਲ ਦਾ ਸਹਿਜ ਨਿਸ਼ਚੈ ਕਰ ਸਰਦਾ ਹੈ ਕਿ ਇਸ ਸ਼ਬਦ ਦਾ ਇਹੋ ਅਰਥ ਗ੍ਰਹਿਣ ਕਰਨਾ ਹੈ, ਹੋਰ ਨਹੀਂ।

ਵਿਆਕਰਣ[ਸੋਧੋ]

ਵਿਆਕਰਣ ਤੋਂ ਵਾਕ ਵਿੱਚ ਵਰਤੋ ਸ਼ਬਦਾ ਦੇ ਧਾਤੂ, ਅਗੇਤਰ, ਪਿਛੇਤਰ ਆਦਿ ਦਾ ਗਿਆਨ ਹੁੰਦਾ ਹੈ ਅਤੇ ਇਸ ਤਰ੍ਹਾਂ ਸ਼ਬਦ ਦਾ ਸਹੀ ਅਰਥ ਮਿਲਦਾ ਹੈ। ਜਿਵੇਂ ਲੱਕੜਹਾਰਾ (ਲੱਕੜੀ ਕੱਟਣ ਵਾਲਾ), ਮਾਨਸਿਕ (ਮਨ ਤੋਂ  ਪੈਦਾਂ ਹੋਣ ਵਾਲਾ),  ਧਾਰਮਿਕ (ਧਰਮ ਨਾਲ ਜੁੜਿਆ) ਆਦਿ।

ਉਪਮਾਨ[ਸੋਧੋ]

ਉਪਮਾਨ ਦਾ ਅਰਥ ਹੈ ਬਰਾਬਰੀ, ਸਮਾਨਤਾ, ਮੇਲ। ਇਸ ਨਾਲ ਵੀ ਸੰਕੇਤ (ਅਰਥ) ਦਾ ਪਤਾ ਚਲੱਦਾ  ਹੈ। ਜਿਵੇਂ ਜਵੀ, ਜੌਂ ਵਰਗੀ ਹੁੰਦੀ ਹੈ। ਇਸ ਮੇਲ (ਉਪਮਾਨ) ਤੋਂ ਜਵੀਂ ਨੂੰ ਨਾ ਜਾਨਣ ਵਾਲਾ ਉਸਨੂੰ ਵੇਖ ਕੇ ਝੱਟ ਸਮਝ ਜਾਵੇਗਾ।

ਕੋਸ਼[ਸੋਧੋ]

ਕੋਸ਼ ਦੁਆਰਾ ਸ਼ਬਦ ਦੇ ਅਰਥ ਬਾਰੇ ਸ਼ੰਕੋ ਨੂੰ ਦੂਰ ਕੀਤਾ ਜਾ ਸਕਦਾ ਹੈ। ਕੋਸ਼  ਤੋਂ ਹੀ ਪਤਾ ਚਲੱਦਾ ਹੈ ਕਿ ਨਿਆਣਾ ਸ਼ਬਦ ਦੇ ਦੋ ਅਰਥ ਹਨ। ਇੱਕ ਨਿਆਣਾ (ਬੱਚਾ) ਅਤੇ ਦੂਜਾ ਨਿਆਣਾ ਗਊ ਚੋਣ ਸਮੇਂ ਉਸਦੀਆਂ ਟੰਗਾਂ ਵਿੱਚ ਪਾਉਣ ਵਾਲਾ ਇੱਕ ਰੱਸਾ।

ਆਪਤਵਾਕ[ਸੋਧੋ]

ਮੰਨੇ ਪ੍ਰਮੰਨੇ ਵਿਅਕਤੀ ਦੇ ਕਥਨ ਤੋਂ ਵੀ ਸੰਕੇਤ ਅਕਥ ਗ੍ਰਹਿਣ ਹੁੰਦਾ ਹੈ, ਜਿਵੇਂ ਕੋਈ ਭਰੋਸੇਯੋਗ ਆਦਮੀ ਅਣਜਾਣ ਨੂੰ ਦੱਸੇ ਕਿ ਇਸ ਸ਼ੈ ਦਾ ਨਾਂ ਇਹ ਹੈ, ਉਹ ਉਹੋ ਅਰਥ ਹੀ ਮੰਨ ਲੈਂਦਾ ਹੈ ਅਤੇ ਉਸ ਸ਼ਬਦ ਤੋਂ ਉਸ ਸ਼ੈ ਦਾ ਬਿੰਬ ਗ੍ਰਹਿਣ ਕਰ ਲੈਦਾ ਹੈ। ਜਿਵੇਂ ਕਿ ਕਿਸੇ ਬੱਚੇ ਨੂੰ ਕਿਹਾ ਜਾਂਦਾ ਹੈ ਕਿ ਇਹ ਹਾਥੀ ਹੈ। ਬੱਚਾ ਹਮੇਸ਼ਾ ਲਈ ਸਮਝ ਜਾਂਦਾ ਹੈ ਕਿ ਵੱਡੇ ਹਾਥੀ ਹੈ।

ਵਿਵਹਾਰ[ਸੋਧੋ]

ਸ਼ਬਦਾਂ ਦੀ ਰੋਜਾਨਾ ਵਿਵਹਾਰਿਕ ਵਰਤੋਂ ਦੁਆਰਾ ਸੰਕੇਤ – ਗ੍ਰਹਿਣ ਹੁੰਦਾ ਹੈ। ਜਿਵੇਂ ਕਿ ਬੱਚਾ ਮਾਂ ਤੋਂ ਸਿੱਖਦਾ ਹੈ ਕਿ ਇਸ ਗਿਲਾਸ ਨੂੰ  ਚੁੱਕ ਜਾਂ ਰੱਖ ਤਾਂ ਬੱਚਾ ਸ਼ੀਸ਼ੇ ਦੇ ਬਣੇ ਬਰਤਨ ਵਿਸ਼ੇਸ਼ ਦੇ ਅਰਥ ਨੂੰ ਤਤਕਾਲ ਸਮਝ ਜਾਂਦਾ ਹੈ ਕਿ ਇਹ ‘ਗਿਲਾਸ’ ਹੈ।

ਪ੍ਰਸਿੱਧ ਪਦ ਦੀ ਨੇੜਤਾ[ਸੋਧੋ]

ਕਿਸੇ ਸ਼ਬਦ ਨਾਲ ਕਿਸੇ ਦੂਜੇ ਪ੍ਰਸਿੱਧ ਸ਼ਬਦ ਦੇ ਰਹਿਣ ਨਾਲ ਸੰਕੇਤ (ਅਰਥ) ਦਾ ਗਿਆਨ ਹੁੰਦਾ ਹੈ। ਜਿਵੇਂ ‘ਮਨੁੱਖ ਮਧੂ ਤੋਂ ਮਤਵਾਲੇ ਹੋ ਰਹੇ ਹਨ’ ਇੱਥੇ ‘ਮਤਵਾਲੇ’ ਪਦ ਨਾਲ ਰਹਿਣ ਕਰਕੇ ‘ਸਧੂ’ ਦਾ ਅਰਥ ‘ਸ਼ਰਾਬ’ ਹੈ ‘ਸ਼ਹਿਦ’ ਨਹੀਂ ਹੈ ਕਿਉਂਕਿ ‘ਮਤਵਾਲਾ’ ਇੱਕ ਪ੍ਰਸਿੱਧ ਪਦ ਹੈ।

ਪ੍ਰਸੰਗ ਜਾਂ ਸੰਦਰਭ[ਸੋਧੋ]

ਕਈ ਵਾਰ ਸ਼ਬਦ ਦਾ ਅਰਥ ਉਦੋਂ ਸਪਸ਼ਟ ਹੁੰਦਾ ਹੈ, ਜਦੋਂ ਉਸਦੇ ਅਗਲੇ ਪਿਛਲੇ ਪ੍ਰਸੰਗ ਦਾ ਪਤਾ ਲੱਗੇ ਅਤੇ ਵਾਕ ਵਿੱਚ ਪ੍ਰਯੋਗ ਹੋਵੇ।

ਵਿਵ੍ਰਿਤੀ/ਟੀਕਾ/ਵਿਆਖਿਆ[ਸੋਧੋ]

ਵਿਵ੍ਰਿਤੀ ਦਾ ਅਰਥ ਟੀਕਾ, ਵਿਵਰਣ ਜਾਂ ਸਪਸ਼ਟੀਕਰਣ ਹੈ। ਇਸ ਵਿੱਚ  ਸਮਾਨ ਅਰਥ ਵਾਲੇ ਪਦ ਦੁਆਰਾ ਸੰਕੇਤ ਗ੍ਰਹਿਣ ਹੁੰਦਾ ਹੈ। ਜਿਵੇ ‘ਕਲਸ਼’ ਕਹਿਣ ਨਾਲ ‘ਘੜੇ ਦਾ ਗਿਆਨ’।

ਅਭਿਧਾ ਸ਼ਕਤੀ ਦੀਆਂ ਕਿਸਮਾਂ •ਰੂੜ੍ਹੀ ਅਭਿਧਾ ਸ਼ਕਤੀ •ਯੋਗਿਕ ਅਭਿਧਾ ਸ਼ਬਦ ਸ਼ਕਤੀ •ਯੋਗ ਰੂੜ੍ਹੀ ਅਭਿਧਾ ਸ਼ਬਦ ਸ਼ਕਤੀ ਅਭਿਧਾ ਸ਼ਕਤੀ ਦੀਆਂ ਇਨ੍ਹਾਂ  ਤਿੰਨ  ਕਿਸਮਾਂ ਤੇ ਆਧਾਰ ‘ਤੇ ਤਿੰਨ ਤਰ੍ਹਾਂ ਤੇ ਸ਼ਬਦ ਹਨ। ਰੂੜ੍ਹ ਸ਼ਬਦ- ਰੂੜ੍ਹ ਸ਼ਬਦ ਉਹ ਹਨ ਜਿਨ੍ਹਾਂ ਦੇ ਅਰਥ ਜਾਂ ਭਾਵ ਦਾ ਗਿਆਨ ਪ੍ਰਾਪਤ ਹੁੰਦਾ ਹੈ। ਜਿਵੇਂ –ਸ਼ੇਰ, ਸੱਪ, ਘੋੜਾ ਆਦਿ।

ਯੋਗਿਕ ਸ਼ਬਦ-ਯੋਗਿਕ ਸ਼ਬਦ ਉਹ ਹਨ ਜਿਨ੍ਹਾਂ ਤੇ ਅਰਥ ਦਾ ਬੋਧ ਸ਼ਬਦ ਦੇ ਭਿੰਨ ਭਿੰਨ ਅੰਸ਼ਾਂ ਤੋਂ ਹੋ ਸਕਦਾ ਹੈ ਜਿਵੇ: ਪਾਚਕ-ਪਚ+ਅੰਕ ਭਾਵ ਪਾਕਉਣ ਵਾਲਾ

ਯੋਗ ਰੂੜ੍ਹ ਸ਼ਬਦ- ਉਹ ਸ਼ਬਦ ਜੋ ਰੂੜ੍ਹ ਅਤੇ ਯੋਗ ਦੇ ਸੁਮੇਲ ਤੋਂ ਬਣਦੇ ਹਨ, ਉਹ ਯੋਗ ਰੂੜ੍ਹ ਸ਼ਬਦ ਹਨ।

ਪੰਕਜ, ਚਿੱਕੜ ਚ ਪੈਦਾ ਹੋਣ ਵਾਲਾ।

ਉਪਰੋਕਤ  ਸ਼ਬਦਾਂ ਦੇ ਆਧਾਰ ਤੇ ਹੇਠ ਲਿਖੀਆਂ ਤਿੰਨ ਅਭਿਧਾ ਸ਼ਬਦ ਸ਼ਕਤੀਆਂ ਹਨ।

ਰੂੜ੍ਹੀ ਅਭਿਧਾ ਸ਼ਬਦ ਸ਼ਕਤੀ[ਸੋਧੋ]

ਰੂੜ੍ਹੀ ਅਭਿਧਾ ਸ਼ਕਤੀ ਉੱਥੇ ਹੁੰਦੀ ਹੈ, ਸ਼ਬਦ ਰੂੜ੍ਹ ਹਨ, ਜਿਨ੍ਹਾਂ ਦਾ ਅਰਥ ਸ਼ਬਦਾਂ ਦੇ ਅੰਗ ਨਿਖੇੜ ਰਾਹੀਂ ਨਹੀਂ, ਸਗੋਂ ਇੱਕ ਅਖੰਡ ਇਕਾਈ ਦੇ ਰੂਪ ਵਿੱਚ ਹੁੰਦਾ ਹੈ, ਜੋ ਪਰੰਪਰਾ ਤੋਂ ਪੱਕੇ ਰੂਪ ਵਿੱਚ ਪ੍ਰਚਲਿਤ ਹੋ ਚੁੱਕੇ ਹਨ ਜਿਵੇਂ ਘੋੜਾ, ਘਰ, ਬੂਟਾ, ਮੇਜ਼ ਆਦਿ। ਇਸ ਤਰ੍ਹਾਂ ਇਹ ਇੱਕ ਅਖੰਡ ਇਕਾਈ ਚ ਹੀ ਅਰਥ ਪ੍ਰਦਾਨ ਕਰਦੇ ਹਨ।   ਘ+ਰ=ਘਰ

ਅੰਪਯ ਦੀ ਕਸ਼ਿਤ ਦੇ ਕਥਨ ਅਨੁਸਾਰ, “ ਜਿੱਥੇ ਰੂੜ੍ਹੀ ਵਿੱਚ ਸ਼ਬਦਾ ਦੀ ਅਖੰਡ ਤੇ ਅਵੰਡ ਸ਼ਕਤੀ ਤੋਂ ਹੀ ਇੱਕ ਅਰਥ ਦੀ ਪ੍ਰਤੀਤੀ ਹੁੰਦੀ ਹੈ ਅਰਥਾਤ ਜਿੱਥੇ ਸ਼ਬਦ  ਇੱਕ ਅਨਿੱਖੜ ਰੂਪ ਵਿੱਚ ਅਰਥ ਜਤਲਾਵੇ, ਉਸ ਨੂੰ ਰੂੜ੍ਹੀ ਕਿਹਾ ਜਾਂਦਾ ਹੈ”।[5]

ਯੋਗਿਕ ਅਭਿਧਾ ਸ਼ਬਦ ਸ਼ਕਤੀ[ਸੋਧੋ]

ਯੋਗਿਕ ਸ਼ਬਦ ਉਹ ਹਨ ਜਿਨ੍ਹਾਂ ਦਾ ਅਰਥ ਸ਼ਬਦ ਦੇ ਨਿਖੇੜ ਤੋਂ ਸੰਭਵ ਹੁੰਦਾ ਹੈ। ਯੋਗ ਤੋਂ ਇੱਥੇ ਭਾਵ ਹੈ ਜੁੜਨ  ਦਾ ਕਾਰਜ, ਜੋ ਸ਼ਬਦ ਜੁੜ ਕੇ ਬਣਦੇ ਹਨ, ਉਹ ਯੋਗਿਕ ਹਨ, ਜਿਵੇਂ ਭੂਪਤੀ = ਭੂ (ਜ਼ਮੀਨ) + ਪਤੀ (ਮਾਲਿਕ) ਅਰਥਾਤ ਪ੍ਰਿਥਵੀ ਦਾ ਮਾਲਿਕ। ਦੋ ਪਦਾਂ ਦੇ ਜੋੜ ਕਰਕੇ ਇਸਨੂੰ ਯੋਗਿਕ ਅਭਿਧਾ ਸ਼ਬਦ ਸ਼ਕਤੀ ਕਿਹਾ ਜਾਂਦਾ ਹੈ।

ਯੋਗ ਰੂੜ੍ਹੀ ਅਭਿਧਾ ਸ਼ਬਦ ਸ਼ਕਤੀ[ਸੋਧੋ]

ਯੋਗ ਰੂੜ ਸ਼ਬਦ ਉਹ ਹਨ, ਜਿਨ੍ਹਾ ਦਾ ਅਰਥ ਪਰੰਪਰਾ ਅਤੇ ਵਿਉਂਤਪਤੀ ਦੋਹਾਂ ਸ਼ਕਤੀਆ ਰਾਹੀ ਸੰਭਵ ਹੋਵੇ, ਜਾਂ ਫਿਰ ਇੰਞ ਵੀ ਆਖ ਸਕਦੇ ਹਾਂ ਕਿ ਸ਼ਬਦ ਦਾ ਯੋਗ ਅਰਥ ਹੋਰ ਹੋਵੇ ਪਰ ਉਸਦੀ  ਰੂੜੀ ਕਿਸੇ ਹੋਰ ਅਰਥ ਵਿੱਚ ਪੈ ਜਾਵੇ। ਜਿਵੇ ‘ਗਣਨਾਇਕਾ’ ਸ਼ਬਦ ਇੱਥੇ‘ਗਣ’ ਅਤੇ ‘ਨਾਇ’ ਦੋ ਸ਼ਬਦਾ ਦਾ ਯੋਗ ਹੈ ਅਰਥਾਤ ਗੁਣਾ ਦਾ ਨਾਇਕ, ਪਰ ਗਣਨਾਇਕ ਸ਼ਬਦ ਗਣੇਸ਼ ਲਈ ਰੂ ੜ ਹੋ ਚੁੱਕਿਆ ਹੈ, ਇਸਨੂੰ ਹੋਰ ਕਿਸੇ ਗਣ-ਨੇਤਾ ਲਈ ਨਹੀਂ ਵਰਤਿਆ ਜਾ ਸਕਦਾ।

ਲਕਸ਼ਣਾ ਸ਼ਕਤੀ[ਸੋਧੋ]

ਲਕਸ਼ਣ ਸੰਸਕ੍ਰਿਤ ਦਾ ਸ਼ਬਦ ਹੈ। ਪੰਜਾਬੀ ਵਿੱਚ ਇਸਦਾ ਰੂਪ ‘ਲੱਖਣ’ ਹੈ, ਜਿਸਦਾ ਅਰਥ ਹੈ-ਅੰਦਾਜ਼ਾ ਲਗਾਉਣਾ। ਇਸ ਤੋਂ ਹੀ ਲੱਖਣ ਲਗਾਉਣਾ ਮੁਹਾਵਰਾ ਬਣਿਆ ਹੈ। ਲੱਖਣ ਤੋਂ ਅਰਥ ਇਹ ਵੀ ਲਿਆ ਜਾ ਸਕਦਾ ਹੈ – ਗੱਲ ਵਿੱਚ ਲੁਕੀ ਰਮਜ਼, ਭੇਦ ਜਾਂ ਇਸ਼ਾਰੇ ਨੂੰ ਸਮਝ ਲੈਣਾ ਹੈ, ਜਦੋਂ  ਕਿਸੇ ਸ਼ਬਦ ਜਾਂ ਸ਼ਬਦ ਸਮੂਹ  ਦੇ ਕੋਸ਼ਗਤ ਅਰਥਾਂ ਤੋਂ ਬਿਨਾ ਕੋਈ ਹੋਰ ਅਰਥ ਵੀ ਨਿਕਲੇ ਤਾਂ ਉੱਥੇ ਲਕਸ਼ਣਾ ਸ਼ਕਤੀ ਹੁੰਦੀ ਹੈ।

ਜਦੋ ਕਿਸੇ ਸ਼ਬਦ ਦੇ ਅਰਥ ਕਰਦਿਆ ਉਸਦੇ ਮੁੱਖ ਅਰਥ ਜਾ ਵਾਚੁਯ ਅਰਥ ਰਾਹੀ ਰੁਕਾਵਨ ਪਵੇ ਅਤੇ ਕੋਸ਼, ਵਿਆਕਰਣ ਆਦਿ ਤੋਂ ਭਿੰਨ ਕਿਸੇ ਹੋਰ ਸ਼ਕਤੀ ਰਾਹੀ ਸ਼ਬਦ ਦਾ ਤਾਤਪਰਯ ਜਾਣਨਾ ਪਵੇ, ਉੱਥੇ ਲਕਸ਼ਣਾ ਸ਼ਬਦ ਸ਼ਕਤੀ ਹੋਵੇਗੀ। ਜਿਵੇਂ ਕਿ ‘ਮੋਹਨ ਗਧਾ ਹੈ’।

ਉਪਰੋਕਤ ਵਾਕ ਵਿੱਚ ਗਧਾ ਸ਼ਬਦ ਕਹਿਣ ਨਾਲ ਪੂਰਨ ਅਭਿਧਾ ਸ਼ਬਦ ਸ਼ਕਤੀ ਭਾਵ ਕਿ ਚਾਰ ਲੱਤਾਂ ਵਾਲਾ ਪਸੂ ਦੀ ਪ੍ਰਤੀਤੀ ਹੁੰਦੀ ਹੈ, ਪ੍ਰੰਤੂ ਮੋਰਨ ਤਾਂ ਇੱਕ ਮਨੁੱਖ ਹੈ। ਇੱਥੇ ਮੁੱਖ ਅਰਥ ਨਾਲ ਗੱਲ ਸਪਸ਼ਟ ਨਹੀਂ ਹੁੰਦੀ, ਅਰਥਾਤ ਮੁੱਖ ਅਰਥ ਬੋਧ ਵਿੱਚ ਰੁਕਾਵਟ ਪੈਦੀ ਹੈ। ਇਸ  ਲਈ ਅਸੀਂ ਗਧੇ ਦੇ ਲਕਸ਼ਣ ਦੇ ਆਧਾਰ ਤੇ ਉਸ ਨਾਲ  ਇਛਿਤ ਲਕਸ਼ ਅਰਥ ਦਾ ਸੰਬੰਧ ਸਥਾਪਿਤ ਕਰਕੇ ਅਸਲੀ, ਗੱਲ ਸਮਝ ਲੈਂਦੇ ਹਾਂ ਕਿ ਮੋਹਨ ਗਧੇ ਵਾਂਗ ਮੂਰਖ  ਹੈ। ਇੱਥੇ ਇਹ ਲਕਸ਼ਣ ਲਗਾਉਣਾ ਪੈਂਦਾ ਹੈ ਕਿ ਇੱਥੇ ਮੁੱਖ ਅਰਥ ਤੋਂ ਬਿਨ੍ਹਾਂ ਕੋਈ ਦੂਸਰੀ ਅਰਥ ਪ੍ਰਗਟ ਹੁੰਦਾ ਹੈ।

ਲਕਸ਼ਣਾ ਦੇ ਭੇਦ •ਮੁੱਖ ਅਰਥ ਦਾ ਬਾਧਿਤ ਹੋਣਾ •ਮੁੱਖ ਅਰਥ ਨਾਲ ਯੋਗ ਅਰਥਾਤ ਸੰਬੰਧਿਤ ਹੋਣਾ •ਰੂੜ੍ਹੀ ਪ੍ਰਯੋਜਨ ਵਿੱਚੋਂ ਇੱਕ ਹੋਣਾ ਲਕਸ਼ਣ ਸ਼ਬਦ ਸ਼ਕਤੀ ਦੇ ਵਿਆਪਾਰ ਲਈ ਕਾਰਣ- ਮੁੱਖ ਅਰਥ ਦਾ ਬਾਧਿਤ ਹੋਣਾ- ਸ਼ਬਦ ਦੇ ਵਾਚਯਾਰਥ ਵਿੱਚ ਕਿਸੇ ਅਰਥ ਦੋ ਨਾ ਬਣ ਸਕਣ ਨੂੰ ‘ਮੁੱਖ ਅਰਥ ਦਾ ਬਾਧਿਤ ਹੋਣਾ’ ਜਾਂ ਮੁੱਖ ਅਰਥ ਵਿੱਚ ਰੁਕਾਵਟ ਹੈ। ਜਿਵੇ- ਪੰਜਾਵ ਸਾਹਸੀ ਹੈ। ਉਪਰੋਕਤ ਵਾਕ ਵਿੱਚ ‘ਪੰਜਾਬ’ ਦਾ ਅਰਥ ਇੱਕ ਦੇਸ਼ ਹੈ, ਪਰ ਬੋਲਣ ਵਾਲੇ ਦਾ ਭਾਵ ਪੰਜਾਬ ਵਿੱਚ ਰਹਿਣ ਵਾਲੇ ਨਿਵਾਸੀ ਤੋਂ ਹੈ, ਇਸ ਲਈ ਇਸ ਵਾਕ  ‘ਚ ਮੁੱਖ ਅਰਥ ਵਿੱਚ ਰੁਕਾਵਟ ਹੈ।

ਮੁੱਖ ਅਰਥ ਨਾਲ ਯੋਗ ਅਰਥਾਤ ਸੰਬੰਧਿਤ ਹੋਣਾ[ਸੋਧੋ]

ਸ਼ਬਦ ਨਾਲ ਜਿਸ ਹੋਰ ਅਪ੍ਰਧਾਨ ਅਰਥ ਦੀ ਪ੍ਰਤੀਤੀ ਹੁੰਦੀ ਹੈ, ਉਸਦੇ ਮੁੱਖ ਅਰਥ ਨਾਲ ਸੰਬੰਧ ਹੋਣ ਨੂੰ ਮੁੱਖ ਅਰਥ ਨਾਲ ਯੋਗ ਕਹਿੰਦੇ ਹਨ। ਇਹ ਸੰਬੰਧ ਹੋਣ ਨੂੰ ਮੁੱਖ ਅਰਥ ਨਾਲ ਯੋਗ ਕਹਿੰਦੇ ਹਨ। ਇਹ ਸੰਬੰਧ ਨੇੜਤਾ ਆਦਿ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਜਿਵੇਂ ਕਿ ਪੰਜਾਬ ਤੇ ਪੰਜਾਬੀਆਂ ਦਾ ਦੇਸ਼ ਅਤੇ ਦੇਸ਼ਵਾਸੀਆਂ ਨਾਲ ਸੰਬੰਧਿਤ ਹੈ।

ਰੂੜ੍ਹੀ/ ਪ੍ਰਯੋਜਨ ਵਿੱਚੋਂ ਇੱਕ ਹੋਣਾ[ਸੋਧੋ]

ਸ਼ਬਦ ਦੇ ਨਾਲ ਕਿਤੇ- ਕਿਤੇ ਅਪ੍ਰਧਾ ਅਰਥ ਦੀ ਪ੍ਰਤੀਤੀ ਹੁੰਦੀ ਹੈ ਅਤੇ ਕਿਤੇ-ਕਿਤੇ ਖ਼ਾਸ ਪ੍ਰਯੋਜਨ ਨੂੰ ਸਾਹਮਣੇ ਰੱਖਕੇ ਲਕਸ਼ਣਿਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਪੰਜਾਬ ਦੇ ਸਮੂਹ ਵਾਸੀਆਂ ਦੀ ਬਹਾਦਰੀ ਨੂੰ ਪ੍ਰਗਟ ਕਰਨਾ ਇੱਕ ਰੂੜ੍ਹੀ ਹੈ।

ਇਨ੍ਹਾਂ ਤਿੰਨਾਂ ਅੰਗਾਂ ਦੇ ਸੁਮੇਲ ਤੋਂ ਹੀ ਲੱਖਣਾ ਸ਼ਕਤੀ ਦਾ ਉਦੈ ਹੁੰਦਾ ਹੈ, ਇੱਕ ਤੋਂ ਨਹੀਂ।

ਲਕਸ਼ਣਾ ਸ਼ਕਤੀ ਦੀਆ ਕਿਸਮਾਂ 1. ਰੂੜ੍ਹੀ ਲਕਸ਼ਣਾ ਸ਼ਕਤੀ      2.   ਪ੍ਰਯੋਜਨਾਵਤੀ ਲਕਸ਼ਣਾ        

 • ਸ਼ੁੱਧਾ ਲਕਸ਼ਣਾ          
 • ਗੌਣੀ ਲਕਸ਼ਣਾ
 • ਉਪਾਦਾਨ ਪ੍ਰਯੋਜਨਾਵਤੀ ਲਕਸ਼ਣਾ   
 • ਗੋਣੀ ਸਾਰੋਪਾ 
 • ਗੌਣੀ ਸਾਧਿਆਵਸਾਨਾ
 • ਪ੍ਰਯੋਜਨਾਵਤੀ ਲਕਸ਼ਣਾ ਸ਼ਕਤੀ
 • ਪ੍ਰਯੋਜਨਾਵਤੀ ਲਕਸ਼ਣਾ
 • ਲਕਸ਼ਣਾ ਸ਼ਕਤੀ 
 • ਸਾਰੋਪਾ ਉਪਾਦਨ ਸਾਧਿਆਵਸਾਨਾ       
 • ਸਾਰੋਪਾ ਸਾਧਿਆਵਸਾਨਾ
 • ਪ੍ਰਯੋਜਨਾਵਤੀ ਲਕਸ਼ਣਾ ਸ਼ਕਤੀ 

ਰੂੜੀ ਲਕਸ਼ਣਾ ਸ਼ਕਤੀ[ਸੋਧੋ]

ਜਦੋ ਰੂੜ੍ਹੀ ਜਾਂ ਪਰੰਪਗ ਦੇ ਆਧਾਰ ‘ਤੇ ਸ਼ਬਦ ਦੇ ਮੁੱਖ ਅਰਥ ਨੂੰ ਛੱਡ ਕੇ, ਕਿਸੇ ਹੋਰ ਲਕਸ਼ਣਿਕ ਅਰਥ ਦਾ ਗ੍ਰਹਿਣ ਕੀਤਾ ਜਾਵੇ, ਤਾਂ ਇਸਨੂੰ ਰੂੜ੍ਹੀ ਲਕਸ਼ਣਾ ਕਿਹਾ ਜਾਂਦਾ ਹੈ। •ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। •ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ। ਇਹ ਦੋਵੇਂ ਵਾਕ ਅਖਾਣ ਦੇ ਰੂਪ ਵਿੱਚ ਵੀ ਪ੍ਰਸਿੱਧ ਹੋ ਚੁੱਕੇ ਹਨ, ਪਹਿਲੇ ਵਾਕ ਦਾ ਅਰਥ ਹੈ ਕਿ ਜੋ ਅੱਜ ਦੇ ਸਮੇਂ ਵਿੱਚ ਹੈ, ਉਸਨੂੰ ਹੁੰਢਾਉਣਾ ਚਾਹੀਦਾ ਹੈ। ਦੂਜੇ ਵਾਕ ਦਾ ਅਰਥ ਹੈ ਪੰਜਾਬ ਦੇ ਲੋਕਾਂ ਨੂੰ ਨਿੱਤ ਔਕੜਾਂ। ਇਹ ਵਾਕ ਉਸ ਸਮੇਂ ਤੋਂ ਰੂੜ੍ਹੀ ਦੇ ਰੂਪ ਵਿੱਚ ਪ੍ਰਚਲਿਤ ਹੋਇਆ ਹੈ, ਜਦੋਂ ਪੰਜਾਬ ਦੇ ਲੋਕਾਂ ਨੂੰ ਹਮਲਾਵਰਾਂ ਦਾ ਸਾਹਮਣਾ ਕਰਨਾ ਪੈਦਾ ਸੀ। ਉਦੋਂ ਤੋਂ ਇਹ ਵਾਕ ਰੂੜ੍ਹੀ ਲਕਸ਼ਣਾ ਸ਼ਕਤੀ ਦੀ ਉਦਾਹਰਣ ਹੈ।

ਪ੍ਰਯੋਜਨਾਵਤੀ ਲਕਸ਼ਣਾ ਸ਼ਕਤੀ[ਸੋਧੋ]

ਜਦੋ ਕਿਸੇ ਖਾਸ ਪ੍ਰਯੋਜਨ ਨੂੰ ਮੁੱਖ ਰੱਖ ਕੇ, ਸ਼ਬਦ ਦੁਆਰਾ ਲਕਸ਼ਣਿਕ ਅਰਥ ਦਾ ਪ੍ਰਤੀਪਾਦਨ ਕੀਤਾ ਜਾਵੇ ਤਾਂ ਇਸ ਨੂੰ ਪ੍ਰਯੋਜਨਾਵਤੀ ਲਕਸ਼ਣਾ ਸ਼ਕਤੀ ਕਹਿੰਦੇ ਹਨ।

ਸਾਧਾਰਨ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜਦੋਂ ਕਿਸੇ ਪ੍ਰਯੋਜਨ ਲਈ ਲਕਸ਼ਣ ਸ਼ਬਦ ਸ਼ਕਤੀ ਦੀ ਵਰਤੋਂ ਕੀਤੀ ਜਾਵੇ, ਉੱਥੇ ਪ੍ਰਯੋਜਨਾਵਤੀ ਲਕਸ਼ਣਾ ਸ਼ਕਤੀ ਹੈ। •ਕੱਛ ‘ਚ ਛੁਰੀ, ਮੂੰਹੋ ਰਾਮ ਰਾਮ •ਧੇਲੇ ਦੀ ਬੁੜੀ, ਟਕਾ ਸਿਰ ਮੁਨਾਈ। ਉਪਰੋਕਤ ਉਦਾਹਰਣਾ ਮੁਹਾਵਰੇ ਅਤੇ ਅਖਾਣ ਵਿੱਚ ਪ੍ਰਸਿੱਧ ਹੈ। ਇਸਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਵਿਅਕਤੀ ਬਾਹਰੋਂ ਸੁਭਾਅ ਦਾ ਮਿੱਠਾਂ ਹੋਵੇ ਅਤੇ ਅੰਦਰੋਂ ਕੁਝ ਹੋਰ ਹੋਵੇ।

ਧੇਲੇ ਦੀ ਬੁੜ੍ਹੀ, ਟਕਾ ਸਿਰ ਮਨਾਈ। ਇਸਦਾ ਅਰਥ ਹੈ ਕਿਸੇ ਘਟੀਆ ਕੰਮ ਉੱਤੇ ਦੁੱਗਣਾ ਖ਼ਰਚ ਕਰਨਾ।

ਇਹ ਮੁਹਾਵਰੇ ਪ੍ਰਯੋਜਨਾਵਤੀ ਲਕਸ਼ਣਾ ਦੀ ਉਦਾਹਰਣ ਹਨ।

ਪ੍ਰਯੋਜਨਾਵਤੀ ਲਕਸ਼ਣਾ ਅੱਗੋਂ ਦੋ ਤਰ੍ਹਾਂ ਦੀ ਹੁੰਦੀ ਹੈ। •ਗੌਣੀ ਪ੍ਰਯੋਜਨਾਵਤੀ        •ਸ਼ੁੱਧਾ ਪ੍ਰਯੋਜਨਾਵਤੀ ਲਕਸ਼ਣਾ

ਗੌਣੀ ਪ੍ਰਯੋਜਨਾਵਤੀ[ਸੋਧੋ]

ਜਦੋਂ ਉਪਮਾਨ ਅਤੇ ਉਪਮੇਯ ਵਿੱਚ ਸਾਦ੍ਰਿਸ਼ਤਾਮੂਲਕ ਸੰਬੰਧ ਦੀ ਪ੍ਰਤੀਤੀ ਹੁੰਦੀ ਹੋਵੇ, ਤਾਂ ਇਸਨੂੰ ਗੌਣੀ ਪ੍ਰਯੋਜਨਾਵਤੀ ਲਕਸ਼ਣਾ ਕਹਿੰਦੇ ਹਨ। ਜਿਵਂ •ਸੱਤਾ ਮੋਇਆ, ਇੱਕ ਬਰਾਬਰ ਉਪਰੋਕਤ ਅਖਾਣ ਵਿੱਚ ਸੁੱਤਾ ਅਤੇ ਮੋਇਆ ਵਿਚਕਾਰ ਸਮਾਨਤਾ ਹੈ ਭਾਵ ਕਿ ਸੌਣਾ ਅਤੇ ਮਰਨਾ ਇੱਕ ਬਰਾਬਰ ਹੈ। ਅਸੀਂ ਰੋਜ ਰਾਤ ਨੂੰ ਮਰ ਕੇ ਹੀ ਸਵੇਰੇ ਜਿਉਂਦੇ ਉੱਠਦੇ ਹਾਂ। ਇਸ ਲਈ ਇੱਥੇ ਗੌਣੀ ਪ੍ਰਯੋਜਨਾਵਤੀ ਲਕਸ਼ਣਾ ਸ਼ਕਤੀ ਹੈ। ਗੌਣੀ ਲਕਸ਼ਣਾ ਗੁਣਾਂ ਜਾਂ ਸਾਂਝੇ ਗੁਣਾਂ ਦੇ ਆਧਾਰ ‘ਤੇ ਹੀ ਉਹ ਗੌਣੀ ਲਕਸ਼ਣਾ ਅਖਵਾਉਂਦੀ ਹੈ।

ਸ਼ੁੱਧਾ ਪ੍ਰਯੋਜਨਾਵਤੀ ਲਕਸ਼ਣਾ[ਸੋਧੋ]

 ਜਦੋਂ ਉਪਮੇਯ ਅਤੇ ਉਪਮਾਨ ਵਿੱਚ ਸਾਦ੍ਰਿਸ਼ਤਾ ਤੋਂ ਬਿਨਾਂ ਕਾਰਨ ਕਾਰਜ ਭਾਵ ਆਦਿ ਹੋਰ ਸੰਬੰਧਾਂ ਦੇ ਆਧਾਰ‘ਤੇ ਪ੍ਰਯੋਜਨਾਤਮਕ ਲਾਕਸ਼ਣਿਕ ਅਰਥ ਦੀ ਪ੍ਰਤੀਤੀ ਹੁੰਦੀ ਹੋਵੇ, ਤਾਂ ਇਸਨੂੰ ਸ਼ੁੱਧਾ ਪ੍ਰਯੋਜਨਾਵਤੀ ਲਕਸ਼ਣਾ ਕਹਿੰਦੇ ਹਨ। •ਆਪਣਾ ਕੰਮ ਕੀਤਾ,  ਧੱਕੇ ਖਾਣੇ ਜੀਤਾ ਉਪਮੇਯ    ਉਪਮਾਨ    ਉਪਰੋਕਤ ਵਾਕ ਵਿੱਚ ਇਹ ਅਰਥ ਨਿਕਲਦਾ ਹੈ ਕਿ ਜਦੋਂ ਲੋੜ ਹੁੰਦੀ ਹੈ, ਉਦੋਂ ਤੱਕ ਹੀ ਆਪਾਂ ਅਗਲੇ ਦੀ ਪੁੱਛ ਗਿੱਛ ਕਰਦੇ ਹਾਂ, ਉਸ ਤੋਂ ਬਾਅਦ ਨਹੀਂ।

ਸ਼ੁਧਾ ਅਤੇ ਗੌਣੀ ਨੂੰ ਅੱਗੇ ਸਾਰੋਪਾ ਅਤੇ ਸਾਧਿਆਵਸਾਨਾ ਨਾਮਕ ਦੋ ਹੋਰ ਭੇਦਾਂ ਵਿੱਚ ਵੰਡਿਆ ਜਾਂਦਾ ਹੈ, ਜਿੱਥੇ ਉਪਮੇਯ ਅਤੇ ਉਪਮਾਨ ਦੋਵੇਂ ਆਪਣੇ- ਆਪਣੇ ਅਲੱਗ-ਅਲੱਗ ਰੂਪ ਵਿੱਚ ਕਹੇ ਜਾਂਦੇ ਹੋਣ, ਉੱਥੇ ਸਾਰੋਪਾ ਲਕਸ਼ਣਾ ਹੁੰਦੀ ਹੈ।

ਗੌਣੀ ਪ੍ਰਯੋਜਨਾਵਤੀ ਲਕਸ਼ਣਾ ਦੌ ਤਰ੍ਹਾਂ ਦੀ ਹੁੰਦੀ ਹੈ:- •ਗੌਣੀ ਸਾਰੋਪਾ ਪ੍ਰਯੋਜਨਾਵਤੀ ਲਕਸ਼ਣਾ •ਗੌਣੀ ਸਾਧਿਆਵਸਾਨਾ:- ਜਦੋਂ ਉਪਮੇਯ ਅਤੇ  ਉਪਮਾਨ ਵਿੱਚ ਸਾਦ੍ਰਿਸ਼ਤਾਮੂਲਕ ਸੰਬੰਧ ਰਹਿੰਦੇ ਹੋਏ, ਉਪਮਾਨ ਅਤੇ ਉਪਮੇਯ ਦੋਵੇਂ ਅਲੱਗ-ਅਲੱਗ ਰੂਪ ਵਿੱਚ ਵਿਅਕਤ ਜਾਂ ਪ੍ਰਗਟ ਹੋ ਰਹੇ ਹੋਣ, ਉੱਥੇ ਗੌਣੀ ਸਾਰੋਪਾ ਪ੍ਰਯੋਜਨਾਵਤੀ ਲਕਸ਼ਣਾ ਸ਼ਕਤੀ ਹੁੰਦੀ ਹੈ। ਜਿਵੇਂ

•ਕਮਾਊ ਆਵੇ ਡਰਦਾ, ਗਵਾਉ ਆਵੇ ਲੜਦਾ •ਕਾਲ ਦੀ ਬੱਧੀ ਨਾ ਮੰਗਿਆ, ਬਾਲ ਦੀ ਬੁੱਧੀ ਮੰਗਿਆ ਉਪਰੋਕਤ ਅਖਾਣ ਦੀ ਵਰਤੋਂ ਉਦੋਂ ਹੁੰਦੀ ਹੈ ਜਿੱਥੇ ਇਹ ਦੱਸਿਆ ਜਾਵੇ ਕਿ ਮਿਹਨਤੀ ਬੰਦਾ ਘਰ ਥੱਕਿਆ ਟੁੱਟਿਆ ਆਉਂਦਾ ਹੈ ਅਤੇ ਉਹ ਪਿਆਰ ਨਾਲ ਰਹਿੰਦਾ ਹੈ, ਦੂਜੇ ਪਾਸ ਵਿਹਲੜ ਅਤੇ ਗਵਾਊ ਬੰਦਾ ਹਮੇਸ਼ਾ ਹੀ ਬੁੜ੍ਹ-ਬੁੜ੍ਹ ਕਰਦਾ ਰਹਿੰਦਾ ਹੈ। ਉਪਰੋਕਤ ਅਖਾਣ ਵਿੱਚ ਕਮਾਊ (ਉਪਮੇਯ) ਅਤੇ ਗਵਾਊ (ਉਪਮਾਨ) ਦੀ ਆਪਸੀ ਤੁਲਨਾ ਕੀਤੀ ਗਈ ਹੈ ਅਤੇ ਇਹ ਦੋਵੇਂ ਅਲੱਗ-ਅੱਲਗ ਰੂਪ ਵਿੱਚ ਵਿਚਰਦੇ ਹਨ।

ਗੌਣੀ ਸਾਧਿਆਵਸਾਨਾ[ਸੋਧੋ]

ਜਿੱਥੇ ਉਪਮਾਨ ਤੇ ਉਪਮੇਯ ਵਿੱਚ ਸਾਦ੍ਰਿਸ਼ਤਾਮੂਲਕ ਸੰਬੰਧ ਰਹਿੰਦੇ ਹੋਏ ਉਪਮਾਨ ਦੁਆਰਾ ਉਪਮੇਯ ਨੂੰ ਨਿਗਲ ਲਿਆ ਜਾਂਦਾ ਹੈ, ਉੱਥੇ ਗੌਣੀ ਸਾਧਿਆਵਸਾਨਾ ਲਕਸ਼ਣਾ ਹੁੰਦੀ ਹੈ ਜਿਵੇਂ •ਨਾ ਹਾੜ ਸੁੱਕੇ ਨਾ ਸਾਵਣ ਹਰੇ •ਹੱਥ ਠੂਠਾ, ਦੇਸ਼ ਮੋਕਲਾ ਉਪਰੋਕਤ ਮੁਹਾਵਰੇ ਵਿੱਚ ਹਰ ਹਾਲਤ ਵਿੱਚ ਸਮਾਨ ਰਹਿਣਾ (ਉਪਮੇਯ) ਲਈ ਉਪਮਾਨ ਦੀ ਸਿਰਜਨਾ ਕੀਤੀ ਗਈ ਹੈ। ਉਪਮਾਨ ਨੇ ਉਪਮੇਯ ਦੇ ਅਰਥਾਂ ਨੂੰ ਲੁਕਾ ਲਿਆ ਹੈ, ਇਸ ਲਈ ਇੱਥੇ ਗੌਣੀ ਸਾਧਿਆਵਸਾਨਾ ਪ੍ਰਯੋਜਨਾਵਤੀ ਲਕਸ਼ਣਾ ਸ਼ਕਤੀ ਹੈ।

ਸ਼ੁੱਧਾ ਉਪਾਦਾਨ ਪ੍ਰਯੋਜਨਾਵਤੀ ਲਕਸ਼ਣਾ[ਸੋਧੋ]

ਜਦੋਂ ਪ੍ਰਯੋਜਨਾਤਮਕ ਲਕਸ਼ਣਿਕ ਅਰਥ ਦੀ ਪ੍ਰਾਪਤੀ ਵਾਸਤੇ, ਕਾਰਨ-ਕਾਰਜ, ਭਾਵ ਆਦਿ ਸੰਬੰਧਾਂ ਦੁਆਰਾ ਲਕਾਸ਼ਣਿਕ ਅਰਥ ਗ੍ਰਹਿਣ ਕਰ ਲੈਣ ਉਪਰੰਤ ਵੀ, ਮੁੱਖ ਅਰਥ ਬਣਿਆ ਰਹੇ, ਤਾਂ ਉਸਨੂੰ ਸ਼ੁੱਧਾ ਉਪਾਦਾਨ ਪ੍ਰਯੋਜਨਵਤੀ ਲਕਸ਼ਣਾ ਕਹਿੰਦੇ ਹਨ,ਜਿਵੇਂ‘ਤਲਵਾਰਾਂ ਅੰਦਰ ਆ ਰਹੀਆਂ ਹਨ।‘

ਵਾਕ ਵਿੱਚ ਤਲਵਾਰਾਂ ਤਾਂ ਬੇਜਾਨ ਹਨ ਉਹ ਅੰਦਰ ਕਿਵੇ ਆ ਸਕਦੀਆਂ ਹਨ। ਇਸ ਲਈ ਇੱਥੇ ਮੁੱਖ ਤਲਵਾਰਾਂ ਦਾ ਸੰਬੰਧ ਪੁਰਸ਼ ਨਾਲ ਜੋੜਿਆ ਜਾਂਦਾ ਹੈ, ਭਾਵ ਕਿ ਮੁੱਖ ਅਰਥ ਨੂੰ ਛੱਡੇ ਬਿਨ੍ਹਾਂ ਨਵਾਂ ਅਰਥ ਬਣ ਜਾਂਦਾ ਹੈ। ਇੱਥੇ ਆਪਾਂ ਕਹਿ ਸਕਦੇ ਹਾਂ ਤਲਵਾਰ ਧਾਰੀ ਪੁਰਸ਼ ਵੀ ਅੰਦਰ ਆ ਸਕਦੇ ਹਨ।

ਲਕਸ਼ਣ ਲਕਸ਼ਣਾ ਸ਼ਕਤੀ[ਸੋਧੋ]

ਜਦੋਂ ਮੁੱਖ ਅਰਥ ਦਾ ਤਿਆਗ ਕਰਕੇ, ਕਾਰਨ-ਕਾਰਜ  ਭਾਵ ਆਦਿ ਸੰਬੰਧਾਂ ਰਾਹੀਂ ਲਾਕਸ਼ਣਿਕ  ਅਰਥ ਦੀ ਪ੍ਰਤੀਤਾ ਭਾਵ ਕਿਸੇ ਹੋਰ ਅਰਥ ਦੀ ਪ੍ਰਤੀਤੀ ਹੋਵੇ ਤਾਂ ਇਸਨੂੰ ਲਕਸ਼ਣ ਲਕਸ਼ਣਾ ਕਹਿੰਦੇ ਹਨ। ਜਿਵੇਂ “ਗੰਗਾ ਚ ਘਰ ਹੈ” ਜਲ ਪ੍ਰਵਾਹ ਅਰਥ ਵਾਲੇ ‘ਗੰਗਾ’ ਸ਼ਬਦ ਦਾ ਵਾਕ ਵਿੱਚ ਅਰਥ ਠੀਕ ਨਹੀਂ ਜਾਪਦਾ ਹੈ ਕਿਉਂਕਿ ਚਲਦੇ ਪਾਣੀ ‘ਚ ਘਰ ਕਿਵੇਂ ਹੋ ਸਕਦਾ ਹੈ? ਇਸ ਲਈ ਗੰਗਾ ਦਾ ਅਰਥ ‘ਗੰਗਾ ਦਾ ਕਿਨਾਰਾ’ ਹੈ ਕਿਉਂਕਿ ਗੰਗਾ ਸ਼ਬਦ ਨੇ ਆਪਣੇ ਅਸਲੀ ਅਰਥ ‘ਜਲ-ਪ੍ਰਵਾਹ’ ਨੂੰ ਬਿਲਕੁਲ ਛੱਡ ਕੇ ‘ਕਿਨਾਰਾ’ ਅਰਥ ਗ੍ਰਹਿਣ ਕਰ ਲਿਆ ਹੈ। ਇਸ ਲਈ ਇਹ ਲਕਸ਼ਣ ਲਕਸ਼ਣਾ ਸ਼ਬਦ ਸ਼ਕਤੀ ਦਾ ਉਦਾਹਰਣ ਹੈ।

ਸ਼ੁੱਧਾ ਉਪਾਦਾਨ ਲਕਸ਼ਣਾ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ: •ਸਾਰੋਪਾ ii.   ਸਾਧਿਆਵਸਾਨਾ ਸਾਰੋਪਾ ਸ਼ੁੱਧਾ ਉਪਾਦਾਨ ਲਕਸ਼ਣਾ ਸ਼ਕਤੀ:- ਜਦੋਂ ਪ੍ਰਯੋਜਨਾਤਮਕ ਅਰਥ ਦੀ ਪ੍ਰਾਪਤੀ ਵਾਸਤੇ ਹੋਰ ਅਰਥ ਗ੍ਰਹਿਣ ਕੀਤੇ ਜਾਣ ਉਪਰੰਤ ਵੀ ਮੁੱਖ ਅਰਥ ਬਣਿਆ ਰਹੇ, ਉਪਮਾਨ ਕੀਤੇ ਉਪਮੇਯ ਵਿੱਚ ਸਾਦ੍ਰਿਸ਼ਤਾ ਤੋਂ ਬਿਨਾਂ ਕਾਰਜ, ਭਾਵ ਆਦਿ ਹੋਰ ਸੰਬੰਧਾਂ ਦੇ ਕਾਰਨ ਲਕਸ਼ਣਿਕ ਅਰਥ ਦੀ ਪ੍ਰਾਪਤੀ ਹੋਵੇ,ਉਪਮਾਨ ਅਤੇ ਉਪਮੇਯ ਅਲੱਗ-ਅਲੱਗ ਰੂਪ ਵਿੱਚ ਵਿਚਰਨ। •ਗਰੀਬ ਦੀ ਜ਼ੋਰੂ, ਸਭ ਦੀ ਭਰਜਾਈ, ਇਸ ਮੁਹਾਵਰੇ ਦਾ ਅਰਥ ਹੈ ਕਿ ਮਾੜੇ ਬੰਦੇ ਦੀ ਚੀਜ਼ ਨੂੰ ਹਰ ਕੋਈ ਵਰਤਦਾ ਹੈ।

ਇਸ ਮੁਹਾਵਰੇ ਵਿੱਚ ਉਪਮਾਨ ਅਤੇ ਪਮੇਯ ਦੀ ਹੋਂਦ ਅਖਾਣ ਵਿੱਚ ਸਤੁੰਤਰ ਤੌਰ ‘ਤੇ ਅਲੱਗ-ਅਲੱਗ ਰੂਪ ਵਿੱਚ ਵਿਅਕਤ ਹੋ ਰਹੀ ਹੈ ਜਿਸ ਕਰਕੇ ਸਾਰੋਪਾ ਲਕਸ਼ਣਾ ਬਾਰੇ ਨਿਰਣਾ ਹੁੰਦਾ ਹੈ। ਉਪਮਾਨ ਵਿੱਚ ਮੁੱਖ ਅਰਥ ਦੀ ਭਾਵਨਾ ਦਾ ਤਿਆਗ ਨਾ ਹੋਣ ਕਰਕੇ, ਉਪਾਦਾਨ ਲਕਸ਼ਣਾ ਦੀ ਪੁਸ਼ਟੀ ਹੁੰਦੀ ਹੈ। ਇਸ ਮੁਹਾਵਰੇ ਕਦੇ ਅਰਥਾਂ ਦੀ ਪ੍ਰਾਪਤੀ ਸ਼ੁੱਧਾ ਉਪਦਾਨ ਸਾਰੋਪਾ ਲਕਸ਼ਣ ਰਾਹੀਂ ਹੁੰਦੀ ਹੈ।

ਸ਼ੁੱਧਾ ਉਪਾਦਾਨ ਸਾਧਿਆਵਸਾਨਾ ਲਕਸ਼ਣਾ ਸ਼ਕਤੀ[ਸੋਧੋ]

ਜਿੱਥੇ ਪ੍ਰਯੋਜਨ ਅਰਥ ਦੀ ਪ੍ਰਾਪਤੀ ਵਾਸਤੇ ਹੋਰ ਅਰਥ ਗ੍ਰਹਿਣ ਕੀਤੇ ਜਾਣ ‘ਤੇ ਵੀ ਮੁੱਖ ਰਥ ਬਣਿਆ ਰਹੇ। ਉਪਮਾਨ ਅਤੇ ਉਪਮੇਯ ਵਿੱਚ ਸਾਦ੍ਰਿਸ਼ਤਾ (ਸਪਸ਼ਟਤਾ) ਤੋਂ ਬਿਨ੍ਹਾਂ ਕਾਰਜ ਕਾਰਨ ਭਾਵ ਆਦਿ ਹੋਰ ਸੰਬੰਧਾਂ ਦੇ ਕਾਰਣ ਲਾਕਸ਼ਣਿਕ ਅਰਥ ਦੀ ਪ੍ਰਤੀਤੀ ਹੋਵੇ, ਉਪਮਾਨ ਦੁਆਰਾ ਉਪਮੇਯ ਨੂੰ ਲੁਕਾ ਲਿਆ ਜਾਵੇ, ਉੱਥੇ ਮਾਧਿਆਵਸਾਨਾ ਲਕਸ਼ਣਾ ਸ਼ਕਤੀ ਹੁੰਦੀ ਹੈ। ਜਿਵੇਂ‘ਦੁਪੱਟੇ ਵਿੱਚ ਲੁਕਿਆ ਚੁੰਨ ਵੇ’

ਇੱਥੇ ਚੰਨ ਦੁਆਰਾ ਮੁੱਖ (ਮੂੰਹ) ਦਾ ਗਿਆਨ ਹੁੰਦਾ ਹੈ। ਇੱਥੇ ਉਪਮਾਨ ਨੇ ਉਪਮੇਯ ਨੂੰ ਆਪਣੇ ਵਿੱਚ ਲੁਕਾ ਕੇ ਰੱਖਿਆ ਹੈ। ਇਸ ਲਈ ਇੱਥੇ ਸ਼ੁੱਧਾ ਉਪਾਦਾਨ ਸਾਧਿਆਵਸਾਨਾ ਲਕਸ਼ਣਾ ਸ਼ਕਤੀ ਹੁੰਦੀ ਹੈ।

ਸ਼ੁੱਧਾ ਲਕਸ਼ਣ ਸਾਰੋਪਾ ਪ੍ਰਯੋਜਨਾਵਤੀ ਲਕਸ਼ਣਾ[ਸੋਧੋ]

ਜਦੋ ਪ੍ਰਯੋਜਨਾਤਮਕ ਅਰਥ ਦੀ ਪ੍ਰਤੀਤੀ ਵਾਸਤੇ ਮੁੱਖ ਅਰਥ ਦਾ ਤਿਆਗ ਕਰਕੇ, ਉਪਮਾਨ ਅਤੇ ਉਪਮੇਯ ਵਿੱਚ ਸਾਦ੍ਰਿਸ਼ਤਾ ਤੋਂ ਬਿਨਾਂ ਕਾਰਨ-ਕਾਰਜ, ਭਾਵ ਆਦਿ ਹੋਰ ਤਕ ਸੰਬੰਧਾਂ ਦੇ ਕਾਰਣ ਲਾਕਸ਼ਣਿਕ ਅਰਥ ਦੀ ਪ੍ਰਾਪਤੀ ਹੋਵੇ ਅਤੇ ਉਪਮਾਨ ਅਤੇ ਉਪਮੇਯ ਆਪਣੇ-ਆਪਣੇ ਰੂਪ ਵਿੱਚ ਵਿਅਕਤ ਹੋ ਰਹੇ ਹੋਣ ਤਾਂ ਇਹ ਸ਼ੁੱਧਾ ਲਕਸ਼ਣ ਸਾਰੋਪਾ ਪ੍ਰਯੋਜਨਾਵਤੀ ਲਕਸ਼ਣੀ ਹੁੰਦੀ ਹੈ। •ਬਾਲ ਦਾ ਪੱਜ, ਮਾਂ ਦਾ ਰੱਜ

ਉਪਮੇਯ       ਉਪਮਾਨ

ਇਹ ਇੱਕ ਅਖਾਣ ਹੈ,ਇੱਥੇ ਉਪਮੇਯ ਅਤੇ ਉਪਮਾਨ ਆਪਣੇ ਅਲੱਗ-ਅਲੱਗ ਰੂਪ ਵਿੱਚ ਵਿਚਰਦੇ ਹਨ। ਇਸ ਅਖਾਣ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਕੋਈ ਕਿਸੇ ਦੇ ਬਹਾਨੇ ਕੋਈ ਆਪਣਾ ਕੰਮ ਕੱਢੇ।

ਸ਼ੁੱਧਾ ਲਕਸ਼ਣ ਸਾਧਿਆਵਸਾਨਾ ਪ੍ਰਯੋਜਨਾਵਤੀ ਸ਼ਕਤੀ[ਸੋਧੋ]

ਜਦੇ ਪ੍ਰਯੋਜਨਾਤਮਕ ਅਰਥ ਦੀ ਪ੍ਰਤੀਤੀ, ਮੁੱਖ ਅਰਥ ਦਾ ਤਿਆਗ ਕਰਦੇ ਹਏ, ਉਪਮਾਨ ਅਤੇ ਉਪਮੇਯ ਵਿੱਚ ਸਾਦ੍ਰਿਸ਼ਤਾ ਤੋਂ ਬਿਨਾਂ ਕਾਰਨ-ਕਾਰਜ, ਭਾਵ ਆਦਿ ਹੋਰ ਸੰਬਧਾ ਦੇ ਕਾਰਨ, ਲਾਕਸ਼ਣਿਕ ਅਰਥ ਦੀ ਪ੍ਰਤੀਤੀ ਜਾਂ ਪ੍ਰਾਪਤੀ, ਉਪਮਾਨ ਦੁਆਰਾ ਉਪਮੇਯ ਨੂੰ ਨਿਗਲ ਲੈਣ ਤੇ ਹੋਰ ਰਹੀ ਹੋਵੇ ਤਾਂ ਇਸਨੂੰ ਸ਼ੁੱਧਾ ਲਕਸ਼ਣ ਸਾਧਿਆਵਸਾਨ ਪ੍ਰਯੋਜਨਾਤਵਤੀ ਲਕਸ਼ਣਾ ਕਹਿੰਦੇ ਹਨ। ਉਦਾਹਰਣ:- •ਬੇਗਾਨੀ ਸ਼ਹਿ ਤੇ ਮੁੱਛਾਂ ਨਹੀਂ ਮੁਨਾਈਦੀਆਂ •ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ। ਉਪਰੋਕਤ ਵਾਕ ਵਿੱਚ ਉਪਮਾਨ ‘ਚ ਉਪਮੇਯ ਲੁਕਿਆ ਹੁੰਦਾ ਹੈ, ਇਸਦਾ ਅਰਥ ਹੈ, ਦੂਜਿਆਂ ਦੀ ਸਹਿ ‘ਤੇ ਕੰਮ ਵਿਗਾੜ ਲੈਣਾ। ਇੱਥੇ ਉਪਮੇਯ ਦਾ ਅਰਥ ਉਪਮਾਨ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ। ਵਿਅੰਜਨਾ ਸ਼ਕਤੀ:- ਇਹ ਸ਼ਬਦ ਦੀ ਤੀਜੀ ਅਤੇ ਮਹਤਵਪੂਰਣ ਸ਼ਕਤੀ ਹੈ। ਜਦੋਂ ਕਿਸੇ ਸ਼ਬਦ ਦੇ ਅਭਿਧਾ ਅਤੇ ਲਾਕਸ਼ਣਿਕ ਅਰਥ ਪ੍ਰਗਟ ਹੋਣ ਤੋਂ ਬਿਨਾਂ ਕੋਈ ਹੋਰ ਅਰਥ ਵੀ ਪ੍ਰਗਟ ਹੋਵੇ, ਉੱਥੇ ਵਿਅੰਜਨਾ ਸ਼ਕਤੀ ਹੁੰਦੀ ਹੈ। ਕਾਵਿ ਦੇ ਲੁਕੇ ਜਾਂ ਗੂੜ੍ਹ ਅਰਥ ਨੂੰ ਪ੍ਰਗਟ ਕਰਨ ਵਾਲੀ ਸ਼ਕਤੀ ਵਿਅੰਜਨਾ ਹੈ। ਜਦੋਂ ਅਭਿਧਾ ਤੇ ਲਕਸ਼ਣਾ ਸ਼ਕਤੀ ਆਪਣਾ-ਆਪਣਾ ਅਰਥ ਪ੍ਰਗਟਾ ਕੇ ਸ਼ਾਂਤ ਹੋ ਜਾਣ ਅਤੇ ਜਿਸ ਸ਼ਕਤੀ ਰਾਹੀਂ ਇਨ੍ਹਾਂ ਦੋਹਾਂ ਦੇ ਭਿੰਨ-ਭਿੰਨ ਅਰਥ ਪ੍ਰਗਟ ਹੋਣ, ਉੱਥੇ ਵਿਅੰਜਨਾ ਸ਼ਕਤੀ ਹੁੰਦੀ ਹੈ। ਇਸਦਾ ਖੇਤਰ ਅਭਿਧਾ ਅਤੇ ਲਕਸ਼ਣਾ ਤੋਂ ਵਿਸ਼ਾਲ ਹੁੰਦਾ ਹੈ।    ਪਹਿਲਾ ਵਾਰਿਸ ਨੂੰ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਏ, ਉਹ ਜ਼ਖਮ ਤੁਹਾਨੂੰ ਭੁੱਲ ਵੀ ਗਏ, ਨਵਿਆਂ ਦੀ ਜੁ ਫਿਰ ਤਿਆਰੀ ਏ,

ਉਪਰੋਕਤ ਉਦਾਹਰਣ ਵਿੱਚ ਅਭਿਧਾ,ਲਕਸ਼ਣਾ,ਵਿਅੰਜਨਾ ਤਿੰਨੋਂ ਸ਼ਕਤੀਆਂ ਹੀ ਸ਼ਾਮਿਲ ਹਨ।

ਆਚਾਰੀਆਂ ਵਿਸ਼ਵਨਾਥ ਅਨੁਸਾਰ:- “ਜਿਸ ਥਾਂ ਅਭਿਧਾ ਅਤੇ ਲੱਖਣਾ ਆਪੋ ਆਪਣਾ ਕੰਮ ਕਰਕੇ ਸ਼ਾਂਤ ਹੋ ਜਾਣ ਉਪਰੰਤ ਕਿਸੇ ਨਾ ਕਿਸੇ ਢੰਗ ਨਾਲ ਹੋਰ ਅਰਥ ਦੀ ਪ੍ਰਤੀਤੀ ਹੁੰਦੀ ਹੈ, ਉੱਥੇ ਵਿਅੰਜਨਾ ਸ਼ਕਤੀ ਹੁੰਦੀ ਹੈ।

ਵਿਅੰਜਨਾ ਸ਼ਕਤੀ ਸ਼ਬਦਾਂ ਅਤੇ ਅਰਥਾਂ ‘ਤੇ ਅਧਾਰਿਤ ਹੁੰਦੀ ਹੈ ਤਾਂ ਇਸਦੇ ਆਧਾਰ ਤੇ ਵਿਅੰਜਨਾ ਸ਼ਕਤੀ ਦੇ ਦੋ ਭੇਦ ਹਨ। •ਸ਼ਬਦੀ ਵਿਅੰਜਨਾ        (ii)       ਅਰਥੀ ਵਿਅੰਜਨਾ

ਸ਼ਬਦੀ ਵਿੰਅਜਨਾ[ਸੋਧੋ]

ਸ਼ਬਦੀ ਵਿਅੰਜਨਾ ਉੱਥੇ ਹੁੰਦੀ ਹੈ ਜਿੱਥੇ ਵਿਅੰਗ ਅਰਥ ਕਿਸੇ ਵਿਸ਼ੇਸ਼ ਸ਼ਬਦ ਦੀ ਵਰਤੋਂ ਉੱਤੇ ਨਿਰਭਰ ਹੁੰਦਾ ਹੈ। ਉਸ ਵਿਸ਼ੇਸ਼ ਸ਼ਬਦ ਦੀ ਥਾਂ ਤੇ ਉਸਦੇ ਕਿਸੇ ਸਮਾਨਾਰਥਕ ਸ਼ਬਦ ਨੂੰ ਵਰਤਣ ਨਾਲ ਵਿਅੰਗ ਅਰਥ ਦੀ ਪ੍ਰਤੀਤੀ ਨਹੀਂ ਹੁੰਦੀ।

ਸ਼ਬਦੀ ਵਿਅੰਜਨਾ ਸ਼ਕਤੀ ਅੱਗੋ ਦੋ ਤਰ੍ਹਾਂ ਦੀ ਹੁੰਦੀ ਹੈ। •ਅਭਿਧਾ ਮੂਲ ਵਿਅੰਜਨਾ       (ii)    ਲਕਸ਼ਣ-ਮੂਲਾ ਵਿਅੰਜਨਾ

ਅਭਿਧਾ ਮੂਲ ਵਿਅੰਜਨਾ[ਸੋਧੋ]

ਮੰਮਟ ਅਨੁਸਾਰ “ਸੰਯੋਗ, ਵਿਜੋਗ ਆਦਿ ਦੇ ਰਾਹੀਂ ਬਹੁ-ਅਰਥਕ ਸ਼ਬਦ ਦੇ ਇੱਕ ਅਰਥ ਵਿੱਚ ਸੀਮਤ ਹੋ ਜਾਣ ਉਪਰੰਤ ਜਿਸ ਮੁਕਤੀ ਰਾਹੀਂ ਹੋਰ ਵੱਖਰੇ ਅਰਥ ਦਾ ਗਿਆਨ ਹੁੰਦਾ ਹੈ ਉਸਨੂੰ ਅਭਿਧਾ ਮੂਲ ਸ਼ਬਦੀ ਵਿਅੰਜਨਾ ਕਹਿੰਦੇ ਹਨ।“ ਜ਼ਰੂਰੀ ਤੱਤ ਸਪਸ਼ਟ ਹੁੰਦੇ ਹਨ:- •ਸ਼ਬਦ ਬਹੁਅਰਥਕ ਹੋਣਾ ਚਾਹੀਦਾ ਹੈ। •ਉਸ ਸ਼ਬਦ ਦੀ ਅਭਿਧਾ ਸ਼ਕਤੀ ਵਿੱਚ ਇੱਕ ਅਰਥ ਸੀਮਿਤ ਹੋ ਜਾਵੇ। •ਉਸਦੇ ਇੱਕ ਅਰਥ ਵਿੱਚ ਬੰਦ ਹੋਣ ‘ਤੇ ਵੀ ਮੂਝ ਦੇ ਬਲ ਨਾਲ ਬੁੱਧੀ ਮਾਨਾਂ ਨੂੰ ਹੋਰ ਅਰਥ ਦੀ ਪ੍ਰਤੀਤੀ ਹੋਵੇ। ਉਦਾਹਰਣ:- “ਅੱਖਾਂ ਮੋਹੰਦਦਾ ਸਿਆਮ ਰੰਗ ਵਰ੍ਹਦਾ ਨਿਰਾ ਅਨੰਦਾ ਝੂਮ ਝੂਮ ਕੇ ਟੁਰ ਰਿਹਾ ‘ਵਨਮਾਲੀ’ ਵੀਹ ਪੰਧ।“

ਲਕਸ਼ਣ ਮੂਲਾ ਵਿਅੰਜਨਾ[ਸੋਧੋ]

ਲਕਸ਼ਣਾ ਸ਼ਬਦ ਸ਼ਕਤੀ ਦੁਆਰਾ ਦੂਜੇ ਅਰਥ ਦਾ ਬੋਧ ਹੋਣ ‘ਤੇ ਉਸ ਤੋ ਵੀ ਹੋਰ ਦੂਜੇ ਅਰਥ ਦਾ ਗਿਆਨ ਕਰਵਾਉਣ ਵਾਲੀ ਸ਼ਬਦ ਸ਼ਕਤੀ ਨੂੰ ‘ਲਕਸ਼ਣ ਮੂਲਾ’ ਸ਼ਬਦੀ ਵਿਅੰਜਨਾ ਕਿਹਾ ਜਾਂਦਾ ਹੈ। ‘ਮੋਹਨ ਗਧਾ ਹੈ।‘ ਉਪਰੋਕਤ ਵਾਕ ਵਿੱਚ ਮਹੋਨ ਗਧਾ ਹੈ। ਮੋਹਨ ਇੱਕ ਮਨੁੱਖ ਹੈ ਅਤੇ ਉਹ ਗਧਾ ਕਿਸ  ਤਰ੍ਹਾਂ ਹੋ ਸਕਦਾ ਹੈ, ਇਸ ਲਈ ਇੱਥੇ ਮੁੱਖ ਅਰਥ ਵਿੱਚ ਰੁਕਾਵਟ ਹੋਣ ਕਰਕੇ ਕੋਈ ਹੋਰ ਅਰਥ ਪ੍ਰਗਟ ਹੁੰਦਾ ਹੈ, ਉਹ ਇਹ ਹੈ ਕਿ ਮਨੁੱਖ ਇੱਕ (ਮੋਹਨ) ਜੋ ਕਿ ਇਨਸਾਨ ਹੈ ਅਤੇ ਇਸ ਦੀਆਂ ਹਰਕਤਾਂ ਪਸ਼ੂਆਂ ਵਰਗੀਆਂ ਹਨ। ਇੱਥੇ ਲਕਸ਼ਣ ਮੂਲਾ ਵਿਅੰਜਨਾ ਸ਼ਕਤੀ ਹੈ।

(2) ਅਰਥੀ ਵਿਅੰਜਨਾ:- ਅਰਥ ਉੱਤੇ ਨਿਰਬਰ ਰਹਿਣ ਵਾਲੀ ਸ਼ਕਤੀ ਅਰਥੀ ਵਿਅੰਜਨਾ ਹੈ। ਇਸਦਾ ਅਰਥ ਇਹ ਨਹੀਂ ਕਿ ਅਰਥੀ ਵਿਅੰਜਨਾ ਦਾ ਸ਼ਬਦ ਨਾਲ ਕੋਈ ਸੰਬੰਧ ਨਹੀਂ ਹੈ। ਸ਼ਬਦ ਦਾ ਅਰਥ ਤਾਂ ਹੁੰਦਾ ਹੈ, ਪਰ ਸ਼ਬਦ ਇੱਕ ਸਹਾਇਕ ਅੰਗ ਹੁੰਦਾ ਹੈ, ਪ੍ਰਧਾਨ ਸਿਰਫ਼ ਅਰਥ ਹੀ ਹੁੰਦਾ ਹੈ।

ਮਾਨਸ ਜੈਤ ਦੁਰਲਭ ਹੈ, ਹੋਤ ਨਾ ਬਾਰੰਬਰ ਜਿਉਂ ਫਲ ਪਾਕੇ ਭੋਇੰ ਗਿਰੇ ਬਹੁਤ ਨਾ ਲਾਗੇ ਡਾਰ।

ਇੱਥੇ ਕੋਈ ਵਿਅਕਤੀ ਕਿਸੇ ਨੂੰ ਕਹਿੰਦਾ ਹੈ ਕਿ ਮਨੁੱਖ ਜਨਮ ਦੁਰਲੱਬ ਹੈ, ਵਾਰ-ਵਾਰ ਨਹੀਂ ਮਿਲਦਾ ਅਤੇ ਜਿਵੇਂ ਹੀ ਫਲ ਪੱਕ ਕੇ ਧਰਤੀ ਤੇ ਡਿੱਗ ਪੈਦਾ ਹੈ ਤੇ ਮੁੜ ਉੱਥੇ ਨਹੀਂ ਲੱਗਦਾ। ਇਸਦਾ ਅਰਥ ਸਪਸ਼ਟ ਨਹੀਂ ਹੁੰਦਾ ਹੈ ਕਹਿਣ ਵਾਲੇ ਦਾ ਮਕਸਦ ਕੀ ਹੈ। ਇੱਥੇ ਮਨੁੱਖੀ ਜਨਮ ਦੀ ਦੁਰਲੱਭਤਾ ਦੱਸ ਕੇ ਮੁਕਤੀ ਪ੍ਰਾਪਤੀ ਦੀ ਗੱਲ ਕਹੀ ਗਈ ਹੈ। ਇੱਥੇ ਮੁਕਤੀ ਦੇ ਵਿਅੰਗ ਕੀਤਾ ਗਿਆ ਹੈ। ਇਸ ਲਈ ਇਹ ਅਰਥੀ ਵਿਅੰਜਨਾ।

ਤਾਤਪਰਯ ਸ਼ਕਤੀ[ਸੋਧੋ]

ਅਭਿਧਾ, ਲਕਸ਼ਣਾ ਅਤੇ ਵਿਅੰਜਨਾ ਸ਼ਕਤੀ ਰਾਹੀ ਕੇਵਲ ਸ਼ਬਦ ਦੇ ਅਰਥ ਦੀ ਪ੍ਰਤੀਤੀ ਹੁੰਦੀ ਹੈ, ਸੰਪੂਰਣ ਵਾਕ ਦਾ ਅਰਥ ਬੋਧ ਨਹੀਂ ਹੁੰਦਾ। ਸਾਰੇ ਵਾਕ ਦੇ ਅਰਥ ਨੂੰ ਜਾਣਨ ਲਈ ਜਿਸ ਸ਼ਕਤੀ ਦੀ ਆਚਾਰੀਆ ਨੇ ਕਲਪਨਾ ਕੀਤੀ ਹੈ, ਉਸ ਦਾ ਨਾਂ ‘ਤਾਤਪਰਯ ਵ੍ਰਿੱਚੀ’ ਹੈ।

ਸਾਹਿਤ ਦਰਪਣ ਕਾਰ ਅਨੁਸਾਰ[ਸੋਧੋ]

ਅਭਿਧਾ ਸ਼ਕਤੀ ਰਾਹੀ ਵਾਕ ਦੇ ਹਰ ਇੱਕ ਪਦ ਦਾ ਵਾਚ੍ਰਯ ਅਰਥ ਦਾ ਗਿਆਤ ਹੋਣ ਤੋਂ ਬਾਅਦ ਉਨ੍ਹਾਂ ਸਾਰਿਆਂ ਪਦਾਂ ਦਾ ਅਨਵਿਤ ਅਰਥ ਜਾਣਨ ਵਾਲੀ ਸ਼ਕਤੀ ਹੀ‘ਤਾਤਪਰਯ ਸ਼ਕਤੀ’ ਹੈ।

ਤਾਤਪਰਯ ਸ਼ਕਤੀ ਪੂਰੇ ਵਾਕ ਦੇ ਅਰਥ ਦਾ ਬੋਧ ਕਰਵਾਉਂਦੀ ਹੈ।

ਮੋਹਨ ਪੜ੍ਹ ਰਿਹਾ ਹੈ।

ਇਸ ਵਿੱਚ ਕੀ ਅਰਥ ਸਪਸ਼ਟ ਨਹੀਂ ਹੈ ਕਿਉਂਕਿ ਮੋਹਨ ਕੁਝ ਵੀ ਪੜ੍ਹਦਾ ਹੋ ਸਕਦਾ ਹੈ। ਤਾਤਪਰਯ ਸ਼ਕਤੀ ਵਿੱਚ ਪੂਰੇ ਵਾਕ ਦੇ ਅਲੱਗ-ਅਲੱਗ ਪਦ ਦਾ ਅਰਥ ਨਿਕਲਦਾ ਹੈ ਅਤੇ ਅਰਥ ਸਪਸ਼ਟ ਵੀ ਹੁੰਦਾ ਹੈ। ਜਿਵੇਂ ਕਿ

 ਮੋਹਨ ਅਖ਼ਬਾਰ ਪੜ੍ਹਦਾ ਹੈ।

ਇਸ ਵਾਕ ਵਿੱਚ ਸਪਸ਼ਟ ਹੈ ਕਿ ਮੋਹਨ ਅਖ਼ਬਾਰ ਨੂੰ ਪੜ੍ਹਨ ਦਾ ਕਾਰਜ ਕਰ ਰਿਹਾ ਹੈ। ਇਸ ਲਈ ਇਹ ਵਾਕ ਤਾਤਪਰਯ ਸ਼ਕਤੀ ਦੀ ਉਦਾਹਰਣ ਹੈ।

ਹਵਾਲੇ[ਸੋਧੋ]

 1. 1.0 1.1 ਭਾਰਤੀ ਕਾਵਿ ਸ਼ਾਸਤਰ:ਸਰੂਪ ਅਤੇ ਸਿਧਾਂਤ,ਗੁਰਸ਼ਰਨ ਕੌਰ ਜੱਗੀ,ਪੰਨਾ ਨੰ 115
 2. ਭਾਰਤੀ ਕਾਵਿ ਸ਼ਾਸ਼ਤਰ,ਡਾ.ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ,ਪੰਨਾ ਨੰ 24
 3. ਭਾਰਤੀ ਕਾਵਿ ਸ਼ਾਸ਼ਤਰ,ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ,ਪੰਨਾ ਨੰ24
 4. ਭਾਰਤੀ ਕਾਵਿ ਸ਼ਾਸ਼ਤਰ ਡਾ.ਪ੍ਰੇਮ ਪ੍ਰਕਾਸ ਸਿੰਘ ਧਾਲੀਵਾਲ,ਪੰਨਾ ਨੰ-23
 5. ਗੁਰਸ਼ਰਨ ਕੌਰ ਜੱਗੀ,ਭਾਰਤੀ ਕਾਵਿ ਸ਼ਾਸ਼ਤਰ ਸਰੂਪ ‘ਤੇ ਸਿਧਾਂਤ